ਬੀਬੀਸੀ ਪੰਜਾਬੀ 'ਤੇ ਉਹ ਖ਼ਬਰਾਂ ਜੋ ਸ਼ਾਇਦ ਤੁਸੀਂ ਮਿਸ ਕਰ ਗਏ

ਪਿਆਰੇ ਪਾਠਕੋ, ਇਸ ਹਫ਼ਤੇ ਪੰਜਾਬ ਤੇ ਦੁਨੀਆਂ ਵਿੱਚ ਕਈ ਗਤੀਵਿਧੀਆਂ ਹੋਈਆਂ ਹਨ ਜੋ ਅਸੀਂ ਤੁਹਾਡੇ ਤੱਕ ਪਹੁੰਚਾਈਆਂ ਹਨ ਪਰ ਜੇ ਤੁਸੀਂ ਕੋਈ ਕਹਾਣੀ ਮਿਸ ਕੀਤੀ ਹੈ ਤਾਂ ਤੁਸੀਂ ਇੱਥੇ ਪੜ੍ਹ ਸਕਦੇ ਹੋ।

ਅਸੀਂ ਇਸ ਹਫ਼ਤੇ ਦੀਆਂ ਪੰਜ ਅਹਿਮ ਕਹਾਣੀਆਂ ਤੁਹਾਡੇ ਲਈ ਇੱਕੋ ਥਾਂ 'ਤੇ ਲੈ ਕੇ ਆਏ ਹਾਂ।

ਤੁਸੀਂ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰ ਕੇ ਇਹ ਕਹਾਣੀਆਂ ਪੜ੍ਹ ਸਕਦੇ ਹੋ।ਤੁਹਾਨੂੰ ਪਤਾ ਹੈ ਕਿ ਬੀਬੀਸੀ ਪੰਜਾਬੀ ਤੁਹਾਡੇ ਲਈ ਹਰ ਤਰ੍ਹਾਂ ਦੀਆਂ ਖ਼ਬਰਾਂ ਇੱਕ ਵੱਖਰੇ ਅੰਦਾਜ਼ ਵਿੱਚ ਲੈ ਕੇ ਆਉਂਦਾ ਹੈ।

ਇਸ ਹਫ਼ਤੇ ਮਸਤੂਆਣਾ ਸਾਹਿਬ ਦੇ ਮੈਡੀਕਲ ਕਾਲਜ ਦਾ ਮੁੱਦਾ ਕਾਫੀ ਗਰਮਾਇਆ ਰਿਹਾ। ਕੈਨੇਡਾ ਦੀ ਸਰਕਾਰ ਵੱਲੋਂ ਵਿਦੇਸ਼ੀਆਂ ਉੱਤੇ ਜਾਇਦਾਦ ਖਰੀਦਣ ਨੂੰ ਲੈ ਕੇ ਪਾਬੰਦੀਆਂ ਲਗਾਈਆਂ ਗਈਆਂ ਹਨ।

ਨੋਟਬੰਦੀ ਨੂੰ ਸੁਪਰੀਮ ਕੋਰਟ ਬੈਂਚ ਦੀ ਇੱਕ ਜੱਜ ਨੇ ਕਿਸ ਅਧਾਰ ਉੱਤੇ ਗ਼ਲਤ ਦੱਸਿਆ

ਦੇਸ ਦੀ ਸਰਬਉੱਚ ਅਦਾਲਤ ਨੇ ਸਾਲ 2016 ਵਿੱਚ ਹੋਈ ਨੋਟੰਬਦੀ ਦੇ ਖਿਲਾਫ਼ ਦਾਇਰ 58 ਪਟੀਸ਼ਨਾਂ ਉੱਤੇ ਫੈਸਲਾ ਸੁਣਾ ਦਿੱਤਾ ਹੈ।

ਅਦਾਲਤ ਨੇ ਇਸ ਮਾਮਲੇ ਵਿੱਚ ਕੇਂਦਰ ਸਰਕਾਰ, ਭਾਰਤੀ ਰਿਜ਼ਰਵ ਬੈਂਕ ਅਤੇ ਪਟੀਸ਼ਨਕਰਤਾਵਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ 7 ਸਿਤੰਬਰ ਨੂੰ ਆਪਣਾ ਫੈਸਲਾ ਸੁਰੱਖਿਅਤ ਕਰ ਲਿਆ ਸੀ।

ਪਟੀਸ਼ਨ ਕਰਨ ਵਾਲਿਆਂ ਨੇ ਇਸ ਫ਼ੈਸਲੇ ਨਾਲ ਜੁੜੇ ਵੱਖ-ਵੱਖ ਪਹਿਲੂਆਂ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਸੀ।

ਸੁਪਰੀਮ ਕੋਰਟ ਦੇ ਜਸਟਿਸ ਐੱਸ ਨਜ਼ੀਰ ਦੀ ਪ੍ਰਧਾਨਗੀ ਵਾਲੀ ਪੰਜ ਜੱਜਾਂ ਦੀ ਬੈਂਚ ਨੇ ਆਪਣੇ ਫੈਸਲੇ ਵਿੱਚ ਨੋਟਬੰਦੀ ਦੇ ਫੈਸਲੇ ਨੂੰ ਸਹੀ ਠਹਿਰਾਇਆ ਹੈ।

ਭਾਵੇਂ ਜਸਟਿਸ ਨਾਗਰਤਨਾ ਨੇ ਆਪਣੇ ਫੈਸਲੇ ਵਿੱਚ ਇਸ ਨੂੰ ਗ਼ੈਰ-ਕਾਨੂੰਨੀ ਕਰਾਰ ਦਿੱਤਾ ਹੈ। ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਮਸਤੂਆਣਾ ਸਾਹਿਬ ਵਿੱਚ ਮੈਡੀਕਲ ਕਾਲਜ ਦੀ ਉਸਾਰੀ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਰੋਕੇ ਜਾਣ ਦੀ ਜ਼ਮੀਨੀ ਹਕੀਕਤ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਜੱਦੀ ਜ਼ਿਲ੍ਹੇ ਸੰਗਰੂਰ ਵਿੱਚ ਬਣਨ ਵਾਲੇ ਸਰਕਾਰੀ ਮੈਡੀਕਲ ਕਾਲਜ ਦੀ ਉਸਾਰੀ ਦਾ ਕੰਮ ਸ਼ੁਰੂ ਹੋਣ ਤੋਂ ਪਹਿਲਾਂ ਹੀ ਠੱਪ ਹੋ ਗਿਆ ਹੈ।

ਕਾਲਜ ਦੀ ਜ਼ਮੀਨ ਨੂੰ ਲੈ ਕੇ ਚੱਲ ਰਿਹਾ ਵਿਵਾਦ ਇਸ ਦੇ ਰਾਹ ਦਾ ਰੋੜਾ ਬਣ ਗਿਆ ਹੈ।

ਮੁੱਖ ਮੰਤਰੀ ਭਗਵੰਤ ਮਾਨ ਨੇ ਨਵੇਂ ਸਾਲ ਦੇ ਪਹਿਲੇ ਹੀ ਦਿਨ ਮਸਤੂਆਣਾ ਸਾਹਿਬ ਵਿਚ ਪ੍ਰੈਸ ਕਾਨਫਰੰਸ ਕੀਤੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸ਼੍ਰੋਮਣੀ ਕਮੇਟੀ ਉੱਤੇ ਕਾਲਜ ਦੀ ਉਸਾਰੀ ਦੇ ਰਾਹ ਵਿਚ ਅੜਿੱਕਾ ਪਾਉਣ ਦਾ ਇਲਜ਼ਾਮ ਲਾਇਆ।

ਸ਼੍ਰੋਮਣੀ ਕਮੇਟੀ ਵੱਲੋਂ ਇਸ ਬਾਰੇ ਆਪਣੇ ਤਰਕ ਦਿੱਤੇ ਜਾ ਰਹੇ ਹਨ। ਪੂਰਾ ਮਾਮਲਾ ਇੱਥੇ ਸਮਝੋ।

ਦਰਗਾਹ ਦੇ ਲੰਗਰ ਨਾਲ ਭੁੱਖ ਮਿਟਾਉਣ ਲਈ ਜੋ ਸਾਲਾਂ ਤੱਕ ਰਿਹਾ ਮਜਬੂਰ, ਉਹ ਨਿਕਲਿਆ ਲੱਖਪਤੀ

ਜਦੋਂ ਸ਼ਾਹਜ਼ੇਬ ਦੀ ਉਮਰ ਕਿਤਾਬਾਂ ਨਾਲ ਦੋਸਤੀ ਕਰਨ ਦੀ ਸੀ ਤਾਂ ਬਦਕਿਸਮਤੀ ਨਾਲ ਉਹ ਉੱਤਰਾਖੰਡ ਦੇ 'ਪੀਰਾਨ ਕਲਿਆਰ ਸ਼ਰੀਫ' ਵਿੱਚ ਮੌਜੂਦ ਦਰਗਾਹ ਵਿੱਚ ਅਨਾਥ ਦਾ ਜੀਵਨ ਬਤੀਤ ਕਰਦਾ ਹੋਇਆ ਭਟਕ ਰਿਹਾ ਸੀ।

ਪਰ ਸਮੇਂ ਨੇ ਮੋੜ ਲਿਆ, ਕਿਸਮਤ ਦੇ ਸਿਤਾਰੇ ਚਮਕੇ ਅਤੇ ਦਰਗਾਹ ਦੇ ਲੰਗਰ ਨਾਲ ਆਪਣੀ ਭੁੱਖ ਮਿਟਾਉਣ ਵਾਲਾ ਯਤੀਮ ਸ਼ਾਹਜ਼ੇਬ ਲੱਖਾਂ ਦੀ ਦੌਲਤ ਦਾ ਵਾਰਸ ਬਣ ਗਿਆ।

ਸ਼ਾਹਜ਼ੇਬ ਦੀ ਇਹ ਕਹਾਣੀ ਜੋ ਕਿ ਕਾਲਪਨਿਕ ਜਾਪਦੀ ਹੈ, ਹਕੀਕਤ ਹੈ।ਕਿਸਮਤ ਦੇ ਅਜਿਹੇ ਚਮਤਕਾਰ ਦੀ ਚਰਚਾ ਪੂਰੀ ਦੁਨੀਆਂ ਦੇ ਨਾਲ-ਨਾਲ ਪ੍ਰਸਿੱਧ ਦਰਗਾਹ 'ਪੀਰਾਨ ਕਲਿਆਰ' ਵਿੱਚ ਵੀ ਹੋ ਰਹੀ ਹੈ।

ਇੱਥੇ ਇੱਕ ਅਨਾਥ ਬੱਚੇ ਨੂੰ ਨਾ ਸਿਰਫ਼ ਆਪਣਾ ਗੁਆਚਿਆ ਹੋਇਆ ਪਰਿਵਾਰ ਮਿਲਿਆ, ਸਗੋਂ ਉਹ ਹੁਣ ਲੱਖਾਂ ਦੀ ਜਾਇਦਾਦ ਦਾ ਵਾਰਸ ਵੀ ਹੈ। ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਕੈਨੇਡਾ ਵਿੱਚ ਵਿਦੇਸ਼ੀ ਹੁਣ ਨਹੀਂ ਖਰੀਦ ਸਕਣਗੇ ਘਰ, ਸਰਕਾਰ ਦਾ ਫ਼ੈਸਲੇ ਪਿੱਛੇ ਇਹ ਤਰਕ

ਕੈਨੇਡਾ 'ਚ ਘਰ ਖਰੀਦਣ ਦੀ ਇੱਛਾ ਰੱਖਣ ਵਾਲੇ ਵਿਦੇਸ਼ੀਆਂ ਨੂੰ ਝਟਕਾ ਲੱਗਾ ਹੈ ਕਿਉਂਕਿ ਉਹ ਹੁਣ ਦੋ ਸਾਲ ਤੱਕ ਕੈਨੇਡਾ ਵਿੱਚ ਘਰ ਨਹੀਂ ਖ਼ਰੀਦ ਸਕਣਗੇ।

ਕੈਨੇਡਾ ਸਰਕਾਰ ਵਲੋਂ ਲਗਾਈ ਗਈ ਪਾਬੰਦੀ ਦਾ ਮਕਸਦ ਉਨ੍ਹਾਂ ਲੋਕਾਂ ਨੂੰ ਰਾਹਤ ਦੇਣਾ ਹੈ ਜੋ ਘਰ ਖਰੀਦਣਾ ਚਾਹੁੰਦੇ ਹਨ ਪਰ ਕੀਮਤਾਂ ਉਨ੍ਹਾਂ ਦੀ ਪਹੁੰਚ ਤੋਂ ਬਾਹਰ ਹਨ।

ਅਹਿਜੇ ਲੋਕਾਂ ਨੂੰ ਘਰ ਖਰੀਦਣ ਵਿੱਚ ਮਦਦ ਕਰਨ ਦੇ ਇਰਾਦੇ ਨਾਲ ਇਹ ਕਦਮ ਚੁੱਕਿਆ ਗਿਆ ਹੈ।ਹੁਣ ਤੱਕ ਕੈਨੇਡਾ ’ਚ ਇੱਕ ਘਰ ਦੀ ਕੀਮਤ ਔਸਤਨ ਅੱਠ ਲੱਖ ਕੈਨੇਡੀਅਨ ਡਾਲਰ ਹੈ।

ਇਹ ਕੀਮਤ ਲੋਕਾਂ ਦੀ ਔਸਤ ਘਰੇਲੂ ਆਮਦਨ ਤੋਂ 11 ਗੁਣਾ ਵੱਧ ਹੈ। ਇਸ ਫੈਸਲੇ ਬਾਰੇ ਜਾਣਨ ਲਈ ਇੱਥੇ ਕਲਿੱਕ ਕਰੋ।

ਇਸ ਘਰ ’ਚ 60ਵਾਂ ਬੱਚਾ ਜੰਮਿਆ, ਨਾਂ ਰੱਖਿਆ ‘ਖੁਸ਼ਹਾਲ’, ਹੁਣ ਸਰਕਾਰ ਤੋਂ ਮਦਦ ਮੰਗਦਾ ਪਿਤਾ

ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਦੀ ਰਾਜਧਾਨੀ ਕਵੇਟਾ ਦੇ ਸਰਦਾਰ ਹਾਜੀ ਜਾਨ ਨੇ ਦਾਅਵਾ ਕੀਤਾ ਹੈ ਕਿ ਐਤਵਾਰ ਨੂੰ ਉਨ੍ਹਾਂ ਦੇ ਘਰ 60ਵੇਂ ਬੱਚੇ ਨੇ ਜਨਮ ਲਿਆ ਹੈ।

ਬੀਬੀਸੀ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪੰਜ ਬੱਚੇ ਅੱਲ੍ਹਾ ਨੂੰ ਪਿਆਰੇ ਹੋ ਚੁੱਕੇ ਹਨ ਜਦਕਿ 55 ਬੱਚੇ ਜ਼ਿੰਦਾ ਅਤੇ ਸਿਹਤਮੰਦ ਹਨ।

ਉਨ੍ਹਾਂ ਅੱਗੇ ਕਿਹਾ ਕਿ ਉਹ ਅਜੇ ਹੋਰ ਬੱਚੇ ਪੈਦਾ ਕਰਨ ਦੀ ਇੱਛਾ ਰੱਖਦੇ ਹਨ ਅਤੇ ਜੇ ਅੱਲ੍ਹਾ ਦੀ ਮਰਜ਼ੀ ਹੋਈ ਤਾਂ ਉਹ ਅਜਿਹਾ ਜ਼ਰੂਰ ਕਰਨਗੇ।

ਅਜਿਹਾ ਕਰਨ ਲਈ ਉਹ ਚੌਥਾ ਵਿਆਹ ਕਰਨ ਦੀ ਯੋਜਨਾ ਵੀ ਬਣਾ ਰਹੇ ਹਨ।

50 ਸਾਲਾ ਸਰਦਾਰ ਹਾਜੀ ਜਾਨ ਮੁਹੰਮਦ ਖ਼ਾਨ ਖਿਲਜੀ ਕਵੇਟਾ ਸ਼ਹਿਰ ਦੇ ਪੂਰਬੀ ਬਾਈਪਾਸ ਦੇ ਨਜ਼ਦੀਕ ਰਹਿੰਦੇ ਹਨ।

ਉਹ ਪੇਸ਼ੇ ਵੱਜੋਂ ਡਾਕਟਰ ਹਨ ਅਤੇ ਉਸੇ ਇਲਾਕੇ ‘ਚ ਉਨ੍ਹਾਂ ਦਾ ਕਲੀਨਿਕ ਹੈ। ਇਸ ਪਰਿਵਾਰ ਬਾਰੇ ਜਾਣਨ ਲਈ ਇੱਥੇ ਕਲਿੱਕ ਕਰੋ।

(ਬੀਬੀਸੀ ਪੰਜਾਬੀ ਨਾਲ FACEBOOKINSTAGRAMTWITTERਅਤੇ YouTube 'ਤੇ ਜੁੜੋ।)