ਅਟਲ ਬਿਹਾਰੀ ਵਾਜਪਾਈ ਨੇ ਕਿਵੇਂ ਖੜ੍ਹੀ ਕੀਤੀ ਸੀ ਭਾਜਪਾ?

ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਭਾਜਪਾ ਦੇ ਨਰਿੰਦਰ ਮੋਦੀ, ਕਾਂਗਰਸ ਦੇ ਪੰਡਿਤ ਜਵਾਹਰ ਲਾਲ ਨਹਿਰੂ ਤੋਂ ਬਾਅਦ ਲਗਤਾਰ ਤੀਜੀ ਵਾਰ ਪ੍ਰਧਾਨ ਮੰਤਰੀ ਬਣਨ ਵਾਲੇ ਪਹਿਲੇ ਆਗੂ ਬਣ ਗਏ ਹਨ।

ਭਾਵੇਂ ਭਾਜਪਾ ਅੱਜ ਦੇਸ ਦੀ ਸਭ ਤੋਂ ਵੱਡੀ ਤੇ ਪ੍ਰਭਾਵਸ਼ਾਲੀ ਪਾਰਟੀ ਹੈ। ਭਾਜਪਾ ਦੇ ਵਿਸਥਾਰ ਦਾ ਇਤਿਹਾਸ ਬਹੁਤਾ ਪੁਰਾਣਾ ਨਹੀਂ ਹੈ

ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਮਰਹੂਮ ਅਟਲ ਬਿਹਾਰੀ ਵਾਜਪਈ ਦਾ 16 ਅਗਸਤ 2018 ਨੂੰ ਦੇਹਾਂਤ ਹੋ ਗਿਆ ਸੀ।

ਭਾਸ਼ਣ ਕਲਾ ਦੇ ਮਾਹਿਰ, ਕਵੀ ਤੇ ਇੱਕ ਵੱਡੇ ਰਾਜਨੇਤਾ ਅਟਲ ਬਿਹਾਰੀ ਵਾਜਪਾਈ ਦੀਆਂ ਤਕਰੀਰਾਂ ਦੇ ਵਿਰੋਧੀ ਵੀ ਕਾਇਲ਼ ਸਨ।

ਵਾਜਪਾਈ ਨੇ 13 ਦਿਨ ਦੀ ਸਰਕਾਰ ਵੀ ਚਲਾਈ ਅਤੇ 5 ਸਾਲ ਸਰਕਾਰ ਚਲਾਉਣ ਵਾਲੇ ਭਾਜਪਾ ਦੇ ਪਹਿਲੇ ਪ੍ਰਧਾਨ ਮੰਤਰੀ ਵੀ ਬਣੇ। ਉਹਨਾਂ ਨੇ ਭਾਜਪਾ ਨੂੰ ਖੜ੍ਹਾ ਕੀਤਾ।

ਮਾਰਚ 2015 ਵਿੱਚ ਵਾਜਪਾਈ ਨੂੰ ਤਤਕਾਲੀ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਗਿਆ।

ਅਡਵਾਨੀ-ਵਾਜਪਾਈ ਦੀ ਜੋੜੀ ਨੂੰ ਰਾਮ ਲਕਸ਼ਮਣ ਦੀ ਜੋੜੀ ਕਿਹਾ ਜਾਂਦਾ ਸੀ।

ਜਾਣਦੇ ਹਾਂ, ਭਾਜਪਾ ਬਾਰੇ 10 ਅਹਿਮ ਗੱਲਾਂ-

  • ਅਟਲ ਬਿਹਾਰੀ ਵਾਜਪਈ ਤੋਂ ਬਾਅਦ ਨਰਿੰਦਰ ਮੋਦੀ ਦੀ ਨੁਮਾਇੰਦਗੀ ਵਿੱਚ ਭਾਜਪਾ ਸਭ ਤੋਂ ਵੱਧ ਤਾਕਤਵਰ ਹੋਈ।
  • ਭਾਜਪਾ ਧਰਮ-ਨਿਰਪੱਖ ਦੇਸ ਵਿੱਚ ਖੁਲ੍ਹ ਕੇ ਹਿੰਦੁਤਵਾ ਦੀ ਸਿਆਸਤ ਕਰਨ ਵਾਲੀ ਪਾਰਟੀ ਦੇ ਰੂਪ ਵਿੱਚ ਜਾਣੀ ਜਾਂਦੀ ਹੈ। 6 ਅਪ੍ਰੈਲ 1980 ਨੂੰ ਭਾਜਪਾ ਦਾ ਰਸਮੀ ਗਠਨ ਹੋਇਆ ਸੀ।
  • ਪਹਿਲਾਂ ਇਸ ਨੂੰ ਭਾਰਤੀ ਜਨਸੰਘ ਦੇ ਰੂਪ 'ਚ ਜਾਣਿਆ ਜਾਂਦਾ ਸੀ। ਭਾਰਤੀ ਜਨਸੰਘ ਦੀ ਸਥਾਪਨਾ ਸ਼ਿਆਮਾ ਪ੍ਰਸਾਦ ਮੁਖਰਜੀ ਨੇ 1951 ਵਿੱਚ ਕੀਤੀ ਸੀ। ਅਟਲ ਬਿਹਾਰੀ ਵਾਜਪਈ ਭਾਜਪਾ ਦੇ ਪਹਿਲੇ ਪ੍ਰਧਾਨ ਬਣੇ ਸੀ। ਭਾਜਪਾ ਨੂੰ ਮਜ਼ਬੂਤ ਕਰਨ ਵਿੱਚ ਅਟਲ ਬਿਹਾਰੀ ਵਾਜਪਾਈ ਤੇ ਲਾਲ ਕ੍ਰਿਸ਼ਨ ਅਡਵਾਣੀ ਦੀ ਮੁੱਖ ਭੁਮਿਕਾ ਰਹੀ ਹੈ।
  • ਭਾਜਪਾ ਦਾ ਚੋਣ ਚਿੰਨ੍ਹ ਕਮਲ ਦਾ ਫੁੱਲ ਹੈ। ਕਮਲ ਦੇ ਫੁੱਲ ਨੂੰ ਭਾਜਪਾ ਹਿੰਦੂ ਪਰੰਪਰਾ ਨਾਲ ਜੋੜ ਕੇ ਦੇਖਦੀ ਹੈ। 1980 ਵਿੱਚ ਭਾਜਪਾ ਬਣਨ ਤੋਂ ਬਾਅਦ ਪਾਰਟੀ ਨੇ ਪਹਿਲੀਆਂ ਆਮ ਚੋਣਾਂ 1984 ਵਿੱਚ ਲੜੀਆਂ। ਉਦੋਂ ਭਾਜਪਾ ਨੂੰ ਸਿਰਫ ਦੋ ਸੀਟਾਂ 'ਤੇ ਹੀ ਕਾਮਯਾਬੀ ਮਿਲੀ ਸੀ।
  • 1925 ਵਿੱਚ ਡਾ. ਹੈਡਗਵਾਰ ਨੇ ਰਾਸ਼ਟਰੀ ਸਵੈ ਸੇਵਕ ਸੰਘ(ਆਰਐਸਐਸ) ਦੀ ਸਥਾਪਨਾ ਕੀਤੀ ਸੀ। ਆਰਐਸਐਸ ਨੂੰ ਭਾਜਪਾ ਦਾ ਮਾਂ ਸੰਗਠਨ ਮੰਨਿਆ ਜਾਂਦਾ ਹੈ। ਭਾਜਪਾ ਦੇ ਵਧੇਰੇ ਵੱਡੇ ਨੇਤਾ ਆਰਐਸਐਸ ਨਾਲ ਜੁੜੇ ਹਨ।
  • ਅਡਵਾਨੀ ਦੀ ਸੋਮਨਾਥ ਤੋਂ ਅਯੁਧਿਆ ਤੱਕ ਦੀ ਰੱਥ ਯਾਤਰਾ ਭਾਰਤੀ ਸਿਆਸਤ ਦੀ ਇੱਕ ਵੱਡੀ ਘਟਨਾ ਹੈ। ਜਦ ਮੰਡਲ ਰਾਜਨੀਤੀ ਕਾਰਨ ਹਿੰਦੂਆਂ ਵਿਚਾਲੇ ਮਤਭੇਦ ਨਜ਼ਰ ਆਇਆ ਉਸੇ ਸਮੇਂ ਅਡਵਾਨੀ ਨੇ ਅਯੁਧਿਆ ਅੰਦੋਲਨ ਨਾਲ ਧਾਰਮਿਕ ਧਰੁਵੀਕਰਨ ਨੂੰ ਮਜ਼ਬੂਤ ਕੀਤਾ। ਅਡਵਾਨੀ ਦੀ ਯਾਤਰਾ ਦੌਰਾਨ ਫਿਰਕੂ ਦੰਗੇ ਵੀ ਹੋਏ, ਪਰ ਵੀ ਪੀ ਸਿੰਘ ਦੀ ਮੰਡਲ ਰਾਜਨੀਤੀ 'ਤੇ ਅਡਵਾਨੀ ਦੀ ਇਹ ਯਾਤਰਾ ਭਾਰੀ ਪੈ ਗਈ ਸੀ।
  • 1989 ਵਿੱਚ ਭਾਜਪਾ 89 ਸੀਟਾਂ 'ਤੇ ਪਹੁੰਚ ਚੁੱਕੀ ਸੀ। ਵੀਪੀ ਸਿੰਘ ਦਾ ਕਹਿਣਾ ਸੀ ਕਿ ਜਨਤਾ ਦਲ ਦਾ ਵੋਟ ਭਾਜਪਾ ਨੂੰ ਚਲਿਆ ਗਿਆ, ਇਸ ਲਈ ਇੰਨੀਆਂ ਸੀਟਾਂ 'ਤੇ ਜਿੱਤ ਮਿਲੀ। ਹਾਲਾਂਕਿ ਇਹਨਾਂ ਚੋਣਾਂ ਵਿੱਚ ਜਨਤਾ ਦਲ ਨੂੰ ਵੀ 143 ਸੀਟਾਂ 'ਤੇ ਜਿੱਤ ਮਿਲੀ ਸੀ। ਇਹਨਾਂ ਚੋਣਾਂ ਵਿੱਚ ਕਾਂਗਰਸ ਖਿਲਾਫ ਸਾਰੀਆਂ ਸਿਆਸੀ ਪਾਰਟੀਆਂ ਨੇ ਮਿਲ ਕੇ ਚੋਣਾਂ ਲੜੀਆਂ ਸਨ ਅਤੇ ਇਸ ਵਿੱਚ ਰਾਜੀਵ ਗਾਂਧੀ ਤੇ ਕਾਂਗਰਸ ਨੂੰ ਕਰਾਰੀ ਹਾਰ ਮਿਲੀ ਸੀ।
  • 6 ਦਸੰਬਰ 1992 ਨੂੰ ਅਯੁਧਿਆ ਵਿੱਚ ਬਾਬਰੀ ਮਸਜਿਦ ਢਾਈ ਗਈ। ਬਾਬਰੀ ਮਸਜਿਦ ਤੋੜਣ ਵਿੱਚ ਸ਼ਾਮਲ ਹੋਣ ਦਾ ਇਲਜ਼ਾਮ ਭਾਜਪਾ ਦੇ ਕਈ ਵੱਡੇ ਆਗੂਆਂ 'ਤੇ ਲੱਗਿਆ। ਇਨ੍ਹਾਂ 'ਚ ਲਾਲ ਕ੍ਰਿਸ਼ਨ ਅਡਵਾਨੀ, ਮੁਰਲੀ ਮਨੋਹਰ ਜੋਸ਼ੀ ਤੋਂ ਲੈ ਕੇ ਉਮਾ ਭਾਰਤੀ ਤੱਕ ਸ਼ਾਮਲ ਸਨ।
  • 1996 ਦੀਆਂ ਚੋਣਾਂ ਵਿੱਚ ਭਾਜਪਾ ਲੋਕ ਸਭਾ ਵਿੱਚ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੀ। ਓਦੋਂ ਭਾਰਤ ਦੇ ਰਾਸ਼ਟਰਪਤੀ ਨੇ ਭਾਜਪਾ ਨੂੰ ਸਰਕਾਰ ਬਣਾਉਣ ਲਈ ਸੱਦਿਆ। ਹਾਲਾਂਕਿ ਕੁਝ ਦਿਨਾਂ ਵਿੱਚ ਹੀ ਭਾਜਪਾ ਦੀ ਸਰਕਾਰ ਡਿੱਗ ਗਈ। 1998 ਵਿੱਚ ਭਾਜਪਾ ਨੇ ਮੁੜ ਆਪਣੇ ਸਹਿਯੋਗੀ ਦਲਾਂ ਨਾਲ ਮਿਲਕੇ ਕੇਂਦਰ ਵਿੱਚ ਸਰਕਾਰ ਬਣਾਈ। ਅਟਲ ਬਿਹਾਰੀ ਵਾਜਪਈ ਪ੍ਰਧਾਨ ਮੰਤਰੀ ਬਣੇ।
  • ਭਾਜਪਾ ਨੇ ਫਿਰ 1999 ਵਿੱਚ ਰਾਸ਼ਟਰੀ ਜਨਤਾਂਤ੍ਰਿਕ ਗਠਜੋੜ ਬਣਾ ਕੇ ਲੋਕ ਸਭਾ ਚੋਣਾਂ ਲੜੀਆਂ। ਇਸ ਗਠਜੋੜ ਵਿੱਚ 20 ਤੋਂ ਵੱਧ ਦਲ ਸ਼ਾਮਲ ਹੋਏ। ਇਸ ਗਠਜੋੜ ਨੂੰ 294 ਸੀਟਾਂ 'ਤੇ ਜਿੱਤ ਮਿਲੀ। ਇਸ ਵਿੱਚ ਭਾਜਪਾ ਨੂੰ 182 ਸੀਟਾਂ ਹਾਸਲ ਹੋਈਆਂ ਸਨ। ਇੱਕ ਵਾਰ ਫਿਰ ਅਟਲ ਬਿਹਾਰੀ ਵਾਜਪਈ ਪ੍ਰਧਾਨ ਮੰਤਰੀ ਬਣੇ ਅਤੇ ਇਸ ਵਾਰ ਉਨ੍ਹਾਂ ਨੇ ਪੰਜ ਸਾਲਾਂ ਦਾ ਆਪਣਾ ਕਾਰਜਕਾਲ ਪੂਰਾ ਕੀਤਾ।
  • 2014 ਭਾਜਪਾ ਲਈ ਸਭ ਤੋਂ ਅਹਿਮ ਸਾਲ ਰਿਹਾ। ਗੁਜਰਾਤ ਦੇ ਤਤਕਾਲੀ ਮੁੱਖ ਮੰਤਰੀ ਨਰਿੰਦਰ ਮੋਦੀ ਦੀ ਨੁਮਾਇੰਦਗੀ ਵਿੱਚ ਭਾਜਪਾ ਨੇ 282 ਸੀਟਾਂ 'ਤੇ ਜਿੱਤ ਹਾਸਲ ਕੀਤੀ। ਇਸ ਵਾਰ ਭਾਜਪਾ ਨੂੰ ਸਰਕਾਰ ਬਣਾਉਣ ਲਈ ਕਿਸੇ ਪਾਰਟਨਰ ਦੀ ਲੋੜ ਨਹੀਂ ਪਈ। ਮੋਦੀ ਨੇ ਪਹਿਲੀ ਵਾਰ ਲੋਕ ਸਭਾ ਚੋਣਾਂ ਲੜੀਆਂ ਤੇ ਪ੍ਰਧਾਨ ਮੰਤਰੀ ਦੀ ਕੁਰਸੀ ਤੱਕ ਪਹੁੰਚੇ। ਸਾਲ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਨੇ ਲਗਾਤਾਰ ਤੀਜੀ ਵਾਰ ਸਰਕਾਰ ਬਣਾਈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਪ੍ਰਕਾਸ਼ਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)