ਜਦੋਂ ਕੋਈ ‘ਮਰ ਕੇ ਜ਼ਿੰਦਾ’ ਹੋ ਜਾਂਦਾ ਹੈ ਤਾਂ ਉਸ ਵਿਚਾਲੇ ਕੀ ਮਹਿਸੂਸ ਹੁੰਦਾ ਹੈ

ਮੌਤ ਅਤੇ ਜ਼ਿੰਦਗੀ

ਤਸਵੀਰ ਸਰੋਤ, Getty Images

    • ਲੇਖਕ, ਆਲਮੁੰਡੇਨਾ ਡੇ ਕਾਬੋ
    • ਰੋਲ, ਬੀਬੀਸੀ ਨਿਊਜ਼ ਵਰਲਡ

ਹਨੇਰਾ, ਦਰਦ ਦਾ ਅੰਤ, ਰੋਸ਼ਨੀ ਦੀ ਝਲਕ ਅਤੇ ਸ਼ਾਂਤੀ.. ਇਹ ਕੁਝ ਅਜਿਹੇ ਤੱਤ ਹਨ ਜੋ ਸਾਲਾਂ ਤੋਂ ਮੌਤ ਨੂੰ ਲੈ ਕੇ ਕੀਤੀ ਜਾ ਰਹੀ ਆਮ ਕਲਪਨਾ ਨੂੰ ਆਕਾਰ ਦਿੰਦੇ ਹਨ।

ਪਰ ਇੱਕ ਨਵੇਂ ਵਿਗਿਆਨਕ ਅਧਿਐਨ ਵਿੱਚ ਪਾਇਆ ਗਿਆ ਹੈ ਕਿ ਜਦੋਂ ਦਿਲ ਦੀ ਧੜਕਨ ਬੰਦ ਹੋ ਜਾਂਦੀ ਹੈ ਤਾਂ ਵੀ ਕਿਸੇ ਵਿਅਕਤੀ ਦੀ ਚੇਤਨਾ ਕੁਝ ਸਮੇਂ ਲਈ ਜਿਉਂਦੀ ਰਹਿੰਦੀ ਹੈ।

ਇਸ ਅਧਿਐਨ ਨੇ ਇਹ ਵੀ ਸਾਬਿਤ ਕੀਤਾ ਹੈ ਕਿ ਇਸ ਸਥਿਤੀ ਦੌਰਾਨ ਆਪਣੀ ਜ਼ਿੰਦਗੀ ਨੂੰ ਆਪਣੇ ਸਾਹਮਣੇ ਤੋਂ ਲੰਘਦੀ ਦੇਖਣਾ ਜਾਂ ਆਪਣੇ ਸਰੀਰ ਨੂੰ ਛੱਡਣ ਦੀ ਭਾਵਨਾ ਵਰਗੇ ਵੱਖੋ-ਵੱਖਰੇ ਅਨੁਭਵ ਹੁੰਦੇ ਹਨ।

ਇਹ ਇੱਕ ਤਰ੍ਹਾਂ ਦੇ ਸੁਪਨੇ ਜਾਂ ਭਰਮ ਵਰਗੇ ਨਹੀਂ ਹੁੰਦੇ ਹਨ ਅਤੇ ਸਾਡੀ ਸੋਚ ਤੋਂ ਕਿਤੇ ਜ਼ਿਆਦਾ ਅਸਲੀ ਹੁੰਦੇ ਹਨ।

ਮੌਤ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੰਕੇਤਕ ਤਸਵੀਰ

ਕਾਰਡੀਐਕ ਅਰੈਸਟ ਅਤੇ ਲੁਸਿਡ ਅਨੁਭਵ

ਨਿਊਯਾਰਕ ਯੂਨੀਵਰਸਿਟੀ ਦੇ ਗ੍ਰਾਸਮੈਨ ਸਕੂਲ ਆਫ਼ ਮੈਡੀਸਨ ਦੀ ਅਗਵਾਈ ਵਾਲੇ ਅਧਿਐਨ ਵਿੱਚ ਪਾਇਆ ਗਿਆ ਹੈ ਕਿ ਹਰ ਪੰਜ ਵਿੱਚੋਂ ਇੱਕ ਵਿਅਕਤੀ ਜੋ ਕਾਰਡੀਐਕ ਅਰੈਸਟ ਤੋਂ ਬਾਅਦ ਕਾਰਡੀਓਪਲਮਨਰੀ ਰੀਸਸੀਟੇਸ਼ਨ (ਸੀਪੀਆਰ) ਨਾਲ ਬਚ ਜਾਂਦਾ ਹੈ, ਉਹ ਲੁਸਿਡ ਅਨੁਭਵ ਭਾਵ ਮੌਤ ਦੇ ਸਪੱਸ਼ਟ ਅਨੁਭਵਾਂ ਬਾਰੇ ਦੱਸ ਸਕਦਾ ਹੈ।

ਸੀਪੀਆਰ ਇੱਕ ਪ੍ਰਕਾਰ ਦੀ ਮੁੱਢਲੀ ਸਹਾਇਤਾ ਹੁੰਦੀ ਹੈ ਜੋ ਕਿਸੇ ਨੂੰ ਦਿਲ ਦਾ ਦੌਰਾ ਪੈਣ ਜਾਂ ਅਚਾਨਕ ਦਿਲ ਦੀ ਧੜਕਨ ਰੁਕਣ ਸਮੇਂ ਦਿੱਤੀ ਜਾਂਦੀ ਹੈ।

ਕਾਰਡੀਐਕ ਅਰੈਸਟ

ਤਸਵੀਰ ਸਰੋਤ, Getty Images

ਬੀਬੀਸੀ ਮੁੰਡੋ ਵਿੱਚ ਪੇਸ਼ ਕੀਤੇ ਗਏ ਇਸ ਅਧਿਐਨ ਦੇ ਨਿਰਦੇਸ਼ਕ ਸੈਮ ਪਾਰਨੀਆ ਦੱਸਦੇ ਹਨ, "ਪੂਰੇ ਇਤਿਹਾਸ ਵਿੱਚ ਅਸੀਂ ਮੌਤ ਨੂੰ ਇਸ ਤਰ੍ਹਾਂ ਦੇਖਦੇ ਹਾਂ ਕਿ ਜੀਵਨ ਅਤੇ ਮੌਤ ਵਿਚਕਾਰ ਇੱਕ ਰੇਖਾ ਹੈ ਅਤੇ ਇੱਕ ਵਾਰ ਇਸ ਨੂੰ ਪਾਰ ਕਰ ਲਿਆ ਗਿਆ ਤਾਂ ਕੋਈ ਵਾਪਸ ਨਹੀਂ ਆ ਸਕਦਾ।''

"ਪਿਛਲੇ 60 ਸਾਲਾਂ ਵਿੱਚ, ਇਸ ਇੱਕ ਗੱਲ 'ਤੇ ਕਈ ਵਾਰ ਸਵਾਲ ਖੜ੍ਹੇ ਹੋਏ ਹਨ ਕਿਉਂਕਿ ਸੀਪੀਆਰ ਦੀ ਖੋਜ ਨੇ ਕੁਝ ਲੋਕਾਂ ਨੂੰ, ਜੋ ਜੀਵ-ਵਿਗਿਆਨ ਦੇ ਦ੍ਰਿਸ਼ਟੀਕੋਣ ਤੋਂ ਮਰ ਗਏ ਸਨ, ਇਸ ਜੀਵਨ ਵਿੱਚ ਵਾਪਸ ਲਿਆਉਣਾ ਸੰਭਵ ਬਣਾਇਆ ਹੈ।"

"ਅਜਿਹੇ ਲੋਕ 60 ਸਾਲਾਂ ਤੋਂ ਆਪਣੇ ਇਨ੍ਹਾਂ ਤਜਰਬਿਆਂ ਦੀ ਰਿਪੋਰਟ ਕਰ ਰਹੇ ਹਨ ਅਤੇ ਦੁਨੀਆਂ ਭਰ ਵਿੱਚ ਅਜਿਹੇ ਲੱਖਾਂ ਲੋਕ ਹਨ ਜਿਨ੍ਹਾਂ ਨੇ ਇੱਕੋ-ਜਿਹੇ ਤਜਰਬਿਆਂ ਬਾਰੇ ਦੱਸਿਆ ਹੈ।"

ਅਧਿਐਨ ਲਈ ਡੇਟਾ ਇਕੱਠਾ ਕਰਨਾ ਇੱਕ ਚੁਣੌਤੀ

ਹਾਲਾਂਕਿ, ਸਾਲਾਂ ਤੋਂ ਇਨ੍ਹਾਂ ਤਜ਼ਰਬਿਆਂ ਨੂੰ ਆਮ ਤੌਰ 'ਤੇ ਹੋਣ ਵਾਲਾ ਵਹਿਮ ਜਾਂ ਦਿਮਾਗ ਦੀਆਂ ਖੇਡਾਂ ਜਾਂ ਦਵਾਈਆਂ ਦੇ ਅਸਰ ਵਜੋਂ ਕਹਿ ਕੇ ਖਾਰਜ ਕਰ ਦਿੱਤਾ ਗਿਆ ਸੀ।

ਪਰ ਇਸ ਅਧਿਐਨ ਨੇ ਹੁਣ ਅਜਿਹੀਆਂ ਸਾਰੀਆਂ ਗੱਲਾਂ ਨੂੰ ਗਲਤ ਸਾਬਿਤ ਕਰ ਦਿੱਤਾ ਹੈ।

ਖੋਜਕਰਤਾਵਾਂ ਨੇ ਸੰਯੁਕਤ ਰਾਜ ਅਤੇ ਯੂਨਾਈਟਿਡ ਕਿੰਗਡਮ ਵਿੱਚ ਮਈ 2017 ਅਤੇ ਮਾਰਚ 2020 ਦੇ ਵਿਚਕਾਰ ਹਸਪਤਾਲ ਵਿੱਚ ਦਾਖਲ ਹੋਣ ਵਾਲੇ 567 ਲੋਕਾਂ ਦਾ ਅਧਿਐਨ ਕੀਤਾ।

ਮੌਤ

ਤਸਵੀਰ ਸਰੋਤ, Getty Images

ਇਨ੍ਹਾਂ ਸਾਰਿਆਂ ਨੂੰ ਕਾਰਡੀਐਕ ਅਰੈਸਟ ਆਇਆ ਸੀ, ਭਾਵ ਇਨ੍ਹਾਂ ਦੇ ਦਿਲ ਨੇ ਅਚਾਨਕ ਕੰਮ ਕਰਨਾ ਬੰਦ ਕਰ ਦਿੱਤਾ ਸੀ ਅਤੇ ਇਨ੍ਹਾਂ ਨੂੰ ਸੀਪੀਆਰ ਦਿੱਤਾ ਗਿਆ ਸੀ। ਇਨ੍ਹਾਂ ਲੋਕਾਂ ਵਿੱਚੋਂ 10 ਫੀਸਦੀ ਤੋਂ ਵੀ ਘੱਟ ਲੋਕ ਜਿਉਂਦੇ ਬਚੇ ਸਨ।

ਅਧਿਐਨ ਬਾਰੇ ਗੱਲ ਕਰਦਿਆਂ ਡਾਕਟਰ ਪਾਰਨੀਆ ਕਹਿੰਦੇ ਹਨ, "ਤੁਹਾਨੂੰ ਇਹ ਸਮਝਣਾ ਪਏਗਾ ਕਿ ਕਾਰਡੀਐਕ ਅਰੈਸਟ ਦਿਲ ਦੀ ਸਮੱਸਿਆ ਨਹੀਂ ਹੈ। ਇਹ ਮੌਤ ਨੂੰ ਦਰਸਾਉਣ ਲਈ ਸਿਰਫ਼ ਇੱਕ ਡਾਕਟਰੀ ਸ਼ਬਦ ਹੈ।''

ਇਹ ਅਧਿਐਨ ਪੂਰੇ ਪ੍ਰਕਾਸ਼ਨ ਲਈ ਸਮੀਖਿਆ ਪੜਾਅ ਵਿੱਚ ਹੈ ਅਤੇ ਉਸ ਦੇ ਅਗਲੇ ਸਾਲ ਪ੍ਰਕਾਸ਼ਿਤ ਹੋਣ ਦੀ ਉਮੀਦ ਹੈ।

ਇਸ ਅਧਿਐਨ ਦੌਰਾਨ ਅਧਿਐਨਕਰਤਾਵਾਂ ਵਲੋਂ ਲੋਕਾਂ ਦੇ ਦਿਮਾਗ ਨੂੰ ਵੱਖ-ਵੱਖ ਤਰੀਕਿਆਂ ਨਾਲ ਮਾਨੀਟਰ ਕੀਤਾ ਜਾਂਦਾ ਹੈ ਅਤੇ ਡਾਕਟਰਾਂ ਲਈ ਸਾਰੇ ਮੈਡੀਕਲ ਉਪਕਰਣਾਂ ਨੂੰ ਸਮੇਂ ਸਿਰ ਲਗਾਉਣਾ ਵੀ ਇੱਕ ਵੱਡੀ ਚੁਣੌਤੀ ਹੁੰਦਾ ਹੈ।

ਪਾਰਨੀਆ ਲੈਬ ਦੇ ਨਿਰਦੇਸ਼ਕ ਡਾਕਟਰ ਪਰਨੀਆ ਕਹਿੰਦੇ ਹਨ, "ਕਾਰਡੀਐਕ ਅਰੈਸਟ ਇੱਕ ਐਮਰਜੈਂਸੀ ਹੈ, ਇਹ ਬਿਨਾਂ ਕਿਸੇ ਚੇਤਾਵਨੀ ਦੇ ਬਹੁਤ ਅਚਾਨਕ ਵਾਪਰਦਾ ਹੈ।''

''ਆਮ ਤੌਰ 'ਤੇ ਟੀਮਾਂ ਨੂੰ 5 ਮਿੰਟਾਂ ਵਿੱਚ ਪਹੁੰਚਣਾ ਪੈਂਦਾ ਹੈ, ਐਮਰਜੈਂਸੀ ਦੇ ਵਿਚਕਾਰ ਹੀ ਉੱਥੇ ਪਹੁੰਚ ਕੇ ਸਾਰੇ ਉਪਕਰਣਾਂ ਨੂੰ ਚਾਲੂ ਕਰਨਾ ਹੁੰਦਾ ਹੈ, ਇਸ ਲਈ ਡੇਟਾ ਇਕੱਠਾ ਕਰਨਾ ਅਸਲ ਵਿੱਚ ਇੱਕ ਚੁਣੌਤੀ ਹੈ।''

ਲਾਈਨ
  • ਇੱਕ ਨਵੇਂ ਅਧਿਐਨ ਮੁਤਾਬਕ, ਕਿਸੇ ਦਾ ਦਿਲ ਅਚਾਨਕ ਕੰਮ ਕਰਨਾ ਬੰਦ ਕਰਨ ਤੋਂ ਬਾਅਦ ਵੀ ਕੁਝ ਸਮਾਂ ਉਨ੍ਹਾਂ ਦੀ ਚੇਤਨਾ ਜਿਉਂਦੀ ਰਹਿੰਦੀ ਹੈ
  • ਕਾਰਡੀਐਕ ਅਰੈਸਟ ਤੋਂ ਬਾਅਦ ਸੀਪੀਆਰ ਨਾਲ ਬਚੇ ਲੋਕਾਂ 'ਤੇ ਖੋਜਕਰਤਾਵਾਂ ਨੇ ਅਧਿਐਨ ਕੀਤਾ ਤੇ ਉਨ੍ਹਾਂ ਲੋਕਾਂ ਦੇ ਅਨੁਭਵ ਸਾਂਝੇ ਕੀਤੇ ਹਨ
  • ਕਈਆਂ ਮੁਤਾਬਕ, ਉਨ੍ਹਾਂ ਨੂੰ ਕਿਸੇ ਥਾਂ ਪਹੁੰਚਣ ਤੇ ਫਿਰ ਕਿਤੇ ਮੁੜ ਕੇ ਆਉਣ ਦਾ ਅਹਿਸਾਸ ਹੋਇਆ
  • ਕਈਆਂ ਨੇ ਦੱਸਿਆ ਕਿ ਉਨ੍ਹਾਂ ਦੇ ਸਾਹਮਣੇ ਉਨ੍ਹਾਂ ਦੀ ਪੂਰੀ ਜ਼ਿੰਦਗੀ ਘੁੰਮ ਗਈ
  • ਜਦਕਿ ਦੂਜਿਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਕਿਹਾ ਗਿਆ ਕਿ ਅਜੇ ਉਨ੍ਹਾਂ ਦਾ ਸਮਾਂ ਨਹੀਂ ਆਇਆ, ਇਸ ਲਈ ਉਨ੍ਹਾਂ ਨੂੰ ਵਾਪਸ ਜਾਣਾ ਪਵੇਗਾ
ਲਾਈਨ

ਮੌਤ ਤੋਂ ਬਾਅਦ ਦਿਮਾਗ ਵਿੱਚ ਗਤੀਵਿਧੀਆਂ

ਪਾਰਨੀਆ ਲੈਬ ਦੁਨੀਆਂ ਦੀ ਪਹਿਲੀ ਅਜਿਹੀ ਲੈਬ ਹੈ ਜੋ ਰੀਸਸੀਟੇਸ਼ਨ ਕੇਅਰ ਨੂੰ ਬਿਹਤਰ ਬਣਾਉਣ ਅਤੇ ਇਹ ਖੋਜ ਕਰਨ ਲਈ ਸਮਰਪਿਤ ਹੈ ਕਿ ਦਿਲ ਦੇ ਅਚਾਨਕ ਬੰਦ ਹੋਣ ਸਮੇਂ ਅਤੇ ਬਾਅਦ ਵਿੱਚ ਮਨੁੱਖੀ ਦਿਮਾਗ ਦਾ ਕੀ ਹੁੰਦਾ ਹੈ।

ਇਸ ਤੋਂ ਪਹਿਲਾਂ ਜਾਨਵਰਾਂ 'ਤੇ ਕੀਤੇ ਗਏ ਅਧਿਐਨਾਂ ਨੇ ਦਿਖਾਇਆ ਸੀ ਕਿ ਜਦੋਂ ਜਾਨਵਰ ਮਰਦੇ ਹਨ, ਤਾਂ ਮੌਤ ਤੋਂ ਤੁਰੰਤ ਬਾਅਦ ਉਨ੍ਹਾਂ ਦੇ ਦਿਮਾਗ ਵਿੱਚ ਗਤੀਵਿਧੀਆਂ ਵਿੱਚ ਵਾਧਾ ਹੁੰਦਾ ਹੈ।

ਦੂਜੇ ਪਾਸੇ, ਫਰਵਰੀ ਵਿੱਚ ਪੇਸ਼ ਕੀਤੇ ਗਏ ਇੱਕ ਹੋਰ ਅਧਿਐਨ ਵਿੱਚ ਇੱਕ ਔਰਤ ਦੀ ਮੌਤ ਦੇ ਸਮੇਂ ਵਿੱਚ ਦਿਮਾਗ ਦੀ ਗਤੀਵਿਧੀ ਦਾ ਵਿਸ਼ਲੇਸ਼ਣ ਕੀਤਾ ਗਿਆ ਅਤੇ ਉਸ ਵਿੱਚ ਅਚਾਨਕ ਵਾਧਾ ਦੇਖਿਆ ਗਿਆ।

ਮਹਿਲਾ ਦੇ ਦਿਮਾਗ ਦੀ ਜਿਸ ਗਤੀਵਿਧੀ ਵਿੱਚ ਵਾਧਾ ਹੋਇਆ ਸੀ, ਉਸ ਨੂੰ 'ਗਾਮਾ ਬ੍ਰੇਨ ਐਕਟੀਵਿਟੀ' ਵਜੋਂ ਜਾਣਿਆ ਜਾਂਦਾ ਹੈ।

ਇਹ ਉਹ ਕਿਰਿਆਸ਼ੀਲ ਤਰੰਗਾਂ ਹੁੰਦੀਆਂ ਹਨ, ਜੋ ਉਸ ਵੇਲੇ ਪੈਦਾ ਹੁੰਦੀਆਂ ਹਨ ਜਦੋਂ ਇੱਕ ਚੇਤੰਨ ਵਿਅਕਤੀ ਯਾਦਾਂ ਨੂੰ ਤਾਜ਼ਾ ਕਰਦਾ ਹੈ ਅਤੇ ਜਾਣਕਾਰੀ ਨੂੰ ਮਾਨਸਿਕ ਤੌਰ 'ਤੇ ਪ੍ਰੋਸੈਸ ਕਰਦਾ ਹੈ।

ਪਾਰਨੀਆ ਲੈਬ ਦੇ ਨਿਰਦੇਸ਼ਕ ਡਾਕਟਰ ਸੈਮ ਪਾਰਨੀਆ

ਤਸਵੀਰ ਸਰੋਤ, PARNIA LAB, NYU LANGONE HEALTH

ਤਸਵੀਰ ਕੈਪਸ਼ਨ, ਪਾਰਨੀਆ ਲੈਬ ਦੇ ਨਿਰਦੇਸ਼ਕ ਡਾਕਟਰ ਸੈਮ ਪਾਰਨੀਆ

ਡਾਕਟਰ ਸੈਮ ਪਾਰਨੀਆ ਦੀ ਟੀਮ ਇਸ ਸਬੰਧੀ ਦੋ ਸਵਾਲਾਂ ਦੇ ਜਵਾਬ ਦੇਣਾ ਚਾਹੁੰਦੀ ਸੀ।

ਇੱਕ ਇਹ ਕਿ ਉਨ੍ਹਾਂ ਲੋਕਾਂ ਦੇ ਕੀ ਅਨੁਭਵ ਹੁੰਦੇ ਹਨ ਜਦੋਂ ਜਿਨ੍ਹਾਂ ਦਾ ਦਿਲ ਧੜਕਣਾ ਬੰਦ ਕਰ ਦਿੰਦਾ ਹੈ ਅਤੇ ਉਹ ਮੁੜ ਸੁਰਜੀਤ ਹੋ ਜਾਂਦੇ ਹਨ।

ਅਤੇ ਦੂਜਾ ਇਹ ਕਿ ਜੇ ਕਿ ਕੀ ਅਜਿਹਾ ਅਨੁਭਵ ਕਰਨ ਵਾਲੇ ਲੋਕਾਂ ਦੇ ਦਾਅਵਿਆਂ ਦਾ ਸਮਰਥਨ ਕਰਦੇ ਦਿਮਾਗ ਦੇ ਮਾਰਕਰਾਂ (ਸੰਕੇਤਾਂ) ਨੂੰ ਲੱਭਣਾ ਸੰਭਵ ਹੈ।

ਡਾਕਟਰ ਪਾਰਨੀਆ ਅਨੁਸਾਰ, "ਕੁਝ ਲੋਕ ਸੁਪਨਿਆਂ ਬਾਰੇ ਗੱਲ ਕਰਨ ਲਈ 'ਮੌਤ ਨੇੜਲੇ ਅਨੁਭਵ' ਸ਼ਬਦ ਦੀ ਵਰਤੋਂ ਕਰਦੇ ਹਨ। ਦੂਜੇ ਨਸ਼ੇ ਲੈਣ ਬਾਰੇ ਗੱਲ ਕਰਨ ਲਈ (ਇਸ ਦੀ ਵਰਤੋਂ ਕਰਦੇ ਹਨ)।''

ਉਹ ਕਹਿੰਦੇ ਹਨ, ''ਪਰ ਸਾਡੇ ਲਈ ਇਹ ਅਸਲ ਮੌਤ ਦੇ ਤਜ਼ਰਬਿਆਂ ਬਾਰੇ ਹੈ। ਇੱਕ ਪਾਸੇ, ਕਿਉਂਕਿ ਦਿਲਾਂ ਨੇ ਧੜਕਣਾ ਬੰਦ ਕਰ ਦਿੱਤਾ ਹੈ ਅਤੇ ਦੂਜੇ ਪਾਸੇ, ਕਿਉਂਕਿ ਲੋਕਾਂ ਨੂੰ ਇਹ ਅਹਿਸਾਸ ਹੁੰਦਾ ਹੈ, ਜਦੋਂ ਉਹ ਵਾਪਸ ਆਉਂਦੇ ਹਨ ਕਿ ਉਹ ਮਰ ਚੁੱਕੇ ਹਨ।"

ਦਿਮਾਗ

ਤਸਵੀਰ ਸਰੋਤ, Getty Images

ਕੋਮਾ ਦੀਆਂ ਯਾਦਾਂ ਅਤੇ ਮੌਤ ਵਿਚਕਾਰ ਫ਼ਰਕ

ਕਈ ਵਾਰ, ਜਦੋਂ ਲੋਕਾਂ ਨੂੰ ਸੀਪੀਆਰ ਦੁਆਰਾ ਮੁੜ ਸੁਰਜੀਤ ਕੀਤਾ ਜਾਂਦਾ ਹੈ ਤਾਂ ਉਹ ਦਿਨਾਂ ਜਾਂ ਹਫ਼ਤਿਆਂ ਲਈ ਕੋਮਾ ਵਿੱਚ ਰਹਿੰਦੇ ਹਨ। ਇਸ ਦੌਰਾਨ ਉਨ੍ਹਾਂ ਨੂੰ ਕਈ ਯਾਦਾਂ (ਫਲੈਸ਼ਬੈਕਸ) ਆ ਸਕਦੀਆਂ ਹਨ।

ਇਸ ਖੋਜ ਨੇ ਇਸ ਦੌਰਾਨ ਆਉਣ ਵਾਲੀਆਂ ਯਾਦਾਂ ਦੀ ਕਿਸਮ ਵਿੱਚ ਫਰਕ ਕਰਨ ਦੀ ਕੋਸ਼ਿਸ਼ ਕੀਤੀ ਹੈ।

ਪਾਰਨੀਆ ਕਹਿੰਦੇ ਹਨ, "ਇਹ ਲੋਕ ਹਰ ਤਰ੍ਹਾਂ ਦੀਆਂ ਵੱਖੋ-ਵੱਖਰੀਆਂ ਚੀਜ਼ਾਂ ਦਾ ਵਰਣਨ ਕਰ ਸਕਦੇ ਹਨ ਜਿਨ੍ਹਾਂ ਨੂੰ ਗਲਤੀ ਨਾਲ ਮੌਤ ਦੇ ਨੇੜਲੇ ਅਨੁਭਵ ਕਿਹਾ ਗਿਆ ਹੈ, ਪਰ ਉਹ ਇਸ ਤੋਂ ਸ਼ਾਇਦ ਵੱਖਰੇ ਹਨ।''

ਇਸ ਦੇ ਲਈ ਖੋਜਕਰਤਾਵਾਂ ਨੇ ਦੋ ਸਮੂਹ ਬਣਾਏ, "ਸਾਨੂੰ ਪਤਾ ਲੱਗਾ ਹੈ ਕਿ ਅਜਿਹੇ ਵੱਖੋ-ਵੱਖਰੇ ਤਜ਼ਰਬੇ ਹੁੰਦੇ ਹਨ ਜੋ ਮੁੜ-ਸੁਰਜੀਤ ਹੋਣ ਦੇ ਦਿਨਾਂ ਅਤੇ ਹਫ਼ਤਿਆਂ ਬਾਅਦ ਸਪਸ਼ਟ ਤੌਰ 'ਤੇ ਹੁੰਦੇ ਹਨ, ਆਮ ਤੌਰ 'ਤੇ ਜਦੋਂ ਵਿਅਕਤੀ ਆਪਣੇ ਕੋਮਾ ਤੋਂ ਜਾਗਣਾ ਸ਼ੁਰੂ ਕਰ ਰਿਹਾ ਹੁੰਦਾ ਹੈ, ਇਸ ਲਈ ਮੌਤ ਦੇ ਅਨੁਭਵ ਨਾਲ ਇਸ ਦਾ ਕੋਈ ਲੈਣਾ-ਦੇਣਾ ਨਹੀਂ ਹੈ।"

ਨਾਲ ਹੀ, ਜਾਂਚ ਦੌਰਾਨ ਉਨ੍ਹਾਂ ਨੇ ਇਸ ਗੱਲ ਤੋਂ ਵੀ ਇਨਕਾਰ ਕੀਤਾ ਕਿ ਇਹ ਸੁਪਨਿਆਂ ਵਰਗੇ ਹੋਰ ਤਜਰਬੇ ਸਨ।

"ਹਰ ਕੋਈ ਬੇਤਰਤੀਬ ਚੀਜ਼ਾਂ ਦੇ ਸੁਪਨੇ ਦੇਖਦਾ ਹੈ ਅਤੇ ਉਹ ਸਭ ਵੱਖੋ-ਵੱਖਰੇ ਹੁੰਦੇ ਹਨ। ਪਰ ਮੌਤ ਦੇ ਤਜਰਬੇ ਦੇ ਨਾਲ ਪੰਜ ਮੁੱਖ ਗੱਲਾਂ ਹੁੰਦੀਆਂ ਹਨ, ਜਿਨ੍ਹਾਂ ਬਾਰੇ ਇਹ ਸਾਰੇ ਲੋਕ ਗੱਲ ਕਰਦੇ ਹਨ ਜਦਕਿ ਉਹ ਇੱਕ-ਦੂਜੇ ਨੂੰ ਜਾਣਦੇ ਵੀ ਨਹੀਂ।"

ਜਿਵੇਂ ਕਿ: ਜੀਵਨ ਦਾ ਮੁਲਾਂਕਣ, ਸਰੀਰ ਵਿੱਚ ਵਾਪਸ ਆਉਣ ਦੀ ਸੰਵੇਦਨਾ, ਸਰੀਰ ਤੋਂ ਵੱਖ ਹੋਣ ਦੀ ਧਾਰਨਾ, ਕਿਸੇ ਮੰਜ਼ਿਲ 'ਤੇ ਜਾਣ ਦੀ ਧਾਰਨਾ ਅਤੇ ਅਜਿਹੀ ਜਗ੍ਹਾ 'ਤੇ ਵਾਪਸ ਆਉਣਾ ਜੋ ਘਰ ਵਰਗੀ ਜਾਪਦੀ ਹੈ।

ਲਾਈਨ
ਲਾਈਨ

ਮੌਤ ਦਾ ਤਜਰਬਾ ਵਹਿਮ, ਭੁਲੇਖੇ ਜਾਂ ਸੁਪਨਿਆਂ ਵਰਗਾ ਨਹੀਂ

ਇਹ ਅਧਿਐਨ ਦਾ ਪਹਿਲਾ ਹਿੱਸਾ ਸੀ।

"ਇਸ ਲਈ ਅਸੀਂ ਇਹ ਦਿਖਾਉਣ ਦੇ ਯੋਗ ਹੋ ਗਏ ਕਿ ਅਸਲ ਵਿੱਚ ਮੌਤ ਦਾ ਤਜਰਬਾ ਵਹਿਮ, ਭੁਲੇਖੇ ਜਾਂ ਸੁਪਨਿਆਂ ਵਰਗਾ ਨਹੀਂ ਹੈ।"

ਦੂਸਰਾ ਕਦਮ ਹੈ ਲੋਕਾਂ 'ਤੇ ਦਿਮਾਗ ਦੇ ਮਾਨੀਟਰ ਲਗਾਉਣਾ ਤਾਂ ਜੋ ਇਹ ਦੇ ਦਿਮਾਗ 'ਤੇ ਲੂਸੀਡ ਅਵੇਅਰਨੈਸ ਦੇ ਮਾਰਕਰਾਂ ਦੀ ਖੋਜ ਕੀਤੀ ਜਾ ਸਕੇ।

ਇਸ ਤਰ੍ਹਾਂ ਉਨ੍ਹਾਂ ਨੇ ਖੋਜ ਕੀਤੀ ਕਿ ਸੀਪੀਆਰ ਪ੍ਰਾਪਤ ਕਰਨ ਤੋਂ ਇੱਕ ਘੰਟੇ ਤੱਕ ਉੱਚ-ਪੱਧਰੀ ਦਿਮਾਗੀ ਗਤੀਵਿਧੀਆਂ ਦੇ ਸੰਕੇਤ ਸਨ: ਅਖੌਤੀ ਅਲਫ਼ਾ, ਬੀਟਾ, ਥੀਟਾ, ਡੈਲਟਾ ਅਤੇ ਗਾਮਾ ਤਰੰਗਾਂ।

"ਉਨ੍ਹਾਂ ਵਿੱਚੋਂ ਕੁਝ ਤਰੰਗਾਂ ਇਸ ਨਾਲ ਮੇਲ ਖਾਂਦੀਆਂ ਹਨ ਕਿ ਕੀ ਵਾਪਰਦਾ ਹੈ ਜਦੋਂ ਤੁਸੀਂ ਸੁਚੇਤ ਵਿਚਾਰ ਪ੍ਰਕਿਰਿਆਵਾਂ ਕਰਦੇ ਹੋ, ਜਦੋਂ ਤੁਸੀਂ ਚੀਜ਼ਾਂ ਦਾ ਵਿਸ਼ਲੇਸ਼ਣ ਕਰ ਰਹੇ ਹੁੰਦੇ ਹੋ, ਜਦੋਂ ਤੁਸੀਂ ਆਪਣੀ ਜ਼ਿੰਦਗੀ ਨੂੰ ਮੁੜ ਜਿਉਂ ਰਹੇ ਹੁੰਦੇ ਹੋ, ਤੁਹਾਡੀਆਂ ਯਾਦਾਂ, ਅਤੇ ਜਦੋਂ ਤੁਹਾਡੇ ਕੋਲ ਉੱਚ ਪੱਧਰੀ ਚੇਤਨਾ ਹੁੰਦੀ ਹੈ।''

''ਇਸ ਤਰ੍ਹਾਂ, ਪਹਿਲੀ ਵਾਰ ਅਸੀਂ ਮੌਤ ਦੇ ਸਪਸ਼ਟ (ਲੂਸੀਡ) ਤਜਰਬੇ ਦੇ ਦਿਮਾਗੀ ਮਾਰਕਰਾਂ ਨੂੰ ਦਿਖਾਉਣ ਦੇ ਯੋਗ ਹੋ ਗਏ ਸੀ। ਉਹ ਵੀ ਅਨੁਭਵਾਂ ਦੇ ਨਾਲ।"

ਮਾਨੀਟਰ

ਤਸਵੀਰ ਸਰੋਤ, Getty Images

ਹਰ ਕਿਸੇ ਨੂੰ ਇਹ ਅਨੁਭਵ ਯਾਦ ਨਹੀਂ ਸੀ

ਵਾਸਤਵ ਵਿੱਚ, ਲੋਕਾਂ ਤੋਂ ਕੁਝ ਵੀ ਯਾਦ ਰੱਖਣ ਦੀ ਉਮੀਦ ਨਹੀਂ ਕੀਤੀ ਜਾਂਦੀ, ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਉਨ੍ਹਾਂ ਨੇ ਇਸ ਦਾ ਅਨੁਭਵ ਹੀ ਨਹੀਂ ਕੀਤਾ ਹੈ।

ਉਹ ਆਮ ਤੌਰ 'ਤੇ ਸਭ ਕੁਝ ਭੁੱਲ ਜਾਂਦੇ ਹਨ, ਜਿਸ ਦਾ ਕਾਰਨ ਹੁੰਦਾ ਹੈ ਸੀਡੇਟਿਵ ਦਵਾਈਆਂ (ਸ਼ਾਂਤ ਕਰਨ ਵਾਲੀਆਂ ਦਵਾਈਆਂ), ਕੋਮਾ ਦੀ ਢੂੰਘੀ ਸਥਿਤੀ ਅਤੇ ਦਿਮਾਗ ਦੀ ਸੋਜਸ਼, ਜੋ ਕਿ ਉਸ ਵੇਲੇ ਸਭ ਤੋਂ ਪਹਿਲਾਂ ਹੁੰਦੀ ਹੈ ਜਦੋਂ ਦਿਲ ਦੁਬਾਰਾ ਖੂਨ ਪੰਪ ਕਰਨਾ ਸ਼ੁਰੂ ਕਰਦਾ ਹੈ।

"ਕਦੇ ਵੀ 100 ਫੀਸਦੀ ਲੋਕਾਂ ਨੂੰ ਹਰ ਚੀਜ਼ ਯਾਦ ਨਹੀਂ ਹੋਵੇਗੀ ਅਤੇ ਇਸ ਦਾ ਦਿਮਾਗ ਅਤੇ ਉਨ੍ਹਾਂ ਨੂੰ ਦਿੱਤੀਆਂ ਜਾਣ ਵਾਲੀਆਂ ਦਵਾਈਆਂ ਦੇ ਪ੍ਰਭਾਵ ਨਾਲ ਬਹੁਤ ਕੁਝ ਲੈਣਾ-ਦੇਣਾ ਹੈ।"

ਖੋਜਕਰਤਾ ਕਹਿੰਦੇ ਹਨ, "39 ਫੀਸਦੀ ਲੋਕਾਂ ਦੀਆਂ ਯਾਦਾਂ ਧੂੰਦਲੀਆਂ ਹੁੰਦੀਆਂ ਹਨ, ਪਰ ਉਹ ਵੇਰਵਿਆਂ ਨੂੰ ਯਾਦ ਨਹੀਂ ਕਰ ਸਕਦੇ ਅਤੇ 20 ਫੀਸਦੀ ਕੋਲ ਉਹ ਹੁੰਦਾ ਹੈ ਜਿਸ ਨੂੰ ਅਸੀਂ ਕਿਸੇ ਕਿਸਮ ਦਾ ਅਲੌਕਿਕ ਅਨੁਭਵ ਕਹਿੰਦੇ ਹਾਂ। ਜਦਕਿ 7 ਫੀਸਦੀ ਕੋਲ ਸੁਣੀਆਂ ਹੋਈਆਂ ਯਾਦਾਂ ਹੁੰਦੀਆਂ ਹਨ ਅਤੇ 3 ਫੀਸਦੀ ਕੋਲ ਦੇਖੀਆਂ ਹੋਈਆਂ ਚੀਜ਼ਾਂ ਦੀਆਂ ਯਾਦਾਂ ਹੁੰਦੀਆਂ ਹਨ।''

ਮੌਤ

ਤਸਵੀਰ ਸਰੋਤ, Getty Images

"ਮੈਂ ਆਪਣੀ ਪੂਰੀ ਜ਼ਿੰਦਗੀ ਨੂੰ ਵਿਸਥਾਰ ਨਾਲ ਦੇਖਿਆ"

ਇਸ ਸਮੂਹ ਦੇ ਲੋਕਾਂ, ਜਿਨ੍ਹਾਂ ਦੇ ਦਿਲ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ ਪਰ ਜਿਨ੍ਹਾਂ ਦੇ ਦਿਮਾਗ ਵਿੱਚ ਕਿਰਿਆ ਹੁੰਦੀ ਰਹੀ ਸੀ, ਉਨ੍ਹਾਂ ਬਾਰੇ ਇਸ ਅਧਿਐਨ ਵਿੱਚ ਕੁਝ ਖਾਸ ਤਜਰਬੇ ਵੀ ਸਾਹਮਣੇ ਆਏ। ਹਾਲਾਂਕਿ ਉਨ੍ਹਾਂ ਦੀ ਮਿਆਦ ਬਾਰੇ ਪਤਾ ਨਹੀਂ ਲੱਗ ਸਕਿਆ।

ਜਿਵੇਂ ਕਿ ਪਾਰਨੀਆ ਕਹਿੰਦੇ ਹਨ, "ਇਹ ਸਿਰਫ ਕੁਝ ਸਕਿੰਟਾਂ ਦਾ ਹੋ ਸਕਦਾ ਹੈ, ਮੈਨੂੰ ਨਹੀਂ ਪਤਾ," ਪਾਰਨੀਆ ਨੇ ਸਵੀਕਾਰ ਕੀਤਾ।''

ਅਧਿਐਨ 'ਚ ਸ਼ਾਮਲ ਕਈ ਮਰੀਜਾਂ ਨੇ ਕਿਹਾ ਉਨ੍ਹਾਂ ਨੇ ਆਪਣੇ ਜੀਵਵਨ ਦਾ ਮੁਲਾਂਕਣ ਕੀਤਾ। ਉਨ੍ਹਾਂ ਨੇ ਹੋਰ ਅਜਿਹੀਆਂ ਗੱਲਾਂ ਕਹੀਆਂ:

"ਮੈਂ ਜੀਵਨ ਸਮੀਖਿਆ ਕੀਤੀ ਅਤੇ ਇਸ ਸਮੀਖਿਆ ਦੌਰਾਨ ਮੈਂ ਆਪਣੀ ਜ਼ਿੰਦਗੀ ਦੇ ਦ੍ਰਿਸ਼ਾਂ ਨੂੰ ਦੁਬਾਰਾ ਦੇਖਿਆ।"

"ਮੇਰੀ ਪੂਰੀ ਜ਼ਿੰਦਗੀ ਮੇਰੇ ਸਾਹਮਣੇ ਘੁੰਮ ਗਈ... ਪਹਿਲਾਂ ਤਾਂ ਇਹ ਬਹੁਤ ਤੇਜ਼ ਸੀ। ਫਿਰ, ਪਲ ਹੌਲੀ ਹੋ ਗਏ। ਮੈਨੂੰ ਸਭ ਕੁਝ ਦਿਖਾਈ ਦਿੱਤਾ, ਹਰ ਕੋਈ ਜਿਸ ਦੀ ਮੈਂ ਮਦਦ ਕੀਤੀ ਅਤੇ ਹਰ ਕੋਈ ਜਿਸ ਨੂੰ ਮੈਂ ਦੁਖੀ ਕੀਤਾ।"

"ਮੇਰੀ ਜ਼ਿੰਦਗੀ ਅਤੇ ਇਸ ਦੀਆਂ ਸਾਰੀਆਂ ਘਟਨਾਵਾਂ ਮੇਰੇ ਦਿਮਾਗ ਵਿੱਚ ਖੇਡਣ ਲੱਗੀਆਂ, ਪਰ ਇੱਕ ਬਹੁਤ ਹੀ ਸਪਸ਼ਟ, ਅਸਲ ਅਤੇ ਜੀਵੰਤ ਤਰੀਕੇ ਨਾਲ।"

ਦਿਮਾਗ ਦਾ ਅਧਿਐਨ (ਸੰਕੇਤਕ ਤਸਵੀਰ)

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਦਿਮਾਗ ਦਾ ਅਧਿਐਨ (ਸੰਕੇਤਕ ਤਸਵੀਰ)

ਕਈ ਦੂਜਿਆਂ ਨੇ ਸਰੀਰ ਤੋਂ ਵੱਖ ਹੋਣ ਦਾ ਅਨੁਭਵ ਕੀਤਾ ਹੈ ਅਤੇ ਕਈਆਂ ਨੇ ਸ਼ਰੀਰ ਵਿੱਚ ਵਾਪਸ ਆਉਣ ਦੇ ਤਜਰਬੇ ਦਾ ਦਾਅਵਾ ਕੀਤਾ:

"ਮੈਂ ਆਪਣਾ ਸਰੀਰ ਛੱਡ ਦਿੱਤਾ।"

"ਉਨ੍ਹਾਂ ਨੇ ਮੈਨੂੰ ਦੱਸਿਆ ਕਿ ਇਹ ਮੇਰਾ ਸਮਾਂ ਨਹੀਂ ਹੈ ਅਤੇ ਮੈਨੂੰ ਆਪਣੇ ਸਰੀਰ ਵਿੱਚ ਵਾਪਸ ਜਾਣਾ ਪਵੇਗਾ।"

"ਮੈਂ ਮਹਿਸੂਸ ਕੀਤਾ ਜਿਵੇਂ ਮੈਨੂੰ ਮੇਰੇ ਸਰੀਰ ਵਿੱਚ ਵਾਪਸ ਖਿੱਚਿਆ ਜਾ ਰਿਹਾ ਸੀ।"

"ਮੈਨੂੰ ਪਾਇਆ ਕਿ ਮੇਰੇ ਨਾਲ ਕਿਸੇ ਹੋਰ ਦੀ ਮੌਜੂਦਗੀ ਸੀ... ਇਹ ਮੌਜੂਦਗੀ ਆਰਾਮਦਾਇਕ ਸੀ, ਇੱਕ ਸ਼ਾਂਤ ਮੌਜੂਦਗੀ ਪਰ ਇਸ ਵਿੱਚ ਵਿਸ਼ਾਲਤਾ ਅਤੇ ਸ਼ਕਤੀ ਦੀ ਵੀ ਮੌਜੂਦਗੀ ਸੀ।"

ਇਸ ਸਭ ਤੋਂ ਇਲਾਵਾ, ਕੁਝ ਨੂੰ ਇੱਕ ਕਿਸੇ ਮੰਜ਼ਿਲ 'ਤੇ ਜਾਣ ਅਤੇ ਅਜਿਹੀ ਜਗ੍ਹਾ 'ਤੇ ਵਾਪਸ ਜਾਣ ਅਹਿਸਾਸ ਸੀ ਜੋ ਘਰ ਵਰਗੀ ਮਹਿਸੂਸ ਹੁੰਦੀ ਸੀ:

"ਮੈਂ ਉੱਪਰ ਦੇਖਿਆ ਅਤੇ ਆਪਣੀ ਕਿਸਮਤ ਨੂੰ ਦੇਖਿਆ।"

"ਅਜਿਹਾ ਨਹੀਂ ਹੈ ਕਿ ਮੈਂ ਇੱਕ ਸੁਰੰਗ ਵਿੱਚ ਸੀ। ਬਲਕਿ ਜਿਸ ਤੇਜ਼ ਰਫ਼ਤਾਰ ਨਾਲ ਮੈਂ ਸਫ਼ਰ ਕਰ ਰਿਹਾ ਸੀ, ਉਸ ਕਾਰਨ ਮੇਰੇ ਆਲੇ-ਦੁਆਲੇ ਇੱਕ ਸੁਰੰਗ ਬਣ ਗਈ ਸੀ।"

"ਮੈਂ ਤੇਜ਼ ਰਫ਼ਤਾਰ ਨਾਲ ਇੱਕ ਸੁਰੰਗ ਵਿੱਚੋਂ ਲੰਘਿਆ। ਇਹ ਸ਼ਾਨਦਾਰ ਸੀ ਅਤੇ ਮੈਂ ਵਾਪਸ ਨਹੀਂ ਜਾਣਾ ਚਾਹੁੰਦਾ ਸੀ।"

"ਮੈਨੂੰ ਪਤਾ ਸੀ ਕਿ ਉਹ ਘਰ ਸੀ।"

"ਮੈਂ ਰੌਸ਼ਨੀ ਕੋਲ ਜਾਣਾ ਚਾਹੁੰਦਾ ਸੀ। ਮੈਂ ਘਰ ਜਾਣਾ ਚਾਹੁੰਦਾ ਸੀ।"

ਮੌਤ

ਤਸਵੀਰ ਸਰੋਤ, Getty Images

'ਇਹ ਸਭ ਉਦੋਂ ਵਾਪਰਦਾ ਹੈ ਜਦੋਂ ਉਹ ਮੌਤ ਵਿੱਚੋਂ ਲੰਘ ਰਹੇ ਹੁੰਦੇ ਹਨ'

ਪਾਰਨੀਆ ਲਈ ਜੋ ਗੱਲ ਬਹੁਤ ਦਿਲਚਸਪ ਹੈ, ਉਹ ਹੈ ਜੀਵਨ ਸਮੀਖਿਆ ਦੇ ਵੱਖ-ਵੱਖ ਪਹਿਲੂ।

ਉਹ ਕਹਿੰਦੇ ਹਨ, "ਜਦੋਂ ਅਸੀਂ ਜਿਉਂਦੇ ਹਾਂ ਤਾਂ ਆਮ ਤੌਰ 'ਤੇ ਸਾਨੂੰ ਆਪਣੀ ਪੂਰੀ ਜ਼ਿੰਦਗੀ ਦਾ 1 ਫੀਸਦੀ ਯਾਦ ਰਹਿੰਦਾ ਹੈ। ਪਰ, ਇੱਥੇ ਕਮਾਲ ਦੀ ਗੱਲ ਇਹ ਹੈ ਕਿ ਮੌਤ ਵਿੱਚ ਲੋਕ ਸਭ ਕੁਝ ਯਾਦ ਕਰ ਹਨ ਜਦਕਿ ਉਨ੍ਹਾਂ ਦਾ ਦਿਮਾਗ ਬੰਦ ਹੋ ਰਿਹਾ ਹੁੰਦਾ ਹੈ।''

"ਪਰ ਅਜੀਬ ਗੱਲ ਇਹ ਹੈ ਕਿ ਇਹ ਕਿਸੇ ਫਿਲਮ ਵਾਂਗ ਨਹੀਂ ਹੈ ਜਿਸ ਨੂੰ ਮੀਡੀਆ ਵਿੱਚ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ। ਇਹ ਉਨ੍ਹਾਂ ਦੁਆਰਾ ਕੀਤੇ ਗਏ, ਕਹੇ ਗਏ ਅਤੇ ਸੋਚੇ ਗਏ ਹਰ ਕੰਮ ਦਾ ਇੱਕ ਬਹੁਤ ਡੂੰਘਾ, ਉਦੇਸ਼ਪੂਰਨ ਅਤੇ ਅਰਥਪੂਰਨ ਮੁਲਾਂਕਣ ਹੈ।''

''ਉਹ ਆਪਣੇ ਆਪ ਦਾ ਨਿਰਣਾ ਕਰਦੇ ਹਨ, ਉਹ ਆਪਣੇ ਕੰਮਾਂ ਦਾ ਨਿਰਣਾ ਕਰਦੇ ਹਨ - ਇਸ ਅਧਾਰ ਤੇ ਕਿ ਉਸ ਨੈਤਿਕ ਜਾਂ ਅਨੈਤਿਕ, ਜੋ ਕਿ ਅਸਲ ਵਿੱਚ ਕਮਾਲ ਹੈ।"

ਉਹ ਅੱਗੇ ਕਹਿੰਦੇ ਹਨ, "ਅਤੇ ਇਹ ਸਭ ਉਦੋਂ ਵਾਪਰਦਾ ਹੈ ਜਦੋਂ ਉਹ ਮੌਤ ਵਿੱਚੋਂ ਲੰਘ ਰਹੇ ਹੁੰਦੇ ਹਨ, ਜੋ ਕਿ ਫਿਰ ਕਮਾਲ ਦੀ ਗੱਲ ਹੈ। ਨਾਲ ਹੀ, ਇਹ ਉਹ ਚੀਜ਼ ਹੈ ਜੋ ਇਸ ਦੇ ਭੁਲੇਖਾ ਹੋਣ ਨੂੰ ਅਸੰਭਵ ਬਣਾਉਂਦਾ ਹੈ।''

"ਉਹ ਜਾਣਦੇ ਹਨ ਕਿ ਉਹ ਹਰ ਚੀਜ਼ ਨੂੰ ਦੁਬਾਰਾ ਜਿਉਂ ਰਹੇ ਹਨ, ਜੋ ਕਿ ਬਹੁਤ ਹੀ ਦਿਲਚਸਪ ਹੈ।''

ਜਦੋਂ ਤੁਸੀਂ ਉਨ੍ਹਾਂ ਤਜਰਬਿਆਂ ਨੂੰ ਜੀਉਂਦੇ ਹੋ ਤਾਂ ਤੁਸੀਂ ਕੀ ਮਹਿਸੂਸ ਕੀਤਾ?

ਮੌਤ ਅਤੇ ਜ਼਼ਿੰਦਗੀ

ਤਸਵੀਰ ਸਰੋਤ, Getty Images

ਅਧਿਐਨ ਵਿੱਚ ਸ਼ਾਮਲ ਮਰੀਜ਼ਾਂ ਨੇ ਦਾਅਵਾ ਕੀਤਾ ਕਿ ਉਹ ਸਭ ਅਨੁਭਵ ਕਰਦੇ ਸਮੇਂ ਉਹ ਲੋਕ ਅਜਿਹੀਆਂ ਚੀਜ਼ਾਂ ਬਾਰੇ "ਬਹੁਤ ਬੁਰਾ" ਮਹਿਸੂਸ ਕਰਦੇ ਹਨ ਜਿਵੇਂ ਕਿ ਦੂਜਿਆਂ ਨੂੰ ਪਹੁੰਚਾਏ ਦੁੱਖ ਬਾਰੇ। ਪਰ ਉਨ੍ਹਾਂ ਗੱਲਾਂ ਕਰਕੇ ਖੁਸ਼ੀ ਵੀ ਮਹਿਸੂਸ ਕਰਦੇ ਸਨ ਜਿਨ੍ਹਾਂ ਕਰਕੇ ਉਨ੍ਹਾਂ ਦੇ ਆਪਣਿਆਂ ਨੂੰ ਖੁਸ਼ੀ ਮਿਲੀ ਸੀ।

ਇਸ ਮੌਕੇ ਪਾਰਨੀਆ ਦੱਸਦੇ ਹਨ ਕਿ ਇਹ ਵੀ ਧਿਆਨ ਵਿੱਚ ਰੱਖਣਾ ਮਹੱਤਵਪੂਰਨ ਹੈ ਕਿ ਆਮ ਤੌਰ 'ਤੇ ਸਾਡੀ ਰੋਜ਼ਾਨਾ ਜ਼ਿੰਦਗੀ ਨੂੰ ਚਲਾਉਣ ਲਈ ਅਸੀਂ ਆਪਣੇ ਦਿਮਾਗ ਦੇ ਸਾਰੇ ਪਹਿਲੂਆਂ ਦੀ ਪ੍ਰਕਿਰਿਆ ਨਹੀਂ ਕਰਦੇ ਕਿਉਂਕਿ ਇਹ ਬਹੁਤ ਭਾਰੀ ਹੋਵੇਗਾ।

"ਤੁਹਾਡਾ ਦਿਮਾਗ ਕੁਝ ਖਾਸ ਹਿੱਸਿਆਂ ਵਿੱਚ ਸਰਗਰਮ ਹੈ ਜੋ ਮਹੱਤਵਪੂਰਨ ਹਨ ਅਤੇ ਦੂਜੇ ਹਿੱਸਿਆਂ ਨੂੰ ਆਮ ਤੌਰ 'ਤੇ ਇੱਕ ਕਿਸਮ ਬ੍ਰੇਕਡਾਊਨ ਪ੍ਰਣਾਲੀ ਨਾਲ ਰੋਕ ਦਿੱਤਾ ਜੰਡ ਹੈ, ਜਿਸ ਨਾਲ ਇਹ ਹੌਲੀ ਹੋ ਜਾਂਦੇ ਹਨ।''

"ਮੌਤ ਦੇ ਨਾਲ ਦਿਲਚਸਪ ਗੱਲ ਇਹ ਹੈ ਕਿ ਅਸੀਂ ਦੇਖ ਰਹੇ ਹਾਂ ਕਿ ਉਹ ਮੌਤ ਵਿੱਚੋਂ ਲੰਘ ਰਹੇ ਹਨ, ਉਨ੍ਹਾਂ ਦਾ ਦਿਮਾਗ ਬੰਦ ਹੋ ਰਿਹਾ ਹੈ, ਇਹੀ ਉਹ ਸਮਾਂ ਹੈ ਜਦੋਂ ਬ੍ਰੇਕਡਾਊਨ ਪ੍ਰਣਾਲੀ ਵੀ ਕੰਮ ਕਰਨਾ ਬੰਦ ਕਰ ਦਿੰਦੀ ਹੈ ਅਤੇ ਰੋਕ ਦੀ ਪ੍ਰਕਿਰਿਆ ਹਟ ਜਾਂਦੀ ਹੈ।"

ਸੁਪਨੇ

ਤਸਵੀਰ ਸਰੋਤ, Getty Images

ਪਾਰਨੀਆ ਕਹਿੰਦੇ ਹਨ, "ਇਹ ਯਕੀਨੀ ਤੌਰ 'ਤੇ ਇੱਕ ਅਸਲ ਮੌਤ ਦਾ ਅਨੁਭਵ ਹੈ ਅਤੇ ਅਸੀਂ ਇਸ ਨੂੰ ਹੁਣ ਸਮਝ ਰਹੇ ਹਾਂ ਕਿਉਂਕਿ ਅਸੀਂ ਇਸ ਨੂੰ ਵਿਗਿਆਨਕ ਨਜ਼ਰੀਏ ਤੋਂ ਦੇਖ ਰਹੇ ਹਾਂ।"

"ਜਦੋਂ ਤੁਸੀਂ ਅਚਾਨਕ ਮਰ ਜਾਂਦੇ ਹੋ ਤਾਂ ਉਹ ਸਾਰੀਆਂ ਚੀਜ਼ਾਂ ਜੋ ਤੁਹਾਡੇ ਲਈ ਮਹੱਤਵਪੂਰਣ ਹੁੰਦੀਆਂ ਹਨ ਜਿਵੇਂ ਕਿ ਬਿੱਲਾਂ ਦਾ ਭੁਗਤਾਨ ਕਰਨਾ, ਵਸੀਅਤ, ਰਾਤ ਦਾ ਖਾਣਾ, ਨੌਕਰੀ ਜਾਂ ਜੋ ਕੁਝ ਵੀ... ਇਹ ਕਿਉਂ ਪੂਰੀ ਤਰ੍ਹਾਂ ਅਲੋਪ ਹੋ ਜਾਂਦੇ ਹਨ? ਉਹ ਹੁਣ ਕੋਈ ਮਾਇਨੇ ਨਹੀਂ ਰੱਖਦੇ।''

''ਜੋ ਸਾਹਮਣੇ ਆਉਂਦਾ ਹੈ, ਉਹੀ ਤੁਹਾਡੇ ਲਈ ਅਸਲ ਮਾਅਨੇ ਰੱਖਦਾ ਹੈ ਅਤੇ ਜੋ ਮੌਤ ਦੇ ਸਮੇਂ ਤੁਹਾਡੇ ਦਿਮਾਗ ਵਿੱਚ ਆਉਂਦਾ ਹੈ- ਉਹ ਇਹ ਹੈ ਕਿ ਇੱਕ ਮਨੁੱਖ ਦੇ ਤੌਰ 'ਤੇ ਤੁਹਾਡਾ ਵਿਵਹਾਰ ਕੀ ਸੀ, ਤੁਸੀਂ ਜੋ ਕੀਤਾ ਹੈ ਉਸ ਦੇ ਨੈਤਿਕ ਪਹਿਲੂ ਅਤੇ ਇਹ ਵਾਕਈ ਕਮਾਲ ਹੈ।"

ਲਾਈਨ

(ਬੀਬੀਸੀ ਪੰਜਾਬੀ ਨਾਲ FACEBOOKINSTAGRAMTWITTERਅਤੇ YouTube 'ਤੇ ਜੁੜੋ।)