ਕਨਿਸ਼ਕ ਕਾਂਡ ਦੇ 40 ਸਾਲ: ਜਦੋਂ ਏਅਰ ਇੰਡੀਆ ਦੇ ਜਹਾਜ਼ ਵਿੱਚ ਰੱਖੇ ਬੰਬ ਨੇ ਲਈਆਂ 329 ਜਾਨਾਂ, 'ਕੈਨੇਡਾ ਦੇ ਇਤਿਹਾਸ ਦੀ ਸਭ ਤੋਂ ਲੰਮੀ ਅਤੇ ਗੁੰਝਲਦਾਰ ਜਾਂਚ'

ਕੈਨੇਡਾ ਕਨਿਸ਼ਕ ਕਾਂਡ

ਤਸਵੀਰ ਸਰੋਤ, Getty Images

ਕੈਨੇਡਾ ਪੁਲਿਸ ਨੇ ਕਨਿਸ਼ਕ ਕਾਂਡ ਦੇ 40 ਸਾਲ ਬਾਅਦ ਬੰਬ ਧਮਾਕੇ ਦੀ ਯੋਜਨਾ 'ਚ ਸ਼ਾਮਲ ਉਸ ਵਿਅਕਤੀ ਦੀ ਪਛਾਣ ਕਰ ਲਈ ਹੈ, ਜਿਸਨੇ 23 ਜੂਨ, 1985 ਨੂੰ ਏਅਰ ਇੰਡੀਆ ਬੰਬ ਧਮਾਕੇ ਤੋਂ ਕੁਝ ਹਫ਼ਤੇ ਪਹਿਲਾਂ ਵੈਨਕੂਵਰ ਆਈਲੈਂਡ 'ਤੇ ਬੰਬ ਦਾ ਟੈਸਟ ਕਰਨ ਵਿੱਚ ਮਦਦ ਕੀਤੀ ਸੀ।

ਇਸ ਦੀ ਜਾਣਕਾਰੀ ਖੁਦ ਆਰਸੀਐਮਪੀ (ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ) ਨੇ ਮੀਡੀਆ ਨੂੰ ਦਿੱਤੀ ਹੈ।

ਵੈਨਕੂਵਰ ਸਨ ਦੀ ਰਿਪੋਰਟ ਮੁਤਾਬਕ, ਆਰਸੀਐਮਪੀ (ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ) ਦੇ ਸਹਾਇਕ ਕਮਿਸ਼ਨਰ ਡੇਵਿਡ ਟੇਬੋਲ ਨੇ ਪੋਸਟਮੀਡੀਆ ਨੂੰ ਦੱਸਿਆ ਕਿ ਇਸ ਮਾਮਲੇ ਦੇ ਅਣਪਛਾਤੇ ਸ਼ੱਕੀ ਦੀ ਪਛਾਣ ਹੋ ਚੁੱਕੀ ਹੈ ਅਤੇ ਹਾਲ ਹੀ ਵਿੱਚ ਉਸ ਦੀ ਮੌਤ ਵੀ ਹੋ ਗਈ ਹੈ, ਮਰਨ ਤੋਂ ਪਹਿਲਾਂ ਤੱਕ ਉਸ 'ਤੇ ਕੋਈ ਚਾਰਜ ਨਹੀਂ ਲੱਗਿਆ ਸੀ।

ਉਨ੍ਹਾਂ ਦੱਸਿਆ ਕਿ ਉਹ ਗੋਪਨੀਯਤਾ ਕਾਨੂੰਨਾਂ ਕਾਰਨ ਉਸ ਵਿਅਕਤੀ ਦਾ ਨਾਮ ਸਾਂਝਾ ਨਹੀਂ ਕਰ ਸਕਦੇ।

ਜੰਗਲ ਵਿੱਚ ਕੀਤਾ ਸੀ ਬੰਬ ਦਾ ਟੈਸਟ

ਟੇਬੂਲ, ਜੋ ਕਿ ਬ੍ਰਿਟਿਸ਼ ਕੋਲੰਬੀਆ ਵਿੱਚ ਸੰਘੀ ਪੁਲਿਸਿੰਗ ਦੇ ਕਮਾਂਡਰ ਹਨ, ਨੇ ਕਿਹਾ ਕਿ 2005 ਵਿੱਚ ਬੰਬ ਧਮਾਕੇ ਦੇ ਦੋ ਮੁੱਖ ਸ਼ੱਕੀ ਵਿਅਕਤੀਆਂ ਨੂੰ ਬਰੀ ਕੀਤੇ ਜਾਣ ਦੇ ਬਾਵਜੂਦ, ਜਾਂਚਕਰਤਾਵਾਂ ਨੇ ਆਪਣੀ ਜਾਂਚ ਜਾਰੀ ਰੱਖੀ ਤਾਂ ਜੋ ਉਹ ਕੁੱਝ ਅਣ-ਸੁਲਝੀਆਂ ਗੁੱਥੀਆਂ ਵੀ ਸੁਲਝਾ ਸਕਣ।

ਇਸੇ ਜਾਂਚ ਦੇ ਦੌਰਾਨ ਉਹ ਉਸ ਸ਼ੱਕੀ ਵਿਅਕਤੀ ਤੱਕ ਪਹੁੰਚੇ, ਜਿਸਨੂੰ ਉਹ ਮਿਸਟਰ ਐਕਸ ਕਹਿੰਦੇ ਹਨ।

ਵੈਨਕੂਵਰ ਸਨ ਦੀ ਰਿਪੋਰਟ ਮੁਤਾਬਕ, 4 ਜੂਨ, 1985 ਨੂੰ ਅੱਤਵਾਦੀ ਸਾਜ਼ਿਸ਼ ਦੇ ਮਾਸਟਰਮਾਈਂਡ ਤਲਵਿੰਦਰ ਸਿੰਘ ਪਰਮਾਰ ਨਾਲ ਮਿਸਟਰ ਐਕਸ ਵੀ ਡੰਕਨ ਗਿਆ ਸੀ। ਫਿਰ ਉਹ ਦੋਵੇਂ ਇਲੈਕਟ੍ਰੀਸ਼ੀਅਨ ਇੰਦਰਜੀਤ ਸਿੰਘ ਰਿਆਤ ਨਾਲ ਮਿਲੇ।

ਜਦੋਂ ਕੈਨੇਡੀਅਨ ਸੁਰੱਖਿਆ ਖੁਫੀਆ ਸੇਵਾ ਦੇ ਏਜੰਟ ਉਨ੍ਹਾਂ ਦਾ ਪਿੱਛਾ ਕਰ ਰਹੇ ਸਨ, ਤਾਂ ਤਿੰਨੋਂ ਜੰਗਲ ਵਿੱਚ ਗਏ ਅਤੇ ਇੱਕ ਬੰਬ ਦਾ ਟੈਸਟ ਕੀਤਾ। ਏਜੰਟਾਂ ਨੇ ਵੀ ਇਸ ਧਮਾਕੇ ਦੀ ਆਵਾਜ਼ ਸੁਣੀ ਪਰ ਸੋਚਿਆ ਕਿ ਇਹ ਗੋਲੀ ਚੱਲਣ ਦੀ ਆਵਾਜ਼ ਹੋਵੇਗੀ।

ਆਰਸੀਐਮਪੀ ਨੇ ਕਿਹਾ ਕਿ ਜਾਂਚ ਹਾਲੇ ਵੀ ਜਾਰੀ ਹੈ ਅਤੇ ਇਹ ਕੈਨੇਡਾ ਦੇ ਇਤਿਹਾਸ ਦੀ ਸਭ ਤੋਂ ਵੱਡੀ ਅਤੇ ਗੁੰਝਲਦਾਰ ਜਾਂਚ ਰਹੀ ਹੈ।

ਕੈਨੇਡਾ ਕਨਿਸ਼ਕ ਕਾਂਡ: ਜਦੋਂ ਏਅਰ ਇੰਡੀਆ ਦੇ ਜਹਾਜ਼ ਵਿੱਚ ਰੱਖੇ ਬੰਬ ਨੇ ਲਈਆਂ 329 ਜਾਨਾਂ

ਕਨਿਸ਼ਕ ਕਾਂਡ

ਤਸਵੀਰ ਸਰੋਤ, AFP

ਇਸ ਨੂੰ 'ਕਨਿਸ਼ਕ ਜਹਾਜ਼ ਹਾਦਸਾ' ਵੀ ਕਿਹਾ ਜਾਂਦਾ ਹੈ। ਜਿਸ ਜਹਾਜ਼ 'ਚ ਇਹ ਹਾਦਸਾ ਹੋਇਆ, ਬੋਇੰਗ 747 ਦਾ ਨਾਂ 'ਕੁਸ਼ਾਨ ਰਾਜਵੰਸ਼ ਦੇ ਰਾਜਾ ਕਨਿਸ਼ਕ' ਦੇ ਨਾਂ 'ਤੇ ਰੱਖਿਆ ਗਿਆ ਸੀ। ਇਸ ਧਮਾਕੇ ਤੋਂ ਬਾਅਦ ਵੀ ਭਾਰਤ ਅਤੇ ਕੈਨੇਡਾ ਵਿਚਾਲੇ ਦੂਰੀ ਵਧ ਗਈ ਸੀ।

1985 ਵਿੱਚ ਏਅਰ ਇੰਡੀਆ ਦੀ ਇਹ ਫਲਾਈਟ ਕੈਨੇਡਾ ਤੋਂ ਭਾਰਤ ਆ ਰਹੀ ਸੀ, ਜਿਸ ਵਿੱਚ ਬਲਾਸਟ ਹੋਇਆ ਅਤੇ ਜਹਾਜ਼ ਦੇ ਅਮਲੇ ਸਣੇ 329 ਲੋਕਾਂ ਦੀ ਮੌਤ ਹੋ ਗਈ ਸੀ।

ਫਲਾਈਟ ਵਿੱਚ ਕਈ ਬੱਚੇ, ਔਰਤਾਂ ਅਤੇ ਬਜ਼ੁਰਗ ਵੀ ਸਨ। ਉਸ ਕੇਸ ਵਿੱਚ ਰਿਪੁਦਮਨ ਸਿੰਘ ਮਲਿਕ ਨੂੰ ਮੁਖ ਮੁਲਜ਼ਮ ਬਣਾਇਆ ਗਿਆ ਸੀ ਪਰ ਅਦਾਲਤ ਨੇ ਉਨ੍ਹਾਂ ਸਬੂਤਾਂ ਦੀ ਘਾਟ ਹੋਣ ਕਰ ਕੇ ਬਰੀ ਕਰ ਦਿੱਤਾ ਸੀ।

ਹਾਲਾਂਕਿ, ਜੁਲਾਈ 2022 ਨੂੰ ਰਿਪੁਦਮਨ ਸਿੰਘ ਨੂੰ ਸਰੀ ਵਿੱਚ ਉਨ੍ਹਾਂ ਦੇ ਦਫ਼ਤਰ ਬਾਹਰ ਕਾਰ ਵਿੱਚ ਬੈਠਿਆਂ ਨੂੰ ਗੋਲੀ ਮਾਰ ਦਿੱਤੀ ਗਈ, ਉਨ੍ਹਾਂ ਦੀ ਮੌਕੇ ਤੇ ਹੀ ਮੌਤ ਹੋ ਗਈ।

ਬੀਬੀਸੀ ਪੱਤਰਕਾਰ ਰੇਹਾਨ ਫ਼ਜ਼ਲ ਵੱਲੋਂ ਸਾਲ 2022 ਵਿੱਚ ਕਨਿਸ਼ਕ ਦੁਖਾਂਤ ਬਾਰੇ ਲਿਖੀ ਗਈ ਸੀ। ਪਾਠਕਾਂ ਲਈ ਹੂਬਹੂ ਪੇਸ਼ ਕਰ ਰਹੇ ਹਾਂ।

ਸਤੰਬਰ 2011 ਤੋਂ ਪਹਿਲਾਂ ਸਭ ਤੋਂ ਵੱਡਾ ਹਮਲਾ

ਕਨਿਸ਼ਕ ਕਾਂਡ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਬੰਬ ਧਮਾਕੇ ਦੇ ਇਲਜ਼ਾਮਾਂ ਤੋਂ ਬਰੀ ਹੋਏ ਰਿਪੁਦਮਨ ਸਿੰਘ ਮਲਿਕ ਦਾ ਸਾਲ 2022 ਵਿੱਚ ਕੈਨੇਡਾ ਦੇ ਸਰੀ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ

12 ਅਕਤੂਬਰ, 1971 ਨੂੰ ਡਾ. ਜਗਜੀਤ ਸਿੰਘ ਚੌਹਾਨ ਨੇ ਨਿਊਯਾਰਕ ਟਾਈਮਜ਼ 'ਚ ਇੱਕ ਇਸ਼ਤਿਹਾਰ ਪ੍ਰਕਾਸ਼ਿਤ ਕਰਵਾਇਆ, ਜਿਸ 'ਚ ਉਨ੍ਹਾਂ ਨੇ ਆਪਣੇ ਆਪ ਨੂੰ 'ਖਾਲਿਸਤਾਨ ਦਾ ਪਹਿਲਾ ਰਾਸ਼ਟਰਪਤੀ' ਐਲਾਨਿਆ ਸੀ।

ਉਸ ਸਮੇਂ ਬਹੁਤ ਘੱਟ ਲੋਕਾਂ ਨੇ ਇਸ ਐਲਾਨ ਵੱਲ ਧਿਆਨ ਦਿੱਤਾ ਪਰ 80 ਦੇ ਦਹਾਕੇ ਤੱਕ ਖਾਲਿਸਤਾਨ ਦੀ ਲਹਿਰ ਜ਼ੋਰ ਫੜਨ ਲੱਗੀ ਸੀ।

ਪੰਜਾਬ ਪੁਲਿਸ ਦੇ ਅੰਕੜਿਆਂ ਮੁਤਾਬਕ, 1981 ਤੋਂ 1993 ਦੇ ਅਰਸੇ ਦੌਰਾਨ 12 ਸਾਲਾਂ ਤੱਕ ਖਾਲਿਸਤਾਨ ਨੂੰ ਲੈ ਕੇ ਚੱਲੀ ਹਿੰਸਾ ਦੌਰਾਨ 21,469 ਜਾਨਾਂ ਗਈਆਂ।

23 ਜੂਨ, 1985 ਨੂੰ ਖਾਲਿਸਤਾਨੀ ਵੱਖਵਾਦੀਆਂ ਨੇ ਮੌਂਟਰੀਅਲ ਤੋਂ ਮੁੰਬਈ ਆ ਰਹੇ ਏਅਰ ਇੰਡੀਆ ਦੇ ਜਹਾਜ਼ ਕਨਿਸ਼ਕ ਵਿੱਚ ਇੱਕ ਟਾਈਮ ਬੰਬ ਰੱਖਿਆ, ਜਿਸ ਦੇ ਕਾਰਨ ਆਇਰਲੈਂਡ ਦੇ ਤੱਟ ਦੇ ਨਜ਼ਦੀਕ ਜਹਾਜ਼ ਵਿੱਚ ਧਮਾਕਾ ਹੋਇਆ ਅਤੇ 329 ਲੋਕਾਂ ਦੀ ਮੌਤ ਹੋ ਗਈ।

9/11 ਤੋਂ ਪਹਿਲਾਂ ਇਹ ਇਤਿਹਾਸ ਦਾ ਸਭ ਤੋਂ ਵੱਡਾ ਅੱਤਵਾਦੀ ਹਮਲਾ ਸੀ।

ਦੋ ਜਣਿਆਂ ਨੇ ਜਾਂਚ ਕਰਵਾਈ ਪਰ ਜਹਾਜ਼ 'ਚ ਸਵਾਰ ਨਾ ਹੋਏ

ਖਾਲਿਸਤਾਨੀ ਆਗੂ ਜਗਜੀਤ ਸਿੰਘ ਚੌਹਾਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਖਾਲਿਸਤਾਨੀ ਆਗੂ ਜਗਜੀਤ ਸਿੰਘ ਚੌਹਾਨ

ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਵਿੱਚ ਤਲਵਿੰਦਰ ਪਰਮਾਰ ਦੇ ਪੀਲੀ ਪੱਗ ਵਾਲੇ ਸਾਥੀ ਨੇ 3005 ਡਾਲਰ ਖਰਚ ਕਰਕੇ ਬਿਜ਼ਨਸ ਕਲਾਸ ਦੀਆਂ ਦੋ ਟਿਕਟਾਂ ਖਰੀਦੀਆਂ।

ਵੈਨਕੂਵਰ ਤੋਂ ਉਡਾਣ ਭਰਨ ਵਾਲੇ ਦੋ ਜਹਾਜ਼ਾਂ 'ਚ ਡਾਇਨਾਮਾਈਟ ਅਤੇ ਟਾਈਮਰਜ਼ ਨਾਲ ਭਰੇ ਦੋ ਸੂਟਕੇਸ ਚੈੱਕ ਇਨ ਕਰਵਾਉਣ 'ਚ ਵੀ ਸਫ਼ਲ ਰਹੇ।

ਇੱਕ ਜਹਾਜ਼ ਨੇ ਪੱਛਮ 'ਚ ਟੋਕੀਓ ਵੱਲ ਉਡਾਣ ਭਰੀ, ਤਾਂ ਕਿ ਉਹ ਏਅਰ ਇੰਡੀਆ ਦੀ ਬੈਂਕਾਕ ਅਤੇ ਮੁੰਬਈ ਜਾਣ ਵਾਲੀਆਂ ਉਡਾਣਾਂ ਨਾਲ ਕਨੇਕਟ ਕਰ ਸਕੇ।

ਦੂਜੇ ਜਹਾਜ਼ ਨੇ ਪੂਰਬ ਵੱਲ ਉਡਾਣ ਭਰੀ ਤਾਂ ਕਿ ਉਹ ਟੋਰਾਂਟੋ ਅਤੇ ਮੌਂਟਰੀਅਲ ਤੋਂ ਲੰਡਨ ਅਤੇ ਨਵੀਂ ਦਿੱਲੀ ਜਾਣ ਵਾਲੀਆਂ ਉਡਾਣਾਂ ਨਾਲ ਜੁੜ ਸਕੇ।

ਕਿਸੇ ਨੇ ਵੀ ਇਸ ਗੱਲ ਵੱਲ ਧਿਆਨ ਹੀ ਨਹੀਂ ਦਿੱਤਾ ਕਿ ਚੈੱਕ ਇਨ ਕਰਨ ਵਾਲੇ ਦੋ ਮੁਸਾਫ਼ਰ ਐਮ ਸਿੰਘ ਅਤੇ ਐਲ ਸਿੰਘ ਜਹਾਜ਼ 'ਚ ਸਵਾਰ ਹੀ ਨਹੀਂ ਹੋਏ ਹਨ। ਚੈੱਕ ਇਨ ਕਰਨ ਤੋਂ ਬਾਅਦ ਉਹ ਹਵਾਈ ਅੱਡੇ ਤੋਂ ਗਾਇਬ ਹੋ ਗਏ ਸਨ।

ਕੁਝ ਸਮਾਂ ਪਹਿਲਾਂ ਪ੍ਰਕਾਸ਼ਿਤ ਹੋਈ ਕਿਤਾਬ 'ਬਲੱਡ ਫ਼ਾਰ ਬਲੱਡ ਫ਼ਿਫ਼ਟੀ ਈਅਰਜ਼ ਆਫ਼ ਗਲੋਬਲ ਖਾਲਿਸਤਾਨ ਪ੍ਰੋਜਕੈਟ' ਦੇ ਲੇਖਕ ਕੈਨੇਡੀਅਨ ਪੱਤਰਕਾਰ ਟੈਰੀ ਮਿਲੇਸਕੀ ਨੇ ਆਪਣੀ ਕਿਤਾਬ 'ਚ ਲਿਖਿਆ ਹੈ, "ਐਮ ਸਿੰਘ ਦੇ ਪਿੱਛੇ ਕਤਾਰ 'ਚ ਲੱਗੇ ਯਾਤਰੀ ਨੇ ਯਾਦ ਕਰਦਿਆਂ ਦੱਸਿਆ ਕਿ ਐਮ ਸਿੰਘ ਬਹੁਤ ਹੀ ਸਾਵਧਾਨੀ ਨਾਲ ਆਪਣੇ ਪੈਰ ਨਾਲ ਆਪਣੇ ਸੂਟਕੇਸ ਨੂੰ ਅਗਾਂਹ ਵੱਲ ਧੱਕ ਰਹੇ ਸਨ।

''ਜਿਵੇਂ-ਜਿਵੇਂ ਯਤਾਰੀਆਂ ਦੀ ਕਤਾਰ ਅੱਗੇ ਵੱਧ ਰਹੀ ਸੀ, ਉਸ ਨੇ ਇੱਕ ਵਾਰ ਵੀ ਆਪਣੇ ਸੂਟਕੇਸ ਨੂੰ ਆਪਣੇ ਹੱਥ ਵਿੱਚ ਨਹੀਂ ਚੁੱਕਿਆ ਅਤੇ ਲਗਾਤਾਰ ਆਪਣੇ ਪੈਰ ਨਾਲ ਹੀ ਉਸ ਨੂੰ ਅੱਗੇ ਧੱਕਦਾ ਰਿਹਾ।"

ਕਨਿਸ਼ਕ ਕਾਂਡ

ਤਸਵੀਰ ਸਰੋਤ, Harper colins

55 ਮਿੰਟਾਂ ਦੇ ਵਕਫ਼ੇ 'ਚ ਦੋ ਧਮਾਕੇ

ਟੋਕੀਓ ਵੱਲ ਜਾ ਰਹੇ ਜਹਾਜ਼ 'ਚ ਨਰਿਤਾ ਹਵਾਈ ਅੱਡੇ 'ਤੇ ਉਸ ਸਮੇਂ ਧਮਾਕਾ ਹੋਇਆ ਜਦੋਂ ਜਹਾਜ਼ ਤੋਂ ਸਮਾਨ ਉਤਾਰ ਕੇ ਏਅਰ ਇੰਡੀਆ ਦੇ ਜਹਾਜ਼ 'ਚ ਲੱਦਿਆ (ਲੋਡ) ਜਾ ਰਿਹਾ ਸੀ।

ਇਸ ਧਮਾਕੇ ਵਿੱਚ ਸਮਾਨ ਲੱਦਣ ਵਾਲੇ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਹੋਰ ਚਾਰ ਹੋਰ ਜਣੇ ਜ਼ਖਮੀ ਹੋ ਗਏ ਸਨ।

ਸ਼ਾਇਦ ਇਹੀ ਕਾਰਨ ਸੀ ਕਿ ਸੂਟਕੇਸ ਨੂੰ ਜਾਂ ਤਾਂ ਧੱਕਿਆ ਜਾ ਰਿਹਾ ਸੀ ਜਾਂ ਫਿਰ ਬੰਬ ਰੱਖਣ ਵਾਲਿਆਂ ਤੋਂ ਸਮੇਂ ਦਾ ਅੰਦਾਜ਼ਾ ਲਗਾਉਣ 'ਚ ਮਾਮੂਲੀ ਗਲਤੀ ਹੋ ਗਈ ਸੀ।

ਨਰਿਤਾ 'ਚ ਹੋਏ ਧਮਾਕੇ ਤੋਂ 55 ਮਿੰਟ ਬਾਅਦ, ਏਅਰ ਇੰਡੀਆ ਦੀ ਫਲਾਈਟ ਨੰਬਰ 182 'ਚ ਆਇਰਲੈਂਡ ਦੇ ਦੱਖਣ-ਪੱਛਮੀ ਤੱਟ 'ਤੇ ਧਮਾਕਾ ਹੋਇਆ , ਜਿਸ 'ਚ ਜਹਾਜ਼ ਦੇ ਅਮਲੇ ਸਮੇਤ 329 ਲੋਕਾਂ ਦੀ ਮੌਤ ਹੋ ਗਈ ਸੀ।

ਸ਼ੈਨਨ ਹਵਾਈ ਅੱਡੇ ਦੇ ਏਅਰ ਟ੍ਰੈਫਿਕ ਕੰਟਰੋਲ ਦੀ ਟਰਾਂਸਕ੍ਰਿਪਟ 'ਚ ਦੱਸਿਆ ਗਿਆ, " ਸਵੇਰੇ 7 ਵੱਜ ਕੇ 14 ਮਿੰਟ 'ਤੇ ਇੱਕ ਹਲਕੀ ਜਿਹੀ ਚੀਕ ਸੁਣਾਈ ਦਿੱਤੀ ਅਤੇ ਅਜਿਹਾ ਲੱਗਿਆ ਕਿ ਜਿਵੇਂ ਕਿ ਹਵਾ ਦਾ ਇੱਕ ਤੇਜ਼ ਬੁਲਾ ਪਾਇਲਟ ਦੇ ਮਾਈਕ੍ਰੋਫੋਨ ਨਾਲ ਵੱਜਿਆ ਹੈ। ਇਸ ਤੋਂ ਬਾਅਦ ਸੰਨਾਟਾ ਛਾ ਗਿਆ। ਟ੍ਰੈਫਿਕ ਕੰਟਰੋਲਰ ਨੇ ਲਗਾਤਾਰ ਤਿੰਨ ਮਿੰਟ ਤੱਕ ਜਹਾਜ਼ ਨਾਲ ਸੰਪਰਕ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸ ਨੂੰ ਕੋਈ ਜਵਾਬ ਨਾ ਮਿਲਿਆ ।"

ਨਰਿਤਾ ਹਵਾਈ ਅੱਡੇ ਦੇ ਬਾਹਰ ਧਮਾਕੇ ਤੋਂ ਬਾਅਦ ਦਾ ਮੰਜ਼ਰ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਨਰਿਤਾ ਹਵਾਈ ਅੱਡੇ ਦੇ ਬਾਹਰ ਧਮਾਕੇ ਤੋਂ ਬਾਅਦ ਦਾ ਮੰਜ਼ਰ

ਕੰਟਰੋਲਰ ਨੇ ਉਸੇ ਸਮੇਂ ਪਿੱਛੇ ਤੋਂ ਆ ਰਹੇ ਟੀ ਡਬਲਿਊ ਏ ਜਹਾਜ਼ ਦੇ ਪਾਇਲਟ ਨਾਲ ਸੰਪਰਕ ਕੀਤਾ ਅਤੇ ਉਸ ਨੂੰ ਪੁੱਛਿਆ ਕਿ ਕੀ ਉਸ ਨੂੰ ਆਪਣੇ ਆਸ-ਪਾਸ ਹੇਠਾਂ ਵੱਲ ਕੋਈ ਚੀਜ਼ ਵਿਖਾਈ ਦੇ ਰਹੀ ਹੈ ? ਪਾਇਲਟ ਨੇ ਕਵਾਬ ਦਿੱਤਾ ਕਿ ਉਹ ਕੁਝ ਵੀ ਨਹੀਂ ਵੇਖ ਪਾ ਰਿਹਾ ਹੈ।

ਜਹਾਜ਼ ਨਾਲੋਂ ਸੰਪਰਕ ਟੁੱਟਿਆਂ 6 ਮਿੰਟ ਹੋ ਚੁੱਕੇ ਸਨ। ਫਿਰ ਉਨ੍ਹਾਂ ਨੂੰ ਕੈਨੇਡੀਅਨ ਪੈਸੀਫਿਕ ਏਅਰ ਦਾ ਇੱਕ ਜਹਾਜ਼ ਆਉਂਦਾ ਵਿਖਾਈ ਦਿੱਤਾ। ਉਸ ਨੂੰ ਵੀ ਅੱਗੇ ਉੱਡਣ ਵਾਲੇ ਟੀਡਬਲਿਊਏ ਜਹਾਜ਼ ਦੀ ਤਰ੍ਹਾਂ ਕੁਝ ਵੀ ਨਾ ਵਿਖਾਈ ਦਿੱਤਾ।

ਕੰਟਰੋਲਰ ਨੇ ਟੀਡਬਲਿਊਏ ਜਹਾਜ਼ ਨੂੰ ਗੁਜ਼ਾਰਿਸ਼ ਕੀਤੀ ਕਿ ਉਹ ਖੇਤਰ ਦਾ ਇੱਕ ਚੱਕਰ ਲਗਾਵੇ। ਪਾਇਲਟ ਅਜਿਹਾ ਕਰਨ ਲਈ ਰਜ਼ਾਮੰਦ ਹੋ ਗਿਆ ਅਤੇ ਜਹਾਜ਼ ਅੱਗੇ ਵੱਧਣ ਦੀ ਬਜਾਏ ਏਅਰ ਇੰਡੀਆ ਦੇ ਜਹਾਜ਼ ਦੀ ਭਾਲ 'ਚ ਪਿੱਛੇ ਵੱਲ ਨੂੰ ਮੁੜਿਆ। ਕੈਨੇਡੀਅਨ ਪੈਸੀਫਿਕ ਏਅਰ ਦੇ ਜਹਾਜ਼ ਦਾ ਪਾਇਲਟ ਵੀ ਧਿਆਨ ਨਾਲ ਹੇਠਾਂ ਵੱਲ ਵੇਖ ਰਿਹਾ ਸੀ।

ਉਸ ਨੇ ਕੰਟਰੋਲਰ ਨੂੰ ਪੁੱਛਿਆ ਕਿ ਕੀ ਤੁਸੀਂ ਏਅਰ ਇੰਡੀਆ ਦੇ ਜਹਾਜ਼ ਨੂੰ ਰਡਾਰ 'ਤੇ ਵੇਖ ਪਾ ਰਹੇ ਹੋ ?

ਜਵਾਬ ਆਇਆ, " ਨੈਗੇਟਿਵ। ਉਹ ਸਕਰੀਨ ਤੋਂ ਗਾਇਬ ਹੈ।"

131 ਲਾਸ਼ਾਂ ਹੀ ਬਾਹਰ ਕੱਢੀਆਂ ਜਾ ਸਕੀਆਂ

ਕਨਿਸ਼ਕ ਕਾਂਡ

ਤਸਵੀਰ ਸਰੋਤ, The Cork Examiner

ਹੁਣ ਤੱਕ 20 ਮਿੰਟ ਬੀਤ ਚੁੱਕੇ ਸਨ। ਟੀਡਬਲਿਊਏ ਜਹਾਜ਼ ਦਾ ਈਂਧਨ ਖ਼ਤਮ ਹੋ ਰਿਹਾ ਸੀ, ਇਸ ਲਈ ਉਸ ਨੇ ਲੰਡਨ ਵੱਲ ਵਾਪਸ ਜਾਣ ਦੀ ਇਜਾਜ਼ਤ ਮੰਗੀ। ਕੰਟਰੋਲਰ ਨੇ ਪਾਇਲਟ ਦਾ ਧੰਨਵਾਦ ਕੀਤਾ।

ਏਅਰ ਇੰਡੀਆ ਦੇ ਜਹਾਜ਼ ਦੇ ਹੇਠਾਂ ਡਿੱਗਣ ਦਾ ਪਤਾ ਉਸ ਸਮੇਂ ਲੱਗਿਆ ਜਦੋਂ ਬ੍ਰਿਟੇਨ ਦੇ ਇੱਕ ਕਾਰਗੋ ਜਹਾਜ਼ ਨੇ ਸਭ ਤੋਂ ਪਹਿਲਾਂ ਏਅਰ ਇੰਡੀਆ ਦੇ ਜਹਾਜ਼ ਦਾ ਮਲਬਾ ਵੇਖਿਆ। ਜਹਾਜ਼ 31,000 ਫੁੱਟ ਦੀ ਉਚਾਈ ਤੋਂ ਅਟਲਾਂਟਿਕ ਮਹਾਂਸਾਗ 'ਚ ਡਿੱਗਿਆ ਸੀ। ਬਾਅਦ 'ਚ ਕੀਤੀ ਗਈ ਖੋਜ 'ਚ ਸਿਰਫ 131 ਲਾਸ਼ਾਂ ਹੀ ਬਾਹਰ ਕੱਢੀਆਂ ਜਾ ਸਕੀਆਂ ਸਨ।

18 ਸਾਲ ਬਾਅਦ ਵੈਨਕੂਵਰ 'ਚ ਚੱਲ ਰਹੇ ਮੁਕੱਦਮੇ 'ਚ ਮਰਨ ਵਾਲਿਆਂ ਦੇ ਰਿਸ਼ਤੇਦਾਰਾਂ ਦੇ ਸਾਹਮਣੇ ਮਿਸ ਡੀ ਨੇ ਗਵਾਹੀ ਦਿੰਦਿਆ ਕਿਹਾ ਕਿ ਉਨ੍ਹਾਂ ਨੇ ਬੱਬਰ ਖਾਲਸਾ ਦੇ ਫੰਡਰੇਜ਼ਰ ਰਿਪੁਦਮਨ ਸਿੰਘ ਮਲਿਕ ਨੂੰ ਇਹ ਕਹਿੰਦਿਆਂ ਸੁਣਿਆ ਹੈ , " ਜੇਕਰ ਨਰਿਟਾ ਹਵਾਈ ਅੱਡੇ 'ਤੇ ਜਹਾਜ਼ ਸਮੇਂ ਸਿਰ ਉਤਰਦਾ ਤਾਂ ਕਿਤੇ ਵੱਧ ਨੁਕਸਾਨ ਹੋਣਾ ਸੀ। ਕਿਤੇ ਵਧੇਰੇ ਮੌਤਾਂ ਹੁੰਦੀਆਂ ਅਤੇ ਲੋਕਾਂ ਨੂੰ ਪਤਾ ਲੱਗਦਾ ਕਿ ਅਸੀਂ ਕੌਣ ਹਾਂ। ਉਨ੍ਹਾਂ ਨੂੰ ਖਾਲਿਸਤਾਨ ਦੇ ਮਾਅਨੇ ਪਤਾ ਲੱਗਦੇ ਅਤੇ ਨਾਲ ਹੀ ਉਨ੍ਹਾਂ ਨੂੰ ਇਸ ਗੱਲ ਦਾ ਗਿਆਨ ਵੀ ਹੁੰਦਾ ਕਿ ਅਸੀਂ ਕਿਸ ਲਈ ਲੜ੍ਹ ਰਹੇ ਹਾਂ।"

ਪੀੜ੍ਹਤਾਂ ਪ੍ਰਤੀ ਆਇਰਿਸ਼ ਲੋਕਾਂ ਦਾ ਹਮਦਰਦ ਰਵੱਈਆ

ਆਇਰਲੈਂਡ ਵਿੱਚ ਮ੍ਰਿਤਕਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਲੋਕ
ਤਸਵੀਰ ਕੈਪਸ਼ਨ, ਆਇਰਲੈਂਡ ਵਿੱਚ ਮ੍ਰਿਤਕਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਲੋਕ

ਹਾਦਸੇ 'ਚ ਮਰਨ ਵਾਲਿਆਂ 'ਚ 268 ਕੈਨੇਡੀਅਨ ਨਾਗਰਿਕ ਸਨ, ਜਿੰਨ੍ਹਾਂ 'ਚੋਂ ਜ਼ਿਆਦਾਤਰ ਭਾਰਤੀ ਮੂਲ ਦੇ ਸਨ। ਇੰਨ੍ਹਾਂ ਵਿੱਚ 27 ਬ੍ਰਿਟਿਸ਼ ਅਤੇ 24 ਭਾਰਤੀ ਨਾਗਰਿਕ ਸਨ। ਇਸ ਜਹਾਜ਼ ਹਾਦਸੇ 'ਚ ਬੱਚਿਆਂ ਨੇ ਆਪਣੇ ਮਾਤਾ-ਪਿਤਾ ਅਤੇ ਮਾਪਿਆਂ ਨੇ ਆਪਣੇ ਬੱਚੇ ਗੁਆ ਲਏ ਸਨ। ਕੁੱਲ 299 ਪਰਿਵਾਰ ਪੂਰੀ ਤਰ੍ਹਾਂ ਨਾਲ ਤਬਾਹ ਹੋ ਗਏ ਸਨ।

ਫਲਾਈਟ ਨੰਬਰ 182 'ਚ ਹੋਏ ਧਾਮਕੇ ਦਾ ਸ਼ਿਕਾਰ ਹੋਈ ਰਾਮਵਤੀ ਦਾ ਪੁੱਤਰ ਸੁਸ਼ੀਲ ਗੁਪਤਾ ਉਸ ਸਮੇਂ ਮਹਿਜ਼ 12 ਸਾਲਾਂ ਦਾ ਸੀ। ਉਹ ਆਪਣੀ ਮਾਂ ਦੀ ਲਾਸ਼ ਦੀ ਭਾਲ 'ਚ ਆਪਣੇ ਪਿਤਾ ਦੇ ਨਾਲ ਆਇਰਲੈਂਡ ਗਏ ਸਨ।

ਜਦੋਂ ਇਸ ਘਟਨਾ ਦੀ ਨਿਆਇਕ ਜਾਂਚ ਸ਼ੁਰੂ ਹੋਈ ਤਾਂ ਉਨ੍ਹਾਂ ਦੀ ਉਮਰ 33 ਸਾਲ ਹੋ ਗਈ ਸੀ। ਬਾਅਦ 'ਚ ਉਨ੍ਹਾਂ ਨੇ ਜਾਂਚ ਕਮਿਸ਼ਨ ਦੇ ਸਾਹਮਣੇ ਗਵਾਹੀ ਦਿੰਦਿਆਂ ਕਿਹਾ ਕਿ "ਕੈਨੇਡੀਅਨ ਸਰਕਾਰ ਦੇ ਅਧਿਕਾਰੀਆਂ ਨੂੰ ਸਾਡੀ ਕੋਈ ਪਰਵਾਹ ਨਹੀਂ ਸੀ। ਉਨ੍ਹਾਂ ਦੀ ਨਜ਼ਰ 'ਚ ਇਹ ਉਨ੍ਹਾਂ ਦਾ ਨਹੀਂ ਬਲਕਿ ਭਾਰਤ ਦਾ ਦੁੱਖ ਸੀ। ਉਨ੍ਹਾਂ ਲਈ ਤਾਂ ਇਹ ਵੀ ਮਾਅਨੇ ਨਹੀਂ ਰੱਖਦਾ ਸੀ ਕਿ ਅਸੀਂ ਕੈਨੇਡੀਅਨ ਨਾਗਰਿਕ ਸੀ।"

"ਇਸ ਦੇ ਮੁਕਾਬਲੇ ਆਇਰਸ਼ ਲੋਕਾਂ ਦਾ ਸਾਡੇ ਪ੍ਰਤੀ ਰਵੱਈਆ ਬਹੁਤ ਹੀ ਹਮਦਰਦੀ ਵਾਲਾ ਸੀ। ਇੱਕ ਵਾਰ ਉੱਥੇ ਮੀਂਹ ਪੈਣਾ ਸ਼ੁਰੂ ਹੋ ਗਿਆ ਤਾਂ ਸਾਡੇ ਕੋਲ ਰੇਨਕੋਟ ਨਹੀਂ ਸਨ। ਇਸ ਦੌਰਾਨ ਤਿੰਨ ਆਇਰਿਸ਼ ਲੋਕ ਸਾਡੇ ਕੋਲ ਆਏ। ਉਸ ਸਮੇਂ ਅਸੀਂ ਰੋ ਰਹੇ ਸੀ।"

''ਉਨ੍ਹਾਂ ਨੇ ਸਾਨੂੰ ਜੱਫੀ ਪਾਈ ਅਤੇ ਇੱਕ ਵਿਅਕਤੀ ਨੇ ਆਪਣਾ ਰੇਨਕੋਟ ਉਤਾਰ ਕੇ ਮੇਰੇ ਪਿਤਾ ਜੀ ਨੂੰ ਦੇ ਦਿੱਤਾ। ਦੂਜੇ ਵਿਅਕਤੀ ਨੇ ਆਪਣੀ ਜੈਕੇਟ ਲਾਹ ਕੇ ਮੈਨੂੰ ਦੇ ਦਿੱਤੀ। ਉਸ ਨੇ ਜੈਕੇਟ ਦਾ ਹੁੱਡ ਮੇਰੇ ਸਿਰ 'ਤੇ ਕਰਦਿਆਂ ਕਿਹਾ ਕਿ ਮੈਂ ਹਮੇਸ਼ਾਂ ਲਈ ਉਸ ਜੈਕੇਟ ਨੂੰ ਰੱਖ ਸਕਦਾ ਹਾਂ। ਮੇਰੇ ਪਿਤਾ ਨੂੰ ਦਿੱਤਾ ਗਿਆ ਰੇਨਕੋਟ ਅੱਜ ਵੀ ਮੇਰੇ ਕੋਲ ਸਾਂਭਿਆ ਪਿਆ ਹੈ।"

ਇਹ ਵੀ ਪੜ੍ਹੋ-

ਸਿਰਫ਼ ਇੱਕ ਵਿਅਕਤੀ ਨੂੰ ਸਜ਼ਾ

ਇੰਦਰਜੀਤ ਸਿੰਘ ਰਿਆਤ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਬੰਬ ਬਣਾਉਣ ਲਈ ਸਮੱਗਰੀ ਜੁਟਾਉਣ ਦੇ ਇਲਜ਼ਾਮ ਵਿੱਚ ਇੰਦਰਜੀਤ ਸਿੰਘ ਰਿਆਤ ਨੂੰ ਸਜ਼ਾ ਸੁਣਾਈ ਗਈ

ਜਾਂਚ ਸ਼ੁਰੂ ਹੋਣ ਤੋਂ ਕੁਝ ਸਮੇਂ ਬਾਅਦ ਹੀ ਇਹ ਗੱਲ ਸਾਹਮਣੇ ਆਈ ਕਿ ਜਹਾਜ਼ 'ਚ ਬੰਬ ਕੈਨੇਡੀਅਨ ਨਾਗਰਿਕਾਂ ਨੇ ਰੱਖੇ ਸਨ।

ਕੈਨੇਡਾ 'ਚ ਬਾਅਦ 'ਚ ਆਈ ਹਰ ਸਰਕਾਰ ਨੇ ਸਫ਼ਾਈ ਦਿੱਤੀ ਕਿ ਉਨ੍ਹਾਂ ਨੂੰ ਏਅਰ ਇੰਡੀਆ ਦੇ ਜਹਾਜ਼ 'ਤੇ ਹਮਲੇ ਬਾਰੇ ਕੋਈ ਅਗਾਊਂ ਜਾਣਕਾਰੀ ਨਹੀਂ ਸੀ, ਪਰ ਤੱਥ ਇਸ ਤੋਂ ਉਲਟ ਸਨ।

ਟੈਰੀ ਮਿਲਸੇਕੀ ਲਿਖਦੇ ਹਨ, " ਅੱਜ ਤੱਕ 9 ਸ਼ੱਕੀਆਂ 'ਚੋਂ ਸਿਰਫ ਇੱਕ ਇੰਦਰਜੀਤ ਸਿੰਘ ਰਿਆਤ ਨੂੰ ਹੀ ਸਜ਼ਾ ਮਿਲੀ ਹੈ, ਜਿਸ ਨੇ ਬੰਬ ਬਣਾਇਆ ਸੀ।

ਬਚਾਅ ਪੱਖ ਦੇ ਵਕੀਲਾਂ ਨੇ ਸਰਕਾਰੀ ਪੱਖ ਦੇ ਵਕੀਲਾਂ ਦੇ ਵਿਰੁੱਧ ਅਜਿਹੀਆਂ ਦਲੀਲਾਂ ਪੇਸ਼ ਕੀਤੀਆਂ ਕਿ ਚਾਰ ਸਾਲ ਤੱਕ ਚੱਲੇ ਮੁਕੱਦਮੇ 'ਚ ਬੱਬਰ ਖਾਲਸਾ ਦੇ ਲੋਕ ਬਰੀ ਹੋ ਗਏ। 21 ਸਾਲ ਬਾਅਦ ਜਦੋਂ ਨਿਆਂਇਕ ਕਮਿਸ਼ਨ ਦਾ ਗਠਨ ਹੋਇਆ ਤਾਂ ਉਦੋਂ ਕਿਤੇ ਲੋਕਾਂ ਨੂੰ ਪਤਾ ਲੱਗਿਆ ਕਿ ਅਸਲ ਗਲਤੀ ਕਿੱਥੇ ਹੋਈ ਸੀ।"

ਦਰਅਸਲ, 1982 'ਚ ਹੀ ਕੈਨੇਡਾ ਦੇ ਸੁਰੱਖਿਆ ਬਲਾਂ ਨੂੰ ਅੰਦਾਜ਼ਾ ਹੋ ਗਿਆ ਸੀ ਕਿ ਕੈਨੇਡਾ 'ਚ ਬੱਬਰ ਖਾਲਸਾ ਦੀਆਂ ਗਤੀਵਿਧੀਆਂ ਜਾਰੀ ਹਨ। ਉਨ੍ਹਾਂ ਦੇ ਆਗੂ ਤਲਵਿੰਦਰ ਪਰਮਾਰ ਦੀ ਇੱਕ ਕਤਲ ਮਾਮਲੇ 'ਚ ਭਾਲ ਜਾਰੀ ਸੀ ਅਤੇ ਉਹ ਆਪਣੇ ਭਾਸ਼ਣਾਂ 'ਚ ਕਹਿ ਰਹੇ ਹਨ ਕਿ ਭਾਰਤੀ ਜਹਾਜ਼ ਅਸਮਾਨ ਤੋਂ ਹੇਠਾਂ ਡਿੱਗਣਗੇ।

ਪਹਿਲਾਂ ਤੋਂ ਮਿਲੀ ਖੁਫ਼ੀਆ ਜਾਣਕਾਰੀ

ਤਲਵਿੰਦਰ ਸਿੰਘ ਪਰਮਾਰ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਤਲਵਿੰਦਰ ਸਿੰਘ ਪਰਮਾਰ

ਕੈਨੇਡਾ ਦੀ ਸੁਰੱਖਿਆ ਏਜੰਸੀ ਸੀਐਸਆਈਐਸ ਏਅਰ ਇੰਡੀਆ ਦੇ ਜਹਾਜ਼ 'ਚ ਬੰਬ ਫੱਟਣ ਤੋਂ ਤਿੰਨ ਮਹੀਨੇ ਪਹਿਲਾਂ ਤੋਂ ਨਾ ਸਿਰਫ ਬੱਬਰ ਖਾਲਸਾ ਦੇ ਆਗੂ ਤਲਵਿੰਦਰ ਸਿੰਘ ਪਰਮਾਰ 'ਤੇ ਨਜ਼ਰ ਰੱਖ ਰਹੀ ਸੀ ਬਲਕਿ ਉਨ੍ਹਾਂ ਦੀਆਂ ਗੱਲਾਂ ਵੀ ਟੇਪ ਕਰ ਰਹੀ ਸੀ।

ਜਾਂਚ ਕਮਿਸ਼ਨ ਦੀ ਸੁਣਵਾਈ ਦੌਰਾਨ ਸੀਐਸਆਈਐਸ ਦੇ ਏਜੰਟ ਰੇ ਕੋਬਜ਼ੀ ਨੇ ਗਵਾਹੀ ਦਿੰਦਿਆਂ ਕਿਹਾ, " ਅਸੀਂ ਵੇਖ ਸਕਦੇ ਸੀ ਕਿ ਤਲਵਿੰਦਰ ਪਰਮਾਰ ਹਿੰਸਾ 'ਤੇ ਤੁਲਿਆ ਹੋਇਆ ਸੀ। ਜਿਵੇਂ ਹੀ ਮੈਨੂੰ ਪਤਾ ਲੱਗਿਆ ਕਿ ਏਅਰ ਇੰਡੀਆ ਦੀ ਫਲਾਈਟ 182 ਹਾਦਸਾਗ੍ਰਸਤ ਹੋ ਗਈ ਹੈ ਤਾਂ ਮੇਰੇ ਮੂੰਹ 'ਚੋਂ ਨਿਕਲਿਆ, ਇਸ ਧਮਾਕਾ ਪੱਕਾ ਪਰਮਾਰ ਨੇ ਕੀਤਾ ਹੋਵੇਗਾ।"

ਇੰਨਾਂ ਹੀ ਨਹੀਂ ਅਗਸਤ 1984 'ਚ ਇੱਕ ਫਰੈਂਚ ਮੂਲ ਦੇ ਕੈਨੇਡੀਅਨ ਅਪਰਾਧੀ ਗੈਰੀ ਬੂਡਰਾਓ ਨੇ ਰਾਇਲ ਕੈਨੇਡੀਅਨ ਮਾਊਂਟੇਡ ਪੁਲਿਸ ਨੂੰ ਦੱਸਿਆ ਸੀ ਕਿ ਵੈਨਕੂਵਰ ਦੇ ਕੁਝ ਸਿੱਖਾਂ ਨੇ ਉਸ ਨੂੰ ਮੌਂਟਰੀਅਲ ਤੋਂ ਲੰਡਣ ਜਾਣ ਵਾਲੀ ਏਅਰ ਇੰਡੀਆ ਦੀ ਫਲਾਈਟ 182 'ਚ ਬੰਬ ਰੱਖਣ ਲਈ 2 ਲੱਖ ਡਾਲਰ ਨਕਦ ਦੇਣ ਦੀ ਪੇਸ਼ਕਸ਼ ਕੀਤੀ ਸੀ।"

ਉਸ ਨੇ ਯਾਦ ਕਰਦਿਆਂ ਦੱਸਿਆ ਕਿ "ਇੱਕ ਵਿਅਕਤੀ ਮੇਰੇ ਕੋਲ 2 ਲੱਖ ਡਾਲਰਾਂ ਨਾਲ ਭਰਿਆ ਸੂਟਕੇਸ ਲੈ ਕੇ ਆਇਆ ਸੀ। ਮੈਂ ਆਪਣੀ ਜ਼ਿੰਦਗੀ 'ਚ ਬਹੁਤ ਹੀ ਘਿਨਾਉਣੇ ਅਪਰਾਧ ਕੀਤੇ ਹਨ । ਪਰ ਜਹਾਜ਼ 'ਚ ਬੰਬ ਰੱਖਣਾ ਮੇਰੇ ਸੁਭਾਅ 'ਚ ਸ਼ਾਮਲ ਨਹੀਂ ਸੀ। ਇਸ ਲਈ ਮੈਂ ਪੁਲਿਸ ਨੂੰ ਇਸ ਬਾਰੇ ਸੂਚਨਾ ਦੇ ਦਿੱਤੀ ਸੀ।"

ਪੁਲਿਸ ਨੇ ਬੁਡਰਾਓ ਦੀ ਕਹਾਣੀ 'ਚ ਯਕੀਨ ਨਾ ਕੀਤਾ , ਪਰ ਇੱਕ ਮਹੀਨੇ ਬਾਅਦ ਇੱਕ ਹੋਰ ਵਿਅਕਤੀ ਨੇ ਪੁਲਿਸ ਨੂੰ ਇਸੇ ਯੋਜਨਾ ਦੀ ਸੂਚਨਾ ਦਿੱਤੀ।

ਇੱਕ ਸਿੱਖ ਹਰਮੈਲ ਸਿੰਘ ਗਰੇਵਾਲ ਨੇ ਵੈਨਕੂਵਰ ਪੁਲਿਸ ਨੂੰ ਦੱਸਿਆ ਕਿ ਉਸ ਦੇ ਕੁਝ ਸਾਥੀ ਇੱਕ ਵਿਅਕਤੀ ਗੈਰੀ ਬੁਡਰਾਓ ਦੇ ਰਾਹੀਂ ਭਾਰਤੀ ਜਹਾਜ਼ ਉਡਾਉਣ ਦੀ ਯੋਜਨਾ ਬਣਾ ਰਹੇ ਹਨ। ਦਰਅਸਲ ਗਰੇਵਾਲ ਨੇ ਦੋ ਜਹਾਜ਼ਾਂ ਅਤੇ ਦੋ ਬੰਬਾਂ ਦੀ ਗੱਲ ਕੀਤੀ ਸੀ, ਜੋ ਕਿ ਬਾਅਦ 'ਚ ਸੱਚ ਸਾਬਤ ਹੋਈ।

ਕਈ ਸੁਰਾਗਾਂ ਨੂੰ ਕੀਤਾ ਗਿਆ ਨਜ਼ਰਅੰਦਾਜ

ਹਾਦਸੇ ਦਾ ਸ਼ਿਕਾਰ ਹੋਏ ਜਹਾਜ਼ ਦੇ ਟੁਕੜੇ ਜੋ ਬਾਅਦ ਵਿੱਚ ਮਿਲੇ

ਤਸਵੀਰ ਸਰੋਤ, AFP

ਤਸਵੀਰ ਕੈਪਸ਼ਨ, ਹਾਦਸੇ ਦਾ ਸ਼ਿਕਾਰ ਹੋਏ ਜਹਾਜ਼ ਦੇ ਟੁਕੜੇ ਜੋ ਬਾਅਦ ਵਿੱਚ ਮਿਲੇ

ਦਰਅਸਲ, ਏਅਰ ਇੰਡੀਆ ਦੇ ਜਹਾਜ਼ 'ਤੇ ਹੋਏ ਬੰਬ ਧਮਾਕੇ ਤੋਂ ਤਿੰਨ ਹਫ਼ਤੇ ਪਹਿਲਾਂ ਹੀ ਏਅਰ ਇੰਡੀਆ ਅਤੇ ਰਾਇਲ ਕੈਨੇਡਾ ਮਾਊਂਟੇਡ ਪੁਲਿਸ ਨੂੰ ਦੱਸ ਦਿੱਤਾ ਗਿਆ ਸੀ ਕਿ ਉਨ੍ਹਾਂ ਨੂੰ ਸਮਾਨ 'ਚ ਲੁਕਾ ਕੇ ਲਿਆਂਦੇ ਗਏ ਟਾਈਮ ਬੰਬ ਦੀ ਨਿਗਰਾਨੀ ਕਰਨੀ ਹੈ।

ਪਰ ਇਸ ਦੇ ਬਾਵਜੂਦ ਇੱਕ ਸੈਮਸੋਨਾਈਟ ਸੂਟਕੇਸ ਨੂੰ ਬਿਨਾਂ ਜਾਂਚ ਦੇ ਹੀ ਜਹਾਜ਼ 'ਚ ਜਾਣ ਦਿੱਤਾ ਗਿਆ। ਜਾਂਚ ਕਮਿਸ਼ਨ ਦੇ ਮੁਖੀ ਜਸਟਿਸ ਮੇਜਰ ਨੇ ਟਿੱਪਣੀ ਕੀਤੀ, " ਇਹ ਸਮਝ ਤੋਂ ਬਾਹਰ ਹੈ ਕਿ ਸੁਰੱਖਿਆ ਏਜੰਸੀਆਂ ਨੇ ਇੰਨ੍ਹੇ ਸੁਰਾਗ ਮਿਲਣ ਤੋਂ ਬਾਅਦ ਵੀ ਉਨ੍ਹਾਂ ਦੀ ਜਾਂਚ ਕਰਨ ਦੀ ਕੋਈ ਲੋੜ ਕਿਉਂ ਨਹੀਂ ਸਮਝੀ।"

4 ਜੂਨ, 1985 ਨੂੰ ਜਦੋਂ ਪਰਮਾਰ ਵੈਨਕੂਵਰ ਆਈਲੈਂਡ ਇਹ ਵੇਖਣ ਲਈ ਗਿਆ ਕਿ ਇੰਦਰਜੀਤ ਰਿਆਤ ਕਿਸ ਤਰ੍ਹਾਂ ਨਾਲ ਬੰਬ ਬਣਾ ਰਿਹਾ ਹੈ ਤਾਂ ਸੀਐਸਆਈਐਸ ਦੇ ਅਧਿਕਾਰੀਆਂ ਨੇ ਉਸ ਦਾ ਪਿੱਛਾ ਕੀਤਾ। ਟੈਰੀ ਮੇਲੇਸਕੀ ਲਿਖਦੇ ਹਨ, " ਉਨ੍ਹਾਂ ਲੋਕਾਂ ਨੇ ਜੰਗਲ 'ਚ ਜਾ ਕੇ ਇੱਕ ਧਮਾਕਾ ਕੀਤਾ, ਪਰ ਸੀਐਸਆਈਐਸ ਦੇ ਅਧਿਕਾਰੀਆਂ ਨੇ ਇਸ ਦੀ ਰਿਪੋਰਟ ਵਿਭਾਗ 'ਚ ਨਹੀਂ ਕੀਤੀ।

ਉਨ੍ਹਾਂ ਨੂੰ ਕਿਹਾ ਗਿਆ ਸੀ ਕਿ ਉਨ੍ਹਾਂ ਦਾ ਕੰਮ ਸਿਰਫ ਪਰਮਾਰ ਦੀ ਨਿਗਰਾਨੀ ਕਰਨਾ ਹੈ, ਉਸ ਦੇ ਕਿਸੇ ਵੀ ਕੰਮ 'ਚ ਦਖਲਅੰਦਾਜ਼ੀ ਕਰਨਾ ਨਹੀਂ। ਇਸ ਲਈ ਉਨ੍ਹਾਂ ਨੇ ਇਹੀ ਕੀਤਾ।

ਉਨ੍ਹਾਂ ਨੇ ਕੈਨੇਡੀਅਨ ਪੁਲਿਸ ਨੂੰ ਕਦੇ ਵੀ ਨਹੀਂ ਕਿਹਾ ਕਿ ਉਹ ਪਰਮਾਰ ਨੂੰ ਰੋਕ ਕੇ ਉਸ ਦੀ ਤਲਾਸ਼ੀ ਲੈਣ ਅਤੇ ਉਸ ਮਨਸੂਬਿਆਂ ਬਾਰੇ ਪੁੱਛਣ। ਸਭ ਤੋਂ ਵੱਡੇ ਸ਼ੱਕੀ ਨੇ ਜੰਗਲ 'ਚ ਧਮਾਕਾ ਕੀਤਾ, ਪਰ ਸੁਰੱਖਿਆ ਬਲਾਂ ਦੇ ਸਿਰ 'ਤੇ ਜੂੰ ਵੀ ਨਾ ਸਰਕੀ।"

ਕੈਨੇਡਾ ਦੇ ਮਨਿਸਟਰ ਆਫ਼ ਪਬਲਿਕ ਸੇਫ਼ਟੀ ਨੂੰ ਇਹ ਹਾਦਸੇ ਤੋਂ ਉੱਠੇ ਜਨਤਾ ਨਾਲ ਜੁੜੇ ਮੁੱਦਿਆਂ ਉੱਪਰ ਸਲਾਹ ਦੇਣ ਲਈ ਨਿਯੁਕਤ ਕੀਤੇ ਗਏ ਬੌਬ ਰੇਅ ਨੇ ਆਪਣੀ ਰਿਪੋਰਟ ਵਿੱਚ ਲਿਖਿਆ, ''ਉਡਾਣ ਤੋਂ ਇੱਕ ਹਫ਼ਤਾ ਪਹਿਲਾਂ, ਕੈਨੇਡੀਅਨ ਨਾਗਰਿਕਾਂ ਦਾ ਇੱਕ ਸਮੂਹ ਜਹਾਜ਼ ਨੂੰ ਉਡਾਉਣ ਦੀ ਗੋਂਦ ਗੁੰਦ ਰਿਹਾ ਸੀ।''

''ਇਸ ਦੀ ਸਾਜਿਸ਼ ਕੈਨੇਡਾ ਦੇ ਸਿੱਖ ਸਮਾਜ ਅਤੇ ਜਿੱਥੇ ਵੀ ਪੰਜਾਬ ਵਿੱਚ ਇੱਕ ਸੁਤੰਤਰ ਸਿੱਖ ਰਾਜ ਦੇ ਮਕਸਦ ਲਈ ਕੰਮ ਕੀਤਾ ਜਾ ਰਿਹਾ ਸੀ ਵਿੱਚ ਅਧਾਰਿਤ ਸੀ।''

ਸਿੱਖਾਂ ਨੂੰ ਏਅਰ ਇੰਡੀਆ 'ਚ ਸਫ਼ਰ ਨਾ ਕਰਨ ਦੀ ਸਲਾਹ

ਸਮੁੰਦਰ ਵਿੱਚ ਵਹਿੰਦਾ ਹੋਇਆ ਜਹਾਜ਼ ਦਾ ਦਰਵਾਜਾ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਸਮੁੰਦਰ ਵਿੱਚ ਵਹਿੰਦਾ ਹੋਇਆ ਜਹਾਜ਼ ਦਾ ਦਰਵਾਜਾ

ਇਸ ਘਟਨਾ ਨੇ ਇਹ ਗੱਲ ਸਾਹਮਣੇ ਲਿਆਂਦੀ ਕਿ ਸੁਰੱਖਿਆ ਏਜੰਸੀਆਂ ਵਿਚਾਲੇ ਕੋਈ ਤਾਲਮੇਲ ਨਹੀਂ ਸੀ।

ਜਾਂਚ ਕਮਿਸ਼ਨ ਦੇ ਮੁਖੀ ਜਸਟਿਸ ਜੌਨ ਮੇਜਰ ਨੇ ਆਪਣੀ ਰਿਪੋਰਟ 'ਚ ਲਿਖਿਆ , "ਜੇਕਰ ਕੈਨੇਡੀਅਨ ਪੁਲਿਸ ਨੂੰ ਪਤਾ ਹੁੰਦਾ ਕਿ ਸੀਐਸਆਈਐਸ ਨੂੰ ਕਿਸ ਗੱਲ ਦੀ ਜਾਣਕਾਰੀ ਹੈ ਅਤੇ ਜੇਕਰ ਸੀਐਸਆਈਐਸ ਨੂੰ ਪਤਾ ਹੁੰਦਾ ਕਿ ਕੈਨੇਡੀਅਨ ਪੁਲਿਸ ਕੀ ਜਾਣਦੀ ਹੈ ਤਾਂ ਇਸ ਦੀ ਗੱਲ ਦੀ ਪੂਰੀ ਸੰਭਾਵਨਾ ਹੁੰਦੀ , ਬਲਕਿ ਇਹ ਯਕੀਨੀ ਹੋ ਜਾਂਦਾ ਕਿ ਏਅਰ ਇੰਡੀਆ ਦੇ ਜਹਾਜ਼ ਨੂੰ ਹਾਦਸਾਗ੍ਰਸਤ ਕਰਨ ਦੀ ਯੋਜਨਾ ਨੂੰ ਨਾਕਾਮ ਕਰ ਦਿੱਤਾ ਜਾਂਦਾ।"

ਜਹਾਜ਼ ਦੇ ਹਾਦਸਾਗ੍ਰਸਤ ਹੋਣ ਤੋਂ ਦੋ ਹਫ਼ਤੇ ਪਹਿਲਾਂ ਪਰਮਾਰ ਅਤੇ ਅਜਾਇਬ ਸਿੰਘ ਬਾਗੜੀ ਇੱਕਠੇ ਟੋਰਾਂਟੋ ਗਏ ਸਨ ਅਤੇ ਉਨ੍ਹਾਂ ਨੇ ਹਵਾਈ ਅੱਡੇ ਦੇ ਨਜ਼ਦੀਕ ਮੋਲਟਨ ਗੁਰਦੁਆਰਾ ਸਾਹਿਬ ਵਿਖੇ ਵਿਚਾਰ ਕਰਦਿਆਂ ਕਿਹਾ ਸੀ ਕਿ ਇੱਥੇ ਮੌਜੂਦ ਲੋਕ ਏਅਰ ਇੰਡੀਆ ਰਾਹੀਂ ਸਫ਼ਰ ਨਾ ਕਰਨ, ਕਿਉਂਕਿ ਅਜਿਹਾ ਕਰਨਾ ਸੁਰੱਖਿਅਤ ਨਹੀਂ ਹੋਵੇਗਾ।

ਬਾਅਦ 'ਚ ਪ੍ਰਕਾਸ਼ ਬੇਦੀ ਨੇ ਏਅਰ ਇੰਡੀਆ ਜਾਂਚ ਕਮਿਸ਼ਨ ਦੇ ਸਾਹਮਣੇ ਗਵਾਹੀ ਦਿੰਦਿਆਂ ਕਿਹਾ ਸੀ, "ਜਦੋਂ ਮੈਂ ਚੈੱਕ ਪੁਆਇੰਟ ਤੋਂ ਵਾਪਸ ਪਰਤਿਆ ਤਾਂ ਮੈਂ ਵੇਖਿਆ ਕਿ ਬ੍ਰਿਟਿਸ਼ ਏਅਰਵੇਜ਼ ਦੀ ਫਲਾਈਟ 'ਚ ਜ਼ਿਆਦਾਤਰ ਯਾਤਰੀ ਸਿੱਖ ਸਨ, ਜਦਕਿ ਏਅਰ ਇੰਡੀਆ ਦੀ ਫਲਾਈਟ ਕਤਾਰ ਵਿੱਚ ਬਹੁਤ ਘੱਟ ਸਿੱਖ ਸਨ। ਇਸ ਬਾਰੇ ਮੈਂ ਆਪਣੇ ਇੱਕ ਦੋਸਤ ਤੋਂ ਪੁੱਛਿਆ ਵੀ ਕਿ ਬ੍ਰਿਟਿਸ਼ ਏਅਰਵੇਜ਼ ਦੀ ਫਲਾਈਟ 'ਚ ਇੰਨੇ ਸਿੱਖ ਕਿਉਂ ਸਫ਼ਰ ਕਰ ਰਹੇ ਹਨ ਤਾਂ ਉਸ ਨੇ ਜਵਾਬ ਦਿੱਤਾ ਕਿ ਸਿੱਖ ਏਅਰ ਇੰਡੀਆ ਦਾ ਬਾਈਕਾਟ ਕਰ ਰਹੇ ਹਨ।"

12 ਜੂਨ ਨੂੰ ਵੈਨਕੂਵਰ ਸਿਟੀ ਪੁਲਿਸ ਨੇ ਸਿੱਖ ਕੱਟੜਪੰਥੀਆਂ ਦੀ ਇੱਕ ਬੈਠਕ ਦੀ ਜਾਸੂਸੀ ਕੀਤੀ, ਜਿੱਥੇ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਦੇ ਮਨਮੋਹਨ ਸਿੰਘ ਨੇ ਪਰਮਾਰ ਦੇ ਇੱਕ ਸਮਰਥਕ ਪੁਸ਼ਪਿੰਦਰ ਸਿੰਘ 'ਤੇ ਇਲਜ਼ਾਮ ਲਾਇਆ ਕਿ ਉਹ ਇੰਨੇ ਲੋਕਾਂ ਨੂੰ ਨਹੀਂ ਮਰਵਾ ਰਹੇ ਹਨ, ਜਿੰਨਿਆਂ ਨੂੰ ਮਰਵਾਇਆ ਜਾਣਾ ਚਾਹੀਦਾ ਹੈ।

ਕਾਂਸਟੇਬਲ ਗੈਰੀ ਕਲਾਰਕ ਮਾਰਲੋ ਨੇ ਏਅਰ ਇੰਡੀਆ ਮੁਕੱਦਮੇ 'ਚ ਪੇਸ਼ ਕੀਤੇ ਆਪਣੇ ਹਲਫ਼ਨਾਮੇ 'ਚ ਕਿਹਾ, " ਮਨਮੋਹਨ ਸਿੰਘ ਨੇ ਪੁਸ਼ਪਿੰਦਰ ਸਿੰਘ ਵੱਲ ਉਂਗਲੀ ਕਰਦਿਆਂ ਸ਼ਿਕਾਇਤ ਕੀਤੀ ਕਿ ਹੁਣ ਤੱਕ ਕੋਈ ਵੀ ਭਾਰਤੀ ਰਾਜਦੂਤ ਨਹੀਂ ਮਾਰਿਆ ਗਿਆ ਹੈ। ਤੁਸੀਂ ਕੀ ਕਰ ਰਹੇ ਹੋ ? ਕੁਝ ਨਹੀਂ। ਇਸ 'ਤੇ ਪੁਸ਼ਪਿੰਦਰ ਸਿੰਘ ਨੇ ਜਵਾਬ ਦਿੱਤਾ, ਤੁਸੀਂ ਵੇਖੋਗੇ। ਦੋ ਹਫ਼ਤਿਆਂ ਦੇ ਅੰਦਰ-ਅੰਦਰ ਕੁਝ ਨਾ ਕੁਝ ਜ਼ਰੂਰ ਹੋਵੇਗਾ।"

ਇਸ ਤੋਂ 11 ਦਿਨਾਂ ਬਾਅਦ ਹੀ ਭਾਰਤੀ ਜਹਾਜ਼ 'ਚ ਧਮਾਕਾ ਹੋ ਗਿਆ।

ਚੈੱਕ ਇਨ ਕਾਊਂਟਰ 'ਤੇ ਬਹਿਸ

ਗੁੱਡੀ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਬਚਾਅ ਕਰਮੀਆਂ ਨੂੰ ਇਸ ਹਾਦਸੇ ਵਿੱਚ ਮਾਰੀ ਗਈ ਇੱਕ ਬੱਚੀ ਦੀ ਗੁੱਡੀ ਮਿਲੀ ਸੀ

ਜਦੋਂ ਇੱਕ ਸ਼ੱਕੀ, ਐਮ ਸਿੰਘ ਵੈਨਕੂਵਰ 'ਚ ਸੀਪੀ ਏਅਰ ਦੇ ਚੈੱਕ ਇਨ ਕਾਊਨਟਰ 'ਤੇ ਪਹੁੰਚਿਆ ਤਾਂ ਕਾਊਂਟਰ 'ਤੇ ਮੌਜੂਦ ਔਰਤ ਜੈਨੀ ਐਡਮਜ਼ ਨੇ ਉਸ ਨੂੰ ਕਿਹਾ ਕਿ ਟੋਰਾਂਟੋ ਤੋਂ ਏਅਰ ਇੰਡੀਆ ਰਾਹੀਂ ਉਨ੍ਹਾਂ ਦੀ ਬੁਕਿੰਗ ਦੀ ਪੁਸ਼ਟੀ ਨਹੀਂ ਹੋਈ ਹੈ, ਇਸ ਲਈ ਉਹ ਉਨ੍ਹਾਂ ਦੇ ਸੂਟਕੇਸ ਨੂੰ ਚੈੱਕ ਇਨ ਨਹੀਂ ਕਰ ਸਕਦੀ ਹੈ। ਉਨ੍ਹਾਂ ਨੂੰ ਟੋਰਾਂਟੋ ਤੋਂ ਆਪਣਾ ਸੂਟਕੇਸ ਲੈ ਕੇ ਏਅਰ ਇੰਡੀਆ ਦੀ ਫਲਾਈਟ 'ਚ ਮੁੜ ਚੈੱਕ ਇਨ ਕਰਨਾ ਹੋਵੇਗਾ।

ਐਮ ਸਿੰਘ ਨੇ ਕਾਊਂਟਰ 'ਤੇ ਮੌਜੂਦ ਔਰਤ ਨਾਲ ਬਹਿਸ ਕਰਦਿਆਂ ਕਿਹਾ ਕਿ ਉਸ ਨੇ ਬਿਜ਼ਨੇਸ ਕਲਾਸ ਦੀਆਂ ਟਿਕਟਾਂ ਖਰੀਦੀਆਂ ਹਨ, ਉਸ ਨੂੰ ਇਸ ਤਰ੍ਹਾਂ ਦੀ ਪ੍ਰੇਸ਼ਾਨੀ 'ਚੋਂ ਨਹੀਂ ਲੰਘਣਾ ਚਾਹੀਦਾ।

ਜੈਨੀ ਨੇ ਵੇਖਿਆ ਕਿ ਐਮ ਸਿੰਘ ਦੇ ਪਿੱਛੇ ਯਾਤਰੀਆਂ ਦੀ ਲੰਮੀ ਕਤਾਰ ਲੱਗੀ ਹੋਈ ਹੈ, ਇਸ ਲਈ ਉਸ ਨੇ ਸਿੰਘ ਦੀ ਗੱਲ ਮੰਨ ਲਈ ਅਤੇ ਉਸ ਦੇ ਸੂਟਕੇਸ ਨੂੰ ਇੰਟਰਲਾਈਨ ਕਰ ਦਿੱਤਾ ਤਾਂ ਕਿ ਉਸ ਨੂੰ ਟੋਰਾਂਟੋ 'ਚ ਮੁੜ ਚੈੱਕ ਇਨ ਦੀ ਲੋੜ ਨਾ ਪਵੇ।

ਜੇਕਰ ਏਅਰ ਇੰਡੀਆ ਨੇ ਇਸ ਦੀ ਜਾਂਚ ਕੀਤੀ ਹੁੰਦੀ ਕਿ ਸੀਪੀ ਏਅਰ ਤੋਂ ਆਉਣ ਵਾਲੇ ਸੂਟਕੇਸ ਦਾ ਯਾਤਰੀ ਵੀ ਉਸ ਨਾਲ ਆਇਆ ਹੈ ਜਾਂ ਨਹੀਂ, ਜਾਂ ਸੀਪੀ ਏਅਰ ਨੂੰ ਇਹ ਜਾਣਕਾਰੀ ਮਿਲ ਜਾਂਦੀ ਕਿ ਉਸ ਦੇ ਜਹਾਜ਼ ਵਿੱਚ ਸਮਾਨ ਚੈੱਕ ਇਨ ਕਰਵਾਉਣ ਵਾਲਾ ਵਿਅਕਤੀ ਜਹਾਜ਼ 'ਚ ਸਵਾਰ ਹੋਇਆ ਹੀ ਨਹੀਂ ਤਾਂ ਇਤਿਹਾਸ ਕੁਝ ਹੋਰ ਹੀ ਹੋਣਾ ਸੀ।

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)