ਸ਼ੁਭਮਨ, ਅਰਸ਼ਦੀਪ ਤੋਂ ਹਰਮਨਪ੍ਰੀਤ ਤੇ ਹਰਲੀਨ ਦਿਓਲ ਤੱਕ ਕ੍ਰਿਕਟ ਟੀਮਾਂ 'ਚ ਪੰਜਾਬੀਆਂ ਦੀ ਸ਼ਮੂਲੀਅਤ ਕਿਵੇਂ ਵਧੀ ਹੈ

    • ਲੇਖਕ, ਬਰਿੰਦਰ ਸਿੰਘ
    • ਰੋਲ, ਬੀਬੀਸੀ ਪੱਤਰਕਾਰ

ਬੀਸੀਸੀਆਈ ਨੇ 19 ਅਗਸਤ ਨੂੰ ਏਸ਼ੀਆ ਕੱਪ ਪੁਰਸ਼ ਅਤੇ ਵਿਸ਼ਵ ਕੱਪ ਮਹਿਲਾ-2025 ਦੇ ਲਈ ਭਾਰਤੀ ਕ੍ਰਿਕਟ ਟੀਮਾਂ ਦਾ ਐਲਾਨ ਕਰ ਦਿੱਤਾ ਹੈ।

ਏਸ਼ੀਆ ਕੱਪ ਟੀ-20 (ਪੁਰਸ਼) 9 ਸਤੰਬਰ ਤੋਂ ਯੂਏਈ ਵਿੱਚ ਹੋਣ ਜਾ ਰਿਹਾ ਹੈ। ਬੀਸੀਸੀਆਈ ਵੱਲੋਂ ਐਲਾਨ ਕੀਤੀ ਭਾਰਤੀ ਟੀਮ ਦੀ ਕਮਾਨ ਸੂਰਿਆ ਕੁਮਾਰ ਯਾਦਵ ਦੇ ਹੱਥ ਹੋਵੇਗੀ ਅਤੇ ਸ਼ੁਭਮਨ ਗਿੱਲ ਨੂੰ ਉਪ ਕਪਤਾਨ ਨਿਯੁਕਤ ਕੀਤਾ ਗਿਆ ਹੈ।

ਇਸੇ ਤਰ੍ਹਾਂ ਬੀਸੀਸੀਆਈ ਵੱਲੋਂ ਆਈਸੀਸੀ ਮਹਿਲ ਵਿਸ਼ਵ ਕੱਪ ਲਈ ਭਾਰਤੀ ਟੀਮ ਦਾ ਐਲਾਨ ਕੀਤਾ ਗਿਆ। ਭਾਰਤੀ ਮਹਿਲਾ ਟੀਮ ਦੀ ਕਮਾਨ ਹਰਮਨਪ੍ਰੀਤ ਕੌਰ ਦੇ ਹੱਥ ਹੋਵੇਗੀ। ਇਸ ਟੂਰਨਾਮੈਂਟ ਦੀ ਮੇਜ਼ਬਾਨੀ ਭਾਰਤ ਅਤੇ ਸ੍ਰੀਲੰਕਾ ਦੋਵੇਂ ਕਰਨਗੇ।

ਦੋਵੇਂ ਟੀਮਾਂ ਵਿੱਚ ਪੰਜਾਬੀਆਂ ਦੀ ਚੰਗੀ ਮੌਜੂਦਗੀ ਹੈ। ਭਾਰਤੀ ਮਹਿਲਾ ਟੀਮ ਵਿੱਚ ਤਿੰਨ ਅਤੇ ਭਾਰਤੀ ਪੁਰਸ਼ ਟੀਮ ਵਿੱਚ ਵੀ ਤਿੰਨ ਖਿਡਾਰੀ ਪੰਜਾਬ ਦੇ ਹਨ।

ਏਸ਼ੀਆ ਕੱਪ 'ਚ ਖੇਡੇਗਾ 'ਅੰਬਰਸਰੀਆ' ਮੁੰਡਾ

ਏਸ਼ੀਆ ਕੱਪ ਲਈ ਚੁਣੇ ਗਏ ਭਾਰਤੀ ਖਿਡਾਰੀਆਂ ਵਿੱਚ ਸ਼ੁਭਮਨ ਗਿੱਲ ਅਤੇ ਅਰਸ਼ਦੀਪ ਸਿੰਘ ਨੂੰ ਸ਼ਾਮਲ ਕੀਤਾ ਗਿਆ।

ਇਨ੍ਹਾਂ ਦੇ ਨਾਲ ਪੰਜਾਬ ਦੇ ਅੰਮ੍ਰਿਤਸਰ ਤੋਂ ਅਭਿਸ਼ੇਕ ਸ਼ਰਮਾ ਵੀ ਏਸ਼ੀਆ ਕੱਪ ਵਿੱਚ ਆਪਣੇ ਬੱਲੇ ਦਾ ਜ਼ੋਰ ਦਿਖਾਉਂਦੇ ਨਜ਼ਰ ਆਉਣਗੇ।

ਇੰਗਲੈਂਡ ਖ਼ਿਲਾਫ਼ ਟੈਸਟ ਸੀਰੀਜ਼ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਮਗਰੋਂ ਏਸ਼ੀਆ ਕੱਪ ਲਈ ਭਾਰਤੀ ਟੀਮ ਵਿੱਚ ਸ਼ੁਭਮਨ ਗਿੱਲ ਦੇ ਨਾਮ ਦੀ ਖੂਬ ਚਰਚਾ ਸੀ। ਇੰਗਲੈਂਡ ਵਿੱਚ ਸ਼ੁਭਮਨ ਗਿੱਲ ਭਾਰਤੀ ਟੀਮ ਦੇ ਕਪਤਾਨ ਸਨ ਤੇ ਏਸ਼ੀਆ ਕੱਪ ਲਈ ਖੇਡ ਪ੍ਰੇਮੀਆਂ ਵਿੱਚ ਉਨ੍ਹਾਂ ਨੂੰ ਲੈ ਕੇ ਖਾਸ ਦਿਲਚਸਪੀ ਸੀ।

ਬੀਸੀਸੀਆਈ ਨੇ ਏਸ਼ੀਆ ਕੱਪ ਲਈ ਗਿੱਲ ਨੂੰ ਉਪ ਕਪਤਾਨ ਦੀ ਜ਼ਿੰਮੇਵਾਰੀ ਸੌਂਪੀ ਹੈ। ਅਰਸ਼ਦੀਪ ਸਿੰਘ ਬੇਸ਼ੱਕ ਇੰਗਲੈਂਡ ਖ਼ਿਲਾਫ਼ ਭਾਰਤੀ ਟੀਮ ਵਿੱਚ ਸ਼ਾਮਲ ਸਨ ਪਰ ਉਨ੍ਹਾਂ ਨੂੰ ਆਪਣੀ ਖੇਡ ਦਿਖਾਉਣ ਦਾ ਮੌਕਾ ਨਹੀਂ ਮਿਲਿਆ।

ਏਸ਼ੀਆ ਕੱਪ ਵਿੱਚ ਉਨ੍ਹਾਂ ਦੇ ਨਾਲ ਦੁਨੀਆ ਤੇ ਭਾਰਤ ਦੇ ਪ੍ਰਸਿੱਧ ਗੇਂਦਬਾਜ਼ ਜਸਪ੍ਰੀਤ ਬੁਮਰਾਹ ਵੀ ਹੋਣਗੇ ਅਤੇ ਅਰਸ਼ਦੀਪ ਸਿੰਘ ਉਪਰ ਵੀ ਖਾਸ ਨਜ਼ਰ ਹੋਵੇਗੀ।

ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਸਾਬਕਾ ਬੁਲਾਰੇ ਸ਼ੁਸ਼ੀਲ ਕਪੂਰ ਨੇ ਬੀਬੀਸੀ ਪੰਜਾਬੀ ਨਾਲ ਖਾਸ ਗੱਲਬਾਤ ਕੀਤੀ ਹੈ।

ਉਨ੍ਹਾਂ ਨੇ ਭਾਰਤੀ ਪੁਰਸ਼ ਤੇ ਮਹਿਲਾ ਟੀਮਾਂ ਵਿੱਚ ਪੰਜਾਬੀ ਖਿਡਾਰੀਆਂ ਦੀ ਚੋਣ ਉਪਰ ਖੁਸ਼ੀ ਜ਼ਾਹਿਰ ਕੀਤੀ ਹੈ।

ਚੋਣਕਾਰਾਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ, "ਚੋਣਕਾਰਾਂ ਨੇ ਭਾਰਤੀ ਪੁਰਸ਼ ਟੀਮ ਦੀ ਚੰਗੇ ਤਰੀਕੇ ਨਾਲ ਚੋਣ ਕੀਤੀ ਹੈ। ਸ਼ੁਭਮਨ ਗਿੱਲ ਹੁਣ ਦੁਨੀਆ ਭਰ ਵਿੱਚ ਇੱਕ ਵੱਡਾ ਨਾਮ ਬਣ ਗਿਆ ਹੈ, ਟੀਮ ਵਿੱਚ ਉਨ੍ਹਾਂ ਦੀ ਮੌਜੂਦਗੀ ਬਲ ਦੇਵੇਗੀ। ਗਿੱਲ ਨੇ ਇੰਗਲੈਂਡ ਵਿੱਚ ਚੰਗਾ ਪ੍ਰਦਰਸ਼ਨ ਕਰਦਿਆਂ ਕਈ ਰਿਕਾਰਡ ਬਣਾਏ ਹਨ, ਉਨ੍ਹਾਂ ਦੀ ਇਹ ਫਾਰਮ ਭਾਰਤੀ ਟੀਮ ਲਈ ਸਪੋਰਟ ਬਣੇਗੀ।"

"ਅਰਸ਼ਦੀਪ ਨੂੰ ਬੇਸ਼ੱਕ ਇੰਗਲੈਂਡ ਖ਼ਿਲਾਫ਼ ਟੈਸਟ ਸੀਰੀਜ਼ ਵਿੱਚ ਮੌਕਾ ਨਹੀਂ ਮਿਲਿਆ ਪਰ ਏਸ਼ੀਆ ਕੱਪ ਵਿੱਚ ਸਾਰਿਆਂ ਦੀ ਉਸ ਉਪਰ ਨਜ਼ਰ ਰਹੇਗੀ ਕਿਉਂਕਿ ਟੀ-20 ਫਾਰਮੈਟ ਵਿੱਚ ਉਹ ਸ਼ਾਨਦਾਰ ਗੇਂਦਬਾਜ਼ ਹਨ। ਆਈਪੀਐੱਲ ਵਿੱਚ ਵੀ ਉਨ੍ਹਾਂ ਦਾ ਪ੍ਰਦਰਸ਼ਨ ਵਧੀਆ ਰਿਹਾ ਹੈ।"

ਬੀਸੀਸੀਆਈ ਨੇ ਉਭਰਦੇ ਖਿਡਾਰੀ ਅਭਿਸ਼ੇਕ ਸ਼ਰਮਾ ਉਪਰ ਵੀ ਭਰੋਸਾ ਦਿਖਾਉਂਦਿਆ ਉਨ੍ਹਾਂ ਦੀ ਚੋਣ ਕੀਤੀ ਹੈ।

ਉਹ ਭਾਰਤੀ ਟੀਮ ਦੇ ਓਪਨਰ ਹੋਣਗੇ।

ਸ਼ੁਸ਼ੀਲ ਕਪੂਰ ਉਨ੍ਹਾਂ ਬਾਰੇ ਕਹਿੰਦੇ ਹਨ, "ਜਿੱਥੋਂ ਤੱਕ ਅਭਿਸ਼ੇਕ ਸ਼ਰਮਾ ਦੀ ਗੱਲ ਹੈ, ਉਹ ਬਹੁਤ ਹੀ ਸ਼ਾਨਦਾਰ ਖਿਡਾਰੀ ਹੈ। ਆਈਪੀਐੱਲ ਵਿੱਚ ਉਨ੍ਹਾਂ ਦੇ ਬੱਲੇ ਨੇ ਖੂਬ ਦੌੜਾਂ ਬਣਾਈਆਂ ਤੇ ਤਾਰੀਫ਼ ਵੀ ਖੱਟੀ। ਉਹ ਇੱਕ ਤੇਜ਼ ਤਰਾਰ ਖਿਡਾਰੀ ਹਨ, ਜੋ ਟੀਮ ਨੂੰ ਚੰਗੀ ਸ਼ੁਰੂਆਤ ਦਿਵਾਉਣਗੇ।"

ਸਾਬਕਾ ਭਾਰਤੀ ਕ੍ਰਿਕਟਰ ਸਰਨਦੀਪ ਸਿੰਘ ਨੇ ਬੀਬੀਸੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਾਰਤੀ ਟੀਮ ਵਿੱਚ ਤਿੰਨ ਪੰਜਾਬੀਆਂ ਦੀ ਚੋਣ ਹੋਣਾ ਇੱਕ ਚੰਗਾ ਸੰਕੇਤ ਹੈ।

ਉਹ ਕਹਿੰਦੇ ਹਨ, "ਪੰਜਾਬ ਦੀ ਕ੍ਰਿਕਟ ਹੁਣ ਬਹੁਤ ਉਪਰ ਜਾ ਰਹੀ ਹੈ। ਜਿਸ ਤਰ੍ਹਾਂ ਸ਼ੁਭਮਨ ਗਿੱਲ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਘੱਟ ਉਮਰ ਵਿੱਚ ਇੰਨਾ ਵੱਡਾ ਮੁਕਾਮ ਹਾਸਲ ਕੀਤਾ ਹੈ, ਅਸੀਂ ਇਹ ਉਮੀਦ ਅਭਿਸ਼ੇਕ ਸ਼ਰਮਾ ਤੋਂ ਵੀ ਰੱਖਦੇ ਹਾਂ।"

'ਭਾਰਤੀ ਟੀਮ 'ਚ ਚੋਣ ਜਨਮ ਦਿਨ 'ਤੇ ਤੋਹਫ਼ਾ'

ਅਗਲੇ ਮਹੀਨੇ ਤੋਂ ਆਈਸੀਸੀ ਮਹਿਲਾ ਵਿਸ਼ਵ ਕੱਪ ਦੀ ਸ਼ੁਰੂਆਤ ਹੋਣ ਜਾ ਰਹੀ ਹੈ। ਬੀਸੀਸੀਆਈ ਨੇ 19 ਅਗਸਤ ਨੂੰ 15 ਖਿਡਾਰਨਾਂ ਵਾਲੀ ਭਾਰਤੀ ਟੀਮ ਦਾ ਐਲਾਨ ਕੀਤਾ। ਇਨ੍ਹਾਂ ਖਿਡਾਰਨਾਂ ਦੀ ਅਗਵਾਈ ਕਰਨਗੇ ਹਰਮਨਪ੍ਰੀਤ ਕੌਰ, ਜਿਨ੍ਹਾਂ ਨੂੰ ਕਪਤਾਨ ਨਿਯੁਕਤ ਕੀਤਾ ਗਿਆ ਹੈ।

ਹਰਮਨਪ੍ਰੀਤ ਕੌਰ ਦੇ ਨਾਲ ਹਰਨੀਲ ਦਿਓਲ ਅਤੇ ਅਮਨਜੋਤ ਕੌਰ ਦੀ ਵੀ ਚੋਣ ਹੋਈ ਹੈ।

ਸਰਨਦੀਪ ਸਿੰਘ ਕਹਿੰਦੇ ਹਨ ਕਿ ਪਹਿਲਾਂ ਪੰਜਾਬ ਤੋਂ ਸਿਰਫ ਪੁਰਸ਼ ਖਿਡਾਰੀ ਹੀ ਉਪਰ ਤੱਕ ਜਾਂਦੇ ਸੀ, ਹੁਣ ਪੰਜਾਬ ਦੀਆਂ ਕੁੜੀਆਂ ਵੀ ਚੰਗਾ ਪ੍ਰਦਰਸ਼ਨ ਕਰ ਰਹੀਆਂ ਹਨ।

ਅਮਨਜੋਤ ਕੌਰ ਆਪਣੀ ਸੱਟ ਤੋਂ ਉਭਰ ਕੇ ਭਾਰਤੀ ਟੀਮ ਵਿੱਚ ਥਾਂ ਬਣਾਉਣ 'ਚ ਕਾਮਯਾਬ ਹੋਏ ਹਨ।

ਈਐੱਸਪੀਐੱਨ ਕ੍ਰਿਕਇਨਫੋ ਦੇ ਮੁਤਾਬਕ ਅਮਨਜੋਤ ਵਿਸ਼ਵ ਕੱਪ ਤੋਂ ਪਹਿਲਾਂ ਆਸਟਰੇਲੀਆ ਖ਼ਿਲਾਫ਼ ਖੇਡੀ ਜਾ ਰਹੀ ਵਨਡੇਅ ਸੀਰੀਜ਼ ਦਾ ਹਿੱਸਾ ਨਹੀਂ ਹੋਣਗੇ। ਇਸ ਉਪਰ ਕਪਤਾਨ ਹਰਮਨਪ੍ਰੀਤ ਕੌਰ ਦਾ ਕਹਿਣਾ ਹੈ ਕਿ ਉਹ ਬੀਸੀਸੀਆਈ ਦੇ ਸੈਂਟਰ ਆਫ ਐਕਸੀਲੈਂਸੀ ਵਿੱਚ ਆਪਣੀਆਂ ਛੋਟੀਆਂ-ਮੋਟੀਆਂ ਸੱਟਾਂ ਉਪਰ ਕੰਮ ਕਰ ਰਹੇ ਹਨ।

ਅਮਨਜੋਤ ਭਾਰਤੀ ਟੀਮ ਲਈ ਇੱਕ ਆਲਰਾਊਂਡਰ ਦੇ ਤੌਰ 'ਤੇ ਉਭਰੇ ਹਨ।

ਭਾਰਤੀ ਟੀਮ ਵਿੱਚ ਤਿੰਨ ਪੰਜਾਬਣਾਂ ਦੀ ਚੋਣ ਨਾਲ ਪੰਜਾਬ ਦੇ ਖੇਡ ਪ੍ਰੇਮੀਆਂ ਵਿੱਚ ਉਤਸ਼ਾਹ ਹੈ। ਇਸ ਦੇ ਨਾਲ ਹੀ ਇਨ੍ਹਾਂ ਦੇ ਪਰਿਵਾਰਾਂ ਵਿੱਚ ਵੀ ਖੁਸ਼ੀ ਦੀ ਲਹਿਰ ਹੈ।

ਅਮਨਜੋਤ ਕੌਰ ਦੇ ਪਰਿਵਾਰ ਦਾ ਕਹਿਣਾ ਹੈ ਕਿ ਅਮਨ ਦੇ ਜਨਮ ਦਿਨ ਉਪਰ ਪਰਿਵਾਰ ਨੂੰ ਇੱਕ ਬਹੁਤ ਵੱਡਾ ਤੋਹਫਾ ਮਿਲਿਆ ਹੈ।

ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਅਮਨਜੋਤ ਦੇ ਭੈਣ ਕਮਲਜੋਤ ਕੌਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਆਪਣੀ ਭੈਣ ਦੀ ਪ੍ਰਾਪਤੀ ਉਪਰ ਮਾਣ ਹੈ।

ਉਹ ਕਹਿੰਦੇ ਹਨ, "ਅਮਨਜੋਤ ਦਾ ਜਨਮ ਦਿਨ 25 ਅਗਸਤ ਨੂੰ ਹੈ ਤੇ ਉਸ ਦੇ ਜਨਮ ਦਿਨ ਤੋਂ ਕੁਝ ਦਿਨ ਪਹਿਲਾਂ ਇਹ ਚੋਣ ਹੋਣੀ ਸਭ ਤੋਂ ਵੱਡਾ ਤੋਹਫਾ ਹੈ। ਉਸ ਦੀ ਮਿਹਨਤ ਨੇ ਉਸ ਨੂੰ ਇਸ ਕਾਬਿਲ ਬਣਾਇਆ ਹੈ।"

ਹਰਲੀਨ ਮਿਡਲ ਆਰਡਰ ਬੱਲੇਬਾਜ਼ ਹਨ।

ਬੀਬੀਸੀ ਪੰਜਾਬੀ ਦੇ ਪੱਤਰਕਾਰ ਹਰਪਿੰਦਰ ਸਿੰਘ ਟੌਹੜਾ ਨਾਲ ਹਰਲੀਨ ਦਿਓਲ ਦੇ ਪਰਿਵਾਰ ਨੇ ਖਾਸ ਗੱਲਬਾਤ ਕੀਤੀ ਹੈ।

ਹਰਨੀਲ ਦਿਓਲ ਦੀ ਮਹਿਲਾ ਵਿਸ਼ਵ ਕੱਪ ਵਿੱਚ ਚੋਣ ਹੋਣ ਉਪਰ ਉਨ੍ਹਾਂ ਦੇ ਭਰਾ ਮਨਜੋਤ ਦਿਓਲ ਦਾ ਕਹਿਣਾ ਹੈ, "ਸਾਨੂੰ ਬਹੁਤ ਖੁਸ਼ੀ ਹੈ ਕਿ ਹਰਲੀਨ ਸੱਟ ਤੋਂ ਬਾਅਦ ਵਾਪਸ ਭਾਰਤੀ ਟੀਮ ਦਾ ਹਿੱਸਾ ਬਣੀ ਹੈ। ਬਹੁਤ ਵਧੀਆ ਲੱਗ ਰਿਹਾ ਕਿ ਹਰਲੀਨ ਆਪਣਾ ਵਨਡੇਅ ਦਾ ਪਹਿਲਾ ਵਿਸ਼ਵ ਕੱਪ ਖੇਡਣ ਜਾ ਰਹੀ ਹੈ। ਇਸ ਵਾਰ ਸਾਰੀ ਟੀਮ ਬਹੁਤ ਚੰਗੀ ਬਣੀ ਹੈ ਤੇ ਟੀਮ ਤੋਂ ਬਹੁਤ ਆਸਾਂ ਹਨ। ਸਭ ਤੋਂ ਜ਼ਰੂਰੀ ਇਹ ਕਿ ਵਿਸ਼ਵ ਕੱਪ ਭਾਰਤ ਵਿੱਚ ਹੋ ਰਿਹਾ ਹੈ।"

ਮਨਜੋਤ ਦੱਸਦੇ ਹਨ ਕਿ ਇਸ ਚੋਣ ਹੋਣ ਤੋਂ ਬਾਅਦ ਜਦੋਂ ਉਨ੍ਹਾਂ ਦੀ ਹਰਲੀਨ ਨਾਲ ਗੱਲਬਾਤ ਹੋਈ ਤਾਂ ਉਨ੍ਹਾਂ ਦੱਸਿਆ ਕਿ ਉਹ ਬਹੁਤ ਖੁਸ਼ ਹਨ ਤੇ ਟਰੇਨਿੰਗ ਜ਼ੋਰਾਂ ਉਪਰ ਚੱਲ ਰਹੀ ਹੈ।

ਮਹਿਲਾ ਟੀਮ ਤੋਂ ਵਿਸ਼ਵ ਕੱਪ ਦੀ ਆਸ

ਖੇਡ ਮਾਹਰਾਂ ਦਾ ਮੰਨਣਾ ਹੈ ਕਿ ਵਿਸ਼ਵ ਕੱਪ ਵਿੱਚ ਤਿੰਨ ਪੰਜਾਬਣਾਂ ਦੀ ਚੋਣ ਹੋਣੀ, ਪੰਜਾਬ ਦੀ ਕ੍ਰਿਕਟ ਲਈ ਸੁਨਹਿਰੇ ਯੁੱਗ ਦੀ ਸ਼ੁਰੂਆਤ ਹੈ।

ਸਾਬਕਾ ਭਾਰਤੀ ਕ੍ਰਿਕਟਰ ਸਰਨਦੀਪ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਨਜ਼ਰ ਪੁਰਸ਼ਾਂ ਦੀ ਟੀਮ ਨਾਲੋਂ ਜ਼ਿਆਦਾ ਮਹਿਲਾ ਟੀਮ ਉਪਰ ਹੈ।

ਉਹ ਕਹਿੰਦੇ ਹਨ, "ਇਸ ਵਾਰ ਮਹਿਲਾ ਵਿਸ਼ਵ ਕੱਪ ਭਾਰਤ ਵਿੱਚ ਹੋ ਰਿਹਾ ਹੈ ਤੇ ਹੁਣ ਤੱਕ ਭਾਰਤੀ ਮਹਿਲਾ ਕ੍ਰਿਕਟ ਟੀਮ ਵਿਸ਼ਵ ਕੱਪ ਨਹੀਂ ਜਿੱਤੀ ਹੈ। ਇਸ ਵਾਰ ਪੂਰੇ ਭਾਰਤ ਤੇ ਪੰਜਾਬ ਨੂੰ ਆਪਣੀਆਂ ਕੁੜੀਆਂ ਤੋਂ ਪੂਰੀ ਉਮੀਦ ਹੈ। "

ਪੰਜਾਬ ਦੇ ਖਿਡਾਰੀਆਂ ਲਈ ਖੁੱਲ੍ਹੇਗਾ ਰਾਹ

ਸਰਨਦੀਪ ਸਿੰਘ ਕਹਿੰਦੇ ਹਨ ਕਿ ਇਸ ਪ੍ਰਾਪਤੀ ਨਾਲ ਹੋਰ ਪੰਜਾਬੀ ਖਿਡਾਰੀਆਂ ਲਈ ਵੀ ਰਾਹ ਖੁੱਲ੍ਹ ਰਿਹਾ ਹੈ।

ਉਹ ਕਹਿੰਦੇ ਹਨ, "ਪੰਜਾਬੀ ਲੜਕੇ ਤੇ ਲੜਕੀਆਂ ਆਈਪੀਐੱਲ ਵਿੱਚ ਵੀ ਚੰਗਾ ਪ੍ਰਦਰਸ਼ਨ ਕਰ ਰਹੇ ਹਨ। ਪਰ ਇਹ ਚੰਗੀ ਗੱਲ ਹੈ ਕਿ ਕਈ ਛੋਟੇ ਘਰਾਂ ਦੀਆਂ ਕੁੜੀਆਂ ਵੀ ਕ੍ਰਿਕਟ ਵਿੱਚ ਆ ਰਹੀਆਂ ਹਨ ਤੇ ਉਹ ਚੰਗਾ ਪ੍ਰਦਰਸ਼ਨ ਵੀ ਕਰ ਰਹੀਆਂ ਹਨ। ਕੁੜੀਆਂ ਵੀ ਹੁਣ ਆਪਣਾ ਭਵਿੱਖ ਵਿਸ਼ਵ ਪੱਧਰੀ ਕ੍ਰਿਕਟ ਵਿੱਚ ਦੇਖ ਰਹੀਆਂ ਹਨ।"

ਸਰਨਦੀਪ ਦਾ ਮੰਨਣਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਹੋਰ ਕੁੜੀਆਂ ਨੂੰ ਕ੍ਰਿਕਟ ਵਿੱਚ ਰਾਹ ਖੁੱਲ੍ਹਣਗੇ। ਉਹ ਕਹਿੰਦੇ ਹਨ ਕਿ ਲੜਕਿਆਂ ਲਈ ਪਹਿਲਾਂ ਤੋਂ ਹੀ ਸੈਟਅੱਪ ਬਣਿਆ ਪਿਆ ਪਰ ਜੇ ਇਸ ਵਾਰ ਭਾਰਤੀ ਮਹਿਲਾ ਟੀਮ ਵਿਸ਼ਵ ਕੱਪ ਜਿੱਤਦੀ ਹੈ ਤਾਂ ਹੋਰ ਖਿਡਾਰਨਾਂ ਲਈ ਜ਼ਮੀਨ ਤਿਆਰ ਹੋ ਜਾਵੇਗੀ।

"ਹੁਣ ਖੇਡ ਦੇ ਵਾਤਾਵਰਨ ਵਿੱਚ ਬਹੁਤ ਬਦਲਾਅ ਆਇਆ ਹੈ। ਨਵੇਂ ਖਿਡਾਰੀਆਂ ਲਈ ਰਾਹ ਬਣੇ ਹਨ।"

ਸ਼ੁਸ਼ੀਲ ਕਪੂਰ ਦਾ ਕਹਿਣਾ ਹੈ ਕਿ ਭਾਰਤੀ ਪੁਰਸ਼ ਟੀਮ ਵਿੱਚ ਤਿੰਨੇ ਪੰਜਾਬੀ ਖਿਡਾਰੀ ਅੱਗੇ ਜਾ ਕੇ ਵੱਡੇ ਲੀਡਰ ਬਣ ਕੇ ਉਭਰਨਗੇ ਕਿਉਂਕਿ ਉਨ੍ਹਾਂ ਕੋਲ ਇਹ ਸਮਰੱਥਾ ਹੈ।

ਸ਼ੁਸ਼ੀਲ ਕਪੂਰ ਕਹਿੰਦੇ ਹਨ, "ਇਨ੍ਹਾਂ ਖਿਡਾਰੀਆਂ ਨੇ ਆਪਣੀ ਮਿਹਨਤ ਸਦਕਾ ਇਹ ਮੁਕਾਮ ਹਾਸਲ ਕੀਤਾ, ਨਵੇਂ ਖਿਡਾਰੀਆਂ ਲਈ ਰਾਹ ਜ਼ਰੂਰ ਖੁੱਲ੍ਹਿਆ ਹੈ ਪਰ ਜੇ ਉਹ ਮਿਹਨਤ ਕਰਨਗੇ ਤਾਂ ਹੀ ਇਹ ਮੁਕਾਮ ਹਾਸਲ ਕਰ ਸਕਦੇ ਹਨ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)