ਸਤਲੁਜ ਨੇ ਬਦਲਿਆ ਰਾਹ, 'ਰੋਜ਼ਾਨਾ 8 ਤੋਂ 10 ਫੁੱਟ ਪਿੰਡ ਵੱਲ ਵੱਧਣ ਕਾਰਨ' ਕਿਸਾਨਾਂ ਦੀ ਜ਼ਮੀਨ ਆਈ ਦਰਿਆ ਹੇਠ, ਜਾਣੋ ਰਾਹ ਕਿਉਂ ਬਦਲਦੇ ਹਨ ਦਰਿਆ

- ਲੇਖਕ, ਹਰਮਨਦੀਪ ਸਿੰਘ
- ਰੋਲ, ਬੀਬੀਸੀ ਪੱਤਰਕਾਰ
"ਸਤਲੁਜ ਸਾਡਾ ਸਭ ਕੁਝ ਰੋੜ੍ਹ ਕੇ ਲੈ ਲਿਆ। ਛੱਡਿਆ ਹੀ ਕੁਝ ਨਹੀਂ।"
ਇਹ ਸ਼ਬਦ ਸਸਰਾਲੀ ਪਿੰਡ ਦੇ 52 ਸਾਲਾ ਤੇਜਾ ਸਿੰਘ ਦੇ ਦਰਦ ਨੂੰ ਬਿਆਨ ਕਰਦੇ ਹਨ। ਉਹ ਆਪਣੇ ਭਰਾ ਨਾਲ ਮਿਲ ਕੇ 5 ਏਕੜ ਵਿੱਚ ਖੇਤੀ ਕਰਦੇ ਸਨ।
ਇਹ ਜ਼ਮੀਨ ਇਨ੍ਹਾਂ ਦੀ ਆਮਦਨ ਦਾ ਇਕਲੌਤਾ ਸਾਧਨ ਸੀ ਪਰ ਹੁਣ ਇਹ ਜ਼ਮੀਨ ਸਤਲੁਜ ਦਰਿਆ ਵੱਲੋਂ ਰਸਤਾ ਬਦਲਣ ਮਗਰੋਂ ਦਰਿਆ ਹੇਠ ਆ ਗਈ ਹੈ।
ਦਰਅਸਲ, ਹੜ੍ਹਾਂ ਕਾਰਨ ਪੰਜਾਬ ਵਿੱਚ ਜਿੱਥੇ ਜਾਨੀ ਅਤੇ ਮਾਲੀ ਨੁਕਸਾਨ ਹੋਇਆ ਹੈ, ਉੱਥੇ ਹੀ ਸੂਬੇ ਵਿੱਚ ਵੱਗਦੇ ਦਰਿਆਵਾਂ ਨੇ ਵੀ ਕਈ ਥਾਵਾਂ ਉੱਤੇ ਆਪਣਾ ਰਸਤਾ ਬਦਲਿਆ ਹੈ।

ਦਰਿਆਵਾਂ ਵੱਲੋਂ ਰਸਤਾ ਬਦਲਣ ਦੀ ਸਭ ਤੋਂ ਵੱਡੀ ਮਾਰ ਪੰਜਾਬ ਦੇ ਕਿਸਾਨਾਂ ਨੂੰ ਪਈ ਹੈ। ਹੜ੍ਹਾਂ ਤੋਂ ਪਹਿਲਾਂ ਜਿੱਥੇ ਕਿਸਾਨਾਂ ਦੀ ਫ਼ਸਲਾਂ ਲਹਿਰਾ ਰਹੀਆਂ ਸਨ, ਹੁਣ ਉੱਥੇ ਕਈ ਫੁੱਟ ਡੂੰਘਾਈ ਵਿੱਚ ਦਰਿਆ ਵਹਿ ਰਹੇ ਹਨ।
ਲੁਧਿਆਣਾ ਜ਼ਿਲ੍ਹੇ ਦੇ ਸਸਰਾਲੀ ਪਿੰਡ ਨੂੰ ਸਤਲੁਜ ਦੀ ਪਈ ਮਾਰ ਵੀ ਦਰਿਆ ਵੱਲੋਂ ਰਸਤਾ ਬਦਲੇ ਜਾਣ ਦੀ ਉਦਾਹਰਣ ਹੈ।
ਲੁਧਿਆਣਾ ਜ਼ਿਲ੍ਹਾ ਪ੍ਰਸ਼ਾਸਨ ਮੁਤਾਬਕ ਸਤਲੁਜ ਦਰਿਆ ਆਪਣਾ ਪੁਰਾਣਾ ਰਸਤਾ ਛੱਡ ਕੇ ਰੋਜ਼ਾਨਾ 8 ਤੋਂ 10 ਫੁੱਟ ਪਿੰਡ ਦੇ ਰਿਹਾਇਸ਼ੀ ਖੇਤਰ ਵੱਲ ਵੱਧ ਰਿਹਾ ਅਤੇ ਰੋਜ਼ਾਨਾ ਲਗਭਗ 3 ਏਕੜ ਜ਼ਮੀਨ ਆਪਣੇ ਹੇਠ ਲੈ ਰਿਹਾ ਹੈ।
ਪਿੰਡ ਵਾਸੀਆਂ ਮੁਤਾਬਕ ਸਤਲੁਜ ਦਰਿਆ ਆਪਣੇ ਵਹਿਣ ਤੋਂ ਲਗਭਗ 400 ਮੀਟਰ ਦੂਰ ਤੱਕ ਵਹਿ ਰਿਹਾ ਹੈ।
ਪ੍ਰਸ਼ਾਸਨ ਮੁਤਾਬਕ ਦਰਿਆ ਵੱਲੋਂ ਵਹਿਣ ਬਦਲਣ ਕਾਰਨ ਇਕੱਲੇ ਸਸਰਾਲੀ ਪਿੰਡ ਦੀ ਹੀ 225 ਏਕੜ ਤੋਂ ਵੱਧ ਵਾਹੀਯੋਗ ਜ਼ਮੀਨ ਬਰਬਾਦ ਹੋ ਗਈ ਹੈ, ਜਦਕਿ ਪਿੰਡ ਵਾਸੀਆਂ ਅਨੁਸਾਰ ਇਸ ਤੋਂ ਵੱਧ ਜ਼ਮੀਨ ਦਾ ਨੁਕਸਾਨ ਹੋਇਆ ਹੈ।
ਰਿਹਾਇਸ਼ੀ ਇਲਾਕੇ ਵੱਲ ਵੱਧਦਾ ਸਤਲੁਜ
ਸਤਲੁਜ ਦਰਿਆ ਨੇ ਸਸਰਾਲੀ ਪਿੰਡ ਕੋਲ ਆਪਣਾ ਪੁਰਾਣਾ ਰਸਤਾ ਬਦਲ ਕੇ ਪਿੰਡ ਵਾਲੇ ਪਾਸਿਓਂ ਨਵਾਂ ਰਸਤਾ ਬਣਾਇਆ ਹੈ।
ਲੁਧਿਆਣਾ ਜ਼ਿਲ੍ਹੇ ਦੇ ਪ੍ਰਸ਼ਾਸਨ ਮੁਤਾਬਕ ਸਤਲੁਜ ਫਿਲਹਾਲ ਪਿੰਡ ਕੋਲੋਂ ਇੱਕ ਕਿਲੋਮੀਟਰ ਦੂਰ ਹੈ।
ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਕਿਹਾ, "ਸਤਲੁਜ ਰੋਜ਼ਾਨਾ ਲਗਭਗ 8 ਤੋਂ 10 ਫੁੱਟ ਸਸਰਾਲੀ ਪਿੰਡ ਵੱਲ ਵੱਧ ਰਿਹਾ ਹੈ। ਪਰ ਇਹ ਪਿੰਡ ਤੋਂ ਇੱਕ ਕਿਲੋਮੀਟਰ ਦੂਰ ਹੈ। ਇਸ ਲਈ ਪਿੰਡ ਨੂੰ ਕੋਈ ਖ਼ਤਰਾ ਨਹੀਂ ਹੈ।"

ਕਿਸਾਨਾਂ ਉੱਤੇ ਮਾਰ
ਪਿੰਡ ਦੇ ਕਿਸਾਨਾਂ ਮੁਤਾਬਕ ਉਨ੍ਹਾਂ ਦੀ ਧੁੱਸੀ ਬੰਨ੍ਹ ਦੇ ਅੰਦਰ ਅਤੇ ਬਾਹਰ ਵੀ ਜ਼ਮੀਨ ਅਤੇ ਫ਼ਸਲਾਂ ਦਾ ਨੁਕਸਾਨ ਹੋਇਆ ਹੈ।
ਸਸਰਾਲੀ ਪਿੰਡ ਦੇ 52 ਸਾਲਾ ਤੇਜਾ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਅਤੇ ਉਨ੍ਹਾਂ ਦੇ ਭਰਾ ਕੋਲ 5 ਕਿੱਲ੍ਹੇ ਜ਼ਮੀਨ ਸੀ।
ਉਹ ਕਹਿੰਦੇ ਹਨ, "ਅਸੀਂ ਜ਼ਮੀਨ ਵਿੱਚ ਝੋਨਾ ਅਤੇ ਪਸ਼ੂ ਲਈ ਚਾਰਾ ਬੀਜਿਆ ਸੀ। ਸਤਲੁਜ ਦਰਿਆ ਹੁਣ ਮੇਰੀ ਜ਼ਮੀਨ ਵਿੱਚ ਵਗਣ ਕਾਰਨ ਸਾਰੀ ਫ਼ਸਲ ਖ਼ਤਮ ਹੋ ਗਈ ਹੈ।"
"ਸਤਲੁਜ ਸਾਡਾ ਸਭ ਕੁਝ ਰੋੜ੍ਹ ਕੇ ਲੈ ਲਿਆ, ਛੱਡਿਆ ਹੀ ਕੁਝ ਨਹੀਂ। ਜ਼ਮੀਨ ਤੋਂ ਹੀ ਸਾਡਾ ਗੁਜ਼ਾਰਾ ਚੱਲਦਾ ਸੀ।"

"ਹੁਣ ਜੇ ਦਰਿਆ ਪਿੱਛੇ ਹੱਟਦਾ ਹੈ ਤਾਂ ਹੀ ਉਨ੍ਹਾਂ ਦੀ ਜ਼ਮੀਨ ਆਬਾਦ ਹੋ ਸਕਦੀ ਹੈ। ਜੇਕਰ ਦਰਿਆ ਇੱਥੇ ਹੀ ਵਹਿੰਦਾ ਰਿਹਾ ਤਾਂ ਪਰਿਵਾਰ ਦਾ ਗੁਜ਼ਾਰਾ ਕਰਨਾ ਮੁਸ਼ਕਿਲ ਹੋ ਜਾਵੇਗਾ।"
ਤੇਜਾ ਸਿੰਘ ਦੱਸਦੇ ਹਨ, "ਫ਼ਸਲ ਦੇ ਸਿਰ ਤੋਂ ਹੀ ਸਾਨੂੰ ਆੜਤੀਏ ਤੋਂ ਕਰਜ਼ਾ ਮਿਲਦਾ ਸੀ। ਹੁਣ ਜਦੋਂ ਜ਼ਮੀਨ ਹੀ ਨਹੀਂ ਰਹੀ ਤਾਂ ਨਾ ਹੀ ਫ਼ਸਲ ਹੋਏਗੀ ਤੇ ਨਾ ਹੀ ਸਾਨੂੰ ਆੜਤੀ ਤੋਂ ਕਰਜ਼ਾ ਮਿਲੇਗਾ।"

ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਧੂੰਦਾ ਦੇ ਰਹਿਣ ਵਾਲੇ ਮਨਜੀਤ ਸਿੰਘ ਦੀ ਜ਼ਮੀਨ ਸੁਲਤਾਨਪੁਰ ਲੋਧੀ ਇਲਾਕੇ ਵਿੱਚ ਪੈਂਦੀ ਹੈ।
ਮਨਜੀਤ ਸਿੰਘ ਦੱਸਦੇ ਹਨ, "ਮੇਰੀ 35 ਏਕੜ ਜ਼ਮੀਨ ਸੀ ਜੋ ਕਿ ਹੁਣ ਬਿਆਸ ਦਰਿਆ ਰੋੜ੍ਹ ਕੇ ਲੈ ਗਿਆ ਹੈ। ਪਹਿਲਾਂ ਬਿਆਸ ਦਰਿਆ 10 ਏਕੜ ਦੂਰ ਵਹਿੰਦਾ ਸੀ ਪਰ ਹੁਣ ਮੇਰੀ ਜ਼ਮੀਨ ਵਿੱਚ ਵਗ ਰਿਹਾ ਹੈ। ਹੁਣ ਮੇਰੇ ਕੋਲ ਸਿਰਫ਼ ਦੋ ਏਕੜ ਜ਼ਮੀਨ ਰਹਿ ਗਈ ਹੈ।"
ਪਿੰਡ ਸਸਰਾਲੀ ਦੇ ਰਹਿਣ ਵਾਲੇ 48 ਸਾਲਾ ਨਿਹਾਲ ਸਿੰਘ ਨੇ ਦੱਸਿਆ, "ਹੁਣ ਸਤਲੁਜ ਦਰਿਆ ਉਨ੍ਹਾਂ ਦੀ ਜ਼ਮੀਨ ਦੇ ਉੱਤੇ ਵਗ ਰਿਹਾ ਹੈ। ਮੇਰੀ 18 ਏਕੜ ਜ਼ਮੀਨ ਅਤੇ ਮੋਟਰ ਦਾ ਨੁਕਸਾਨ ਹੋਇਆ ਹੈ। ਜ਼ਮੀਨ ਵਿੱਚ ਝੋਨੇ ਅਤੇ ਪਾਪੂਲਰ ਦੀ ਫ਼ਸਲ ਸੀ ਜੋ ਕਿ ਸਤਲੁਜ ਦਰਿਆ ਵਿੱਚ ਰੁੜ੍ਹ ਗਈ ਹੈ।"
"ਇਸ ਜ਼ਮੀਨ ਨੂੰ ਆਬਾਦ ਕਰਨ ਲਈ ਕਈ ਸਾਲਾਂ ਦਾ ਸਮਾਂ ਲੱਗ ਜਾਵੇਗਾ।"

ਸਤਲੁਜ ਨੇ ਰਾਹ ਕਿਉਂ ਬਦਲਿਆ
ਮਾਹਰਾਂ ਮੁਤਾਬਕ ਨਦੀਆਂ ਦੋ ਕਾਰਨਾਂ ਕਰਕੇ ਹੀ ਆਪਣਾ ਰਸਤਾ ਬਦਲਦੀਆਂ ਹਨ।
ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਰਿਸਰਚ ਵਿਭਾਗ ਦੇ ਸਾਬਕਾ ਵਧੀਕ ਡਾਇਰੈਕਟਰ ਪ੍ਰੋਫੈਸਰ ਜੀਐੱਸ ਹੀਰਾ ਦੱਸਦੇ ਹਨ ਕਿ ਪਹਿਲਾ ਕਾਰਨ ਧਰਤੀ ਦੀਆਂ ਟੈਕਟੋਨਿਕ ਪਲੇਟਾਂ ਦੀ ਹਰਕਤ ਹੈ ਅਤੇ ਦੂਜਾ ਕਾਰਨ ਮਨੁੱਖੀ ਦਖ਼ਲਅੰਦਾਜ਼ੀ ਹੈ।
ਪ੍ਰੋਫੈਸਰ ਹੀਰਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਬਤੌਰ ਸੀਨੀਅਰ ਮਿੱਟੀ ਦੇ ਭੌਤਿਕ ਵਿਗਿਆਨੀ ਵਜੋਂ ਸੇਵਾ ਨਿਭਾਉਂਦੇ ਸਨ।
ਉਹ ਦੱਸਦੇ ਹਨ ਕਿ ਟੈਕਟੋਨਿਕ ਪਲੇਟਾਂ ਧਰਤੀ ਦੀ ਠੋਸ ਬਾਹਰੀ ਪਰਤ ਦਾ ਹਿੱਸਾ ਹਨ।
ਉਨ੍ਹਾਂ ਕਿਹਾ, "ਦਰਿਆਵਾਂ ਦਾ ਰਸਤਾ ਮੁੱਖ ਤੌਰ ਉੱਤੇ ਟੈਕਟੋਨਿਕ ਪਲੇਟਾਂ ਦੀ ਹਰਕਤ ਕਾਰਨ ਬਦਲਦਾ ਹੈ। ਇਸ ਪ੍ਰਕਿਰਿਆ ਵਿੱਚ ਸੈਂਕੜੇ ਸਾਲ ਲੱਗ ਜਾਂਦੇ ਹਨ।"
"ਦੂਜਾ ਕਾਰਨ ਜ਼ਿਆਦਾਤਰ ਮਨੁੱਖੀ ਦਖ਼ਲਅੰਦਾਜ਼ੀ ਹੁੰਦਾ ਹੈ। ਜਦੋਂ ਦਰਿਆ ਘੱਟ ਸਮੇਂ ਵਿੱਚ ਆਪਣਾ ਰਸਤਾ ਬਦਲਦੇ ਹਨ ਤਾਂ ਜ਼ਿਆਦਾਤਰ ਰੂਪ ਵਿੱਚ ਮਨੁੱਖੀ ਦਖਲਅੰਦਾਜ਼ੀ ਹੀ ਮੁੱਖ ਕਾਰਨ ਹੁੰਦਾ ਹੈ।"

ਉਹ ਅਗਾਂਹ ਦੱਸਦੇ ਹਨ, "ਦਰਿਆ ਨੂੰ ਆਪਣੇ ਨੇੜਿਓਂ ਜਿੱਥੋਂ ਨੀਵਾਂ ਥਾਂ ਮਿਲਦਾ ਹੈ, ਦਰਿਆ ਉੱਥੇ ਵੱਗਣ ਲੱਗ ਪੈਂਦਾ ਹੈ। ਜ਼ਮੀਨ ਦੀ ਖੁਦਾਈ ਵੀ ਜ਼ਮੀਨ ਦੇ ਨੀਵਾਂ ਹੋਣ ਦਾ ਕਾਰਨ ਬਣਦੀ ਹੈ। ਇਸ ਲਈ ਦਰਿਆ ਦੇ ਨੇੜੇ ਦੀ ਜ਼ਮੀਨ ਦੀ ਵਰਤੋਂ ਬਹੁਤ ਹੀ ਧਿਆਨ ਅਤੇ ਮਾਹਰਾਂ ਦੀ ਸਲਾਹ ਮੁਤਾਬਕ ਕਰਨੀ ਚਾਹੀਦੀ ਹੈ।"
ਲੁਧਿਆਣਾ ਦੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਕੋਲੋਂ ਜ਼ਿਲ੍ਹੇ ਵਿੱਚ ਸਤਲੁਜ ਦਰਿਆ ਵੱਲੋਂ ਰਸਤਾ ਬਦਲੇ ਜਾਣ ਦੇ ਕਾਰਨਾਂ ਬਾਰੇ ਪੁੱਛੇ ਜਾਣ ਉੱਤੇ ਉਨ੍ਹਾਂ ਕਿਹਾ, "ਜਲ ਸਰੋਤ ਵਿਭਾਗ ਕੋਲੋਂ ਦਰਿਆ ਵੱਲੋਂ ਰਸਤਾ ਬਦਲੇ ਜਾਣ ਦੇ ਕਾਰਨਾਂ ਬਾਰੇ ਰਿਪੋਰਟ ਮੰਗੀ ਜਾ ਰਹੀ ਹੈ।"

ਕਿੰਨਾ ਮੁਆਵਜ਼ਾ ਮਿਲੇਗਾ
ਡੀਸੀ ਮੁਤਾਬਕ ਲੁਧਿਆਣਾ ਜ਼ਿਲ੍ਹੇ ਦੇ ਪ੍ਰਸ਼ਾਸਨ ਮੁਤਾਬਕ ਜਿਹੜੇ ਕਿਸਾਨਾਂ ਦੇ ਜ਼ਮੀਨ ਦਰਿਆ ਵੱਲੋਂ ਰਸਤਾ ਬਦਲਣ ਕਾਰਨ ਬਰਬਾਦ ਹੋ ਗਈ ਹੈ ਜਾਂ ਦਰਿਆ ਆਪਣੇ ਨਾਲ ਵਹਾ ਕੇ ਲੈ ਗਿਆ ਹੈ, ਉਨ੍ਹਾਂ ਨੂੰ ਮੁਆਵਜ਼ਾ ਮਿਲ ਸਕਦਾ ਹੈ।
ਲੁਧਿਆਣਾ ਦੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਕਿਹਾ, "ਸਟੇਟ ਡਿਜ਼ਾਸਟਰ ਰਿਸਪਾਂਸ ਫੰਡ (ਐੱਸਡੀਆਰਐੱਫ) ਦੇ ਨਿਯਮਾਂ ਮੁਤਾਬਕ ਜਿਹੜੇ ਕਿਸਾਨਾਂ ਦੀ ਵਾਹੀਯੋਗ ਜ਼ਮੀਨ ਰੁੜ੍ਹ ਗਈ ਹੈ ਅਤੇ ਉਨ੍ਹਾਂ ਦੀ ਜ਼ਮੀਨ 2 ਹੈਕਟੇਅਰ ਤੋਂ ਘੱਟ ਹੈ, ਉਨ੍ਹਾਂ ਨੂੰ 47,000 ਪ੍ਰਤੀ ਹੈਕਟੇਅਰ ਮੁਆਵਜ਼ਾ ਮਿਲ ਸਕਦਾ ਹੈ।"
ਸਤਲੁਜ ਦਾ ਪੁਰਾਣਾ ਰਸਤਾ ਬਹਾਲ ਕਰਨ ਦੀਆਂ ਕੋਸ਼ਿਸ਼ਾਂ
ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਕਿਹਾ, "ਅਸੀਂ ਦੋ ਤਰੀਕਿਆਂ ਨਾਲ ਕਿਸਾਨਾਂ ਦੀ ਮੰਦਦ ਕਰ ਰਹੇ ਹਾਂ। ਪਹਿਲੇ ਢੰਗ ਨਾਲ ਅਸੀਂ ਸਤਲੁਜ ਦੇ ਪੁਰਾਣੇ ਰਸਤੇ ਨੂੰ ਬਹਾਲ ਕਰਨ ਦੀ ਕੋਸ਼ਿਸ਼ ਕਰ ਰਹੇ। ਅਸੀਂ ਪੁਰਾਣੇ ਰਸਤੇ ਵਿੱਚ ਖੁਦਾਈ ਕਰ ਕੇ ਸਤਲੁਜ ਨੂੰ ਉੱਧਰ ਹੀ ਮੋੜਨ ਦੀ ਕੋਸ਼ਿਸ਼ ਕਰ ਰਹੇ ਹਾਂ।"
"ਦੂਜੇ ਢੰਗ ਨਾਲ ਅਸੀਂ ਸਤਲੁਜ ਵੱਲੋਂ ਜ਼ਮੀਨ ਨੂੰ ਕੱਟਣ ਤੋਂ ਰੋਕਣ ਦੀ ਕੋਸ਼ਿਸ਼ ਕਰ ਰਹੇ ਹਾਂ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












