ਐਂਥਰੈਕਸ: ਅਫ਼ਰੀਕਾ ’ਚ ਫੈਲ ਰਹੀ ਬਿਮਾਰੀ ਕਿੰਨੀ ਖ਼ਤਰਨਾਕ ਜਿਸ ਨੂੰ ਹਥਿਆਰ ਵਜੋਂ ਵਰਤਿਆ ਜਾਂਦਾ ਹੈ

ਐਂਥਰੈਕਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਵਿਸ਼ਵ ਸਿਹਤ ਸੰਗਠਨ ਮੁਤਾਬਕ ਇਹ ਬਿਮਾਰੀ ਇਨ੍ਹਾਂ ਦੇਸਾਂ ਵਿੱਚ ਆਏ ਸਾਲ ਖ਼ਾਸ ਮੌਸਮ ਦੌਰਾਨ ਫੈਲਦੀ ਹੈ

ਪੂਰਬੀ ਅਤੇ ਦੱਖਣੀ ਅਫ਼ਰੀਕਾ ਵਿੱਚ ਪੈਂਦੇ ਪੰਜ ਮੁਲਕਾਂ ਵਿੱਚ ਐਂਥਰੈਕਸ ਨਾਂ ਦੀ ਬਿਮਾਰੀ ਫੈਲ ਗਈ ਹੈ।

ਵਿਸ਼ਵ ਸਿਹਤ ਸੰਗਠਨ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ।

ਵਿਸ਼ਵ ਸਿਹਤ ਸੰਗਠਨ ਮੁਤਾਬਕ ਪਿਛਲੇ ਕੁਝ ਮਹੀਨਿਆਂ ਵਿੱਚ ਕੀਨੀਆ, ਮਾਲਾਵੀ, ਯੁਗਾਂਡਾ, ਜ਼ਾਂਬੀਆ ਅਤੇ ਜ਼ਿੰਬਾਬਵੇ ’ਚ ਇਸ ਬਿਮਾਰੀ ਨਾਲ ਜੁੜੇ 1100 ਸ਼ੱਕੀ ਮਾਮਲੇ ਸਾਹਮਣੇ ਆਏ ਹਨ, ਇਨ੍ਹਾਂ ਵਿੱਚੋਂ 37 ਮਰੀਜ਼ਾਂ ਬਾਰੇ ਹਾਲੇ ਪੁਸ਼ਟੀ ਨਹੀਂ ਹੋਈ ਹੈ।

ਇਸਦੇ ਨਾਲ ਹੀ 20 ਦੇ ਕਰੀਬ ਮੌਤਾਂ ਵੀ ਹੋ ਚੁੱਕੀਆਂ ਹਨ।

ਵਿਸ਼ਵ ਸਿਹਤ ਸੰਗਠਨ ਮੁਤਾਬਕ ਇਹ ਬਿਮਾਰੀ ਇਨ੍ਹਾਂ ਦੇਸਾਂ ਵਿੱਚ ਆਏ ਸਾਲ ਖ਼ਾਸ ਮੌਸਮ ਦੌਰਾਨ ਫੈਲਦੀ ਹੈ।

ਇਨ੍ਹਾਂ ਪੰਜਾਂ ਦੇਸਾਂ ਵਿੱਚੋਂ ਜ਼ਾਂਬੀਆ ਦੇ ਵਿੱਚ ਬਿਮਾਰੀ ਦਾ ਸਭ ਤੋਂ ਵੱਧ ਅਸਰ ਪਿਆ ਹੈ। ਇੱਥੋਂ ਦੇ 10 ਸੂਬਿਆਂ ਵਿੱਚੋਂ 9 ਇਸ ਇਸ ਦੇ ਅਸਰ ਹੇਠ ਆਏ ਹਨ।

20 ਨਵੰਬਰ ਤੱਕ ਜ਼ਾਂਬੀਆਂ ਵਿੱਚ 684 ਸ਼ੱਕੀ ਮਰੀਜ਼ ਸਾਹਮਣੇ ਆਏ ਸਨ ਜਦਕਿ 25 ਲੋਕਾਂ ਦੇ ਇਸ ਬਿਮਾਰੀ ਦੇ ਸ਼ਿਕਾਰ ਹੋਣ ਦੀ ਪੁਸ਼ਟੀ ਹੋਈ ਸੀ।

ਵਿਸ਼ਵ ਸਿਹਤ ਸੰਗਠਨ ਮੁਤਾਬਕ ਇੱਥੇ ਇਸ ਬਿਮਾਰੀ ਨਾਲ ਚਾਰ ਜਣਿਆਂ ਦੀ ਮੌਤ ਹੋ ਚੁੱਕੀ ਹੈ।

ਸਿਹਤ ਉੱਤੇ ਇਸਦਾ ਕੀ ਅਸਰ

ਐਂਥਰੈਕਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਇਹ ਬਿਮਾਰੀ ਚਮੜੀ ਨੂੰ ਵੀ ਹੋ ਸਕਦੀ ਹੈ

ਇਸ ਬਿਮਾਰੀ ਦਾ ਨਾਂਅ ਐਂਥਰਾਕਿਸ ਤੋਂ ਪਿਆ ਹੈ। ਐਂਥਰਾਕਿਸ ਗ੍ਰੀਕ ਭਾਸ਼ਾ ਵਿੱਚ ਕੋਲੇ ਲਈ ਵਰਤਿਆ ਜਾਂਦਾ ਹੈ।

ਇਹ ਬਿਮਾਰੀ ਚਮੜੀ ਨੂੰ ਵੀ ਹੋ ਸਕਦੀ ਹੈ, ਇਸ ਮਗਰੋਂ ਚਮੜੀ ਉੱਤੇ ਕਾਲੇ ਜ਼ਖ਼ਮ ਵੀ ਹੋ ਸਕਦੇ ਹਨ।ਇਸੇ ਲਈ ਇਸਦਾ ਨਾਂਅ ਕੋਲੇ ‘ਤੇ ਪਿਆ ਹੈ।

ਐਂਥਰੈਕਸ ਮੁੱਖ ਤੌਰ ‘ਤੇ ਪਸ਼ੂਆਂ ਜਿਨ੍ਹਾਂ ਵਿੱਚ ਮੱਝਾਂ, ਗਾਵਾਂ ਸ਼ਾਮਲ ਹਨ, ਨੂੰ ਹੁੰਦੀ ਹੈ। ਜੇਕਰ ਮਨੁੱਖ ਸਿੱਧੇ ਤੌਰ ‘ਤੇ ਇਸ ਬਿਮਾਰੀ ਨਾਲ ਗ੍ਰਸਤ ਪਸ਼ੂਆਂ ਦੇ ਸੰਪਰਕ ਵਿੱਚ ਆਉਣ ਤਾਂ ਇਹ ਉਨ੍ਹਾਂ ਨੂੰ ਵੀ ਹੋ ਸਕਦੀ ਹੈ।

ਇਨ੍ਹਾਂ ਪਸ਼ੂਆਂ ਦਾ ਦੁੱਧ ਪੀਣ ਜਾਂ ਇਸ ਨਾਲ ਬਣੀਆਂ ਵਸਤਾਂ ਖਾਣ ਨਾਲ ਵੀ ਇਹ ਬਿਮਾਰੀ ਲੱਗ ਸਕਦੀ ਹੈ।

ਇਹ ਲਾਗ ਬੈਕੀਲਸ ਐਂਥਰਾਸਿਸ ਜੀਵਾਣੂ(ਬੈਕਟੀਰੀਆ) ਕਾਰਨ ਹੁੰਦੀ ਹੈ। ਇਹ ਅਜਿਹੇ ਬੀਜਾਣੂਆਂ ਉੱਤੇ ਪਲਦੇ ਹਨ ਜਿਹੜੇ ਮਿੱਟੀ ਵਿੱਚ ਸਾਲਾਂ ਤੱਕ ਲੁਕੇ ਰਹਿੰਦੇ ਹਨ, ਜਦੋਂ ਤੱਕ ਉਹ ਕਿਸੇ ਜਾਨਵਰ ਦੇ ਸਰੀਰ ਵਿੱਚ ਕਿਸੇ ਜ਼ਖ਼ਮ ਦੇ ਰਾਹੀਂ ਨਾ ਜਾਣ।

ਐਂਥਰੈਕਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਐਂਥਰੈਕਸ ਮੁੱਖ ਤੌਰ ‘ਤੇ ਪਸ਼ੂਆਂ ਜਿਨ੍ਹਾਂ ਵਿੱਚ ਮੱਝਾਂ, ਗਾਵਾਂ ਸ਼ਾਮਲ ਹਨ, ਨੂੰ ਹੁੰਦੀ ਹੈ

ਕੀ ਲੱਛਣ ਹਨ

ਐਂਥਰੈਕਸ

ਤਸਵੀਰ ਸਰੋਤ, Getty Images

ਇਹ ਬਿਮਾਰੀ ਸਰੀਰ ਉੱਤੇ ਤਿੰਨ ਰੂਪਾਂ ਵਿੱਚ ਅਸਰ ਕਰ ਸਕਦੀ ਹੈ।

ਜਦੋਂ ਇਹ ਲਾਗ ਤੁਹਾਡੇ ਅੰਦਰ ਇੱਕ ਚਮੜੀ ‘ਤੇ ਹੋਏ ਜ਼ਖ਼ਮ ਰਾਹੀਂ ਜਾਂਦੀ ਹੈ ਤਾਂ ਇਸਦਾ ਅਸਰ ਚਮੜੀ ਤੇ ਹੁੰਦਾ ਹੈ।

ਇਸਦੀ ਸ਼ੁਰੂਆਤ ਚਮੜੀ ਦੇ ਇੱਕ ਹਿੱਸੇ ਉੱਤੇ ਫੁਲਾਵਟ ਤੋਂ ਹੁੰਦੀ ਹੈ ਫਿਰ ਇੱਥੇ ਇੱਕ ਛਾਲਾ ਬਣ ਜਾਂਦਾ ਹੈ ਜਿਸ ਵਿੱਚ ਪਾਣੀ ਭਰਿਆ ਹੁੰਦਾ ਹੈ।

ਇਸ ਮਗਰੋਂ ਇਹ ਇੱਕ ਫੋੜੇ ਵਰਗਾ ਬਣ ਜਾਂਦਾ ਹੈ ਜੋ ਵਿਚਕਾਰੋਂ ਕਾਲੇ ਰੰਗ ਦਾ ਹੁੰਦਾ ਹੈ।

ਇਸ ਉੱਤੇ ਦਰਦ ਨਹੀਂ ਹੁੰਦੀ। ਇਸ ਮਗਰੋਂ ਸਿਰ ਦਰਦ, ਮਾਸਪੇਸ਼ੀਆਂ ਵਿੱਚ ਦਰਦ, ਬੁਖ਼ਾਰ ਅਤੇ ਉਲਟੀ ਜਿਹੇ ਲੱਛਣ ਸਰੀਰ ‘ਤੇ ਦਿਸਣ ਲੱਗ ਜਾਂਦੇ ਹਨ।

ਐਂਥਰੈਕਸ ਦਾ ਇਹ ਰੂਪ ਸਭ ਤੋਂ ਵੱਧ ਆਮ ਹੈ ਅਤੇ ਇਸਦੇ ਤਿੰਨਾਂ ਰੂਪਾਂ ਨਾਲੋਂ ਘੱਟ ਗੰਭੀਰ ਹੈ।

ਇਸਦੇ ਦੂਜੇ ਰੂਪ ਦਾ ਅਸਰ ਢਿੱਡ ਉੱਤੇ ਪੈਂਦਾ ਹੈ, ਇਸ ਦੇ ਸ਼ੁਰੂਆਤੀ ਲੱਛਣ ਫੂਡ ਪੋਇਜ਼ਨਿੰਗ ਜਿਹੇ ਹੁੰਦੇ ਹਨ। ਪਰ ਇਸਦਾ ਅਸਰ ਸਰੀਰ ਲਈ ਗੰਭੀਰ ਵੀ ਹੋ ਸਕਦਾ ਹੈ।

ਮਰੀਜ਼ਾਂ ਨੂੰ ਢਿੱਡ ਵਿੱਚ ਤੇਜ਼ ਦਰਦ, ਖੂਨ ਦੀ ਉਲਟੀ ਅਤੇ ਦਸਤ ਵੀ ਲੱਗ ਸਕਦੇ ਹਨ। ਇਸਨੁੰ “ਗੈਸਟਰੋਇੰਟਸਟਾਈਨਲ ਐਂਥਰੈਕਸ” ਕਿਹਾ ਜਾਂਦਾ ਹੈ।

ਇਸਦਾ ਤੀਜਾ ਰੂਪ ਸਭ ਤੋਂ ਵੱਧ ਗੰਭੀਰ ਹੈ।

ਇਸ ਦੀ ਸ਼ੁਰੂਆਤ ਆਮ ਜ਼ੁਖ਼ਾਮ ਵਾਂਗ ਹੋ ਸਕਦੀ ਹੈ ਪਰ ਇਸਤੋਂ ਬਾਅਦ ਸਾਹ ਲੈਣ ਵਿੱਚ ਪਰੇਸ਼ਾਨੀ ਅਤੇ ਸਦਮਾ ਲੱਗਣ ਜਿਹੀ ਹਾਲਤ ਵੀ ਬਣ ਸਕਦੀ ਹੈ।

ਇਸ ਨੂੰ ਪੁਲਮੋਨਰੀ ਐਂਥਰੈਕਸ ਕਿਹਾ ਜਾਂਦਾ ਹੈ।

ਐਂਥਰੈਕਸ ਕਿੰਨਾ ਖ਼ਤਰਨਾਕ

ਐਂਥਰੈਕਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੰਕੇਤਕ ਤਸਵੀਰ

ਜਿਨ੍ਹਾਂ ਲੋਕਾਂ ਨੂੰ ਇਹ ਬਿਮਾਰੀ ਲੱਗਦੀ ਹੈ ਉਨ੍ਹਾਂ ਨੂੰ ਹਸਪਤਾਲ ਦਾਖ਼ਲ ਹੋਣ ਦੀ ਲੋੜ ਪੈਂਦੀ ਹੈ।

ਜਿਹੜੇ ਲੋਕ ਇਸ ਲਾਗ ਦੇ ਸੰਪਰਕ ਵਿੱਚ ਆਉਂਦੇ ਹਨ ਉਨ੍ਹਾਂ ਦਾ ਇਲਾਜ ਜਲਦੀ ਸ਼ੁਰੂ ਕਰਨਾ ਜ਼ਰੂਰੀ ਹੁੰਦਾ ਹੈ।

ਐਂਥਰੈਕਸ ਦੇ ਲੱਛਣਾ ਨੂੰ ਐਂਟੀਬਾਇਓਟਿਕਸ ਰਾਹੀਂ ਘਟਾਇਆ ਜਾ ਸਕਦਾ ਹੈ।

ਪੈਂਸੀਲਿਨ ਦੀ ਵੀ ਵਰਤੋਂ ਕੀਤੀ ਜਾ ਸਕਦੀ ਹੈ ਪਰ ਇਲਾਜ ਸ਼ੁਰੂ ਹੋਣਾ ਜ਼ਰੂਰੀ ਹੈ।

ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਅਤੇ ਪ੍ਰਿਵੈਨਸ਼ਨ(ਸੀਡੀਸੀ) ਮੁਤਾਬਕ, ਬਿਨਾ ਇਲਾਜ ਦੇ ਚਮੜੀ ਦੇ ਐਂਥਰੈਕਸ ਨਾਲ 20 ਫ਼ੀਸਦ ਤੋਂ ਵੱਧ ਲੋਕਾਂ ਦੀ ਮੌਤ ਹੋ ਜਾਂਦੀ ਹੈ।

ਪਰ ਸਹੀ ਇਲਾਜ ਨਾਲ ਸਾਰੇ ਮਰੀਜ਼ਾਂ ਦੀ ਜਾਨ ਬੱਚ ਸਕਦੀ ਹੈ।

ਗੈਸਟਰੋਇਨਟੈਸਟਿਨਲ ਐਂਥਰੈਕਸ, ਜੋ ਕਿ ਲਾਗ ਵਾਲੇ ਕੱਚੇ ਜਾਂ ਘੱਟ ਪਕਿਆ ਮੀਟ ਖਾਣ ਨਾਲ ਹੁੰਦੀ ਹੈ, ਜਾਨਲੇਵਾ ਹੁੰਦੀ ਹੈ।

ਬਿਨਾ ਇਲਾਜ ਦੇ ਇਸ ਲਾਗ ਨਾਲ ਪ੍ਰਭਾਵਿਤ ਮਰੀਜ਼ਾਂ ਵਿੱਚੋਂ ਅੱਧੇ ਤੋਂ ਵੱਧ ਦੀ ਮੌਤ ਹੋ ਸਕਦੀ ਹੈ।

ਸੀਡੀਸੀ ਮੁਤਾਬਕ ਇਲਾਜ ਨਾਲ 60 ਫ਼ੀਸਦ ਤੋਂ ਵੱਧ ਮਰੀਜ਼ ਬੱਚ ਸਕਦੇ ਹਨ।

ਇਨਹੇਲੇਸ਼ਨ ਐਂਥਰੈਕਸ, ਇਸ ਬੈਕਟੀਰੀਆ ਦੇ ਸਰੋਤ ਵਿਸ਼ਾਣੂ ਸਾਹ ਰਾਹੀਂ ਸਰੀਰ ਤੱਕ ਪਹੁੰਚਣ ਨਾਲ ਹੁੰਦਾ ਹੈ।

ਇਹ ਸਭ ਤੋਂ ਵੱਧ ਖ਼ਤਰਨਾਕ ਹੈ। ਇਸ ਦਾ ਸ਼ਿਕਾਰ ਹੋਏ ਮਰੀਜ਼ ਨੂੰ ਬਿਨਾ ਇਲਾਜ ਦੇ ਬਚਾਇਆ ਜਾ ਸਕਣਾ ਮੁਸ਼ਕਲ ਹੈ।

ਸੀਡੀਸੀ ਮੁਤਾਬਕ ਇਲਾਜ ਨਾਲ 55 ਫ਼ੀਸਦ ਮਰੀਜ਼ਾ ਦੀ ਜਾਨ ਬੱਚ ਸਕਦੀ ਹੈ।

ਐਂਥਰੈਕਸ ਨੂੰ ਹਥਿਆਰ ਵਿੱਚ ਕਿਵੇਂ ਬਦਲਿਆ ਜਾ ਸਕਦਾ ਹੈ

ਐਂਥਰੈਕਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਐਂਥਰੈਕਸ ਨੂੰ ਹਥਿਆਰ ਵਜੋਂ ਵਰਤਣਾ ਬਹੁਤ ਸੌਖਾ ਹੈ

ਐਂਥਰੈਕਸ ਨੂੰ ਹਥਿਆਰ ਵਜੋਂ ਵਰਤਣਾ ਬਹੁਤ ਸੌਖਾ ਹੈ। ਸੀਡੀਸੀ ਮੁਤਾਬਕ ਇਸਦੇ ਵਿਸ਼ਾਣੂ (ਐਂਥਰੈਕਸ ਸਪੋਰਸ) ਬਹੁਤ ਸੌਖਿਆਂ ਹੀ ਕੁਦਰਤ ਵਿੱਚ ਮਿਲ ਸਕਦਾ ਹਨ, ਜਿੱਥੇ ਇਨ੍ਹਾਂ ਨੂੰ ਵਾਤਾਵਰਨ ਵਿੱਚ ਲੰਬੇ ਸਮੇਂ ਤੱਕ ਰੱਖਿਆ ਜਾ ਸਕਦਾ ਹੈ, ਉੱਥੇ ਹੀ ਇਨ੍ਹਾਂ ਨੂੰ ਲੈਬ ਵਿੱਚ ਵੀ ਬਣਾਇਆ ਜਾ ਸਕਦਾ ਹੈ।

ਇਸ ਨੂੰ ਬਣਾਉਟੀ ਤੌਰ ‘ਤੇ ਵਿਕਸਿਤ ਕਰਨ ਲਈ ਆਧੁਨਿਕ ਤਕਨੀਕ ਅਤੇ ਯੰਤਰਾਂ ਦੀ ਲੋੜ ਪਵੇਗੀ।

ਇਸ ਨੂੰ ਵਾਤਾਵਰਣ ‘ਚ ਬਿਨਾ ਕਿਸੇ ਦੀ ਨਜ਼ਰ ਵਿੱਚ ਆਏ ਛੱਡਿਆ ਜਾ ਸਕਦਾ ਹੈ। ਇਨ੍ਹਾਂ ਜੀਵਾਣੂਆਂ ਨੂੰ ਪਾਊਡਰ, ਸਪਰੇਅ, ਖਾਣੇ ਜਾਂ ਪਾਣੀ ਵਿੱਚ ਵੀ ਪਾਇਆ ਜਾ ਸਕਦਾ ਹੈ।

ਇਸਨੂੰ ਦੇਖ ਸਕਣਾ, ਜਾ ਸੁੰਘ ਸਕਣਾ ਬਹੁਤ ਮੁਸ਼ਕਲ ਹੈ ਅਤੇ ਨਾ ਹੀ ਇਸਦਾ ਕੋਈ ਸਵਾਦ ਹੈ।

ਸਤੰਬਰ 2001 ਵਿੱਚ ਅਮਰੀਕਾ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਕੁਝ ਦਿਨ ਬਾਅਦ ਐਂਥਰੈਕਸ ਦੇ ਜੀਵਾਣੂ ਚਿੱਠੀਆਂ ਵਿੱਚ ਪਾ ਕੇ ਅਮਰੀਕੀ ਸਿਆਸਤਦਾਨਾਂ ਅਤੇ ਮੀਡੀਆ ਦਫ਼ਤਰਾਂ ਵਿੱਚ ਭੇਜੇ ਗਏ ਸਨ।