You’re viewing a text-only version of this website that uses less data. View the main version of the website including all images and videos.
ਯੁਜ਼ਵੇਂਦਰ ਚਹਿਲ ਨਾਲ ਤਲਾਕ 'ਤੇ ਬੋਲੇ ਧਨਸ਼੍ਰੀ, 'ਸ਼ੂਗਰ ਡੈਡੀ' ਵਾਲੀ ਟੀ-ਸ਼ਰਟ 'ਤੇ ਵੀ ਦਿੱਤਾ ਜਵਾਬ
ਕ੍ਰਿਕੇਟਰ ਯੁਜ਼ਵੇਂਦਰ ਚਹਿਲ ਅਤੇ ਕੋਰੀਓਗ੍ਰਾਫਰ ਧਨਸ਼੍ਰੀ ਦੇ ਵਿਆਹ ਅਤੇ ਤਲਾਕ ਦੋਵਾਂ ਦੀ ਸੋਸ਼ਲ ਮੀਡੀਆ 'ਤੇ ਬਹੁਤ ਚਰਚਾ ਹੋਈ। ਦੋਵਾਂ ਨੇ ਦਸੰਬਰ 2020 ਵਿੱਚ ਵਿਆਹ ਕਰਵਾਇਆ ਸੀ ਅਤੇ ਮਾਰਚ 2025 ਵਿੱਚ ਦੋਵਾਂ ਦਾ ਤਲਾਕ ਹੋ ਗਿਆ।
ਦੋਵਾਂ ਦਾ ਤਲਾਕ ਕਿਉਂ ਹੋਇਆ, ਇਸ ਬਾਰੇ ਨਾ ਤਾਂ ਚਹਿਲ ਅਤੇ ਨਾ ਹੀ ਧਨਸ਼੍ਰੀ ਵੱਲੋਂ ਕੋਈ ਅਧਿਕਾਰਤ ਬਿਆਨ ਆਇਆ।
ਪਰ ਸੋਸ਼ਲ ਮੀਡੀਆ 'ਤੇ ਲੋਕ ਕਿਆਸਰਾਈਆਂ ਲਗਾਉਣ ਵਿੱਚ ਪਿੱਛੇ ਨਹੀਂ ਹਟੇ ਅਤੇ ਅਫਵਾਹਾਂ ਦਾ ਇੱਕ ਲੰਮਾ ਸਮਾਂ ਦੌਰ ਚੱਲਿਆ।
ਕੁਝ ਲੋਕਾਂ ਨੇ ਤਲਾਕ ਲਈ ਚਹਿਲ ਨੂੰ ਜ਼ਿੰਮੇਵਾਰ ਠਹਿਰਾਇਆ, ਜਦਕਿ ਕੁਝ ਨੇ ਧਨਸ਼੍ਰੀ ਨੂੰ। ਕੁਝ ਨੇ ਚਹਿਲ ਨੂੰ 'ਧੋਖੇਬਾਜ਼' ਕਿਹਾ ਤੇ ਕੁਝ ਨੇ ਧਨਸ਼੍ਰੀ ਨੂੰ।
ਇਨ੍ਹਾਂ ਅਟਕਲਾਂ ਤੋਂ ਬਾਅਦ ਹੁਣ ਦੋਵਾਂ ਨੇ ਆਖਰਕਾਰ ਵੱਖ-ਵੱਖ ਇੰਟਰਵਿਊਜ਼ ਵਿੱਚ ਆਪਣੀ-ਆਪਣੀ ਗੱਲ ਰੱਖੀ ਹੈ।
ਇਸੇ ਸਾਲ ਜੁਲਾਈ ਮਹੀਨੇ ਵਿੱਚ ਯੁਜ਼ਵੇਂਦਰ ਚਹਿਲ ਨੇ ਯੂਟਿਊਬਰ ਰਾਜ ਸ਼ਮਾਨੀ ਦੇ ਪੋਡਕਾਸਟ ਵਿੱਚ ਤਲਾਕ ਅਤੇ ਸਬੰਧਤ ਅਫਵਾਹਾਂ, ਡਿਪਰੈਸ਼ਨ, ਚਿੰਤਾ 'ਤੇ ਗੱਲ ਕੀਤੀ ਸੀ। ਉਨ੍ਹਾਂ ਦੇ ਇੰਟਰਵਿਊ ਤੋਂ ਕੁਝ ਦਿਨਾਂ ਬਾਅਦ ਹੁਣ ਉਨ੍ਹਾਂ ਦੀ ਪਤਨੀ ਰਹੀ ਧਨਸ਼੍ਰੀ ਦਾ ਵੀ ਇੱਕ ਇੰਟਰਵਿਊ ਆਇਆ ਹੈ।
'ਹਿਊਮਨਜ਼ ਆਫ਼ ਬੰਬੇ' ਨਾਮ ਦੇ ਯੂਟਿਊਬ ਚੈਨਲ 'ਤੇ ਹੋਸਟ ਕਰਿਸ਼ਮਾ ਮਹਿਤਾ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਧਨਸ਼੍ਰੀ ਨੇ ਤਲਾਕ, ਨਕਾਰਾਤਮਕ ਟਿੱਪਣੀਆਂ ਅਤੇ ਮਾਨਸਿਕ ਸਿਹਤ ਬਾਰੇ ਗੱਲ ਕੀਤੀ ਹੈ।
ਚਹਿਲ ਦੀ ਟੀ-ਸ਼ਰਟ ਬਾਰੇ ਬੋਲੇ ਧਨਸ਼੍ਰੀ - 'ਵੱਟਸਐਪ ਕਰਕੇ ਦੱਸ ਦਿੰਦੇ'
ਦੋਵਾਂ ਦੇ ਤਲਾਕ ਦੀ ਪ੍ਰਕਿਰਿਆ ਵਿਚਕਾਰ, ਇੱਕ ਟੀ-ਸ਼ਰਟ ਬਹੁਤ ਚਰਚਾ ਵਿੱਚ ਆਈ। ਦੋਵਾਂ ਨੇ ਆਪੋ-ਆਪਣੇ ਇੰਟਰਵਿਊਜ਼ ਵਿੱਚ ਇਸ ਬਾਰੇ ਵੀ ਗੱਲ ਕੀਤੀ ਹੈ।
ਦਰਅਸਲ, ਤਲਾਕ ਦੇ ਫੈਸਲੇ ਵਾਲੇ ਦਿਨ ਯੁਜ਼ਵੇਂਦਰ ਚਹਿਲ ਜਿਹੜੀ ਟੀ-ਸ਼ਰਟ ਪਹਿਨ ਕੇ ਆਏ ਸਨ ਉਸ ਵਿੱਚ ਲਿਖਿਆ ਸੀ - 'ਬੀ ਯੂਅਰ ਓਨ ਸ਼ੂਗਰ ਡੈਡੀ'।
ਸੌਖੇ ਸ਼ਬਦਾਂ 'ਚ ਇਸਦਾ ਅਰਥ ਹੈ, "ਅਜਿਹਾ ਵਿਅਕਤੀ ਬਣੋ ਜੋ ਆਪਣੀਆਂ ਵਿੱਤੀ ਲੋੜਾਂ ਲਈ ਦੂਜਿਆਂ 'ਤੇ ਨਿਰਭਰ ਨਾ ਹੋਵੇ, ਆਤਮ-ਨਿਰਭਰ ਹੋਵੇ।"
ਸੋਸ਼ਲ ਮੀਡੀਆ ਉਪਭੋਗਤਾਵਾਂ ਨੇ ਦਾਅਵਾ ਕੀਤਾ ਸੀ ਕਿ ਚਹਿਲ ਨੇ ਇਹ ਟੀ-ਸ਼ਰਟ ਧਨਸ਼੍ਰੀ ਵੱਲੋਂ ਯੁਜ਼ਵੇਂਦਰ ਤੋਂ ਗੁਜ਼ਾਰਾ ਭੱਤਾ ਲਈ ਮੰਗੀ ਗਈ ਰਕਮ 'ਤੇ ਤੰਜ ਕੱਸਣ ਲਈ ਪਹਿਨੀ ਸੀ।
ਯੁਜ਼ਵੇਂਦਰ ਨੇ ਉਸ ਸਮੇਂ ਇਸ ਬਾਰੇ ਕੋਈ ਸਪੱਸ਼ਟੀਕਰਨ ਨਹੀਂ ਦਿੱਤਾ ਸੀ, ਪਰ ਇੰਟਰਵਿਊ ਵਿੱਚ ਉਨ੍ਹਾਂ ਨੇ ਇਸ ਬਾਰੇ ਗੱਲ ਕੀਤੀ ਹੈ। ਯੁਜ਼ਵੇਂਦਰ ਕਹਿੰਦੇ ਹਨ ਕਿ ਉਹ ਡਰਾਮਾ ਨਹੀਂ ਕਰਨਾ ਚਾਹੁੰਦੇ ਸਨ, ਪਰ ਕੁਝ ਅਜਿਹਾ ਹੋਇਆ ਜਿਸ ਕਾਰਨ ਉਨ੍ਹਾਂ ਨੂੰ ਇਹ ਕਰਨਾ ਪਿਆ।
ਉਨ੍ਹਾਂ ਕਿਹਾ, "ਮੈਂ ਟੀ-ਸ਼ਰਟ ਰਾਹੀਂ ਸੁਨੇਹਾ ਦੇਣਾ ਚਾਹੁੰਦਾ ਸੀ।"
ਹੁਣ, ਇਸ ਬਿਆਨ 'ਤੇ ਧਨਸ਼੍ਰੀ ਨੇ ਕਿਹਾ ਹੈ ਕਿ ਉਹ (ਚਹਿਲ) ਇਹ ਸੁਨੇਹਾ ਵੱਟਸਐਪ 'ਤੇ ਵੀ ਦੇ ਸਕਦੇ ਸਨ, ਇਸ ਨੂੰ ਟੀ-ਸ਼ਰਟ 'ਤੇ ਲਿਖ ਕੇ ਦੱਸਣ ਦੀ ਕੀ ਲੋੜ ਸੀ।
ਧਨਸ਼੍ਰੀ ਕਹਿੰਦੇ ਹਨ ਕਿ ਇਸ ਟੀ-ਸ਼ਰਟ ਵਾਲੀ ਘਟਨਾ ਨੇ ਉਨ੍ਹਾਂ ਨੂੰ ਬਹੁਤ ਦੁੱਖ ਪਹੁੰਚਾਇਆ ਪਰ ਇਸ ਘਟਨਾ ਨੇ ਉਨ੍ਹਾਂ ਨੂੰ ਅੱਗੇ ਵਧਣ ਵਿੱਚ ਵੀ ਬਹੁਤ ਮਦਦ ਕੀਤੀ।
ਧਨਸ਼੍ਰੀ ਕਹਿੰਦੇ ਹਨ, "ਹਰ ਕੋਈ ਜਾਣਦਾ ਸੀ ਕਿ ਅਦਾਲਤ ਵਿੱਚ ਕੀ ਹੋਣ ਵਾਲਾ ਹੈ। ਹਰ ਕੋਈ ਮੈਂਟਲੀ ਤਿਆਰ ਸੀ, ਪਰ ਫਿਰ ਵੀ ਅਦਾਲਤ ਵਿੱਚ ਤਲਾਕ ਪ੍ਰਕਿਰਿਆ ਦੌਰਾਨ ਮੈਂ ਫੁੱਟ-ਫੁੱਟ ਕੇ ਰੋਈ।"
"ਮੈਨੂੰ ਪਤਾ ਹੈ ਕਿ ਬਤੌਰ ਪਾਰਟਨਰ ਮੈਂ ਕਿੰਨੀ ਕੋਸ਼ਿਸ਼ ਕੀਤੀ। ਮੈਂ ਹਰ ਛੋਟੀ-ਵੱਡੀ ਗੱਲ ਵਿੱਚ ਆਪਣੇ ਪਾਰਟਨਰ ਨਾਲ ਖੜ੍ਹੀ ਰਹੀ। ਇਸ ਲਈ ਮੈਂ ਉਸ ਦਿਨ ਭਾਵੁਕ ਹੋ ਰਹੀ ਸੀ।"
"ਪਰ ਜਦੋਂ ਮੈਂ ਟੀ-ਸ਼ਰਟ ਵਾਲੀ ਚੀਜ਼ ਦੇਖੀ, ਮੈਂ ਉਸੇ ਪਲ ਫੈਸਲਾ ਕਰ ਲਿਆ ਕਿ ਹੁਣ ਮੈਂ ਹੱਸਦੇ ਹੋਏ ਅੱਗੇ ਵਧਾਂਗੀ। ਟੀ-ਸ਼ਰਟ ਵਾਲੀ ਘਟਨਾ ਨੇ ਮੇਰੇ ਲਈ ਪ੍ਰੇਰਨਾ ਦਾ ਕੰਮ ਕੀਤਾ। ਇਸ ਨੇ ਮੈਨੂੰ ਅੱਗੇ ਵਧਣ ਦੀ ਹਿੰਮਤ ਦਿੱਤੀ।"
ਜਦੋਂ ਕਈ ਮਹੀਨੇ ਐਂਗਜ਼ਾਇਟੀ, ਤਣਾਅ 'ਚ ਰਹੇ ਯੁਜ਼ਵੇਂਦਰ ਚਹਿਲ
ਯੁਜ਼ਵੇਂਦਰ ਅਤੇ ਧਨਸ਼੍ਰੀ ਦੇ ਤਲਾਕ ਦੌਰਾਨ ਬਹੁਤ ਸਾਰੀਆਂ ਅਫਵਾਹਾਂ ਫੈਲੀਆਂ। ਚਹਿਲ ਅਤੇ ਧਨਸ਼੍ਰੀ ਦੋਵਾਂ ਨੇ ਆਪਣੇ ਇੰਟਰਵਿਊਜ਼ ਵਿੱਚ ਉਨ੍ਹਾਂ ਅਫਵਾਹਾਂ ਕਾਰਨ ਮਾੜੀ ਮਾਨਸਿਕ ਸਿਹਤ ਬਾਰੇ ਵੀ ਗੱਲ ਕੀਤੀ ਹੈ।
ਇਨ੍ਹਾਂ ਅਫਵਾਹਾਂ ਦਾ ਤੁਹਾਡੇ 'ਤੇ ਕੀ ਪ੍ਰਭਾਵ ਪਿਆ? ਇਸ ਦੇ ਜਵਾਬ ਵਿੱਚ ਚਹਿਲ ਨੇ ਕਿਹਾ, "ਮੈਂ ਤਲਾਕ ਕਾਰਨ ਪਹਿਲਾਂ ਹੀ ਪਰੇਸ਼ਾਨ ਸੀ। ਉਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਅਫਵਾਹਾਂ ਕਾਰਨ ਮੇਰਾ ਦਿਮਾਗ ਪੂਰੀ ਤਰ੍ਹਾਂ ਸੁੰਨ ਹੋ ਗਿਆ ਸੀ। ਮੈਂ 2-4 ਮਹੀਨਿਆਂ ਤੱਕ ਡਿਪਰੈਸ਼ਨ ਵਿੱਚ ਰਿਹਾ। ਐਂਗਜ਼ਾਇਟੀ ਅਟੈਕ ਆਏ। ਪਰ ਮੈਂ ਕਿਸੇ ਨੂੰ ਨਹੀਂ ਦੱਸਿਆ।"
"ਮੈਨੂੰ ਲੱਗਦਾ ਸੀ ਕਿ ਜੇ ਸਭ ਕੁਝ ਹੋਣ ਤੋਂ ਬਾਅਦ ਮੇਰੀ ਜ਼ਿੰਦਗੀ ਵਿੱਚ ਖੁਸ਼ੀ ਨਹੀਂ ਹੈ, ਤਾਂ ਮੇਰੇ ਜਿਉਣ ਦਾ ਕੀ ਮਤਲਬ ਹੈ। ਪਰ ਮੇਰੇ ਦੋਸਤਾਂ ਅਤੇ ਪਰਿਵਾਰ ਨੇ ਮੈਨੂੰ ਇਸ ਵਿੱਚੋਂ ਬਾਹਰ ਨਿਕਲਣ ਵਿੱਚ ਮਦਦ ਕੀਤੀ।"
"ਮੈਨੂੰ ਆਪਣੇ ਮਾਪਿਆਂ ਲਈ ਮਜ਼ਬੂਤ ਬਣਨਾ ਪੈਂਦਾ ਸੀ" - ਧਨਸ਼੍ਰੀ
ਧਨਸ਼੍ਰੀ ਨੇ ਵੀ ਦੱਸਿਆ ਕਿ ਅਫਵਾਹਾਂ ਅਤੇ ਸੋਸ਼ਲ ਮੀਡੀਆ ਕਾਰਨ ਉਨ੍ਹਾਂ ਲਈ ਅਤੇ ਉਨ੍ਹਾਂ ਦੇ ਪਰਿਵਾਰ ਲਈ ਚੀਜ਼ਾਂ ਬਹੁਤ ਮੁਸ਼ਕਲ ਹੋ ਗਈਆਂ ਸਨ।
ਉਨ੍ਹਾਂ ਦੱਸਿਆ, "ਉਸ ਸਮੇਂ ਮੈਨੂੰ ਸਹਾਰੇ ਦੀ ਲੋੜ ਸੀ ਅਤੇ ਮੇਰੇ ਮਾਪਿਆਂ ਨੂੰ ਵੀ। ਉਨ੍ਹਾਂ ਲਈ ਮੇਰਾ ਸਟਰਾਂਗ ਰਹਿਣਾ ਜ਼ਰੂਰੀ ਸੀ। ਜਿਸ ਜਨਰੇਸ਼ਨ ਤੋਂ ਮੈਂ ਆਉਂਦੀ ਹਾਂ, ਮੈਨੂੰ ਪਤਾ ਹੈ ਕਿ ਨੈਗੇਟਿਵ ਕਮੈਂਟ ਨਾਲ ਕਿਵੇਂ ਡੀਲ ਕਰਨਾ ਹੈ। ਪਰ ਮਾਪਿਆਂ ਅਤੇ ਨਜ਼ਦੀਕੀ ਰਿਸ਼ਤੇਦਾਰਾਂ ਨੂੰ ਇਹ ਸਮਝਾਉਣਾ ਮੁਸ਼ਕਲ ਹੁੰਦਾ ਹੈ।"
ਧਨਸ਼੍ਰੀ ਨੇ ਇੰਟਰਵਿਊ ਵਿੱਚ ਦੱਸਿਆ ਕਿ "ਕਈ ਵਾਰ ਮੇਰੀ ਮਾਂ ਸੋਸ਼ਲ ਮੀਡੀਆ 'ਤੇ ਖ਼ਬਰਾਂ ਦੇਖ ਕੇ ਟੁੱਟ ਜਾਂਦੀ ਸੀ। ਮੈਨੂੰ ਆਪਣੇ ਮਾਪਿਆਂ ਤੋਂ ਫ਼ੋਨ ਖੋਹਣਾ ਪੈਂਦਾ ਸੀ। ਕਈ ਵਾਰ ਮੈਂ ਆਪਣੇ ਮਾਪਿਆਂ ਨੂੰ ਸੰਭਾਲਦੀ ਸੀ ਅਤੇ ਕਈ ਵਾਰ ਉਹ ਮੈਨੂੰ ਸੰਭਾਲਦੇ ਸਨ।"
ਉਨ੍ਹਾਂ ਕਿਹਾ, "ਮੀਡੀਆ ਦੇ ਸ਼ੋਰ-ਸ਼ਰਾਬੇ ਨਾਲ ਨਜਿੱਠਣ ਲਈ ਤੁਹਾਨੂੰ ਮੈਚਿਓਰ ਹੋਣਾ ਪੈਂਦਾ ਹੈ। ਮੈਂ ਬਚਕਾਨਾ ਬਿਆਨ ਦੇ ਕੇ ਲੋਕਾਂ ਦਾ ਧਿਆਨ ਖਿੱਚਣ ਦੀ ਬਜਾਇ, ਮੈਚਿਓਰਿਟੀ ਅਤੇ ਸਮਝਦਾਰੀ ਦਾ ਰਸਤਾ ਚੁਣਿਆ।"
ਧਨਸ਼੍ਰੀ ਨੂੰ ਪੋਡਕਾਸਟ ਤੋਂ ਡਰ ਲੱਗਦਾ ਹੈ!
ਚਹਿਲ ਨੇ ਪੋਡਕਾਸਟ 'ਚ ਤਲਾਕ ਨੂੰ ਲੈ ਕੇ ਜਿਨ੍ਹਾਂ ਚੀਜ਼ਾਂ 'ਤੇ ਗੱਲ ਕੀਤੀ ਹੈ, ਉਸ ਨਾਲ ਧਨਸ਼੍ਰੀ ਸਹਿਮਤੀ ਨਹੀਂ ਰੱਖਦੇ, ਅਜਿਹਾ ਉਨ੍ਹਾਂ ਦੇ ਜਵਾਬ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ। ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਉਨ੍ਹਾਂ ਨੂੰ ਕਿਸ ਚੀਜ਼ ਤੋਂ ਡਰ ਲੱਗਦਾ ਹੈ?
ਉਨ੍ਹਾਂ ਨੇ ਜਵਾਬ ਦਿੱਤਾ, "ਮੈਨੂੰ ਕਿਸੇ ਵੀ ਚੀਜ਼ ਤੋਂ ਡਰ ਨਹੀਂ ਲੱਗਦਾ, ਭੂਤ, ਹਨ੍ਹੇਰਾ, ਉੱਚਾਈ। ਪਰ ਸਿਰਫ ਇੱਕ ਚੀਜ਼ ਤੋਂ ਡਰ ਲੱਗਦਾ ਹੈ, ਪੋਡਕਾਸਟ!"
ਮੰਨਿਆ ਜਾ ਰਿਹਾ ਹੈ ਕਿ ਇਸ ਲਾਈਨ ਨਾਲ ਉਨ੍ਹਾਂ ਦਾ ਇਸ਼ਾਰਾ ਚਹਿਲ ਦੇ ਪੋਡਕਾਸਟ ਵੱਲ ਹੀ ਸੀ।
ਆਪਣੀ ਪਹਿਲੀ ਫਿਲਮ ਲਈ ਉਤਸ਼ਾਹਿਤ ਹਨ ਧਨਸ਼੍ਰੀ
ਚਹਿਲ ਅਤੇ ਧਨਸ਼੍ਰੀ, ਦੋਵਾਂ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਹੁਣ ਉਹ ਆਪੋ-ਆਪਣੀ ਜ਼ਿੰਦਗੀ ਵਿੱਚ ਅੱਗੇ ਵਧ ਰਹੇ ਹਨ। ਉਹ ਆਪਣੇ ਆਪ ਨੂੰ ਠੀਕ ਕਰਨ 'ਤੇ ਕੰਮ ਕਰ ਰਹੇ ਹਨ।
ਚਹਿਲ ਨੇ ਦੁਬਾਰਾ ਪਿਆਰ ਦੀ ਗੱਲ 'ਤੇ ਕਿਹਾ, "ਇਸ ਵੇਲੇ ਮੈਂ ਆਪਣੇ ਆਪ ਨੂੰ ਠੀਕ ਕਰਨ 'ਤੇ ਧਿਆਨ ਕੇਂਦਰਿਤ ਕਰ ਰਿਹਾ ਹਾਂ। ਤਲਾਕ ਨੂੰ ਕੁਝ ਮਹੀਨੇ ਹੀ ਹੋਏ ਹਨ। ਸ਼ਾਇਦ ਮੈਂ ਇੱਕ ਜਾਂ ਦੋ ਸਾਲ ਬਾਅਦ ਦੁਬਾਰਾ ਸੋਚ ਸਕਾਂ।"
ਧਨਸ਼੍ਰੀ ਨੇ ਇਹ ਵੀ ਕਿਹਾ, "ਮੈਂ ਆਪਣੇ ਆਪ ਨੂੰ ਠੀਕ ਕਰਨ 'ਤੇ ਧਿਆਨ ਕੇਂਦਰਿਤ ਕਰ ਰਹੀ ਹਾਂ। ਮੇਰਾ ਧਿਆਨ ਗ੍ਰੋਥ ਅਤੇ ਕਰੀਅਰ 'ਤੇ ਹੈ।"
ਧਨਸ਼੍ਰੀ ਨੇ ਇਹ ਵੀ ਕਿਹਾ ਹੈ ਕਿ ਉਨ੍ਹਾਂ ਨੂੰ ਡਰ ਸੀ ਕਿ ਇਸ ਪੂਰੀ ਘਟਨਾ ਤੋਂ ਬਾਅਦ ਉਨ੍ਹਾਂ ਨੂੰ ਸ਼ਾਇਦ ਕੰਮ ਨਾ ਮਿਲੇ ਪਰ ਅਜਿਹਾ ਨਹੀਂ ਹੋਇਆ। ਉਨ੍ਹਾਂ ਕੋਲ ਕਈ ਪ੍ਰੋਜੈਕਟ ਹਨ।
ਉਨ੍ਹਾਂ ਦੀ ਪਹਿਲੀ ਫਿਲਮ ਵੀ ਅਕਤੂਬਰ ਵਿੱਚ ਆ ਰਹੀ ਹੈ। ਇਹ ਫਿਲਮ ਤੇਲਗੂ ਭਾਸ਼ਾ ਵਿੱਚ ਹੈ, ਜੋ ਕਿ ਇੱਕ ਡਾਂਸ-ਡਰਾਮਾ ਫਿਲਮ ਹੋਵੇਗੀ। ਉਹ ਇਸ ਲਈ ਬਹੁਤ ਉਤਸ਼ਾਹਿਤ ਹਨ। ਉਨ੍ਹਾਂ ਕੋਲ ਕੁਝ ਹੋਰ ਐਕਟਿੰਗ ਪ੍ਰੋਜੈਕਟ ਵੀ ਹਨ।
'ਮੈਂ ਫੀਮੇਲ ਦਿਲਜੀਤ ਬਣਨਾ ਚਾਹੁੰਦੀ ਹਾਂ'
ਧਨਸ਼੍ਰੀ ਕਹਿੰਦੇ ਹਨ, "ਮੈਂ ਫੀਮੇਲ ਦਿਲਜੀਤ (ਦੋਸਾਂਝ) ਬਣਨਾ ਚਾਹੁੰਦੀ ਹਾਂ ਜੋ ਐਕਟਿੰਗ ਵੀ ਕਰ ਰਹੀ ਹੈ, ਗਾਣਾ ਵੀ ਗਾ ਰਹੀ ਹੈ, ਨੱਚ ਵੀ ਰਹੀ ਹੈ।''
ਉਨ੍ਹਾਂ ਨੇ ਦੁਬਾਰਾ ਪਿਆਰ ਬਾਰੇ ਆਪਣੀ ਗੱਲ ਰੱਖਦਿਆਂ ਕਿਹਾ, "ਅਸੀਂ ਸਾਰੇ ਜ਼ਿੰਦਗੀ ਵਿੱਚ ਪਿਆਰ ਚਾਹੁੰਦੇ ਹਾਂ। ਮੈਂ ਸੈਲਫ-ਲਵ ਵਿੱਚ ਵਿਸ਼ਵਾਸ ਰੱਖਦੀ ਹਾਂ ਪਰ ਜੇਕਰ ਮੇਰੀ ਕਿਸਮਤ ਵਿੱਚ ਕੁਝ ਚੰਗਾ ਲਿਖਿਆ ਹੋਵੇਗਾ, ਤਾਂ ਕਿਉਂ ਨਹੀਂ।"
ਉਨ੍ਹਾਂ ਕਿਹਾ, "ਮੇਰੇ ਮਾਤਾ-ਪਿਤਾ ਅਤੇ ਦੋਸਤ ਵੀ ਇਹੀ ਚਾਹੁੰਦੇ ਹਨ। ਹਰ ਕਿਸੇ ਦੀ ਜ਼ਿੰਦਗੀ ਵਿੱਚ ਪਿਆਰ ਹੋਣਾ ਚਾਹੀਦਾ ਹੈ। ਮੈਂ ਪਿਆਰ ਲਈ ਤਿਆਰ ਹਾਂ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ