ਪੰਜਾਬੀ ਅਦਾਕਾਰ ਅਤੇ ਕਾਮੇਡੀਅਨ ਜਸਵਿੰਦਰ ਭੱਲਾ ਦਾ ਦੇਹਾਂਤ, 'ਅੱਜ ਭੱਲੇ ਅਤੇ ਬਾਲੇ ਦੀ ਜੋੜੀ ਟੁੱਟ ਗਈ ਹੈ'

ਪੰਜਾਬੀ ਅਦਾਕਾਰ ਅਤੇ ਕਾਮੇਡੀਅਨ ਜਸਵਿੰਦਰ ਭੱਲਾ ਦਾ 22 ਅਗਸਤ ਨੂੰ ਦੇਹਾਂਤ ਹੋ ਗਿਆ ਸੀ ਉਨ੍ਹਾਂ ਦੇ ਕਰੀਬੀ ਦੋਸਤ ਬਾਲ ਮੁਕੰਦ ਸ਼ਰਮਾ ਨੇ ਇਸ ਜਾਣਕਾਰੀ ਦੀ ਪੁਸ਼ਟੀ ਕੀਤੀ।

ਬੀਬੀਸੀ ਸਹਿਯੋਗੀ ਨਵਜੋਤ ਕੌਰ ਮੁਤਾਬਕ, ਉਨ੍ਹਾਂ ਦੇ ਮਿੱਤਰ ਬਾਲ ਮੁਕੰਦ ਸ਼ਰਮਾ ਨੇ ਦੱਸਿਆ ਕਿ ਜਸਵਿੰਦਰ ਭੱਲਾ ਨੂੰ ਬੁੱਧਵਾਰ ਸ਼ਾਮ ਨੂੰ ਬ੍ਰੇਨ ਸਟ੍ਰੋਕ ਆਇਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਮੋਹਾਲੀ ਦੇ ਫੌਰਟਿਸ ਹਸਪਤਾਲ ਦਾਖਲ ਕਰਵਾਇਆ ਗਿਆ ਸੀ।

ਡਾਕਟਰਾਂ ਮੁਤਾਬਕ, ਖੂਨ ਬਹੁਤ ਜ਼ਿਆਦਾ ਵਹਿ ਗਿਆ ਸੀ, ਪਰ ਇਲਾਜ ਚੱਲ ਰਿਹਾ ਸੀ ਤੇ ਸ਼ੁੱਕਰਵਾਰ ਤਕੜੇ 4 ਵਜੇ ਉਨ੍ਹਾਂ ਨੇ ਆਖਰੀ ਸਾਹ ਲਏ।

ਜਸਵਿੰਦਰ ਭੱਲਾ ਪੰਜਾਬੀ ਫਿਲਮ ਇੰਡਸਟਰੀ ਦਾ ਜਾਣਿਆ-ਪਛਾਣਿਆ ਨਾਮ ਹਨ ਅਤੇ ਉਨ੍ਹਾਂ ਨੂੰ ਚਾਚਾ ਚਤਰਾ ਵਜੋਂ ਵੀ ਜਾਣਿਆ ਜਾਂਦਾ ਹੈ।

'ਭੱਲੇ ਅਤੇ ਬਾਲੇ ਦੀ ਜੋੜੀ ਟੁੱਟ ਗਈ ਹੈ'

ਬਾਲ ਮੁਕੰਦ ਸ਼ਰਮਾ ਨੇ ਆਪਣੇ ਮਿੱਤਰ ਜਸਵਿੰਦਰ ਭੱਲਾ ਦੇ ਦੇਹਾਂਤ ਉੱਤੇ ਭਾਵੁਕ ਹੁੰਦਿਆਂ ਕਿਹਾ ਕਿ ''ਅੱਜ ਭੱਲੇ ਅਤੇ ਬਾਲੇ ਦੀ ਜੋੜੀ ਟੁੱਟ ਗਈ ਹੈ।''

''ਅਸੀਂ 1977 ਤੋਂ ਇਕੱਠੇ ਰਹੇ, ਪੜ੍ਹੇ ਅਤੇ ਫੇਰ ਇਕੱਠਿਆ ਕੰਮ ਕੀਤਾ। ਉਨ੍ਹਾਂ ਦੇ ਤੁਰ ਜਾਣ ਨਾਲ ਮੈਨੂੰ ਨਿੱਜੀ ਤੌਰ ਉੱਤੇ ਅਤੇ ਪੰਜਾਬੀ ਫਿਲਮ ਇੰਡਸਟਰੀ ਨੂੰ ਬਹੁਤ ਵੱਡਾ ਘਾਟਾ ਪਿਆ ਹੈ।''

ਜਸਵਿੰਦਰ ਭੱਲਾ ਅਤੇ ਬਾਲ ਮੁਕੰਦ ਸ਼ਰਮਾ ਕਾਮੇਡੀ ਸੀਰੀਜ਼ 'ਛਣਕਾਟਾ' 'ਚ ਇਕਠੇ ਨਜ਼ਰ ਆਏ ਸਨ ਅਤੇ ਦੋਵਾਂ ਦੀ ਜੋੜੀ ਨੂੰ ਦਰਸ਼ਕਾਂ ਦਾ ਖੂਬ ਪਿਆਰ ਮਿਲਿਆ ਸੀ।

ਬਾਲ ਮੁਕੰਦ ਸ਼ਰਮਾ ਇਸ ਸਮੇਂ ਸਟੇਟ ਫ਼ੂਡ ਕਮਿਸ਼ਨ ਪੰਜਾਬ ਦੇ ਚੇਅਰਮੈਨ ਵਜੋਂ ਸੇਵਾਵਾਂ ਨਿਭਾ ਰਹੇ ਹਨ।

ਸਿਨੇਮਾ ਜਗਤ ਸਣੇ ਹੋਰ ਵੱਖ-ਵੱਖ ਖੇਤਰਾਂ ਨਾਲ ਜੁੜੀਆਂ ਹਸਤੀਆਂ ਜਸਵਿੰਦਰ ਭੱਲਾ ਦੇ ਦੇਹਾਂਤ 'ਤੇ ਦੁੱਖ ਪ੍ਰਗਟਾ ਰਹੇ ਹਨ।

'ਨਾ ਉਸ ਵਰਗਾ ਕਲਾਕਾਰ ਮਿਲ ਸਕਦਾ, ਨਾ ਉਸ ਵਰਗਾ ਇਨਸਾਨ ਬਣ ਸਕਦਾ'

ਪੰਜਾਬੀ ਸਿਨੇਮਾ ਜਗਤ ਦੇ ਅਦਾਕਾਰਾ ਨਿਰਮਲ ਰਿਸ਼ੀ ਨੇ ਜਸਵਿੰਦਰ ਭੱਲਾ ਦੇ ਦੇਹਾਂਤ ਉੱਤੇ ਭਾਵੁਕ ਹੁੰਦਿਆਂ ਕਿਹਾ ਕਿ ''ਜਸਵਿੰਦਰ ਇੱਕ ਚੰਗਾ ਅਦਾਕਾਰ ਤਾਂ ਹੈ ਹੀ ਸੀ ਪਰ ਉਹ ਇਨਸਾਨ ਵੀ ਬਹੁਤ ਚੰਗਾ ਸੀ। ਸੈੱਟ ਉੱਤੇ ਕਦੇ ਉਸਨੇ ਕਿਸੇ ਨੂੰ ਮਹਿਸੂਸ ਨਹੀਂ ਹੋਣ ਦਿੱਤਾ ਕਿ ਉਹ ਵੱਡਾ ਕਲਾਕਾਰ ਹੈ। ਉਸ ਵਰਗਾ ਅਦਾਕਾਰ ਤਾਂ ਇੰਡਸਟਰੀ ਨੂੰ ਕਦੇ ਨਹੀਂ ਮਿਲਣਾ, ਉਸਦੇ ਵਰਗਾ ਇਨਸਾਨ ਵੀ ਕੋਈ ਨਹੀਂ ਬਣ ਸਕਦਾ।''

''ਉਸਦਾ ਚਲੇ ਜਾਣਾ ਸਾਡੇ ਸਾਰੇ ਕਲਾਕਾਰਾਂ ਲਈ ਨਿੱਜੀ ਘਾਟਾ ਹੈ।''

'ਮੇਰੇ ਫਿਲਮੀ ਪਰਦੇ ਦਾ ਬਾਪੂ ਵੀ ਅੱਜ ਸਾਨੂੰ ਛੱਡ ਕੇ ਚਲਾ ਗਿਆ' - ਬਿਨੂੰ ਢਿੱਲੋਂ

ਅਦਾਕਾਰ ਬਿਨੂੰ ਢਿੱਲੋਂ ਨੇ ਇੰਸਟਾਗ੍ਰਾਮ 'ਤੇ ਇੱਕ ਭਾਵੁਕ ਪੋਸਟ 'ਚ ਲਿਖਿਆ, "ਅੱਜ ਮੈਂ ਸਿਰਫ਼ ਇੱਕ ਵੱਡੇ ਕਲਾਕਾਰ ਨੂੰ ਹੀ ਨਹੀਂ, ਇੱਕ ਪਿਆਰੇ ਦੋਸਤ, ਇੱਕ ਵੱਡੇ ਭਰਾ, ਇੱਕ ਰਹਨੁਮਾ ਨੂੰ ਖੋ ਬੈਠਿਆ ਹਾਂ।''

''ਮੇਰੇ ਫਿਲਮੀ ਪਰਦੇ ਦਾ ਬਾਪੂ ਵੀ ਅੱਜ ਸਾਨੂੰ ਛੱਡ ਕੇ ਚਲਾ ਗਿਆ। ਜਸਵਿੰਦਰ ਭੱਲਾ ਜੀ ਨੇ ਸਾਨੂੰ ਸਿਰਫ਼ ਹਸਾਇਆ ਨਹੀਂ, ਸਾਨੂੰ ਜੀਵਨ ਦੀਆਂ ਸੱਚਾਈਆਂ ਹੱਸ ਕੇ ਜਿਉਣੀਆਂ ਵੀ ਸਿਖਾਈਆਂ। ਸੈੱਟਾਂ 'ਤੇ ਬਿਤਾਈਆਂ ਗੱਲਾਂ, ਉਨ੍ਹਾਂ ਦੀਆਂ ਖਿੜੀਆਂ ਮੁਸਕਾਨਾਂ ਤੇ ਪਿਆਰ ਭਰੀਆਂ ਝਿੜਕਾਂ ਹਮੇਸ਼ਾਂ ਮੇਰੇ ਦਿਲ ਵਿੱਚ ਜਿਉਂਦੀਆਂ ਰਹਿਣਗੀਆਂ।''

''ਅੱਜ ਹਾਸਾ ਰੋਣ ਵਿਚ ਬਦਲ ਗਿਆ ਹੈ, ਪਰ ਭੱਲਾ ਸਾਹਿਬ ਦੀ ਯਾਦ ਸਾਡੇ ਦਿਲਾਂ ਤੋਂ ਕਦੇ ਨਹੀਂ ਮਿਟ ਸਕਦੀ। ਵਾਹਿਗੁਰੂ ਜੀ ਉਨ੍ਹਾਂ ਨੂੰ ਆਪਣੇ ਚਰਨਾਂ ਵਿਚ ਥਾਂ ਦੇਣ ਤੇ ਸਾਨੂੰ ਇਹ ਵੱਡਾ ਘਾਟਾ ਸਹਿਣ ਦੀ ਤਾਕਤ ਬਖ਼ਸ਼ਣ।''

ਵਿਸ਼ਵਾਸ ਕਰਨਾ ਬਹੁਤ ਔਖਾ ਹੈ - ਗਿੱਪੀ ਗਰੇਵਾਲ

ਪੰਜਾਬੀ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਨੇ ਕਿਹਾ ਕਿ ''ਇਸ 'ਤੇ ਵਿਸ਼ਵਾਸ ਕਰਨਾ ਬਹੁਤ ਔਖਾ ਹੈ। ਮੈਂ ਸਦਮੇ ਵਿੱਚ ਹਾਂ।''

ਸੋਸ਼ਲ ਮੀਡੀਆ 'ਤੇ ਇੱਕ ਪੋਸਟ 'ਚ ਉਨ੍ਹਾਂ ਲਿਖਿਆ, ''ਉਹ ਪੂਰੀ ਇੰਡਸਟਰੀ ਵਿੱਚ ਸਾਡੇ ਲਈ ਇੱਕ ਪਿਤਾ, ਸਲਾਹਕਾਰ ਅਤੇ ਪ੍ਰਤਿਭਾਸ਼ਾਲੀ ਅਦਾਕਾਰ ਵਾਂਗ ਸਨ, ਯਾਦਾਂ ਸਿਰਜਦੇ ਸਨ ਅਤੇ ਪਰਿਵਾਰ ਵਾਂਗ ਪਲਾਂ ਦਾ ਆਨੰਦ ਮਾਣਦੇ ਸਨ। ਸਾਡਾ ਰਿਸ਼ਤਾ ਬਹੁਤ ਮਜ਼ਬੂਤ ਸੀ। ਇਹ ਸਭ ਤੋਂ ਬੁਰੀ ਖ਼ਬਰ ਹੈ।''

''ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ। ਉਨ੍ਹਾਂ ਦੀ ਵਿਰਾਸਤ ਉਨ੍ਹਾਂ ਦੇ ਕੰਮ ਰਾਹੀਂ ਸਦਾ ਜ਼ਿੰਦਾ ਰਹੇਗੀ ਅਤੇ ਸਾਡੀ ਜ਼ਿੰਦਗੀ 'ਤੇ ਉਸਦਾ ਪ੍ਰਭਾਵ ਕਦੇ ਨਹੀਂ ਭੁੱਲਿਆ ਜਾਵੇਗਾ। ਮੈਂ ਉਨ੍ਹਾਂ ਯਾਦਾਂ ਅਤੇ ਸਿੱਖਿਆਵਾਂ ਨੂੰ ਹਮੇਸ਼ਾ ਸੰਭਾਲ ਕੇ ਰੱਖਾਂਗਾ ਜੋ ਉਨ੍ਹਾਂ ਨੇ ਮੈਨੂੰ ਦਿੱਤੀਆਂ। ਤੁਸੀਂ ਹਮੇਸ਼ਾ ਮੇਰੇ ਦਿਲ ਵਿੱਚ ਰਹੋਗੇ ਜਸਵਿੰਦਰ ਭਾਜੀ।''

ਨੀਰੂ ਬਾਜਵਾ ਨੇ ਲਿਖਿਆ, ''ਇਸ ਦੁਖਦਾਈ ਖ਼ਬਰ ਨੂੰ ਸੁਣ ਕੇ ਬਹੁਤ ਦੁੱਖ ਹੋਇਆ। ਭੱਲਾ ਸਾਬ ਦਾ ਵਾਕਈ ਬਹੁਤ ਸਤਿਕਾਰਤ ਸਨ ਅਤੇ ਉਨ੍ਹਾਂ ਦੇ ਯੋਗਦਾਨ ਨੂੰ ਬਹੁਤ ਸਨਮਾਨ ਨਾਲ ਯਾਦ ਕੀਤਾ ਜਾਵੇਗਾ।ਪਰਮਾਤਮਾ ਉਨ੍ਹਾਂ ਨੂੰ ਸ਼ਾਂਤੀ ਬਖਸ਼ੇ,, ਮੇਰੀਆਂ ਸੰਵੇਦਨਾਵਾਂ ਉਨ੍ਹਾਂ ਦੇ ਪਰਿਵਾਰ ਨਾਲ ਹਨ।''

'ਦੁਨੀਆਂ ਨੂੰ ਹਸਾਉਣ ਵਾਲਾ ਸਦਾ ਲਈ ਚਲਿਆ ਗਿਆ'

ਨਵੇਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਤੇ ਲਿਖਿਆ, ''ਦੁਨੀਆਂ ਨੂੰ ਹਸਾਉਣ ਵਾਲਾ ਸਦਾ ਲਈ ਚਲਿਆ ਗਿਆ। ਬਤੌਰ ਕਾਮੇਡੀਅਨ ਜਸਵਿੰਦਰ ਭੱਲਾ ਨੇ ਸਮਾਜਿਕ ਕੁਰੀਤੀਆਂ ਤੇ ਆਪਣੇ ਸ਼ਬਦਾਂ ਨਾਲ ਜ਼ੋਰਦਾਰ ਢੰਗ ਨਾਲ ਵਿਰੋਧ ਕੀਤਾ। ਉਨ੍ਹਾਂ ਨੇ ਇੱਕ ਬਹੁਤ ਵੱਡਾ ਮੁਕਾਮ ਹਾਸਿਲ ਕੀਤਾ।''

''ਇੱਕ ਸਖਸ਼ੀਅਤ ਕਈ ਗੁਣਾਂ ਦੀ ਧਾਰਨੀ ਸੀ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਖੇਤੀਬਾੜੀ ਪਸਾਰ ਸਿੱਖਿਆ ਵਿੱਚ ਲੈਕਚਰਾਰ ਵਜੋਂ ਉਨ੍ਹਾਂ ਦੀਆਂ ਸੇਵਾਵਾਂ ਬੇਹੱਦ ਅਹਿਮ ਸਨ।''

''ਅਜਿਹੇ ਇਨਸਾਨ ਦੇ ਦੁਨੀਆਂ ਤੋਂ ਰੁਖ਼ਸਤ ਹੋ ਜਾਣ ਨਾਲ ਵੱਡਾ ਘਾਟਾ ਪੈਂਦਾ ਹੈ। ਮੈ ਜਿੱਥੇ ਜਸਵਿੰਦਰ ਭੱਲਾ ਜੀ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਾ, ਉੱਥੇ ਹੀ ਦੁਨੀਆਂ ਭਰ ਵਿੱਚ ਬੈਠੇ ਉਨ੍ਹਾਂ ਦੇ ਚਾਹੁਣ ਵਾਲਿਆਂ ਨਾਲ ਵੀ ਦੁੱਖ ਦਾ ਇਜ਼ਹਾਰ ਕਰਦਾ ਹਾਂ। ਪਰਮਾਤਮਾ ਸਭ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ ਅਤੇ ਵਿਛੜੀ ਹੋਈ ਰੂਹ ਨੂੰ ਆਪਣੇ ਚਰਨ ਕਮਲਾਂ ਵਿੱਚ ਸਥਾਨ ਦੇਣ।''

'ਛਣਕਾਟਿਆਂ ਦੀ ਛਣਕਾਰ ਬੰਦ ਹੋਣ 'ਤੇ ਮਨ ਉਦਾਸ ਹੈ'

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਸਵਿੰਦਰ ਭੱਲਾ ਦੇ ਦੇਹਾਂਤ 'ਤੇ ਦੁੱਖ ਪ੍ਰਗਟਾਉਂਦਿਆਂ ਸੋਸ਼ਲ ਮੀਡੀਆ 'ਤੇ ਲਿਖਿਆ, ''ਉਨ੍ਹਾਂ ਦਾ ਅਚਾਨਕ ਇਸ ਦੁਨੀਆਂ ਤੋਂ ਚਲੇ ਜਾਣਾ ਬੇਹੱਦ ਅਫ਼ਸੋਸਜਨਕ ਹੈ..ਛਣਕਾਟਿਆਂ ਦੀ ਛਣਕਾਰ ਬੰਦ ਹੋਣ 'ਤੇ ਮਨ ਉਦਾਸ ਹੈ..ਵਾਹਿਗੁਰੂ ਚਰਨਾਂ ਵਿੱਚ ਨਿਵਾਸ ਬਖਸ਼ਣ…ਚਾਚਾ ਚਤਰਾ ਹਮੇਸ਼ਾ ਸਾਡੇ ਦਿਲਾਂ ਵਿੱਚ ਵਸਦੇ ਰਹਿਣਗੇ..''

ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਐਕਸ 'ਤੇ ਲਿਖਿਆ, ''ਜਸਵਿੰਦਰ ਭੱਲਾ ਜੀ ਦੇ ਦੇਹਾਂਤ ਨਾਲ ਦੁਖੀ ਹਾਂ। ਦੁਨੀਆਂ ਭਰ ਵਿੱਚ ਇੱਕ ਮਾਣਮੱਤੀ ਪੰਜਾਬੀ ਆਵਾਜ਼, ਉਨ੍ਹਾਂ ਦੇ ਯੋਗਦਾਨ ਅਤੇ ਭਾਈਚਾਰੇ ਪ੍ਰਤੀ ਪਿਆਰ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਉਨ੍ਹਾਂ ਦੇ ਪਰਿਵਾਰ ਅਤੇ ਪ੍ਰਸ਼ੰਸਕਾਂ ਪ੍ਰਤੀ ਦਿਲੋਂ ਸੰਵੇਦਨਾ।

ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਲਿਖਿਆ, ''ਪੰਜਾਬੀ ਹਾਸੇ ਦਾ ਮੰਚ ਅੱਜ ਚੁੱਪ ਅਤੇ ਖਾਲੀ ਹੈ...''

''ਜਸਵਿੰਦਰ ਭੱਲਾ ਜੀ ਪੰਜਾਬੀ ਹਾਸੇ-ਮਜ਼ਾਕ ਅਤੇ ਭਾਵਨਾ ਦੇ ਇੱਕ ਜਿਉਂਦੇ-ਜਾਗਦੇ ਪ੍ਰਤੀਕ ਸਨ। ਆਪਣੀ ਬੇਮਿਸਾਲ ਪ੍ਰਤਿਭਾ ਨਾਲ ਉਨ੍ਹਾਂ ਨੇ ਸਾਦਗੀ ਨੂੰ ਹਾਸੇ ਵਿੱਚ ਬਦਲ ਦਿੱਤਾ ਅਤੇ ਪੀੜ੍ਹੀਆਂ 'ਚ ਮੁਸਕਾਨ ਫੈਲਾਈ।''

ਸ਼੍ਰੋਮਣੀ ਅਕਾਲੀ ਦਲ ਦੇ ਆਗੂ ਡਾਕਟਰ ਦਲਜੀਤ ਸਿੰਘ ਚੀਮਾ, ਓਲੰਪੀਅਨ ਅਤੇ ਕਾਂਗਰਸ ਆਗੂ ਪ੍ਰਗਟ ਸਿੰਘ ਨੇ ਵੀ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਹੈ।

ਭਾਜਪਾ ਆਗੂ ਰਵਨੀਤ ਬਿੱਟੂ ਨੇ ਦੁੱਖ ਪ੍ਰਗਾਉਂਦਿਆਂ ਲਿਖਿਆ, ''ਪੰਜਾਬੀ ਸਿਨੇਮਾ ਦਾ ਚਮਕਦਾ ਤਾਰਾ ਡੁੱਬ ਗਿਆ…''

ਪੰਜਾਬ ਖੇਤਬਾੜੀ ਯੂਨੀਵਰਸਿਟੀ ਦੇ ਵੀਸੀ ਨੇ ਪ੍ਰਗਟਾਇਆ ਦੁੱਖ

ਬੀਬੀਸੀ ਸਹਿਯੋਗੀ ਗੁਰਮਿੰਦਰ ਗਰੇਵਾਲ ਮੁਤਾਬਕ,ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵੀਸੀ ਸਤਬੀਰ ਸਿੰਘ ਗੋਸਲ ਨੇ ਕਿਹਾ ਕਿ ਜਸਵਿੰਦਰ ਭੱਲਾ ਦਾ ਚਲੇ ਜਾਣਾ ਯੂਨੀਵਰਸਿਟੀ ਨੂੰ ਵੱਡਾ ਘਾਟਾ ਹੈ। ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਵਿੱਚ ਪੜ੍ਹਦਿਆਂ ਹੀ ਭੱਲਾ ਕਲਾ ਖੇਤਰ ਨਾਲ ਜੁੜੇ ਸਨ।

ਉਨ੍ਹਾਂ ਕਿਹਾ ਕਿ ਜਸਵਿੰਦਰ ਭੱਲਾ ਨੇ ਖੇਤੀਬਾੜੀ ਮੇਲਿਆਂ ਤੋਂ ਪੰਜਾਬ ਦੇ ਲੋਕਾਂ ਤੱਕ ਜੋ ਸੁਨੇਹੇ ਪਹੁੰਚਾਏ ਉਹ ਹਮੇਸ਼ਾ ਯਾਦ ਰੱਖੇ ਜਾਣਗੇ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)