ਫ਼ਰਾਂਸ ਦੇ ਰਾਸ਼ਟਰਪਤੀ ਨੂੰ ਕਿਉਂ ਸਾਬਿਤ ਕਰਨਾ ਪੈ ਰਿਹਾ ਹੈ ਕਿ ਉਨ੍ਹਾਂ ਦੀ ਪਤਨੀ ਇੱਕ ਮਹਿਲਾ ਹਨ

    • ਲੇਖਕ, ਅਨੋਸ਼ਕਾ ਮੁਟੰਡਾ-ਡੌਘਰਟੀ, ਮੇਲਾਨੀ ਸਟੀਵਰਟ-ਸਮਿਥ ਅਤੇ ਵਿਕਟੋਰੀਆ ਫਾਰਨਕੌਂਬ
    • ਰੋਲ, ਫੇਮ ਅੰਡਰ ਫਾਇਰ ਪੋਡਕਾਸਟ

ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਅਤੇ ਉਨ੍ਹਾਂ ਦੇ ਪਤਨੀ ਬ੍ਰਿਗਿਟ, ਅਮਰੀਕੀ ਅਦਾਲਤ ਵਿੱਚ ਫੋਟੋਗ੍ਰਾਫਿਕ ਅਤੇ ਵਿਗਿਆਨਕ ਸਬੂਤ ਪੇਸ਼ ਕਰਨ ਦੀ ਯੋਜਨਾ ਬਣਾ ਰਹੇ ਹਨ ਤਾਂ ਜੋ ਉਹ ਬ੍ਰਿਗਿਟ ਮੈਕਰੋਨ ਨੂੰ ਇੱਕ ਮਹਿਲਾ ਸਾਬਤ ਕਰ ਸਕਣ।

ਉਨ੍ਹਾਂ ਦੇ ਵਕੀਲ ਦਾ ਕਹਿਣਾ ਹੈ ਕਿ ਫਰਾਂਸੀਸੀ ਰਾਸ਼ਟਰਪਤੀ ਅਤੇ ਉਨ੍ਹਾਂ ਦੇ ਪਤਨੀ ਸੱਜੇ-ਪੱਖੀ ਇੰਫਲੂਐਂਸਰ ਕੈਂਡੇਸ ਓਵਨਜ਼ ਦੇ ਖਿਲਾਫ ਦਾਇਰ ਕੀਤੇ ਮਾਣਹਾਨੀ ਦੇ ਮੁਕੱਦਮੇ ਵਿੱਚ ਦਸਤਾਵੇਜ਼ ਪੇਸ਼ ਕਰਨਗੇ।

ਕੈਂਡੇਸ ਓਵਨਜ਼ ਨੇ ਕਿਹਾ ਸੀ ਉਨ੍ਹਾਂ ਨੂੰ ਯਕੀਨ ਹੈ ਕਿ ਬ੍ਰਿਗਿਟ ਮੈਕਰੋਨ ਇੱਕ ਪੁਰਸ਼ ਵਜੋਂ ਪੈਦਾ ਹੋਏ ਸਨ।

ਓਵਨਜ਼ ਦੇ ਵਕੀਲਾਂ ਨੇ ਮੈਕਰੋਨ ਦੇ ਮੁਕੱਦਮੇ ਦੇ ਜਵਾਬ ਵਿੱਚ ਇਸ ਨੂੰ ਖਾਰਜ ਕਰਨ ਦਾ ਪ੍ਰਸਤਾਵ ਦਿੱਤਾ ਹੈ।

ਮੈਕਰੋਨ ਨੇ ਵਕੀਲ ਨੇ ਕੀ ਦੱਸਿਆ

ਬੀਬੀਸੀ ਦੇ ਫੇਮ ਅੰਡਰ ਫਾਇਰ ਪੋਡਕਾਸਟ ਨਾਲ ਗੱਲ ਕਰਦੇ ਹੋਏ, ਮਾਮਲੇ ਵਿੱਚ ਮੈਕਰੋਨ ਦੇ ਵਕੀਲ ਟੌਮ ਕਲੇਅਰ ਨੇ ਕਿਹਾ ਕਿ ਉਨ੍ਹਾਂ ਦਾਅਵਿਆਂ ਨੇ ਬ੍ਰਿਗਿਟ ਮੈਕਰੋਨ ਨੂੰ "ਬਹੁਤ ਜ਼ਿਆਦਾ ਪਰੇਸ਼ਾਨ" ਕਰ ਦਿੱਤਾ ਸੀ ਅਤੇ ਫਰਾਂਸੀਸੀ ਰਾਸ਼ਟਰਪਤੀ ਵੀ ਇਸ ਨਾਲ "ਪਰੇਸ਼ਾਨ" ਸਨ।

ਉਨ੍ਹਾਂ ਕਿਹਾ, "ਮੈਂ ਇਹ ਨਹੀਂ ਕਹਿਣਾ ਚਾਹੁੰਦਾ ਕਿ ਇਸ ਘਟਨਾ ਨੇ ਕਿਵੇਂ-ਕਿਵੇਂ ਉਨ੍ਹਾਂ ਨੂੰ ਪ੍ਰੇਸ਼ਾਨ ਕੀਤਾ। ਪਰ ਜਿਵੇਂ ਕੋਈ ਵੀ ਵਿਅਕਤੀ ਜੋ ਆਪਣੇ ਕਰੀਅਰ ਦੇ ਨਾਲ-ਨਾਲ ਆਪਣੇ ਪਰਿਵਾਰ ਨੂੰ ਵੀ ਸੰਭਾਲਦਾ ਹੈ, ਅਤੇ ਜਦੋਂ ਉਸ ਦੇ ਪਰਿਵਾਰ 'ਤੇ ਕਿਸੇ ਤਰ੍ਹਾਂ ਦਾ ਹਮਲਾ ਹੁੰਦਾ ਹੈ ਤਾਂ ਇਸ ਦਾ ਅਸਰ ਉਸ ਵਿਅਕਤੀ 'ਤੇ ਸਾਫ ਨਜ਼ਰ ਆਉਂਦਾ ਹੈ। ਅਤੇ ਕਿਉਂਕਿ ਉਹ ਇੱਕ ਦੇਸ਼ ਦੇ ਰਾਸ਼ਟਰਪਤੀ ਹਨ, ਇਸਦਾ ਮਤਲਬ ਇਹ ਨਹੀਂ ਹੈ ਕਿ ਉਹ ਅਜਿਹੀਆਂ ਚੀਜ਼ਾਂ ਨਾਲ ਪਰੇਸ਼ਾਨ ਨਹੀਂ ਹੁੰਦੇ।''

ਕਲੇਅਰ ਨੇ ਕਿਹਾ ਕਿ "ਮਾਹਿਰਾਂ ਦੀ ਜੋ ਗਵਾਹੀ ਪੇਸ਼ ਕੀਤੀ ਜਾਵੇਗੀ ਉਹ ਵਿਗਿਆਨਕ ਪ੍ਰਕਿਰਤੀ ਦੀ ਹੋਵੇਗੀ।'' ਨਾਲ ਹੀ ਉਨ੍ਹਾਂ ਕਿਹਾ ਉਹ ਫਿਲਹਾਲ ਇਸ ਬਾਰੇ ਜ਼ਿਆਦਾ ਖੁਲਾਸਾ ਨਹੀਂ ਕਰਨਗੇ।

ਉਨ੍ਹਾਂ ਕਿਹਾ ਕਿ ਮੈਕਰੋਨ ਜੋੜਾ 'ਆਮ ਅਤੇ ਖਾਸ ਦੋਵਾਂ ਤਰੀਕਿਆਂ ਨਾਲ' ਇਹ ਸਾਬਤ ਕਰਨ ਲਈ ਤਿਆਰ ਹੈ ਕਿ ਉਨ੍ਹਾਂ ਬਾਰੇ ਕੀਤੇ ਗਏ ਦਾਅਵੇ ਝੂਠੇ ਹਨ।

"ਇਹ ਸੋਚਣਾ ਬਹੁਤ ਹੀ ਪਰੇਸ਼ਾਨ ਕਰਨ ਵਾਲਾ ਹੈ ਕਿ ਤੁਹਾਨੂੰ ਇਸ ਕਿਸਮ ਦੇ ਸਬੂਤ ਪੇਸ਼ ਕਰਨ ਲਈ ਆਪਣੇ ਆਪ ਨੂੰ ਇਸਦੇ ਅਧੀਨ ਕਰਨਾ ਪਵੇਗਾ।''

"ਇਹ ਇੱਕ ਅਜਿਹੀ ਪ੍ਰਕਿਰਿਆ ਹੈ ਜਿਸਦਾ ਉਨ੍ਹਾਂ ਨੂੰ ਬਹੁਤ ਹੀ ਜਨਤਕ ਤਰੀਕੇ ਨਾਲ ਸਾਹਮਣਾ ਕਰਨਾ ਪਵੇਗਾ। ਪਰ ਉਹ ਅਜਿਹਾ ਕਰਨ ਲਈ ਤਿਆਰ ਹਨ। ਇਸ ਮਾਮਲੇ ਨੂੰ ਸੁਲਝਾਉਣ ਲਈ ਜੋ ਵੀ ਕਰਨਾ ਪਵੇਗਾ ਉਹ ਉਸ ਦੇ ਲਈ ਤਿਆਰ ਹਨ।''

"ਜੇਕਰ ਇਸ ਨੂੰ ਸੁਲਝਾਉਣ ਲਈ ਉਨ੍ਹਾਂ ਨੂੰ ਅਣਸੁਖਾਵੇਂ ਅਤੇ ਅਸਿਜ ਢੰਗ ਨਾਲ ਆਪਣੇ ਆਪ ਬਾਰੇ ਖੁੱਲ੍ਹ ਕੇ ਦੱਸਣ ਲਈ ਲੋੜ ਹੈ ਤਾਂ ਉਹ ਅਜਿਹਾ ਕਰਨ ਲਈ 100% ਤਿਆਰ ਹਨ।"

ਜਦੋਂ ਇਹ ਪੁੱਛਿਆ ਗਿਆ ਕਿ ਕੀ ਮੈਕਰੋਨ ਪਤਨੀ ਬ੍ਰਿਗਿਟ ਦੇ ਗਰਭਵਤੀ ਹੋਣ ਸਮੇਂ ਦੀਆਂ ਅਤੇ ਉਨ੍ਹਾਂ ਦੇ ਬੱਚਿਆਂ ਦੀ ਪਰਵਰਿਸ਼ ਵੇਲੇ ਦੀਆਂ ਤਸਵੀਰਾਂ ਪੇਸ਼ ਕਰਨਗੇ, ਤਾਂ ਕਲੇਅਰ ਨੇ ਕਿਹਾ ਕਿ ਉਹ ਮੌਜੂਦ ਹਨ ਅਤੇ ਅਦਾਲਤ ਵਿੱਚ ਨਿਯਮਾਂ ਮੁਤਾਬਕ ਪੇਸ਼ ਕੀਤੀਆਂ ਜਾਣਗੀਆਂ।

ਕੌਣ ਹਨ ਓਵਨਜ਼?

ਓਵਨਜ਼, ਰੂੜੀਵਾਦੀ ਅਮਰੀਕੀ ਆਉਟਲੈਟ ਡੇਲੀ ਵਾਇਰ ਲਈ ਇੱਕ ਸਾਬਕਾ ਕਮੈਂਟੇਟਰ ਰਹੇ ਹਨ। ਉਨ੍ਹਾਂ ਦੇ ਸੋਸ਼ਲ ਮੀਡੀਆ 'ਤੇ ਲੱਖਾਂ ਫਾਲੋਅਰ ਹਨ ਅਤੇ ਉਨ੍ਹਾਂ ਨੇ ਵਾਰ-ਵਾਰ ਆਪਣੀ ਇਸ ਗੱਲ ਨੂੰ ਦੁਹਰਾਇਆ ਹੈ ਕਿ ਬ੍ਰਿਗਿਟ ਮੈਕਰੋਨ ਇੱਕ ਪੁਰਸ਼ ਹਨ।

ਮਾਰਚ 2024 ਵਿੱਚ ਉਨ੍ਹਾਂ ਨੇ ਦਾਅਵਾ ਕੀਤਾ ਸੀ ਕਿ ਉਹ ਇਸ ਇਲਜ਼ਾਮ ਦੇ ਨਾਲ ਆਪਣੀ "ਪੂਰੀ ਪੇਸ਼ੇਵਰ ਸਾਖ" ਦਾਅ 'ਤੇ ਲਗਾ ਦੇਣਗੇ।

ਇਹ ਇਲਜ਼ਾਮ ਪਹਿਲੀ ਵਾਰ ਕਈ ਸਾਲ ਪਹਿਲਾਂ ਲਗਾਇਆ ਗਿਆ ਸੀ ਜਦੋਂ ਵੱਖ-ਵੱਖ ਔਨਲਾਈਨ ਪਲੇਟਫਾਰਮਾਂ 'ਤੇ ਇਸ ਬਾਰੇ ਚਰਚਾ ਸ਼ੁਰੂ ਹੋ ਗਈ ਸੀ। ਖਾਸ ਤੌਰ 'ਤੇ ਫ੍ਰੈਂਚ ਬਲੌਗਰਾਂ ਅਮਾਂਡੀਨ ਰਾਏ ਅਤੇ ਨਤਾਚਾ ਰੇ ਦੁਆਰਾ ਸਾਲ 2021 ਦੇ ਇੱਕ ਯੂਟਿਊਬ ਵੀਡੀਓ 'ਚ ਵੀ ਇਸ ਬਾਰੇ ਗੱਲ ਕੀਤੀ ਗਈ ਸੀ।

ਮੈਕਰੋਨ ਰਾਏ ਅਤੇ ਰੇਅ ਦੇ ਖਿਲਾਫ ਫਰਾਂਸ ਵਿੱਚ ਮਾਣਹਾਨੀ ਦਾ ਮੁਕੱਦਮਾ ਪਹਿਲਾਂ ਹੀ 2024 ਵਿੱਚ ਜਿੱਤ ਚੁੱਕੇ ਸਨ, ਪਰ 2025 ਵਿੱਚ ਹੋਈ ਇੱਕ ਅਪੀਲ 'ਤੇ ਉਸ ਫੈਸਲੇ ਨੂੰ ਸੱਚਾਈ ਦੇ ਆਧਾਰ 'ਤੇ ਨਹੀਂ ਸਗੋਂ ਪ੍ਰਗਟਾਵੇ ਦੀ ਆਜ਼ਾਦੀ ਦੇ ਆਧਾਰ 'ਤੇ ਉਲਟਾ ਦਿੱਤਾ ਗਿਆ। ਮੈਕਰੋਨ ਇਸ ਫੈਸਲੇ ਦੀ ਅਪੀਲ ਕਰ ਰਹੇ ਹਨ।

ਜੁਲਾਈ ਵਿੱਚ ਮੈਕਰੋਨ ਨੇ ਅਮਰੀਕਾ ਵਿੱਚ ਓਵਨਜ਼ ਦੇ ਖਿਲਾਫ ਇੱਕ ਮੁਕੱਦਮਾ ਦਾਇਰ ਕੀਤਾ। ਇਸ ਮੁਕੱਦਮੇ ਵਿੱਚ ਇਲਜ਼ਾਮ ਲਾਏ ਗਏ ਕਿ

ਇਹ ਦੋਸ਼ ਲਗਾਇਆ ਹੈ ਕਿ ਉਸਨੇ "ਉਸਦੇ ਦਾਅਵੇ ਨੂੰ ਗ਼ਲਤ ਸਾਬਤ ਕਰਨ ਵਾਲੇ ਸਾਰੇ ਭਰੋਸੇਯੋਗ ਸਬੂਤਾਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਅਤੇ ਇਸਦੀ ਬਜਾਏ ਮਸ਼ਹੂਰ ਸਾਜ਼ਿਸ਼ਕਰਤਾਵਾਂ ਅਤੇ ਸਾਬਤ ਹੋ ਚੁੱਕੇ ਬਦਨਾਮ ਕਰਨ ਵਾਲਿਆਂ ਨੂੰ ਮੰਚ ਮੁਹੱਈਆ ਕਰਵਾਇਆ।

'ਇਹ ਮੇਰੇ ਸਨਮਾਨ ਦੀ ਰੱਖਿਆ ਕਰਨ ਬਾਰੇ ਹੈ' - ਮੈਕਰੋਨ

ਅਮਰੀਕੀ ਮਾਣਹਾਨੀ ਦੇ ਮਾਮਲਿਆਂ ਵਿੱਚ ਜਨਤਕ ਸ਼ਖਸੀਅਤਾਂ ਦੇ ਖਿਲਾਫ ਮੁਦਈਆਂ ਨੂੰ "ਅਸਲ ਬਦਨਾਮੀ" ਸਾਬਤ ਕਰਨ ਦੀ ਲੋੜ ਹੁੰਦੀ ਹੈ - ਕਿ ਬਚਾਓ ਪੱਖ ਜਾਣਬੁੱਝ ਕੇ ਗਲਤ ਜਾਣਕਾਰੀ ਫੈਲਾਉਂਦਾ ਹੈ ਜਾਂ ਸੱਚਾਈ ਪ੍ਰਤੀ ਲਾਪਰਵਾਹੀ ਨਾਲ ਕੰਮ ਕਰਦਾ ਹੈ।

ਅਗਸਤ ਵਿੱਚ, ਇਮੈਨੁਅਲ ਮੈਕਰੋਨ ਨੇ ਫਰਾਂਸੀਸੀ ਮੈਗਜ਼ੀਨ, ਪੈਰਿਸ ਮੈਚ ਨੂੰ ਦੱਸਿਆ ਸੀ ਕਿ ਕਿਉਂ ਉਨ੍ਹਾਂ ਨੇ ਕਾਨੂੰਨੀ ਕਾਰਵਾਈ ਦਾ ਰਸਤਾ ਚੁਣਿਆ।

"ਇਹ ਮੇਰੇ ਸਨਮਾਨ ਦੀ ਰੱਖਿਆ ਕਰਨ ਬਾਰੇ ਹੈ! ਕਿਉਂਕਿ ਇਹ ਬਕਵਾਸ ਹੈ। ਇਹ ਉਹ ਵਿਅਕਤੀ ਹੈ ਜੋ ਚੰਗੀ ਤਰ੍ਹਾਂ ਜਾਣਦੀ ਸੀ ਕਿ ਉਸ ਕੋਲ ਗਲਤ ਜਾਣਕਾਰੀ ਸੀ ਅਤੇ ਉਸ ਨੇ ਨੁਕਸਾਨ ਪਹੁੰਚਾਉਣ ਦੇ ਇਰਾਦੇ ਨਾਲ, ਇੱਕ ਵਿਚਾਰਧਾਰਾ ਦੇ ਤਹਿਤ ਅਤੇ ਪੂਰੀ ਤਰ੍ਹਾਂ ਸੱਜੇ ਪੱਖੀ ਆਗੂਆਂ ਨਾਲ ਸਥਾਪਿਤ ਸਬੰਧਾਂ ਕਾਰਨ ਅਜਿਹਾ ਕੀਤਾ।"

ਓਵਨਜ਼ ਦੇ ਵਕੀਲਾਂ ਨੇ ਮੈਕਰੋਨ ਦੇ ਮੁਕੱਦਮੇ ਦੇ ਜਵਾਬ ਵਿੱਚ ਇਸ ਨੂੰ ਖਾਰਜ ਕਰਨ ਦਾ ਪ੍ਰਸਤਾਵ ਦਿੱਤਾ ਹੈ ਅਤੇ ਇਹ ਦਲੀਲ ਦਿੱਤੀ ਹੈ ਕਿ ਇਹ ਕੇਸ ਡੇਲਾਵੇਅਰ ਵਿੱਚ ਦਾਇਰ ਨਹੀਂ ਕੀਤਾ ਜਾਣਾ ਚਾਹੀਦਾ ਸੀ, ਕਿਉਂਕਿ ਉਹ ਕਹਿੰਦੇ ਹਨ ਕਿ ਇਹ ਉਨ੍ਹਾਂ ਦੇ ਕਾਰੋਬਾਰਾਂ ਨਾਲ ਸਬੰਧਤ ਨਹੀਂ ਹੈ, ਜੋ ਕਿ ਦੇਸ਼ ਵਿੱਚ ਨਿਗਮਿਤ ਹਨ। ਉਨ੍ਹਾਂ ਦਾ ਦਾਅਵਾ ਹੈ ਕਿ ਉਨ੍ਹਾਂ ਨੂੰ ਡੇਲਾਵੇਅਰ ਵਿੱਚ ਕੇਸ ਲੜਨ ਲਈ ਮਜਬੂਰ ਕੀਤਾ ਜਾ ਰਿਹਾ ਹੈ, ਜਿਸ ਨਾਲ ਉਨ੍ਹਾਂ ਨੂੰ "ਕਾਫ਼ੀ ਵਿੱਤੀ ਅਤੇ ਸੰਚਾਲਨ ਸਬੰਧੀ ਮੁਸ਼ਕਲ" ਆਵੇਗੀ।

ਬੀਬੀਸੀ ਨੇ ਟਿੱਪਣੀ ਲਈ ਕੈਂਡੇਸ ਓਵਨਜ਼ ਦੀ ਕਾਨੂੰਨੀ ਟੀਮ ਨਾਲ ਸੰਪਰਕ ਕੀਤਾ। ਉਨ੍ਹਾਂ ਪਹਿਲਾਂ ਕਿਹਾ ਹੈ ਕਿ ਉਹ ਮੰਨਦੇ ਹਨ ਕਿ ਉਹ ਜੋ ਕਹਿ ਰਹੇ ਹਨ, ਉਹ ਸੱਚ ਹੈ ਅਤੇ ਬੋਲਣ ਦੀ ਆਜ਼ਾਦੀ ਅਤੇ ਆਲੋਚਨਾ ਕਰਨ ਦੀ ਯੋਗਤਾ ਤੋਂ ਵੱਧ ਅਮਰੀਕੀ ਹੋਰ ਕੁਝ ਵੀ ਨਹੀਂ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)