ਕੁਸ਼ਤੀ ਮਹਾਂਸੰਘ ਦੇ ਪ੍ਰਧਾਨ ਦੀ ਚੋਣ ਲੜਨ ਜਾ ਰਹੇ ਬ੍ਰਿਜ ਭੂਸ਼ਣ ਦੇ ਸਾਥੀ ਸੰਜੇ ਸਿੰਘ ਤੇ ਭਲਵਾਨੀ ਘੋਲ ਦੀ ਹਮਾਇਤੀ ਅਨੀਤਾ ਸ਼ਯੋਰਾਣ ਬਾਰੇ ਜਾਣੋ

ਤਸਵੀਰ ਸਰੋਤ, ANITA SHEORAN AND RAJEEV SINGH RANU
- ਲੇਖਕ, ਸੁਸ਼ੀਲਾ ਸਿੰਘ
- ਰੋਲ, ਬੀਬੀਸੀ ਪੱਤਰਕਾਰ
ਬ੍ਰਿਜ ਭੂਸ਼ਣ ਸ਼ਰਨ ਸਿੰਘ 'ਤੇ ਲੱਗੇ ਜਿਨਸੀ ਸ਼ੋਸ਼ਣ ਦੇ ਇਲਜ਼ਾਮਾਂ ਦੇ ਮਾਮਲੇ 'ਚ ਗਵਾਹ ਰਹੇ ਅਨੀਤਾ ਸ਼ਯੋਰਾਣ ਹੁਣ ਉਹ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ (ਡਬਲਯੂਐਫਆਈ) ਦੇ ਪ੍ਰਧਾਨ ਦੇ ਅਹੁਦੇ ਲਈ ਚੋਣ ਲੜ ਰਹੇ ਹਨ।
ਪ੍ਰਧਾਨਗੀ ਲਈ ਇਹ ਮੁਕਾਬਲਾ ਦੋ ਉਮੀਦਵਾਰਾਂ ਅਨੀਤਾ ਸ਼ਯੋਰਾਣ ਅਤੇ ਸੰਜੇ ਸਿੰਘ ਵਿਚਕਾਰ ਹੈ।
ਹਰਿਆਣਾ ਦੇ ਰਹਿਣ ਵਾਲੀ ਅਨੀਤਾ ਸ਼ਯੋਰਾਣ ਸੂਬਾ ਪੁਲਿਸ ਸੇਵਾ ਵਿੱਚ ਕੰਮ ਕਰ ਰਹੇ ਹਨ ਪਰ ਉਨ੍ਹਾਂ ਨੇ ਆਪਣੀ ਨਾਮਜ਼ਦਗੀ ਓਡੀਸ਼ਾ ਯੂਨਿਟ ਦੇ ਪ੍ਰਤੀਨਿਧੀ ਵਜੋਂ ਦਾਖਲ ਕੀਤੀ ਹੈ।
ਤੁਹਾਨੂੰ ਯਾਦ ਹੋਵੇਗਾ ਕਿ ਦੇਸ਼ ਦੇ ਛੇ ਪਹਿਲਵਾਨਾਂ ਨੇ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬ੍ਰਿਜ ਭੂਸ਼ਣ ਸਿੰਘ 'ਤੇ ਜਿਨਸੀ ਸ਼ੋਸ਼ਣ ਦੇ ਇਲਜ਼ਾਮ ਲਾਏ ਸਨ।
ਇਸ ਮਾਮਲੇ ਵਿੱਚ ਚਾਰਜਸ਼ੀਟ ਦਾਇਰ ਕੀਤੀ ਗਈ ਹੈ ਅਤੇ ਉਨ੍ਹਾਂ ਨੂੰ ਹਾਲ ਹੀ ਵਿੱਚ ਦਿੱਲੀ ਦੀ ਅਦਾਲਤ ਨੇ ਜ਼ਮਾਨਤ ਦੇ ਦਿੱਤੀ ਹੈ।
ਹੁਣ ਇਸ ਪੂਰੇ ਮਾਮਲੇ ਦੀ ਜਾਂਚ ਜਾਰੀ ਹੈ।
ਦੂਜੇ ਪਾਸੇ, ਸੰਜੇ ਸਿੰਘ ਕੁਸ਼ਤੀ ਫੈਡਰੇਸ਼ਨ ਦਾ ਹਿੱਸਾ ਰਹਿ ਚੁੱਕੇ ਹਨ ਅਤੇ ਉਹ ਡਬਲਯੂਐਫਆਈ ਦੇ ਸੰਯੁਕਤ ਸਕੱਤਰ ਵੀ ਹਨ। ਉਨ੍ਹਾਂ ਨੂੰ ਬ੍ਰਿਜ ਭੂਸ਼ਣ ਸਿੰਘ ਦਾ ਕਰੀਬੀ ਮੰਨਿਆ ਜਾਂਦਾ ਹੈ।
ਜਦਕਿ ਸੰਜੇ ਨੂੰ ਮੁਕਾਬਲਾ ਦੇਣ ਵਾਲੇ ਅਨੀਤਾ ਸ਼ਯੋਰਾਣ ਰਾਸ਼ਟਰਮੰਡਲ ਖੇਡਾਂ ਵਿੱਚ ਚੈਂਪੀਅਨ ਰਹੇ ਹਨ।
ਕੁਸ਼ਤੀ ਫੈਡਰੇਸ਼ਨ ਦੀਆਂ ਚੋਣਾਂ 12 ਅਗਸਤ ਨੂੰ ਹੋਣੀਆਂ ਹਨ।
ਜੇਕਰ ਅਨੀਤਾ ਸ਼ਯੋਰਾਣ ਮਹਾਕੁਸ਼ਤੀ ਸੰਘ ਦੇ ਪ੍ਰਧਾਨ ਦੀ ਚੋਣ ਜਿੱਤ ਜਾਂਦੇ ਹਨ ਤਾਂ ਉਹ ਇਸ ਅਹੁਦੇ 'ਤੇ ਪਹੁੰਚਣ ਵਾਲੀ ਪਹਿਲੀ ਮਹਿਲਾ ਹੋਣਗੇ।

ਤਸਵੀਰ ਸਰੋਤ, ANI
ਕੌਣ ਹੈ ਅਨੀਤਾ ਸ਼ਯੋਰਾਣ
ਅਨੀਤਾ ਸ਼ਯੋਰਾਣ ਹਰਿਆਣਾ ਦੇ ਭਿਵਾਨੀ ਜ਼ਿਲ੍ਹੇ ਦੇ ਇੱਕ ਛੋਟੇ ਜਿਹੇ ਪਿੰਡ ਢਾਣੀ ਮਾਹੂ ਦੀ ਰਹਿਣ ਵਾਲੀ ਹਨ।
ਉਨ੍ਹਾਂ ਦੇ ਪਿਤਾ ਇੱਕ ਡਰਾਈਵਰ ਸਨ ਅਤੇ ਮਾਂ ਇੱਕ ਘਰੇਲੂ ਮਹਿਲਾ ਹਨ। ਅਨੀਤਾ ਨੂੰ ਮਿਲਾ ਕੇ ਉਹ ਤਿੰਨ ਭੈਣਾਂ ਅਤੇ ਇੱਕ ਭਰਾ ਹਨ।
ਅਨੀਤਾ ਨੂੰ ਬਚਪਨ ਤੋਂ ਹੀ ਖੇਡਾਂ ਵਿੱਚ ਦਿਲਚਸਪੀ ਸੀ ਅਤੇ ਉਹ ਦੱਸਦੇ ਹਨ ਕਿ ਉਨ੍ਹਾਂ ਦੇ ਦਾਦਾ ਇੱਕ ਭਲਵਾਨ ਸਨ।
ਅਨੀਤਾ ਨੇ ਵੀ ਬਚਪਨ ਵਿੱਚ ਆਪਣੇ ਦਾਦਾ ਜੀ ਤੋਂ ਕੁਸ਼ਤੀ ਦੀਆਂ ਕਈ ਕਹਾਣੀਆਂ ਸੁਣੀਆਂ ਸਨ ਪਰ ਦਾਦਾ ਜੀ ਨੂੰ ਕਦੇ ਕੁਸ਼ਤੀ ਖੇਡਦੇ ਨਹੀਂ ਦੇਖਿਆ ਸੀ।
ਉਹ ਕਹਿੰਦੇ ਹਨ, "ਘਰ ਦਾ ਮਾਹੌਲ ਰੂੜ੍ਹੀਵਾਦੀ ਸੀ ਅਤੇ ਪੜ੍ਹਨ ਨਹੀਂ ਦਿੱਤਾ ਜਾਂਦਾ ਸੀ। ਜੇਕਰ ਮੈਂ ਦੌੜਨ ਲਈ ਜਾਂਦੀ ਸੀ, ਤਾਂ ਕਿਹਾ ਜਾਂਦਾ ਸੀ ਕਿ ਕੀ ਚੈਂਪੀਅਨ ਬਣੇਗੀ। ਵੱਡਾ ਭਰਾ ਰਖਵਾਲੀ ਕਰਦਾ ਸੀ ਕਿ ਭੈਣਾਂ ਇੱਧਰ-ਉੱਧਰ ਨਾ ਦੇਖ ਲੈਣ। ਸਾਨੂੰ ਤਾਂ ਘਰ ਦੇ ਚਬੂਤਰੇ 'ਤੇ ਵੀ ਖੜ੍ਹਨ ਦੀ ਇਜਾਜ਼ਤ ਨਹੀਂ ਸੀ।''
ਅਨੀਤਾ ਕਹਿੰਦੇ ਹਨ, “ਮੇਰਾ ਭਰਾ ਜੋ ਮੇਰੀ ਮਾਸੀ ਦਾ ਮੁੰਡਾ ਸੀ, ਫੌਜ ਵਿੱਚ ਭਰਤੀ ਹੋਣ ਦੀ ਤਿਆਰੀ ਕਰ ਰਿਹਾ ਸੀ ਅਤੇ ਉਸ ਨੇ ਕਿਹਾ ਕਿ ਮੈਂ ਉਸ ਨਾਲ ਦੌੜਨ ਜਾਇਆ ਕਰਾਂ। ਪਰ ਸਪੋਰਟਸ ਕਰਨ ਲਈ ਮੇਰਾ ਪਿੰਡ ਤੋਂ ਬਾਹਰ ਜਾਣਾ ਜ਼ਰੂਰੀ ਸੀ ਕਿਉਂਕਿ ਉੱਥੇ ਨਾ ਤਾਂ ਮਾਹੌਲ ਸੀ ਅਤੇ ਨਾ ਹੀ ਮੌਕੇ।''

ਤਸਵੀਰ ਸਰੋਤ, ANITA SHEORAN
ਅਨੀਤਾ ਸ਼ਯੋਰਾਣ ਖੇਡਾਂ ਲਈ ਭਿਵਾਨੀ ਆਉਣਾ ਚਾਹੁੰਦੇ ਸਨ ਪਰ ਇਸ ਦਾ ਕੋਈ ਰਾਹ ਨਹੀਂ ਨਿਕਲ ਪਾ ਰਿਹਾ ਸੀ।
ਇਸ ਦੌਰਾਨ, ਉਨ੍ਹਾਂ ਦੇ ਚਾਚਾ ਜੋ ਕਿ ਅਧਿਆਪਕ ਸਨ, ਨੇ ਅਨੀਤਾ ਦੀ ਮਾਂ ਨੂੰ ਕਿਹਾ ਕਿ ਤੁਹਾਡੀਆਂ ਕੁੜੀਆਂ ਪੜ੍ਹਾਈ ਵਿੱਚ ਚੰਗੀਆਂ ਹਨ। ਤੁਸੀਂ ਆਪਣੀ ਵੱਡੀ ਧੀ ਨੂੰ ਪੜ੍ਹਾਈ ਲਈ ਭਿਵਾਨੀ ਕਿਉਂ ਨਹੀਂ ਭੇਜਦੇ?
ਜਦੋਂ ਅਨੀਤਾ ਨੇ ਇਹ ਸੁਣਿਆ ਤਾਂ ਉਨ੍ਹਾਂ ਨੂੰ ਆਸ ਨਜ਼ਰ ਆਈ ਅਤੇ ਉਨ੍ਹਾਂ ਨੂੰ ਲੱਗਾ ਕਿ ਵੱਡੀ ਭੈਣ ਦੇ ਸਹਾਰੇ ਉਨ੍ਹਾਂ ਦਾ ਵੀ ਭਿਵਾਨੀ ਜਾਣ ਦਾ ਰਾਹ ਪੱਧਰਾ ਹੋ ਜਾਵੇਗਾ।
ਪਰ ਜਿਵੇਂ ਹੀ ਕੁੜੀਆਂ ਦੇ ਪਿੰਡ ਤੋਂ ਬੱਸ ਵਿੱਚ ਬੈਠ ਕੇ ਭਿਵਾਨੀ ਜਾਣ ਦੀ ਗੱਲ ਉੱਠੀ ਤਾਂ ਪਰਿਵਾਰ ਨੇ ਇਸ ਤੋਂ ਇਨਕਾਰ ਕਰ ਦਿੱਤਾ।
ਅਨੀਤਾ ਦੱਸਦੇ ਹਨ, “ਮੇਰੀ ਮਾਂ ਅਨਪੜ੍ਹ ਸਨ ਪਰ ਪੜ੍ਹਾਈ ਦੇ ਮਹੱਤਵ ਨੂੰ ਸਮਝਦੇ ਸਨ ਅਤੇ ਉਨ੍ਹਾਂ ਨੇ ਮੇਰਾ ਸਾਥ ਦਿੱਤਾ। ਉਨ੍ਹਾਂ ਨੇ ਮੇਰੇ ਪਿਤਾ ਨੂੰ ਮਨਾ ਲਿਆ ਅਤੇ ਮੇਰੀ ਭੈਣ ਦਾ ਭਿਵਾਨੀ ਵਿੱਚ ਦਾਖਲਾ ਕਰਵਾ ਦਿੱਤਾ ਗਿਆ।''
''ਇਸ ਤੋਂ ਬਾਅਦ ਚਾਚੇ ਨੇ ਮੈਨੂੰ ਵੀ ਭਿਵਾਨੀ ਦੇ ਸਕੂਲ ਵਿਚ ਦਾਖ਼ਲਾ ਦਿਵਾਉਣ ਵਿਚ ਮਦਦ ਕੀਤੀ ਅਤੇ ਭੈਣ ਨੇ ਕਿਹਾ ਕਿ ਤੇਰੇ ਕੋਲ ਆਰਟਸ ਦਾ ਵਿਸ਼ਾ ਹੈ, ਖੇਡਾਂ ਵਿਚ ਵੀ ਸ਼ਾਮਲ ਹੋ ਜਾ, ਅੱਗੇ ਜਾ ਕੇ ਮਦਦ ਮਿਲੇਗੀ।''

ਕਿਵੇਂ ਹੋਈ ਖੇਡ ਦੀ ਸ਼ੁਰੂਆਤ
ਭਿਵਾਨੀ ਦੇ ਸਰਕਾਰੀ ਸਕੂਲ ਵਿੱਚ ਪੜ੍ਹਦਿਆਂ ਅਨੀਤਾ ਨੇ ਸਪੋਰਟਸ ਵਿੱਚ ਜੂਡੋ ਲਿਆ। ਉਹ ਜੂਡੋ ਸੈਂਟਰ ਸਿਖਲਾਈ ਲਈ ਜਾਂਦੇ ਸਨ ਅਤੇ ਸਕੂਲ ਪੱਧਰ 'ਤੇ ਹੀ ਉਨ੍ਹਾਂ ਨੇ ਜੂਡੋ ਵਿੱਚ ਕਈ ਤਗਮੇ ਜਿੱਤੇ।
ਇਸ ਵਿਚਕਾਰ ਕੁਝ ਦਿਨ ਅਜਿਹਾ ਹੋਇਆ ਕਿ ਜੂਡੋ ਕੋਚ ਸੈਂਟਰ ਨਹੀਂ ਆਏ ਅਤੇ ਇਸ ਦੌਰਾਨ ਅਨੀਤਾ ਦੀ ਮੁਲਾਕਾਤ ਇਕ ਕੁੜੀ ਨਾਲ ਹੋਈ, ਜਿਸ ਨੇ ਅਨੀਤਾ ਨੂੰ ਸਟੇਡੀਅਮ ਚੱਲਣ ਲਈ ਕਿਹਾ।
ਇੱਥੋਂ ਹੀ ਅਨੀਤਾ ਦੀ ਜ਼ਿੰਦਗੀ 'ਚ ਨਵਾਂ ਮੋੜ ਆਇਆ।
ਭਿਵਾਨੀ ਦੇ ਭੀਮ ਸਟੇਡੀਅਮ ਵਿੱਚ ਉਨ੍ਹਾਂ ਦੀ ਮੁਲਾਕਾਤ ਕੁਸ਼ਤੀ ਦੇ ਕੋਚ ਜ਼ਿਲੇ ਸਿੰਘ ਬਾਗੜੀ ਨਾਲ ਹੋਈ।
ਆਪਣੇ ਕੋਚ ਬਾਰੇ ਗੱਲ ਕਰਦੇ ਹੋਏ ਅਨੀਤਾ ਦੀ ਆਵਾਜ਼ 'ਚ ਰੌਣਕ ਸੁਣਾਈ ਦਿੱਤੀ।
ਉਨ੍ਹਾਂ ਮੁਤਾਬਕ, ''ਸਟੇਡੀਅਮ ਪਹੁੰਚ ਕੇ ਉਨ੍ਹਾਂ ਨੂੰ ਮਿਲਣ ਤੋਂ ਬਾਅਦ ਮੈਨੂੰ ਜੋ ਖੁਸ਼ੀ ਮਹਿਸੂਸ ਹੋਈ, ਉਹ ਮੈਂ ਸ਼ਬਦਾਂ 'ਚ ਬਿਆਨ ਨਹੀਂ ਕਰ ਸਕਦੀ। ਇੰਨੀ ਖੁਸ਼ੀ ਮੈਨੂੰ ਕਾਮਨਵੈਲਥ ਜਿੱਤਣ ਤੋਂ ਬਾਅਦ ਵੀ ਨਹੀਂ ਹੋਈ ਸੀ।''
ਉਹ ਦੱਸਦੇ ਹਨ, "ਕੋਚ ਨੇ ਮੈਨੂੰ ਦੇਖਦੇ ਹੀ ਪੁੱਛਿਆ ਸੀ ਕਿ ਕੀ ਤੁਸੀਂ ਕੋਈ ਖੇਡ ਖੇਡਦੇ ਹੋ?"
ਫੋਨ 'ਤੇ ਹੋਈ ਗੱਲਬਾਤ 'ਚ ਅਨੀਤਾ ਦੱਸਦੇ ਹਨ, ''ਉਹ ਮੇਰੀ ਫਿਟਨੈੱਸ ਨੂੰ ਦੇਖ ਕੇ ਸਮਝ ਗਏ ਕਿ ਇਹ ਕੁੜੀ ਸਪੋਰਟਸ ਲਈ ਬਣੀ ਹੈ। ਇਸ ਮਗਰੋਂ ਮੈਂ ਉੱਥੇ ਹੀ ਸਿਖਲਾਈ ਲਈ ਜਾਣ ਲੱਗੀ ਤੇ ਮੈਡਲ ਆਉਣ ਲੱਗੇ। ਇਸ ਤੋਂ ਬਾਅਦ ਘਰਵਾਲੇ ਵੀ ਖੁਸ਼ ਸਨ। ਉਨ੍ਹਾਂ ਨੇ ਮੈਨੂੰ ਕਦੇ ਨਹੀਂ ਰੋਕਿਆ ਤੇ ਪੂਰਾ ਸਹਿਯੋਗ ਦਿੱਤਾ।''
ਅਨੀਤਾ ਮੁਤਾਬਕ, "ਕੋਚ ਜ਼ਿਲੇ ਸਿੰਘ ਨੇ ਉਨ੍ਹਾਂ ਨੂੰ ਕੁਸ਼ਤੀ ਤਾਂ ਸਿਖਾਈ ਹੀ ਪਰ ਨਾਲ ਹੀ ਇਨਸਾਨੀਅਤ ਦਾ ਸਬਕ ਵੀ ਸਿਖਾਇਆ।"

ਕੋਚ ਜ਼ਿਲੇ ਸਿੰਘ ਦੇ ਦਿਮਾਗ ਵਿੱਚ ਵੀ ਅਨੀਤਾ ਦੀਆਂ ਯਾਦਾਂ ਅਜੇ ਵੀ ਤਾਜ਼ਾ ਹਨ।
ਬੀਬੀਸੀ ਨਾਲ ਗੱਲਬਾਤ ਵਿੱਚ ਉਹ ਦੱਸਦੇ ਹਨ, "ਜਦੋਂ ਅਨੀਤਾ ਸਾਲ 1999-2000 ਵਿੱਚ ਮੇਰੇ ਕੋਲ ਆਈ ਸੀ, ਤਾਂ ਉਹ ਬਿਗਨਰ ਮਤਲਬ ਬਿਲਕੁਲ ਸ਼ੁਰੁਆਤੀ ਦੌਰ 'ਚ ਸੀ। ਉਨ੍ਹਾਂ ਨੇ ਮੇਰੇ ਕੋਲ ਹੀ ਕੁਸ਼ਤੀ ਦੀ ਸ਼ੁਰੂਆਤ ਕੀਤੀ ਸੀ ਪਰ ਉਨ੍ਹਾਂ ਨੇ ਜਲਦ ਹੀ ਕੁਸ਼ਤੀ ਦੇ ਗੁਰ ਸਿੱਖ ਲਏ ਸਨ।
ਉਹ ਕਹਿੰਦੇ ਹਨ, "ਉਹ ਕੁਝ ਵੀ ਸਿੱਖਣ ਵਿੱਚ ਬਹੁਤ ਧਿਆਨ ਲਗਾਉਂਦੇ ਸਨ ਅਤੇ ਬਹੁਤ ਜਲਦੀ ਉਨ੍ਹਾਂ ਨੇ ਕੌਮੀ ਪੱਧਰ 'ਤੇ ਤਮਗੇ ਜਿੱਤ ਲਏ ਸਨ।''
ਜਦੋਂ ਉਨ੍ਹਾਂ ਨੂੰ ਸਵਾਲ ਪੁੱਛਿਆ ਗਿਆ ਕਿ ਕੁਸ਼ਤੀ ਦੀ ਕਿਹੜੀ ਚਾਲ ਵਿੱਚ ਅਨੀਤਾ ਦੀ ਮੁਹਾਰਤ ਹੈ ਤਾਂ ਜਵਾਬ ਵਿੱਚ ਉਨ੍ਹਾਂ ਕਿਹਾ, "ਉਹ ਇਕਪਟ ਦੇਣ ਵਿੱਚ ਬਹੁਤ ਮਾਹਰ ਰਹੇ ਹਨ।''
ਕੁਸ਼ਤੀ ਵਿੱਚ ਇਕਪਟ ਅਜਿਹਾ ਦਾਅ ਹੁੰਦਾ ਹੈ ਜਦੋਂ ਇੱਕ ਖਿਡਾਰੀ ਦੂਜੇ ਖਿਡਾਰੀ ਦੀ ਇੱਕ ਲੱਤ ਫੜ੍ਹ ਕੇ ਉਸ ਨੂੰ ਪਟਕ ਦਿੰਦਾ ਹੈ।
ਹਾਲਾਂਕਿ ਬੀਬੀਸੀ ਨਾਲ ਗੱਲਬਾਤ ਵਿੱਚ ਸਾਈ ਦੇ ਕੋਚ ਰਹੇ ਜ਼ਿਲੇ ਸਿੰਘ ਇਹ ਜ਼ਰੂਰ ਕਹਿੰਦੇ ਹਨ ਕਿ ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਕਿ ਅਨੀਤਾ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਅਹੁਦੇ ਲਈ ਚੋਣ ਲੜ ਰਹੇ ਹਨ।

ਤਸਵੀਰ ਸਰੋਤ, ANITA SHEORAN
ਦੂਜੇ ਪਾਸੇ, ਕੋਚ ਭੂਪੇਂਦਰ ਘਣਕਸ ਅਨੁਸਾਰ ਅਨੀਤਾ ਇੱਕ ਮਹਾਨ ਪਹਿਲਵਾਨ ਰਹੇ ਹਨ ਅਤੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਕਈ ਤਗਮੇ ਜਿੱਤ ਚੁੱਕੇ ਹਨ।
ਅਨੀਤਾ, ਸਾਲ 2010 ਵਿੱਚ ਦਿੱਲੀ ਵਿੱਚ ਹੋਈਆਂ ਰਾਸ਼ਟਰਮੰਡਲ ਖੇਡਾਂ ਵਿੱਚ ਸੋਨ ਤਮਗਾ ਜਿੱਤ ਚੁੱਕੇ ਹਨ। ਉਨ੍ਹਾਂ ਨੇ ਦੋ ਵਾਰ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਭਾਗ ਲਿਆ ਅਤੇ ਦੋਵਾਂ ਵਿੱਚ ਕਾਂਸੀ ਦੇ ਤਗਮੇ ਜਿੱਤੇ।
ਉਹ ਅੱਠ ਤੋਂ ਵੱਧ ਵਾਰ ਨੈਸ਼ਨਲ ਚੈਂਪੀਅਨ ਰਹਿ ਚੁੱਕੇ ਹਨ।
ਰਾਸ਼ਟਰੀ ਕੋਚ ਰਹਿ ਚੁੱਕੇ ਗਿਆਨ ਸਿੰਘ ਦਾ ਕਹਿਣਾ ਹੈ ਕਿ ਸਾਲ 2007 'ਚ ਅਨੀਤਾ ਉਨ੍ਹਾਂ ਕੋਲ ਆਏ ਸਨ।
ਉਹ ਕਹਿੰਦੇ ਹਨ, "ਹੁਣ ਕਾਫੀ ਸਮਾਂ ਬੀਤ ਚੁੱਕਾ ਹੈ ਅਤੇ ਸਾਨੂੰ ਕੁੜੀਆਂ ਦੇ ਕੈਂਪ 'ਤੇ ਕਦੇ-ਕਦਾਈਂ ਸਿਖਲਾਈ ਦੇਣ ਲਈ ਕਿਹਾ ਗਿਆ ਸੀ, ਪਰ ਜਿੱਥੋਂ ਤੱਕ ਮੈਨੂੰ ਯਾਦ ਹੈ, ਉਹ ਬਹੁਤ ਘੱਟ ਬੋਲਦੇ ਸਨ ਅਤੇ ਆਪਣੇ ਮੈਚਾਂ 'ਤੇ ਬਹੁਤ ਧਿਆਨ ਦਿੰਦੇ ਸਨ ਅਤੇ ਚੰਗੀ ਕੁਸ਼ਤੀ ਖੇਡਦੇ ਸਨ।''
ਧਿਆਨਚੰਦ ਐਵਾਰਡੀ ਅਤੇ ਓਲੰਪੀਅਨ ਗਿਆਨ ਸਿੰਘ ਦਾ ਕਹਿਣਾ ਹੈ, "ਇਹ ਚੰਗੀ ਗੱਲ ਹੈ ਕਿ ਅਨੀਤਾ ਇਸ ਅਹੁਦੇ ਲਈ ਚੋਣ ਲੜ ਰਹੇ ਹਨ ਅਤੇ ਹੁਣ ਤੱਕ ਕੋਈ ਵੀ ਔਰਤ ਇਸ ਅਹੁਦੇ 'ਤੇ ਨਹੀਂ ਆਈ ਹੈ। ਹੁਣ ਕੁੜੀਆਂ ਬਹੁਤ ਅੱਗੇ ਵਧ ਰਹੀਆਂ ਹਨ। ਜੇ ਉਹ ਜਿੱਤਦੇ ਹਨ ਤਾਂ ਚੱਗਾ ਲੱਗੇਗਾ।''
ਇਸ ਦੇ ਨਾਲ ਹੀ ਅੱਗੇ ਦੀ ਗੱਲਬਾਤ ਵਿੱਚ ਉਹ ਇਹ ਵੀ ਸ਼ੰਕਾ ਪ੍ਰਗਟਾਉਂਦੇ ਹਨ ਕਿ "ਅਨੀਤਾ ਕਦੇ ਵੀ ਕੁਸ਼ਤੀ ਫੈਡਰੇਸ਼ਨ ਦਾ ਹਿੱਸਾ ਨਹੀਂ ਰਹੇ ਹਨ ਅਤੇ ਇਹ ਇੱਕ ਵੱਡਾ ਅਹੁਦਾ ਹੈ ਅਤੇ ਉਨ੍ਹਾਂ ਕੋਲ ਕੋਈ ਤਜਰਬਾ ਨਹੀਂ ਹੈ। ਅਜਿਹੇ 'ਚ ਉਹ ਇੱਕ ਨਵੀਂ ਬੱਚੀ ਰਹੇਗੀ, ਕਿਵੇਂ ਮੈਨੇਜ ਕਰੇਗੀ ਇਸ ਨੂੰ ਲੈ ਕੇ ਥੋੜ੍ਹਾ ਲੱਗਦਾ ਹੈ।''

ਤਸਵੀਰ ਸਰੋਤ, Getty Images
ਇਸ ਦਾ ਜਵਾਬ ਦਿੰਦੇ ਹੋਏ ਅਨੀਤਾ ਕਹਿੰਦੇ ਹਨ, "ਮੇਰੇ ਕੋਲ ਕੁਸ਼ਤੀ ਦਾ 20 ਸਾਲ ਦਾ ਤਜਰਬਾ ਹੈ, ਮੈਂ ਇਸ ਨੂੰ ਨੇੜਿਓਂ ਸਮਝਦੀ ਹਾਂ। ਮੈਨੂੰ ਨਹੀਂ ਲੱਗਦਾ ਕਿ ਮੇਰਾ ਤਜਰਬਾ ਘੱਟ ਹੈ। ਕੁਸ਼ਤੀ ਮੇਰਾ ਦੂਜਾ ਪਰਿਵਾਰ ਹੈ ਅਤੇ ਮੇਰੇ ਦਿਮਾਗ 'ਚ ਸਪਸ਼ਟ ਹੈ ਕਿਵੇਂ ਅੱਗੇ ਵਧਣਾ ਹੈ, ਕਿਸ 'ਤੇ ਜ਼ੋਰ ਦੇਣਾ ਹੈ। ਮੇਰੇ ਕੋਲ ਇੱਕ ਵੀਜ਼ਨ ਹੈ।''
ਉਹ ਕਹਿੰਦੇ ਹਨ ਕਿ ਕਈ ਸਾਲਾਂ ਤੋਂ ਔਰਤਾਂ ਕੁਸ਼ਤੀ ਦੇ ਖੇਤਰ ਵਿੱਚ ਹਨ ਅਤੇ ਔਰਤਾਂ ਅਤੇ ਭਲਵਾਨਾਂ ਦਾ ਮੰਨਣਾ ਹੈ ਕਿ ਔਰਤਾਂ ਨੂੰ ਵੀ ਫੈਡਰੇਸ਼ਨ ਵਿੱਚ ਹੋਣਾ ਚਾਹੀਦਾ ਹੈ।
ਇਸ ਦੇ ਨਾਲ ਹੀ ਕੋਚ ਕੁਲਦੀਪ ਮਲਿਕ ਦਾ ਕਹਿਣਾ ਹੈ ਕਿ ਇਹ ਸਿਆਸੀ ਮਾਮਲਾ ਹੈ ਅਤੇ ਉਹ ਇਸ ਬਾਰੇ ਗੱਲ ਕਰਨਾ ਪਸੰਦ ਨਹੀਂ ਕਰਨਗੇ।
ਜਦੋਂ ਅਨੀਤਾ ਤੋਂ ਪੁੱਛਿਆ ਗਿਆ ਕਿ ਉਨ੍ਹਾਂ ਨੂੰ ਪ੍ਰਧਾਨ ਦੇ ਅਹੁਦੇ ਲਈ ਜਿੱਤਣ ਦੀ ਕਿੰਨੀ ਉਮੀਦ ਹੈ ਤਾਂ ਉਨ੍ਹਾਂ ਕਿਹਾ, ''ਉਮੀਦ ਹੈ ਪਰ ਜ਼ਿਆਦਾ ਨਹੀਂ ਕਹਿ ਸਕਦੀ ਪਰ ਮੈਂ ਇਹ ਜਾਣਦੀ ਹਾਂ ਕਿ ਜੇਕਰ ਮੈਨੂੰ ਮੌਕਾ ਮਿਲਦਾ ਹੈ ਤਾਂ ਮੈਂ ਭਰੋਸੇ ਨਾਲ ਕਹਿ ਸਕਦੀ ਹਾਂ ਕਿ ਭਲਵਾਨਾਂ ਨੂੰ ਕਿਵੇਂ ਅੱਗੇ ਵਧਾਉਣਾ ਹੈ।''
ਮੌਜੂਦਾ ਸਮੇਂ ਵਿੱਚ ਕੁਸ਼ਤੀ ਫੈਡਰੇਸ਼ਨ ਦੇ ਅਧੀਨ 25 ਯੂਨਿਟ ਆਉਂਦੇ ਹਨ। ਇਹ ਯੂਨਿਟ ਦੇਸ਼ ਦੇ 25 ਸੂਬਿਆਂ ਵਿੱਚ ਹਨ।
12 ਅਗਸਤ ਨੂੰ ਹੋਣ ਵਾਲੀਆਂ ਕੁਸ਼ਤੀ ਫੈਡਰੇਸ਼ਨ ਦੀਆਂ ਚੋਣਾਂ ਵਿੱਚ ਹਰੇਕ ਯੂਨਿਟ ਵਿੱਚੋਂ ਦੋ-ਦੋ ਵੋਟਾਂ ਪੈਣਗੀਆਂ ਅਤੇ ਸਟੇਟ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਅਤੇ ਸਕੱਤਰ ਆਪਣੀ ਵੋਟ ਪਾਉਣਗੇ।

ਤਸਵੀਰ ਸਰੋਤ, RAJEEV SINGH RANU
ਦੂਜੇ ਉਮੀਦਵਾਰ ਸੰਜੇ ਸਿੰਘ ਕੌਣ ਹਨ
ਆਪਣੇ ਹੀ ਪਿੰਡ ਤੋਂ ਕੁਸ਼ਤੀ ਸ਼ੁਰੂ ਕਰਨ ਵਾਲੇ ਸੰਜੇ ਸਿੰਘ ਬਾਰੇ ਬ੍ਰਿਜਭੂਸ਼ਣ ਸ਼ਰਨ ਸਿੰਘ ਕਹਿੰਦੇ ਹਨ, "ਉਹ ਮੋਦੀ ਜੀ ਦੇ ਇਲਾਕੇ ਵਾਰਾਣਸੀ ਤੋਂ ਹਨ। ਅਸੀਂ ਉਨ੍ਹਾਂ ਨੂੰ ਪ੍ਰਧਾਨ ਦੇ ਅਹੁਦੇ ਲਈ ਉਮੀਦਵਾਰ ਬਣਾਇਆ ਹੈ।"
ਤੇ ਸੰਜੇ ਸਿੰਘ ਆਪਣੇ ਆਪ ਨੂੰ ਮੋਦੀ ਜੀ ਦੇ ਇਲਾਕੇ ਦਾ ਵੋਟਰ ਦੱਸਦੇ ਹਨ।
ਬੀਬੀਸੀ ਨਾਲ ਗੱਲ ਕਰਦਿਆਂ ਸੰਜੇ ਸਿੰਘ ਨੇ ਆਪਣੇ ਬਾਰੇ ਦੱਸਿਆ ਕਿ ਉਹ ਪ੍ਰਧਾਨ ਮੰਤਰੀ ਮੋਦੀ ਦੇ ਲੋਕ ਸਭਾ ਹਲਕੇ ਬਨਾਰਸ ਦੇ ਰਹਿਣ ਵਾਲੇ ਹਨ।
ਉਹ ਕਹਿੰਦੇ ਹਨ, "ਅਸੀਂ ਸਿਰਫ਼ ਮੋਦੀ ਜੀ ਦੇ ਇਲਾਕੇ ਦੇ ਵੋਟਰ ਹਾਂ ਪਰ ਅਸੀਂ ਭਾਜਪਾ ਪਾਰਟੀ ਨਾਲ ਜੁੜੇ ਨਹੀਂ ਹਾਂ।"
ਵੈਸੇ, ਸੰਜੇ ਸਿੰਘ ਮੂਲ ਰੂਪ ਤੋਂ ਬਨਾਰਸ ਦੇ ਇਲਾਕੇ ਚੰਦੌਲੀ ਦੇ ਰਹਿਣ ਵਾਲੇ ਹਨ ਅਤੇ ਆਪਣੇ ਆਪ ਨੂੰ ਉੱਥੇ ਦਾ ਇੱਕ ਵੱਡਾ ਕਿਸਾਨ ਦੱਸਦੇ ਨਹ ਅਤੇ ਉਨ੍ਹਾਂ ਦਾ ਕਾਰੋਬਾਰ ਖੇਤੀਬਾੜੀ ਨਾਲ ਜੁੜਿਆ ਹੋਇਆ ਹੈ।
ਸੰਜੇ ਸਿੰਘ ਦਾ ਕਹਿਣਾ ਹੈ ਕਿ ਉਹ 2010 ਤੋਂ ਕੁਸ਼ਤੀ ਸੰਘ ਨਾਲ ਜੁੜੇ ਹੋਏ ਹਨ ਅਤੇ ਉੱਤਰ ਪ੍ਰਦੇਸ਼ ਕੁਸ਼ਤੀ ਸੰਘ ਅਤੇ ਰਾਸ਼ਟਰੀ ਕੁਸ਼ਤੀ ਸੰਘ ਦੋਵਾਂ ਵਿੱਚ ਅਹੁਦੇਦਾਰ ਰਹਿ ਚੁੱਕੇ ਹਨ।
ਉਹ ਕਹਿੰਦੇ ਹਨ, "ਬ੍ਰਿਜਭੂਸ਼ਣ ਸ਼ਰਨ ਸਿੰਘ ਅਤੇ ਸਾਡੇ ਪਰਿਵਾਰਕ ਸਬੰਧ ਹਨ ਅਤੇ ਅਸੀਂ ਪਿਛਲੇ ਤਿੰਨ ਦਹਾਕਿਆਂ ਤੋਂ ਇੱਕ ਦੂਜੇ ਦੇ ਕਰੀਬੀ ਹਾਂ।"
ਬ੍ਰਿਜਭੂਸ਼ਣ ਸ਼ਰਨ ਸਿੰਘ 'ਤੇ ਮਹਿਲਾ ਪਹਿਲਵਾਨਾਂ ਵਲੋਂ ਲਗਾਏ ਗਏ ਜਿਨਸੀ ਸ਼ੋਸ਼ਣ ਦੇ ਇਲਜ਼ਾਮਾਂ ਬਾਰੇ ਉਨ੍ਹਾਂ ਦਾ ਕਹਿਣਾ ਹੈ, "ਇਹ ਇਲਜ਼ਾਮ ਬੇਬੁਨਿਆਦ ਹਨ ਅਤੇ ਉਨ੍ਹਾਂ ਨੂੰ ਕੁਸ਼ਤੀ ਸੰਘ ਤੋਂ ਹਟਾਉਣ ਦੀ ਸਾਜ਼ਿਸ਼ ਸੀ।"

ਤਸਵੀਰ ਸਰੋਤ, RAJEEV SINGH RANU
ਇਲਜ਼ਾਮਾਂ ਅਤੇ ਦਿੱਲੀ ਪੁਲਿਸ ਦੀ ਜਾਂਚ ਦੇ ਬਾਵਜੂਦ ਬ੍ਰਿਜ ਭੂਸ਼ਣ ਦੀ ਤਾਰੀਫ਼ ਕਰਦੇ ਹੋਏ ਸੰਜੇ ਸਿੰਘ ਨੇ ਕਿਹਾ, "ਉਨ੍ਹਾਂ ਨੇ ਕੁਸ਼ਤੀ ਲਈ ਬਹੁਤ ਕੁਝ ਕੀਤਾ ਹੈ। ਕੁਸ਼ਤੀ ਨੂੰ ਕਿੱਥੋਂ ਕਿੱਥੇ ਤੱਕ ਲੈ ਆਏ ਹਨ।”
“ਜੋ ਲੋਕ ਬਿਨਾਂ ਟਰਾਇਲ ਦੇ ਜਾਣਾ ਚਾਹੁੰਦੇ ਸਨ, ਉਨ੍ਹਾਂ ਨੂੰ ਇਹ ਚੰਗਾ ਨਹੀਂ ਲੱਗਦਾ ਹੈ। ਜਿਹੜੇ ਨਿਯਮ ਤੋੜਨਾ ਚਾਹੁੰਦੇ ਹਨ ਉਨ੍ਹਾਂ ਨੇ ਹੀ ਇਹ ਸਾਜ਼ਿਸ਼ ਰਚੀ ਹੈ। ਹੁਣ ਅਦਾਲਤ ਆਪਣਾ ਫ਼ੈਸਲਾ ਕਰੇਗੀ।"
ਸਾਬਕਾ ਪਹਿਲਵਾਨ ਅਨੀਤਾ ਸ਼ਿਓਰਾਨ ਦੀ ਉਮੀਦਵਾਰੀ ਬਾਰੇ ਸੰਜੇ ਸਿੰਘ ਦਾ ਕਹਿਣਾ ਹੈ, "ਉਹ ਵੀ ਸੰਸਦ ਮੈਂਬਰ (ਬ੍ਰਿਜਭੂਸ਼ਣ ਸ਼ਰਨ ਸਿੰਘ) ਦੇ ਖ਼ਿਲਾਫ਼ ਮਾਮਲੇ ਵਿੱਚ ਗਵਾਹ ਹਨ। ਉਹ ਇੱਕ ਖਿਡਾਰਨ ਹੈ, ਬਾਕੀ ਅਸੀਂ ਦੋਵਾਂ ਨੇ ਚੋਣ ਲੜਨੀ ਹੈ। ਇਹ ਫ਼ੈਸਲਾ ਉਹ ਕਰਨਗੇ ਕਿ ਵੋਟਾਂ ਕਿਸ ਨੂੰ ਪਾਉਣਗੀਆਂ। ਕੀ ਕਰੇਗਾ ਕੌਣ ਜਿੱਤੇਗਾ ਕੌਣ ਹਾਰੇਗਾ।"
ਅਨੀਤਾ ਸ਼ਿਓਰਨ ਦੀ ਉਮੀਦਵਾਰੀ 'ਤੇ ਸਵਾਲ ਉਠਾਉਂਦੇ ਹੋਏ ਸੰਜੇ ਸਿੰਘ ਦਾ ਕਹਿਣਾ ਹੈ, "ਸਾਡੇ ਮੁਤਾਬਕ ਜੇਕਰ ਉਹ ਸੰਸਦ ਮੈਂਬਰ (ਬ੍ਰਿਜਭੂਸ਼ਣ ਸ਼ਰਨ ਸਿੰਘ) ਦੇ ਖ਼ਿਲਾਫ਼ ਮਾਮਲੇ 'ਚ ਗਵਾਹ ਹੈ ਤਾਂ ਉਨ੍ਹਾਂ ਨੂੰ ਚੋਣ ਨਹੀਂ ਲੜਨੀ ਚਾਹੀਦੀ ਸੀ।"
ਵਾਰਾਣਸੀ ਰੈਸਲਿੰਗ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਰਾਜੀਵ ਸਿੰਘ ਰਾਣੂ, ਜੋ ਕਿ 51 ਸਾਲਾ ਸੰਜੇ ਸਿੰਘ ਦੇ ਕਰੀਬੀ ਮੰਨੇ ਜਾਂਦੇ ਹਨ, ਕੁਸ਼ਤੀ ਨਾਲ ਜੁੜੇ ਉਨ੍ਹਾਂ ਕਰੀਅਰ ਬਾਰੇ ਦੱਸਦੇ ਹਨ।
ਉਹ ਕਹਿੰਦੇ ਹਨ, “ਸੰਜੇ ਸਿੰਘ ਪਿੰਡ ਵਾਲੀ ਕੁਸ਼ਤੀ ਕਰਦਾ ਸੀ। ਉਸ ਦੇ ਪਿਤਾ ਅਤੇ ਦਾਦਾ ਵੱਡੇ ਕਿਸਾਨ ਸਨ। ਇਸ ਲਈ ਉਹ ਪਿੰਡ ਵਿੱਚ ਵੱਡਾ ਅਖਾੜਾ ਬਣਾ ਕੇ ਪਹਿਲਵਾਨਾਂ ਨੂੰ ਲੜਾਉਂਦਾ ਸੀ। ਤੁਸੀਂ ਜਾਣਦੇ ਹੋ ਕਿ ਪਿੰਡ ਵਿੱਚ ਦੋ ਹੀ ਖੇਡਾਂ ਹਨ, ਕੁਸ਼ਤੀ ਅਤੇ ਕਬੱਡੀ।”
ਸੰਜੇ ਸਿੰਘ ਨੂੰ ਸਧਾਰਨ ਸੁਭਾਅ ਦਾ ਦੱਸਦਿਆਂ ਰਾਜੀਵ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਬਨਾਰਸ ਹਿੰਦੂ ਯੂਨੀਵਰਸਿਟੀ ਤੋਂ ਪੜ੍ਹਾਈ ਕੀਤੀ ਹੈ। ਬਨਾਰਸ ਵੀ ਅਖਾੜਿਆਂ ਦਾ ਸ਼ਹਿਰ ਹੈ।
ਰਾਜੀਵ ਸਿੰਘ ਕਹਿੰਦੇ ਹਨ, "ਕੋਈ ਮੁਹੱਲਾ ਅਜਿਹਾ ਨਹੀਂ ਜਿੱਥੇ ਅਖਾੜਾ ਨਾ ਹੋਵੇ। ਜੇਕਰ ਹਨੂੰਮਾਨ ਦਾ ਮੰਦਰ ਹੈ ਤਾਂ ਅਖਾੜਾ ਜ਼ਰੂਰ ਹੋਵੇਗਾ।"
ਰਾਜੀਵ ਸਿੰਘ ਦਾ ਦੱਸਦੇ ਹਨ ਕਿ ਸੰਜੇ ਸਿੰਘ 2008 ਵਿੱਚ ਵਾਰਾਣਸੀ ਰੈਸਲਿੰਗ ਐਸੋਸੀਏਸ਼ਨ ਦੇ ਪ੍ਰਧਾਨ ਬਣੇ ਸਨ।













