ਅਦਾਕਾਰ ਗੋਵਿੰਦਾ ਖ਼ਿਲਾਫ਼ ਉਨ੍ਹਾਂ ਦੀ ਪਤਨੀ ਸੁਨੀਤਾ ਆਹੂਜਾ ਕਿਉਂ ਪਹੁੰਚੇ ਕੋਰਟ, ਕੀ ਹੈ ਪੂਰਾ ਮਾਮਲਾ

    • ਲੇਖਕ, ਰਵੀ ਜੈਨ
    • ਰੋਲ, ਬੀਬੀਸੀ ਸਹਿਯੋਗੀ

ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਗੋਵਿੰਦਾ ਅਤੇ ਉਨ੍ਹਾਂ ਦੇ ਪਤਨੀ ਸੁਨੀਤਾ ਆਹੂਜਾ ਦਾ 38 ਸਾਲ ਪੁਰਾਣਾ ਵਿਆਹੁਤਾ ਰਿਸ਼ਤਾ ਮੁਸ਼ਕਲ ਵਿੱਚ ਨਜ਼ਰ ਆ ਰਿਹਾ ਹੈ। ਦੋਵਾਂ ਵਿਚਕਾਰ ਤਲਾਕ ਦਾ ਮਾਮਲਾ ਮੁੰਬਈ ਫੈਮਿਲੀ ਕੋਰਟ ਤੱਕ ਪਹੁੰਚ ਗਿਆ ਹੈ।

ਇਸ ਮਾਮਲੇ ਦੀ ਪਹਿਲੀ ਸੁਣਵਾਈ ਵੀਰਵਾਰ ਨੂੰ ਮੁੰਬਈ ਦੀ ਫੈਮਿਲੀ ਕੋਰਟ ਵਿੱਚ ਸ਼ੁਰੂ ਹੋਈ। ਫੈਮਿਲੀ ਕੋਰਟ ਵਿੱਚ ਤਲਾਕ ਪਟੀਸ਼ਨ ਦੀ ਸੁਣਵਾਈ ਦੌਰਾਨ ਸੁਨੀਤਾ ਆਹੂਜਾ ਨੂੰ ਦੇਖਿਆ ਗਿਆ।

ਸੁਣਵਾਈ ਦੌਰਾਨ ਗੋਵਿੰਦਾ ਖੁਦ ਮੌਜੂਦ ਨਹੀਂ ਸਨ ਪਰ ਉਨ੍ਹਾਂ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਸੁਣਵਾਈ ਵਿੱਚ ਹਿੱਸਾ ਲਿਆ। ਅਦਾਲਤ ਨੇ ਉਨ੍ਹਾਂ ਨੂੰ ਅਗਲੀ ਸੁਣਵਾਈ ਦੌਰਾਨ ਨਿੱਜੀ ਤੌਰ 'ਤੇ ਮੌਜੂਦ ਰਹਿਣ ਲਈ ਕਿਹਾ ਹੈ।

ਇਸ ਦੌਰਾਨ, ਗੋਵਿੰਦਾ ਦੇ ਵਕੀਲ ਅਤੇ ਸਲਾਹਕਾਰ ਲਲਿਤ ਬਿੰਦਲ ਨੇ ਦੱਸਿਆ ਹੈ ਕਿ ਸੁਨੀਤਾ ਨੇ ਪਿਛਲੇ ਸਾਲ ਤਲਾਕ ਲਈ ਅਰਜ਼ੀ ਦਿੱਤੀ ਸੀ। ਮਾਮਲੇ ਦੀ ਅਗਲੀ ਸੁਣਵਾਈ ਤਿੰਨ ਮਹੀਨੇ ਬਾਅਦ ਨਵੰਬਰ ਦੇ ਮਹੀਨੇ ਵਿੱਚ ਹੋਵੇਗੀ।

ਪਿਛਲੇ ਸਾਲ ਦਿੱਤੀ ਸੀ ਤਲਾਕ ਦੀ ਅਰਜ਼ੀ

ਗੋਵਿੰਦਾ ਦੇ ਵਕੀਲ ਲਲਿਤ ਬਿੰਦਲ ਨੇ ਬੀਬੀਸੀ ਹਿੰਦੀ ਨੂੰ ਦੱਸਿਆ, "ਸੁਨੀਤਾ ਆਹੂਜਾ ਨੇ ਖੁਦ ਪਿਛਲੇ ਸਾਲ ਦਸੰਬਰ ਵਿੱਚ ਗੋਵਿੰਦਾ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਤਲਾਕ ਦੀ ਅਰਜ਼ੀ ਦਿੱਤੀ ਸੀ।"

ਲਲਿਤ ਬਿੰਦਲ ਨੇ ਕਿਹਾ, "ਮਾਮਲਾ ਪੁਰਾਣਾ ਹੈ ਅਤੇ ਜਲਦ ਹੀ ਦੋਵੇਂ ਕਿਸੇ ਸਮਝੌਤੇ 'ਤੇ ਪਹੁੰਚ ਜਾਣਗੇ। ਸੁਨੀਤਾ ਵੱਲੋਂ ਗੋਵਿੰਦਾ ਵਿਰੁੱਧ ਕੇਸ ਦਾਇਰ ਕਰਨ ਦਾ ਕਾਰਨ ਭਾਵੇਂ ਕੁਝ ਵੀ ਹੋਵੇ, ਪਰ ਹੁਣ ਇਹ ਮਾਮਲਾ ਹੱਲ ਹੋਣ ਦੇ ਲਾਗੇ ਹੈ।"

ਇਸ ਮਾਮਲੇ ਵਿੱਚ ਹੋਰ ਜਾਣਕਾਰੀ ਦੇਣ ਤੋਂ ਇਨਕਾਰ ਕਰਦੇ ਹੋਏ ਲਲਿਤ ਬਿੰਦਲ ਨੇ ਕਿਹਾ ਕਿ ਇਸ ਸਮੇਂ ਕਾਉਂਸਲਿੰਗ ਦਾ ਦੌਰ ਚੱਲ ਰਿਹਾ ਹੈ। ਹਾਲਾਂਕਿ, ਉਨ੍ਹਾਂ ਕਿਹਾ ਕਿ 21 ਅਗਸਤ ਨੂੰ ਹੋਈ ਸੁਣਵਾਈ ਦੌਰਾਨ ਉਹ ਖੁਦ ਗੋਵਿੰਦਾ ਵੱਲੋਂ ਦਲੀਲ ਦੇਣ ਲਈ ਅਦਾਲਤ ਵਿੱਚ ਮੌਜੂਦ ਸਨ।

ਮਾਮਲੇ ਨਾਲ ਜੁੜੇ ਵਕੀਲਾਂ ਦੇ ਅਨੁਸਾਰ, ਸੁਨੀਤਾ ਆਹੂਜਾ ਨੇ ਨਾਜਾਇਜ਼ ਸਬੰਧਾਂ, ਬੇਰਹਿਮੀ ਅਤੇ ਪਤਨੀ ਨੂੰ ਛੱਡਣ ਦੇ ਆਧਾਰ 'ਤੇ ਫੈਮਿਲੀ ਕੋਰਟ ਵਿੱਚ ਤਲਾਕ ਦੀ ਅਰਜ਼ੀ ਪਾਈ ਹੈ।

ਸੁਨੀਤਾ ਆਹੂਜਾ ਨੇ ਹਿੰਦੂ ਵਿਆਹ ਐਕਟ 1955 ਦੀ ਧਾਰਾ 13 (1) (i), (ia), (ib) ਦੇ ਤਹਿਤ ਕੇਸ ਦਾਇਰ ਕੀਤਾ ਹੈ।

ਬੀਬੀਸੀ ਹਿੰਦੀ ਨੇ ਸੁਨੀਤਾ ਆਹੂਜਾ ਅਤੇ ਗੋਵਿੰਦਾ ਦੋਵਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ, ਪਰ ਦੋਵਾਂ ਪਾਸਿਆਂ ਤੋਂ ਕੋਈ ਜਵਾਬ ਨਹੀਂ ਮਿਲ ਸਕਿਆ।

ਸੁਨੀਤਾ ਦਾ ਇਲਜ਼ਾਮ

ਸੁਨੀਤਾ ਆਹੂਜਾ ਨੇ ਇੱਕ ਹਫ਼ਤਾ ਪਹਿਲਾਂ ਆਪਣੇ ਜਨਮਦਿਨ ਦੇ ਮੌਕੇ 'ਤੇ ਇੱਕ ਯੂਟਿਊਬ ਚੈਨਲ ਸ਼ੁਰੂ ਕਰਕੇ ਇੱਕ ਨਵੀਂ ਪਾਰੀ ਦਾ ਸੰਕੇਤ ਦਿੱਤਾ ਸੀ।

ਇਸ ਵੀਡੀਓ ਵਿੱਚ ਸੁਨੀਤਾ ਆਹੂਜਾ ਨੇ ਵਲੌਗਿੰਗ ਦੀ ਦੁਨੀਆਂ ਵਿੱਚ ਪੈਰ ਧਰਨ ਦੇ ਕਾਰਨਾਂ ਦੇ ਨਾਲ-ਨਾਲ ਆਪਣੇ ਅਤੇ ਗੋਵਿੰਦਾ ਦੇ ਵੱਖ ਹੋਣ ਬਾਰੇ ਵੀ ਗੱਲ ਕੀਤੀ।

ਉਨ੍ਹਾਂ ਨੇ ਗੋਵਿੰਦਾ ਨਾਲ ਆਪਣੇ ਰਿਸ਼ਤੇ ਨੂੰ ਵਿਗਾੜਨ ਦਾ ਇਲਜ਼ਾਮ ਅਣਜਾਣ ਲੋਕਾਂ 'ਤੇ ਲਗਾਇਆ।

ਇੰਝ ਮਿਲੇ ਸਨ ਸੁਨੀਤਾ ਅਤੇ ਗੋਵਿੰਦਾ

ਗੋਵਿੰਦਾ ਅਤੇ ਸੁਨੀਤਾ ਦਾ ਵਿਆਹ 11 ਮਾਰਚ, 1987 ਨੂੰ ਹੋਇਆ ਸੀ। ਗੋਵਿੰਦਾ ਬਾਰੇ ਕਿਹਾ ਜਾਂਦਾ ਹੈ ਕਿ ਸੁਨੀਤਾ ਉਨ੍ਹਾਂ ਨੂੰ ਸਟਾਰ ਬਣਨ ਤੋਂ ਪਹਿਲਾਂ ਹੀ ਚੰਗੀ ਤਰ੍ਹਾਂ ਜਾਣਦੇ ਸਨ।

ਆਪਣੇ ਸੰਘਰਸ਼ ਦੇ ਦਿਨਾਂ ਦੌਰਾਨ ਗੋਵਿੰਦਾ ਮੁੰਬਈ ਦੇ ਨਾਲ ਲੱਗਦੇ ਵਿਰਾਰ ਵਿੱਚ ਆਪਣੇ ਮਾਮਾ ਆਨੰਦ ਸਿੰਘ ਨਾਲ ਰਹਿੰਦੇ ਸਨ। ਸੁਨੀਤਾ ਦੇ ਵੱਡੇ ਭੈਣ ਦਾ ਵਿਆਹ ਆਨੰਦ ਸਿੰਘ ਨਾਲ ਹੋਇਆ ਸੀ।

ਇਸ ਕਰਕੇ ਸੁਨੀਤਾ ਦਾ ਅਕਸਰ ਉੱਥੇ ਆਉਣਾ-ਜਾਣਾ ਲੱਗਿਆ ਰਹਿੰਦਾ ਸੀ। ਗੋਵਿੰਦਾ ਅਤੇ ਸੁਨੀਤਾ ਉਨ੍ਹਾਂ ਦੇ ਘਰ ਹੀ ਮਿਲੇ ਸਨ।

62 ਸਾਲਾ ਗੋਵਿੰਦਾ ਅਤੇ 57 ਸਾਲਾ ਸੁਨੀਤਾ ਆਹੂਜਾ ਦੀ ਇੱਕ ਧੀ (36 ਸਾਲ) ਅਤੇ ਇੱਕ ਪੁੱਤਰ (28 ਸਾਲ) ਹੈ। ਉਨ੍ਹਾਂ ਦੀ ਧੀ ਦਾ ਨਾਮ ਨਰਮਦਾ ਹੈ, ਜਿਨ੍ਹਾਂ ਨੂੰ ਫਿਲਮ ਇੰਡਸਟਰੀ ਵਿੱਚ ਟੀਨਾ ਆਹੂਜਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ।

ਟੀਨਾ ਨੇ ਸਾਲ 2015 ਵਿੱਚ ਫ਼ਿਲਮੀ ਦੁਨੀਆਂ 'ਚ ਪੈਰ ਧਰਿਆ ਸੀ। ਉਨ੍ਹਾਂ ਨੇ ਕੁਝ ਹਿੰਦੀ ਅਤੇ ਪੰਜਾਬੀ ਫਿਲਮਾਂ ਵਿੱਚ ਕੰਮ ਕੀਤਾ ਹੈ। ਪਰ ਲੰਬੇ ਸਮੇਂ ਤੱਕ ਸੰਘਰਸ਼ ਕਰਨ ਦੇ ਬਾਵਜੂਦ ਉਨ੍ਹਾਂ ਨੂੰ ਅਦਾਕਾਰੀ ਦੀ ਦੁਨੀਆਂ ਵਿੱਚ ਸਫਲਤਾ ਨਹੀਂ ਮਿਲੀ।

ਗੋਵਿੰਦਾ ਅਤੇ ਸੁਨੀਤਾ ਦੇ ਪੁੱਤਰ ਦਾ ਨਾਮ ਯਸ਼ੋਵਰਧਨ ਆਹੂਜਾ ਹੈ, ਜੋ ਇੱਕ ਅਦਾਕਾਰ ਵਜੋਂ ਡੈਬਿਊ ਕਰਨ ਦੀ ਤਿਆਰੀ ਕਰ ਰਹੇ ਹਨ। ਵੀਰਵਾਰ ਨੂੰ ਫੈਮਿਲੀ ਕੋਰਟ ਵਿੱਚ ਯਸ਼ੋਵਰਧਨ ਨੂੰ ਵੀ ਆਪਣੀ ਮਾਂ ਸੁਨੀਤਾ ਨਾਲ ਦੇਖਿਆ ਗਿਆ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)