You’re viewing a text-only version of this website that uses less data. View the main version of the website including all images and videos.
ਲੁਧਿਆਣਾ: ਕਦੇ ਪੜ੍ਹਾਈ ਛੱਡਣ ਲਈ ਹੋਇਆ ਸੀ ਮਜਬੂਰ, ਪਰ ਭਰਾ ਦੇ ਮੱਛੀ ਪਾਲਣ ਦੇ 'ਫੇਲ੍ਹ' ਕਾਰੋਬਾਰ ਨੂੰ ਬੁਲੰਦੀਆਂ 'ਤੇ ਕਿਵੇਂ ਲੈ ਕੇ ਗਿਆ ਇਹ ਕਿਸਾਨ
- ਲੇਖਕ, ਹਰਮਨਦੀਪ ਸਿੰਘ
- ਰੋਲ, ਬੀਬੀਸੀ ਪੱਤਰਕਾਰ
"ਮੱਛੀ ਪਾਲਣ ਖੇਤੀ ਨਹੀਂ ਕਾਰੋਬਾਰ ਹੈ।"
ਲੁਧਿਆਣਾ ਦੇ ਮੱਛੀ ਪਾਲਕ ਕਿਸਾਨ ਜਸਵੀਰ ਦੇ ਇਹ ਸ਼ਬਦ ਮੱਛੀ ਪਾਲਣ ਦੇ ਧੰਦੇ ਵਿੱਚ ਵੱਧ ਮੁਨਾਫ਼ੇ ਦੀਆਂ ਸੰਭਾਵਨਾਵਾਂ ਦੱਸਣ ਲਈ ਕਾਫ਼ੀ ਹਨ।
ਜਸਵੀਰ ਸਿੰਘ ਪੰਜਾਬ ਵਿੱਚ ਖੇਤੀਬਾੜੀ ਦੇ ਰਵਾਇਤੀ ਢਾਂਚੇ ਤੋਂ ਬਾਹਰ ਨਿਕਲਣ ਲਈ ਬਦਲਾਂ ਦੀ ਭਾਲ ਕਰ ਰਹੇ ਕਿਸਾਨਾਂ ਲਈ ਪ੍ਰੇਰਨਾ ਸਰੋਤ ਹਨ।
ਲੁਧਿਆਣਾ ਦੇ ਪਿੰਡ ਕਰੌਦੀਆਂ ਦੇ ਵਸਨੀਕ ਜਸਵੀਰ ਸਿੰਘ ਔਜਲਾ ਨੇ ਮੱਛੀ ਪਾਲਣ ਦੇ ਸਹਾਇਕ ਕਿੱਤੇ ਨੂੰ ਆਪਣੇ ਮੁੱਖ ਰੁਜ਼ਗਾਰ ਵਜੋਂ ਅਪਣਾ ਕੇ ਕਾਮਯਾਬੀ ਹਾਸਿਲ ਕੀਤੀ ਹੈ।
ਕੁੱਲ 30 ਏਕੜ ਜ਼ਮੀਨ ਦੇ ਮਾਲਕ ਜਸਵੀਰ ਸਿੰਘ ਪਹਿਲਾਂ ਹੋਰ ਕਿਸਾਨਾਂ ਵਾਂਗ ਰਵਾਇਤੀ ਕਣਕ-ਝੋਨੇ ਦੀ ਖੇਤੀ ਕਰਦੇ ਸਨ। ਪਰ 1999 ਵਿੱਚ ਉਨ੍ਹਾਂ ਨੇ ਆਪਣੇ ਜੀਵਨ ਵਿੱਚ ਇੱਕ ਨਵਾਂ ਮੋੜ ਲਿਆ ਅਤੇ ਮੱਛੀ ਪਾਲਣ ਦੀ ਸ਼ੁਰੂਆਤ ਕੀਤੀ।
ਹੁਣ ਉਹ 27 ਏਕੜ ਵਿੱਚ ਮੱਛੀ ਪਾਲਦੇ ਹਨ।
ਉਨ੍ਹਾਂ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਮੱਛੀ ਪਾਲਣ ਵਿਭਾਗ ਜੋ ਹੁਣ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦਾ ਹਿੱਸਾ ਹੈ ਤੋਂ ਮੱਛੀ ਪਾਲਣ ਦੀ ਵਿਗਿਆਨਕ ਤਰੀਕੇ ਨਾਲ ਸਿਖਲਾਈ ਲੈ ਕੇ, ਇਹ ਧੰਦਾ ਸ਼ੁਰੂ ਕੀਤਾ ਸੀ।
ਉਹ ਮੱਛੀ ਦੀ ਸਪਲਾਈ ਪੰਜਾਬ ਤੋਂ ਬਾਹਰ ਜੰਮੂ-ਕਸ਼ਮੀਰ, ਹਿਮਾਚਲ ਅਤੇ ਹੋਰਨਾਂ ਸੂਬਿਆਂ ਵਿੱਚ ਵੀ ਕਰਦੇ ਹਨ।
ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦੇ ਮੁਤਾਬਕ ਜਸਵੀਰ ਪੰਜਾਬ ਦੇ ਉਨ੍ਹਾਂ ਅਗਾਂਹਵਧੂ ਕਿਸਾਨਾਂ ਵਿੱਚ ਸ਼ਾਮਲ ਹਨ ਜਿਨ੍ਹਾਂ ਦੀ ਬਦੌਲਤ ਪੰਜਾਬ ਵਿੱਚ ਮੱਛੀ ਦੀ ਪੈਦਾਵਾਰ ਪਿਛਲੇ 40 ਸਾਲਾਂ ਵਿੱਚ 2800 ਟਨ ਤੋਂ 1 ਲੱਖ 85,000 ਹਜ਼ਾਰ ਟਨ ਤੱਕ ਪੁੱਜ ਗਈ ਹੈ।
ਸ਼ੁਰੂਆਤ ਕਿਵੇਂ ਕੀਤੀ
ਕਿਸਾਨ ਜਸਵੀਰ ਦੱਸਦੇ ਹਨ ਕਿ ਦੱਸਵੀਂ ਕਲਾਸ ਤੋਂ ਬਾਅਦ ਉਨ੍ਹਾਂ ਦੀ ਪੜ੍ਹਾਈ ਛੁੱਟ ਗਈ ਸੀ, ਜਿਸ ਮਗਰੋਂ ਉਨ੍ਹਾਂ ਰਵਾਇਤੀ ਖੇਤੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਉਨ੍ਹਾਂ ਦੇ ਭਰਾ ਕੁਲਦੀਪ ਸਿੰਘ ਨੇ ਮੱਛੀ ਪਾਲਣ ਦਾ ਧੰਦਾ ਅਪਣਾਇਆ ਹੋਇਆ ਸੀ। ਪਰ ਉਹ ਅਸਫ਼ਲ ਹੋ ਗਏ ਸਨ।
ਉਹ ਤਲਾਬ ਬੰਦ ਕਰਨ ਦੀ ਸੋਚ ਰਹੇ ਸਨ ਅਤੇ ਅਚਾਨਕ ਉਨ੍ਹਾਂ ਜਸਵੀਰ ਨੂੰ ਮੱਛੀ ਪਾਲਣ ਦਾ ਤਜਰਬਾ ਕਰਨ ਲਈ ਕਿਹਾ। ਜਸਵੀਰ ਨੇ ਦੋ ਸਾਲ ਵਾਸਤੇ ਤਲਾਬ ਲੀਜ਼ ਉੱਤੇ ਲੈ ਲਿਆ ਅਤੇ ਉਨ੍ਹਾਂ ਨੂੰ ਇਸ ਵਿੱਚ ਸਫ਼ਲਤਾ ਮਿਲਣ ਲੱਗੀ।
ਉਹ ਆਖਦੇ ਹਨ, "ਸਾਨੂੰ ਮੱਛੀ ਪਾਲਣ ਦਾ ਧੰਦਾ ਰਵਾਇਤੀ ਖੇਤੀ ਨਾਲੋਂ ਕਾਫ਼ੀ ਬਿਹਤਰ ਲੱਗਾ। 1999 ਵਿੱਚ 3 ਏਕੜ ਤੋਂ ਸ਼ੁਰੂਆਤ ਕੀਤੀ ਸੀ। ਸਾਲ 2001 ਵਿੱਚ ਸਾਢੇ ਪੰਜ ਏਕੜ ਵਿੱਚ ਵੀ ਤਲਾਬ ਬਣਾ ਲਿਆ ਅਤੇ ਫਿਰ ਸਾਲ 2008 ਵਿੱਚ ਹੋਰ 3 ਏਕੜ ਵਿੱਚ ਇਹ ਕੰਮ ਸ਼ੁਰੂ ਕਰ ਲਿਆ। ਹੁਣ ਅਸੀਂ 27 ਏਕੜ ਵਿੱਚ ਮੱਛੀ ਪਾਲਣ ਦਾ ਧੰਦਾ ਕਰ ਰਹੇ ਹਾਂ।"
ਕਿਹੜੇ ਢੰਗਾਂ ਨਾਲ ਕਮਾਈ ਕਰਦੇ ਹਨ
ਕਿਸਾਨ ਜਸਵੀਰ ਦੱਸਦੇ ਹਨ ਕਿ ਖਰਚਿਆਂ ਨੂੰ ਕੱਢ ਕੇ ਉਹ ਪ੍ਰਤੀ ਏਕੜ ਸਾਲਾਨਾ ਡੇਢ ਲੱਖ ਤੋਂ ਵੱਧ ਦੀ ਆਮਦਨ ਕਰਦੇ ਹਨ। ਇਹ ਕਮਾਈ ਸਿਰਫ਼ ਮੱਛੀ ਦੇ ਉਤਪਾਦਨ ਦੀ ਹੈ।
ਪਰ ਉਨ੍ਹਾਂ ਦਾ ਮੁਨਾਫ਼ਾ ਇਸ ਤੋਂ ਵੀ ਵੱਧ ਜਾਂਦਾ ਹੈ ਕਿਉਂਕਿ ਉਹ ਮੰਡੀਕਰਨ ਵੀ ਖ਼ੁਦ ਕਰਦੇ ਹਨ।
ਜਸਵੀਰ ਸਿਰਫ਼ ਆਪਣੇ ਖੇਤ ਵਿੱਚ ਹੀ ਮੱਛੀਆਂ ਨਹੀਂ ਪਾਲਦੇ ਸਗੋਂ ਉਹ ਹੋਰ ਤਲਾਬ ਵੀ ਠੇਕੇ ਉੱਤੇ ਵੀ ਲੈਂਦੇ ਹਨ। ਉਹ ਹੋਰਨਾਂ ਮੱਛੀ ਪਾਲਕਾਂ ਤੋਂ ਮੱਛੀਆਂ ਖਰੀਦ ਕੇ ਵੀ ਵੇਚਦੇ ਹਨ।
ਲੁਧਿਆਣਾ ਦੀ ਸਰਕਾਰੀ ਮੱਛੀ ਮਾਰਕੀਟ ਵਿੱਚ ਉਨ੍ਹਾਂ ਦੀਆਂ ਰੀਟੇਲ ਅਤੇ ਹੋਲਸੇਲ ਦੀਆਂ ਦੋ ਦੁਕਾਨਾਂ ਵੀ ਹਨ। ਇਸ ਤੋਂ ਇਲਾਵਾ ਉਹ ਪੰਜਾਬ ਤੋਂ ਬਾਹਰ ਹੋਰਨਾਂ ਸੂਬਿਆਂ ਵਿੱਚ ਵੀ ਮੱਛੀਆਂ ਸਪਲਾਈ ਕਰਦੇ ਹਨ।
ਇਸ ਤਰ੍ਹਾਂ ਉਹ ਬਾਕੀ ਮੱਛੀ ਪਾਲਕਾਂ ਨਾਲੋਂ ਵੱਧ ਮੁਨਾਫ਼ਾ ਕਮਾਉਂਦੇ ਹਨ।
ਰਵਾਇਤੀ ਖੇਤੀ ਦਾ ਬਦਲ ਕਿਵੇਂ
ਕਿਸਾਨ ਜਸਵੀਰ ਸਿੰਘ ਮੱਛੀ ਪਾਲਣ ਦੇ ਧੰਦੇ ਨੂੰ ਰਵਾਇਤੀ ਖੇਤੀ ਦਾ ਬਿਹਤਰ ਬਦਲ ਦੱਸਦੇ ਹਨ।
ਉਹ ਕਹਿੰਦੇ ਹਨ ਇੱਕ ਤਾਂ ਮੱਛੀ ਪਾਲਣ ਦੇ ਧੰਦੇ ਵਿੱਚ ਆਮਦਨ ਵੱਧ ਹੈ। ਦੂਸਰਾ ਇਸ ਵਿੱਚ ਮਜ਼ਦੂਰੀ ਦੀ ਲਾਗਤ ਰਵਾਇਤੀ ਖੇਤੀ ਦੇ ਮੁਕਾਬਲੇ ਬਹੁਤ ਘੱਟ ਹੈ।
ਉਨ੍ਹਾਂ ਮੁਤਾਬਕ, "ਮੈਂ 27 ਏਕੜ ਵਿੱਚ ਮੱਛੀ ਪਾਲ ਰਿਹਾ ਹਾਂ ਅਤੇ ਮੈਨੂੰ ਸਿਰਫ਼ ਇੱਕ ਮਜ਼ਦੂਰ ਦੀ ਲੋੜ ਪੈਂਦੀ ਹੈ। ਜਦਕਿ ਜੇਕਰ ਮੈਂ 27 ਏਕੜ ਵਿੱਚ ਰਵਾਇਤੀ ਖੇਤੀ ਕਰਾਂ ਤਾਂ ਮੈਨੂੰ ਵੱਧ ਮਜ਼ਦੂਰਾਂ ਦੀ ਲੋੜ ਪਵੇਗੀ। ਇਸ ਨਾਲ ਲਾਗਤ ਵੀ ਵੱਧ ਜਾਵੇਗੀ।"
ਉਹ ਕਹਿੰਦੇ ਹਨ, "ਮੱਛੀ ਪਾਲਣਾ ਖੇਤੀ ਨਹੀਂ ਕਾਰੋਬਾਰ ਹੈ।"
ਮੱਛੀ ਪਾਲਣ ਦੇ ਤਕਨੀਕੀ ਢੰਗ
ਜਸਵੀਰ ਸਿੰਘ ਆਪਣੇ ਤਲਾਬਾਂ ਵਿੱਚ ਤਕਨੀਕੀ ਢੰਗਾਂ ਨਾਲ ਮੱਛੀਆਂ ਪਾਲਦੇ ਹਨ। ਉਨ੍ਹਾਂ ਨੇ ਆਪਣੇ ਤਲਾਬ ਵਿੱਚ ਏਰੀਏਸ਼ਨ, ਮੱਛੀ ਲਈ ਕੁਦਰਤੀ ਖੁਰਾਕ ਦੀ ਪੈਦਾਵਾਰ ਦਾ ਪ੍ਰਬੰਧ ਅਤੇ ਮੱਛੀ ਖੋਰ ਪੰਛੀਆਂ ਦੀ ਰੋਕਥਾਮ ਲਈ ਪ੍ਰਾਬੰਧ ਕੀਤੇ ਹੋਏ ਹਨ।
ਉਹ ਖੇਤਾਂ ਦੀ ਸਿੰਚਾਈ ਲਈ ਵੀ ਤਲਾਬ ਦਾ ਪਾਣੀ ਹੀ ਵਰਤਦੇ ਹਨ।
ਉਨ੍ਹਾਂ ਨੇ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਤੋਂ ਸਾਲ 2015 ਵਿੱਚ ਮੱਛੀ ਦੀ ਪ੍ਰੋਸੈਸਿੰਗ ਦੀ ਸਿਖਲਾਈ ਲਈ ਤੇ ਹੁਣ ਮੱਛੀ ਦੇ ਗੁਣਵੱਤਾ ਭਰਪੂਰ ਉਤਪਾਦ ਬਣਾ ਕੇ ਵੇਚਦੇ ਹਨ।
ਉਹ ਮੱਛੀ ਦਾ ਪੂੰਗ ਸਰਕਾਰੀ ਪੂੰਗ ਫਾਰਮਾਂ ਤੋਂ ਲੈਦੇ ਹਨ ਅਤੇ ਹਰ ਮਹੀਨੇ ਯੂਨੀਵਰਸਿਟੀ ਤੋਂ ਤਲਾਬ ਦੇ ਪਾਣੀ ਦਾ ਨਿਰੀਖਣ ਕਰਵਾਉਂਦੇ ਹਨ।
ਜਸਵੀਰ ਆਪਣੇ ਤਲਾਬ ਵਿੱਚ ਪੰਜ ਕਿਸਮਾਂ ਦੀ ਮੱਛੀ ਪਾਲਦੇ ਹਨ ਜਿਨ੍ਹਾਂ ਵਿੱਚ ਰੋਹੂ, ਕਤਲਾ, ਮੁਰਾਕ, ਗਰਾਸ ਕਾਰਪ ਅਤੇ ਕਾਮਨ ਕਾਰਪ ਕਿਸਮਾਂ ਸ਼ਾਮਲ ਹਨ।
ਸਨਮਾਨ ਅਤੇ ਇਨਾਮ
ਸਾਲ 2015 ਵਿੱਚ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਵੱਲੋਂ ਉਨ੍ਹਾਂ ਨੂੰ ਮੁੱਖ ਮੰਤਰੀ ਸਨਮਾਨ ਨਾਲ ਨਵਾਜ਼ਿਆ ਗਿਆ ਸੀ।
ਪੰਜਾਬ ਸਰਕਾਰ ਦੇ ਮੱਛੀ ਪਾਲਣ ਵਿਭਾਗ ਵੱਲੋਂ ਉਨ੍ਹਾਂ ਨੂੰ ਸਾਲ 2016 ਵਿੱਚ ਪ੍ਰਸ਼ੰਸਾ ਪੱਤਰ ਵੀ ਦਿੱਤਾ ਗਿਆ ਸੀ। ਇਹ ਪ੍ਰਸ਼ੰਸਾ ਪੱਤਰ ਉਨ੍ਹਾਂ ਨੂੰ ਮੱਛੀ ਦੀ ਪ੍ਰਤੀ ਏਕੜ ਵੱਧ ਪੈਦਾਵਾਰ ਕਰਨ ਬਦਲੇ ਦਿੱਤਾ ਗਿਆ ਸੀ।
ਪੰਜਾਬ ਵਿੱਚ ਮੱਛੀਆਂ ਦਾ ਉਤਪਾਦਨ ਕਿੰਨਾ ਵਧਿਆ
ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਕਾਲਜ ਆਫ ਫਿਸ਼ਰਿਜ਼ ਦੇ ਡੀਨ ਡਾ. ਮੀਰਾ ਡੀ ਅੰਸਲ ਨੇ ਜਾਣਕਾਰੀ ਦਿੱਤੀ ਕਿ ਮੌਜੂਦਾ ਸਮੇਂ ਪੰਜਾਬ ਵਿੱਚ 45,000 ਏਕੜ ਦਾ ਰਕਬਾ ਮੱਛੀ ਪਾਲਣ ਧੰਦੇ ਦੇ ਅਧੀਨ ਹੈ।
ਉਨ੍ਹਾਂ ਦੱਸਿਆ, "ਪੰਜਾਬ ਵਿੱਚ ਹੁਣ 1 ਲੱਖ 85 ਹਜ਼ਾਰ ਟਨ ਮੱਛੀ ਦੀ ਪੈਦਾਵਾਰ ਹੋ ਰਹੀ ਹੈ ਜਦਕਿ ਅੱਜ ਤੋਂ 40 ਸਾਲ ਪਹਿਲਾਂ ਸਿਰਫ਼ 2800 ਟਨ ਸੀ। ਇਸ ਤਰ੍ਹਾਂ ਅਸੀਂ ਪਹਿਲਾਂ ਹੀ ਲੰਬਾ ਰਸਤਾ ਤੈਅ ਕਰ ਚੁੱਕੇ ਹਾਂ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ