ਮਿਆਂਮਾਰ ਭੂਚਾਲ ਵਿੱਚ 1600 ਤੋਂ ਵੱਧ ਲੋਕਾਂ ਦੀ ਮੌਤ, ਭਾਰਤ ਨੇ ਭੇਜੀ ਮਦਦ

ਮਿਆਂਮਾਰ ਭੂਚਾਲ

ਤਸਵੀਰ ਸਰੋਤ, Getty Images

ਮਿਆਂਮਾਰ ਦੇ ਮਿਲਟਰੀ ਕਾਊਂਸਲ ਨੇ ਦੱਸਿਆ ਹੈ ਕਿ ਸ਼ੁੱਕਰਵਾਰ ਨੂੰ ਆਏ ਸ਼ਕਤੀਸ਼ਾਲੀ ਭੂਚਾਲ ਵਿੱਚ ਮਰਨ ਵਾਲਿਆਂ ਦੀ ਗਿਣਤੀ 1644 ਹੋ ਗਈ ਹੈ।

ਫੌਜੀ ਆਗੂਆਂ ਨੇ ਕਿਹਾ ਹੈ ਕਿ ਭੂਚਾਲ ਨਾਲ ਜ਼ਖਮੀ ਹੋਏ ਲੋਕਾਂ ਦੀ ਗਿਣਤੀ ਕੇ 3408 ਹੋ ਗਈ ਹੈ ਅਤੇ 139 ਲੋਕ ਅਜੇ ਵੀ ਲਾਪਤਾ ਹਨ।

ਇਸ ਤੋਂ ਪਹਿਲਾਂ, ਮਿਆਂਮਾਰ ਦੇ ਫੌਜੀ ਸ਼ਾਸਨ ਦੇ ਮੁਖੀ ਮਿਨ ਆਂਗ ਹਲਯੇਂਗ ਨੇ ਕਿਹਾ ਸੀ ਕਿ ਮ੍ਰਿਤਕਾਂ ਅਤੇ ਜ਼ਖਮੀਆਂ ਦੀ ਗਿਣਤੀ ਹੋਰ ਵਧ ਸਕਦੀ ਹੈ।

ਭੂਚਾਲ ਦੇ ਕੇਂਦਰ ਦੇ ਸਭ ਤੋਂ ਨੇੜੇ ਦੇ ਸ਼ਹਿਰ ਮਾਂਡਲੇ ਵਿੱਚ ਹੀ 694 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ। ਜਦਕਿ ਰਾਜਧਾਨੀ ਨੇਪੀਡਾ ਵਿੱਚ 94 ਲੋਕਾਂ ਦੀ ਮੌਤ ਹੋ ਗਈ ਹੈ।

ਲੰਘੇ ਸ਼ੁੱਕਰਵਾਰ ਨੂੰ ਆਏ ਜ਼ਬਰਦਸਤ ਭੂਚਾਲ ਨੇ ਮਿਆਂਮਾਰ ਵਿੱਚ ਜੀਵਨ ਤਹਿਸ-ਨਹਿਸ ਕਰ ਦਿੱਤਾ ਹੈ।

ਭਾਰਤ ਨੇ ਭੇਜੀ ਮਦਦ

ਭਾਰਤ ਨੇ ਭੇਜੀ ਮਦਦ

ਤਸਵੀਰ ਸਰੋਤ, ANI

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਮਿਆਂਮਾਰ ਵਿੱਚ ਆਏ ਭੂਚਾਲ ਤੋਂ ਬਾਅਦ ਮਿਆਂਮਾਰ ਦੇ ਸੀਨੀਅਰ ਜਨਰਲ ਅਤੇ ਫੌਜੀ ਸ਼ਾਸਕ ਮਿਨ ਆਂਗ ਹਲਯੇਂਗ ਨਾਲ ਗੱਲ ਕੀਤੀ।

ਇਹ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਐਕਸ 'ਤੇ ਪੋਸਟ ਕੀਤਾ, "ਮਿਆਂਮਾਰ ਦੇ ਸੀਨੀਅਰ ਜਨਰਲ ਮਿਨ ਆਂਗ ਹਲਯੇਂਗ ਨਾਲ ਗੱਲ ਕੀਤੀ। ਵਿਨਾਸ਼ਕਾਰੀ ਭੂਚਾਲ ਵਿੱਚ ਹੋਏ ਜਾਨੀ ਨੁਕਸਾਨ 'ਤੇ ਆਪਣੀ ਡੂੰਘੀ ਸੰਵੇਦਨਾ ਪ੍ਰਗਟ ਕੀਤੀ। ਇੱਕ ਕਰੀਬੀ ਦੋਸਤ ਅਤੇ ਗੁਆਂਢੀ ਹੋਣ ਦੇ ਨਾਤੇ, ਭਾਰਤ ਇਸ ਮੁਸ਼ਕਲ ਸਮੇਂ ਵਿੱਚ ਮਿਆਂਮਾਰ ਦੇ ਲੋਕਾਂ ਦੇ ਨਾਲ ਖੜ੍ਹਾ ਹੈ।"

ਪ੍ਰਧਾਨ ਮੰਤਰੀ ਮੋਦੀ ਨੇ ਮਿਆਂਮਾਰ ਦੀ ਮਦਦ ਲਈ ਭਾਰਤ ਵੱਲੋਂ ਸ਼ੁਰੂ ਕੀਤੇ ਗਏ ਆਪ੍ਰੇਸ਼ਨ ਬ੍ਰਹਮਾ ਦੇ ਹੈਸ਼ਟੈਗ ਨੂੰ ਜੋੜਦੇ ਹੋਏ ਲਿਖਿਆ, "ਆਫ਼ਤ ਰਾਹਤ ਸਮੱਗਰੀ, ਮਾਨਵਤਾਵਾਦੀ ਸਹਾਇਤਾ, ਖੋਜ ਅਤੇ ਬਚਾਅ ਟੀਮਾਂ ਬਿਨਾਂ ਕਿਸੇ ਦੇਰੀ ਦੇ ਪ੍ਰਭਾਵਿਤ ਖੇਤਰਾਂ ਵਿੱਚ ਭੇਜੀਆਂ ਜਾ ਰਹੀਆਂ ਹਨ।"

ਮਿਆਂਮਾਰ ਵਿੱਚ ਆਏ ਭੂਚਾਲ ਤੋਂ ਬਾਅਦ, ਭਾਰਤ 'ਆਪ੍ਰੇਸ਼ਨ ਬ੍ਰਹਮਾ' ਤਹਿਤ ਉੱਥੇ ਮਦਦ ਭੇਜ ਰਿਹਾ ਹੈ।

ਭਾਰਤੀ ਵਿਦੇਸ਼ ਮੰਤਰੀ ਐਸ ਜੈਸ਼ੰਕਰ ਦੇ ਅਨੁਸਾਰ, 118 ਮੈਂਬਰੀ ਭਾਰਤੀ ਫੌਜ ਦੀ ਫੀਲਡ ਹਸਪਤਾਲ ਯੂਨਿਟ ਸ਼ਨੀਵਾਰ ਨੂੰ ਆਗਰਾ ਤੋਂ ਮਾਂਡਲੇ ਲਈ ਰਵਾਨਾ ਹੋਈ।

ਇਹ ਟੀਮ ਮਿਆਂਮਾਰ ਦੇ ਲੋਕਾਂ ਨੂੰ ਮੁੱਢਲੀ ਸਹਾਇਤਾ ਅਤੇ ਐਮਰਜੈਂਸੀ ਡਾਕਟਰੀ ਸੇਵਾਵਾਂ ਪ੍ਰਦਾਨ ਕਰਨ ਵਿੱਚ ਮਦਦ ਕਰੇਗੀ।

ਭਾਰਤੀ ਜਲ ਸੈਨਾ ਦੇ ਜਹਾਜ਼ਾਂ ਆਈਐਨਐਸ ਸਤਪੁਰਾ ਅਤੇ ਆਈਐਨਐਸ ਸਾਵਿਤਰੀ ਰਾਹੀਂ 40 ਟਨ ਮਨੁੱਖੀ ਸਹਾਇਤਾ ਭੇਜੀ ਗਈ ਹੈ।

ਮਿਆਂਮਾਰ ਭੂਚਾਲ

ਤਸਵੀਰ ਸਰੋਤ, Getty Images

ਸ਼ਨੀਵਾਰ ਨੂੰ, ਭਾਰਤ ਤੋਂ ਰਾਸ਼ਟਰੀ ਆਪਦਾ ਪ੍ਰਤੀਕਿਰਿਆ ਬਲ (ਐਨਡੀਆਰਐਫ) ਦੀ ਇੱਕ 80 ਮੈਂਬਰੀ ਟੀਮ ਵੀ ਬਚਾਅ ਕਾਰਜਾਂ ਵਿੱਚ ਸਹਾਇਤਾ ਲਈ ਮਿਆਂਮਾਰ ਨੂੰ ਰਵਾਨਾ ਹੋਈ।

ਇਸ ਤੋਂ ਇਲਾਵਾ, ਭਾਰਤੀ ਹਵਾਈ ਸੈਨਾ ਦੇ ਸੀ-130 ਜਹਾਜ਼ ਰਾਹੀਂ ਕੰਬਲ, ਤਰਪਾਲਾਂ, ਸਫਾਈ ਕਿੱਟਾਂ, ਸਲੀਪਿੰਗ ਬੈਗ, ਸੋਲਰ ਲੈਂਪ, ਫੂਡ ਪੈਕੇਟ ਅਤੇ ਰਸੋਈ ਸੈੱਟ ਵੀ ਮਿਆਂਮਾਰ ਭੇਜੇ ਗਏ ਹਨ।

ਬੀਬੀਸੀ ਪੰਜਾਬੀ ਵੱਟਸਐਪ ਚੈਨਲ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਮਿਆਂਮਾਰ ਦੇ ਨਾਲ-ਨਾਲ ਥਾਈਲੈਂਡ ਅਤੇ ਚੀਨ ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਥਾਈਲੈਂਡ ਦੀ ਰਾਜਧਾਨੀ ਬੈਂਕਾਕ ਵਿੱਚ ਭੂਚਾਲ ਦੇ ਤੇਜ਼ ਝਟਕਿਆਂ ਕਾਰਨ ਇੱਕ 30 ਮੰਜ਼ਿਲਾ ਇਮਾਰਤ ਢਹਿ ਗਈ ਅਤੇ ਉੱਥੇ ਕੰਮ ਕਰ ਰਹੇ 43 ਕਾਮੇ ਮਲਬੇ ਵਿੱਚ ਫਸ ਗਏ।

ਇਮਾਰਤਾਂ ਹਿੱਲਣ ਲੱਗੀਆਂ ਤਾਂ ਲੋਕ ਬੁਰੀ ਤਰ੍ਹਾਂ ਡਰ ਗਏ ਅਤੇ ਗਲੀਆਂ ਵੱਲ ਭੱਜਣ ਲੱਗੇ। ਕਈ ਇਮਾਰਤਾਂ ਦੀਆਂ ਛੱਤਾਂ 'ਤੇ ਬਣੇ ਸਵੀਮਿੰਗ ਪੂਲਾਂ ਦਾ ਪਾਣੀ ਸੜਕਾਂ 'ਤੇ ਵਗਦਾ ਦੇਖਿਆ ਗਿਆ।

ਬੀਬੀਸੀ ਨੇ ਭੂਚਾਲ ਪੀੜਿਤ ਕਈ ਲੋਕਾਂ ਨਾਲ ਗੱਲ ਕੀਤੀ ਹੈ...

''ਉਨ੍ਹਾਂ ਦੇ ਬਚਣ ਦੀ ਸੰਭਾਵਨਾ ਜ਼ੀਰੋ ਹੈ''

ਮਿਆਂਮਾਰ ਭੂਚਾਲ

ਤਸਵੀਰ ਸਰੋਤ, BBC Burmese Service

ਮਿਆਂਮਾਰ ਦੇ ਮਾਂਡਲੇ 'ਚ ਰਹਿਣ ਵਾਲੇ ਇੱਕ ਵਿਅਕਤੀ ਨੇ ਭੂਚਾਲ ਦੇ ਪਲ ਨੂੰ ਯਾਦ ਕਰਦਿਆਂ ਬੀਬੀਸੀ ਬਰਮੀਜ਼ ਨੂੰ ਦੱਸਿਆ ''ਮੈਂ ਬਾਥਰੂਮ ਵਿੱਚ ਸੀ ਜਦੋਂ ਭੂਚਾਲ ਆਇਆ। ਜਿਸ ਪਲ ਇਹ ਸ਼ੁਰੂ ਹੋਇਆ ਉਸ ਤੋਂ ਹੀ ਜ਼ਮੀਨ ਜ਼ੋਰ ਨਾਲ ਹਿੱਲ ਗਈ - ਇਹ ਲਗਭਗ 10 ਸਕਿੰਟ ਤੱਕ ਚੱਲਿਆ ਹੋਣਾ।''

''ਸਾਡਾ ਪੂਰਾ ਘਰ ਮੇਰੀਆਂ ਅੱਖਾਂ ਦੇ ਸਾਹਮਣੇ ਢਹਿ ਗਿਆ। ਜਿਵੇਂ ਹੀ ਇਹ ਮੇਰੇ ਉੱਤੇ ਡਿੱਗਣ ਵਾਲਾ ਸੀ, ਮੈਂ ਠੋਕਰ ਖਾ ਕੇ ਥੱਲੇ ਡਿੱਗ ਪਿਆ।''

''ਮੈਂ ਸਾਹ ਵੀ ਨਹੀਂ ਲੈ ਪਾ ਰਿਹਾ ਸੀ। ਬਾਅਦ ਵਿੱਚ, ਮੈਂ ਜਿਵੇਂ-ਤਿਵੇਂ ਮਦਦ ਲਈ ਚੀਕਿਆ। ਮੇਰੇ ਚਾਚਾ ਅਤੇ ਪਿਤਾ ਆਏ ਅਤੇ ਲਗਭਗ ਪੰਜ ਜਾਂ ਛੇ ਹੋਰ ਲੋਕ ਵੀ ਮੈਨੂੰ ਬਚਾਉਣ ਲਈ ਆਏ।

ਮਿਆਂਮਾਰ ਭੂਚਾਲ

''ਮਲਬੇ ਵਿੱਚੋਂ ਕੱਢੇ ਜਾਣ ਦੇ ਕੁਝ ਸਕਿੰਟਾਂ ਦੇ ਅੰਦਰ ਹੀ ਇੱਕ ਹੋਰ ਭੂਚਾਲ ਆਇਆ ਅਤੇ ਜਿਸ ਇਮਾਰਤ ਵੱਲ ਅਸੀਂ ਭੱਜ ਰਹੇ ਸੀ ਉਹ ਢਹਿ ਗਈ। ਮੈਂ ਇੰਨਾ ਡਰਿਆ ਹੋਇਆ ਸੀ ਅਤੇ ਇੰਨੇ ਦਰਦ ਵਿੱਚ ਸੀ ਕਿ ਮੈਂ ਤੁਰ ਵੀ ਨਹੀਂ ਸੀ ਸਕਦਾ। ਇਸ ਲਈ ਮੇਰੇ ਪਿਤਾ ਮੈਨੂੰ ਘੜੀਸ ਕੇ ਲੈ ਗਏ।''

ਉਨ੍ਹਾਂ ਅੱਗੇ ਦੱਸਿਆ, ''ਘਰ ਦੇ ਸੱਤ ਜੀਆਂ ਵਿੱਚੋਂ, ਮੇਰੇ ਸਣੇ ਦੋ ਹੋਰ ਚਾਚੀਆਂ ਨੂੰ ਬਚਾਇਆ ਗਿਆ, ਜਿਨ੍ਹਾਂ ਵਿੱਚੋਂ ਇੱਕ ਦੀ ਮੌਤ ਹੋ ਗਈ ਹੈ ਜਦੋਂ ਕਿ ਦੂਜੀ ਹਸਪਤਾਲ ਵਿੱਚ ਹੈ। ਮੇਰੀ ਦਾਦੀ, ਚਾਚੀ ਅਤੇ ਚਾਚੇ ਅਜੇ ਤੱਕ ਨਹੀਂ ਮਿਲੇ ਹਨ - ਉਹ ਅਜੇ ਵੀ ਮਲਬੇ ਹੇਠ ਫਸੇ ਹੋਏ ਹਨ।''

''ਉਨ੍ਹਾਂ ਦੇ ਬਚਣ ਦੀ ਸੰਭਾਵਨਾ ਜ਼ੀਰੋ ਹੈ। ਮੈਂ ਇਸ ਨੂੰ ਸਵੀਕਾਰ ਨਹੀਂ ਕਰ ਪਾ ਰਿਹਾ। ਇਹ ਪਲਕ ਝਪਕਦੇ ਹੀ, ਮੇਰੀਆਂ ਅੱਖਾਂ ਦੇ ਸਾਹਮਣੇ ਹੋਇਆ।''

''ਭਿਆਨਕ ਦ੍ਰਿਸ਼''

ਮਿਆਂਮਾਰ ਭੂਚਾਲ

ਤਸਵੀਰ ਸਰੋਤ, Getty Images

ਮਾਂਡਲੇ ਵਿੱਚ ਇੱਕ ਬਚਾਅ ਕਰਮਚਾਰੀ ਨੇ ਬੀਬੀਸੀ ਬਰਮੀ ਸੇਵਾ ਨੂੰ ਦੱਸਿਆ ਕਿ ਮਿਆਂਮਾਰ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਵਿੱਚ "ਜ਼ਿਆਦਾਤਰ ਇਮਾਰਤਾਂ ਢਹਿ ਗਈਆਂ ਹਨ"।

ਉਨ੍ਹਾਂ ਕਿਹਾ, "ਜਦੋਂ ਅਸੀਂ ਆਪਣਾ ਬਚਾਅ ਕਾਰਜ ਸ਼ੁਰੂ ਕੀਤਾ ਤਾਂ ਮਾਂਡਲੇ ਦਾ ਦ੍ਰਿਸ਼ ਬਹੁਤ ਭਿਆਨਕ ਸੀ। ਲੋਕ ਗਲੀਆਂ ਵਿੱਚ ਭੱਜ ਰਹੇ ਸਨ, ਚੀਕ ਰਹੇ ਸਨ ਅਤੇ ਰੋ ਰਹੇ ਸਨ।''

"ਸਾਨੂੰ ਮਲਬੇ ਵਿੱਚ ਫਸੇ ਲੋਕਾਂ ਨੂੰ ਬਚਾਉਣਾ ਪਿਆ। ਮਾਂਡਲੇ ਜਨਰਲ ਹਸਪਤਾਲ ਲਗਭਗ ਭਰ ਗਿਆ ਹੈ। ਬਹੁਤ ਸਾਰੇ ਮਰੀਜ਼ਾਂ ਨੂੰ ਦਿਲ ਦੇ ਦੌਰੇ ਪੈ ਰਹੇ ਹਨ।''

ਮਿਆਂਮਾਰ ਭੂਚਾਲ

ਤਸਵੀਰ ਸਰੋਤ, Reuters

ਬਚਾਅਕਰਤਾ ਨੇ ਸੁਰੱਖਿਆ ਕਾਰਨਾਂ ਕਰਕੇ ਆਪਣੀ ਪਛਾਣ ਗੁਪਤ ਰੱਖੀ ਅਤੇ ਕਿਹਾ ਕਿ ਹਸਪਤਾਲ ਖੁਦ ਭੂਚਾਲ ਨਾਲ ਨੁਕਸਾਨਿਆ ਗਿਆ ਹੈ।

ਬਚਾਅਕਰਤਾ ਮੁਤਾਬਕ, ਜਿਵੇਂ ਹੀ ਰਾਤ ਪਈ, "ਲੋਕਾਂ ਦੀ ਹਿੰਮਤ ਹੀ ਨਹੀਂ ਹੋਈ ਕਿ ਉਹ ਆਪਣੇ ਘਰਾਂ ਵਿੱਚ ਵਾਪਸ ਜਾਣ। ਉਹ ਬਹੁਤ ਡਰੇ ਹਨ। ਕੁਝ ਲੋਕ ਸੜਕ 'ਤੇ ਬੈਠੇ ਸਨ... ਉਨ੍ਹਾਂ ਨੂੰ ਨੀਂਦ ਹੀ ਨਹੀਂ ਆ ਰਹੀ ਸੀ।''

"ਆਪਣੇ ਪਰਿਵਾਰਾਂ, ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਆਪਣੀਆਂ ਅੱਖਾਂ ਸਾਹਮਣੇ ਹੀ ਅਚਾਨਕ ਗਾਇਬ ਹੁੰਦਿਆਂ ਦੇਖ ਉਹ ਡਰ ਗਏ ਹਨ।''

''ਇਹ ਸੱਚਮੁੱਚ ਤੇਜ਼ ਸੀ ਅਤੇ ਮੈਂ ਬਹੁਤ ਡਰ ਗਈ''

ਮਿਆਂਮਾਰ ਭੂਚਾਲ

ਤਸਵੀਰ ਸਰੋਤ, Reuters

ਬੀਬੀਸੀ ਪੱਤਰਕਾਰ ਮਾਰੀਆ ਜ਼ੈਕਾਰੋ ਨੇ ਦੱਸਿਆ ਕਿ ਕਿਵੇਂ ਮਾਂਡਲੇ ਸਕੂਲ ਦੀ ਇੱਕ ਅਧਿਆਪਕਾ ਨੇ ਆਪਣੀ ਜਾਨ ਬਚਾਈ।

ਅਧਿਆਪਕ ਨੇ ਦੱਸਿਆ ਕਿ ਜਦੋਂ ਭੂਚਾਲ ਆਇਆ ਤਾਂ ਉਹ ਆਪਣੇ ਹੋਰ ਸਾਥੀਆਂ ਨਾਲ ਸਕੂਲ ਦੇ ਦਫ਼ਤਰ ਵਿੱਚ ਸਨ। "ਪਹਿਲਾਂ ਤਾਂ ਅਸੀਂ ਮੇਜ਼ ਦੇ ਹੇਠਾਂ ਲੁਕਣ ਲਈ ਭੱਜੇ, ਪਰ ਬਾਅਦ ਵਿੱਚ ਸਭ ਕੁਝ ਸਾਡੇ 'ਤੇ ਡਿੱਗ ਪਿਆ।''

ਉਨ੍ਹਾਂ ਦੱਸਿਆ ਕਿ ਜਦੋਂ ਭੂਚਾਲ ਦੇ ਹੋਰ ਝਟਕੇ ਆ ਰਹੇ ਸਨ, ਉਸ ਵੇਲੇ ਉਹ ਬਾਹਰ ਇੱਕ ਖੁੱਲ੍ਹੇ ਮੈਦਾਨ ਵਿੱਚ ਜਾਣ ਵਿੱਚ ਕਾਮਯਾਬ ਹੋ ਗਏ।

ਉਨ੍ਹਾਂ ਕਿਹਾ, "ਅਸੀਂ ਆਪਣੀ ਸਕੂਲ ਦੀ ਇਮਾਰਤ ਨੂੰ ਹਿੱਲਦੇ, ਕੰਧਾਂ ਨੂੰ ਫਟਦੇ ਦੇਖ ਸਕਦੇ ਸੀ। ਇਹ ਸੱਚਮੁੱਚ ਤੇਜ਼ ਸੀ ਅਤੇ ਮੈਂ ਬਹੁਤ ਡਰ ਗਈ।''

ਉਹ ਖੁਦ ਤਾਂ ਬਚ ਗਏ ਹਨ ਪਰ ਭੂਚਾਲ ਆਉਣ ਤੋਂ ਘੰਟਿਆਂ ਬਾਅਦ ਜਦੋਂ ਉਹ ਆਪਣੇ ਘਰ ਪਹੁੰਚੇ ਤਾਂ ਇਸ ਦੀਆਂ ਕੰਧਾਂ 'ਚ ਹੁਣ ਤਰੇੜਾਂ ਪੈ ਚੁੱਕੀਆਂ ਸਨ ਜਦਕਿ ਇਸ ਦੇ ਨੇੜਲੀਆਂ ਇਮਾਰਤਾਂ ਢਹਿ-ਢੇਰੀ ਹੋ ਚੁੱਕੀਆਂ ਹਨ।

ਬੀਬੀਸੀ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ, "ਮੈਂ ਕੁਝ ਲੋਕਾਂ ਨੂੰ ਰੋਂਦੇ ਸੁਣ ਸਕਦੀ ਹਾਂ, ਮਾਵਾਂ-ਰਿਸ਼ਤੇਦਾਰ, ਕਿਉਂਕਿ ਉਨ੍ਹਾਂ ਦੇ ਬੱਚੇ ਅਜੇ ਵੀ ਇਮਾਰਤ ਦੇ ਅੰਦਰ ਹਨ। ਇਹ ਦੇਖਣਾ ਸੱਚਮੁੱਚ ਬਹੁਤ ਪਰੇਸ਼ਾਨ ਕਰਨ ਵਾਲਾ ਸੀ।"

''ਪੈਰਾਂ ਥੱਲੇ ਜ਼ਮੀਨ ਕੰਬ ਰਹੀ ਸੀ''

ਮਿਆਂਮਾਰ ਭੂਚਾਲ

ਤਸਵੀਰ ਸਰੋਤ, Reuters

ਮਿਆਂਮਾਰ ਦੇ ਦੱਖਣ ਵਿੱਚ ਯਾਂਗੂਨ ਵਿੱਚ ਇੱਕ ਅੰਗਰੇਜ਼ੀ ਅਧਿਆਪਕ, ਗੁਇਲਾਉਮ ਡੀ'ਅਗਾਰੋ - ਜੋ ਕਿ ਭੂਚਾਲ ਦੇ ਕੇਂਦਰ ਤੋਂ ਲਗਭਗ 600 ਕਿਲੋਮੀਟਰ (289 ਮੀਲ) ਦੂਰ ਹਨ, ਨੇ ਕਿਹਾ ਕਿ ਜਦੋਂ ਭੂਚਾਲ ਆਇਆ ਤਾਂ ਉਹ ਆਪਣੇ ਵਿਦਿਆਰਥੀਆਂ ਨਾਲ ਸਕੂਲ ਦੇ ਮੈਦਾਨ ਵਿੱਚ ਸਨ ਅਤੇ ਉਸਨੇ ਤੁਰੰਤ ਬੱਚਿਆਂ ਨੂੰ ਉਨ੍ਹਾਂ ਦੇ ਮੇਜ਼ਾਂ ਹੇਠ ਲੁਕਣ ਲਈ ਅੰਦਰ ਭਜਾ ਦਿੱਤਾ।

ਉਨ੍ਹਾਂ ਕਿਹਾ, "ਤੁਸੀਂ ਦਰੱਖਤਾਂ ਨੂੰ ਹਿੱਲਦੇ ਮਹਿਸੂਸ ਕਰ ਸਕਦੇ ਹੋ, ਤੁਸੀਂ ਅੰਦਰ ਲੈਂਪ ਨੂੰ ਹਿੱਲਦੇ ਦੇਖ ਸਕਦੇ ਹੋ ਅਤੇ ਤੁਸੀਂ ਮਹਿਸੂਸ ਕਰ ਸਕਦੇ ਹੋ ਕਿ ਤੁਹਾਡੇ ਪੈਰਾਂ ਥੱਲੇ ਜ਼ਮੀਨ ਕੰਬ ਰਹੀ ਹੈ।''

ਉਨ੍ਹਾਂ ਕਿਹਾ ਕਿ ਬਿਜਲੀ ਕੱਟਾਂ ਨੇ ਮਾਂਡਲੇ ਵਿੱਚ ਦੋਸਤਾਂ ਅਤੇ ਪਰਿਵਾਰ ਨਾਲ ਸੰਪਰਕ ਕਰਨਾ ਮੁਸ਼ਕਲ ਬਣਾ ਦਿੱਤਾ ਹੈ।

"ਅਸੀਂ ਸਿਰਫ਼ ਉਮੀਦ ਕਰ ਰਹੇ ਹਾਂ, ਇਹੀ ਇੱਕੋ-ਇੱਕ ਚੀਜ਼ ਹੈ ਜੋ ਅਸੀਂ ਕਰ ਸਕਦੇ ਹਾਂ। ਲੱਗ ਰਿਹਾ ਹੈ ਕਿ ਕੁਝ ਵੀ ਸਾਡੇ ਵੱਸ ਨਹੀਂ।"

'ਮੇਰਾ ਸਿਰ ਮੇਜ਼ ਨਾਲ ਟਕਰਾ ਗਿਆ'

ਮਿਆਂਮਾਰ ਭੂਚਾਲ

ਥਾਈਲੈਂਡ ਦੀ ਰਾਜਧਾਨੀ ਬੈਂਕਾਕ ਵਿੱਚ ਮੈਟਰੋ ਅਤੇ ਰੇਲ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ।

ਇੱਥੋਂ ਦੀ ਇੱਕ ਸਥਾਨਕ ਨਿਵਾਸੀ ਸੁਜ਼ਸਾਨਾ ਵਾਰੀ-ਕੋਵੇਕਸ ਨੇ ਕਿਹਾ, ''ਮੈਂ ਇੱਕ ਰੈਸਟੋਰੈਂਟ ਵਿੱਚ ਬੈਠਾ ਬਿੱਲ ਦੀ ਉਡੀਕ ਕਰ ਰਹੀ ਸੀ ਜਦੋਂ ਅਚਾਨਕ ਜ਼ਮੀਨ ਹਿੱਲਣ ਲੱਗੀ। ਪਹਿਲਾਂ ਤਾਂ ਮੈਂ ਸੋਚਿਆ ਕਿ ਮੈਂ ਇਕੱਲੀ ਹੀ ਇਸ ਤਰ੍ਹਾਂ ਮਹਿਸੂਸ ਕਰ ਰਿਹਾ ਹਾਂ ਪਰ ਫਿਰ ਮੈਂ ਦੇਖਿਆ ਕਿ ਸਾਰੇ ਆਲੇ-ਦੁਆਲੇ ਦੇਖ ਰਹੇ ਸਨ। ਅਸੀਂ ਤੁਰੰਤ ਉੱਥੋਂ ਭੱਜ ਗਏ।''

ਇੱਕ ਹੋਰ ਮਹਿਲਾ, ਡੇਵੋਰਾ ਪਨਾਮਾਸ ਨੇ ਕਿਹਾ ਕਿ ਉਹ ਆਪਣਾ ਫ਼ੋਨ ਦੇਖ ਰਹੇ ਹਨ ਜਦੋਂ ਉਨ੍ਹਾਂ ਦੀ ਕੁਰਸੀ ਪਲਟ ਗਈ।

ਉਨ੍ਹਾਂ ਕਿਹਾ, "ਮੈਂ ਆਪਣੀ ਰੀਕਲਾਈਨਰ ਵਿੱਚ ਸੀ ਪਰ ਅਚਾਨਕ ਇਹ ਬਹੁਤ ਤੇਜ਼ੀ ਨਾਲ ਹਿੱਲਣ ਲੱਗ ਪਿਆ। ਫਿਰ ਇਹ ਪਲਟ ਗਿਆ ਅਤੇ ਮੇਰਾ ਸਿਰ ਮੇਜ਼ ਨਾਲ ਟਕਰਾ ਗਿਆ।"

ਮਿਆਂਮਾਰ ਦੇ ਸਭ ਤੋਂ ਵੱਡੇ ਸ਼ਹਿਰ ਯਾਂਗੂਨ ਵਿੱਚ ਰਹਿਣ ਵਾਲੇ ਇੱਕ ਵਿਅਕਤੀ ਨੇ ਬੀਬੀਸੀ ਪੱਤਰਕਾਰ ਰਾਚੇਲ ਹੇਗਨ ਨੂੰ ਦੱਸਿਆ ਕਿ ਭੂਚਾਲ ਦੇ ਝਟਕੇ ਬਹੁਤ ਤੇਜ਼ ਸਨ ਅਤੇ ਇਹ ਲਗਭਗ ਚਾਰ ਮਿੰਟ ਤੱਕ ਜਾਰੀ ਰਹੇ।

ਮਿਆਂਮਾਰ ਭੂਚਾਲ

ਤਸਵੀਰ ਸਰੋਤ, Getty Images

ਬੀਬੀਸੀ ਵਰਲਡ ਸਰਵਿਸ ਦੇ ਨਿਊਜ਼ਡੇ ਪ੍ਰੋਗਰਾਮ ਨੂੰ ਉਨ੍ਹਾਂ ਦੱਸਿਆ ਕਿ ਉਹ ਹਲਕੀ ਨੀਂਦ ਤੋਂ ਜਾਗੇ ਹੀ ਸਨ ਕਿ ਇਮਾਰਤ ਬੁਰੀ ਤਰ੍ਹਾਂ ਹਿੱਲਣ ਲੱਗੀ।

ਬੈਂਕਾਕ ਵਿੱਚ ਰਹਿਣ ਵਾਲੇ ਸਿਰੀਨਿਆ ਨਕੁਤਾ ਨੇ ਨਿਊਜ਼ ਏਜੰਸੀ ਰਾਇਟਰਜ਼ ਨੂੰ ਦੱਸਿਆ ਕਿ ਉਹ ਆਪਣੇ ਬੱਚਿਆਂ ਨਾਲ ਆਪਣੇ ਅਪਾਰਟਮੈਂਟ ਵਿੱਚ ਸਨ ਜਦੋਂ ਭੂਚਾਲ ਆਇਆ।

ਉਨ੍ਹਾਂ ਕਿਹਾ, "ਪਹਿਲਾਂ ਇੱਕ ਜ਼ੋਰਦਾਰ ਝਟਕਾ ਆਇਆ ਅਤੇ ਫਿਰ ਜ਼ਮੀਨ ਬੁਰੀ ਤਰ੍ਹਾਂ ਹਿੱਲਣ ਲੱਗੀ। ਮੈਂ ਪੌੜੀਆਂ ਤੋਂ ਹੇਠਾਂ ਡਿੱਗਦੀਆਂ ਚੀਜ਼ਾਂ ਦੀਆਂ ਉੱਚੀਆਂ ਆਵਾਜ਼ਾਂ ਸੁਣੀਆਂ। ਅਜਿਹਾ ਲੱਗਾ ਜਿਵੇਂ ਸਾਡੇ 'ਤੇ ਪੱਥਰ ਬਰਸ ਰਹੇ ਹੋਣਾ। ਮੈਂ ਆਪਣੇ ਬੱਚਿਆਂ ਨੂੰ ਜਲਦੀ ਬਾਹਰ ਨਿਕਲਣ ਲਈ ਕਿਹਾ ਅਤੇ ਅਸੀਂ ਤੇਜ਼ੀ ਨਾਲ ਉੱਪਰੋਂ ਭੱਜ ਕੇ ਬਾਹਰ ਆ ਗਏ।"

ਬੈਂਕਾਕ ਵਿੱਚ ਰਹਿਣ ਵਾਲੇ ਬੀਬੀਸੀ ਪੱਤਰਕਾਰ ਬੁਈ ਥੂ ਨੇ ਕਿਹਾ ਕਿ ਦੇਸ਼ ਵਿੱਚ ਘੱਟੋ-ਘੱਟ ਪਿਛਲੇ ਦਹਾਕੇ ਵਿੱਚ ਇੰਨਾ ਵੱਡਾ ਭੂਚਾਲ ਨਹੀਂ ਆਇਆ ਹੈ।

ਹਜ਼ਾਰਾਂ ਲੋਕਾਂ ਨੂੰ ਮਾਰ ਸਕਣ ਵਾਲਾ ਭੂਚਾਲ

ਮਿਆਂਮਾਰ ਭੂਚਾਲ

ਤਸਵੀਰ ਸਰੋਤ, Reuters

ਪੇਜਰ, ਅਮਰੀਕੀ ਭੂ-ਵਿਗਿਆਨਕ ਸੇਵਾ ਦਾ ਇੱਕ ਸਵੈਚਾਲਿਤ ਸਿਸਟਮ ਹੈ ਜੋ ਮੌਤਾਂ ਅਤੇ ਨੁਕਸਾਨ ਦਾ ਅਨੁਮਾਨ ਲਗਾਉਂਦਾ ਹੈ।

ਇਸ ਸਿਸਟਮ ਦੇ ਅਨੁਸਾਰ, ਮਿਆਂਮਾਰ ਵਿੱਚ ਆਏ ਭੂਚਾਲ ਵਿੱਚ 10,000 ਤੋਂ ਵੱਧ ਲੋਕਾਂ ਦੀ ਮੌਤ ਹੋਣ ਦੀ ਸੰਭਾਵਨਾ ਹੈ।

ਹਾਲਾਂਕਿ, ਇਹ ਸਿਰਫ ਇੱਕ ਅਨੁਮਾਨ ਹੈ ਜੋ ਕਿ ਭੂਚਾਲ ਦੀ ਤੀਬਰਤਾ ਅਤੇ ਪ੍ਰਭਾਵਿਤ ਖੇਤਰ ਵਿੱਚ ਆਬਾਦੀ ਅਤੇ ਹੋਰ ਕਾਰਕਾਂ ਨੂੰ ਧਿਆਨ ਵਿੱਚ ਰੱਖ ਕੇ ਗਣਨਾ ਕੀਤਾ ਜਾਂਦਾ ਹੈ।

ਪੇਜਰ ਜ਼ਮੀਨ ਖਿਸਕਣ ਅਤੇ ਸੁਨਾਮੀ ਵਰਗੇ ਪ੍ਰਭਾਵਾਂ ਨੂੰ ਗਣਨਾ 'ਚ ਸ਼ਾਮਲ ਨਹੀਂ ਕਰਦਾ।

ਇੱਕ ਪੁਲਿਸ ਅਧਿਕਾਰੀ ਨੇ ਕੀ ਦੱਸਿਆ

ਮਿਆਂਮਾਰ ਭੂਚਾਲ

ਤਸਵੀਰ ਸਰੋਤ, CJ

ਥਾਈਲੈਂਡ ਦੇ ਬਾਂਗ ਸੂਈ ਜ਼ਿਲ੍ਹੇ ਦੇ ਡਿਪਟੀ ਪੁਲਿਸ ਮੁਖੀ ਵੋਰਾਪਤ ਸੁਖਤਾਈ ਨੇ ਖ਼ਬਰ ਏਜੰਸੀ ਏਐਫਪੀ ਨੂੰ ਦੱਸਿਆ ਕਿ ਇੱਕ ਟਾਵਰ ਬਲਾਕ ਢਹਿ ਗਿਆ ਸੀ ਅਤੇ ਉਨ੍ਹਾਂ ਨੂੰ ਲੋਕਾਂ ਦੀਆਂ ਚੀਕਾਂ ਸੁਣ ਰਹੀਆਂ ਸਨ।

ਉਨ੍ਹਾਂ ਕਿਹਾ, "ਜਦੋਂ ਮੈਂ ਉੱਥੇ ਪਹੁੰਚਿਆ ਤਾਂ ਲੋਕ ਮਦਦ ਲਈ ਚੀਕ ਰਹੇ ਸਨ। ਲੋਕ ਉੱਚੀ-ਉੱਚੀ ਚੀਕ ਰਹੇ ਸਨ, ਮੇਰੀ ਮਦਦ ਕਰੋ, ਮੇਰੀ ਮਦਦ ਕਰੋ। ਸਾਡਾ ਅੰਦਾਜ਼ਾ ਹੈ ਕਿ ਭੂਚਾਲ ਵਿੱਚ ਸੈਂਕੜੇ ਲੋਕ ਜ਼ਖਮੀ ਹੋਏ ਹੋਣਗੇ। ਪਰ ਅਸੀਂ ਅਜੇ ਵੀ ਅਜਿਹੇ ਲੋਕਾਂ ਦੀ ਗਿਣਤੀ ਦਾ ਪਤਾ ਲਗਾ ਰਹੇ ਹਾਂ।"

ਭੂਚਾਲ ਕਾਰਨ ਹੋਈ ਭਾਰੀ ਤਬਾਹੀ ਨੂੰ ਦੇਖਦੇ ਹੋਏ, ਨੇਪੀਡਾਅ ਜਨਰਲ ਹਸਪਤਾਲ ਨੂੰ 'ਮਾਸ ਕੈਜ਼ੁਏਲਿਟੀ ਏਰੀਆ' ਘੋਸ਼ਿਤ ਕਰ ਦਿੱਤਾ ਗਿਆ ਹੈ।

ਫੌਜੀ ਸ਼ਾਸਨ ਨੇ ਅੰਤਰਰਾਸ਼ਟਰੀ ਮਦਦ ਲਈ ਅਪੀਲ ਕੀਤੀ

ਫੌਜੀ ਸ਼ਾਸਨ ਦੇ ਮੁਖੀ ਮਿਨ ਆਂਗ ਹਲਯੇਂਗ

ਤਸਵੀਰ ਸਰੋਤ, Getty Images

ਮਿਆਂਮਾਰ ਵਿੱਚ 2021 ਤੋਂ ਫੌਜੀ ਸ਼ਾਸਨ ਹੈ। ਫੌਜੀ ਸ਼ਾਸਨ ਨੇ ਅੰਤਰਰਾਸ਼ਟਰੀ ਮਦਦ ਦੀ ਅਪੀਲ ਕੀਤੀ ਹੈ।

ਫੌਜੀ ਸ਼ਾਸਨ ਆਮ ਤੌਰ 'ਤੇ ਅਜਿਹੀਆਂ ਅਪੀਲਾਂ ਨਹੀਂ ਕਰਦੇ। ਉਸਨੇ ਨੇ ਦੇਸ਼ ਦੇ ਸਾਰੇ ਛੇ ਖੇਤਰਾਂ ਵਿੱਚ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ।

ਫੌਜੀ ਸ਼ਾਸਨ ਦੇ ਮੁਖੀ ਮਿਨ ਆਂਗ ਹਲਯੇਂਗ ਨੂੰ ਨੇਪੀਡਾਵ ਹਸਪਤਾਲ ਦਾ ਦੌਰਾ ਕਰਦੇ ਦੇਖਿਆ ਗਿਆ। ਉਨ੍ਹਾਂ ਨੇ ਵਿਦੇਸ਼ਾਂ ਤੋਂ ਮਦਦ ਦੀ ਅਪੀਲ ਕੀਤੀ ਹੈ।

ਉਨ੍ਹਾਂ ਕਿਹਾ, "ਅਸੀਂ ਅੰਤਰਰਾਸ਼ਟਰੀ ਭਾਈਚਾਰੇ ਤੋਂ ਵੱਧ ਤੋਂ ਵੱਧ ਮਦਦ ਦੀ ਉਮੀਦ ਕਰ ਰਹੇ ਹਾਂ।''

ਫੌਜੀ ਸ਼ਾਸਨ ਵਾਲੇ ਮਿਆਂਮਾਰ ਤੋਂ ਜਾਣਕਾਰੀ ਪ੍ਰਾਪਤ ਕਰਨ ਵਿੱਚ ਮੁਸ਼ਕਲਾਂ ਆਉਂਦੀਆਂ ਹਨ। ਇੱਥੇ ਇੰਟਰਨੈੱਟ ਪਹੁੰਚ ਸੀਮਤ ਕਰ ਦਿੱਤੀ ਗਈ ਹੈ ਅਤੇ ਸੰਚਾਰ ਲਾਈਨਾਂ ਬੰਦ ਜਾਪਦੀਆਂ ਹਨ।

ਇਸ ਕਾਰਨ ਬੀਬੀਸੀ ਜ਼ਮੀਨੀ ਪੱਧਰ 'ਤੇ ਕੰਮ ਕਰ ਰਹੀਆਂ ਸਹਾਇਤਾ ਏਜੰਸੀਆਂ ਨਾਲ ਸੰਪਰਕ ਨਹੀਂ ਕਰ ਸਕਿਆ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)