ਰੇਲਵੇ ਨੂੰ ਇਸ ਕਿਸਾਨ ਨੂੰ ਮਹਿਜ਼ ਇੱਕ ਦਰੱਖਤ ਲਈ 1 ਕਰੋੜ ਰੁਪਏ ਮੁਆਵਜ਼ਾ ਦੇਣਾ ਪਿਆ, ਜਾਣੋ ਕੀ ਹੈ ਮਾਮਲਾ ਤੇ ਕਿਸਾਨ ਨੇ ਕਿਵੇਂ ਜਿੱਤਿਆ ਇਹ ਕੇਸ

ਤਸਵੀਰ ਸਰੋਤ, Bhagyashree Raut
- ਲੇਖਕ, ਭਾਗਿਆਸ਼੍ਰੀ ਰਾਊਤ
- ਰੋਲ, ਬੀਬੀਸੀ ਲਈ
ਸੈਂਟਰਲ ਰੇਲਵੇ ਨੂੰ 100 ਸਾਲ ਪੁਰਾਣੇ ਲਾਲ ਚੰਦਨ ਦੇ ਇੱਕ ਰੁੱਖ ਲਈ 1 ਕਰੋੜ ਰੁਪਏ ਜਮ੍ਹਾਂ ਕਰਾਉਣ ਦਾ ਹੁਕਮ ਦਿੱਤਾ ਗਿਆ ਹੈ। ਇਹ ਆਦੇਸ਼ ਬੰਬਈ ਹਾਈ ਕੋਰਟ ਦੀ ਨਾਗਪੁਰ ਬੈਂਚ ਨੇ ਜਾਰੀ ਕੀਤੇ ਹਨ।
ਹਾਈ ਕੋਰਟ ਦੇ ਇਨ੍ਹਾਂ ਹੁਕਮਾਂ ਤੋਂ ਬਾਅਦ, ਰੇਲਵੇ ਨੇ ਇਹ ਪੈਸਾ ਜਮ੍ਹਾਂ ਕਰ ਦਿੱਤਾ ਹੈ ਅਤੇ ਹਾਈ ਕੋਰਟ ਨੇ 9 ਅਪ੍ਰੈਲ ਨੂੰ ਸਬੰਧਤ ਕਿਸਾਨ ਨੂੰ ਇਸ ਰਕਮ ਵਿੱਚੋਂ 50 ਲੱਖ ਰੁਪਏ ਕਢਵਾਉਣ ਦੀ ਇਜਾਜ਼ਤ ਵੀ ਦੇ ਦਿੱਤੀ ਹੈ।
ਪਰ ਅਜੇ ਉਸ ਦਰੱਖਤ ਦਾ ਮੁਲਾਂਕਣ ਕਰਨਾ ਬਾਕੀ ਹੈ ਅਤੇ ਕਿਸਾਨ ਦਾ ਕਹਿਣਾ ਹੈ ਕਿ ਦਰੱਖਤ ਇਸ ਤੋਂ ਕਿਤੇ ਜ਼ਿਆਦਾ ਕੀਮਤੀ ਹੈ।
ਕਿਸਾਨ ਦੇ ਖੇਤ 'ਚ ਖੜ੍ਹੇ ਇਸ ਦਰੱਖਤ ਦਾ ਰੇਲਵੇ ਨਾਲ ਕੀ ਸਬੰਧ ਹੈ ਤੇ ਕਿਸਾਨ ਨੇ ਇਹ ਕੇਸ ਕਿਵੇਂ ਜਿੱਤਿਆ, ਆਓ ਜਾਣਦੇ ਹਾਂ...

ਕੀ ਸੀ ਮਾਮਲਾ
ਮਹਾਰਾਸ਼ਟਰ ਦੇ ਯਵਤਮਾਲ ਜ਼ਿਲ੍ਹੇ ਦੇ ਖਾਰਸ਼ੀ ਦੇ ਇੱਕ ਕਿਸਾਨ ਕੇਸ਼ਵ ਸ਼ਿੰਦੇ ਅਤੇ ਉਨ੍ਹਾਂ ਦੇ ਪੰਜ ਪੁੱਤਰਾਂ ਨੇ 7 ਅਕਤੂਬਰ, 2024 ਨੂੰ ਹਾਈ ਕੋਰਟ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਸੀ, ਜਿਸ ਵਿੱਚ ਲਾਲ ਚੰਦਨ ਦੇ ਰੁੱਖ ਲਈ ਮੁਆਵਜ਼ਾ ਮੰਗਿਆ ਗਿਆ ਸੀ।
ਕੇਸ਼ਵ ਸ਼ਿੰਦੇ, ਪੁਸਾਦ ਤਾਲੁਕਾ ਦੇ ਖਾਰਸ਼ੀ ਪਿੰਡ ਵਿੱਚ 2.29 ਹੈਕਟੇਅਰ ਜ਼ਮੀਨ ਦੇ ਮਾਲਕ ਹਨ। ਪਰ ਵਰਧਾ-ਯਵਤਮਾਲ-ਪੁਸਾਦ-ਨਾਂਦੇੜ ਰੇਲਵੇ ਲਾਈਨ ਉਨ੍ਹਾਂ ਦੇ ਖੇਤ ਵਿੱਚੋਂ ਲੰਘਣ ਕਾਰਨ, ਕੇਂਦਰੀ ਰੇਲਵੇ ਨੇ ਉਨ੍ਹਾਂ ਦੀ ਜ਼ਮੀਨ ਆਪਣੇ ਕਬਜ਼ੇ 'ਚ ਲੈ ਲਈ ਸੀ।
ਉਨ੍ਹਾਂ ਨੂੰ ਸਰਕਾਰ ਦੁਆਰਾ ਲਈ ਗਈ ਜ਼ਮੀਨ ਦਾ ਮੁਆਵਜ਼ਾ ਵੀ ਮਿਲ ਗਿਆ ਸੀ। ਪਰ ਸ਼ਿੰਦੇ ਨੇ ਅਧਿਕਾਰੀਆਂ ਤੋਂ ਮੰਗ ਕੀਤੀ ਸੀ ਕਿ ਉਨ੍ਹਾਂ ਨੇ ਖੇਤ ਵਿੱਚ ਖੜ੍ਹੇ ਲਾਲ ਚੰਦਨ ਦੇ ਰੁੱਖ ਦੇ ਨਾਲ-ਨਾਲ ਯੇਨਾ ਰੁੱਖ, ਖੈਰ ਵਰਗੀਆਂ ਉਪ-ਪ੍ਰਜਾਤੀਆਂ ਦੇ ਹੋਰ ਅੱਠ ਤੋਂ ਦਸ ਰੁੱਖਾਂ ਅਤੇ ਭੂਮੀਗਤ ਪਾਈਪਲਾਈਨ ਲਈ ਮੁਆਵਜ਼ਾ ਦਿੱਤਾ ਜਾਵੇ।
ਪਰ ਅਧਿਕਾਰੀਆਂ ਨੇ ਕਿਹਾ ਕਿ ਪਹਿਲਾਂ ਲਾਲ ਚੰਦਨ ਦੇ ਰੁੱਖ ਦਾ ਮੁਲਾਂਕਣ ਕਰਨਾ ਪਵੇਗਾ। ਜੰਗਲਾਤ ਵਿਭਾਗ ਨੂੰ ਮੁਲਾਂਕਣ ਲਈ ਇੱਕ ਪੱਤਰ ਵੀ ਭੇਜਿਆ ਗਿਆ ਸੀ।
ਕੇਸ਼ਵ ਸ਼ਿੰਦੇ ਦੇ ਪੁੱਤਰ ਅਤੇ ਪਟੀਸ਼ਨਕਰਤਾ ਪੰਜਾਬ ਸ਼ਿੰਦੇ ਦੁਆਰਾ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ, ਉਨ੍ਹਾਂ ਦੇ ਖੇਤ ਵਾਲੀ ਜ਼ਮੀਨ 'ਤੇ ਅੰਬ ਅਤੇ ਹੋਰ ਫਲਾਂ ਦੇ ਬਾਗ਼ ਸਨ। ਜਿਸ ਦੇ ਲਈ ਵੀ ਉਨ੍ਹਾਂ ਨੂੰ ਭੁਗਤਾਨ ਕੀਤਾ ਗਿਆ ਸੀ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਖੂਹ ਲਈ ਵੀ ਅੱਠ ਲੱਖ ਰੁਪਏ ਦਿੱਤੇ ਗਏ। ਪਰ ਉਨ੍ਹਾਂ ਕਿਹਾ ਕਿ "ਸਾਨੂੰ ਪਾਈਪਲਾਈਨ ਅਤੇ ਲਾਲ ਚੰਦਨ ਦੇ ਰੁੱਖ ਸਮੇਤ ਹੋਰ ਰੁੱਖਾਂ ਲਈ ਮੁਆਵਜ਼ਾ ਨਹੀਂ ਦਿੱਤਾ ਗਿਆ।"
"ਇਸ ਲਈ, 2014 ਤੋਂ ਅਸੀਂ ਜ਼ਿਲ੍ਹਾ ਕੁਲੈਕਟਰ, ਜੰਗਲਾਤ ਵਿਭਾਗ, ਰੇਲਵੇ ਅਤੇ ਸਿੰਚਾਈ ਵਿਭਾਗ ਨੂੰ ਪੱਤਰ ਲਿਖ ਰਹੇ ਹਾਂ। ਪਰ, ਸਾਨੂੰ ਮੁਆਵਜ਼ਾ ਨਹੀਂ ਮਿਲਿਆ। ਇਸ ਲਈ, ਅੱਠ ਸਾਲਾਂ ਬਾਅਦ ਅਸੀਂ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ।"

ਤਸਵੀਰ ਸਰੋਤ, Getty Images
ਕੀ ਮੁਲਾਂਕਣ ਤੋਂ ਬਾਅਦ ਲਾਲ ਚੰਦਨ ਦੇ ਰੁੱਖ਼ ਦੀ ਕੀਮਤ ਵਧੇਗੀ?
ਇੱਕ ਸਾਲ ਦੇ ਅੰਦਰ ਹੀ ਸ਼ਿੰਦੇ ਪਰਿਵਾਰ ਇਹ ਕੇਸ ਜਿੱਤ ਗਿਆ ਅਤੇ ਉਨ੍ਹਾਂ ਨੂੰ ਮੁਆਵਜ਼ਾ ਮਿਲ ਗਿਆ। ਹਾਲਾਂਕਿ, ਇਸ ਲਾਲ ਚੰਦਨ ਦੇ ਰੁੱਖ ਦਾ ਅਜੇ ਤੱਕ ਮੁਲਾਂਕਣ ਨਹੀਂ ਕੀਤਾ ਗਿਆ ਹੈ।
ਹਾਈ ਕੋਰਟ ਨੇ ਰੇਲਵੇ ਨੂੰ ਮੁਲਾਂਕਣ ਤੋਂ ਪਹਿਲਾਂ 1 ਕਰੋੜ ਰੁਪਏ ਦਾ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ ਅਤੇ ਰੇਲਵੇ ਨੇ ਹਾਈ ਕੋਰਟ ਵਿੱਚ 1 ਕਰੋੜ ਰੁਪਏ ਜਮ੍ਹਾ ਵੀ ਕਰਵਾਏ।
ਪਟੀਸ਼ਨਕਰਤਾ ਦੀ ਵਕੀਲ ਅੰਜਨਾ ਰਾਉਤ ਨਰਵਾੜੇ ਨੇ ਬੀਬੀਸੀ ਮਰਾਠੀ ਨਾਲ ਗੱਲ ਕਰਦੇ ਹੋਏ ਕਿਹਾ, "ਹਾਲਾਂਕਿ, ਮੁਲਾਂਕਣ ਤੋਂ ਬਾਅਦ ਇਸ ਰੁੱਖ਼ ਦੀ ਕੀਮਤ ਲਗਭਗ 5 ਕਰੋੜ ਰੁਪਏ ਹੋ ਸਕਦੀ ਹੈ।"
ਉਨ੍ਹਾਂ ਦੱਸਿਆ ਕਿ ਲਾਲ ਚੰਦਨ ਦੇ ਦਰੱਖਤ ਦਾ ਮੁਲਾਂਕਣ ਕਰਨ ਲਈ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਅਤੇ ਹੋਰਾਂ ਸਮੇਤ ਇੱਕ ਕਮੇਟੀ ਬਣਾਈ ਜਾਵੇਗੀ। ਫਿਰ ਇਹ ਫ਼ੈਸਲਾ ਕੀਤਾ ਜਾਵੇਗਾ ਕਿ ਖੜ੍ਹੇ ਰੁੱਖ ਦਾ ਮੁਲਾਂਕਣ ਕਿਵੇਂ ਕਰਨਾ ਹੈ। ਇਸ ਤੋਂ ਬਾਅਦ ਜੋ ਪੈਸਾ ਹੋਵੇਗਾ, ਉਹ ਪਟੀਸ਼ਨਰਾਂ ਨੂੰ ਦਿੱਤਾ ਜਾਵੇਗਾ।
ਇਸ ਮਾਮਲੇ ਵਿੱਚ ਰੇਲਵੇ ਦੀ ਨੁਮਾਇੰਦਗੀ ਕਰਨ ਵਾਲੀ ਵਕੀਲ ਨੀਰਜਾ ਚੌਬੇ ਦਾ ਕਹਿਣਾ ਹੈ ਕਿ ਰੇਲਵੇ ਨੇ ਵੀ ਹੁਣ ਤੱਕ ਮੁਲਾਂਕਣ ਦੇ ਕਾਰਨ ਭੁਗਤਾਨ ਨਹੀਂ ਕੀਤਾ ਸੀ।

ਬੀਬੀਸੀ ਮਰਾਠੀ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ, "ਸਵਾਲ ਇਹ ਸੀ ਕਿ ਬਿਨਾਂ ਮੁਲਾਂਕਣ ਦੇ ਮੁਆਵਜ਼ਾ ਕਿਵੇਂ ਦਿੱਤਾ ਜਾਵੇ ਅਤੇ ਖੜ੍ਹੇ ਰੁੱਖ ਦਾ ਮੁਲਾਂਕਣ ਕਿਵੇਂ ਕੀਤਾ ਜਾਵੇ। ਇਸ ਲਈ, ਰੇਲਵੇ ਨੇ ਮੁਆਵਜ਼ਾ ਨਹੀਂ ਦਿੱਤਾ ਸੀ।"
"ਹੁਣ, ਹਾਈ ਕੋਰਟ ਦੇ ਹੁਕਮ ਤੋਂ ਬਾਅਦ, ਰੇਲਵੇ ਨੇ ਹਾਈ ਕੋਰਟ ਕੋਲ 1 ਕਰੋੜ ਰੁਪਏ ਜਮ੍ਹਾ ਕਰਵਾ ਦਿੱਤੇ ਹਨ। ਇਹ 1 ਕਰੋੜ ਰੁਪਏ ਸਿਰਫ਼ ਲਾਲ ਚੰਦਨ ਦੇ ਰੁੱਖ ਲਈ ਮੁਆਵਜ਼ਾ ਹੈ।"
ਸ਼ਿੰਦੇ ਨੇ ਆਂਧਰਾ ਪ੍ਰਦੇਸ਼ ਤੋਂ ਲਾਲ ਚੰਦਨ ਦੇ ਰੁੱਖਾਂ ਦੀਆਂ ਕੀਮਤਾਂ ਪੁੱਛੀਆਂ। ਉਨ੍ਹਾਂ ਨੇ ਇੱਕ ਨਿੱਜੀ ਇੰਜੀਨੀਅਰ ਦੀ ਮਦਦ ਨਾਲ ਵੀ ਇਸ ਲਾਲ ਚੰਦਨ ਦੇ ਰੁੱਖ ਦਾ ਮੁਲਾਂਕਣ ਕਰਵਾਇਆ ਹੈ। ਇਸ ਅਨੁਸਾਰ, ਉਨ੍ਹਾਂ ਨੇ ਕੀਮਤ 4 ਕਰੋੜ 94 ਲੱਖ ਰੁਪਏ ਆਂਕੀ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਪਟੀਸ਼ਨਰ ਸ਼ਿੰਦੇ ਦੀ ਮੰਗ ਹੈ ਕਿ ਜਦੋਂ ਇਸ ਜ਼ਮੀਨ ਮੁਆਵਜ਼ੇ ਦਾ ਐਲਾਨ ਕੀਤਾ ਗਿਆ ਸੀ, ਉਸ ਸਮੇਂ ਮੁਤਾਬਕ ਹੀ ਹੁਣ ਰਕਮ 'ਚ ਵਿਆਜ ਜੋੜ ਕੇ ਰੁੱਖ ਲਈ ਮੁਆਵਜ਼ਾ ਦਿੱਤਾ ਜਾਵੇ।
ਹਾਲਾਂਕਿ, ਭੂਮੀਗਤ ਪਾਈਪਲਾਈਨਾਂ ਅਤੇ ਹੋਰ ਰੁੱਖਾਂ ਸਬੰਧੀ ਮਾਮਲਾ ਅਜੇ ਵੀ ਵਿਚਾਰ ਅਧੀਨ ਹੈ। ਪਟੀਸ਼ਨਕਰਤਾ ਇਸ ਲਈ ਵੀ ਮੁਆਵਜ਼ੇ ਦੀ ਮੰਗ ਕਰ ਰਹੇ ਹਨ।

ਕਿਵੇਂ ਪਤਾ ਲੱਗਾ ਕਿ ਖੇਤ ਵਿੱਚ ਲਾਲ ਚੰਦਨ ਦਾ ਰੁੱਖ ਹੈ?
ਕੇਸ਼ਵ ਸ਼ਿੰਦੇ 94 ਸਾਲ ਦੇ ਹਨ ਅਤੇ ਉਨ੍ਹਾਂ ਦੇ ਬੱਚੇ ਵੀ ਪੰਜਾਹ ਤੋਂ ਵੱਧ ਉਮਰ ਦੇ ਹਨ। ਉਨ੍ਹਾਂ ਨੇ ਇਹ ਕੇਸ ਆਪਣੇ ਬੱਚਿਆਂ ਦੀ ਮਦਦ ਨਾਲ ਲੜੇ ਅਤੇ ਜਿੱਤੇ।
ਕਿਉਂਕਿ ਸ਼ਿੰਦੇ ਦੇ ਖੇਤ 'ਤੇ ਇੱਕ ਰੇਲਵੇ ਸਟੇਸ਼ਨ ਬਣਾਇਆ ਜਾਣਾ ਸੀ, ਇਸ ਲਈ ਉਨ੍ਹਾਂ ਦੀ ਬਹੁਤ ਸਾਰੀ ਜ਼ਮੀਨ ਐਕੁਆਇਰ ਕਰ ਲਈ ਗਈ ਸੀ।
ਉਨ੍ਹਾਂ ਦੀ ਜ਼ਮੀਨ 'ਤੇ ਅੰਬ ਅਤੇ ਹੋਰ ਫਲਾਂ ਦੇ ਬਾਗ਼ ਸਨ। ਪਰ, ਉਨ੍ਹਾਂ ਨੂੰ ਇਹ ਨਹੀਂ ਪਤਾ ਸੀ ਕਿ ਉਨ੍ਹਾਂ ਦੀ ਜ਼ਮੀਨ 'ਤੇ ਇੱਕ ਲਾਲ ਚੰਦਨ ਦਾ ਰੁੱਖ ਵੀ ਹੈ।
ਜਦੋਂ ਉਨ੍ਹਾਂ ਦੀ ਜ਼ਮੀਨ ਵਰਧਾ-ਯਵਤਮਾਲ-ਪੁਸਾਦ-ਨਾਂਦੇੜ ਰੇਲਵੇ ਲਾਈਨ ਲਈ ਐਕੁਆਇਰ ਕੀਤੀ ਗਈ ਤਾਂ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਇਹ ਲਾਲ ਚੰਦਨ ਦੀ ਲੱਕੜ ਹੈ। ਇਸ ਦੀ ਜਾਣਕਾਰੀ ਵੀ ਉਨ੍ਹਾਂ ਨੂੰ ਰੇਲਵੇ ਅਧਿਕਾਰੀਆਂ ਨੇ ਹੀ ਦਿੱਤੀ ਸੀ।
ਪੰਜਾਬ ਸ਼ਿੰਦੇ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ, ਕੁਝ ਰੇਲਵੇ ਕਰਮਚਾਰੀ ਜ਼ਮੀਨ ਪ੍ਰਾਪਤ ਕਰਨ ਤੋਂ ਪਹਿਲਾਂ ਇਸਦਾ ਸਰਵੇਖਣ ਕਰਨ ਲਈ ਆਏ ਸਨ। ਕਰਮਚਾਰੀ ਮੂਲ ਰੂਪ ਵਿੱਚ ਆਂਧਰਾ ਪ੍ਰਦੇਸ਼ ਦੇ ਰਹਿਣ ਵਾਲਾ ਸੀ। ਉਸ ਸਮੇਂ, ਉਨ੍ਹਾਂ ਦੱਸਿਆ ਸੀ ਕਿ ਇਹ ਲਾਲ ਚੰਦਨ ਦਾ ਰੁੱਖ ਸੀ।
ਉਨ੍ਹਾਂ ਦੱਸਿਆ ਸੀ ਕਿ ਜੇਕਰ ਬਾਕੀ ਸਾਰੇ ਰੁੱਖ ਚਲੇ ਵੀ ਜਾਣ ਤਾਂ ਕੋਈ ਗੱਲ ਨਹੀਂ ਪਰ ਲਾਲ ਚੰਦਨ ਮਹਿੰਗਾ ਹੁੰਦਾ ਹੈ।

ਤਸਵੀਰ ਸਰੋਤ, iStock
ਉਸ ਤੋਂ ਬਾਅਦ ਵੀ ਸ਼ਿੰਦੇ ਪਰਿਵਾਰ ਨੂੰ ਵਿਸ਼ਵਾਸ ਨਹੀਂ ਹੋਇਆ ਕਿ ਇਹ ਲਾਲ ਚੰਦਨ ਦਾ ਰੁੱਖ ਸੱਚਮੁੱਚ ਉਨ੍ਹਾਂ ਦੇ ਖੇਤ ਵਿੱਚ ਮੌਜੂਦ ਹੈ। ਫਿਰ ਉਨ੍ਹਾਂ ਨੇ ਯੂਟਿਊਬ ਰਾਹੀਂ ਇਹ ਜਾਨਣ ਦੀ ਕੋਸ਼ਿਸ਼ ਕੀਤੀ ਕਿ ਇਹ ਰੁੱਖ ਅਸਲ 'ਚ ਦਿੱਸਦੇ ਕਿਹੋ-ਜਿਹੇ ਹਨ।
ਪੰਜਾਬ ਸ਼ਿੰਦੇ ਕਹਿੰਦੇ ਹਨ ਕਿ ਇਸ ਤੋਂ ਇਲਾਵਾ, ਹੋਰ ਜਾਣਕਾਰ ਲੋਕਾਂ ਤੋਂ ਪੁੱਛਗਿੱਛ ਕਰਨ 'ਤੇ ਵੀ ਇਹੀ ਪਤਾ ਲੱਗਾ ਕਿ ਇਹ ਰੁੱਖ ਲਾਲ ਚੰਦਨ ਦਾ ਸੀ।
ਇਸ ਲਈ, ਜਦੋਂ ਐਕੁਆਇਰ ਕੀਤੀ ਗਈ, ਤਾਂ ਉਨ੍ਹਾਂ ਨੇ ਸਬੰਧਿਤ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਉਨ੍ਹਾਂ ਨੂੰ ਲਾਲ ਚੰਦਨ ਦੇ ਰੁੱਖ ਲਈ ਮੁਆਵਜ਼ਾ ਦਿੱਤਾ ਜਾਵੇ। ਪਰ, ਕੋਈ ਕਾਰਵਾਈ ਨਾ ਹੋਣ ਕਾਰਨ ਉਨ੍ਹਾਂ ਨੇ ਹਾਈ ਕੋਰਟ ਜਾਣ ਸੀ ਸੋਚੀ।
ਹੁਣ, ਹਾਈ ਕੋਰਟ ਦੇ ਹੁਕਮ ਤੋਂ ਬਾਅਦ ਸ਼ਿੰਦੇ ਪਰਿਵਾਰ ਨੂੰ ਇੱਕ ਕਰੋੜ ਰੁਪਏ ਦਾ ਮੁਆਵਜ਼ਾ ਮਿਲਿਆ ਹੈ। ਹਾਲਾਂਕਿ, ਹਾਈ ਕੋਰਟ ਨੇ ਅਜੇ ਉਸ ਵਿੱਚੋਂ ਸਿਰਫ਼ 50 ਲੱਖ ਰੁਪਏ ਕਢਵਾਉਣ ਦਾ ਹੁਕਮ ਦਿੱਤਾ ਹੈ।
ਇਸ ਦੇ ਨਾਲ ਹੀ ਇਸ ਰੁੱਖ ਦਾ ਮੁਲਾਂਕਣ ਕਰਨ ਦੇ ਆਦੇਸ਼ ਵੀ ਦਿੱਤੇ ਗਏ ਹਨ। ਮੁਲਾਂਕਣ ਤੋਂ ਬਾਅਦ ਸ਼ਿੰਦੇ ਪਰਿਵਾਰ ਨੂੰ ਲਾਲ ਚੰਦਨ ਦੇ ਦਰੱਖਤ ਦੀ ਕੀਮਤ ਦੇ ਆਧਾਰ 'ਤੇ ਭੁਗਤਾਨ ਕੀਤਾ ਜਾਵੇਗਾ।

ਤਸਵੀਰ ਸਰੋਤ, Bhagyashree Raut
ਇੱਕ ਰੁੱਖ ਲਈ ਇੱਕ ਕਰੋੜ ਰੁਪਏ ਮੁਆਵਜ਼ਾ ਮਿਲਣ ਮਗਰੋਂ ਕਿਸਾਨ ਨੇ ਕੀ ਕਿਹਾ
ਹਾਈ ਕੋਰਟ ਦੇ ਹੁਕਮ ਤੋਂ ਬਾਅਦ, ਪਟੀਸ਼ਨਕਰਤਾ ਪੰਜਾਬ ਸ਼ਿੰਦੇ ਨੇ ਬੀਬੀਸੀ ਮਰਾਠੀ ਨਾਲ ਗੱਲ ਕਰਦਿਆਂ ਕਿਹਾ, "ਸਾਨੂੰ ਉਹ ਮੁਆਵਜ਼ਾ ਨਹੀਂ ਮਿਲਿਆ ਜੋ ਅਸੀਂ ਚਾਹੁੰਦੇ ਸੀ।"
"ਪਰ, ਮਾਣਯੋਗ ਅਦਾਲਤ ਦੇ ਹੁਕਮ ਤੋਂ ਬਾਅਦ, ਸਾਨੂੰ ਉਮੀਦ ਹੈ ਕਿ ਮੁਲਾਂਕਣ ਤੋਂ ਬਾਅਦ ਸਾਨੂੰ ਢੁਕਵਾਂ ਮੁਆਵਜ਼ਾ ਮਿਲੇਗਾ। ਸਾਡੀ ਮੰਗ ਹੈ ਕਿ ਸਾਨੂੰ ਉਸ ਸਮੇਂ ਦਿੱਤੇ ਗਏ ਮੁਆਵਜ਼ੇ (ਜਦੋਂ ਜ਼ਮੀਨ ਸਰਕਾਰ ਨੇ ਆਪਣੇ ਕਬਜ਼ੇ 'ਚ ਲੈ ਲਈ ਸੀ) ਅਨੁਸਾਰ ਭੁਗਤਾਨ ਕੀਤਾ ਜਾਵੇ।"
ਪੰਜਾਬ ਸ਼ਿੰਦੇ ਲੋਕ ਨਿਰਮਾਣ ਵਿਭਾਗ ਵਿੱਚ ਕਰਮਚਾਰੀ ਸਨ। ਹਾਲਾਂਕਿ, ਉਹ ਕਹਿੰਦੇ ਹਨ ਕਿ ਸੇਵਾਮੁਕਤੀ ਤੋਂ ਬਾਅਦ ਉਨ੍ਹਾਂ ਨੂੰ ਜੋ ਵੀ ਪੈਸਾ ਮਿਲਿਆ ਸੀ, ਉਹ ਇਸ ਮਾਮਲੇ ਵਿੱਚ ਮੁਆਵਜ਼ਾ ਲੈਣ ਵਿੱਚ ਹੀ ਚਲਾ ਗਿਆ।
ਇਸ ਵੇਲੇ, ਸ਼ਿੰਦੇ ਦੇ ਖੇਤ ਵਿੱਚ ਇੱਕ ਲਾਲ ਚੰਦਨ ਦਾ ਰੁੱਖ ਖੜ੍ਹਾ ਹੈ। ਇਸ ਤੋਂ ਇਲਾਵਾ, ਰੇਲਵੇ ਲਾਈਨ 'ਤੇ ਕੰਮ ਚੱਲ ਰਿਹਾ ਹੈ ਅਤੇ ਸ਼ਿੰਦੇ ਦਾ ਖੇਤ ਦਾ ਕੰਮ ਹਾਈ ਕੋਰਟ ਵਿੱਚ ਕੇਸ ਹੋਣ ਕਰਕੇ ਲੰਬਿਤ ਹੈ।

ਤਸਵੀਰ ਸਰੋਤ, ANI
ਲਾਲ ਚੰਦਨ ਅਸਲ ਵਿੱਚ ਕੀ ਹੈ ਅਤੇ ਇਹ ਇੰਨਾ ਕੀਮਤੀ ਕਿਉਂ ਹੈ?
ਲਾਲ ਚੰਦਨ ਦੇ ਦਰੱਖਤ ਮੁੱਖ ਤੌਰ 'ਤੇ ਸੇਸ਼ਾਚਲਮ ਪਹਾੜੀ ਸ਼੍ਰੇਣੀਆਂ ਵਿੱਚ ਪਾਏ ਜਾਂਦੇ ਹਨ, ਜੋ ਕਿ ਆਂਧਰਾ ਪ੍ਰਦੇਸ਼ ਵਿੱਚ ਤਾਮਿਲਨਾਡੂ ਦੀ ਸਰਹੱਦ ਨਾਲ ਲੱਗਦੇ ਚਾਰ ਜ਼ਿਲ੍ਹਿਆਂ ਚਿਤੂਰ, ਕੜੱਪਾ, ਕੁਰਨੂਲ ਅਤੇ ਨੇਲੋਰ ਵਿੱਚ ਫੈਲੀਆਂ ਹੋਈਆਂ ਹਨ।
ਲਗਭਗ ਪੰਜ ਲੱਖ ਵਰਗ ਹੈਕਟੇਅਰ ਦੇ ਖੇਤਰ ਵਿੱਚ ਫੈਲੇ ਇਸ ਜੰਗਲ ਵਿੱਚ ਪਾਏ ਜਾਣ ਵਾਲੇ ਲਾਲ ਚੰਦਨ ਦੇ ਰੁੱਖ ਦੀ ਔਸਤ ਉਚਾਈ ਅੱਠ ਤੋਂ ਗਿਆਰਾਂ ਮੀਟਰ ਤੱਕ ਹੁੰਦੀ ਹੈ। ਇਹ ਰੁੱਖ ਹੌਲੀ-ਹੌਲੀ ਵਧਦਾ ਹੈ, ਇਸ ਲਈ ਇਸਦੀ ਲੱਕੜ ਸੰਘਣੀ ਹੁੰਦੀ ਹੈ।
ਮਾਹਰਾਂ ਦਾ ਕਹਿਣਾ ਹੈ ਕਿ ਲਾਲ ਚੰਦਨ ਦੀ ਲੱਕੜ ਹੋਰ ਲੱਕੜਾਂ ਦੇ ਮੁਕਾਬਲੇ ਪਾਣੀ ਵਿੱਚ ਜਲਦੀ ਡੁੱਬਦੀ ਹੈ ਕਿਉਂਕਿ ਇਸਦੀ ਘਣਤਾ ਪਾਣੀ ਨਾਲੋਂ ਜ਼ਿਆਦਾ ਹੁੰਦੀ ਹੈ। ਇਹ ਅਸਲੀ ਲਾਲ ਚੰਦਨ ਦੀ ਪਛਾਣ ਹੈ।
ਲਾਲ ਚੰਦਨ ਦੀ ਲੱਕੜ ਚੀਨ, ਜਾਪਾਨ, ਸਿੰਗਾਪੁਰ, ਆਸਟ੍ਰੇਲੀਆ ਅਤੇ ਸੰਯੁਕਤ ਅਰਬ ਅਮੀਰਾਤ ਵਰਗੇ ਦੇਸ਼ਾਂ ਵਿੱਚ ਬਹੁਤ ਜ਼ਿਆਦਾ ਮੰਗ ਹੈ। ਚੀਨ ਵਿੱਚ ਇਸਦੀ ਸਭ ਤੋਂ ਵੱਧ ਮੰਗ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












