ਅਮਰੀਕੀ ਖ਼ੁਫ਼ੀਆ ਏਜੰਸੀ ਨੇ ਮੁਖ਼ਬਰਾਂ ਦੀ ਭਰਤੀ ਲਈ ਵੱਖਰੇ ਕਿਸਮ ਦੇ ਆਨਲਾਈਨ ਇਸ਼ਤਿਹਾਰ ਭੇਜੇ, ਪੂਰਾ ਮਾਮਲਾ ਜਾਣੋ

    • ਲੇਖਕ, ਨਿਕ ਮਾਰਸ਼
    • ਰੋਲ, ਬੀਬੀਸੀ ਪੱਤਰਕਾਰ

ਅਮਰੀਕਾ ਦੀ ਸੈਂਟਰਲ ਇੰਟੈਲੀਜੈਂਸ ਏਜੰਸੀ ਨੇ ਚੀਨ, ਈਰਾਨ ਅਤੇ ਉੱਤਰੀ ਕੋਰੀਆ ਤੋਂ ਜਾਣਕਾਰੀ ਹਾਸਿਲ ਕਰਨ ਮੁਖ਼ਬਰਾਂ ਦੀ ਨਿਯੁਕਤੀ ਕਰਨ ਲਈ ਨਵੀਂ ਮੁਹਿੰਮ ਸ਼ੁਰੂ ਕੀਤੀ ਹੈ।

ਏਜੰਸੀ ਨੇ ਬੁੱਧਵਾਰ ਨੂੰ ਮੈਂਡਰਿਨ, ਫਾਰਸੀ ਅਤੇ ਕੋਰੀਅਨ ਭਾਸ਼ਾ ਵਿੱਚ ਸੋਸ਼ਲ ਮੀਡੀਆ ਅਕਾਊਂਟਸ ʼਤੇ ਸੰਦੇਸ਼ ਭੇਜੇ ਹਨ ਅਤੇ ਇਨ੍ਹਾਂ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਯੂਜਰਜ਼ ਕਿਵੇਂ ਸੁਰੱਖਿਅਤ ਢੰਗ ਨਾਲ ਸੰਪਰਕ ਕਰ ਸਕਦੇ ਹਨ।

ਇਹ ਨਿਵੇਕਲੇ ਯਤਨ ਰੂਸ ਵੱਲੋਂ ਯੂਕਰੇਨ ʼਤੇ ਹਮਲਾ ਕਰਨ ਮਗਰੋਂ ਰੂਸੀਆਂ ਨੂੰ ਭਰਤੀ ਕਰਨ ਤੋਂ ਬਾਅਦ ਕੀਤਾ ਗਿਆ, ਜਿਸ ਬਾਰੇ ਸੀਆਈਏ ਦਾ ਕਹਿਣਾ ਹੈ ਕਿ ਇਹ ਸਫ਼ਲ ਰਿਹਾ।

ਸੀਆਈਏ ਦੇ ਬੁਲਾਰੇ ਨੇ ਇੱਕ ਬਿਆਨ ਵਿੱਚ ਕਿਹਾ, "ਅਸੀਂ ਇਹ ਯਕੀਨੀ ਬਣਾਉਣਾ ਚਾਹੁੰਦੇ ਹਾਂ ਕਿ ਹੋਰਨਾਂ ਅਧਿਕਾਰਵਾਦੀ ਸ਼ਾਸਨਾਂ ਵਿੱਚ ਬੈਠਿਆਂ ਨੂੰ ਪਤਾ ਲੱਗੇ ਕਿ ਅਸੀਂ ਵੀ ਮੈਦਾਨ ਵਿੱਚ ਹਾਂ।"

ਐਕਸ, ਫੇਸਬੁੱਕ, ਯੂਟਿਊਬ, ਇੰਸਟਾਗ੍ਰਾਮ, ਟੈਲੀਗ੍ਰਾਮ ਅਤੇ ਲਿੰਕਡਇਨ, ਨਾਲ ਹੀ ਡਾਰਕ ਵੈੱਬ ʻਤੇ ਵੀ ਲੋਕਾਂ ਦੇ ਨਾਮ, ਸਥਾਨ ਅਤੇ ਸੰਪਰਕ ਲਈ ਨੰਬਰਾਂ ਦੇ ਵੇਰਵੇ ਮੰਗੇ ਜਾ ਰਹੇ ਹਨ।

ਵਿਸਥਾਰ ਵਿੱਚ ਦਿੱਤੇ ਨਿਰਦੇਸ਼ਾਂ ਨੂੰ ਐਨਕ੍ਰਿਪਟਡ ਪ੍ਰਾਈਵੇਟ ਨੈੱਟਵਰਕ (ਵੀਪੀਐੱਨ) ਜਾਂ ਟੋਰ ਨੈੱਟਵਰਕ ਵਜੋਂ ਜਾਣੇ ਜਾਂਦੇ ਇੱਕ ਬੇਨਾਮ ਵੈੱਬ ਬ੍ਰਾਊਜ਼ਰ ਦੀ ਵਰਤੋਂ ਕਰਕੇ ਭੇਜਿਆ ਗਿਆ ਹੈ। ਇਸ ਬ੍ਰਾਊਜ਼ਰ ਦੀ ਵਰਤੋਂ ਅਕਸਰ ਡਾਰਕ ਵੈੱਬ ਤੱਕ ਪਹੁੰਚਣ ਲਈ ਕੀਤੀ ਜਾਂਦੀ ਹੈ।

ਇਨ੍ਹਾਂ ਸੰਦੇਸ਼ਾਂ ਵਿੱਚ ਯੂਜਰਜ਼ ਨੂੰ ਸੀਆਈਏ ਦੀ ਅਧਿਕਾਰਤ ਵੈਬਸਾਈਟ ਜ਼ਰੀਏ ਸੰਪਰਕ ਕਰਨ ਦੀ ਸਲਾਹ ਦਿੱਤੀ ਗਈ ਹੈ।

ਰਾਹ ਕਿੰਨਾ ਕੁ ਕਾਰਗਰ

ਸਿਓਲ ਵਿੱਚ ਹਾਂਕੁਕ ਯੂਨੀਵਰਸਿਟੀ ਆਫ ਫੌਰਨ ਸਟੱਡੀਜ਼ ਵਿੱਚ ਕੌਮਾਂਤਰੀ ਸਿਆਸਤ ਦੇ ਪ੍ਰੋਫਾਸਰ ਮੈਸੋਨ ਰਿਚੇ ਦਾ ਕਹਿਣਾ ਹੈ, "ਮੈਨੂੰ ਯੂਟਿਊਬ ਜਾਂ ਸੋਸ਼ਲ ਮੀਡੀਆ ਦੀ ਵਰਤੋਂ ਕਰ ਕੇ ਅਜਿਹੀ ਕਿਸੇ ਤਰ੍ਹਾਂ ਦੀ ਭਰਤੀ ਦੀ ਕੋਈ ਵੀ ਕੋਸ਼ਿਸ਼ ਯਾਦ ਨਹੀਂ ਹੈ, ਘੱਟੋ-ਘੱਟੋ ਕੋਰੀਆਈ ਭਾਸ਼ਾ ਵਿੱਚ ਤਾਂ ਨਹੀਂ।"

ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, "ਅਜਿਹਾ ਲੱਗ ਰਿਹਾ ਹੈ ਕਿ ਉਹ ਰੂਸ ਵਿੱਚ ਸਫ਼ਲਤਾ ਦੇ ਆਧਾਰ ʼਤੇ ਹੀ ਇਹ ਕਦਮ ਚੁੱਕੇ ਰਹੇ ਹਨ ਪਰ ਮੈਂ ਇਸ ਗੱਲ ʼਤੇ ਖਦਸ਼ਾ ਜਤਾਉਂਦਾ ਹਾਂ ਕਿ ਇਹ ਕਿੰਨਾ ਕੁ ਕਾਰਗਰ ਹੋਵੇਗਾ ਕਿਉਂਕਿ ਜ਼ਿਆਦਾਤਰ ਉੱਤਰੀ ਕੋਰੀਆ ਦੇ ਲੋਕਾਂ ਤੱਕ ਤਾਂ ਇੰਟਰਨੈੱਟ ਤੱਕ ਹੀ ਪਹੁੰਚ ਨਹੀਂ ਹੈ।"

ਪ੍ਰੋਫੈਸਰ ਰਿਚੇ ਸਝਾਉਂਦੇ ਹਨ ਕਿ ਅਮਰੀਕਾ ਸ਼ਾਇਦ ਉੱਤਰੀ ਕੋਰੀਆ ਦੇ ਕਾਰੋਬਾਰੀਆਂ ਨੂੰ ਨਿਸ਼ਾਨਾ ਬਣਾ ਸਕਦਾ ਹਾਂ, ਜੋ ਰਸਮੀ ਤੌਰ ʼਤੇ ਚੀਨ ਦੀ ਸਰਹੱਦ ਟੱਪਦੇ ਹਨ ਅਤੇ ਵੀਪੀਐੱਨ ਨੈੱਟਵਰਕ ਤੱਕ ਪਹੁੰਚ ਰੱਖਦੇ ਹਨ।

ਖ਼ੁਫ਼ੀਆ ਜਾਣਕਾਰੀ ਹਾਸਿਲ ਕਰਨ ਦੇ ਮਾਮਲੇ ਵਿੱਚ ਅਮਰੀਕੀ ਖ਼ੁਫ਼ੀਆ ਏਜੰਸੀ, ਉੱਤਰੀ ਕੋਰੀਆ, ਈਰਾਨ ਅਤੇ ਚੀਨ ਨੂੰ "ਮੁਸ਼ਕਲ ਥਾਂ" ਮੰਨਦੀ ਹੈ, ਕਿਉਂਕਿ ਅਸਹਿਮਤੀ ਨੂੰ ਦਬਾਉਣ ਲਈ ਸਾਰੇ ਦੇਸ਼ ਸਖ਼ਤ ਨਿਗਰਾਨੀ ਦੀ ਵਰਤੋਂ ਕਰਦੇ ਹਨ।

ਖ਼ੁਫ਼ੀਆ ਏਜੰਸੀ ਦੇ ਬਿਆਨ ਵਿੱਚ ਅੱਗੇ ਲਿਖਿਆ ਹੈ, "ਇਹ ਕਦਮ ਵਧਦੇ ਸੱਤਾ ਦੇ ਦਮਨ ਅਤੇ ਵਿਸ਼ਵ ਨਿਗਰਾਨੀ ਦੇ ਨਵੇਂ ਵਾਤਾਵਰਨ ਦੇ ਅਨੁਕੂਲ ਹੋਣ ਦੇ ਯਤਨਾਂ ਨੂੰ ਦਰਸਾਉਂਦੇ ਹਨ।"

ਪਰ ਪ੍ਰੋਫੈਸਰ ਰਿਚੇ ਮੁਹਿੰਮ ਵੱਲੋਂ ਇਕੱਠੀ ਕੀਤੀ ਜਾ ਸਕਣ ਵਾਲੀ ਕਿਸੇ ਵੀ ਖ਼ੁਫ਼ੀਆ ਜਾਣਕਾਰੀ ਦੀਆਂ ਕਦਰਾਂ-ਕੀਮਤਾਂ ʼਤੇ ਸਵਾਲ ਚੁੱਕੇ ਹਨ।

ਉਨ੍ਹਾਂ ਦਾ ਕਹਿਣਾ ਹੈ, "ਮੈਨੂੰ ਲੱਗਦਾ ਹੈ ਤੁਹਾਨੂੰ ਇਹ ਮੰਨਣਾ ਹੋਵੇਗਾ ਕਿ ਸੀਆਈਏ ਨੂੰ ਪਤਾ ਹੈ ਉਹ ਕੀ ਕਰ ਰਹੀ ਹੈ ਪਰ ਤੁਸੀਂ ਸੋਚਦੇ ਹੋਵੋਗੇ ਕਿ ਇਨ੍ਹਾਂ ਅੰਸਤੁਸ਼ਟ ਲੋਕਾਂ ਵਿੱਚੋਂ ਕਿੰਨੇ ਕੋਲ ਸੱਤਾ ਦੇ ਕਰੀਬ ਹਨ ਅਤੇ ਉਸ ਥਾਂ ਦੇ ਕਿੰਨੇ ਨੇੜੇ ਹਨ ਜਿੱਥੇ ਅਹਿਮ ਫ਼ੈਸਲੇ ਲਏ ਜਾਂਦੇ ਹਨ।"

"ਹਾਲਾਂਕਿ, ਇਹ ਘੱਟੋ-ਘੱਟ ਇਨ-ਕਾਊਂਟਰ-ਇੰਟੈਲੀਜੈਂਸ ਆਪ੍ਰੇਸ਼ਨਾਂ ਲਈ ਕੁਝ ਸਮੱਸਿਆ ਪੈਦਾ ਕਰ ਸਕਦਾ ਹੈ।"

ਰੂਸ ਵਿੱਚ ਕੀਤੇ ਗਏ ਯਤਨਾਂ ਤੋਂ ਉਤਸ਼ਾਹਿਤ ਅਮਰੀਕੀ ਖ਼ੁਫ਼ੀਆ ਏਜੰਸੀ ਦੇ ਮੁਖੀਆਂ ਨੂੰ ਫਿਰ ਵੀ ਭਰੋਸਾ ਹੈ ਕਿ ਉਹ ਅਸੰਤੁਸ਼ਟ ਨਾਗਰਿਕਾਂ ਤੱਕ ਪਹੁੰਚ ਸਕਦੇ ਹਨ, ਜੋ ਸੰਭਾਵਿਤ ਤੌਰ ʼਤੇ ਉਪਯੋਗੀ ਜਾਣਕਾਰੀ ਦੇ ਨਾਲ ਉਨ੍ਹਾਂ ਨਾਲ ਸੰਪਰਕ ਸਾਧਣਗੇ।

ਸੀਆਈਏ ਦੇ ਡਿਪਟੀ ਡਾਇਰੈਕਟਰ ਡੇਵਿਡ ਕੋਹੇਨ ਨੇ ਬਲੂਮਬਰਗ ਨੂੰ ਦੱਸਿਆ, "ਬਹੁਤ ਸਾਰੇ ਉਨ੍ਹਾਂ ਲੋਕਾਂ ਕੋਲ ਜਾਣਕਾਰੀ ਪਹੁੰਚ ਰਹੀ ਹੈ ਅਤੇ ਜੋ ਚੀਨ ਦੀ ਸ਼ੀ ਜਿਨਪਿੰਗ ਸਰਕਾਰ ਕੋਲੋਂ ਅਸੰਤੁਸ਼ਟ ਹਨ।"

ਉਨ੍ਹਾਂ ਨੇ ਅੱਗੇ ਕਿਹਾ, "ਤੁਹਾਨੂੰ ਉਹ ਲੋਕ ਮਿਲ ਜਾਂਦੇ ਹਨ, ਜੋ ਵੱਖ-ਵੱਖ ਕਾਰਨਾਂ ਕਰਕੇ ਉਸ ਦਿਸ਼ਾ ਨੂੰ ਪਸੰਦ ਨਹੀਂ ਕਰਦੇ, ਜਿਸ ਦਿਸ਼ਾ ਵੱਲ ਸ਼ੀ ਜਿਨਪਿੰਗ ਦੇਸ਼ ਨੂੰ ਲੈ ਕੇ ਜਾ ਰਹੇ ਹਨ। ਉਹ ਇਹ ਸਮਝਦੇ ਹਨ ਕਿ ਸਾਡੇ ਨਾਲ ਕੰਮ ਕਰਨਾ, ਆਪਣੇ ਖੁਦ ਦੇ ਦੇਸ਼ ਦੀ ਮਦਦ ਦਾ ਇੱਕ ਰਸਤਾ ਹੈ।"

ਚੀਨੀ ਅੰਬੈਂਸੀ ਦੇ ਬੁਲਾਰ, ਲਿਊ ਪੈਨਗਿਯੂ ਨੇ ਕਿਹਾ ਕਿ ਅਮਰੀਕਾ, ਚੀਨ ਦੇ ਖ਼ਿਲਾਫ਼ "ਇੱਕ ਸੰਗਠਿਤ ਅਤੇ ਵਿਵਸਥਿਤ" ਮਾੜੇ ਪ੍ਰਚਾਰ ਦੀ ਮੁਹਿੰਮ ਚਲਾ ਰਿਹਾ ਹੈ।

ਲਿਊ ਨੇ ਇੱਕ ਬਿਆਨ ਵਿੱਚ ਕਿਹਾ ਹੈ, "ਚੀਨੀ ਲੋਕਾਂ ਅਤੇ ਸੀਸੀਪੀ (ਚਾਈਨੀਜ਼ ਕਮਿਊਨਿਸਟ ਪਾਰਟੀ) ਵਿਚਾਲੇ ਫੁੱਟ ਪਾਉਣ ਜਾਂ ਉਨ੍ਹਾਂ ਗੂੜ੍ਹੇ ਸਬੰਧਾਂ ਨੂੰ ਕਮਜ਼ੋਰ ਕਰਨ ਦਾ ਕੋਈ ਵੀ ਯਤਨ ਲਾਜ਼ਮੀ ਤੌਰ ʼਤੇ ਅਸਫ਼ਲ ਹੀ ਹੋਵੇਗਾ।"

ਡਾ. ਰਿਚੇ ਨੇ ਕਿਹਾ ਹੈ ਕਿ ਇਸ ਪੱਧਰ ʼਤੇ ਵੱਖ-ਵੱਖ ਦੇਸ਼ਾਂ ਵਿੱਚ ਮੁਹਿੰਮ ਚਲਾ ਕੇ ਅਮਰੀਕਾ ਇਹ ਸੰਕੇਤ ਦੇ ਰਿਹਾ ਹੈ ਕਿ ਉਹ ਆਪਣੀ ਕੌਮੀ ਸੁਰੱਖਿਆ ਚੁਣੌਤੀਆਂ ਨੂੰ ਕਿਵੇਂ ਦੇਖ ਰਿਹਾ ਹੈ।

ਪ੍ਰੋ. ਰਿਚੇ ਦਾ ਕਹਿਣਾ ਹੈ, "ਅਮਰੀਕਾ ਨੂੰ ਇਸ ਗੱਲ ʼਤੇ ਵਿਸ਼ਵਾਸ਼ ਹੋ ਗਿਆ ਹੈ ਕਿ ਚੀਨ, ਰੂਸ, ਈਰਾਨ ਤੇ ਉੱਤਰੀ ਕੋਰੀਆ ਦੇ ਨਾਲ ਦੁਵੱਲੇ ਟਕਰਾਵਾਂ ਦੀ ਲੜੀ ਵਿੱਚ ਹੀ ਨਹੀਂ ਹੈ। ਸਗੋਂ, ਇਹ ਇੱਕ ਉਭਰ ਰਹੇ ਸਮੂਹ ਦੇ ਨਾਲ ਟਕਰਾਅ ਵਿੱਚ ਹੈ।"

"ਜੋ ਸਪੱਸ਼ਟ ਤੌਰ ʼਤੇ ਸ਼ੀਤ ਯੁੱਧ ਦੀ ਯਾਦ ਦਿਵਾਉਂਦਾ ਹੈ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)