ਸੋਹਣ ਸਿੰਘ ਭਕਨਾ: ਭਾਰਤ ਦੀ ਆਜ਼ਾਦੀ ਲਈ ਅਮਰੀਕਾ ’ਚ ਗ਼ਦਰ ਪਾਰਟੀ ਬਣਾਉਣ ਤੇ ਦੇਸ ਪਰਤਣ ਲਈ ਕਿਸ ਗੱਲ ਨੇ ਝੰਜੋੜਿਆ

    • ਲੇਖਕ, ਰਵਿੰਦਰ ਸਿੰਘ ਰੌਬਿਨ
    • ਰੋਲ, ਬੀਬੀਸੀ ਪੱਤਰਕਾਰ

ਬਰਤਾਨਵੀਂ ਹਕੂਮਤ ਤੋਂ ਭਾਰਤ ਨੂੰ ਆਜ਼ਾਦ ਕਰਵਾਉਣ ਲਈ ਚੱਲੀਆਂ ਲਹਿਰਾਂ ਵਿੱਚੋਂ ਗਦਰ ਅਜਿਹੀ ਲਹਿਰ ਸੀ, ਜੋ ਅਮਰੀਕਾ ਦੇ ਸਟਾਰਟਨ ਸ਼ਹਿਰ ਤੋਂ ਸ਼ੁਰੂ ਹੋਈ।

ਪੰਜਾਬ ਤੋਂ ਰੋਜ਼ੀ-ਰੋਟੀ ਦੀ ਭਾਲ ਵਿੱਚ ਅਮਰੀਕਾ ਗਏ ਅਤੇ ਗਦਰ ਕਰਨ ਲਈ ਹਿੰਦੋਸਤਾਨ ਮੁੜੇ, ਇਨ੍ਹਾਂ ਲੋਕਾਂ ਨੂੰ ਇਤਿਹਾਸ ਗਦਰੀ ਬਾਬਿਆਂ ਵਜੋਂ ਜਾਣਦਾ ਹੈ।

ਇਨ੍ਹਾਂ ਗਦਰੀ ਬਾਬਿਆਂ ਦੇ ਮੋਹਰੀ ਸਨ ਬਾਬਾ ਸੋਹਣ ਸਿੰਘ ਭਕਨਾ।

ਸੋਹਣ ਸਿੰਘ ਭਕਨਾ ਦਾ ਜਨਮ ਭਾਵੇਂ ਉਨ੍ਹਾਂ ਦੇ ਨਾਨਕੇ ਪਿੰਡ ਖਤਰਾਏ ਖੁਰਦ ਵਿੱਚ 1870 ਨੂੰ ਹੋਇਆ ਸੀ ਪਰ ਭਕਨਾ ਹੀ ਉਹ ਪਿੰਡ ਹੈ, ਜਿੱਥੋਂ ਦੀ ਧਰਮਸ਼ਾਲਾ ਵਿੱਚ ਉਨ੍ਹਾਂ ਨੇ ਮੁੱਢਲੀ ਪੜ੍ਹਾਈ ਹਾਸਲ ਕੀਤੀ।

ਇੱਥੇ ਹੀ ਉਨ੍ਹਾਂ ਨੂੰ ਪੱਗੜੀ ਸੰਭਾਲ ਜੱਟਾ ਅਤੇ ਕੂਕਾ ਲਹਿਰ ਵਰਗੀਆਂ ਲਹਿਰਾਂ ਤੋਂ ਵਿਚਾਰਧਾਰਕ ਚਿਣਗ ਲੱਗੀ।

ਪਿੰਡ ਭਕਨਾ ਉਹੀ ਧਰਤੀ ਹੈ, ਜਿੱਥੋਂ ਉਨ੍ਹਾਂ ਨੇ ਹਿੰਦੋਸਤਾਨ ਦੀ ਆਜ਼ਾਦੀ ਦੇ ਸੁਪਨੇ ਨੂੰ ਜੰਮਣ ਤੋਂ ਪਹਿਲਾਂ ਹੀ ਜਨਮ ਦੇ ਦਿੱਤਾ ਸੀ। ਪਿੰਡ ਦੇ ਬਜ਼ੁਰਗ ਅੱਜ ਵੀ ਬਾਬਾ ਭਕਨਾ ਦੀਆਂ ਯਾਦਾਂ ਨੂੰ ਆਪਣੇ ਦਿਲਾਂ ਵਿੱਚ ਸੰਭਾਲੀ ਬੈਠੇ ਹਨ।

ਕੂਕਾ ਲਹਿਰ ਤੋਂ ਕਿਵੇਂ ਪ੍ਰਭਾਵਿਤ ਹੋਏ

ਪਿੰਡ ਦੇ ਬਜ਼ੁਰਗ ਬਲਬੀਰ ਸਿੰਘ ਨੂੰ ਬਾਬਾ ਸੋਹਣ ਸਿੰਘ ਭਕਨਾ ਦੇ ਨਾਲ ਹੋਈਆਂ ਗੱਲਬਾਤਾਂ ਅਜੇ ਤੱਕ ਯਾਦ ਹਨ।

ਉਹ ਦੱਸਦੇ ਹਨ ਕਿ ਸੋਹਣ ਸਿੰਘ ਭਕਨਾ ਇੱਕ ਵਾਰ ਪਿੰਡ ਦੇ ਕੋਲ ਕੂਕਾ ਲਹਿਰ ਦੇ ਦੀਵਾਨ ਵਿੱਚ ਸ਼ਿਰਕਤ ਕਰਨ ਲਈ ਗਏ ਸਨ, ਉਥੋਂ ਉਹ ਇੰਨੇ ਪ੍ਰਭਾਵਿਤ ਹੋਏ ਕਿ ਪਿੰਡ ਵਾਪਸ ਆ ਕੇ ਉਨ੍ਹਾਂ ਨੇ ਦੀਵਾਨ ਲਾਉਣੇ ਸ਼ੁਰੂ ਕਰ ਦਿੱਤੇ।

ਇੱਕ ਸਾਲ ਦੀ ਉਮਰ ਵਿੱਚ ਹੀ ਪਿਤਾ ਦਾ ਸਹਾਰਾ ਸਿਰ ਤੋਂ ਉਠ ਗਿਆ ਸੀ। ਜ਼ਿਆਦਾ ਪੜ੍ਹਨਾ ਨਸੀਬ ਨਹੀਂ ਹੋਇਆ ਤੇ ਛੋਟੀ ਉਮਰ ਵਿੱਚ ਹੀ ਵਿਆਹ ਹੋ ਗਿਆ।

ਘਰ ਦੇ ਮਾੜੇ ਹਾਲਾਤ ਤੇ ਗੁਰਬਤ ਰੋਜ਼ੀ ਰੋਟੀ ਲਈ ਅਮਰੀਕਾ ਲੈ ਗਈ। ਸੋਹਣ ਸਿੰਘ ਭਕਨਾ ਨੇ ਉਥੇ ਜਾ ਕੇ ਲੱਕੜ ਦੇ ਆਰਿਆਂ ’ਤੇ ਕੰਮ ਕੀਤਾ।

ਪਰਵਾਸੀ ਕਾਮਿਆਂ ਨਾਲ ਹੁੰਦੇ ਮਤਭੇਦ ਦੇ ਰੋਹ ਵਿੱਚੋਂ ਫਿਰ ਹਿੰਦੋਸਤਾਨ ਐਸੋਸੀਏਸ਼ਨ ਆਫ ਪੈਸੇਫਿਕ ਕੋਸਟ ਜਥੇਬੰਦੀ ਨਿਕਲੀ।

ਗ਼ਦਰ ਪਾਰਟੀ ਦੀ ਸਥਾਪਨਾ

ਬਾਬਾ ਸੋਹਣ ਸਿੰਘ ਦੀ ਮਾਲੀ ਹਾਲਾਤ ਬਾਰੇ ਉਹਨਾਂ ਦੇ ਸਮਕਾਲੀ ਬਲਬੀਰ ਸਿੰਘ ਨੇ ਦੱਸਿਆ ਕਿ ਬਾਬਾ ਸੋਹਣ ਸਿੰਘ ਦੀ ਜ਼ਮੀਨ ਗਹਿਣੇ ਪਈ ਸੀ। ਉਹ ਦਿਨ ਬ ਦਿਨ ਕਰਜ਼ਾਈ ਹੁੰਦੇ ਜਾ ਰਹੇ ਸਨ।

ਇਸ ਤੋਂ ਬਾਹਰ ਨਿਕਲਣ ਲਈ ਉਨ੍ਹਾਂ ਨੇ ਅਮਰੀਕਾ ਜਾਣ ਬਾਰੇ ਸੋਚਿਆ ਲਿਆ ਸੀ।

ਅਮਰੀਕਾ ਜਾ ਕੇ ਉਨ੍ਹਾਂ ਨੂੰ ਲੱਕੜ ਦੇ ਆਰਿਆਂ ’ਤੇ ਕੰਮ ਮਿਲਿਆ। ਇਹ ਕੰਮ ਉਨ੍ਹਾਂ ਨੇ ਕੁਝ ਸਮਾਂ ਕੀਤਾ ਪਰ ਇਹ ਕੰਮ ਬਹੁਤ ਔਖਾ ਸੀ। ਇਥੇ ਉਨ੍ਹਾਂ ਨੂੰ ਅੱਠ ਘੰਟੇ ਤੋਂ ਜ਼ਿਆਦਾ ਕੰਮ ਕਰਨਾ ਪੈਂਦਾ ਸੀ।

ਬਲਬੀਰ ਸਿੰਘ ਕਹਿੰਦੇ ਹਨ ਕਿ ਸੋਹਣ ਸਿੰਘ ਦੇ ਪਰਿਵਾਰ ਕੋਲ ਚੰਗੀ ਖਾਸੀ ਜ਼ਮੀਨ ਜਾਇਦਾਦ ਹੁੰਦੀ ਸੀ ਪਰ ਸਮੇਂ ਦੇ ਚੱਕਰਾਂ ਕਾਰਨ ਸੋਹਣ ਸਿੰਘ ਉਹ ਜ਼ਮੀਨ ਜਾਇਦਾਦ ਨੂੰ ਜ਼ਿਆਦਾਤਰ ਸੰਭਾਲ ਨਹੀਂ ਸਕੇ।

ਸੋਹਣ ਸਿੰਘ ਆਪਣੀ ਗੁਰਬਤ ਭਰੀ ਜ਼ਿੰਦਗੀ ਕਾਰਨ ਰੋਜ਼ੀ ਰੋਟੀ ਦੇ ਚੱਕਰ ਵਿੱਚ ਹੀ ਅਮਰੀਕਾ ਗਏ ਸਨ।

ਅਮਰੀਕਾ ਵਿੱਚ ਉਥੋਂ ਦੇ ਵਸਨੀਕਾਂ ਨੇ ਸੋਹਣ ਸਿੰਘ ਭਕਨਾ ਨੂੰ ਟਿਚਰ ਕੀਤੀ ਕਿ ਤੁਹਾਡਾ 35 ਕਰੋੜ ਦੀ ਜਨਸੰਖਿਆ ਵਾਲਾ ਮੁਲਕ ਹੈ ਤੇ ਤੁਸੀਂ ਕੁਝ ਕੁ ਗੋਰਿਆਂ ਦੇ ਥੱਲੇ ਲੱਗ ਕੇ ਭੇਡਾਂ ਵਰਗੇ ਹੋ ਗਏ ਹੋ।

ਸੋਹਣ ਸਿੰਘ ਭਕਨਾ ਨੂੰ ਅਮਰੀਕਾ ਦੇ ਲੋਕਾਂ ਦੀ ਇਹ ਗੱਲ ਬਹੁਤ ਚੁੱਭੀ।

ਫਿਰ ਕੀ ਸੀ, ਸੋਹਣ ਸਿੰਘ ਭਕਨਾ ਨੇ ਗਦਰ ਪਾਰਟੀ ਦੀ ਸਥਾਪਨਾ ਕੀਤੀ। ਇਸ ਵਿੱਚ ਅਮਰੀਕਾ ਰਹਿ ਰਹੇ ਬਹੁਤ ਸਾਰੇ ਹਿੰਦੋਸਤਾਨੀਆਂ ਨੇ ਆਪਣਾ ਯੋਗਦਾਨ ਪਾਇਆ।

ਅਮਰੀਕਾ ਵਿੱਚ ਪੰਜਾਬੀ ਮਜ਼ਦੂਰਾਂ ਦੀ ਦੁਰਦਸ਼ਾ ਦੇਖਦੇ ਹੋਏ, ਉਨ੍ਹਾਂ ਨੇ ਹਿੰਦੋਸਤਾਨ ਦੀ ਆਜ਼ਾਦੀ ਲਈ ਇੱਕ ਨਵਾਂ ਜੁਝਾਰੂ ਮਾਰਗ ਪਸੰਦ ਕੀਤਾ।

ਇਸ ਤਰ੍ਹਾਂ ‘ਗ਼ਦਰ ਪਾਰਟੀ’ ਦਾ ਜਨਮ ਹੋਇਆ। ਅਮਰੀਕਾ ਦੇ ਸਟਾਕਟਨ ਸ਼ਹਿਰ ਵਿੱਚ 1913 ਵਿੱਚ ‘ਗ਼ਦਰ ਪਾਰਟੀ’ ਦੀ ਸਥਾਪਨਾ ਕੀਤੀ ਗਈ।

ਇਸ ਜਥੇਬੰਦੀ ਦਾ ਮੁੱਖ ਉਦੇਸ਼ ਸਿਰਫ ਆਜ਼ਾਦੀ ਨਹੀਂ ਸੀ ਸਗੋਂ ਭਾਰਤੀ ਲੋਕਾਂ ਵਿੱਚ ਇਕਜੁੱਟਤਾ ਅਤੇ ਖੁਦਮੁਖਤਿਆਰੀ ਦੀ ਭਾਵਨਾ ਪੈਦਾ ਕਰਨਾ ਸੀ।

ਸੋਹਨ ਸਿੰਘ ਭਕਨਾ ਦੀ ਕੋਲਕਾਤਾ ਵਿੱਚ ਗ੍ਰਿਫ਼ਤਾਰੀ

ਗ਼ਦਰ ਕਰਨ ਲਈ ਹਿੰਦੋਸਤਾਨ ਪਹੁੰਚੇ ਸੋਹਣ ਸਿੰਘ ਭਕਨਾ ਨੂੰ 13 ਅਕਤੂਬਰ 1914 ਵਾਲੇ ਦਿਨ ਕੋਲਕਾਤਾ ਵਿੱਚ ਗ੍ਰਿਫ਼ਤਾਰ ਕੀਤਾ ਗਿਆ।

ਉਨ੍ਹਾਂ ਨੇ 1930 ਤੱਕ ਜੇਲ੍ਹਾਂ ਵਿੱਚ ਲੰਬਾ ਤਸ਼ੱਦਦ ਝੱਲਿਆ। ਇਸ ਤੋਂ ਬਾਅਦ ਉਹ ਵਾਪਸ ਪਿੰਡ ਭਕਨਾ ਪਰਤੇ।

ਬਾਬਾ ਸੋਹਣ ਸਿੰਘ ਭਕਨਾ ਦੇ ਰਿਸ਼ਤੇਦਾਰ ਚੰਚਲ ਸਿੰਘ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕਰਦੇ ਹੋਏ ਦੱਸਦੇ ਹਨ ਕਿ ਬਾਬਾ ਸੋਹਣ ਸਿੰਘ ਨੇ ਦੇਸ਼ ਦੀ ਆਜ਼ਾਦੀ ਲਈ ਕਈ ਅਹਿਮ ਗੱਲਾਂ ਉਨ੍ਹਾਂ ਨਾਲ ਸਾਂਝੀਆਂ ਕੀਤੀਆਂ ਸਨ।

ਚੰਚਲ ਸਿੰਘ ਕਹਿੰਦੇ ਹਨ ਕਿ ਸੋਹਣ ਸਿੰਘ ਨੇ ਦੱਸਿਆ ਸੀ ਕਿ ਉਹ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਅਮਰੀਕਾ ਤੋਂ ਜਦੋਂ ਤੁਰੇ ਸਨ ਤਾਂ ਉਨ੍ਹਾਂ ਕੋਲ ਕਾਫੀ ਸਾਰੇ ਹਥਿਆਰ ਵੀ ਸਨ ਪਰ ਉਨ੍ਹਾਂ ਦੀ ਮੁਖਬਰੀ ਹੋ ਗਈ।

ਕੋਲਕਾਤਾ ਪਹੁੰਚਣ ’ਤੇ ਉਨ੍ਹਾਂ ਉੱਤੇ ਗੋਲਾਬਾਰੀ ਕੀਤੀ ਗਈ। ਇਸ ਵਿੱਚ ਉਨ੍ਹਾਂ ਦੇ 19 ਸਾਥੀ ਮਾਰੇ ਗਏ ਅਤੇ ਜਿਹੜੇ ਬਚ ਗਏ ਉਨ੍ਹਾਂ ਨੂੰ ਗ੍ਰਿਫਤਾਰ ਕਰਕੇ ਕਾਲਾ ਪਾਣੀ ਭੇਜ ਦਿੱਤਾ ਗਿਆ ਸੀ।

ਪਿੰਡ ਦੇ ਸਕੂਲ ਲਈ ਜ਼ਮੀਨ ਦਾਨ ਕੀਤੀ

ਪਿੰਡ ਦੀਆਂ ਗਲੀਆਂ-ਕੂਚਿਆਂ ਵਿੱਚ ਸੋਹਣ ਸਿੰਘ ਭਕਨਾ ਦੀਆਂ ਯਾਦਾਂ ਹਨ। ਪਿੰਡ ਦਾ ਸਕੂਲ ਵੀ ਉਨ੍ਹਾਂ ਵੱਲੋਂ ਦਾਨ ਕੀਤੀ ਜ਼ਮੀਨ ਉੱਤੇ ਬਣਿਆ ਹੈ।

ਡਾਕਟਰ ਭੁਪਿੰਦਰ ਸਿੰਘ ਭਕਨਾ ਦੇ ਜਮਪਲ ਹਨ। ਉਨ੍ਹਾਂ ਨੇ ਬਾਬਾ ਸੋਹਣ ਸਿੰਘ ਭਕਨਾ ਸਰਕਾਰੀ ਸਕੂਲ ਵਿੱਚ ਪੜ੍ਹਾਈ ਕਰਨ ਤੋਂ ਬਾਅਦ ਆਪਣੀ ਉਚੇਰੀ ਸਿੱਖਿਆ ਹਾਸਲ ਕੀਤੀ।

ਉਹ ਅੱਜ ਇਸੇ ਸਕੂਲ ਵਿੱਚ ਲੈਕਚਰਾਰ ਹਨ।

ਭੁਪਿੰਦਰ ਸਿੰਘ ਨੇ ਦੱਸਿਆ ਕਿ ਬਾਬਾ ਸੋਹਣ ਸਿੰਘ ਭਕਨਾ ਨੇ ਆਪਣੀ ਜ਼ਮੀਨ ਦਾ ਬਹੁਤ ਵੱਡਾ ਹਿੱਸਾ ਸਕੂਲ ਨੂੰ ਦਾਨ ਵਿੱਚ ਦਿੱਤਾ ਸੀ।

ਉਹ ਖਾਸਕਰ ਲੜਕੀਆਂ ਦੀ ਪੜ੍ਹਾਈ ਉੱਤੇ ਜ਼ਿਆਦਾ ਜ਼ੋਰ ਦਿੰਦੇ ਸਨ।

ਕਿਸਾਨਾਂ-ਮਜ਼ਦੂਰਾਂ ਲਈ ਸੰਘਰਸ਼

ਭਾਰਤ ਨੂੰ ਆਜ਼ਾਦੀ ਤਾਂ 15 ਅਗਸਤ 1947 ਵਿੱਚ ਮਿਲ ਗਈ ਸੀ ਪਰ ਸੋਹਣ ਸਿੰਘ ਭਕਨਾ ਦਾ ਕਿਸਾਨਾਂ ਤੇ ਮਜ਼ਦੂਰਾਂ ਦੇ ਹੱਕਾਂ ਲਈ ਸੰਘਰਸ਼ ਉਨ੍ਹਾਂ ਦੇ ਅਖੀਰ ਤੱਕ ਜਾਰੀ ਰਿਹਾ।

ਉਨ੍ਹਾਂ ਦੀ ਮੌਤ 21 ਦਸੰਬਰ 1968 ਨੂੰ ਹੋ ਗਈ ਸੀ।

ਜਸਬੀਰ ਸਿੰਘ ਗਿੱਲ ਬਾਬਾ ਸੋਹਣ ਸਿੰਘ ਦੇ ਰਿਸ਼ਤੇਦਾਰ ਹਨ ਅਤੇ ਉਹ ਉਨ੍ਹਾਂ ਦੀਆਂ ਯਾਦਾਂ ਨੂੰ ਆਪਣੇ ਘਰ ਵਿੱਚ ਸੰਜੋਏ ਬੈਠੇ ਹਨ।

ਉਨ੍ਹਾਂ ਨੂੰ ਇਸ ਗੱਲ ਦਾ ਮਲਾਲ ਹੈ ਕਿ ਉਹ ਆਪਣੇ ਵਡੇਰੇ ਬਾਬਾ ਸੋਹਣ ਸਿੰਘ ਭਕਨਾ ਦੇ ਦਰਸ਼ਨ ਨਹੀਂ ਕਰ ਸਕੇ।

ਪਰ ਉਨ੍ਹਾਂ ਨੂੰ ਇਸ ਗੱਲ ਦੀ ਖੁਸ਼ੀ ਵੀ ਹੈ ਕਿ ਉਹ ਸਕੂਲ ਰਾਹੀਂ ਉਨ੍ਹਾਂ ਦੀਆਂ ਸਿੱਖਿਆਵਾਂ ਅੱਗੇ ਬੱਚਿਆਂ ਤੱਕ ਪਹੁੰਚਾਅ ਰਹੇ ਹਨ।

ਜਸਬੀਰ ਸਿੰਘ ਬੜੇ ਮਾਣ ਨਾਲ ਦੱਸਦੇ ਹਨ ਕਿ ਬਾਬਾ ਜੀ ਨੇ ਦੇਸ਼ ਲਈ ਜੋ ਕੀਤਾ, ਉਸ ਨਾਲ ਆਉਣ ਵਾਲੇ ਭਵਿੱਖ ਵਿੱਚ ਨਵੀਂ ਪੀੜ੍ਹੀ ਨੂੰ ਸਮਾਜਿਕ ਬੁਰਾਈਆਂ ਤੋਂ ਦੂਰ ਰੱਖਿਆ ਜਾਵੇਗਾ। ਉਹ ਦੇਸ਼ ਭਗਤੀ ਦੀ ਭਾਵਨਾ ਨੂੰ ਜ਼ਿੰਦਾ ਦੇਖਣਾ ਚਾਹੁੰਦੇ ਸਨ। ਇਸ ਲਈ ਉਨ੍ਹਾਂ ਨੇ ਜਨਤਾ ਹਾਈ ਸਕੂਲ ਖੁੱਲ੍ਹਵਾਇਆ।

ਉਨ੍ਹਾਂ ਨੇ ਦੱਸਿਆ ਕਿ ਪਿੰਡ ਦੇ ਸਕੂਲ ਦੇ ਨਾਲ ਹੀ ਹਰ ਸਾਲ ਉਨ੍ਹਾਂ ਦੇ ਜਨਮ ਦਿਨ ਅਤੇ ਬਰਸੀ ਮੌਕੇ ਮੇਲੇ ਲੱਗਦੇ ਹਨ।

ਬਾਬਾ ਸੋਹਣਸਿੰਘ ਭਕਨਾ ਦੀ ਵਿਰਾਸਤ ਇਸ ਪਿੰਡ ਦੀ ਰਗ-ਰਗ ਵਿੱਚ ਰਚੀ-ਵਸੀ ਹੋਈ ਹੈ। ਪਿੰਡ ਭਕਨਾ ਦੀ ਮਿੱਟੀ ਵਿੱਚੋਂ ਅੱਜ ਵੀ ਸੋਹਣ ਸਿੰਘ ਭਕਨਾ ਦੀ ਸਮਾਜ ਦੇ ਹਰ ਪਾੜੇ ਨੂੰ ਪੂਰਨ ਵਾਲੀ ਵਿਚਾਰਧਾਰਾ ਦੀ ਖੁਸ਼ਬੂ ਮਹਿਸੂਸ ਕੀਤੀ ਜਾ ਸਕਦੀ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)