ਲੀਬੀਆ ਹੜ੍ਹ: 10,000 ਤੋਂ ਵੱਧ ਮੌਤਾਂ, 20,000 ਲਾਪਤਾ ਅਤੇ 30,000 ਲੋਕ ਹੋਏ ਬੇਘਰ

ਲੀਬੀਆ 'ਚ ਹੜ੍ਹ

ਤਸਵੀਰ ਸਰੋਤ, Getty Images

    • ਲੇਖਕ, ਲੂਸੀ ਫਲੇਮਿੰਗ
    • ਰੋਲ, ਬੀਬੀਸੀ ਨਿਊਜ਼

ਲੀਬੀਆ ਵਿੱਚ ਸੁਨਾਮੀ ਵਰਗੇ ਹੜ੍ਹਾਂ ਨੇ ਤਬਾਹੀ ਮਚਾ ਦਿੱਤੀ ਹੈ ਅਤੇ ਬਚਾਅ ਟੀਮਾਂ ਇਨ੍ਹਾਂ ਹੜ੍ਹਾਂ 'ਚ ਵਹਿ ਜਾਣ ਵਾਲ਼ਿਆਂ ਦੀਆਂ ਲਾਸ਼ਾਂ ਨੂੰ ਕੱਢਣ ਲਈ ਜੂਝ ਰਹੀਆਂ ਹਨ।

ਹੜ੍ਹਾਂ ਨਾਲ਼ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਸ਼ਹਿਰ ਡੇਰਨਾ ਦੀ ਐਂਬੂਲੈਂਸ ਅਥਾਰਟੀ ਮੁਤਾਬਕ ਹੁਣ ਤੱਕ ਇਨ੍ਹਾਂ ਹੜ੍ਹਾਂ ਵਿੱਚ 10,000 ਤੋਂ ਵੱਧ ਲੋਕ ਜਾਨਾਂ ਗਵਾ ਚੁੱਕੇ ਹਨ।

ਪਾਣੀ ਇੰਨੀ ਤੇਜ਼ੀ ਨਾਲ ਆਇਆ ਕਿ ਡੇਰਨਾ ਵਿੱਚ ਦੋ ਬੰਨ੍ਹ ਅਤੇ ਚਾਰ ਪੁਲ਼ ਤਬਾਹ ਹੋ ਚੁੱਕੇ ਹਨ। ਐਤਵਾਰ ਨੂੰ ਆਏ ਡੇਨੀਅਲ ਤੂਫ਼ਾਨ ਕਾਰਨ ਸ਼ਹਿਰ ਦਾ ਬਹੁਤਾ ਹਿੱਸਾ ਪਾਣੀ ਵਿੱਚ ਡੁੱਬਿਆ ਹੋਇਆ ਹੈ।

ਬਚਾਅ ਕਾਰਜਾਂ ਵਿੱਚ ਲੱਗੀ ਰੈੱਡ ਕਰੈਸੈਂਟ ਮੁਤਾਬਕ ਲਗਭਗ 20,000 ਲੋਕਾਂ ਦਾ ਕੋਈ ਥਹੁ-ਪਤਾ ਨਹੀਂ ਹੈ ਅਤੇ 30,000 ਦੇ ਕਰੀਬ ਲੋਕ ਬੇਘਰ ਹੋ ਗਏ ਹਨ। ਮੌਤਾਂ ਦੀ ਗਿਣਤੀ ਵਧਣ ਦਾ ਵੀ ਪੂਰਾ ਖ਼ਦਸ਼ਾ ਹੈ।

ਲੀਬੀਆ 'ਚ ਹੜ੍ਹ

ਤਸਵੀਰ ਸਰੋਤ, Getty Images

ਹਾਲਾਂਕਿ ਇਸ ਬਿਪਤਾ ਦੀ ਘੜੀ ਵਿੱਚ ਲੀਬੀਆ ਨੂੰ ਮਿਸਰ ਸਮੇਤ ਹੋਰ ਦੇਸ਼ਾਂ ਤੋਂ ਵੀ ਵਿਦੇਸ਼ੀ ਮਦਦ ਵੀ ਮਿਲਣੀ ਸ਼ੁਰੂ ਹੋ ਗਈ ਹੈ।

ਜਦਕਿ ਦੋ ਵਿਰੋਧੀ ਸਰਕਾਰਾਂ ਦਰਮਿਆਨ ਜਾਰੀ ਸੰਘਰਸ਼ ਕਾਰਨ ਬਚਾਅ ਕਾਰਜਾਂ ਵਿੱਚ ਦਿੱਕਤ ਵੀ ਆ ਰਹੀ ਹੈ।

ਅਮਰੀਕਾ, ਜਰਮਨੀ, ਇਰਾਨ, ਇਟਲੀ, ਕਤਰ, ਅਤੇ ਤੁਰਕੀ ਉਨ੍ਹਾਂ ਦੇਸ਼ਾਂ ਵਿੱਚੋਂ ਹਨ, ਜਿਨ੍ਹਾਂ ਨੇ ਜਾਂ ਤਾਂ ਕਿਹਾ ਹੈ ਕਿ ਉਹ ਮਦਦ ਭੇਜਣ ਲਈ ਤਿਆਰ ਹਨ ਜਾਂ ਭੇਜ ਚੁੱਕੇ ਹਨ।

ਖਿਡੌਣਿਆਂ ਵਾਂਗ ਰੁੜੀਆਂ ਕਾਰਾਂ

ਲੀਬੀਆ 'ਚ ਹੜ੍ਹ

ਤਸਵੀਰ ਸਰੋਤ, Getty Images

ਐਤਵਾਰ ਨੂੰ ਰਾਤ ਢਲੀ ਰਿਕਾਰਡ ਕੀਤੀ ਗਈ ਵੀਡੀਓ ਫੁਟੇਜ ਤੋਂ ਦੇਖਿਆ ਜਾ ਸਕਦਾ ਹੈ ਕਿ ਸ਼ਹਿਰ ਦੀਆਂ ਗਲ਼ੀਆਂ-ਸੜਕਾਂ ਵਿੱਚ ਵਗਦੇ ਹੜ੍ਹਾਂ ਦੇ ਪਾਣੀ ਵਿੱਚ ਕਾਰਾਂ-ਗੱਡੀਆਂ ਰਬੜ ਦੇ ਖਿਡੌਣਿਆਂ ਵਾਂਗ ਵਹਿ ਰਹੀਆਂ ਹਨ।

ਦਿਲ ਦਹਿਲਾ ਦੇਣ ਵਾਲ਼ੀਆਂ ਕਹਾਣੀਆਂ ਹਨ ਕਿ ਲੋਕ ਸਮੁੰਦਰ ਵਿੱਚ ਰੁੜ ਗਏ ਜਦਕਿ ਕੁਝ ਆਪਣੀ ਜਾਨ ਬਚਾਉਣ ਲਈ ਬਨੇਰਿਆਂ ਨੂੰ ਚਿੰਬੜ ਗਏ।

ਹਿਸ਼ਮ ਚਿਕੀਓਤ ਜੋ ਕਿ ਲੀਬੀਆ ਦੀ ਈਸਟਰਨ-ਬੇਸਡ ਸਰਕਾਰ ਨਾਲ ਵਾਬਸਤਾ ਹਨ, ਨੇ ਕਿਹਾ, “ਜੋ ਦੇਖਿਆ ਮੈਂ ਉਸ ਤੋਂ ਹੈਰਾਨ ਹਾਂ, ਇਹ ਸੁਨਾਮੀ ਵਰਗਾ ਸੀ।”

ਉਨ੍ਹਾਂ ਨੇ ਬੀਬੀਸੀ ਨਿਊਜ਼ਆਵਰ ਨੂੰ ਦੱਸਿਆ ਕਿ ਦੱਖਣੀ ਡੇਰਨਾ ਵਿੱਚ ਇੱਕ ਬੰਨ੍ਹ ਦੇ ਟੁੱਟ ਜਾਣ ਕਾਰਨ ਸ਼ਹਿਰ ਦਾ ਵੱਡਾ ਹਿੱਸਾ ਉਸ ਵਿੱਚ ਰੁੜ੍ਹ ਗਿਆ।

ਉਨ੍ਹਾਂ ਕਿਹਾ, “ਇੱਕ ਬਹੁਤ ਵੱਡੀ ਅਬਾਦੀ ਤਬਾਹ ਹੋ ਗਈ ਹੈ। ਬਹੁਤ ਵੱਡੀ ਗਿਣਤੀ ਵਿੱਚ ਪੀੜਤ ਹਨ, ਜਿਨ੍ਹਾਂ ਦੀ ਗਿਣਤੀ ਹਰ ਘੰਟੇ ਵਧ ਰਹੀ ਹੈ।”

ਲੀਬੀਆ 'ਚ ਹੜ੍ਹ

ਤਸਵੀਰ ਸਰੋਤ, Getty Images

ਇੱਕ ਬਚਾਅ ਕਰਮੀ ਕਾਸਿਮ ਅਲ-ਕਟਾਨੀ ਨੇ ਬੀਬੀਸੀ ਨਿਊਜ਼ ਨਾਈਟ ਪ੍ਰੋਗਰਾਮ ਵਿੱਚ ਦੱਸਿਆ ਕਿ ਸ਼ਹਿਰ ਦੀਆਂ ਕਈ ਮੁੱਖ ਸੜਕਾਂ ਦਾ “ਬਹੁਤ ਜ਼ਿਆਦਾ ਨੁਕਸਾਨ ਹੋਣ ਕਾਰਨ” ਬਚਾਅ ਕਰਮੀਆਂ ਲਈ ਡੇਰਨਾ ਤੱਕ ਪਹੁੰਚਣਾ ਬਹੁਤ ਮੁਸ਼ਕਲ ਸੀ।

ਹੜ੍ਹਾਂ ਦੀ ਇੰਨੀ ਭਿਆਨਕ ਮਾਰ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਇੱਕ ਜਾਂਚ ਬਿਠਾ ਦਿੱਤੀ ਗਈ ਹੈ।

ਕਟਾਨੀ ਨੇ ਕਿਹਾ ਕਿ ਡੇਰਨਾ ਅਤੇ ਪੂਰਬੀ ਸ਼ਹਿਰ ਬੇਂਗ਼ਾਜ਼ੀ ਨੂੰ ਮੁੜ ਖੜ੍ਹਾ ਕਰਨ ਲਈ 2.5 ਬਿਲੀਅਨ ਲੀਬੀਅਨ ਦਿਨਾਰ (515 ਮਿਲੀਅਨ ਅਮਰੀਕੀ ਡਾਲਰ) ਖ਼ਰਚ ਕੀਤੇ ਜਾਣਗੇ।

ਸੌਸਾ, ਅਲ-ਮਰਾਜ ਅਤੇ ਮਿਸਰਾਤਾ ਸ਼ਹਿਰ ਵੀ ਹੜ੍ਹਾਂ ਨਾਲ ਪ੍ਰਭਾਵਿਤ ਹੋਏ ਹਨ।

ਲਾਈਨ
ਲਾਈਨ

ਇੱਕ ਕਾਰਨ ਇਹ ਵੀ ਹੋ ਸਕਦਾ ਹੈ

ਜਲ ਇੰਜੀਨੀਅਰੀ ਦੇ ਮਾਹਰਾਂ ਨੇ ਬੀਬੀਸੀ ਨੂੰ ਦੱਸਿਆ ਕਿ ਉੱਪਰਲਾ ਡੈਮ ਸ਼ਹਿਰ ਤੋਂ ਲਗਭਗ 12 ਕਿੱਲੋਮੀਟਰ ਦੂਰ ਹੈ, ਹੋ ਸਕਦਾ ਹੈ ,ਉਹ ਪਹਿਲਾਂ ਟੁੱਟਿਆ ਹੋਵੇ।

ਇੱਥੋਂ ਪਾਣੀ ਥੱਲੇ ਨਦੀ ਘਾਟੀ ਵੱਲ ਦੂਜੇ ਬੰਨ੍ਹ ਵੱਲ ਵਹਿ ਤੁਰਿਆ। ਇਹ ਦੂਜਾ ਬੰਨ੍ਹ ਸ਼ਹਿਰ ਦੇ ਨਜ਼ਦੀਕ ਹੈ ਅਤੇ ਇਹੀ ਇੰਨੀ ਤਬਾਹੀ ਦਾ ਕਾਰਨ ਬਣਿਆ।

ਰਾਜਾ ਸਾਸੀ ਆਪਣੀ ਪਤਨੀ ਅਤੇ ਇੱਕ ਛੋਟੀ ਬੱਚੀ ਨਾਲ਼ ਜਾਨ ਬਚਾਉਣ ਵਿੱਚ ਸਫ਼ਲ ਰਹੇ ਹਨ।

ਉਨ੍ਹਾਂ ਨੇ ਖ਼ਬਰ ਏਜੰਸੀ ਰਾਇਟਰਜ਼ ਨੂੰ ਦੱਸਿਆ, “ਪਹਿਲਾਂ ਸਾਨੂੰ ਲੱਗਿਆ ਕਿ ਇਹ ਸਭ ਭਾਰੀ ਮੀਂਹ ਕਾਰਨ ਹੈ ਪਰ ਅੱਧੀ ਰਾਤ ਸਾਨੂੰ ਇੱਕ ਵੱਡਾ ਧਮਾਕਾ ਸੁਣਾਈ ਦਿੱਤਾ ਜੋ ਕਿ ਬੰਨ੍ਹ ਦੇ ਟੁੱਟਣ ਦਾ ਸੀ।”

ਲੀਬੀਆ 'ਚ ਹੜ੍ਹ

ਤਸਵੀਰ ਸਰੋਤ, Getty Images

ਟੂਨੇਸ਼ੀਆ ਵਿੱਚ ਰਹਿ ਰਹੇ ਲੀਬੀਅਨ ਪੱਤਰਕਾਰ ਨੂਰਾ ਐਲਜੇਰਬੀ ਨੇ ਬੀਬੀਸੀ ਨੂੰ ਦੱਸਿਆ ਕਿ ਉਹ ਡੇਰਨਾ ਵਿੱਚ ਸਥਾਨਕ ਬਚਾਅ ਟੀਮ ਨੂੰ ਸੰਪਰਕ ਕਰਨ ਤੋਂ ਬਾਅਦ ਇਹੀ ਪਤਾ ਲਗਾ ਸਕੇ ਹਨ ਕਿ ਇੱਕ ਰਿਹਾਇਸ਼ੀ ਬਲਾਕ ਵਿੱਚ ਰਹਿ ਰਹੇ ਉਨ੍ਹਾਂ ਦੇ 34 ਰਿਸ਼ਤੇਦਾਰ ਸੁਰੱਖਿਅਤ ਹਨ।

ਉਨ੍ਹਾਂ ਕਿਹਾ, “ਘਰ ਤਬਾਹ ਹੋ ਚੁੱਕਿਆ ਹੈ ਪਰ ਮੇਰਾ ਪਰਿਵਾਰ ਸਥਿਤੀ ਵਿਗੜਨ ਤੋਂ ਪਹਿਲਾਂ ਹੀ ਉਸ ਵਿੱਚੋਂ ਨਿਕਲਣ ਵਿੱਚ ਕਾਮਯਾਬ ਹੋ ਗਿਆ। ਉਹ ਹੁਣ ਸੁਰੱਖਿਅਤ ਹਨ।”

ਕਟਾਨੀ ਨੇ ਦੱਸਿਆ ਕਿ ਡੇਰਨਾ ਸ਼ਹਿਰ ਵਿੱਚ ਪੀਣ ਵਾਲ਼ਾ ਸਾਫ਼ ਪਾਣੀ ਨਹੀਂ ਹੈ ਅਤੇ ਦਵਾਈਆਂ ਦੀ ਵੀ ਕਮੀ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਸ਼ਹਿਰ ਦੇ ਇੱਕਲੌਤੇ ਹਸਪਤਾਲ ਵਿੱਚ ਹੋਰ ਲੋਕ ਨਹੀਂ ਭੇਜੇ ਜਾ ਸਕਦੇ। “ਉੱਥੇ ਪਹਿਲਾਂ ਹੀ 700 ਤੋਂ ਜ਼ਿਆਦਾ ਲਾਸ਼ਾਂ ਹਨ ਅਤੇ ਇਹ ਹਸਪਤਾਲ ਕੋਈ ਬਹੁਤਾ ਵੱਡਾ ਵੀ ਨਹੀਂ ਹੈ।”

ਲਾਈਨ
  • ਲੀਬੀਆ ਵਿੱਚ ਹੜ੍ਹਾਂ ਨੇ ਭਾਰੀ ਤਬਾਹੀ ਮਚਾਈ ਹੋਈ ਹੈ ਅਤੇ ਡੇਰਨਾ ਸ਼ਹਿਰ ਸਭ ਤੋਂ ਜ਼ਿਆਦਾ ਪ੍ਰਭਾਵਿਤ ਦੱਸਿਆ ਜਾ ਰਿਹਾ ਹੈ
  • ਅਧਿਕਾਰੀਆਂ ਮੁਤਾਬਕ, ਹੜ੍ਹਾਂ ਕਾਰਨ 2300 ਲੋਕ ਜਾਨਾਂ ਗੁਆ ਚੁੱਕੇ ਹਨ ਅਤੇ 10 ਹਜ਼ਾਰ ਦੇ ਕਰੀਬ ਲਾਪਤਾ ਹਨ
  • ਹਾਲਤ ਇਹ ਹਨ ਕਿ ਲਾਸ਼ਾਂ ਨੂੰ ਕੰਬਲਾਂ ਆਦਿ 'ਚ ਲਪੇਟ ਕੇ ਸਮੂਹਿਕ ਕਬਰਾਂ ਵਿੱਚ ਹੀ ਦਫ਼ਨਾਇਆ ਜਾ ਰਿਹਾ ਹੈ
  • ਸੜਕਾਂ ਅਤੇ ਗਲ਼ੀਆਂ ਮਲਬੇ ਨਾਲ ਭਰੀਆਂ ਹੋਈਆਂ ਹਨ ਅਤੇ ਇਮਾਰਤਾਂ, ਵਾਹਨਾਂ ਆਦਿ ਦਾ ਖਾਸ ਨੁਕਸਾਨ ਹੋਇਆ ਹੈ
  • ਰਾਹਤ ਕਾਰਜਾਂ ਵਿੱਚ ਲੱਗੇ ਤਿੰਨ ਵਾਲੰਟੀਅਰਾਂ ਦੇ ਵੀ ਮਾਰੇ ਜਾਣ ਦੀਆਂ ਰਿਪੋਰਟਾਂ ਹਨ
  • ਅਮਰੀਕਾ, ਜਰਮਨੀ, ਇਰਾਨ, ਇਟਲੀ, ਕਤਰ ਤੇ ਤੁਰਕੀ ਉਨ੍ਹਾਂ ਦੇਸ਼ਾਂ 'ਚੋਂ ਹਨ ਜਿਨ੍ਹਾਂ ਨੇ ਜਾਂ ਤਾਂ ਕਿਹਾ ਹੈ ਕਿ ਉਹ ਮਦਦ ਭੇਜਣ ਲਈ ਤਿਆਰ ਹਨ ਜਾਂ ਭੇਜ ਚੁੱਕੇ ਹਨ
  • ਹਾਲਾਂਕਿ ਦੇਸ਼ 'ਚ ਦੋ ਵਿਰੋਧੀ ਸਰਕਾਰਾਂ ਦਰਮਿਆਨ ਜਾਰੀ ਸੰਘਰਸ਼ ਕਾਰਨ ਬਚਾਅ ਕਾਰਜਾਂ ਵਿੱਚ ਦਿੱਕਤ ਵੀ ਆ ਰਹੀ ਹੈ
ਲਾਈਨ

ਕਰਨਲ ਗੱਦਾਫ਼ੀ ਤੋਂ ਬਾਅਦ ਦੋ-ਫ਼ਾੜ ਲੀਬੀਆ

ਲੀਬੀਆ 'ਚ ਹੜ੍ਹ

ਤਸਵੀਰ ਸਰੋਤ, Reuters

ਲੀਬੀਆ ਵਿੱਚ ਕਰਨਲ ਗੱਦਾਫ਼ੀ ਨੇ ਲੰਬਾ ਸਮਾਂ ਸ਼ਾਸਨ ਕੀਤਾ ਸੀ। ਸਾਲ 2011 ਵਿੱਚ ਉਨ੍ਹਾਂ ਨੂੰ ਤਖ਼ਤਾ ਪਲਟ ਕੀਤੇ ਜਾਣ ਤੋਂ ਬਾਅਦ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਦੇਸ਼ ਉਦੋਂ ਤੋਂ ਹੀ ਸਿਆਸੀ ਸੰਕਟ ਵਿੱਚ ਘਿਰਿਆ ਹੋਇਆ ਹੈ।

ਤੇਲ ਦੇ ਭੰਡਾਰਾਂ ਨਾਲ਼ ਅਮੀਰ ਇਸ ਦੇਸ਼ ਵਿੱਚ ਗੱਦਾਫ਼ੀ ਤੋਂ ਬਾਅਦ ਦੋ ਸਰਕਾਰਾਂ ਹਨ। ਇੱਕ ਅੰਤਰਿਮ ਸਰਕਾਰ ਹੈ, ਜਿਸ ਨੂੰ ਕੌਮਾਂਤਰੀ ਮਾਨਤਾ ਪ੍ਰਾਪਤ ਹੈ। ਅੰਤਰਿਮ ਸਰਕਾਰ ਰਾਜਧਾਨੀ ਤ੍ਰਿਪੋਲੀ ਤੋਂ ਜਦਕਿ ਦੂਜੀ ਸਰਕਾਰ ਪੂਰਬ ਤੋਂ ਸ਼ਾਸਨ ਚਲਾਉਂਦੀ ਹੈ।

ਲੀਬੀਅਨ ਪੱਤਰਕਾਰ ਅਬਦੁੱਲਕਾਦੇਰ ਅਸੱਦ ਨੇ ਕਿਹਾ ਕਿ ਇਸ ਭੰਬਲਭੂਸੇ ਕਾਰਨ ਹੀ ਬਚਾਅ ਕਾਰਜਾਂ ਵਿੱਚ ਵਿਘਨ ਪੈ ਰਿਹਾ ਹੈ।

ਉਨ੍ਹਾਂ ਕਿਹਾ, “ਲੋਕ ਮਦਦ ਲਈ ਕਹਿ ਰਹੇ ਹਨ ਪਰ ਮਦਦ ਪਹੁੰਚ ਨਹੀਂ ਰਹੀ। ਉੱਥੇ ਕੋਈ ਬਚਾਅ ਟੀਮਾਂ ਨਹੀਂ ਹਨ। ਲੀਬੀਆ ਵਿੱਚ ਕੋਈ ਸਿਖਲਾਈ ਯਾਫ਼ਤਾ ਬਚਾਅ ਕਰਮੀ ਨਹੀਂ ਹਨ। ਪਿਛਲੇ ਬਾਰਾਂ ਸਾਲਾਂ ਤੋਂ ਉੱਥੇ ਸਭ ਕੁਝ ਲੜਾਈ ਲਈ ਹੀ ਹੈ।”

ਵੰਡ ਦੇ ਬਾਵਜੂਦ, ਤ੍ਰਿਪੋਲੀ ਤੋਂ ਸਰਕਾਰ ਨੇ ਇੱਕ ਹਵਾਈ ਜਹਾਜ਼ ਭੇਜਿਆ ਹੈ। ਇਸ ਵਿੱਚ 14 ਟਨ ਦਵਾਈਆਂ, ਬੌਡੀ ਬੈਗਸ ਤੋਂ ਇਲਾਵਾ 80 ਡਾਕਟਰ ਅਤੇ ਪੈਰਾਮੈਡਿਕਸ ਸ਼ਾਮਲ ਹਨ।

ਸੰਯੁਕਤ ਰਾਸ਼ਟਰ ਦੇ ਵਿਸ਼ਵ ਖ਼ੁਰਾਕ ਪ੍ਰੋਗਰਾਮ ਦੇ ਡਾਇਰੈਰਕਟਰ ਆਫ਼ ਐਮਰਜੈਂਸੀਜ਼ ਬਰਾਉਨ ਲੈਂਡਰ ਨੇ ਕਿਹਾ ਕਿ ਸੰਗਠਨ ਕੋਲ 5000 ਪਰਿਵਾਰਾਂ ਲਈ ਖ਼ੁਰਾਕ ਸਮੱਗਰੀ ਸੀ।

ਸਿਆਸੀ ਸੰਕਟ ਕਾਰਨ ਨਾ ਹੋ ਸਕੀ ਬੰਨ੍ਹਾਂ ਦੀ ਸੰਭਾਲ

ਲੀਬੀਆ 'ਚ ਹੜ੍ਹ

ਤਸਵੀਰ ਸਰੋਤ, Planet Labs PBC

ਤਸਵੀਰ ਕੈਪਸ਼ਨ, ਹੜ੍ਹਾਂ ਤੋਂ ਪਹਿਲਾਂ ਅਤੇ ਬਾਅਦ ਦੀ ਤਸਵੀਰ

ਡੇਰਨਾ, ਬੇਂਗਾਜ਼ੀ ਤੋਂ ਕੋਈ 250 ਕਿੱਲੋਮੀਟਰ ਪੂਰਬ ਵਾਲ਼ੇ ਪਾਸੇ ਤਟ ਦੇ ਨਾਲੋ਼-ਨਾਲ਼ ਆਬਾਦ ਹੈ। ਸ਼ਹਿਰ ਨੂੰ ਤਿੰਨ ਪਾਸਿਆਂ ਤੋਂ ਜਬਲ ਅਖ਼ਦਰ ਖੇਤਰ ਦੇ ਉਪਜਾਊ ਪਹਾੜਾਂ ਨੇ ਘੇਰਿਆ ਹੋਇਆ ਹੈ।

ਇਸੇ ਸ਼ਹਿਰ ਤੋਂ ਗੱਦਾਫ਼ੀ ਦੀ ਮੌਤ ਤੋਂ ਬਾਅਦ ਇਸਲਾਮਿਕ ਸਟੇਟ ਦੇ ਲ਼ੜਾਕਿਆ ਨੇ ਲੀਬੀਆ 'ਤੇ ਆਪਣਾ ਦਬਦਬਾ ਬਣਾਇਆ।

ਉਨ੍ਹਾਂ ਨੂੰ ਕੁਝ ਸਾਲ ਬਾਅਦ ਲੀਬੀਅਨ ਨੈਸ਼ਨਲ ਆਰਮੀ ਨੇ ਖਦੇੜ ਦਿੱਤਾ ਸੀ। ਇਹ ਆਰਮੀ ਪੂਰਬੀ ਸਰਕਾਰ ਨਾਲ਼ ਸੰਬੰਧਿਤ ਜਨਰਲ ਖ਼ਲੀਫ਼ਾ ਹੈਦਰ ਦੀ ਵਫ਼ਾਦਾਰ ਹੈ।

ਇਸ ਤਾਕਤਵਰ ਜਨਰਲ ਮੁਤਾਬਕ, ਪੂਰਬੀ ਅਧਿਕਾਰੀ ਹੜ੍ਹਾਂ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲੈ ਰਹੇ ਹਨ, ਤਾਂ ਜੋ ਬਚਾਅ ਕਾਰਜ ਵਿੱਚ ਮਦਦ ਲਈ ਸੜਕਾਂ ਮੁੜ ਬਣਾਈਆਂ ਜਾ ਸਕਣ ਅਤੇ ਬਿਜਲੀ ਸਪਲਾਈ ਬਹਾਲ ਕੀਤੀ ਜਾ ਸਕੇ।

ਲੀਬੀਆ ਦੀ ਪ੍ਰਮੁੱਖ ਖ਼ਬਰ ਏਜੰਸੀ ਅਲ-ਵਸਾਤ ਦੀ ਵੈਬਸਾਈਟ ਮੁਤਾਬਕ, ਕਈ ਸਾਲਾਂ ਦੇ ਤਣਾਅ ਕਾਰਨ ਇਮਾਰਤਾਂ, ਬੁਨਿਆਦੀ ਢਾਂਚੇ ਦੀ ਮੁਰੰਮਤ ਨਾ ਹੋ ਸਕਣਾ ਵੀ ਇੰਨੇ ਜ਼ਿਆਦਾ ਜਾਨੀ-ਮਾਲੀ ਨੁਕਸਾਨ ਦਾ ਇੱਕ ਕਾਰਨ ਹੈ।

ਖ਼ਬਰ ਏਜੰਸੀ ਨੇ ਇੱਕ ਆਰਥਿਕ ਮਾਹਰ ਮੁਹੰਮਦ ਅਹਿਮਦ ਦੇ ਹਵਾਲੇ ਨਾਲ਼ ਲਿਖਿਆ ਹੈ ਕਿ “ਲੰਬੇ ਸਮੇਂ ਤੋਂ ਬੰਨ੍ਹਾਂ ਦੀ ਨੇੜਿਓਂ ਨਿਗਰਾਨੀ ਅਤੇ ਰੱਖ-ਰਖਾਅ ਵਿੱਚ ਢਿੱਲ (ਸਾਨੂੰ) ਇਸ ਤਬਾਹੀ ਤੱਕ ਲੈ ਕੇ ਆਏ ਹਨ।”

ਲਾਈਨ