ਇਜ਼ਰਾਈਲ ਦਾ ਉਹ ਕਿਹੜਾ ਡਿਫੈਂਸ ਸਿਸਟਮ ਹੈ ਜੋ ਕਈ ਹਮਲੇ ਨਾਕਾਮ ਕਰ ਰਿਹਾ ਹੈ

ਤਸਵੀਰ ਸਰੋਤ, Getty Images
- ਲੇਖਕ, ਊਮੈਮਾ ਅਲਸ਼ਾਜ਼ਲੀ
- ਰੋਲ, ਬੀਬੀਸੀ ਪੱਤਰਕਾਰ
ਹਿਜ਼ਬੁੱਲ੍ਹਾ ਨੇ ਬੁੱਧਵਾਰ ਨੂੰ ਤੇਲ ਅਵੀਵ ਵਿੱਚ ਇਜ਼ਰਾਈਲੀ ਖ਼ੁਫ਼ੀਆ ਏਜੰਸੀ ਮੋਸਾਦ ਦੇ ਹੈੱਡਕੁਆਰਟਰ 'ਤੇ ਇੱਕ ਮਿਜ਼ਾਈਲ ਦਾਗ਼ੀ ਗਈ। ਦੱਸਿਆ ਜਾ ਰਿਹਾ ਹੈ ਕਿ ਇਹ ਈਰਾਨ ਵਲੋਂ ਬਣਾਈ ਗਈ ਕਾਦਿਰ-ਵਨ ਬੈਲਿਸਟਿਕ ਮਿਜ਼ਾਈਲ ਸੀ।
ਇਹ ਮਿਜ਼ਾਈਲ 700 ਤੋਂ 1000 ਕਿਲੋਗ੍ਰਾਮ ਵਿਸਫੋਟਕ ਲੈ ਜਾ ਸਕਦੀ ਹੈ ਅਤੇ ਕਿਹਾ ਜਾਂਦਾ ਹੈ ਕਿ ਇਹ ਇੱਕ ਪੂਰੀ ਇਮਾਰਤ ਨੂੰ ਤਬਾਹ ਕਰਨ ਦੀ ਸਮਰੱਥਾ ਵੀ ਰੱਖਦੀ ਹੈ।
ਇਜ਼ਰਾਈਲ ਸਰਕਾਰ ਦੇ ਬੁਲਾਰੇ ਡੇਵਿਡ ਮੈਨਸਰ ਦਾ ਕਹਿਣਾ ਹੈ ਕਿ ਇਜ਼ਰਾਈਲ ਹਿਜ਼ਬੁੱਲ੍ਹਾ ਦੇ ਇਸ ਹਮਲੇ ਨੂੰ ਰੋਕਣ ਵਿੱਚ ਕਾਮਯਾਬ ਰਿਹਾ ਕਿਉਂਕਿ ਉਸ ਕੋਲ ਡੇਵਿਡਜ਼ ਸਲਿੰਗ ਨਾਮ ਦਾ ਏਅਰ ਡਿਫ਼ੈਂਸ ਸਿਸਟਮ ਹੈ।

ਡੇਵਿਡਜ਼ ਸਲਿੰਗ ਕੀ ਹੈ?
ਡੇਵਿਡਜ਼ ਸਲਿੰਗ ਨੂੰ ਸ਼ੁਰੂ ਵਿੱਚ ਇਜ਼ਰਾਈਲੀ ਪੈਟ੍ਰੋਅਟ ਮਿਜ਼ਾਈਲ ਰੱਖਿਆ ਪ੍ਰਣਾਲੀ ਦੇ ਬਦਲ ਵਜੋਂ ਵਿਕਸਤ ਕੀਤਾ ਗਿਆ ਸੀ।
ਪੱਛਮ ਏਸ਼ੀਆਈ ਫ਼ੌਜੀ ਮਾਮਲਿਆਂ 'ਤੇ ਅਮਰੀਕੀ ਵਿਦੇਸ਼ ਮੰਤਰਾਲੇ ਦੇ ਸਾਬਕਾ ਸਲਾਹਕਾਰ ਕਰਨਲ ਅੱਬਾਸ ਦੋਹਾਕ ਨੇ ਬੀਬੀਸੀ ਨੂੰ ਦੱਸਿਆ ਕਿ ਡੇਵਿਡ ਸਲਿੰਗ ਸਿਸਟਮ ਦੀ ਰੇਂਜ ਪੈਟ੍ਰਿਅਟ ਸਿਸਟਮ ਦੇ ਮੁਕਾਬਲੇ 100 ਕਿਲੋਮੀਟਰ ਜ਼ਿਆਦਾ ਹੈ।
ਇਜ਼ਰਾਈਲ 'ਚ ਟੈਕਨਾਲੋਜੀ 'ਤੇ ਨਜ਼ਰ ਰੱਖਣ ਵਾਲੀ 21ਸੀ ਵੈੱਬਸਾਈਟ ਦੇ ਮੁਤਾਬਕ, ਇਜ਼ਰਾਈਲ ਦੀ ਏਅਰ ਡਿਫੈਂਸ ਸਿਸਟਮ ਤਿੰਨ ਪਰਤਾਂ 'ਤੇ ਆਧਾਰਿਤ ਹੈ।
ਇਜ਼ਰਾਈਲੀ ਰੱਖਿਆ ਕੰਪਨੀ ਰਾਫ਼ਾਲ ਦੇ ਮੁਤਾਬਕ, ਡੇਵਿਡਜ਼ ਸਲਿੰਗ ਇਜ਼ਰਾਈਲ ਦੇ ਰੱਖਿਆ ਪ੍ਰਣਾਲੀਆਂ ਵਿੱਚੋਂ ਇੱਕ ਮੱਧਮ ਰੇਂਜ ਦੀ ਰੱਖਿਆ ਪ੍ਰਣਾਲੀ ਹੈ ਜੋ ਆਇਰਨ ਡੋਮ ਤੋਂ ਬਾਅਦ ਸਭ ਤੋਂ ਸਫ਼ਲ ਰੱਖਿਆ ਹਥਿਆਰ ਮੰਨਿਆ ਜਾਂਦਾ ਹੈ।
ਡੇਵਿਡਜ਼ ਸਲਿੰਗ ਨੂੰ 'ਕੰਪਲੀਟ ਮੀਡੀਅਮ ਟੂ ਲਾਂਗ ਰੇਂਜ ਐਂਡ ਏਅਰ ਮਿਜ਼ਾਈਲ ਡਿਫ਼ੈਂਸ ਸਿਸਟਮ' ਵੀ ਮੰਨਿਆ ਜਾਂਦਾ ਹੈ।
ਟਾਈਮਜ਼ ਆਫ਼ ਇਜ਼ਰਾਈਲ ਦੇ ਮੁਤਾਬਕ, ਹਥਿਆਰ ਦਾ ਨਾਮ ਬਾਈਬਲ ਵਿੱਚ ਦੱਸੀ ਗਈ ਇੱਕ ਕਹਾਣੀ ਦੇ ਆਧਾਰ ਉੱਤੇ ਰੱਖਿਆ ਗਿਆ ਹੈ
ਜਿਸ ਵਿੱਚ ਡੇਵਿਡ (ਦਾਊਦ) ਨੇ ਜਾਲੂਤ 'ਤੇ ਪੱਥਰਾਂ ਦੇ ਮੀਂਹ ਨੂੰ ਰੋਕਣ ਲਈ ਇੱਕ ਗੁਲੇਲ ਦੀ ਵਰਤੋਂ ਕੀਤੀ ਸੀ।
ਇਜ਼ਰਾਈਲ ਦੇ ਰੱਖਿਆ ਮੰਤਰਾਲੇ ਮੁਤਾਬਕ ਡੇਵਿਡਜ਼ ਸਲਿੰਗ ਬੈਲਿਸਟਿਕ ਅਤੇ ਕਰੂਜ਼ ਮਿਜ਼ਾਈਲ ਹਮਲਿਆਂ ਨੂੰ ਨਾਕਾਮ ਕਰਨ ਲਈ ਤਿਆਰ ਕੀਤੀ ਗਈ ਹੈ।
ਦੂਜੇ ਪਾਸੇ ਆਇਰਨ ਡੋਮ ਛੋਟੀ ਦੂਰੀ ਦੀਆਂ ਮਿਜ਼ਾਈਲਾਂ ਅਤੇ ਸ਼ੈੱਲਾਂ ਨੂੰ ਨਸ਼ਟ ਕਰਦਾ ਹੈ।
ਇਜ਼ਰਾਈਲੀ ਫੌਜ ਦੇ ਮੁਤਾਬਕ, ਡੇਵਿਡ ਸਲਿੰਗ ਇਜ਼ਰਾਈਲੀ ਕੰਪਨੀ ਰਾਫੇਲ ਅਤੇ ਅਮਰੀਕੀ ਕੰਪਨੀ ਰੇਥੀਓਨ ਵੱਲੋਂ ਬਣਾਈ ਗਈ ਸੀ ਅਤੇ ਇਸ ਨੂੰ 2017 ਵਿੱਚ ਵਰਤੋਂ ਵਿੱਚ ਲਿਆਂਦਾ ਗਿਆ ਸੀ।
ਡੇਵਿਡਜ਼ ਸਲਿੰਗ ਨੂੰ 'ਜਾਦੂ ਦੀ ਛੜੀ' ਵੀ ਕਿਹਾ ਜਾਂਦਾ ਹੈ ਜੋ 40 ਤੋਂ 300 ਕਿਲੋਮੀਟਰ ਦੀ ਦੂਰੀ 'ਤੇ ਰਾਕੇਟ ਅਤੇ ਮਿਜ਼ਾਈਲ ਹਮਲਿਆਂ ਨੂੰ ਰੋਕਣ ਦੀ ਸਮਰੱਥਾ ਰੱਖਦੀ ਹੈ।
ਮਿਜ਼ਾਈਲ ਥਰੇਟ ਨਾਂ ਦੀ ਵੈੱਬਸਾਈਟ ਮੁਤਾਬਕ ਡੇਵਿਡ ਸਲਿੰਗ 'ਚ ਮਿਜ਼ਾਈਲ ਲਾਂਚਰ, ਈਐੱਲਐੱਮ 2084 ਰਡਾਰ, ਇੱਕ ਆਪਰੇਟਿੰਗ ਸਿਸਟਮ ਦੇ ਇਲਾਵਾ ਸਟੇਨਰ ਇੰਟਰਸੈਪਟਰ ਮਿਜ਼ਾਈਲਾਂ ਮੌਜੂਦ ਹਨ।
ਡੇਵਿਡਜ਼ ਸਲਿੰਗ ਦੇ ਇੱਕ ਲਾਂਚਰ ਸਿਸਟਮ ਵਿੱਚ 12 ਮਿਜ਼ਾਈਲਾਂ ਲਾਈਆਂ ਜਾ ਸਕਦੀਆਂ ਹਨ ਅਤੇ ਇਨ੍ਹਾਂ ਦੇ ਸਾਰੇ ਪੁਰਜ਼ੇ ਅਮਰੀਕਾ ਵਿੱਚ ਬਣਾਏ ਜਾਂਦੇ ਹਨ।

ਤਸਵੀਰ ਸਰੋਤ, Getty Images
ਸਟੇਨਰ ਮਿਜ਼ਾਈਲ
ਸੈਂਟਰ ਫ਼ਾਰ ਸਟ੍ਰੈਟੇਜਿਕ ਐਂਡ ਇੰਟਰਨੈਸ਼ਨਲ ਸਟੱਡੀਜ਼ ਦੀ ਵੈੱਬਸਾਈਟ ਮਿਜ਼ਾਈਲ ਥਰੇਟ ਮੁਤਾਬਕ ਸਟੇਨਰ ਮਿਜ਼ਾਈਲ 4.6 ਮੀਟਰ ਲੰਬੀ ਹੈ ਅਤੇ ਇਹ 15 ਕਿਲੋਮੀਟਰ ਦੀ ਉਚਾਈ ਤੋਂ ਆਉਣ ਵਾਲੇ ਕਿਸੇ ਵੀ ਰਾਕੇਟ ਜਾਂ ਮਿਜ਼ਾਈਲ ਨੂੰ ਨਸ਼ਟ ਕਰਨ ਦੀ ਸਮਰੱਥਾ ਰੱਖਦੀ ਹੈ।
ਇਸ ਮਿਜ਼ਾਈਲ ਦਾ ਅਗਲਾ ਹਿੱਸਾ ਡਾਲਫ਼ਿਨ ਦੀ ਸ਼ਕਲ ਵਰਗਾ ਹੈ। ਜਿਸ 'ਤੇ ਦੋ ਸੈਂਸਰ ਲਗਾਏ ਜਾਂਦੇ ਹਨ; ਇਲੈਕਟ੍ਰੋ ਆਪਟੀਕਲ ਇਮੇਜਰੀ ਸੈਂਸਰ ਅਤੇ ਇੱਕ ਰਾਡਾਰ ਸੀਕਰ।
ਡੇਵਿਡ ਸਲਿੰਗ ਸਿਸਟਮ ਆਪਣੇ ਟਾਰਗੈਟ ਨੂੰ ਨਿਸ਼ਾਨਾ ਬਣਾਉਣ ਅਤੇ ਉਸ ਨੂੰ ਜਾਮ ਕਰਨ ਦੀ ਸਮਰੱਥਾ ਰੱਖਦਾ ਹੈ।
ਸਟੇਨਰ ਮਿਜ਼ਾਈਲ ਵਿੱਚ ਠੋਸ ਫ਼ਿਊਲ ਸਿਸਟਮ (ਈਂਧਨ ਪ੍ਰਣਾਲੀ) ਹੈ ਅਤੇ ਇਹ ਇੱਕ ਤੇਜ਼ ਰਫ਼ਤਾਰ ਵਾਲਾ ਹਥਿਆਰ ਹੈ।
‘ਹਾਰੇਟਜ਼' ਦਾ ਕਹਿਣਾ ਹੈ ਕਿ ਇੱਕ ਅੰਦਾਜ਼ੇ ਮੁਤਾਬਕ ਇੱਕ ਸਟੇਨਰ ਮਿਜ਼ਾਈਲ ਬਣਾਉਣ 'ਚ 10 ਲੱਖ ਡਾਲਰ ਦੀ ਲਾਗਤ ਆਉਂਦੀ ਹੈ।
ਆਇਰਨ ਡੋਮ 'ਚ ਵਰਤੀ ਗਈ ਮਿਜ਼ਾਈਲ ਦੀ ਤੁਲਨਾ 'ਚ ਸਟੇਨਰ ਮਿਜ਼ਾਈਲ ਕੋਲ ਵਾਰਹੈੱਡ ਨਹੀਂ ਹੈ ਪਰ ਇਹ ਸਿੱਧਾ ਆਪਣੇ ਟਾਰਗੈਟ ਨੂੰ ਨਿਸ਼ਾਨਾ ਬਣਾਉਂਦੀ ਹੈ।

ਤਸਵੀਰ ਸਰੋਤ, Getty Images
ਰਡਾਰ ਸਿਸਟਮ
ਡੇਵਿਡਜ਼ ਸਲਿੰਗ ਇੱਕ ਈਐੱਲਐੱਮ 2084 ਮਲਟੀ-ਮਿਸ਼ਨ ਰਡਾਰ ਨਾਲ ਵੀ ਲੈਸ ਹੈ ਜਿਸ ਵਿੱਚ ਜਹਾਜ਼ ਅਤੇ ਬੈਲਿਸਟਿਕ ਲੱਛਣਾਂ ਨੂੰ ਟਰੈਕ ਕਰਨ ਦੀ ਸਮਰੱਥਾ ਰੱਖਦਾ ਹੈ।
ਇਸ ਰਡਾਰ ਦੀ ਵਰਤੋਂ ਹਵਾਈ ਨਿਗਰਾਨੀ ਜਾਂ ਅੱਗ ਕੰਟਰੋਲ ਮਿਸ਼ਨ ਦੋਵਾਂ ਲਈ ਕੀਤੀ ਜਾ ਸਕਦੀ ਹੈ।
ਇਹ ਰਡਾਰ 474 ਕਿਲੋਮੀਟਰ ਦੇ ਦਾਇਰੇ ਵਿੱਚ ਤਕਰੀਬਨ 1100 ਟਾਰਗੈਟਸ ਨੂੰ ਟਰੈਕ ਕਰ ਸਕਦਾ ਹੈ ਜਦੋਂਕਿ ਇਹ ਇਲੈਕਟ੍ਰੀਕਲ ਸਿਸਟਮ ਰਾਹੀਂ ਹਰ ਚੀਜ਼ ਨੂੰ ਸਕੈਨ ਕਰਦਾ ਹੈ।
ਜੇਕਰ ਅਸੀਂ ਫਾਇਰ ਕੰਟਰੋਲ ਮਿਸ਼ਨ ਦੀ ਗੱਲ ਕਰੀਏ ਤਾਂ ਇਹ 100 ਕਿਲੋਮੀਟਰ ਦੇ ਦਾਇਰੇ ਵਿੱਚ ਇੱਕ ਮਿੰਟ ਵਿੱਚ 200 ਲੱਛਣਾਂ ਨੂੰ ਟਰੈਕ ਕਰ ਸਕਦਾ ਹੈ।

ਤਸਵੀਰ ਸਰੋਤ, Getty Images
ਡੇਵਿਡਜ਼ ਸਲਿੰਗ ਕਦੋਂ ਬਣਾਈ ਗਈ ਸੀ?
ਇਜ਼ਰਾਈਲ ਨੇ 2006 ਵਿੱਚ ਡੇਵਿਡਜ਼ ਸਲਿੰਗ ਸਿਸਟਮ ਉੱਤੇ ਕੰਮ ਕਰਨਾ ਸ਼ੁਰੂ ਕੀਤਾ ਸੀ ਅਤੇ ਫਿਰ ਇਸ ਨੇ ਇਸ ਪ੍ਰਣਾਲੀ ਨੂੰ ਬਣਾਉਣ ਲਈ ਅਗਸਤ 2008 ਵਿੱਚ ਅਮਰੀਕਾ ਨਾਲ ਇੱਕ ਸਮਝੌਤਾ ਵੀ ਕੀਤਾ।
ਕਾਂਗਰੇਸ਼ਨਲ ਰਿਸਰਚ ਸਰਵਿਸ ਦੀ ਖੋਜ ਮੁਤਾਬਕ 2006 ਤੋਂ 2020 ਦਰਮਿਆਨ ਅਮਰੀਕਾ ਨੇ ਡੇਵਿਡਜ਼ ਸਲਿੰਗ ਬਣਾਉਣ ਲਈ ਇਜ਼ਰਾਈਲ ਨੂੰ ਦੋ ਅਰਬ ਡਾਲਰ ਦੀ ਰਕਮ ਦਿੱਤੀ ਹੈ।
ਅਕਤੂਬਰ 2009 ਵਿੱਚ, ਇਜ਼ਰਾਈਲੀ ਕੰਪਨੀ ਰਾਫ਼ੇਲ ਐਡਵਾਂਸਡ ਡਿਫ਼ੈਸ ਸਿਸਟਮ ਨੇ ਅਮਰੀਕੀ ਕੰਪਨੀ ਰੇਥੀਓਨ ਨਾਲ ਇੰਟਰਨੈਸ਼ਨਲ ਮਿਜ਼ਾਈਲ ਅਤੇ ਲਾਂਚਰ ਬਣਾਉਣ ਲਈ 10 ਕਰੋੜ ਡਾਲਰ ਦਾ ਸਮਝੌਤਾ ਕੀਤਾ ਸੀ।
ਫੌਜੀ ਸਾਜ਼ੋ-ਸਾਮਾਨ ਨੂੰ ਟ੍ਰੈਕ ਕਰਨ ਵਾਲੀ ਵੈੱਬਸਾਈਟ ਡਿਫੈਂਸ ਨਿਊਜ਼ ਦੇ ਮੁਤਾਬਕ, ਇਜ਼ਰਾਈਲੀ ਕੰਪਨੀ ਰਾਫ਼ੇਲ ਨੇ ਸਭ ਤੋਂ ਪਹਿਲਾਂ ਡੇਵਿਡਜ਼ ਸਲਿੰਗ ਨੂੰ 2013 ਵਿੱਚ ਪੈਰਿਸ ਏਅਰ ਸ਼ੋਅ ਵਿੱਚ ਪ੍ਰਦਰਸ਼ਿਤ ਕੀਤਾ ਸੀ।
ਟਾਈਮਜ਼ ਆਫ਼ ਇਜ਼ਰਾਈਲ ਦੇ ਮੁਤਾਬਕ, ਡੇਵਿਡਜ਼ ਸਲਿੰਗ ਦਾ ਪਹਿਲਾ ਸਫਲ ਪ੍ਰੀਖਣ 2012 ਵਿੱਚ ਇੱਕ ਰੇਗਿਸਤਾਨ ਵਿੱਚ ਕੀਤਾ ਗਿਆ ਸੀ।
ਡਿਫੈਂਸ ਨਿਊਜ਼ 'ਤੇ 2015 ਦੀ ਇੱਕ ਰਿਪੋਰਟ ਦੇ ਮੁਤਾਬਕ, ਡੇਵਿਡਜ਼ ਸਲਿੰਗ 302 ਐੱਮਐੱਮਓ ਰਾਕੇਟ ਅਤੇ ਈਰਾਨੀ ਫ਼ਤਿਹ 110 ਮਿਜ਼ਾਈਲ ਨੂੰ ਰੋਕਣ ਦੀ ਸਮਰੱਥਾ ਵੀ ਰੱਖਦਾ ਹੈ।

ਤਸਵੀਰ ਸਰੋਤ, Getty Images
ਇਜ਼ਰਾਈਲ ਨੇ ਇਸ ਦੀ ਵਰਤੋਂ ਕਦੋਂ-ਕਦੋਂ ਕੀਤੀ?
2018 ਵਿੱਚ, ਇਜ਼ਰਾਈਲੀ ਅਖਬਾਰਾਂ ਨੇ ਰਿਪੋਰਟ ਦਿੱਤੀ ਕਿ ਜੁਲਾਈ 2018 ਵਿੱਚ, ਗੋਲਾਨ ਹਾਈਟਸ ਤੋਂ ਆਉਣ ਵਾਲੀਆਂ ਬੈਲਿਸਟਿਕ ਮਿਜ਼ਾਈਲਾਂ ਨੂੰ ਰੋਕਣ ਲਈ ਡੇਵਿਡਜ਼ ਸਲਿੰਗ ਦੀ ਵਰਤੋਂ ਪਹਿਲੀ ਵਾਰ ਕੀਤੀ ਗਈ ਸੀ।
ਡਿਫੈਂਸ ਨਿਊਜ਼ ਵੈੱਬਸਾਈਟ ਦੇ ਮੁਤਾਬਕ, ਇਜ਼ਰਾਈਲ ਨੇ ਡੇਵਿਡਜ਼ ਸਲਿੰਗ ਦੀ ਵਰਤੋਂ ਕਰਦੇ ਹੋਏ ਦੋ ਇੰਟਰਸੇਪਟਰ ਮਿਜ਼ਾਈਲਾਂ ਦਾਗੀਆਂ।
ਜਿਸ ਦਾ ਮਕਸਦ ਸੀਰੀਆ ਵੱਲੋਂ ਦਾਗ਼ੀਆਂ ਗਈਆਂ ਦੋ ਐੱਸਐੱਸ 21 ਬੈਲਿਸਟਿਕ ਮਿਜ਼ਾਈਲਾਂ ਨੂੰ ਰੋਕਣਾ ਸੀ।
ਸੀਰੀਆ ਤੋਂ ਦਾਗੀਆਂ ਗਈਆਂ ਮਿਜ਼ਾਈਲਾਂ ਸੀਰੀਆ ਦੀ ਸਰਹੱਦ ਦੇ ਅੰਦਰ ਹੀ ਜਾ ਡਿੱਗੀਆਂ ਸਨ।
ਜਦੋਂ ਕਿ ਇੱਕ ਇਜ਼ਰਾਈਲੀ ਮਿਜ਼ਾਈਲ ਗੋਲਾਨ ਹਾਈਟਸ ਉੱਤੇ ਆਪਣੇ ਆਪ ਹੀ ਨਸ਼ਟ ਹੋ ਗਈ ਸੀ।
ਸੀਰੀਆਈ ਫ਼ੌਜ ਨੇ ਡੇਵਿਡ ਦੇ ਸਲਿੰਗ ਤੋਂ ਦਾਗ਼ੀ ਗਈ ਇੱਕ ਮਿਜ਼ਾਈਲ ਨੂੰ ਕਬਜ਼ੇ ਵਿੱਚ ਲੈ ਲਿਆ ਸੀ ਅਤੇ ਇਸ ਨੂੰ ਜਾਂਚ ਲਈ ਰੂਸ ਭੇਜ ਦਿੱਤਾ ਸੀ।
ਮਈ 2023 ਵਿੱਚ ਵੀ ਇਜ਼ਰਾਈਲ ਨੇ ਡੇਵਿਡ ਸਲਿੰਗ ਦੀ ਵਰਤੋਂ ਕਰਨ ਦੀ ਜਾਣਕਾਰੀ ਦਿੱਤੀ ਸੀ।
ਇਸ ਵਾਰ ਇਸ ਰੱਖਿਆ ਪ੍ਰਣਾਲੀ ਨੇ ਗਾਜ਼ਾ ਤੋਂ ਦਾਗ਼ੀਆਂ ਉਨ੍ਹਾਂ ਮਿਜ਼ਾਈਲਾਂ ਨੂੰ ਰੋਕਿਆ ਸੀ, ਜਿਨ੍ਹਾਂ ਨੂੰ ਆਇਰਨ ਡੋਮ ਰੋਕਣ 'ਚ ਨਾਕਾਮ ਰਿਹਾ ਸੀ।
ਪਿਛਲੇ ਬੁੱਧਵਾਰ, ਹਿਜ਼ਬੁੱਲ੍ਹਾ ਅਤੇ ਇਜ਼ਰਾਈਲ ਵਿਚਕਾਰ ਵਧ ਰਹੇ ਤਣਾਅ ਦੇ ਚਲਦਿਆਂ, ਇਜ਼ਰਾਈਲੀ ਸਰਕਾਰ ਦੇ ਬੁਲਾਰੇ ਡੇਵਿਡ ਮੈਨਲਪ ਨੇ ਕਿਹਾ ਸੀ ਕਿ ਉਨ੍ਹਾਂ ਦੇ ਬਲਾਂ ਨੇ ਲੇਬਨਾਨੀ ਸੰਗਠਨ ਵੱਲੋਂ ਦਾਗ਼ੀ ਇੱਕ ਮਿਜ਼ਾਈਲ ਨੂੰ ਨਸ਼ਟ ਕਰ ਦਿੱਤਾ ਹੈ।
ਡੇਵਿਡ ਮੈਨਸਰ ਦਾ ਕੀ ਕਹਿਣਾ ਹੈ,“ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਕਿ ਹਿਜ਼ਬੁੱਲ੍ਹਾ ਦੇ ਅੱਤਵਾਦੀਆਂ ਨੇ ਤੇਲ ਅਵੀਵ 'ਤੇ ਇੱਕ ਮਿਜ਼ਾਈਲ ਦਾਗ਼ੀ, ਪਰ ਇਜ਼ਰਾਈਲੀ ਏਅਰ ਡਿਫ਼ੈਂਸ ਸਿਸਟਮ ਡੇਵਿਡਜ਼ ਸਲਿੰਗ ਨੇ ਕਾਮਯਾਬੀ ਨਾਲ ਇਸ ਨੂੰ ਬੇਅਸਰ ਕਰ ਦਿੱਤਾ ਅਤੇ ਦੱਖਣੀ ਲੇਬਨਾਨ ਵਿੱਚ ਲਾਂਚਿੰਗ ਪੈਡਾਂ ਨੂੰ ਵੀ ਨਸ਼ਟ ਕਰ ਦਿੱਤਾ।"
ਕਰਨਲ ਅੱਬਾਸ ਦੋਹਾਕ ਕਹਿੰਦੇ ਹਨ ਕਿ ਇਜ਼ਰਾਈਲ ਦੀ ਹਵਾਈ ਰੱਖਿਆ ਪ੍ਰਣਾਲੀ, ਜਿਸ ਵਿੱਚ ਡੇਵਿਡਜ਼ ਸਲਿੰਗ ਵੀ ਸ਼ਾਮਲ ਹੈ, ਹਿਜ਼ਬੁੱਲ੍ਹਾ ਦੇ ਮਿਜ਼ਾਈਲ ਹਮਲਿਆਂ ਵਿਰੁੱਧ ਬਹੁਤ ਪ੍ਰਭਾਵਸ਼ਾਲੀ ਸਾਬਤ ਹੋਈ ਹੈ।
ਉਨ੍ਹਾਂ ਦਾਅਵਾ ਕੀਤਾ, “ਇਸ ਨੇ ਨਾ ਸਿਰਫ਼ ਕਈ ਰਾਕੇਟ ਤਬਾਹ ਕੀਤੇ ਹਨ ਬਲਕਿ ਵੱਖ-ਵੱਖ ਦਿਸ਼ਾਵਾਂ ਅਤੇ ਥਾਵਾਂ ਤੋਂ ਦਾਗ਼ੇ ਗਏ ਡਰੋਨ ਅਤੇ ਮਿਜ਼ਾਈਲਾਂ ਨੂੰ ਵੀ ਨਾਕਾਮ ਕਰ ਦਿੱਤਾ ਹੈ।”

ਤਸਵੀਰ ਸਰੋਤ, Getty Images
ਜੌਰਡਨ ਦੇ ਫ਼ੌਜੀ ਮਾਮਲਿਆਂ ਦੇ ਮਾਹਰ ਬ੍ਰਿਗੇਡੀਅਰ ਜਨਰਲ ਮੂਸਾ ਅਲ-ਕਲਬ ਵੀ ਕਰਨਲ ਅੱਬਾਸ ਦੋਹਾਕ ਨਾਲ ਸਹਿਮਤ ਨਜ਼ਰ ਆਉਂਦੇ ਹਨ।
ਉਨ੍ਹਾਂ ਦਾ ਕਹਿਣਾ ਹੈ ਕਿ ਡੇਵਿਡਜ਼ ਸਲਿੰਗ ਸਿਸਟਮ ਦੇ ਕਾਰਨ, ਇਜ਼ਰਾਈਲ 2006 ਦੀ ਲੜਾਈ ਦੇ ਮੁਕਾਬਲੇ ਹਿਜ਼ਬੁੱਲ੍ਹਾ ਉੱਤੇ ਭਾਰੀ ਸਾਬਤ ਹੋਇਆ ਹੈ।
ਉਹ ਕਹਿੰਦੇ ਹਨ ਕਿ ਸ਼ਾਇਦ ਹਿਜ਼ਬੁੱਲ੍ਹਾ ਦੀਆਂ ਕੁਝ ਮਿਜ਼ਾਈਲਾਂ ਡੇਵਿਡਜ਼ ਸਲਿੰਗ ਦੇ ਟਿਕਾਣੇ ਤੱਕ ਪਹੁੰਚਣ ਅਤੇ ਉਸ ਨੂੰ ਨੁਕਸਾਨ ਪਹੁੰਚਾਉਣ ਵਿੱਚ ਸਫ਼ਲ ਹੋ ਸਕਦੀਆਂ ਹਨ, ਪਰ ਇਸਦਾ ਅਸਰ ਸੀਮਤ ਹੋਵੇਗਾ।
ਕਰਨਲ ਅੱਬਾਸ ਦੋਹਕ ਦਾ ਕਹਿਣਾ ਹੈ ਕਿ ਡੇਵਿਡਜ਼ ਸਲਿੰਗ ਨੂੰ ਹਾਈਪਰਸੋਨਿਕ ਮਿਜ਼ਾਈਲਾਂ ਨੂੰ ਰੋਕਣ ਵਿੱਚ ਮੁਸ਼ਕਲ ਹੋ ਸਕਦੀ ਹੈ ਕਿਉਂਕਿ ਉਹ ਬਹੁਤ ਤੇਜ਼ ਰਫ਼ਤਾਰ ਹੁੰਦੀਆਂ ਹਨ।
ਉਨ੍ਹਾਂ ਮੁਤਾਬਕ ਉਹ ਨਹੀਂ ਜਾਣਦੇ ਕਿ ਹਿਜ਼ਬੁੱਲ੍ਹਾ ਕੋਲ ਇਹ ਮਿਜ਼ਾਈਲ ਹੈ ਜਾਂ ਨਹੀਂ।
ਪਰ ਮੂਸਾ ਅਲ-ਕਲਬ ਦਾ ਕਹਿਣਾ ਹੈ ਕਿ ਉਹ ਨਹੀਂ ਸੋਚਦੇ ਕਿ ਹਿਜ਼ਬੁੱਲ੍ਹਾ ਕੋਲ ਰੂਸ ਦੀ ਮਦਦ ਨਾਲ ਬਣੀ ਜ਼ਰਕੁਨ ਮਿਜ਼ਾਈਲ ਹੋ ਸਕਦੀ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਇਹ ਯਕੀਨੀ ਤੌਰ 'ਤੇ ਸੰਭਵ ਹੈ ਕਿ ਇਰਾਨ ਨੇ ਥੋੜ੍ਹੀ ਗਿਣਤੀ ਵਿੱਚ ਇਹ ਮਿਜ਼ਾਈਲਾਂ ਹਿਜ਼ਬੁੱਲ੍ਹਾ ਨੂੰ ਦਿੱਤੀਆਂ ਹੋਣ।
ਪਰ ਉਹ ਨਹੀਂ ਸਮਝਦੇ ਕਿ ਅਜਿਹਾ ਹੋਇਆ ਹੋਵੇਗਾ ਕਿਉਂਕਿ ਇਹ ਫ਼ੈਸਲਾ ਈਰਾਨ ਦੀ ਉੱਚ ਪੱਧਰੀ ਲੀਡਰਸ਼ਿਪ ਦਾ ਵਿਸ਼ੇਸ਼ ਅਧਿਕਾਰ ਹੈ।
ਨਵੰਬਰ 2023 ਵਿੱਚ, ਇਜ਼ਰਾਈਲੀ ਰੱਖਿਆ ਮੰਤਰਾਲੇ ਨੇ ਫਿਨਲੈਂਡ ਨੂੰ ਡੇਵਿਡਜ਼ ਸਲਿੰਗ ਮੁਹੱਈਆ ਕਰਵਾਉਣ ਲਈ 35.5 ਕਰੋੜ ਡਾਲਰ ਦੇ ਸਮਝੌਤੇ 'ਤੇ ਹਸਤਾਖਰ ਕੀਤੇ ਸਨ।
ਉਸ ਸਮੇਂ ਰੱਖਿਆ ਮੰਤਰਾਲੇ ਨੇ ਕਿਹਾ ਸੀ ਕਿ ਡੇਵਿਡਜ਼ ਸਲਿੰਗ ਬੈਲਿਸਟਿਕ, ਕਰੂਜ਼ ਮਿਜ਼ਾਈਲਾਂ, ਡਰੋਨ ਅਤੇ ਲੜਾਕੂ ਜਹਾਜ਼ਾਂ ਨੂੰ ਟਰੈਕ ਕਰਨ ਉਨ੍ਹਾਂ ਨੂੰ ਨਸ਼ਟ ਕਰਨ ਦੀ ਸਮਰੱਥਾ ਰੱਖਣ ਵਾਲੇ ਦੁਨੀਆ ਦੇ ਆਧੁਨਿਕ ਹਥਿਆਰਾਂ ਵਿੱਚੋਂ ਇੱਕ ਹੈ।

ਤਸਵੀਰ ਸਰੋਤ, Getty Images
ਕਮਜ਼ੋਰੀਆਂ
ਮੂਸਾ ਅਲ-ਕਲਬ ਦਾ ਕਹਿਣਾ ਹੈ ਕਿ ਇਜ਼ਰਾਇਲੀ ਰੱਖਿਆ ਪ੍ਰਣਾਲੀ ਦੀਆਂ ਵੀ ਕੁਝ ਕਮਜ਼ੋਰੀਆਂ ਹਨ ਕਿਉਂਕਿ ਇਨ੍ਹਾਂ ਨੂੰ ਇੱਕ ਥਾਂ ਤੋਂ ਦੂਜੀ ਥਾਂ ਲਿਜਾਣਾ ਔਖਾ ਹੈ ਅਤੇ ਇਸ ਸਮੇਂ ਦੌਰਾਨ ਕੋਈ ਵੀ ਪਾਰਟੀ ਉਨ੍ਹਾਂ ਹਥਿਆਰਾਂ ਨੂੰ ਨਿਸ਼ਾਨਾ ਬਣਾ ਕੇ ਨਸ਼ਟ ਕਰ ਸਕਦੀ ਹੈ।
ਉਹ ਕਹਿੰਦੇ ਹਨ ਕਿ ਡੇਵਿਡਜ਼ ਸਲਿੰਗ ਵਿੱਚ ਲੱਗਣ ਵਾਲੀ ਇੱਕ ਮਿਜ਼ਾਈਲ ਦੀ ਕੀਮਤ 10 ਲੱਖ ਡਾਲਰ ਹੈ।
ਮੂਸਾ ਅਲ-ਕਲਬ ਦਾ ਵਿਚਾਰ ਹੈ ਕਿ ਇਜ਼ਰਾਈਲ ਤਕਨੀਕੀ ਕਾਰਨਾਂ ਕਰਕੇ ਆਇਰਨ ਡੋਮ ਵਾਂਗ ਡੇਵਿਡਜ਼ ਸਲਿੰਗ ਦੀ ਵਰਤੋਂ ਨਹੀਂ ਕਰੇਗਾ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












