ਕੈਨੇਡਾ ਤੋਂ ਬਾਅਦ ਕੀ ਭਾਰਤ ਦੇ ਆਸਟ੍ਰੇਲੀਆ ਤੇ ਬਰਤਾਨੀਆ ਨਾਲ ਵੀ ਸਬੰਧ ਖ਼ਰਾਬ ਹੋ ਰਹੇ ਹਨ

    • ਲੇਖਕ, ਅਰਵਿੰਦ ਛਾਬੜਾ
    • ਰੋਲ, ਬੀਬੀਸੀ ਪੱਤਰਕਾਰ

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਲੰਘੇ ਸੋਮਵਾਰ ਨੂੰ ਸੰਸਦ ਵਿੱਚ ਖਾਲਿਸਤਾਨ ਹਮਾਇਤੀ ਹਰਦੀਪ ਸਿੰਘ ਨਿੱਝਰ ਦੇ ਕਤਲ ਮਾਮਲੇ ਵਿੱਚ ਭਾਰਤ ਸਰਕਾਰ ਦਾ ਹੱਥ ਹੋਣ ਦਾ ਖ਼ਦਸ਼ਾ ਜਤਾਇਆ ਸੀ, ਜਿਸ ਮਗਰੋਂ ਦੋਵਾਂ ਦੇਸ਼ਾਂ ਨੇ ਆਪਣੇ ਸਿਖਰਲੇ ਕੂਟਨੀਤਕਾਂ ਨੂੰ ਦੇਸ਼ ਛੱਡਣ ਲਈ ਕਿਹਾ ਸੀ।

ਇਸ ਤੋਂ ਬਾਅਦ ਕੈਨੇਡਾ ਅਤੇ ਭਾਰਤ ਦਰਮਿਆਨ ਤਾਂ ਰਿਸ਼ਤਿਆਂ ਵਿੱਚ ਤਲਖ਼ੀ ਕੁਝ ਸਪੱਸ਼ਟ ਨਜ਼ਰ ਆਉਣ ਲੱਗੀ।

ਕੈਨੇਡਾ ਵਿੱਚ ਵੱਡੀ ਗਿਣਤੀ ਸਿੱਖ ਭਾਈਚਾਰੇ ਨਾਲ ਸਬੰਧਿਤ ਲੋਕ ਰਹਿੰਦੇ ਹਨ।

ਕੈਨੇਡਾ ਤੋਂ ਇਲਾਵਾ ਆਸਟ੍ਰੇਲੀਆ ਅਤੇ ਬਰਤਾਨੀਆਂ ਵਰਗੇ ਦੇਸ਼ਾਂ ’ਚ ਵੀ ਵੱਡੀ ਗਿਣਤੀ ਸਿੱਖ ਰਹਿੰਦੇ ਹਨ। ਹਾਲ ਹੀ ਦੇ ਮਹੀਨਿਆਂ ਵਿੱਚ ਇਨ੍ਹਾਂ ਦੇਸ਼ਾਂ ਵਿਚਲੇ ਭਾਰਤੀ ਹਾਈ ਕਮਿਸ਼ਨਾਂ ਅਤੇ ਹੋਰ ਸੰਸਥਾਵਾਂ ਦੇ ਬਾਹਰ ਖ਼ਾਲਿਸਤਾਨ ਪੱਖੀ ਜੱਥੇਬੰਦੀਆਂ ਵਲੋਂ ਕਈ ਵਾਰ ਵਿਰੋਧ ਪ੍ਰਦਰਸ਼ਨ ਕੀਤਾ ਗਿਆ।

ਭਾਰਤ ਵਲੋਂ ਅਜਿਹੀਆਂ ਗਤੀਵਿਧੀਆਂ ਦਾ ਲਗਾਤਾਰ ਵਿਰੋਧ ਕੀਤਾ ਜਾਂਦਾ ਰਿਹਾ ਹੈ।

ਅਜਿਹੀ ਸਥਿਤੀ ਵਿੱਚ ਸਵਾਲ ਖੜਾ ਹੁੰਦਾ ਹੈ ਕਿ ਮੌਜੂਦਾ ਘਟਨਾਕ੍ਰਮ ਨੇ ਭਾਰਤ ਨਾਲ ਇਨ੍ਹਾਂ ਦੇਸ਼ਾਂ ਦੇ ਸੰਬੰਧਾਂ ਨੂੰ ਕਿਵੇਂ ਪ੍ਰਭਾਵਿਤ ਕੀਤਾ ਹੈ।

ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਲੰਡਨ ਦੀ ਐੱਸਓਏਐੱਸ ਯੂਨੀਵਰਸਿਟੀ ਵਿੱਚ ਰਾਜਨੀਤੀ ਅਤੇ ਕੌਮਾਂਤਰੀ ਅਧਿਐਨ ਪੜ੍ਹਾਉਣ ਵਾਲੇ ਅਵਿਨਾਸ਼ ਪਾਲੀਵਾਲ ਕਹਿੰਦੇ ਹਨ, “ਖਾਲਿਸਤਾਨ ਦਾ ਮੁੱਦਾ ਲੰਬੇ ਸਮੇਂ ਤੋਂ ਪੱਛਮੀ ਦੇਸ਼ਾਂ ਨਾਲ ਭਾਰਤ ਦੇ ਸਬੰਧਾਂ ਵਿੱਚ ਪਰੇਸ਼ਾਨੀ ਦਾ ਸਬੱਬ ਬਣਦਾ ਰਿਹਾ ਹੈ।”

“ਪਰ 2020-21 ਦੇ ਕਿਸਾਨਾਂ ਦੇ ਪ੍ਰਦਰਸ਼ਨ ਅਤੇ ਕੁਝ ਹੋਰ ਘਟਨਾਵਾਂ ਤੋਂ ਬਾਅਦ ਇਹ ਕੁਝ ਹੋਰ ਵੱਧ ਗਿਆ ਹੈ। ਕੈਨੇਡਾ ਵਲੋਂ ਰਸਮੀ ਤੌਰ 'ਤੇ ਭਾਰਤ ਨੂੰ ਆਪਣੀ ਪ੍ਰਭੂਸੱਤਾ ਨੂੰ ਕਮਜ਼ੋਰ ਕਰਨ ਲਈ ਜ਼ਿੰਮੇਵਾਰ ਠਹਿਰਾਉਣ ਨਾਲ ਇਸ ਨੇ ਦੁਵੱਲੇ ਸਬੰਧਾਂ ਨੂੰ ਡੂੰਘੇ ਸੰਕਟ ਵੱਲ ਧੱਕ ਦਿੱਤਾ ਹੈ।”

ਕੈਨੇਡਾ: ਭਾਰਤ ਨਾਲ ਸਬੰਧ, ਵਪਾਰ ਤੇ ਡਾਇਸਪੋਰਾ

ਕੈਨੇਡਾ, ਭਾਰਤ ਤੋਂ ਬਾਹਰ ਸਿੱਖਾਂ ਲਈ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਹੈ। ਸਿੱਖਾਂ ਦੀ ਕੁੱਲ ਆਬਾਦੀ ਲਗਭਗ 7.8 ਲੱਖ ਹੈ ਜੋ ਕਿ ਕੁੱਲ ਆਬਾਦੀ ਦਾ ਲਗਭਗ ਦੋ ਫ਼ੀਸਦੀ ਬਣਦੀ ਹੈ।

ਵਪਾਰ

ਭਾਰਤ ਸਰਕਾਰ ਦੇ ਅੰਕੜੇ ਦਰਸਾਉਂਦੇ ਹਨ, 2022-23 ਵਿੱਚ ਕੈਨੇਡਾ ਦੇ ਨਾਲ ਵਪਾਰ 41090 ਲੱਖ ਡਾਲਰ ਸੀ ਜੋ ਕਿ ਪਿਛਲੇ ਵਿੱਤੀ ਸਾਲ ਨਾਲੋਂ 9 ਫ਼ੀਸਦ ਵੱਧ ਸੀ।

ਡਾਇਸਪੋਰਾ

2018 ਤੋਂ, ਕੈਨੇਡਾ ਲਈ ਕੌਮਾਂਤਰੀ ਵਿਦਿਆਰਥੀਆਂ ਲਈ ਭਾਰਤ ਸਭ ਤੋਂ ਵੱਡਾ ਸਾਧਨ ਰਿਹਾ ਹੈ। ਉਨ੍ਹਾਂ ਦੀ ਸੰਖਿਆ 2022 ਵਿੱਚ ਤਕਰੀਬਨ 50 ਫ਼ੀਸਦ ਵਧ ਕੇ ਤਕਰੀਬਨ 320,000 ਹੋ ਗਈ ਸੀ।

ਹਾਊਸ ਆਫ਼ ਕਾਮਨਜ਼, ਜੋ ਪਿਛਲੀ ਵਾਰ 2021 ਵਿੱਚ ਚੁਣਿਆ ਗਿਆ ਸੀ, ਵਿੱਚ 17 ਭਾਰਤੀ ਮੂਲ ਦੇ ਸੰਸਦ ਮੈਂਬਰ ਹਨ।

ਇਨ੍ਹਾਂ ਵਿੱਚ ਕੈਨੇਡਾ ਦੀ ਨਿਊ ਡੈਮੋਕ੍ਰੇਟਿਕ ਪਾਰਟੀ ਦੇ ਆਗੂ ਜਗਮੀਤ ਸਿੰਘ ਹਨ।

ਅਨੀਤਾ ਆਨੰਦ ਤਿੰਨ ਹੋਰ ਇੰਡੋ ਕੈਨੇਡੀਅਨ ਸੰਸਦ ਮੈਂਬਰਾਂ ਦੇ ਨਾਲ ਪਿਛਲੀ ਸਰਕਾਰ ਵਿੱਚ ਮੰਤਰੀ ਸੀ। ਉਸ ਨੂੰ ਦੋ ਹੋਰਾਂ ਦੇ ਨਾਲ ਮੌਜੂਦਾ ਸਰਕਾਰ ਵਿੱਚ ਰਾਸ਼ਟਰੀ ਰੱਖਿਆ ਮੰਤਰੀ ਵਜੋਂ ਬਰਕਰਾਰ ਰੱਖਿਆ ਗਿਆ ਸੀ।

ਕੈਨੇਡਾ ਵਸਦੇ ਮਾਹਰ ਕੀ ਕਹਿੰਦੇ ਹਨ

ਕੈਨੇਡਾ ’ਚ ਰਹਿੰਦੇ ਪੱਤਰਕਾਰ ਸ਼ਮੀਲ ਕਹਿੰਦੇ ਹਨ, “ਭਾਰਤੀ-ਕੈਨੇਡੀਅਨ ਭਾਈਚਾਰਾ ਇੱਥੇ ਸਿਆਸੀ ਤੌਰ 'ਤੇ ਸਭ ਤੋਂ ਵੱਧ ਸਰਗਰਮ ਭਾਈਚਾਰਿਆਂ ਵਿੱਚ ਗਿਣਿਆ ਜਾਂਦਾ ਹੈ। ਸਾਰੀਆਂ ਪਾਰਟੀਆਂ ਉਨ੍ਹਾਂ ਨੂੰ ਅਹਿਮੀਅਤ ਦਿੰਦੀਆਂ ਹਨ। ਉਹ ਸਿਆਸੀ ਤੌਰ ’ਤੇ ਸੁਚੇਤ ਹਨ ਅਤੇ ਰਾਜਨੀਤਿਕ ਤੌਰ 'ਤੇ ਸਰਗਰਮ ਹਨ।”

ਖ਼ਾਲਿਸਤਾਨ ਨਾਲ ਸਬੰਧਿਤ ਗਤੀਵਿਧੀਆਂ

ਪੰਜਾਬ ਅਧਾਰਿਤ ਸਵੈ-ਐਲਾਨੇ ਪ੍ਰਚਾਰਕ ਅੰਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਲਈ ਮਾਰਚ ’ਚ ਹੋਏ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਪੱਤਰਕਾਰ ਸ਼ਮੀਲ ਨੇ ਬੀਬੀਸੀ ਨਿਊਜ਼ ਨੂੰ ਦੱਸਿਆ ਸੀ ਕਿ ਦੇਸ਼ ਵਿੱਚ 1980 ਤੋਂ ਖ਼ਾਲਿਸਤਾਨ ਜਾਂ ਸਬੰਧਿਤ ਮੁੱਦਿਆਂ ਦੇ ਸਮਰਥਨ ਵਿੱਚ ਵਿਰੋਧ ਪ੍ਰਦਰਸ਼ਨ ਹੁੰਦੇ ਆਏ ਹਨ।

ਉਨ੍ਹਾਂ ਦਾ ਪੱਖ ਸੀ ਕਿ, “ਭਾਈਚਾਰੇ ਵਿੱਚ ਹਮੇਸ਼ਾ ਇੱਕ ਅਜਿਹਾ ਵਰਗ ਰਿਹਾ ਹੈ ਜੋ ਪੰਜਾਬ ਵਿੱਚ ਜਦੋਂ ਵੀ ਕੁਝ ਵਾਪਰਦਾ ਹੈ ਤਾਂ ਖ਼ਾਲਿਸਤਾਨ ਦੇ ਵਿਚਾਰ ਨੂੰ ਲੈ ਕੇ ਉਤਸ਼ਾਹਿਤ ਹੋ ਜਾਂਦਾ ਹੈ।"

ਇਸ ਲਈ, ਇਸ ਸਾਲ ਜੂਨ ਵਿੱਚ ਹਰਦੀਪ ਸਿੰਘ ਨਿੱਝਰ ਦੀ ਮੌਤ ਤੋਂ ਬਾਅਦ ਬਹੁਤ ਸਾਰੇ ਲੋਕ ਸੜਕਾਂ 'ਤੇ ਆ ਗਏ।

8 ਜੁਲਾਈ ਨੂੰ, ਸੈਂਕੜੇ ਲੋਕਾਂ ਨੇ ਉਸ ਦੇ ਕਤਲ ਦਾ ਵਿਰੋਧ ਕੀਤਾ। ਭਾਰਤ ਸਰਕਾਰ ਵਲੋਂ ਅਜਿਹੀਆਂ ਗਤੀਵਿਧੀਆਂ ਦਾ ਲਗਾਤਾਰ ਵਿਰੋਧ ਕੀਤਾ ਜਾਂਦਾ ਰਿਹਾ ਸੀ।

ਟੋਰਾਂਟੋ ’ਚ ਹੋਏ ਇੱਕ ਸਮਾਗਮ ਦੌਰਾਨ ਕੁਝ ਪੋਸਟਰਾਂ ਵਿੱਚ ‘ਕਿੱਲ ਇੰਡੀਆ’ ਸ਼ਬਦ ਲਿਖੇ ਨਜ਼ਰ ਆਏ ਅਤੇ ਕੈਨੇਡਾ ਵਿੱਚ ਭਾਰਤੀ ਡਿਪਲੋਮੈਟਾਂ ਨੂੰ ‘ਕਾਤਲ’ ਵਜੋਂ ਲੇਬਲ ਕੀਤਾ ਗਿਆ ਸੀ, ਜਿਸ ਨਾਲ ਗ਼ੁੱਸੇ ਵਿੱਚ ਆਈ ਭਾਰਤ ਸਰਕਾਰ ਨੇ ਕੈਨੇਡੀਅਨ ਰਾਜਦੂਤ ਨੂੰ ਤਲਬ ਕੀਤਾ ਸੀ।

ਦੋਵਾਂ ਦੇਸ਼ਾਂ ਵਿਚਾਲੇ ਰਿਸ਼ਤੇ

ਇਸ ਮਹੀਨੇ ਦੇ ਸ਼ੁਰੂ ਵਿੱਚ ਕੈਨੇਡੀਅਨ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੇ ਭਾਰਤੀ ਹਮਰੁਤਬਾ ਨਰਿੰਦਰ ਮੋਦੀ ਦਰਮਿਆਨ ਹੋਈ ਜੀ-20 ਮੀਟਿੰਗ ਨੇ ਨੇੜਲੇ ਭਵਿੱਖ ਬਾਰੇ ਸੰਭਾਵਿਤ ਸੰਕੇਤ ਦਿੱਤੇ ਸਨ।

ਖ਼ਾਲਿਸਤਾਨ ਪ੍ਰਦਰਸ਼ਨਾਂ ਬਾਰੇ ਪੁੱਛੇ ਸਵਾਲ 'ਤੇ ਟਰੂਡੋ ਨੇ ਕਿਹਾ ਕਿ ਕੈਨੇਡਾ ਹਮੇਸ਼ਾ ਪ੍ਰਗਟਾਵੇ ਦੀ ਆਜ਼ਾਦੀ, ਜ਼ਮੀਰ ਦੀ ਆਜ਼ਾਦੀ ਅਤੇ ਸ਼ਾਂਤਮਈ ਪ੍ਰਦਰਸ਼ਨ ਦੀ ਆਜ਼ਾਦੀ ਦੀ ਹਾਮੀ ਭਰੇਗਾ।

ਇਸ 'ਤੇ ਭਾਰਤ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ।

ਭਾਰਤੀ ਬੁਲਾਰੇ ਨੇ ਕਿਹਾ ਸੀ, “ਉਨ੍ਹਾਂ (ਪ੍ਰਧਾਨ ਮੰਤਰੀ ਟਰੂਡੋ) ਨੇ ਕੈਨੇਡਾ ਵਿੱਚ ਕੱਟੜਪੰਥੀ ਤੱਤਾਂ ਦੀਆਂ ਭਾਰਤ ਵਿਰੋਧੀ ਗਤੀਵਿਧੀਆਂ ਨੂੰ ਜਾਰੀ ਰੱਖਣ ਬਾਰੇ ਸਾਡੀਆਂ ਚਿੰਤਾਵਾਂ ਨੂੰ ਜ਼ਾਹਰ ਕੀਤਾ ਹੈ।’’

‘‘ਉਹ ਵੱਖਵਾਦ ਨੂੰ ਉਤਸ਼ਾਹਿਤ ਕਰ ਰਹੇ ਹਨ ਅਤੇ ਭਾਰਤੀ ਡਿਪਲੋਮੈਟਾਂ ਵਿਰੁੱਧ ਹਿੰਸਾ ਭੜਕਾਉਣ, ਕੂਟਨੀਤਕ ਇਮਾਰਤਾਂ ਨੂੰ ਨੁਕਸਾਨ ਪਹੁੰਚਾਉਣ ਅਤੇ ਕੈਨੇਡਾ ਵਿੱਚ ਭਾਰਤੀ ਭਾਈਚਾਰੇ ਅਤੇ ਉਨ੍ਹਾਂ ਦੇ ਧਾਰਮਿਕ ਸਥਾਨਾਂ ਨੂੰ ਨਿਸ਼ਾਨਾ ਬਣਾ ਰਹੇ ਹਨ।"

ਦਿੱਲੀ ਸਥਿਤ ਇੰਸਟੀਚਿਊਟ ਫ਼ਾਰ ਕਨਫਲਿਕਟ ਮੈਨੇਜਮੈਂਟ ਦੇ ਕਾਰਜਕਾਰੀ ਨਿਰਦੇਸ਼ਕ ਡਾਕਟਰ ਅਜੈ ਸਾਹਨੀ ਨੇ ਬੀਬੀਸੀ ਨਾਲ ਗੱਲਬਾਤ ਕਰਦਿਆਂ ਕਿਹਾ, “ਦੋਵੇਂ ਦੇਸ਼ਾਂ ਦੇ ਸਬੰਧ ਲਗਾਤਾਰ ਵਿਗੜਦੇ ਜਾ ਰਹੇ ਹਨ। ਕੈਨੇਡਾ ਖਾਲਿਸਤਾਨੀ ਡਾਇਸਪੋਰਾ ਵਿੱਚ ਖਾੜਕੂ ਤੱਤਾਂ ਨੂੰ ਉਨ੍ਹਾਂ ਦੀਆਂ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਦੀ ਥਾਂ ਦੇ ਰਿਹਾ ਹੈ”

“ਇਸ ਵਰਤਾਰੇ ਨੂੰ ਕੁਝ ਸਪੱਸ਼ਟ ਤਰੀਕੇ ਨਾਲ ਸਮਝਦੇ ਹਾਂ ਕਿ ਟਰੂਡੋ ਸਰਕਾਰ ਇੱਕ ਘੱਟ ਗਿਣਤੀ ਸਰਕਾਰ ਹੈ ਅਤੇ ਉਸਨੂੰ ਨੈਸ਼ਨਲ ਡੈਮੋਕਰੇਟਿਕ ਪਾਰਟੀ ਦਾ ਸਮਰਥਨ ਹੈ ਜਿਸ ਦੀ ਅਗਵਾਈ ਜਗਮੀਤ ਸਿੰਘ ਕਰ ਰਹੇ ਹਨ ਜੋ ਖਾਲਿਸਤਾਨੀ ਸਮਰਥਕ ਹਨ।”

“ਇਸ ਲਈ, ਤੁਸੀਂ ਕਹਿ ਸਕਦੇ ਹੋ ਕਿ ਟਰੂਡੋ ਸਰਕਾਰ ਖਾਲਿਸਤਾਨੀ ਸਮਰਥਨ 'ਤੇ ਨਿਰਭਰ ਹੈ।”

“ਉਨ੍ਹਾਂ ਕਿਹਾ ਕਿ ਖਾਲਿਸਤਾਨੀ ਸਮਰਥਕਾਂ ਦੀ ਗਿਣਤੀ ਭਾਵੇਂ ਕੁਝ ਵੀ ਹੋਵੇ, ਪਰ ਉਹ ਸਾਰੇ ਇੱਕ ਪਾਸੇ ਵੋਟ ਪਾ ਸਕਦੇ ਹਨ ਜਾਂ ਵੋਟ ਪਾਉਣ ਤੋਂ ਚਰਚਾ ਦਾ ਵਿਸ਼ਾ ਬਣੇ ਮੁੱਦਿਆਂ ਦਾ ਹਿੱਸਾ ਦਾ ਹੋਣਗੇ ਹੀ।”

ਉਨ੍ਹਾਂ ਨੇ ਅੱਗੇ ਕਿਹਾ ਕਿ ਇੱਕ ਹੋਰ ਸਮੱਸਿਆ ਇਹ ਹੈ ਕਿ, "ਭਾਰਤ ਸਰਕਾਰ ਦਾ ਸੁਭਾਅ ਹੈ। ਜਦੋਂ ਕਈ ਲੋਕ ਹਿੰਦੂ ਰਾਸ਼ਟਰ ਬਾਰੇ ਟਿੱਪਣੀ ਕਰਦੇ ਹਨ, ਤਾਂ ਤੁਸੀਂ ਉਨ੍ਹਾਂ ਨੂੰ ਇਹ ਦਲੀਲ ਦੇਣ ਦਾ ਹੱਕ ਦੇ ਰਹੇ ਹੋ ਦਿੰਦੇ ਹੋ ਕਿ ਤੁਸੀਂ ਆਪਣਾ ਹਿੰਦੂ-ਰਾਸ਼ਟਰ ਲੈ ਲਓ ਅਤੇ ਸਾਨੂੰ ਸਾਡਾ ਆਪਣਾ ਧਰਮ ਆਧਾਰਤ ਰਾਜ ਦੇ ਦਿਓ।”

ਕੈਨੇਡਾ ਵਿੱਚ ਖਾਲਿਸਤਾਨ ਪੱਖੀ ਗਤੀਵਿਧੀਆਂ

  • ਨਿੱਝਰ ਦੀ ਮੌਤ ਤੋਂ ਬਾਅਦ ਭਾਰਤੀ ਡਿਪਲੋਮੈਟਾਂ ਖਿਲਾਫ਼ ਪੋਸਟਰ ਸਾਹਮਣੇ ਆਏ ਸਨ ਜਿਸ ਤੋਂ ਬਾਅਦ ਵਿਵਾਦ ਪੈਦਾ ਹੋ ਗਿਆ ਸੀ।
  • ਕੈਨੇਡਾ ਦੇ ਬਰੈਂਪਟਨ ਸ਼ਹਿਰ ਵਿੱਚ ਸਿੱਖ ਭਾਈਚਾਰੇ ਵਲੋਂ ਨਗਰ ਕੀਰਤਨ ਕੱਢਿਆ ਗਿਆ, ਇਸ ਦੌਰਾਨ ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਕਤਲ ਦਰਸਾਉਂਦੀ ਇੱਕ ਝਾਕੀ ਕੱਢੀ ਗਈ ਸੀ
  • ਕੈਨੇਡਾ ਦੇ ਬਰੈਂਪਟਨ ਸ਼ਹਿਰ ਵਿੱਚ ਸਥਿਤ ਗੌਰੀ ਸੰਕਰ ਮੰਦਰ ਦੀਆਂ ਕੰਧਾਂ ਉੱਤੇ ਖ਼ਾਲਿਸਤਾਨੀ ਨਾਅਰੇ ਲਿਖੇ ਗਏ ਸਨ ਤੇ ਭੰਨਤੋੜ ਦਾ ਮਾਮਲਾ ਸਾਹਮਣੇ ਆਇਆ ਸੀ।
  • ਮੀਡੀਆ ਰਿਪੋਰਟਾਂ ਮੁਤਾਬਕ ਕੈਨੇਡਾ ਵਿੱਚ ਇੱਕ ਖਾਲਿਸਤਾਨ ਪੱਖੀ ਗਰੁੱਪ ਨੇ 8 ਜੁਲਾਈ ਨੂੰ ਟੋਰਾਂਟੋ ਵਿੱਚ ਰੈਲੀ ਸੱਦੀ ਹੈ।

ਸਾਬਕਾ ਰਾਜਦੂਤ ਅਨਿਲ ਤ੍ਰਿਗੁਣਾਯਤ ਨੇ ਬੀਬੀਸੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਦੋਂ ਤੱਕ ਜਸਟਿਨ ਟਰੂਡੋ ਆਪਣਾ ਰੁਖ਼ ਨਹੀਂ ਬਦਲਦੇ, ਉਦੋਂ ਤੱਕ ਦੋਵਾਂ ਦੇਸ਼ਾਂ ਦੇ ਸੰਬੰਧ ਨੇੜਲੇ ਭਵਿੱਖ ਵਿੱਚ ਆਮ ਵਰਗੇ ਹੁੰਦੇ ਨਜ਼ਰ ਨਹੀਂ ਆਉਂਦੇ।

"40 ਸਾਲਾਂ ਤੋਂ, ਕੈਨੇਡਾ ਵਿੱਚ ਖਾਲਿਸਤਾਨੀ ਤੱਤਾਂ ਨੂੰ ਸਿਆਸੀ ਤੌਰ 'ਤੇ ਸਮਰਥਨ ਦਿੱਤਾ ਗਿਆ ਹੈ। ਭਾਰਤ ਸਰਕਾਰ ਉਨ੍ਹਾਂ ਨੂੰ ਖਾੜਕੂਆਂ ਦੀਆਂ ਸੂਚੀਆਂ ਸੌਂਪਦੀ ਰਹੀ ਹੈ ਅਤੇ ਉਨ੍ਹਾਂ ਨੂੰ ਸਬੂਤ ਵੀ ਪੇਸ਼ ਕਰਦੀ ਰਹੀ ਹੈ। ਪਰ ਇਸ ਉੱਤੇ ਕੋਈ ਕਾਰਵਾਈ ਨਹੀਂ ਹੋਈ।”

ਉਨ੍ਹਾਂ ਨੇ ਦਲੀਲ ਦਿੱਤੀ ਕਿ ਜੇ ਕੈਨੇਡਾ ਭਾਰਤ ਨਾਲ ਸੁਹਿਰਦ ਸਬੰਧ ਕਾਇਮ ਰੱਖਣਾ ਚਾਹੁੰਦਾ ਤਾਂ “ਉਹ ਇਨ੍ਹਾਂ ਇਲਜ਼ਾਮਾਂ ਅਤੇ ਭਾਰਤੀ ਡਿਪਲੋਮੈਟ ਨੂੰ ਕੱਢਣ ਬਾਰੇ ਜਨਤਕ ਤੌਰ 'ਤੇ ਐਲਾਨ ਨਾ ਕਰਦਾ। ਬਲਕਿ ਭਾਰਤ ਨਾਲ ਕੂਟਨੀਤਕ ਤਰੀਕੇ ਨਾਲ ਗੱਲਬਾਤ ਕਰਦਾ।”

“ਪਰ ਕੈਨੇਡਾ ਦੀ ਕਾਰਵਾਈ ਦਾ ਸਿੱਟਾ ਇਹ ਹੋਇਆ ਕਿ ਭਾਰਤ ਨੇ ਵੀ ਜਵਾਬੀ ਕਾਰਵਾਈ ਕੀਤੀ ਅਤੇ ਨਤੀਜਾ ਸਾਡੇ ਸਾਹਮਣੇ ਹੈ।

ਆਸਟ੍ਰੇਲੀਆ : ਭਾਰਤ ਨਾਲ ਸੰਬੰਧ, ਵਪਾਰ ਤੇ ਡਾਇਸਪੋਰਾ

ਆਸਟ੍ਰੇਲੀਆ ਨਾਲ ਭਾਰਤ ਦੇ ਸੰਬੰਧ

2021 ਦੀ ਮਰਦਮਸ਼ੁਮਾਰੀ ਮੁਤਾਬਕ, ਆਸਟ੍ਰੇਲੀਆ ਵਿੱਚ ਭਾਰਤੀ ਮੂਲ ਦੇ 6.73 ਲੱਖ ਲੋਕ ਰਹਿੰਦੇ ਹਨ, ਜਿਨ੍ਹਾਂ ਵਿੱਚੋਂ 2.39 ਲੱਖ ਪੰਜਾਬੀ ਬੋਲਣ ਵਾਲੇ ਲੋਕ ਹਨ।

ਭਾਰਤੀ ਡਾਇਸਪੋਰਾ

2016 ਦੀ ਮਰਦਮਸ਼ੁਮਾਰੀ ਤੋਂ ਪਤਾ ਲੱਗਾ ਕਿ ਆਸਟ੍ਰੇਲੀਆ ਵਿੱਚ 159,653 ਲੋਕ ਘਰ ਵਿੱਚ ਹਿੰਦੀ ਬੋਲਦੇ ਸੀ ।

ਇਨ੍ਹਾਂ ਵਿੱਚੋਂ 135,443 ਭਾਰਤੀ ਮੂਲ ਦੇ ਹਨ, ਜਿਨ੍ਹਾਂ ਵਿੱਚੋਂ 92,591ਪੰਜਾਬੀ ਹਨ।

ਮੈਲਬਰਨ ਸਥਿਤ ਪੱਤਰਕਾਰ ਰੁਚਿਕਾ ਤਲਵਾਰ ਦਾ ਕਹਿਣਾ ਹੈ, “ਪਿਛਲੇ ਕਈ ਦਹਾਕਿਆਂ ਤੋਂ ਆਸਟ੍ਰੇਲੀਆ ਵਿੱਚ ਭਾਰਤੀ ਡਾਇਸਪੋਰਾ ਗਿਣਤੀ ਦੇ ਨਾਲ-ਨਾਲ ਪ੍ਰਭਾਵ ਪੱਖੋਂ ਵੀ ਵੱਧ ਰਿਹਾ ਹੈ।”

“ਉਹ ਹੋਰ ਖੇਤਰਾਂ ਵਾਂਗ ਸਿਆਸਤ ਵਿੱਚ ਵੀ ਤੇਜ਼ੀ ਨਾਲ ਨਜ਼ਰ ਆਉਣ ਲੱਗੇ ਹਨ। ਮੈਡੀਕਲ ਅਤੇ ਆਈਟੀ ਵਰਗੇ ਖੇਤਰਾਂ ਵਿੱਚ ਉਨ੍ਹਾਂ ਦੀ ਮੁਹਾਰਤ ਨੂੰ ਆਸਟ੍ਰੇਲੀਆ ਵਿੱਚ ਸਹਿਰਾਇਆ ਜਾਂਦਾ ਹੈ। ਆਸਟ੍ਰੇਲੀਆ ਦੇ ਸੰਘੀ ਅਤੇ ਖੇਤਰੀ ਪੱਧਰਾਂ 'ਤੇ ਮੁਕਾਮ ਹਾਸਲ ਕਰਨ ਵਾਲੇ ਕਈ ਸਿਆਸਤਦਾਨ ਭਾਰਤ ਵਿੱਚ ਪੈਦਾ ਹੋਏ ਸਨ।”

ਹਾਲਾਂਕਿ, ਕੈਨੇਡਾ ਅਤੇ ਬਰਤਾਨੀਆ ਦੇ ਮੁਕਾਬਲੇ, ਭਾਰਤੀ ਮੂਲ ਦੇ ਬਹੁਤ ਸਾਰੇ ਵਿਅਕਤੀਆਂ ਨੂੰ ਆਸਟਰੇਲੀਆ ਦੀ ਸਿਆਸਤ ਵਿੱਚ ਪ੍ਰਮੁੱਖ ਸਥਾਨ ਨਹੀਂ ਮਿਲਦਾ।

ਲੀਜ਼ਾ ਸਿੰਘ ਤਸਮਾਨੀਆ ਦੀ ਸੈਨੇਟਰ ਬਣੇ ਸਨ।

ਡੈਨੀਅਲ ਮੂਕੀ, ਜੋ ਸੰਸਦ ਲਈ ਚੁਣੇ ਗਏ ਸਨ, ਨੂੰ ਹਾਲ ਹੀ ਵਿੱਚ ਖਜ਼ਾਨਚੀ ਦਾ ਵੱਡਾ ਅਹੁਦਾ ਮਿਲਿਆ ਸੀ ਅਤੇ ਉਹ ਭਗਵਦ ਗੀਤਾ 'ਤੇ ਹੱਥ ਰੱਖਕੇ ਸਹੁੰ ਚੁੱਕਣ ਵਾਲੇ ਆਸਟ੍ਰੇਲੀਆ ਵਿੱਚ ਪਹਿਲੇ ਵਿਅਕਤੀ ਬਣ ਗਏ ਸਨ।

ਭਾਰਤ-ਕੈਨੇਡਾ ਮਸਲਾ: ਹੁਣ ਤੱਕ ਕੀ ਕੁਝ ਹੋਇਆ

  • ਸੋਮਵਾਰ ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ ਏਜੰਸੀਆਂ ਦੇ ਹਵਾਲੇ ਨਾਲ ਨਿੱਝਰ ਕਤਲ ਕੇਸ ਅਤੇ ਭਾਰਤ ਸਰਕਾਰ ਵਿਚਾਲੇ ਪ੍ਰਤੱਖ਼ ਲਿੰਕ ਹੋਣ ਦੀ ਗੱਲ ਕਹੀ ਸੀ।
  • ਇਸ ਬਿਆਨ ਤੋਂ ਬਾਅਦ ਕੈਨੇਡਾ ਨੇ ਭਾਰਤ ਦੇ ਸੀਨੀਅਰ ਡਿਪਲੋਮੇਟ ਪਵਨ ਕੁਮਾਰ ਰਾਏ ਨੂੰ ਮੁਲਕ ਵਿੱਚੋਂ ਕੱਢ ਦਿੱਤਾ।
  • ਭਾਰਤ ਨੇ ਵੀ ਮੰਗਲਵਾਰ ਕੈਨੇਡਾ ਦੇ ਸੀਨੀਅਰ ਡਿਪਲੋਮੇਟ ਨੂੰ ਪੰਜ ਦਿਨਾਂ ਦੇ ਅੰਦਰ ਭਾਰਤ ਛੱਡਣ ਦਾ ਹੁਕਮ ਦਿੱਤਾ ਹੈ।
  • ਭਾਰਤ ਸਰਕਾਰ ਨੇ ਇਸ ਬਿਆਨ ਨੂੰ ਬੇ-ਬੁਨਿਆਦ ਅਤੇ ਸਿਆਸੀ ਤੌਰ ਉੱਤੇ ਪ੍ਰੇਰਿਤ ਕਰਾਰ ਦਿੱਤਾ ਸੀ।
  • 21 ਸਤੰਬਰ ਨੂੰ ਨਿਊਯਾਰਕ ਵਿੱਚ ਟਰੂਡੋ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਆਪਣੇ ਇਲਜ਼ਾਮ ਦੁਹਰਾਏ, “ਇਸ ਗੱਲ ਉੱਤੇ ਭਰੋਸਾ ਕਰਨ ਲਈ ਪੁਖ਼ਤਾ ਕਾਰਨ ਹਨ ਕਿ ਭਾਰਤੀ ਏਜੰਟ ਇੱਕ ਕੈਨੇਡੀਅਨ ਨਾਗਰਿਕ ਦੇ ਕੈਨੇਡੀਅਨ ਧਰਤੀ ਉੱਤੇ ਹੋਏ ਕਤਲ ਵਿੱਚ ਸ਼ਾਮਿਲ ਹਨ।”
  • ਇਸ ਵਿਵਾਦ ਦੇ ਚਲਦਿਆਂ ਦੋਵੇਂ ਦੇਸ਼ਾਂ ਨੇ ਆਪਣੇ-ਆਪਣੇ ਨਾਗਰਿਕਾਂ ਨੂੰ ਇੱਕ-ਦੂਜੇ ਦੇ ਦੇਸ਼ 'ਚ ਰਹਿਣ ਜਾਂ ਯਾਤਰਾ ਦੌਰਾਨ ਵਧੇਰੇ ਸਾਵਧਾਨ ਰਹਿਣ ਦੀਆਂ ਹਦਾਇਤਾਂ ਦਿੱਤੀਆਂ ਹਨ।
  • ਇਸੇ ਦੌਰਾਨ ਅਮਰੀਕਾ ਨੇ ਕਿਹਾ ਹੈ ਕਿ ਉਹ ਪ੍ਰਧਾਨ ਮੰਤਰੀ ਟਰੂ਼ਡੋ ਵਲੋਂ ਲਾਏ ਇਲਜ਼ਾਮਾਂ ਦੀ ਵਿਸਥਾਰਤ ਜਾਂਚ ਦਾ ਸਮਰਥਕ ਹੈ ਅਤੇ ਭਾਰਤ ਨੂੰ ਇਸ ਮਸਲੇ ਉੱਤੇ ਸਹਿਯੋਗ ਕਰਨਾ ਚਾਹੀਦਾ ਹੈ।
  • ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਮਹਿਲਾ ਬੁਲਾਰੇ ਮੁਮਤਾਜ਼ ਜ਼ਾਹਰਾ ਬਲੋਚ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ, ''ਇਹ ਇੱਕ ਲਾਪਰਵਾਹ ਅਤੇ ਗ਼ੈਰ-ਜ਼ਿੰਮੇਦਾਰ ਹਰਕਤ ਹੈ ਜੋ ਇੱਕ ਭਰੋਸੇਯੋਗ ਅੰਤਰ-ਰਾਸ਼ਟਰੀ ਸਹਿਯੋਗੀ ਦੇ ਰੂਪ 'ਚ ਭਾਰਤ ਦੀ ਭਰੋਸੇਯੋਗਤਾ 'ਤੇ ਸਵਾਲ ਹੈ।’’

ਆਸਟ੍ਰੇਲੀਆ:ਵਪਾਰ, ਭਾਰਤ ਨਾਲ ਸਬੰਧ ਤੇ ਖ਼ਾਲਿਸਤਾਨ ਨਾਲ ਸਬੰਧਿਤ ਘਟਨਾਵਾਂ

ਵਪਾਰ

ਭਾਰਤ ਸਰਕਾਰ ਦੇ ਅੰਕੜਿਆਂ ਮੁਤਾਬਕ 2022-23 ਵਿੱਚ ਆਸਟਰੇਲੀਆ ਨਾਲ ਵਪਾਰ 6951 ਮਿਲੀਅਨ ਡਾਲਰ ਸੀ ਜੋ ਪਿਛਲੇ ਸਾਲ ਨਾਲੋਂ 16 ਫ਼ੀਸਦੀ ਘੱਟ ਸੀ।

ਖ਼ਾਲਿਸਤਾਨ ਨਾਲ ਸਬੰਧਿਤ ਘਟਨਾਵਾਂ

ਰੁਚਿਕਾ ਤਲਵਾਰ ਨੇ ਕਿਹਾ ਕਿ, “ਆਸਟ੍ਰੇਲੀਆ-ਭਾਰਤ ਸਬੰਧ ਖਾਲਿਸਤਾਨ ਦੀਆਂ ਗੱਲਾਂ ਤੋਂ ਬਚੇ ਨਹੀਂ ਰਹੇ ਹਨ।”

“ਖਾਲਿਸਤਾਨ ਦੀ ਮੰਗ ਚੁੱਕਣ ਵਾਲੀ ਪ੍ਰਮੁੱਖ ਜਥੇਬੰਦੀ ਐੱਸਐੱਫ਼ਜੇ ਨੇ ਇਸ ਸਾਲ ਮੈਲਬਰਨ, ਸਿਡਨੀ ਅਤੇ ਬ੍ਰਿਸਬੇਨ ਵਿੱਚ ਅਖੌਤੀ ਰੈਫ਼ਰੈਂਡਮ ਕਰਵਾਏ ਹਨ।”

“ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਈ ਵਿੱਚ ਆਪਣੀ ਆਸਟ੍ਰੇਲੀਆ ਫੇਰੀ ਦੌਰਾਨ ਸਪੱਸ਼ਟ ਤੌਰ 'ਤੇ ਜ਼ਿਕਰ ਕੀਤਾ ਸੀ ਕਿ ਉਨ੍ਹਾਂ ਨੇ ਸਿੱਖ ਵੱਖਵਾਦੀਆਂ ਅਤੇ ਆਸਟ੍ਰੇਲੀਆ ਵਿੱਚ ਉਨ੍ਹਾਂ ਦੀਆਂ ਗਤੀਵਿਧੀਆਂ ਦੇ ਨਾਲ-ਨਾਲ ਸਥਾਨਕ ਹਿੰਦੂ ਮੰਦਰਾਂ ਦੀ ਕਥਿਤ ਤੌਰ 'ਤੇ ਬੇਅਦਬੀ ਬਾਰੇ ਆਪਣੀ ਸਰਕਾਰ ਦੀਆਂ ਚਿੰਤਾਵਾਂ ਆਸਟ੍ਰੇਲੀਆ ਕੋਲ ਜਤਾਈਆਂ ਹਨ।”

“ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਭਾਰਤ ਦੇ ਹਿੱਤਾਂ ਵਿਰੁੱਧ

ਕੋਈ ਵੀ ਗਤੀਵਿਧੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।”

ਉਨ੍ਹਾਂ ਨੇ ਅੱਗੇ ਕਿਹਾ ਕਿ ਆਸਟਰੇਲੀਆ ਫ਼ਿਲਹਾਲ ਭਾਰਤ-ਕੈਨੇਡਾ ਵਿਚਾਲੇ ਤਣਾਅ ਨੂੰ ਦੂਰੋਂ ਹੀ ਦੇਖ ਰਿਹਾ ਹੈ।

ਆਸਟ੍ਰੇਲੀਆ ਦੇ ਵਿਦੇਸ਼ ਮੰਤਰੀ ਪੈਨੀ ਵੋਂਗ ਦੇ ਬੁਲਾਰੇ ਨੇ ਸਥਾਨਕ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਕੈਨੇਡਾ ਦੇ ਇਲਜ਼ਾਮ ਗੰਭੀਰ ਚਿੰਤਾ ਭਰੇ ਹਨ।

ਉਨ੍ਹਾਂ ਕਿਹਾ, “ਇਹ ਵੀ ਨੋਟ ਕੀਤਾ ਗਿਆ ਕਿ ਇਸ ਮਾਮਲੇ ਦੀ ਜਾਂਚ ਜਾਰੀ ਹੈ। ਆਸਟ੍ਰੇਲੀਆ ਅਤੇ ਭਾਰਤ ਵਪਾਰ, ਸਿੱਖਿਆ, ਸੈਰ-ਸਪਾਟਾ ਅਤੇ ਰੱਖਿਆ ਵਰਗੇ ਕਈ ਮਸਲਿਆਂ 'ਤੇ ਸਾਂਝੇਦਾਰ ਹਨ। ਸਾਂਝੀਆਂ ਚਿੰਤਾਵਾਂ ਦੁਆਰਾ ਸੰਯੁਕਤ, ਉਹ ਚਾਰ-ਦੇਸ਼ਾਂ ਦੇ ਰਣਨੀਤਕ ਗਠਜੋੜ ਦਾ ਹਿੱਸਾ ਵੀ ਹਨ, ਜਿਸਦਾ ਉਦੇਸ਼ ਭਾਰਤ-ਪ੍ਰਸ਼ਾਂਤ ਖੇਤਰ ਵਿੱਚ ਆਪਣੀ ਪਕੜ ਨੂੰ ਮਜ਼ਬੂਤ ਕਰਨਾ ਹੈ।”

“ਆਸਟ੍ਰੇਲੀਆ ਵਿੱਚ ਭਾਰਤੀ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਹੋਰਾਂ ਨਾਲੋਂ ਜ਼ਿਆਦਾ ਹੈ। ਪਿਛਲੇ ਕਈ ਸਾਲਾਂ ਤੋਂ ਭਾਰਤੀ ਸੈਲਾਨੀਆਂ ਦੀ ਗਿਣਤੀ ਵੀ ਵਧ ਰਹੀ ਹੈ।

ਖ਼ਾਲਿਸਤਾਨ ਨਾਲ ਸਬੰਧਤ ਇੱਕ ਮਹੱਤਵਪੂਰਨ ਘਟਨਾ ਹਾਲ ਹੀ ’ਚ ਜੁਲਾਈ ਵਿੱਚ ਵਾਪਰੀ।

ਅੰਗਰੇਜ਼ੀ ਅਖ਼ਬਾਰ ਦਿ ਟ੍ਰਿਬਿਊਨ ਦੀ ਰਿਪੋਰਟ ਮੁਤਾਬਕ ਆਸਟ੍ਰੇਲੀਆ ਵਿੱਚ ਖ਼ਾਲਿਸਤਾਨ ਸਮਰਥਕਾਂ ਵੱਲੋਂ ਕੱਟੜਪੰਥੀ ਤੱਤਾਂ ਦੀਆਂ ਗਤੀਵਿਧੀਆਂ ਦਾ ਵਿਰੋਧ ਕਰਨ ਲਈ ਇੱਕ 23 ਸਾਲਾ ਭਾਰਤੀ ਵਿਦਿਆਰਥੀ ਨੂੰ ਲੋਹੇ ਦੀਆਂ ਰਾਡਾਂ ਨਾਲ ਕੁੱਟਿਆ ਗਿਆ ਸੀ।

“ਵਿਦਿਆਰਥੀ ਕੰਮ 'ਤੇ ਜਾ ਰਿਹਾ ਸੀ ਜਦੋਂ ਸਿਡਨੀ ਦੇ ਪੱਛਮੀ ਉਪਨਗਰ ਮੈਰੀਲੈਂਡਜ਼ 'ਚ 'ਖ਼ਾਲਿਸਤਾਨ ਜ਼ਿੰਦਾਬਾਦ' ਦੇ ਨਾਅਰੇ ਲਾ ਰਹੇ ਹਮਲਾਵਰਾਂ ਨੇ ਉਸ 'ਤੇ ਹਮਲਾ ਕਰ ਦਿੱਤਾ।”

ਇਸ ਸਾਲ ਦੇ ਸ਼ੁਰੂ ਵਿਚ ਦੇਸ਼ ਵਿਚ ਹਿੰਦੂ ਮੰਦਰਾਂ 'ਤੇ ਕੁਝ ਭਾਰਤ ਵਿਰੋਧੀ ਗ੍ਰੈਫ਼ਿਟੀ ਬਣਾਏ ਜਾਣ ਦੀ ਰਿਪੋਰਟ ਤੋਂ ਬਾਅਦ ਆਸਟ੍ਰੇਲੀਆ ਵਸਦੇ ਭਾਰਤੀ ਭਾਈਚਾਰੇ ਵਿੱਚ ਤਣਾਅ ਵਧ ਗਿਆ ਸੀ।

ਭਾਰਤ ਨੇ ਆਸਟ੍ਰੇਲੀਆ ਨੂੰ ਖ਼ਾਲਿਸਤਾਨ ਪੱਖੀ ਤੱਤਾਂ ਦੀਆਂ ਭਾਰਤ ਵਿਰੋਧੀ ਗਤੀਵਿਧੀਆਂ ਅਤੇ ਹਿੰਦੂ ਮੰਦਰਾਂ 'ਤੇ ਹਮਲਿਆਂ ਨੂੰ ਰੋਕਣ ਲਈ ਕਿਹਾ ਸੀ। ਆਸਟ੍ਰੇਲੀਆ ਦੀ ਕੁਈਨਜ਼ਲੈਂਡ ਰਾਜ ਪੁਲਿਸ ਨੇ ਮਾਰਚ ਵਿੱਚ ਬ੍ਰਿਸਬੇਨ ਮੰਦਰ ਦੀ ਬਾਹਰੀ ਕੰਧ ਨੂੰ ਵਿਗਾੜਨ ਦੀ ਆਪਣੀ ਜਾਂਚ ਦੇ ਦਸਤਾਵੇਜ਼ ਜਾਰੀ ਕੀਤੇ ਸਨ।

ਉੱਧਰ, ਇੱਕ ਵੀਡੀਓ ਬਿਆਨ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਦਾਅਵਾ ਕੀਤਾ ਹੈ ਕਿ ,"ਆਸਟ੍ਰੇਲੀਅਨ ਪੁਲਿਸ ਨੇ ਸਪੱਸ਼ਟ ਕੀਤਾ ਹੈ ਕਿ ਬ੍ਰਿਸਬੇਨ ਦੇ ਇੱਕ ਹਿੰਦੂ ਮੰਦਰ ਦੀਆਂ ਕੰਧਾਂ 'ਤੇ ਖ਼ਾਲਿਸਤਾਨ ਦੇ ਨਾਅਰੇ ਲਿਖਣ ਦੀਆਂ ਘਟਨਾਵਾਂ ਵਿੱਚ ਮੰਦਰ ਨਾਲ ਜੁੜੇ ਲੋਕ ਸ਼ਾਮਲ ਸਨ। ਉਨ੍ਹਾਂ (ਪੁਲਿਸ) ਨੇ ਇਹ ਸ਼ਬਦ ਵਰਤਿਆ ਹੈ ਕਿ ਇਸ ਵਿੱਚ ਹਿੰਦੂ ਸ਼ਾਮਲ ਸਨ।”

ਗਰੇਵਾਲ ਨੇ ਕਿਹਾ, “ਇਹ ਚਿੰਤਾਜਨਕ ਹੈ। ਇੱਕ ਆਸਟ੍ਰੇਲੀਆਈ ਪੁਲਿਸ ਅਧਿਕਾਰੀ ਨੇ ਕਿਹਾ ਹੈ ਕਿ ਨਾਅਰੇ ਲਿਖੇ ਜਾਣ ਤੋਂ ਪਹਿਲਾਂ ਕੈਮਰੇ ਬੰਦ ਕਰ ਦਿੱਤੇ ਗਏ ਸਨ।”

ਭਾਈਚਾਰਿਆਂ ਦਰਮਿਆਨ ਤਣਾਅ ਪੈਦਾ ਕਰਨ ਵਾਲੀਆਂ ਅਜਿਹੀਆਂ ਘਟਨਾਵਾਂ ਕਈ ਵਾਰ ਸਾਮਹਣੇ ਆਈਆ ਹਨ।

ਦੋਵਾਂ ਦੇਸ਼ਾਂ ਵਿਚਾਲੇ ਰਿਸ਼ਤੇ

ਅਜੇ ਸਾਹਨੀ ਕਹਿੰਦੇ ਹਨ, “ਇਸ ਤਰ੍ਹਾਂ ਦੀਆਂ ਚੀਜ਼ਾਂ ਭਾਰਤ ਤੇ ਆਸਟ੍ਰੇਲੀਆ ਦਰਮਿਆਨ ਬੇਚੈਨੀ ਪੈਦਾ ਕਰਦੀਆਂ ਹਨ ਪਰ ਇਨ੍ਹਾਂ ਵਿੱਚੋਂ ਕੋਈ ਵੀ ਉਸ ਪੱਧਰ 'ਤੇ ਨਹੀਂ ਹੈ ਜਿੱਥੇ ਇਹ ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਪ੍ਰਭਾਵਤ ਕਰੇ।”

“ਇਨ੍ਹਾਂ ਭਾਈਚਾਰਿਆਂ ਦੁਆਰਾ ਉਨ੍ਹਾਂ ਨੂੰ ਖਾਲਿਸਤਾਨੀ ਜਾਂ ਹਿੰਦੂਤਵ ਵਿਚਾਰਧਾਰਾ ਦੇ ਪ੍ਰਭਾਵ ਹੇਠ ਇੱਕ ਮਾਮੂਲੀ ਸ਼ਰਾਰਤ ਵਜੋਂ ਦੇਖਿਆ ਜਾਂਦਾ ਹੈ। ਮੈਨੂੰ ਨਹੀਂ ਲੱਗਦਾ ਕਿ ਖਾਲਿਸਤਾਨੀ ਮੁੱਦਾ ਆਸਟ੍ਰੇਲੀਆ ਅਤੇ ਭਾਰਤ ਵਿਚਕਾਰ ਕੋਈ ਮੁੱਦਾ ਬਣ ਗਿਆ ਹੈ।"

ਸਾਬਕਾ ਰਾਜਦੂਤ ਅਨਿਲ ਤ੍ਰਿਗੁਣਾਯਤ ਨੇ ਅੱਗੇ ਕਿਹਾ ਕਿ ਵਪਾਰ ਅਤੇ ਹੋਰ ਚੀਜ਼ਾਂ ਆਸਟ੍ਰੇਲੀਆ ਨਾਲ ਆਮ ਵਾਂਗ ਜਾਰੀ ਹਨ।

ਉਨ੍ਹਾਂ ਕਿਹਾ, “ਮੈਨੂੰ ਨਹੀਂ ਲੱਗਦਾ ਕਿ ਇਨ੍ਹਾਂ ਘਟਨਾਵਾਂ ਨੇ ਦੋਵਾਂ ਦੇਸ਼ਾਂ ਵਿਚਲੇ ਸਬੰਧਾਂ ਨੂੰ ਪ੍ਰਭਾਵਿਤ ਕੀਤਾ ਹੈ। 2008 ਵਿੱਚ ਹਾਲਾਤ ਖ਼ਰਾਬ ਸਨ ਅਤੇ ਹਾਲ ਦੇ ਦਿਨਾਂ ਵਿਚ ਮੰਦਰਾਂ ਵਿੱਚ ਘਟਨਾਵਾਂ ਵੀ ਹੋਈਆਂ ਹਨ। ਉਨ੍ਹਾਂ ਦੀ ਸਰਕਾਰ ਨੇ ਵੀ ਭਾਰਤ ਨੂੰ ਭਰੋਸਾ ਦਿੱਤਾ ਹੈ ਕਿ ਸੁਰੱਖਿਆ ਪਹਿਲੂਆਂ ਦਾ ਧਿਆਨ ਰੱਖਿਆ ਜਾਵੇਗਾ।”

ਬਰਤਾਨੀਆਂ: ਭਾਰਤ ਨਾਲ ਸੰਬੰਧ, ਵਪਾਰ ਤੇ ਡਾਇਸਪੋਰਾ

ਬਰਤਾਨੀਆਂ ਵਿੱਚ ਲਗਭਗ 5.24 ਲੱਖ ਸਿੱਖ ਆਬਾਦੀ ਹੈ ਜੋ ਕਿ ਦੇਸ਼ ਦੀ ਕੁੱਲ ਆਬਾਦੀ ਦਾ ਲਗਭਗ 0.92 ਫ਼ੀਸਦੀ ਬਣਦਾ ਹੈ।

ਵਪਾਰ

2022-23 ਵਿੱਚ ਭਾਰਤ ਅਤੇ ਬਰਤਾਨੀਆਂ ਦਰਮਿਆਨ ਵਪਾਰ 11,4060 ਲੱਖ ਡਾਲਰ ਸੀ ਅਤੇ ਇਹ ਪਿਛਲੇ ਸਾਲ ਨਾਲੋਂ 9 ਫ਼ੀਸਦੀ ਵੱਧ ਰਿਹਾ ਹੈ।

ਡਾਇਸਪੋਰਾ

2020 ਦੀ ਭਾਰਤੀ ਹਾਈ ਕਮਿਸ਼ਨ ਦੀ ਰਿਪੋਰਟ ਦੇ ਮੁਤਾਬਕ ਬਰਤਾਨੀਆਂ ਵਿੱਚ ਇੱਕ ਵੱਡਾ ਭਾਰਤੀ ਡਾਇਸਪੋਰਾ ਹੈ, ਜੋ ਕਿ ਤਕਰੀਬਨ 15 ਲੱਖ ਬਣਦਾ ਹੈ।

ਇਸ ਵਿੱਚ ਸਾਹਮਣੇ ਆਇਆ ਕਿ ਇੱਥੇ 65,000 ਤੋਂ ਵੱਧ ਭਾਰਤੀ ਡਾਇਸਪੋਰਾ ਦੀ ਮਲਕੀਅਤ ਵਾਲੀਆਂ ਕੰਪਨੀਆਂ ਹਨ।

“ਇਨ੍ਹਾਂ ਵਿੱਚੋਂ, ਜਿਨ੍ਹਾਂ 654 ਕੰਪਨੀਆਂ ਦੀ ਅਸੀਂ ਖੋਜ ਕੀਤੀ ਹੈ, ਉਨ੍ਹਾਂ ਦਾ ਸੰਯੁਕਤ ਟਰਨਓਵਰ 36840 ਕਰੋੜ ਡਾਲਰ ਤੋਂ ਵੱਧ ਹੈ ਅਤੇ ਉਹ 100 ਕਰੋੜ ਤੋਂ ਵੱਧ ਟੈਕਸ ਅਦਾ ਕਰਦੀਆਂ ਹਨ।“

ਭਾਰਤੀ ਮੂਲ ਦੇ ਪਹਿਲੇ ਸੰਸਦ ਮੈਂਬਰ ਦਾਦਾਭਾਈ ਨੌਰੋਜੀ ਤੋਂ ਲੈ ਕੇ, 1892-95 ਤੱਕ ਇੱਕ ਲਿਬਰਲ ਡੈਮੋਕਰੇਟ, ਭਾਰਤੀ ਡਾਇਸਪੋਰਾ ਕਈ ਸਾਲਾਂ ਤੋਂ ਸਿਆਸਤ ਦਾ ਹਿੱਸਾ ਹੈ।

2020 ਵਿੱਚ, ਹਾਊਸ ਆਫ਼ ਕਾਮਨਜ਼ ਵਿੱਚ ਭਾਰਤੀ ਮੂਲ ਦੇ 15 ਮੈਂਬਰ ਸਨ, ਅਤੇ ਹਾਊਸ ਆਫ਼ ਲਾਰਡਜ਼ ਵਿੱਚ ਭਾਰਤੀ ਮੂਲ ਦੇ 23 ਸਾਥੀ ਸਨ। ਹੁਣ ਮੌਜੂਦਾ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਭਾਰਤੀ ਮੂਲ ਦੇ ਹਨ।

ਖ਼ਾਲਿਸਤਾਨ ਨਾਲ ਸਬੰਧਤ ਘਟਨਾਵਾਂ

ਹਰਦੀਪ ਸਿੰਘ ਨਿੱਝਰ ਦਾ ਕਤਲ ਕੈਨੇਡਾ ਵਿੱਚ ਹੋਇਆ, ਉਸੇ ਤਰਾਂ ਇੱਕ ਖ਼ਾਲਿਸਤਾਨ ਪੱਖੀ ਆਗੂ ਵੀ ਬਰਤਾਨੀਆਂ ਵਿੱਚ ਮਾਰਿਆ ਗਿਆ ਸੀ।

ਅਵਤਾਰ ਸਿੰਘ ਖੰਡਾ, ਜਿਸ ਨੂੰ ਖ਼ਾਲਿਸਤਾਨ ਲਿਬਰੇਸ਼ਨ ਫੋਰਸ ਦਾ ਮੁਖੀ ਦੱਸਿਆਂ ਜਾਂਦਾ ਹੈ, ਦੀ ਬਰਮਿੰਘਮ ਵਿੱਚ ਮੌਤ ਹੋ ਗਈ ਸੀ। ਇਸ ਮੌਤ ਨੂੰ ‘ਰਹੱਸਮਈ ਹਾਲਾਤ’ ਵਜੋਂ ਦਰਸਾਇਆ ਗਿਆ ਸੀ। ਜਦੋਂ ਕਿ ਕੁਝ ਲੋਕਾਂ ਦਾ ਦਾਅਵਾ ਹੈ ਕਿ ਇਹ ਜ਼ਹਿਰ ਦੇਣ ਨਾਲ ਸਬੰਧਤ ਮਾਮਲਾ ਸੀ।

ਲੰਡਨ ਵਿੱਚ ਹਾਲ ਦੇ ਮਹੀਨਿਆਂ ਵਿੱਚ ਵਿਰੋਧ ਪ੍ਰਦਰਸ਼ਨ ਹੋਏ ਹਨ। 19 ਮਾਰਚ ਨੂੰ, ਪੰਜਾਬ ਪੁਲਿਸ ਵੱਲੋਂ ਖ਼ਾਲਿਸਤਾਨ ਸਮਰਥਕ ਅੰਮ੍ਰਿਤ ਪਾਲ ਸਿੰਘ ਨੂੰ ਗ੍ਰਿਫ਼ਤਾਰ ਕੀਤੇ ਜਾਣ ਤੋਂ ਇੱਕ ਦਿਨ ਬਾਅਦ ਵੀ ਪ੍ਰਦਰਸ਼ਨ ਹੋਇਆ ਸੀ।

ਲੰਡਨ ਵਿੱਚ ਭਾਰਤੀ ਹਾਈ ਕਮਿਸ਼ਨ ਦੇ ਬਾਹਰ ਇੱਕ ਵਿਰੋਧ ਪ੍ਰਦਰਸ਼ਨ ਦੇ ਵੀਡੀਓ ਸਾਹਮਣੇ ਆਏ ਸੀ ਜਿੱਥੇ ਇੱਕ ਵਿਅਕਤੀ ਇਮਾਰਤ ਦੀ ਪਹਿਲੀ ਮੰਜ਼ਿਲ ਦੀ ਬਾਲਕੋਨੀ ਤੋਂ ਭਾਰਤੀ ਝੰਡੇ ਨੂੰ ਹੇਠਾਂ ਖਿੱਚਣ ਦੀ ਕੋਸ਼ਿਸ਼ ਕਰਦਾ ਦੇਖਿਆ ਗਿਆ ਸੀ।

ਦੋਵਾਂ ਦੇਸ਼ਾਂ ਵਿਚਾਲੇ ਰਿਸ਼ਤੇ

ਮਾਹਰਾਂ ਮੁਤਾਬਕ ਭਾਰਤੀ ਮੂਲ ਦੇ ਰਿਸ਼ੀ ਸੁਨਕ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਅਤੇ ਹੋਰ ਕੂਟਨੀਤਕ ਸਬੰਧਾਂ ਕਰਕੇ ਦੋਵਾਂ ਦੇਸ਼ਾਂ ਦਰਮਿਆਨ ਸਬੰਧਾਂ ਵਿੱਚ ਕੋਈ ਸਮੱਸਿਆ ਨਜ਼ਰ ਨਹੀਂ ਆਉਂਦੀ।

ਸਾਬਕਾ ਰਾਜਦੂਤ ਅਨਿਲ ਤ੍ਰਿਗੁਣਾਯਤ ਕਹਿੰਦੇ ਹਨ, “ਰਿਸ਼ੀ ਸੁਨਕ ਨੇ ਜੀ-20 ਸੰਮੇਲਨ ਦੌਰਾਨ ਭਾਰਤ ਨੂੰ ਭਰੋਸਾ ਦਿੱਤਾ ਸੀ ਕਿ ਦੇਸ਼ ਵਿੱਚ ਕਿਸੇ ਵੀ ਗ਼ੈਰ-ਕਾਨੂੰਨੀ ਗਤੀਵਿਧੀਆਂ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।”

ਅਜੇ ਸਾਹਨੀ ਕਹਿੰਦੇ ਹਨ, “ਦੋਵਾਂ ਦੇਸ਼ਾਂ ਵਿਚਾਲੇ ਰਿਸ਼ਤੇ ਕਾਫ਼ੀ ਸਕਾਰਾਤਮਕ ਹਨ ਅਤੇ ਉਦੋਂ ਤੱਕ ਸੁਧਰਨ ਦੀ ਸੰਭਾਵਨਾ ਹੈ ਜਦੋਂ ਤੱਕ ਭਾਰਤ ਨੂੰ ਉਨ੍ਹਾਂ ਤੋਂ ਕੋਈ ਖ਼ਾਸ ਉਮੀਦ ਨਹੀਂ ਦਿੱਤੀ ਜਾਂਦੀ।”

“ਵੈਸੇ ਵੀ ਇਸ ਸਰਕਾਰ ਨੂੰ ਕਿਸੇ ਵੀ ਪੱਛਮੀ ਦੇਸ਼ ਤੋਂ ਕੋਈ ਅਸਾਧਾਰਨ ਉਮੀਦਾਂ ਨਹੀਂ ਹਨ, ਜਿਵੇਂ ਕਿ ਤੁਸੀਂ ਹਰ ਉਸ ਵਿਅਕਤੀ ਨੂੰ ਗ੍ਰਿਫ਼ਤਾਰ ਕਰਦੇ ਹੋ ਜੋ ਸਾਡੇ ਲਈ ਪਰੇਸ਼ਾਨੀ ਦਾ ਕਾਰਨ ਹੈ। ਅਤੇ ਫ਼ਿਰ ਉਨ੍ਹਾਂ ਨੂੰ ਭਾਰਤ ਦੇ ਹਵਾਲੇ ਕਰ ਦੇਵੋ। ਭਾਰਤ ਕੈਨੇਡਾ ਤੋਂ ਸਿਰਫ਼ ਉਨ੍ਹਾਂ ਲੋਕਾਂ ਖ਼ਿਲਾਫ਼ ਕਾਰਵਾਈ ਦੀ ਉਮੀਦ ਕਰਦਾ ਹੈ ਜੋ ਉਸ ਲਈ ਗੰਭੀਰ ਪਰੇਸ਼ਾਨੀ ਪੈਦਾ ਕਰਦੇ ਹਨ।”

ਕੁਝ ਮਾਹਰਾਂ ਦਾ ਮੰਨਣਾ ਹੈ ਕਿ ਹਾਲ ਹੀ ਦੀਆਂ ਘਟਨਾਵਾਂ ਦਾ ਇੱਕ ਅਹਿਮ ਪ੍ਰਭਾਅ ਵੀ ਪਿਆ ਹੈ।

ਪੱਤਰਕਾਰ ਸ਼ਮੀਲ ਕਹਿੰਦੇ ਹਨ, “ਇਹ ਆਮ ਨਾਗਰਿਕ ਨੂੰ ਪ੍ਰਭਾਵਿਤ ਕਰ ਰਿਹਾ ਹੈ। ਉਦਾਹਰਨ ਲਈ ਇੱਥੇ ਕੈਨੇਡਾ ਵਿੱਚ, ਬਹੁਤ ਸਾਰੇ ਲੋਕ ਦੁਚਿੱਤੀ ਵਿੱਚ ਹਨ ਕਿ ਕੀ ਉਨ੍ਹਾਂ ਨੂੰ ਭਾਰਤ ਦੀ ਯਾਤਰਾ ਕਰਨੀ ਚਾਹੀਦੀ ਹੈ, ਅਤੇ ਇਸੇ ਤਰ੍ਹਾਂ, ਬਹੁਤ ਸਾਰੇ ਭਾਰਤੀ ਕੈਨੇਡਾ ਆਉਣ ਬਾਰੇ ਅਨਿਸ਼ਚਿਤ ਹਨ। ਇਹ ਯਕੀਨੀ ਤੌਰ 'ਤੇ ਇਨ੍ਹਾਂ ਦੇਸ਼ਾਂ ਦੇ ਲੋਕਾਂ ਲਈ ਚੰਗਾ ਨਹੀਂ ਹੈ।”

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)