ਐੱਮ ਫਾਰਮੇਸੀ ਕਰਨ ਤੋਂ ਬਾਅਦ ਦਵਾਈਆਂ ਦੇ ਕਾਰੋਬਾਰ ਦੀ ਬਜਾਇ ਜੈਵਿਕ ਖੇਤੀ ਕਿਉਂ ਕਰ ਰਹੇ ਹਨ ਹਰਪ੍ਰੀਤ ਕੌਰ

    • ਲੇਖਕ, ਚਰਨਜੀਵ ਕੌਸ਼ਲ
    • ਰੋਲ, ਬੀਬੀਸੀ ਸਹਿਯੋਗੀ

ਸੰਗਰੂਰ ਦੇ ਪਿੰਡ ਮਾਨਾ ਦੀ ਰਹਿਣ ਵਾਲੀ ਹਰਪ੍ਰੀਤ ਕੌਰ ਨੇ਼ ਦੋ ਬਿੱਘੇ ਤੋਂ ਜੈਵਿਕ ਖੇਤੀ ਸ਼ੁਰੂ ਕੀਤੀ ਤੇ ਅੱਜ 5 ਏਕੜ ਵਿੱਚ ਕਰ ਰਹੇ ਹਨ।

ਵੈਸੇ ਤਾਂ ਪੰਜਾਬ ਵਿੱਚ ਹੋਰ ਵੀ ਲੋਕ ਜੈਵਿਕ ਖੇਤੀ ਕਰ ਰਹੇ ਹਨ, ਪਰ ਹਰਪ੍ਰੀਤ ਕੌਰ ਖਾਸ ਇਸ ਲਈ ਹਨ ਕਿਉਂ ਕਿ ਉਨ੍ਹਾਂ ਨੇ 2018 ਵਿੱਚ ਫਾਰਮਾਕੋਲੋਜੀ ਵਿਸ਼ੇ ਦੇ ਨਾਲ ਐੱਮ ਫਾਰਮੈਸੀ ਕੀਤੀ ਸੀ।

ਉਨ੍ਹਾਂ ਦਾ ਵਿਆਹ 2014 ਵਿੱਚ ਹੋਇਆ ਅਤੇ ਪੜ੍ਹਾਈ ਵਿਆਹ ਤੋਂ ਬਾਅਦ ਹੀ ਕੀਤੀ।

ਉਨ੍ਹਾਂ ਨੇ ਦੱਸਿਆ, "ਪੜ੍ਹਾਈ ਕਰਨ ਤੋਂ ਬਾਅਦ ਮੈਂ ਤਿੰਨ ਸਾਲ ਲੈਕਚਰਾਰ ਵਜੋਂ ਨੌਕਰੀ ਵੀ ਕੀਤੀ। ਫਿਰ ਲੱਗਾ ਕਿ ਕੋਈ ਆਪਣਾ ਕੰਮ ਕਰਨਾ ਚਾਹੀਦੀ ਹੈ ਤੇ ਅਸੀਂ ਮੈਡੀਕਲ ਸਟੋਰ ਜਾਂ ਕਲੀਨਿਕ ਖੋਲ੍ਹਣ ਬਾਰੇ ਸੋਚਿਆ।"

"ਅਸੀਂ ਸਾਰਾ ਕੁਝ ਕਰ ਲਿਆ ਪਰ ਫਿਰ ਮਨ ʼਚ ਖਿਆਲ ਆਇਆ ਕਿ ਹੁਣ ਸਵੇਰੇ ਜਦੋਂ ਦੁਕਾਨ ਖੋਲ੍ਹਿਆ ਕਰਾਂਗੇ ਤਾਂ ਕੀ ਅਸੀਂ ਲੋਕਾਂ ਦੀ ਬਿਮਾਰੀ ਦੀ ਵੀ ਅਰਦਾਸ ਕਰਾਂਗੇ ਕਿ ਉਹ ਬਿਮਾਰ ਹੋਣ ਤੇ ਸਾਡੇ ਕੋਲੋਂ ਦਵਾਈ ਲੈਣ ਆਉਣ।"

"ਇਹ ਚੀਜ਼ ਮੈਨੂੰ ਸਹੀ ਨਹੀਂ ਲੱਗੀ। ਮੈਂ ਆਪਣੇ ਪਤੀ ਨਾਲ ਗੱਲ ਕੀਤੀ ਤਾਂ ਅਸੀਂ ਸਲਾਹ ਕੀਤੀ ਕਿ ਅਸੀਂ ਮੈਡੀਕਲ ਸਟੋਰ ਨਹੀਂ ਖੋਲ੍ਹਾਂਗੇ। ਫਿਰ ਕਾਫੀ ਸੋਚ-ਵਿਚਾਰਨ ਤੋਂ ਬਾਅਦ ਤੈਅ ਕੀਤਾ ਲੋਕਾਂ ਨੂੰ ਬਿਮਾਰੀ ਲੱਗਣ ਤੋਂ ਪਹਿਲਾਂ ਹੀ ਬਚਾਇਆ ਜਾਏ ਤੇ ਇਸ ਤਰ੍ਹਾਂ ਅਸੀਂ ਜੈਵਿਕ ਖੇਤੀ ਬਾਰੇ ਸੋਚਿਆ।"

ਰਸਾਇਣਿਕ ਖਾਦਾਂ ਤੇ ਦਵਾਈਆਂ ਦੀ ਬਜਾਇ ਕੁਦਰਤੀ ਸਰੋਤਾਂ ਅਤੇ ਤਰੀਕਿਆਂ ਨਾਲ ਕੀਤੀ ਜਾਣ ਵਾਲੀ ਖੇਤੀ ਨੂੰ ਜੈਵਿਕ ਖੇਤੀ ਕਿਹਾ ਜਾਂਦਾ ਹੈ। ਇਸ ਨਾਲ ਸਿਹਤਮੰਦ ਅਨਾਜ ਦੀ ਪੈਦਾਵਾਰ, ਧਰਤੀ ਦੀ ਉਪਜਾਊ ਸ਼ਕਤੀ ਦੀ ਬਹਾਲੀ ਅਤੇ ਵਾਤਾਵਰਨ ਦੀ ਰੱਖਿਆ ਕੀਤੀ ਜਾ ਸਕਦੀ ਹੈ।

ਸ਼ੁਰੂਆਤ ਕਿਵੇਂ ਕੀਤੀ

ਹਰਪ੍ਰੀਤ ਕੌਰ ਦੱਸਦੇ ਹਨ ਕਿ ਉਨ੍ਹਾਂ ਨੇ ਦੋ ਬਿੱਘੇ ਤੋਂ ਸ਼ੁਰੂਆਤ ਕੀਤੀ ਸੀ। ਉਸ ਵਿੱਚ ਉਨ੍ਹਾਂ ਨੇ ਆਪਣੀ ਲੋੜ ਅਨੁਸਾਰ ਕਣਕ ਅਤੇ ਘਰ ਲਈ ਸਬਜ਼ੀਆਂ ਬੀਜੀਆਂ।

ਉਹ ਦੱਸਦੇ ਹਨ, "ਸਾਨੂੰ ਉਹ ਚੀਜ਼ ਬਹੁਤ ਵਧੀਆ ਲੱਗੀ ਅਤੇ ਉਸ ਦਾ ਸਵਾਦ ਵੀ ਵਧੀਆ ਸੀ। ਡੇਅਰੀ ਫਾਰਮਿੰਗ ਅਸੀਂ ਪਹਿਲਾਂ ਹੀ ਕਰ ਰਹੇ ਸੀ ਅਤੇ ਇਸ ਦੇ ਨਾਲ ਹੀ ਅਸੀਂ ਉਸ ਨੂੰ ਵੀ ਪ੍ਰੋਸੈੱਸ ਕਰਨਾ ਸ਼ੁਰੂ ਕਰ ਦਿੱਤਾ।"

"ਫਿਰ ਹੌਲੀ-ਹੌਲੀ ਅਸੀਂ ਇਸ ਨੂੰ ਵਧਾਉਂਦੇ ਗਏ ਅਤੇ ਜਿਵੇਂ ਹੀ ਢਾਈ ਏਕੜ ਤੱਕ ਪਹੁੰਚੇ ਤਾਂ ਅਸੀਂ ਪੰਜਾਬ ਐਗਰੋ ਵਿੱਚ ਰਜਿਸਟ੍ਰੇਸ਼ਨ ਅਪਲਾਈ ਕਰ ਦਿੱਤੀ। 2018 ਵਿੱਚ ਇਹ ਰਜਿਸਟਰ ਹੋ ਗਿਆ ਸੀ।"

ਉਨ੍ਹਾਂ ਦਾ ਕਹਿਣਾ ਹੈ ਕਿ 2020 ਵਿੱਚ ਜਦੋਂ ਲੌਕਡਾਊਨ ਲੱਗਿਆ ਤਾਂ ਉਨ੍ਹਾਂ ਨੂੰ ਕੁਝ ਵੀ ਬਾਜ਼ਾਰੋਂ ਖਰੀਦਣ ਦੀ ਲੋੜ ਨਹੀਂ ਪਈ।

ਉਹ ਆਖਦੇ ਹਨ, "ਜਦੋਂ ਅਸੀਂ ਇਸ ਨੂੰ ਵਪਾਰ ਵਜੋਂ ਸ਼ੁਰੂ ਕੀਤੀ ਤਾਂ ਸਾਨੂੰ ਚੰਗਾ ਹੁੰਗਾਰਾ ਮਿਲਿਆ। ਅਸੀਂ ਬੀਜ ਦੇ ਉਤਪਾਦਨ ਤੋਂ ਪ੍ਰੋਸੈਸਿੰਗ, ਲੇਬਲਿੰਗ ਤੱਕ, ਸਭ ਕੁਝ ਸਾਡੇ ਖੇਤਾਂ ਵਿੱਚ ਹੁੰਦਾ ਹੈ।"

ਹਰਪ੍ਰੀਤ ਦੱਸਦੇ ਹਨ ਕਿ ਉਨ੍ਹਾਂ ਕੋਲ ਕੁੱਲ 24 ਏਕੜ ਜ਼ਮੀਨ ਹੈ ਅਤੇ ਪੰਜ ਏਕੜ ਵਿੱਚ ਉਹ ਜੈਵਿਕ ਖੇਤੀ ਕਰਦੇ ਹਨ, ਜਿਨ੍ਹਾਂ ਵਿੱਚ 4-5 ਕਿਸਮਾਂ ਦੀ ਕਣਕ, ਆਲੂ, ਪਿਆਜ਼, ਲਸਣ, ਸੌਂਫ, ਕਲੌਂਜੀ, ਅਲਸੀ, ਛੋਲੇ, ਗੰਨਾ ਆਦਿ ਫ਼ਸਲਾਂ ਦੀ ਕਾਸ਼ਤ ਕਰਦੇ ਹਨ।

ਇਸ ਤੋਂ ਇਲਾਵਾ ਉਹ ਪਸ਼ੂਆਂ ਨੂੰ ਪਾਉਣ ਵਾਲਾ ਹਰਾ ਚਾਰਾ ਵੀ ਜੈਵਿਕ ਉਗਾਉਂਦੇ ਹਨ।

ਹਰਪ੍ਰੀਤ ਕੌਰ ਦੱਸਦੇ ਹਨ ਕਿ ਉਹ ਕਈ ਵਾਰ ਆਪਣੇ ਖੇਤਾਂ ਵਿੱਚ 15-15 ਘੰਟੇ ਵੀ ਕੰਮ ਕਰਦੇ ਹਨ।

ਹਰਪ੍ਰੀਤ ਕੌਰ ਨੇ ਦੱਸਿਆ, ''ਫ਼ਸਲ ਦੀ ਬਜਾਈ ਅਤੇ ਕਟਾਈ ਸਮੇਂ ਮਿਹਨਤ ਜਿਆਦਾ ਹੁੰਦੀ ਹੈ ਪਰ ਦੇਖਭਾਲ ਸਮੇਂ ਮਿਹਨਤ ਘੱਟ ਕਰਨੀ ਪੈਂਦੀ ਹੈ। ਆਮ ਕਿਸਾਨ ਨੂੰ ਸੇਧ ਦੇਣ ਵਾਲਾ ਕੋਈ ਨਹੀਂ ਹੁੰਦਾ ਅਗਰ ਤੁਸੀਂ ਜੈਵਿਕ ਖੇਤੀ ਵੱਲ ਜਾਣਾ ਚਾਹੁੰਦੇ ਹੋ ਤਾਂ ਤੁਸੀਂ ਪਹਿਲਾਂ ਥੋੜ੍ਹੇ ਤੋਂ ਸ਼ੁਰੂਆਤ ਕਰੋ।''

ਹਰਪ੍ਰੀਤ ਕੌਰ ਦਾ ਕਹਿਣਾ ਹੈ, ''ਅਸੀਂ ਦਲੀਆ, ਲਾਲ ਮਿਰਚ ਦਾ ਪਾਊਡਰ, ਹਲਦੀ, ਸੇਵੀਆ, ਕਣਕ ਦਾ ਆਟਾ, ਹਰੀ ਮਿਰਚ ਦਾ ਅਚਾਰ, ਆਵਲੇ ਦੀ ਚਟਨੀ, ਅਚਾਰ, ਮੁਰੱਬਾ ਆਦਿ ਬਣਾ ਕੇ ਵੇਚਦੇ ਹਾਂ।''

ਡੇਅਰੀ ਪ੍ਰੋਡੈਕਟ ਵਿੱਚ ਲੱਸੀ, ਮੱਖਣ, ਦਹੀ, ਪਨੀਰ ਆਦਿ ਬਣਾ ਕੇ ਵੇਚਦੇ ਹਨ।

ਐਵਾਰਡ ਵੀ ਮਿਲਿਆ

ਹਰਪ੍ਰੀਤ ਕੌਰ ਨੂੰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵੱਲੋਂ ਸੀਆਰਆਈ ਪੰਪਜ਼ ਅਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ ਹੈ।

ਹਰਪ੍ਰੀਤ ਕੌਰ ਜੈਵਿਕ ਖੇਤੀ ਕਰਦੇ ਹਨ ਅਤੇ ਜੈਵਿਕ ਖੇਤੀ ਤੋਂ ਆਪਣੇ ਖੇਤਾਂ ਵਿੱਚੋਂ ਉਗਾਏ ਅਨਾਜ, ਦਾਲਾਂ, ਮਸਾਲੇ ਅਤੇ ਡੇਅਰੀ ਪ੍ਰੋਡਕਟਸ ਨੂੰ ਪ੍ਰੋਸੈਸ ਕਰਕੇ ਆਪਣੀ ਕੰਪਨੀ ਦਾ ਮਾਰਕਾ ਲਗਾ ਕੇ ਅੱਗੇ ਵੇਚਦੇ ਵੀ ਹਨ ਅਤੇ ਵਧੀਆ ਕਮਾਈ ਕਰਦੇ ਹਨ।

ਹਰਪ੍ਰੀਤ ਕੌਰ ਨੇ ਹੁਣ ਬਲਾਕ ਪੱਧਰ ਉੱਤੇ ਅਤੇ ਜ਼ਿਲ੍ਹਾ ਪੱਧਰ ʼਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਮਦਦ ਦੇ ਨਾਲ ਔਰਤਾਂ ਦੇ ਗਰੁੱਪ ਬਣਾਏ ਹਨ ਅਤੇ ਉਹ ਚਾਹੁੰਦੇ ਹਨ ਕਿ ਔਰਤਾਂ ਵੀ ਉਨ੍ਹਾਂ ਵਾਂਗ ਅੱਗੇ ਹੋ ਕੇ ਖੇਤੀ ਅਤੇ ਪ੍ਰੋਸੈਸਿੰਗ ਯੂਨਿਟ ਦੇ ਵਿੱਚ ਅੱਗੇ ਵਧਣ ਅਤੇ ਮਰਦਾਂ ਦੇ ਮੁਕਾਬਲੇ ਵਧੀਆ ਕਮਾਈ ਕਰਨ।

ਹਰਪ੍ਰੀਤ ਕੌਰ ਕਹਿੰਦੇ ਹਨ ਕਿ ਅਜੇ ਤਾਂ ਸ਼ੁਰੂਆਤ ਪਰ ਉਹ ਅੱਗੇ ਇਸ ਨੂੰ ਵਧੀਆ ਪੱਧਰ ʼਤੇ ਲੈ ਕੇ ਜਾਣਾ ਚਾਹੁੰਦੇ ਹਨ।

ਪਤੀ ਨੇ ਦਿੱਤਾ ਪੂਰਾ ਸਾਥ

ਹਰਪ੍ਰੀਤ ਕੌਰ ਦੇ ਪਤੀ ਦਾ ਸਟੱਡ ਫਾਰਮ ਹੈ, ਜਿਨ੍ਹਾਂ ਵਿੱਚ ਉਨ੍ਹਾਂ ਵੱਖ-ਵੱਖ ਕਿਸਮਾਂ ਦੀ ਘੋੜੀਆਂ ਰੱਖੀਆਂ ਹੋਈਆਂ ਹਨ।

ਹਰਪ੍ਰੀਤ ਕੌਰ ਦੇ ਪਤੀ ਅਮਰਿੰਦਰ ਸਿੰਘ ਨੇ ਦੱਸਿਆ, "ਅਸੀਂ ਸ਼ੁਰੂਆਤ ਕਰਨ ਤੋਂ ਬਾਅਦ ਹੁਣ ਤਕਰੀਬਨ ਸਾਢੇ ਪੰਜ ਏਕੜ ਵਿੱਚ ਜੈਵਿਕ ਖੇਤੀ ਕਰ ਰਹੇ ਹਾਂ। ਸਾਡਾ ਪੂਰਾ ਪਰਿਵਾਰ ਖੇਤੀ ਦੇ ਵਿੱਚ ਅਲੱਗ-ਅਲੱਗ ਤਰੀਕੇ ਦੇ ਨਾਲ ਮਿਹਨਤ ਕਰਦਾ ਹੈ।"

"ਜੈਵਿਕ ਖੇਤੀ ਮੇਰੀ ਪਤਨੀ ਕਰਦੀ ਹੈ ਅਤੇ ਮੈਂ ਸਾਡੇ ਘੋੜਿਆਂ ਦਾ ਵਪਾਰ ਸਟੱਡ ਫਾਰਮ ਦੇ ਵਿੱਚ ਧਿਆਨ ਦਿੰਦਾ ਹਾਂ। ਉਧਰ ਮੇਰੇ ਪਿਤਾ ਜੀ ਸਾਡੀ ਰਵਾਇਤੀ ਖੇਤੀ ਕਣਕ ਝੋਨੇ ਦੀ ਕੁਝ ਜ਼ਮੀਨ ਵਿੱਚ ਅਤੇ ਪਸ਼ੂਆਂ ਦੇ ਲਈ ਹਰੇ ਚਾਰੇ ਦੀ ਖੇਤੀ ਕਰਦੇ ਹਨ।"

ਉਨ੍ਹਾਂ ਦਾ ਕਹਿਣਾ ਹੈ, "ਮੈਨੂੰ ਬਹੁਤ ਜਿਆਦਾ ਖੁਸ਼ੀ ਹੈ ਕਿਉਂਕਿ ਮੇਰੀ ਪਤਨੀ ਅਗਰ ਮਿਹਨਤ ਕਰ ਰਹੀ ਹੈ ਤੇ ਉਨ੍ਹਾਂ ਨੂੰ ਸਨਮਾਨ ਮਿਲਿਆ ਤਾਂ ਉਸ ਤੋਂ ਵੱਡੀ ਸਾਡੇ ਪਰਿਵਾਰ ਅਤੇ ਸਾਡੇ ਰਿਸ਼ਤੇਦਾਰਾਂ ਨੂੰ ਕੋਈ ਖੁਸ਼ੀ ਨਹੀਂ ਹੈ।"

"ਹਰਪ੍ਰੀਤ ਕੌਰ ਜਿੱਥੇ ਜੈਵਿਕ ਖੇਤੀ ਕਰਦੇ ਹਨ, ਉੱਥੇ ਆਪਣੇ ਬੱਚਿਆਂ ਦੀ ਸਾਂਭ ਸੰਭਾਲ ਵੀ ਵਧੀਆ ਤਰੀਕੇ ਨਾਲ ਕਰਦੇ ਹਨ। ਬੱਚੇ ਵੀ ਸਾਡੇ ਨਾਲ ਖੇਤਾਂ ਵਿੱਚ ਜਾਂਦੇ ਹਨ ਕਿਉਂਕਿ ਸਾਡਾ ਘਰ ਖੇਤਾਂ ਦੇ ਵਿਚਕਾਰ ਹੀ ਹੈ ਅਤੇ ਬੱਚੇ ਵੀ ਆਉਣ ਵਾਲੇ ਸਮੇਂ ਵਿੱਚ ਖੇਤੀ ਕਰਨ ਵਾਲੇ ਸਿਖਲਾਈ ਲੈਂਦੇ ਹਨ।"

ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਪਤਨੀ ਦੀ ਮਿਹਨਤ ਸਦਕਾ ਉਨ੍ਹਾਂ ਕੋਲ ਗਾਹਕ ਬਹੁਤ ਵਧੀਆ ਆ ਰਹੇ ਹਨ। ਗੰਨੇ ਦੀ ਫ਼ਸਲ ਦੇ ਵਿੱਚੋਂ ਜਿੰਨਾ ਗੁੜ ਅਤੇ ਸ਼ੱਕਰ ਪ੍ਰਾਪਤ ਕੀਤਾ ਸੀ ਉਹ ਡਿਮਾਂਡ ਤੋਂ ਪਹਿਲਾਂ ਹੀ ਵਿਕ ਗਿਆ।

ਖੇਤੀਬਾੜੀ ਅਧਿਕਾਰੀ ਕੀ ਕਹਿੰਦੇ ਹਨ

ਧਰਮਿੰਦਰਜੀਤ ਸਿੰਘ ਸਿੱਧੂ ਖੇਤੀਬਾੜੀ ਮੁੱਖ ਅਫਸਰ ਜ਼ਿਲ੍ਹਾ ਸੰਗਰੂਰ ਦੱਸਦੇ ਹਨ ਕਿ ਕਿਸੇ ਵੀ ਕਿਸਮ ਦੀ ਖੇਤੀਬਾੜੀ ਘਾਟੇ ਦਾ ਧੰਦਾ ਨਹੀਂ ਹੈ।

ਜਿਲ੍ਹਾ ਸੰਗਰੂਰ ਦੇ ਪਿੰਡ ਮੰਨਾ ਦੀ ਰਹਿਣ ਵਾਲੀ ਹਰਪ੍ਰੀਤ ਕੌਰ ਨੂੰ ਸਫ਼ਲ ਕਿਸਾਨ ਹਨ ਅਤੇ ਦੂਜਿਆਂ ਲਈ ਪ੍ਰੇਰਣਾ ਸਰੋਤ ਹਨ।

ਹਰਪ੍ਰੀਤ ਕੌਰ ਵਾਂਗ ਅਗਰ ਕਣਕ ਝੋਨੇ ਦੇ ਦੋਹਰੀ ਫ਼ਸਲੀ ਚੱਕਰ ਵਿਚੋਂ ਨਿਕਲ ਕੇ ਹੋਰ ਅਨਾਜਾਂ, ਮਸਾਲਿਆਂ, ਦਾਲਾਂ, ਸਬਜ਼ੀਆਂ ਦੀ ਖੇਤੀ ਕਰਨ ਲਈ ਤੁਸੀਂ ਮਿਹਨਤ ਕਰਦੇ ਹੋਏ ਅਤੇ ਨਾਲ ਹੀ ਉਨ੍ਹਾਂ ਦੀ ਪ੍ਰੋਸੈਸਿੰਗ ਕਰਦੇ ਹੋ ਤਾਂ ਤੁਸੀਂ ਆਪਣੀ ਉਸੀ ਜਮੀਨ ਵਿੱਚੋਂ ਕਈ ਗੁਣਾ ਕਮਾਈ ਕਰ ਸਕਦੇ ਹੋ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)