ਗਦਰ ਦਾ ਦੇਹਾਂਤ: ਇਨਕਲਾਬੀ ਦਲਿਤ ਕਵੀ ਜਿਸ ਨੂੰ ਬੰਦੂਕ ਦੀਆਂ ਗੋਲੀਆਂ ਵੀ ‘ਝੁਕਾ ਨਹੀਂ ਸਕੀਆਂ’

    • ਲੇਖਕ, ਸ਼੍ਰੀਰਾਮ ਗੋਪੀਸ਼ੇੱਟੀ ਅਤੇ ਬਾਲਾ ਸਤੀਸ਼
    • ਰੋਲ, ਬੀਬੀਸੀ ਤੇਲੁਗੂ ਸੰਪਾਦਕ ਅਤੇ ਬੀਬੀਸੀ ਪੱਤਰਕਾਰ

ਮਸ਼ਹੂਰ ਤੇਲੁਗੂ ਗਾਇਕ ਗਦਰ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੇ ਹੈਦਰਾਬਾਦ ਦੇ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਦੌਰਾਨ ਆਖ਼ਰੀ ਸਾਹ ਲਏ। ਪ੍ਰਸ਼ੰਸਕ ਉਨ੍ਹਾਂ ਨੂੰ ਇੱਕ 'ਜੰਗੀ ਜਹਾਜ਼' ਵਜੋਂ ਯਾਦ ਕਰਦੇ ਹਨ।

ਗਦਰ ਦਾ ਅਸਲੀ ਨਾਮ ਗੁੱਮਡੀ ਵਿੱਠਲ ਰਾਓ ਸੀ ਤੇ ਉਨ੍ਹਾਂ ਨੂੰ ਵਿੱਠਲ ਰਾਓ ਗਦਰ ਦੇ ਨਾਮ ਨਾਲ ਵਧੇਰੇ ਜਾਣਿਆ ਜਾਂਦਾ ਸੀ।

ਉਨ੍ਹਾਂ ਦੇ ਪਰਿਵਾਰ 'ਚ ਉਨ੍ਹਾਂ ਦੇ ਪਤਨੀ ਵਿਮਲਾ, ਪੁੱਤਰ ਸੁਰਯੁਡੂ ਅਤੇ ਧੀ ਵੇਨੇਲਾ ਹਨ। ਉਨ੍ਹਾਂ ਦੇ ਇੱਕ ਹੋਰ ਪੁੱਤਰ ਦੀ ਮੌਤ ਹੋ ਗਈ ਸੀ।

ਉਨ੍ਹਾਂ ਦੇ ਦੇਹਾਂਤ 'ਤੇ ਕਾਂਗਰਸ, ਕੇਸੀਆਰ ਸਮੇਤ ਕਈ ਸਿਆਸੀ ਪਾਰਟੀਆਂ ਦੇ ਆਗੂਆਂ, ਫ਼ਿਲਮ ਕਲਾਕਾਰਾਂ ਅਤੇ ਆਮ ਲੋਕਾਂ ਨੇ ਦੁੱਖ ਪ੍ਰਗਟ ਕੀਤਾ ਹੈ।

ਸਾਲ 1948 ਵਿੱਚ ਅਣਵੰਡੇ ਆਂਧਰਾ ਪ੍ਰਦੇਸ਼ 'ਚ ਪੈਦਾ ਹੋਏ ਗਦਰ ਲੰਮੇ ਸਮੇਂ ਤੋਂ ਖੱਬੇ ਪੱਖੀ ਸਮਰਥਕ ਰਹੇ।

ਉਨ੍ਹਾਂ ਦੇ ਜੀਵਨ 'ਚ ਕਈ ਮੋੜ ਆਏ ਤੇ ਆਖਰੀ ਪੜਾਅ 'ਤੇ ਲੋਕਤੰਤਰੀ ਸਿਆਸਤਦਾਨ ਬਣਨ ਤੋਂ ਬਾਅਦ, ਉਨ੍ਹਾਂ ਨੇ ਵੱਖ-ਵੱਖ ਸਿਆਸੀ ਪਾਰਟੀਆਂ ਵਿੱਚ ਕੰਮ ਕੀਤਾ।

ਗਦਰ ਦੇ ਗੀਤਾਂ ਨੇ ਨਾ ਸਿਰਫ਼ ਖੱਬੇ ਪੱਖੀ ਅੰਦੋਲਨ, ਸਗੋਂ ਤੇਲੰਗਾਨਾ ਅੰਦੋਲਨ ਨੂੰ ਵੀ ਬਹੁਤ ਪ੍ਰਭਾਵਿਤ ਕੀਤਾ।

ਆਖਰੀ ਚਿਠੀ 'ਚ ਕੀ ਲਿਖਿਆ ਜੋ ਵਾਇਰਲ ਹੋ ਰਿਹਾ

ਗਦਰ ਨੇ ਹਸਪਤਾਲ 'ਚ ਇਲਾਜ ਦੌਰਾਨ ਹਾਲ ਹੀ ਵਿੱਚ ਇੱਕ ਖੁੱਲ੍ਹੀ ਚਿੱਠੀ ਲਿਖੀ ਸੀ, ਜਿਸ ਦੀ ਸੋਸ਼ਲ ਮੀਡੀਆ 'ਤੇ ਖੂਬ ਚਰਚਾ ਹੋ ਰਹੀ ਹੈ।

ਬੀਬੀਸੀ ਪੱਤਰਕਾਰ ਅਮਰੇਂਦਰ ਯਾਰਲਾਗੱਡਾ ਮੁਤਾਬਕ, ਉਨ੍ਹਾਂ ਨੇ ਇਹ ਚਿੱਠੀ 31 ਜੁਲਾਈ ਨੂੰ ਮੀਡੀਆ 'ਚ ਜਾਰੀ ਕੀਤੀ ਸੀ ਜਿਸ 'ਚ ਉਨ੍ਹਾਂ ਆਪਣੀ ਸਿਹਤ ਬਾਰੇ ਦੱਸਿਆ ਸੀ।

ਉਨ੍ਹਾਂ ਲਿਖਿਆ ਕਿ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ ਅਤੇ ਉਨ੍ਹਾਂ ਦੀ ਸਿਹਤ ਖ਼ਰਾਬ ਹੋ ਰਹੀ ਹੈ।

ਹਾਲਾਂਕਿ, ਇਹ ਚਿੱਠੀ ਲਿਖਣ ਦੇ ਛੇ ਦਿਨਾਂ ਦੇ ਅੰਦਰ ਹੀ ਉਨ੍ਹਾਂ ਦੀ ਮੌਤ ਹੋ ਗਈ।

ਚਿੱਠੀ ਵਿੱਚ ਉਨ੍ਹਾਂ ਲਿਖਿਆ:

“ਮੇਰਾ ਨਾਮ ਗੁੱਮਡੀ ਵਿੱਠਲ ਹੈ।

ਗਦਰ ਮੇਰੇ ਗੀਤ ਦਾ ਨਾਂ ਹੈ।

ਜ਼ਿੰਦਗੀ ਲਈ ਇੱਕ ਲੰਬੀ ਲੜਾਈ।

ਮੇਰੀ ਉਮਰ 76 ਸਾਲ ਹੈ।

ਮੇਰੀ ਰੀੜ੍ਹ ਦੀ ਹੱਡੀ ਵਿੱਚ ਲੱਗੀ ਗੋਲੀ 25 ਸਾਲ ਪੁਰਾਣੀ ਹੈ।

ਹਾਲ ਹੀ ਵਿੱਚ ਮੈਂ "ਸਾਡੀਆਂ ਜ਼ਮੀਨਾਂ ਸਾਡੀਆਂ ਹਨ" ਦੇ ਨਾਅਰੇ ਨਾਲ ਪੀਪਲਜ਼ ਮਾਰਚ ਵਿੱਚ ਹਿੱਸਾ ਲਿਆ ਸੀ।

ਮੇਰਾ ਨਾਮ ਲੋਕਾਂ ਦੇ ਦਿਲਾਂ ਦੀ ਧੜਕਣ ਹੈ। ਮੇਰਾ ਦਿਲ ਨੇ ਧੜਕਣਾ ਬੰਦ ਨਹੀਂ ਕੀਤਾ, ਪਰ ਕਿਸੇ ਕਾਰਨ ਦਿਲ ਨੂੰ ਸੱਟ ਲੱਗੀ ਹੈ।''

ਅੱਗੇ ਆਪਣੇ ਇਲਾਜ ਬਾਰੇ ਦੱਸਦਿਆਂ ਉਨ੍ਹਾਂ ਲਿਖਿਆ ਕਿ 'ਮੈਂ ਲੋਕਾਂ ਨੂੰ ਵਚਨ ਦਿੰਦਾ ਹਾਂ ਕਿ ਮੈਂ ਸਿਹਤਮੰਦ ਹੋ ਕੇ ਤੁਹਾਡੇ ਕੋਲ ਵਾਪਸ ਆਵਾਂਗਾ ਅਤੇ ਸੱਭਿਆਚਾਰਕ ਲਹਿਰ ਦੁਬਾਰਾ ਸ਼ੁਰੂ ਕਰਾਂਗਾ ਅਤੇ ਲੋਕਾਂ ਦਾ ਕਰਜ਼ਾ ਚੁਕਾਵਾਂਗਾ।''

ਬੈਂਕ ਦੀ ਨੌਕਰੀ ਛੱਡ ਕੇ ਇਨਕਲਾਬ ਵੱਲ

ਹਿੰਦੀ ਵਿੱਚ ਗਦਰ ਦਾ ਅਰਥ ਹੈ ਬਗਾਵਤ, ਫੌਜੀ ਤਖ਼ਤਾ ਪਲਟ। ਵਿੱਠਲ ਰਾਓ ਗਦਰ ਨੇ ਇਸ ਵਿਦਰੋਹ ਭਰੇ ਸ਼ਬਦ ਨੂੰ ਆਪਣੇ ਪੇਸ਼ੇਵਰ ਨਾਮ ਵਜੋਂ ਚੁਣਿਆ।

ਇਹ 1971 ਵਿੱਚ ਰਿਲੀਜ਼ ਹੋਈ ਉਨ੍ਹਾਂ ਦੀ ਪਹਿਲੀ ਐਲਬਮ ਦਾ ਵੀ ਨਾਮ ਹੈ।

ਉਨ੍ਹਾਂ ਦਾ ਜਨਮ ਇੱਕ ਦਲਿਤ ਪਰਿਵਾਰ 'ਚ ਹੋਇਆ ਸੀ ਅਤੇ ਉਨ੍ਹਾਂ ਨੇ ਇੰਜੀਨੀਅਰਿੰਗ ਦੀ ਪੜ੍ਹਾਈ ਕੀਤੀ ਸੀ।

ਇੰਜਨੀਅਰਿੰਗ ਤੋਂ ਬਾਅਦ ਕੁਝ ਸਮਾਂ ਉਨ੍ਹਾਂ ਨੇ ਕੈਨੇਰਾ ਬੈਂਕ ਦੇ ਮੁਲਾਜ਼ਮ ਵਜੋਂ ਵੀ ਕੰਮ ਕੀਤਾ। ਜਿਸ ਮਗਰੋਂ ਉਹ ਲਵਰਸ ਐਸੋਸੀਏਸ਼ਨ ਵਿੱਚ ਸ਼ਾਮਲ ਹੋ ਗਏ।

ਇਸ ਦੀ ਸਥਾਪਨਾ ਫਿਲਮ ਨਿਰਦੇਸ਼ਕ ਬੀ ਨਰਸਿੰਹਰਾਓ ਨੇ ਕੀਤੀ ਸੀ। ਇੱਥੋਂ ਹੀ ਗਦਰ ਨੁੱਕੜ ਨਾਟਕਾਂ ਰਾਹੀਂ ਜਾਗਰੂਕਤਾ ਫੈਲਾਉਣ ਦਾ ਕੰਮ ਕਰਨ ਲੱਗੇ।

ਇਸ ਮਗਰੋਂ ਉਨ੍ਹਾਂ ਨੇ ਨਕਸਲ ਸਿਆਸਤ 'ਚ ਵੀ ਪੈਰ ਧਰਨੇ ਸ਼ੁਰੂ ਕਰ ਦਿੱਤੇ। ਗਦਰ ਨੇ ਬੈਂਕ ਦੀ ਜੋ ਨੌਕਰੀ 1975 ਵਿੱਚ ਸ਼ੁਰੂ ਕੀਤੀ ਸੀ, ਉਸ ਨੂੰ 1984 ਵਿੱਚ ਛੱਡ ਵੀ ਦਿੱਤਾ।

ਉਹ ਜਨ ਨਾਟਯ ਮੰਡਲੀ ਦੇ ਸੰਸਥਾਪਕ ਮੈਂਬਰਾਂ ਵਿੱਚੋਂ ਸਨ। ਇਹ ਸੰਗਠਨ ਜਾਗਰੂਕਤਾ ਫੈਲਾਉਣ ਦਾ ਕੰਮ ਕਰਦਾ ਸੀ ਜੋ ਉਸ ਵੇਲੇ ਪੀਪਲਜ਼ ਵਾਰ ਗਰੁੱਪ ਨਾਲ ਜੁੜਿਆ ਹੋਇਆ ਸੀ।

ਨਕਸਲ ਅੰਦੋਲਨ ਨਾਲ ਜੁੜੇ ਹੋਣ ਕਾਰਨ ਹੀ ਗਦਰ ਨੂੰ ਕੁਝ ਸਮੇਂ ਲਈ ਭੂਮੀਗਤ ਵੀ ਹੋਣਾ ਪਿਆ ਸੀ।

ਗਦਰ ਦੇ ਗੀਤਾਂ ਦਾ ਅਸਰ

ਉਨ੍ਹਾਂ ਦਾ ਮੁੱਖ ਕੰਮ ਗੁਜਰਾਤ ਅਤੇ ਹੋਰ ਇਲਾਕਿਆਂ ਵਿੱਚ ਮਾਰਕਸਵਾਦੀ ਅਤੇ ਲੈਨਿਨਵਾਦੀ ਵਿਚਾਰਧਾਰਾ ਨਾਲ ਪ੍ਰੇਰਿਤ ਸੱਭਿਆਚਾਰ ਵਾਲੇ ਸੰਗਠਨਾਂ ਨੂੰ ਇੱਕਜੁਟ ਕਰਨਾ ਸੀ।

ਗਦਰ ਬਾਰੇ ਕਿਹਾ ਜਾਂਦਾ ਹੈ ਕਿ ਉਨ੍ਹਾਂ ਦੇ ਗੀਤਾਂ ਨਾਲ ਪ੍ਰੇਰਿਤ ਹੋ ਕੇ ਕਈ ਨੌਜਵਾਨਾਂ ਨੇ ਉਸ ਦੌਰ 'ਚ ਨਕਸਲ ਅੰਦੋਲਨ 'ਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਸੀ। ਇਸੇ ਕਾਰਨ ਹੀ ਉਨ੍ਹਾਂ ਨੂੰ ਜਨਤਾ ਦਾ ਜੰਗੀ ਜਹਾਜ਼ ਨਾਮ ਨਾਲ ਵੀ ਜਾਣਿਆ ਜਾਣ ਲੱਗਾ ਸੀ।

ਭੂਮੀਗਤ ਹੋਣ ਤੋਂ ਬਾਅਦ, 1990 ਦੇ ਦਹਾਕੇ 'ਚ ਉਹ ਮੁੜ ਸਾਹਮਣੇ ਆਏ। ਇਸ ਮਗਰੋਂ ਉਹ ਨਾਗਰਿਕ ਅਧਿਕਾਰਾਂ ਲਈ ਕੰਮ ਕਰਨ ਵਾਲੇ ਸੰਗਠਨਾਂ ਅਤੇ ਦੂਜੇ ਐਕਟੀਵਿਸਟ ਸਮੂਹਾਂ ਨਾਲ ਕੰਮ ਕਰਨ ਲੱਗੇ।

ਇਸੇ ਦੂਰ 'ਚ ਉਨ੍ਹਾਂ ਨੇ ਇੱਕ ਸਮਾਰੋਹ ਦੌਰਾਨ ਨਕਸਲਵਾੜੀ ਅੰਦੋਲਨ ਬਾਰੇ ਆਪਣੇ ਮਤਭੇਦ ਜਤਾਏ ਅਤੇ ਇਹ ਮਤਭੇਦ ਫਿਰ ਵਧਦੇ ਹੀ ਗਏ।

ਸਾਲ 1997 'ਚ ਕੁਝ ਅਣਪਛਾਤੇ ਲੋਕਾਂ ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ। ਇਸ ਹਮਲੇ 'ਚ ਗਦਰ ਦੀ ਜਾਨ ਤਾਂ ਬਚ ਗਈ ਪਰ ਇੱਕ ਗੋਲੀ ਉਨ੍ਹਾਂ ਦੇ ਸਰੀਰ 'ਚ ਹੀ ਫਸੀ ਰਹਿ ਗਈ ਅਤੇ ਮਰਦੇ ਦਮ ਤੱਕ ਇਹ ਉਨ੍ਹਾਂ ਦੇ ਸਰੀਰ 'ਚ ਹੀ ਰਹੀ।

ਨਾਗਰਿਕਾਂ ਦੇ ਅਧਿਕਾਰਾਂ ਲਈ ਕੰਮ ਕਰਨ ਵਾਲੇ ਸੰਗਠਨਾਂ ਨੇ ਇਸ ਹਮਲੇ ਦਾ ਇਲਜ਼ਾਮ ਪੁਲਿਸ 'ਤੇ ਲਗਾਇਆ ਸੀ।

ਉਨ੍ਹਾਂ ਦਾ ਗੀਤ ''ਪੋਸਦੂਸਥੁਨਾ ਪੋਦੂਮੀਦਾ ਨਾਡੂਸਥੂਨਾ ਕਾਲਮਾ'' ਤੇਲੰਗਾਨਾ ਅੰਦੋਲਨ ਦਾ ਮੁੱਖ ਗੀਤ ਬਣਿਆ।

ਫ਼ਿਲਮਾਂ 'ਚ ਵੀ ਆਏ ਨਜ਼ਰ

1980 ਦੇ ਦਹਾਕੇ ਵਿੱਚ ਗਦਰ ਫਿਲਮਾਂ ਵਿੱਚ ਵੀ ਨਜ਼ਰ ਆਏ। ਉਨ੍ਹਾਂ ਨੂੰ ਬੀ ਨਰਸਿੰਗਾ ਰਾਓ ਦੀ ਫਿਲਮ 'ਮਾ ਭੂਮੀ' 'ਚ ਗੀਤ ਬੰਦਨਾਕਾ ਬੰਦਿਕਾਟੀ ਗਾਉਂਦੇ ਹੋਏ ਦੇਖਿਆ ਜਾ ਸਕਦਾ ਹੈ।

ਨਰਸਿੰਗਾ ਰਾਓ ਨੇ ਹੀ ਗਦਰ ਨੂੰ ਹੱਲਾਸ਼ੇਰੀ ਦਿੱਤੀ। 1995 ਵਿੱਚ, ਗਦਰ ਨੇ ਆਰ ਨਰਾਇਣਮੂਰਤੀ ਦੁਆਰਾ ਨਿਰਦੇਸ਼ਤ ਫਿਲਮ ਓਰੀ ਰਿਕਸ਼ਾ ਵਿੱਚ ਪੁੱਟੂਮਚਨਈ ਚੇਲੰਮੋ ਗੀਤ ਲਿਖਿਆ।

ਇਸ ਗੀਤ ਲਈ ਉਨ੍ਹਾਂ ਨੂੰ ਨੰਦੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ, ਪਰ ਉਨ੍ਹਾਂ ਨੇ ਇਹ ਕਹਿੰਦੇ ਹੋਏ ਐਵਾਰਡ ਲੈਣ ਤੋਂ ਇਨਕਾਰ ਕਰ ਦਿੱਤਾ ਕਿ ਮੁਹਿੰਮ 'ਚ ਰਹਿੰਦੇ ਹੋਏ ਸਰਕਾਰੀ ਪੁਰਸਕਾਰ ਸਵੀਕਾਰ ਨਹੀਂ ਕੀਤੇ ਜਾਣੇ ਚਾਹੀਦੇ।

2009-2014 ਦੇ ਤੇਲੰਗਾਨਾ ਅੰਦੋਲਨ ਦੌਰਾਨ, ਗਦਰ ਦੇ ਗੀਤ "ਅੰਮਾ ਤੇਲੰਗਾਨਾਮਾ ਅਹੇਕੀ ਕੇਕਾਲਾ ਗਨਾਮਾ.." ਨੇ ਬਹੁਤ ਸਾਰੇ ਲੋਕਾਂ ਨੂੰ ਪ੍ਰਭਾਵਿਤ ਕੀਤਾ।

ਸਮੇਂ ਦੇ ਨਾਲ ਬਦਲਦੇ ਰਹੇ

ਜਨਤਕ ਜੀਵਨ ਵਿੱਚ ਗਦਰ ਕਈ ਸਿਆਸੀ ਪਾਰਟੀਆਂ ਦੇ ਮੰਚਾਂ ’ਤੇ ਨਜ਼ਰ ਆਏ। ਲੰਘੇ ਇੱਕ ਦਹਾਕੇ ਵਿੱਚ ਉਹ ਸੰਸਦੀ ਸਿਆਸਤ ਵੱਲ ਦੇਖ ਰਹੇ ਸਨ।

ਇਹ ਉਨ੍ਹਾਂ ਦੇ ਸ਼ੁਰੂਆਤ ਰੁਖ ਤੋਂ ਵੱਖਰੀ ਗੱਲ ਸੀ, ਉਨ੍ਹਾਂ ਦਿਨਾਂ ਵਿੱਚ ਉਹ ਚੋਣਾਂ ਦਾ ਬਾਈਕਾਟ ਕਰਨ ਦੀ ਗੱਲ ਕਰਦੇ ਹੁੰਦੇ ਸਨ।

ਜਦੋਂ ਗਦਰ ਪ੍ਰਜਾ ਪਾਰਟੀ ਹੋਂਦ ਵਿੱਚ ਆਈ ਤਾਂ ਲੰਮੇ ਸਮੇਂ ਤੋਂ ਲੋਕਤੰਤਰ ਵਿਰੋਧੀ ਸੰਘਰਸ਼ ਵਿੱਚ ਡਟੇ ਰਹੇ ਗਦਰ ਨੇ ਪਹਿਲੀ ਵਾਰ ਵੋਟ ਪਾਈ ਅਤੇ ਪਹਿਲੀ ਵਾਰ ਮੰਦਰ ਵਿੱਚ ਗਏ।

ਕੁਝ ਸਮਾਂ ਉਹ ਕਾਂਗਰਸ ਨਾਲ ਰਹੇ ਪਰ ਲਗਭਗ 2 ਮਹੀਨੇ ਪਹਿਲਾਂ ਅਚਾਨਕ ਉਨ੍ਹਾਂ ਨੇ ਐਲਾਨ ਕੀਤਾ ਕਿ ਉਹ ਇੱਕ ਨਵੀਂ ਪਾਰਟੀ ਬਣਾਉਣ ਜਾ ਰਹੇ ਹਨ ਜੋ ਨੌਜਵਾਨਾਂ ਨੂੰ ਜਾਗਰੂਕ ਕਰੇਗੀ।

ਲੰਘੇ ਇੱਕ ਮਹੀਨੇ ਤੋਂ ਬਿਮਾਰੀ ਕਾਰਨ ਕਈ ਵਾਰ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਾਉਣਾ ਪਿਆ। ਉਨ੍ਹਾਂ ਦੀ ਬਾਈਪਾਸ ਸਰਜਰੀ ਵੀ ਹੋਈ।

ਫੇਫੜਿਆਂ ਅਤੇ ਯੂਰਿਨ ਬਲੈਡਰ 'ਚ ਗੰਭੀਰ ਦਿੱਕਤ ਕਾਰਨ ਉਨ੍ਹਾਂ ਦਾ ਦੇਹਾਂਤ ਹੋ ਗਿਆ।

ਤੇਲੰਗਾਨਾ ਦੇ ਮੁੱਖ ਮੰਤਰੀ ਕੇਸੀਆਰ ਨੇ ਕਿਹਾ ਹੈ ਕਿ ਗਦਰ ਦਾ ਅੰਤਿਮ ਸੰਸਕਾਰ ਸਰਕਾਰੀ ਸਨਮਾਨਾਂ ਨਾਲ ਕੀਤਾ ਜਾਵੇਗਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)