You’re viewing a text-only version of this website that uses less data. View the main version of the website including all images and videos.
ਜਸਵਿੰਦਰ ਭੱਲਾ: ਖੇਤੀਬਾੜੀ ਦੇ ਪ੍ਰੋਫੈਸਰ ਤੋਂ ਕਾਮੇਡੀ ਦੇ 'ਕਿੰਗ' ਤੱਕ ਦਾ ਸਫ਼ਰ, ਦੋਸਤਾਂ ਅਤੇ ਸਹਿ-ਕਲਾਕਾਰਾਂ ਤੋਂ ਸੁਣੋ 'ਚਾਚੇ ਚਤਰੇ' ਦੇ ਅਣਸੁਣੇ ਕਿੱਸੇ
ਸ਼ਾਇਰਾਨਾ ਅੰਦਾਜ਼ 'ਚ ਗੱਲ ਕਹਿਣੀ, ਸਾਹਮਣੇ ਵਾਲੇ ਦੇ ਦਿਲ 'ਤੇ ਲੱਗਣੀ ਪਰ ਅਪਮਾਨ ਮਹਿਸੂਸ ਨਾ ਕਰਾਉਣਾ... ਇਹ ਜਸਵਿੰਦਰ ਭੱਲਾ ਦੀ ਕਲਾ ਸੀ। ਉਹ ਪੰਜਾਬੀ ਸਿਨੇਮਾ ਦੇ ਅਜਿਹੇ ਹਰਫਨਮੌਲਾ ਕਲਾਕਾਰ ਸਨ, ਜਿਨ੍ਹਾਂ ਨੇ ਸਮਾਜਿਕ ਮੁੱਦੇ ਵੀ ਚੁੱਕੇ, ਤੰਜ ਵੀ ਕੱਸੇ ਤੇ ਹਾਸੇ ਵੀ ਫੈਲਾਏ।
ਪੰਜਾਬੀ ਅਦਾਕਾਰ ਅਤੇ ਕਾਮੇਡੀਅਨ ਜਸਵਿੰਦਰ ਭੱਲਾ ਦੇ ਦੇਹਾਂਤ ਨਾਲ ਪੰਜਾਬੀ ਸਿਨੇਮਾ ਜਗਤ ਦੇ ਨਾਲ-ਨਾਲ ਉਨ੍ਹਾਂ ਦੇ ਪ੍ਰਸ਼ੰਸਕਾਂ ਵਿੱਚ ਵੀ ਸੋਗ ਦੀ ਲਹਿਰ ਹੈ।
ਜਸਵਿੰਦਰ ਭੱਲਾ ਨੂੰ ਬੁੱਧਵਾਰ ਸ਼ਾਮ ਨੂੰ ਬ੍ਰੇਨ ਸਟ੍ਰੋਕ ਆਇਆ ਸੀ, ਸ਼ੁੱਕਰਵਾਰ ਤਕੜੇ 4 ਵਜੇ 65 ਸਾਲ ਦੀ ਉਮਰ ਵਿੱਚ ਉਨ੍ਹਾਂ ਨੇ ਆਖਰੀ ਸਾਹ ਲਏ। ਉਨ੍ਹਾਂ ਦਾ ਸਸਕਾਰ ਸ਼ਨੀਵਾਰ ਨੂੰ ਮੁਹਾਲੀ ਵਿੱਚ ਕੀਤਾ ਜਾਵੇਗਾ।
ਸਿਨੇਮਾ ਜਗਤ ਸਣੇ ਵੱਖ-ਵੱਖ ਖੇਤਰਾਂ ਨਾਲ ਜੁੜੀਆਂ ਸ਼ਖਸੀਅਤਾਂ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਰਹੀਆਂ ਹਨ।
ਇਸ ਰਿਪੋਰਟ ਵਿੱਚ ਜਾਣਦੇ ਹਾਂ ਜਸਵਿੰਦਰ ਭੱਲਾ ਨਾਲ ਜੁੜੀਆਂ ਕੁਝ ਖਾਸ ਗੱਲਾਂ...
ਲੁਧਿਆਣਾ ਨਾਲ ਨਾਤਾ
ਜਸਵਿੰਦਰ ਭੱਲਾ ਦਾ ਜਨਮ 4 ਮਈ 1960 ਨੂੰ ਲੁਧਿਆਣਾ ਦੇ ਦੋਰਾਹਾ ਵਿੱਚ ਹੋਇਆ ਸੀ।
ਪਰ ਉਨ੍ਹਾਂ ਦਾ ਪਿਛੋਕੜ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਕੱਦੋਂ ਦਾ ਸੀ। ਉਨ੍ਹਾਂ ਦੇ ਪਿਤਾ ਬਹਾਦਰ ਸਿੰਘ ਭੱਲਾ ਪੇਸ਼ੇ ਵਜੋਂ ਅਧਿਆਪਕ ਸਨ। ਅਧਿਆਪਕ ਵੱਜੋਂ ਨੌਕਰੀ ਲੱਗਣ ਮਗਰੋਂ ਉਨ੍ਹਾਂ ਦੇ ਪਿਤਾ ਦੋਰਾਹਾ ਵੱਸ ਗਏ ਸਨ। ਦੋਰਾਹੇ ਤੋਂ ਹੀ ਭੱਲਾ ਨੇ ਸੀਨੀਅਰ ਸੈਕੰਡਰੀ ਸਕੂਲ ਤੋਂ ਆਪਣੀ ਮੁੱਢਲੀ ਸਿੱਖਿਆ ਪ੍ਰਾਪਤ ਕੀਤੀ।
ਜਸਵਿੰਦਰ ਭੱਲਾ ਦਾ ਜਨਮ ਚਾਹੇ ਦੋਰਾਹਾ ਵਿੱਚ ਹੋਇਆ ਸੀ ਪਰ ਉਨ੍ਹਾਂ ਨੇ ਆਪਣੇ ਪਿੰਡ ਆਉਣਾ ਜਾਣਾ ਸਾਰੀ ਉਮਰ ਜਾਰੀ ਰੱਖਿਆ ਸੀ।
ਕੱਦੋਂ ਪਿੰਡ ਦੇ ਵਸਨੀਕ ਅਟਲ ਕੁਮਾਰ (58) ਕਹਿੰਦੇ ਹਨ ਕਿ ਜਸਵਿੰਦਰ ਭੱਲਾ ਨੇ ਆਪਣੇ ਪਿੰਡ ਨਾਲੋਂ ਕਦੇ ਵੀ ਨਾਤਾ ਨਹੀਂ ਤੋੜਿਆ ਅਤੇ ਉਹ ਆਪਣੀ ਜੜ੍ਹਾਂ ਨਾਲ ਜੁੜੇ ਰਹੇ।
ਉਨ੍ਹਾਂ ਕਿਹਾ, "ਜਸਵਿੰਦਰ ਭੱਲਾ ਹਰ ਸਾਲ ਆਪਣੇ ਪਰਿਵਾਰ ਨਾਲ ਦਿਵਾਲੀ ਵਾਲੇ ਦਿਲ ਕੱਦੋਂ ਪਿੰਡ ਵਿੱਚ ਧਾਰਮਿਕ ਸਥਾਨ ਉੱਤੇ ਮੱਥਾ ਟੇਕਣ ਆਉਂਦੇ ਸਨ।"
ਪੰਜਾਬੀ ਲੇਖਕ ਅਤੇ ਪ੍ਰੋਫੈਸਰ (ਸੇਵਾਮੁਕਤ) ਗੁਰਭਜਨ ਸਿੰਘ ਗਿੱਲ ਪਿਛਲੇ 49 ਸਾਲਾਂ ਤੋਂ ਜਸਵਿੰਦਰ ਸਿੰਘ ਭੱਲਾ ਨਾਲ ਸੰਪਰਕ ਵਿੱਚ ਸਨ। ਜਸਵਿੰਜਰ ਭੱਲਾ ਦੀ ਮੌਤ ਨਾਲ ਉਨ੍ਹਾਂ ਨੂੰ ਗਹਿਰਾ ਦੁੱਖ ਪਹੁੰਚਿਆ ਹੈ।
ਇਸ ਤੋਂ ਇਲਾਵਾ ਗਿੱਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਿੱਚ ਵੀ ਭੱਲਾ ਦੇ ਸਾਥੀ ਸਨ।
ਬੀਬੀਸੀ ਪੱਤਰਕਾਰ ਹਰਮਨਦੀਪ ਸਿੰਘ ਨਾਲ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ "ਮੈਂ ਜਸਵਿੰਦਰ ਭੱਲਾ ਨੂੰ ਸਾਲ 1976 ਤੋਂ ਜਾਣਦਾ ਸੀ। ਉਸ ਵੇਲੇ ਮੈਂ ਗੁਰੂ ਨਾਨਕ ਨੈਸ਼ਨਲ ਕਾਲਜ ਵਿੱਚ ਪੜ੍ਹਾਉਂਦਾ ਸੀ ਅਤੇ ਭੱਲਾ ਦੀ ਭੈਣ ਮੇਰੀ ਵਿਦਿਆਰਥਣ ਸੀ। ਉਸਦੇ ਪਿਤਾ ਵੀ ਮੇਰੇ ਜਾਣਕਾਰ ਸਨ।"
ਉਹ ਦੱਸਦੇ ਹਨ ਕਿ ਭੱਲਾ ਦਾ ਜਨਮ ਦੋਰਾਹੇ ਵਿੱਚ ਹੋਇਆ ਸੀ ਅਤੇ ਲੰਬਾ ਸਮਾਂ ਉਹ ਆਪਣੇ ਪਰਿਵਾਰ ਨਾਲ ਉੱਥੇ ਹੀ ਰਹਿੰਦੇ ਰਹੇ। ਮਗਰੋਂ ਜਦੋਂ ਉਨ੍ਹਾਂ ਦੀ ਨੌਕਰੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਿੱਚ ਲੱਗ ਗਈ ਤਾਂ ਉਹ ਇੱਥੇ ਮਾਡਲ ਟਾਊਨ ਐਕਸਟੈਂਸ਼ਨ ਵਿੱਚ ਰਹਿਣ ਲੱਗ ਪਏ। ਇੱਥੇ ਵੀ ਉਹ ਕਈ ਸਾਲ ਤੱਕ ਰਹਿੰਦੇ ਰਹੇ।
ਗੁਰਭਜਨ ਗਿੱਲ ਦੱਸਦੇ ਹਨ ਕਿ ਲਗਭਗ ਤਿੰਨ ਸਾਲ ਪਹਿਲਾਂ ਹੀ ਜਸਵਿੰਦਰ ਭੱਲਾ ਨੇ ਆਪਣੀ ਰਿਹਾਇਸ਼ ਮੁਹਾਲੀ ਵਿੱਚ ਕਰ ਲਈ ਸੀ।
ਜਸਵਿੰਦਰ ਭੱਲਾ ਦੇ ਪਤਨੀ ਦਾ ਨਾਮ ਪਰਮਦੀਪ ਭੱਲਾ ਹੈ। ਉਨ੍ਹਾਂ ਦੇ ਦੋ ਬੱਚੇ ਪੁਖਰਾਜ ਭੱਲਾ ਅਤੇ ਅਰਸ਼ਪ੍ਰੀਤ ਭੱਲਾ ਹਨ। ਉਨ੍ਹਾਂ ਦੇ ਪੁੱਤਰ ਪੁਖਰਾਜ ਖੁਦ ਵੀ ਅਦਾਕਾਰ ਹਨ, ਪੰਜਾਬੀ ਫ਼ਿਲਮਾਂ ਵਿੱਚ ਕੰਮ ਕਰਦੇ ਰਹੇ ਹਨ।
ਕਾਮੇਡੀ ਅਤੇ ਸਿਨੇਮਾ ਦਾ ਵੱਡਾ ਨਾਮ ਬਣ ਕੇ ਉੱਭਰੇ
ਜਸਵਿੰਦਰ ਭੱਲਾ ਨੇ ਸਾਲ 1988 ਵਿੱਚ 'ਛਣਕਾਟਾ 88' ਨਾਲ ਇੱਕ ਕਾਮੇਡੀਅਨ ਵਜੋਂ ਆਪਣਾ ਕਰੀਅਰ ਸ਼ੁਰੂ ਕੀਤਾ ਸੀ।
ਉਨ੍ਹਾਂ ਨੇ 'ਕੈਰੀ ਆਨ ਜੱਟਾ', 'ਜਿੰਦ ਜਾਨ', 'ਬੈਂਡ ਵਾਜੇ' 'ਜੱਟ ਐਂਡ ਜੂਲੀਅਟ' ਵਰਗੀਆਂ ਕਈ ਫਿਲਮਾਂ ਵਿੱਚ ਆਪਣੀ ਸ਼ਾਨਦਾਰ ਅਦਾਕਾਰੀ ਅਤੇ ਕਾਮੇਡੀ ਨਾਲ ਲੋਕਾਂ ਦਾ ਦਿਲ ਜਿੱਤਿਆ।
ਭੱਲਾ ਦੀ ਛਣਕਾਟਾ ਵੀਡੀਓ ਸੀਰੀਜ਼ ਬਹੁਤ ਪਸੰਦ ਕੀਤੀ ਗਈ ਸੀ। ਉਨ੍ਹਾਂ ਦੇ ਦੋਸਤ ਬਾਲ ਮੁਕੰਦ ਸ਼ਰਮਾ ਦੱਸਦੇ ਹਨ ਕਿ '1982 'ਚ ਅਸੀਂ ਦੂਰਦਰਸ਼ਨ 'ਤੇ ਆਉਣ ਲੱਗ ਗਏ ਸੀ। ਫਿਰ '88 'ਚ ਛਣਕਾਟਾ ਆ ਗਿਆ, ਤੇ 2009 ਤੱਕ 27 ਛਣਕਾਟੇ ਆਏ।''
ਉਨ੍ਹਾਂ ਦੇ ਕਿਰਦਾਰ ਅਤੇ ਕਾਮੇਡੀ ਦਾ ਸਟਾਈਲ ਲੋਕਾਂ ਨੂੰ ਬਹੁਤ ਪਸੰਦ ਆਉਂਦਾ ਸੀ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ 'ਚ ਜੁੜੇ ਅਦਾਕਾਰੀ ਨਾਲ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵੀਸੀ ਸਤਬੀਰ ਸਿੰਘ ਗੋਸਲ ਨੇ ਜਸਵਿੰਦਰ ਭੱਲਾ ਦੇ ਦੇਹਾਂਤ 'ਤੇ ਦੁੱਖ ਪ੍ਰਗਟਾਉਂਦਿਆਂ ਕਿਹਾ ਕਿ ਉਨ੍ਹਾਂ ਦਾ ਇਸ ਤਰ੍ਹਾਂ ਚਲੇ ਜਾਣਾ ਯੂਨੀਵਰਸਿਟੀ ਨੂੰ ਵੱਡਾ ਘਾਟਾ ਹੈ।
ਬੀਬੀਸੀ ਸਹਿਯੋਗੀ ਗੁਰਮਿੰਦਰ ਗਰੇਵਾਲ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਜਸਵਿੰਦਰ ਭੱਲਾ ਬਾਰੇ ਕੁਝ ਗੱਲਾਂ ਵੀ ਸਾਂਝੀਆਂ ਕੀਤੀਆਂ। ਉਨ੍ਹਾਂ ਦੱਸਿਆ ਕਿ ਭੱਲਾ ਇਸੇ ਯੂਨੀਵਰਸਿਟੀ 'ਚ ਰਹਿੰਦਿਆਂ ਹੀ ਕਲਾ ਮੰਚ ਨਾਲ ਜੁੜੇ।
ਸਤਬੀਰ ਸਿੰਘ ਗੋਸਲ ਕਹਿੰਦੇ ਹਨ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਨਾਲ ਜਸਵਿੰਦਰ ਭੱਲਾ ਦੇ ਵਿਸ਼ੇਸ਼ ਸਬੰਧ ਰਹੇ ਹਨ, ਕਿਉਂਕਿ ਇਸ ਯੂਨੀਵਰਸਿਟੀ ਵਿੱਚ ਹੀ ਉਨ੍ਹਾਂ ਨੇ ਆਪਣੀ ਕਲਾ ਦੇ ਜੋਹਰ ਦਿਖਾਉਣੇ ਸ਼ੁਰੂ ਕੀਤੇ ਸਨ।
1990 ਦੇ ਨੇੜੇ-ਤੇੜੇ ਜਸਵਿੰਦਰ ਭੱਲਾ ਤੋਂ ਬਤੌਰ ਵਿਦਿਆਰਥੀ ਸਿੱਖਿਆ ਪ੍ਰਾਪਤ ਕਰਨ ਵਾਲੇ ਡਾਕਟਰ ਟੀਐੱਸ ਰਿਆੜ ਹੁਣ ਐਡੀਸ਼ਨਲ ਕਮਿਊਨੀਕੇਸ਼ਨ ਸੈਂਟਰ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਐਡੀਸ਼ਨਲ ਡਾਇਰੈਕਟਰ ਕਮਿਊਨੀਕੇਸ਼ਨ ਹਨ ਅਤੇ ਦੱਸਦੇ ਹਨ ਕਿ ਜਸਵਿੰਦਰ ਭੱਲਾ ਨੇ ਯੂਨੀਵਰਸਿਟੀ ਦੇ ਵਿੱਚ ਰਹਿੰਦਿਆਂ ਹੀ 1988 ਤੋਂ ਛਣਕਾਟਾ (ਵੀਡੀਓ ਸੀਰੀਜ਼) ਕੈਸਟ ਕਢੀ ਸੀ।
ਉਨ੍ਹਾਂ ਦੱਸਿਆ, ਇਸ ਦੌਰਾਨ ਉਹ ਖੇਤੀਬਾੜੀ ਸੰਦੇਸ਼ ਵੀ ਕਿਸਾਨਾਂ ਤੱਕ ਪਹੁੰਚਾਉਂਦੇ ਰਹੇ ਅਤੇ ਨਾਲ ਹੀ ਸਟੇਜ 'ਤੇ ਆਪਣੀ ਅਦਾਕਾਰੀ ਸ਼ੁਰੂ ਵੀ ਕੀਤੀ ਸੀ।
ਐਗਰੀਕਲਚਰ ਸਾਇੰਸ ਦੇ ਪ੍ਰੋਫੈਸਰ
ਐਕਗਰੀਕਲਚਰ ਸਾਇੰਸ ਵਿੱਚ ਪੀਐੱਚਡੀ ਜਸਵਿੰਦਰ ਭੱਲਾ, ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵਿੱਚ ਬਤੌਰ ਪ੍ਰੋਫੈਸਰ ਸੇਵਾਵਾਂ ਨਿਭਾ ਚੁੱਕੇ ਹਨ।
ਯੂਨੀਵਰਸਿਟੀ ਦੇ ਵੀਸੀ ਸਤਬੀਰ ਸਿੰਘ ਗੋਸਲ ਨੇ ਦੱਸਿਆ ਕਿ ਬੀਐੱਸਸੀ ਅਤੇ ਫਿਰ ਐਮਐੱਸਸੀ ਕਰਨ ਤੋਂ ਬਾਅਦ ਉਨ੍ਹਾਂ ਨੇ ਬਤੌਰ ਸਹਾਇਕ ਪ੍ਰੋਫੈਸਰ ਯੂਨੀਵਰਸਿਟੀ ਤੋਂ ਹੀ ਆਪਣੇ ਭਵਿੱਖ ਦੀ ਸ਼ੁਰੂਆਤ ਕੀਤੀ ਸੀ।
ਬੀਬੀਸੀ ਪੱਤਰਕਾਰ ਹਰਮਨਦੀਪ ਸਿੰਘ ਨਾਲ ਗੱਲਬਾਤ ਦੌਰਾਨ ਪ੍ਰੋਫੈਸਰ ਰਿਆੜ ਨੇ ਦੱਸਿਆ, ਜਸਵਿੰਦਰ ਭੱਲਾ ਨੇ ਸਾਲ 1989 ਵਿੱਚ ਸਹਾਇਕ ਪ੍ਰੋਫੈਸਰ ਵਜੋਂ ਖੇਤੀਬਾੜੀ ਪਸਾਰ ਵਿਭਾਗ ਵਿੱਚ ਨੌਕਰੀ ਸ਼ੁਰੂ ਕੀਤੀ ਸੀ। ਫਿਰ ਉਹ ਇੱਥੇ ਸਹਿਯੋਗੀ ਪ੍ਰੋਫੈਸਰ ਬਣੇ ਅਤੇ ਫਿਰ ਪ੍ਰੋਫੈਸਰ ਵਜੋਂ ਤਰੱਕੀ ਹਾਸਲ ਕੀਤੀ। ਸਾਲ 2016 ਵਿੱਚ ਉਹ ਪਸਾਰ ਸਿੱਖਿਆ ਵਿਭਾਗ ਦੇ ਮੁਖੀ ਬਣੇ ਅਤੇ ਸਾਲ 2020 ਵਿੱਚ ਇੱਥੋਂ ਸੇਵਾਮੁਕਤ ਹੋਏ।
ਪ੍ਰੋਫੈਸਰ ਰਿਆੜ ਦੱਸਦੇ ਹਨ ਕਿ ਉਨ੍ਹਾਂ ਦਾ ਮੁੱਖ ਕੰਮ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਹੁੰਦੀਆਂ ਖੋਜਾਂ, ਵਿਕਸਤ ਹੁੰਦੀਆਂ ਤਕਨੀਕਾਂ ਦਾ ਪ੍ਰਚਾਰ ਅਤੇ ਪਸਾਰ ਕਰਨਾ ਸੀ। ਉਹ ਇਨ੍ਹਾਂ ਖੋਜਾਂ ਅਤੇ ਕੰਮਾਂ ਨੂੰ ਕਿਸਾਨਾਂ ਤੱਕ ਪਹੁੰਚਾਉਂਦੇ ਸਨ।
ਪ੍ਰੋਫੈਸਰ ਰਿਆੜ ਮੁਤਾਬਕ, ਆਪਣੇ ਆਕਾਦਮਿਕ ਸਫ਼ਰ ਦੌਰਾਨ ਡਾ. ਭੱਲਾ ਨੇ ਕਈ ਰਚਨਾਤਮਕ ਸੰਚਾਰ ਢੰਗਾਂ ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੇ ਸੱਤਆਡੀਓ ਕੈਸੇਟਾਂ ਅਤੇ ਕਈ ਵਿਜ਼ੂਅਲ ਪ੍ਰਾਜੈਕਟ ਤਿਆਰ ਕੀਤੇ ਜਿਨ੍ਹਾਂ ਨਾਲ ਮਸ਼ਰੂਮ ਦੀ ਕਾਸ਼ਤ, ਮਧੂ-ਮੱਖੀ ਪਾਲਣ, ਅਤੇ ਫਸਲ ਅਭਿਆਸਾਂ ਵਰਗੇਵਿਸ਼ਿਆਂ 'ਤੇ ਹਾਸੇ-ਮਜ਼ਾਕ ਨੂੰ ਵਿਹਾਰਕ ਖੇਤੀਬਾੜੀ ਗਿਆਨ ਨਾਲ ਜੋੜਿਆ ਗਿਆ ਸੀ। ਉਨ੍ਹਾਂ ਦੇ ਕੰਮ ਇਹ ਦਿਖਾਉਣ ਵਿੱਚ ਮੋਹਰੀ ਸਨ ਕਿਮਨੋਰੰਜਨ ਸਿੱਖਿਆ ਲਈ ਇੱਕ ਸ਼ਕਤੀਸ਼ਾਲੀ ਸਾਧਨ ਹੋ ਸਕਦਾ ਹੈ। ਉਨ੍ਹਾਂ ਦੇ ਯਤਨਾਂ ਨੂੰ ਵੱਡੇ ਪੱਧਰ ਉੱਤੇ ਪਛਾਣ ਮਿਲੀ ਅਤੇ ਉਨ੍ਹਾਂ ਨੂੰ ਅਕਾਦਮਿਕਸੰਸਥਾਵਾਂ ਅਤੇ ਸਰਕਾਰੀ ਸੰਸਥਾਵਾਂ ਦੋਵਾਂ ਤੋਂ ਪ੍ਰਸ਼ੰਸਾ ਮਿਲੀ।
ਉਹ ਕਿਸਾਨ ਮੇਲਿਆਂ ਅਤੇ ਯੂਨੀਵਰਸਿਟੀਆਂ ਦੇ ਹੋਰ ਸਮਾਗਮਾਂ ਵਿੱਚ ਸਟੇਜ ਸਾਂਭਦੇ ਰਹੇ। ਸੇਵਾ ਮੁਕਤ ਹੋਣ ਮਗਰੋਂ ਵੀ ਉਹ ਕਈ ਵਾਰੀ ਵਲੰਟੀਅਰ ਤੌਰ ਉੱਤੇ ਆਪਣੀਆਂ ਸੇਵਾਵਾਂ ਦਿੰਦੇ ਰਹੇ।
ਯੂਨੀਵਰਸਿਟੀ ਦੇ ਵੀਸੀ ਸਤਬੀਰ ਸਿੰਘ ਗੋਸਲ ਮੁਤਾਬਕ, ''ਜਸਵਿੰਦਰ ਭੱਲਾ ਸਾਥ ਛੱਡ ਗਿਆ, ਪਰ ਉਨ੍ਹਾਂ ਦੀ ਜਿਹੜੀ ਪੰਜਾਬੀ ਨੂੰ ਦੇਣ ਹੈ, ਉਹ ਜ਼ਿੰਦਾ ਰਹੇਗੀ।''
1981 ਵਿੱਚ ਕੀਤੀ ਸੀ ਪਹਿਲੀ ਕਾਮੇਡੀ
ਬੀਬੀਸੀ ਪੰਜਾਬੀ ਦੇ ਸਹਿਯੋਗੀ ਨਵਜੋਤ ਕੌਰ ਨੇ ਜਸਵਿੰਦਰ ਭੱਲਾ ਦੇ ਕਰੀਬੀ ਦੋਸਤ ਬਾਲ ਮੁਕੰਦ ਸ਼ਰਮਾ ਨਾਲ ਗੱਲਬਾਤ ਕੀਤੀ।
ਇਸ ਦੌਰਾਨ ਆਪਣੇ ਅਜ਼ੀਜ਼ ਦੋਸਤ ਨੂੰ ਯਾਦ ਕਰਦਿਆਂ ਬਾਲ ਮੁਕੰਦ ਸ਼ਰਮਾ ਨੇ ਕਿਹਾ ਕਿ ''ਨਾ ਸਿਰਫ਼ ਪੰਜਾਬੀ ਫ਼ਿਲਮ ਇੰਡਸਟਰੀ, ਪੰਜਾਬੀ ਸਿਨੇਮਾ ਜਗਤ ਬਲਕਿ ਦੁਨੀਆਂ 'ਚ ਵੱਸਦੇ ਹਰ ਪੰਜਾਬੀ ਦੇ ਮਨਾਂ 'ਚ ਸੋਗ ਹੈ।''
''ਉਨ੍ਹਾਂ ਦੇ ਸ਼ਬਦ ਗੂੰਜਦੇ ਰਹਿਣਗੇ, ਫਿਲਮ ਇੰਡਸਟਰੀ 'ਚ ਉਨ੍ਹਾਂ ਦੇ ਡਾਇਲਾਗ-ਤਕੀਆ ਕਲਾਮ ਜ਼ਿੰਦਾ ਰਹਿਣਗੇ।''
''ਜਸਵਿੰਦਰ ਭੱਲਾ ਸਾਥ ਛੱਡ ਗਿਆ, ਪਰ ਉਨ੍ਹਾਂ ਦੀ ਜਿਹੜੀ ਪੰਜਾਬੀ ਨੂੰ ਦੇਣ ਹੈ, ਉਹ ਜ਼ਿੰਦਾ ਰਹੇਗੀ।''
ਬਾਲ ਮੁਕੰਦ ਕਹਿੰਦੇ ਹਨ ਕਿ ''ਭੱਲਾ ਸਾਬ੍ਹ ਦੀ ਕ੍ਰੀਏਟਿਵਿਟੀ, ਗੱਲ ਔੜਨੀ ਤੇ ਡਿਲੀਵਰੀ ਕਰਨੀ, ਪੰਜਾਬੀ 'ਚ ਉਸਦਾ ਕੋਈ ਮੁਕਾਬਲਾ ਨਹੀਂ। ਰਹਿੰਦੀ ਦੁਨੀਆਂ ਤੱਕ ਉਨ੍ਹਾਂ ਦਾ ਨਾਮ ਰਹੇਗਾ।''
ਪੁਰਾਣੇ ਸਮੇਂ ਨੂੰ ਯਾਦ ਕਰਦਿਆਂ ਉਹ ਕਹਿੰਦੇ ਹਨ ਕਿ ''ਜਦੋਂ ਅਸੀਂ 1977 'ਚ ਪੀਏਯੂ 'ਚ ਬੀਐਸਈ ਕੀਤੀ ਤੇ ਜਮਾਤੀ ਬਣੇ, ਮੈਂ ਭੱਲਾ ਸਾਬ੍ਹ ਨੂੰ ਕਿਹਾ ਕਿ ਤੁਸੀਂ ਗਾਉਂਦੇ ਬਹੁਤ ਵਧੀਆ ਹੋ। ਮੈਂ ਥੋੜ੍ਹਾ ਥੀਏਟਰ ਆਰਟਿਸਟ ਸੀ, ਸੋ ਮੈਂ ਉਨ੍ਹਾਂ ਨੂੰ ਕਿਹਾ ਕਿ ਆਪਾਂ ਥੋੜ੍ਹਾ ਜਿਹਾ ਮੋੜ ਲਈਏ।''
''ਅਸੀਂ ਰਲ਼ ਕੇ 1981 ਵਿੱਚ ਪਹਿਲੀ ਕਾਮੇਡੀ ਕੀਤੀ - ਭਿੰਡਾਂ ਦੀਆਂ ਨਕਲਾਂ। ਉਹ ਸਾਡੇ ਵਾਸਤੇ ਬਹੁਤ ਵਧੀਆ ਮੁਕਾਮ ਸੀ। ਬਾਹਰਲੀ ਦੁਨੀਆਂ ਵਿੱਚ ਉਹ ਸਾਡਾ ਕਾਮੇਡੀ ਦੇ ਨਾਲ ਇੱਕ ਪ੍ਰਵੇਸ਼ ਸੀ।''
ਉਨ੍ਹਾਂ ਦੱਸਿਆ ਕਿ ''1982 'ਚ ਅਸੀਂ ਦੂਰਦਰਸ਼ਨ 'ਤੇ ਆਉਣ ਲੱਗ ਗਏ ਸੀ। ਫਿਰ '88 'ਚ ਛਣਕਾਟਾ ਆ ਗਿਆ, ਤੇ 2009 ਤੱਕ 27 ਛਣਕਾਟੇ ਆਏ।''
ਜਦੋਂ ਜਸਵਿੰਦਰ ਭੱਲਾ ਨੂੰ ਸਸਪੈਂਡ ਕਰਾਉਣ ਲਈ ਵੱਡੇ ਨੇਤਾ ਦਾ ਫੋਨ ਆਇਆ
ਇੱਕ ਕਿੱਸੇ ਨੂੰ ਯਾਦ ਕਰਦਿਆਂ ਬਾਲ ਮੁਕੰਦ ਸ਼ਰਮਾ ਨੇ ਦੱਸਿਆ ਕਿ ''ਗੱਲ 2003 ਦੀ ਹੈ, ਅਸੀਂ ਪਟਿਆਲੇ 'ਚ ਇੱਕ ਕਾਮੇਡੀ ਕੀਤੀ ਸੀ, ਜਿਸ ਵਿੱਚ ਉਸ ਵੇਲੇ ਦੇ ਮੁੱਖ ਮੰਤਰੀ ਦੇ ਸਟਾਫ, ਪ੍ਰਿੰਸੀਪਲ ਸੈਕ੍ਰੇਟਰੀ ਨੇ ਗੱਲ ਦਿਲ 'ਤੇ ਲੈ ਲਈ ਤੇ ਉਸਨੂੰ ਨਿੱਜੀ ਬਣਾ ਲਿਆ ਕਿ ਮਾਰੇ ਬੌਸ 'ਤੇ ਵਿਅੰਗ ਕਿਵੇਂ ਕਰ ਦਿਤਾ।''
''ਗੱਲ ਬਹੁਤ ਵਧ ਗਈ ਅਤੇ ਮੀਡੀਆ ਸਾਡੇ ਹੱਕ 'ਚ ਆ ਗਿਆ। ਫਿਰ ਭਗਵੰਤ ਮਾਨ ਜੀ, ਗੁਰਪ੍ਰੀਤ ਘੁੱਗੀ ਜੀ, ਜਸਪਾਲ ਭੱਟੀ ਜੀ, ਸਾਰੇ ਟੌਪ ਕਾਮੇਡੀਅਨ ਸਾਡੇ ਹੱਕ 'ਚ ਆ ਗਏ।''
''ਸਰਕਾਰ ਨੂੰ ਝੁਕਣਾ ਪਿਆ ਤੇ ਸੀਐਮ ਸਾਬ੍ਹ ਨੇ ਸਾਨੂੰ ਬੁਲਾ ਕੇ ਕਿਹਾ ਕਿ ਮੈਂ ਤਾਂ ਮਾਈਂਡ ਨਹੀਂ ਕੀਤਾ। ਉਹ ਕਹਿੰਦੇ ਕਿ ਅਫਸਰ ਮੁਆਫ਼ੀ ਮੰਗ ਗਿਆ ਹੈ। ਫਿਰ ਗੱਲ ਨਿੱਬੜ ਗਈ।''
'ਸਾਰੇ ਸੀਨ ਉਹ ਠੀਕ ਕਰਦੇ ਹੁੰਦੇ ਸਨ' - ਗਿੱਪੀ ਗਰੇਵਾਲ
ਮੀਡੀਆ ਨਾਲ ਗੱਲਬਾਤ ਕਰਦਿਆਂ ਅਦਾਕਾਰ ਗਿੱਪੀ ਗਰੇਵਾਲ ਨੇ ਦੱਸਿਆ ਕਿ ਜਦੋਂ 'ਕੈਰੀ ਆਨ ਜੱਟਾ'' ਵਰਗੀਆਂ ਫ਼ਿਲਮਾਂ ਲਿਖੀਆਂ ਜਾਂਦੀਆਂ ਸਨ ਤਾਂ ਜ਼ਿਆਦਾਤਰ ਫਿਲਮ ਉਨ੍ਹਾਂ ਨਾਲ ਬੈਠ ਕੇ ਲਿਖਣੀ ਪੈਂਦੀ ਸੀ ਕਿਉਂਕਿ ਉਨ੍ਹਾਂ ਦਾ ਹਿਊਮਰ (ਕਾਮੇਡੀ) ਬਾਰੇ ਸੋਚਣ ਦਾ ਤਰੀਕਾ ਵੱਖਰੇ ਪੱਧਰ ਦਾ ਸੀ।
''ਹੁਣ ਤੱਕ ਜਿੰਨੀਆਂ ਫ਼ਿਲਮਾਂ ਬਣੀਆਂ ਹਨ, ਸਾਰੇ ਸੀਨ ਉਹ ਠੀਕ ਕਰਦੇ ਹੁੰਦੇ ਸਨ।''
ਪੰਜਾਬੀ ਸਿਨੇਮਾ 'ਚ ਕਾਮੇਡੀਅਨ ਵਜੋਂ ਆਪਣੀ ਪਛਾਣ ਦਰਜ ਕਰ ਚੁੱਕੇ ਕਰਮਜੀਤ ਅਨਮੋਲ ਉਨ੍ਹਾਂ ਨੂੰ ਯਾਦ ਕਰਦਿਆਂ ਕਹਿੰਦੇ ਹਨ ਕਿ ਉਹ ਕਮਾਲ ਸਨ।
ਉਹ ਕਹਿੰਦੇ ਹਨ ਕਿ ''ਜੇ ਕਿਸੇ ਨੇ ਉਨ੍ਹਾਂ ਨੂੰ ਨਿੱਕੀ ਜਿਹੀ ਗੱਲ ਵੀ ਦੱਸ ਦਿੱਤੀ ਤਾਂ ਉਨ੍ਹਾਂ ਨੇ ਅੱਗੇ 20 ਬੰਦਿਆਂ ਨੂੰ ਦੱਸਣਾ ਕਿ ਇਹ ਗੱਲ ਫਲਾਣੇ ਬੰਦੇ ਨੇ ਮੈਨੂੰ ਦੱਸੀ ਸੀ।''
ਉਨ੍ਹਾਂ ਕਿਹਾ, ''ਉਹ ਛੋਟੇ ਕਲਾਕਾਰ ਨੂੰ ਕਦੇ ਛੋਟਾ ਮਹਿਸੂਸ ਨਹੀਂ ਹੋਣ ਦਿੰਦੇ ਸਨ। ਮੈਂ ਉਨ੍ਹਾਂ ਨੂੰ 1992-93 ਤੋਂ ਜਾਣਦਾ ਹਾਂ, ਜਿੰਨੇ ਵਧੀਆ ਉਹ ਪਹਿਲੇ ਦਿਨ ਸੀ, ਓਨੇ ਹੀ ਵਧੀਆ ਹੁਣ ਵੀ ਸੀ।''
ਕਰਮਜੀਤ ਅਨਮੋਲ ਦੱਸਦੇ ਹਨ ਕਿ ਜਸਵਿੰਦਰ ਭੱਲਾ ਮਿੱਠੇ ਦੇ ਬਹੁਤ ਸ਼ੌਕੀਨ ਸਨ ਤੇ ਸੈੱਟ 'ਤੇ ਬਾਕੀ ਦੇ ਕਲਾਕਾਰ ਉਨ੍ਹਾਂ ਤੋਂ ਮਿੱਠਾ ਖੋਹ ਲੈਂਦੇ ਸਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ