ਟੀ20 ਵਿਸ਼ਵ ਕੱਪ ਤੋਂ ਸ਼ੁਭਮਨ ਗਿੱਲ ਨੂੰ ਬਾਹਰ ਰੱਖਣ ਦੇ ਕੀ ਹੋ ਸਕਦੇ ਹਨ ਕਾਰਨ, ਇਸ ਨਾਲ ਕਿਹੜੇ ਸੁਨੇਹੇ ਦਿੱਤੇ ਜਾ ਰਹੇ

ਸ਼ੁਭਮਨ ਗਿੱਲ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸ਼ੁਭਮਨ ਗਿੱਲ ਟੀ20 ਵਰਲਡ ਕੱਪ ਵਿੱਚ ਟੀਮ ਇੰਡੀਆ ਦਾ ਹਿੱਸਾ ਨਹੀਂ ਹੋਣਗੇ
    • ਲੇਖਕ, ਮਨੋਜ ਚਤੁਰਵੇਦੀ
    • ਰੋਲ, ਬੀਬੀਸੀ ਲਈ

ਭਾਰਤ ਨੇ ਫਰਵਰੀ ਮਹੀਨੇ ਵਿੱਚ ਆਪਣੇ ਹੀ ਘਰ (ਭਾਰਤ ਦੇ ਘਰੇਲੂ ਮੈਦਾਨਾਂ) ਅਤੇ ਸ਼੍ਰੀਲੰਕਾ ਵਿੱਚ ਹੋਣ ਵਾਲੇ ਟੀ20 ਵਿਸ਼ਵ ਕੱਪ ਲਈ 15 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ ਹੈ।

ਇਸ ਐਲਾਨ ਦੀ ਮੁੱਖ ਗੱਲ ਸ਼ੁਭਮਨ ਗਿੱਲ ਨੂੰ ਟੀਮ ਵਿੱਚ ਥਾਂ ਨਾ ਮਿਲਣਾ ਅਤੇ ਈਸ਼ਾਨ ਕਿਸ਼ਨ ਦੀ ਲਗਭਗ ਦੋ ਸਾਲ ਬਾਅਦ ਟੀਮ ਵਿੱਚ ਵਾਪਸੀ ਹੋਣਾ ਹੈ।

ਗਿੱਲ ਦੇ ਬਾਹਰ ਹੋਣ ਨਾਲ ਇੱਕ ਸਵਾਲ ਇਹ ਉੱਠਦਾ ਹੈ ਕਿ ਕੀ ਅਜੀਤ ਅਗਰਕਰ ਦੀ ਅਗਵਾਈ ਵਾਲੀ ਚੋਣ ਕਮੇਟੀ ਨੇ ਤਿੰਨਾਂ ਫਾਰਮੈਟਾਂ ਵਿੱਚ ਇੱਕੋ ਕਪਤਾਨ ਬਣਾਉਣ ਦੀ ਯੋਜਨਾ ਛੱਡ ਦਿੱਤੀ ਹੈ?

ਹਾਲਾਂਕਿ ਇਸ ਤੋਂ ਇਲਾਵਾ ਇੱਕ ਹੋਰ ਹਾਈਲਾਈਟ ਰਿੰਕੂ ਸਿੰਘ ਦੀ ਟੀਮ ਵਿੱਚ ਵਾਪਸੀ ਹੈ।

ਭਾਰਤ ਵਿੱਚ ਇਸ ਛੋਟੇ ਫਾਰਮੈਟ ਲਈ ਖੇਡਣ ਵਾਲੇ ਇੰਨੇ ਸਾਰੇ ਚੰਗੇ ਖਿਡਾਰੀ ਹਨ ਕਿ ਰਿਸ਼ਭ ਪੰਤ ਅਤੇ ਯਸ਼ਸਵੀ ਜੈਸਵਾਲ ਵਰਗੇ ਅੱਧਾ ਦਰਜਨ ਤੋਂ ਵੱਧ ਕ੍ਰਿਕਟਰਾਂ ਦੇ ਨਾਮ ਗਿਣਾਏ ਜਾ ਸਕਦੇ ਹਨ, ਜਿਨ੍ਹਾਂ ਨੂੰ ਭਾਰਤੀ ਟੀਮ ਵਿੱਚ ਚੁਣਿਆ ਜਾ ਸਕਦਾ ਸੀ।

ਸ਼ੁਭਮਨ ਗਿੱਲ ਦੇ ਬਾਹਰ ਹੋਣ ਦਾ ਕੀ ਹੈ ਕਾਰਨ?

ਸ਼ੁਭਮਨ ਗਿੱਲ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪਿਛਲੇ ਕੁਝ ਸਮੇਂ ਤੋਂ ਟੀ20 ਵਿੱਚ ਸ਼ੁਭਮਨ ਗਿੱਲ ਕੋਈ ਖ਼ਾਸ ਕਮਾਲ ਨਹੀਂ ਦਿਖਾ ਰਹੇ

ਭਾਰਤੀ ਟੀ20 ਟੀਮ ਦੇ ਕਪਤਾਨ ਸੂਰਿਆਕੁਮਾਰ ਯਾਦਵ ਅਤੇ ਮੁੱਖ ਚੋਣਕਰਤਾ ਅਜੀਤ ਅਗਰਕਰ ਨੇ ਸ਼ੁਭਮਨ ਗਿੱਲ ਨੂੰ ਟੀਮ ਵਿੱਚ ਨਾ ਚੁਣੇ ਜਾਣ ਦਾ ਕਾਰਨ ਉਨ੍ਹਾਂ ਦੀ ਖ਼ਰਾਬ ਫਾਰਮ ਨਹੀਂ ਦੱਸਿਆ ਹੈ।

ਸੂਰਿਆਕੁਮਾਰ ਨੇ ਟੀਮ ਦਾ ਐਲਾਨ ਕਰਦਿਆਂ ਕਿਹਾ, "ਸ਼ੁਭਮਨ ਗਿੱਲ ਨੂੰ ਖ਼ਰਾਬ ਫਾਰਮ ਲਈ ਬਾਹਰ ਨਹੀਂ ਕੀਤਾ ਗਿਆ ਹੈ। ਅਜਿਹਾ ਟੀਮ ਦੇ ਤਾਲਮੇਲ ਕਾਰਨ ਕੀਤਾ ਗਿਆ ਹੈ। ਅਸੀਂ ਟਾਪ-ਆਰਡਰ ਵਿੱਚ ਇੱਕ ਵਿਕਟਕੀਪਰ ਨੂੰ ਖਿਡਾਉਣਾ ਚਾਹੁੰਦੇ ਸੀ। ਗਿੱਲ ਦੀ ਕਾਬਲੀਅਤ 'ਤੇ ਸ਼ੱਕ ਕਰਨ ਵਾਲੀ ਕੋਈ ਗੱਲ ਨਹੀਂ ਹੈ, ਉਹ ਇੱਕ ਸ਼ਾਨਦਾਰ ਖਿਡਾਰੀ ਹਨ।"

ਪਰ ਕੁਝ ਸਮਾਂ ਪਹਿਲਾਂ ਕਪਤਾਨ ਸੂਰਿਆਕੁਮਾਰ ਯਾਦਵ ਦੇ ਇੱਕ ਬਿਆਨ ਤੋਂ ਗਿੱਲ ਦੇ ਬਾਹਰ ਹੋਣ ਦੀ ਗੱਲ ਕੁਝ ਹੱਦ ਤੱਕ ਸਮਝੀ ਜਾ ਸਕਦੀ ਹੈ।

ਸੂਰਿਆਕੁਮਾਰ ਯਾਦਵ

ਆਪਣੇ ਇਸ ਬਿਆਨ ਵਿੱਚ ਉਨ੍ਹਾਂ ਕਿਹਾ ਸੀ, "ਦੱਖਣੀ ਅਫ਼ਰੀਕਾ ਦੇ ਖ਼ਿਲਾਫ਼ ਸੀਰੀਜ਼ ਦੀ ਸ਼ੁਰੂਆਤ ਤੋਂ ਅਸੀਂ ਉਸੇ ਤਰ੍ਹਾਂ ਦੀ ਕ੍ਰਿਕਟ ਖੇਡਣਾ ਜਾਰੀ ਰੱਖਣਾ ਚਾਹੁੰਦੇ ਸੀ, ਜਿਸ ਤਰ੍ਹਾਂ ਅਸੀਂ ਖੇਡਦੇ ਆ ਰਹੇ ਸੀ। ਇਸ ਤਰ੍ਹਾਂ ਦੀ ਕ੍ਰਿਕਟ ਖੇਡਣ ਦੇ ਸਹੀ ਨਤੀਜੇ ਸਭ ਦੇ ਸਾਹਮਣੇ ਹਨ। ਪਰ ਪਿਛਲੀਆਂ ਕੁਝ ਸੀਰੀਜ਼ਾਂ ਤੋਂ ਅਸੀਂ ਉਸ ਤਰ੍ਹਾਂ ਦੀ ਕ੍ਰਿਕਟ ਨਹੀਂ ਖੇਡ ਪਾ ਰਹੇ ਹਾਂ।"

ਸੂਰਿਆਕੁਮਾਰ ਯਾਦਵ ਦੀ ਇਸ ਗੱਲ ਤੋਂ ਕਿਤੇ ਨਾ ਕਿਤੇ ਇਹ ਲੱਗਦਾ ਹੈ ਕਿ ਉਹ ਕਹਿਣਾ ਚਾਹੁੰਦੇ ਹਨ ਕਿ ਗਿੱਲ ਦੇ ਆਉਣ ਤੋਂ ਬਾਅਦ ਅਸੀਂ ਹਮਲਾਵਰ ਅੰਦਾਜ਼ ਵਾਲੀ ਸ਼ੁਰੂਆਤ ਨਹੀਂ ਕਰ ਪਾ ਰਹੇ ਹਾਂ।

ਅਸਲ ਵਿੱਚ ਅਭਿਸ਼ੇਕ ਸ਼ਰਮਾ ਦੇ ਨਾਲ ਸੰਜੂ ਸੈਮਸਨ ਵੱਲੋਂ ਪਾਰੀ ਦੀ ਸ਼ੁਰੂਆਤ ਕਰਨ ਨਾਲ ਪਿਚ ਦੇ ਦੋਵੇਂ ਸਿਰਿਆਂ ਤੋਂ ਭਰਪੂਰ ਦੌੜਾਂ ਨਿਕਲਦੀਆਂ ਰਹੀਆਂ ਹਨ, ਜਿਸ ਨਾਲ ਸਾਹਮਣੇ ਵਾਲੀ ਟੀਮ ਦੇ ਗੇਂਦਬਾਜ਼ ਦਬਾਅ ਹੇਠ ਆ ਜਾਂਦੇ ਹਨ ਅਤੇ ਭਾਰਤੀ ਟੀਮ ਲਈ ਚੀਜ਼ਾਂ ਸੌਖੀਆਂ ਹੋ ਜਾਂਦੀਆਂ ਹਨ।

ਸ਼ਾਇਦ ਇਸੇ ਕਾਰਨ ਹੀ ਅਭਿਸ਼ੇਕ ਅਤੇ ਸੰਜੂ ਦੀ ਪੁਰਾਣੀ ਜੋੜੀ ਨਾਲ ਜਾਣ ਦਾ ਫੈਸਲਾ ਕੀਤਾ ਗਿਆ ਹੈ।

ਕਪਤਾਨੀ ਨਾਲ ਹੋ ਸਕਦੀ ਹੈ ਗਿੱਲ ਦੀ ਵਾਪਸੀ

ਸ਼ੁਭਮਨ ਗਿੱਲ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸ਼ੁਭਮਨ ਗਿੱਲ ਦੇ ਲਈ ਵਾਪਸੀ ਦਾ ਰਾਹ ਬੰਦ ਨਹੀਂ ਹੋਇਆ ਹੈ

ਸ਼ੁਭਮਨ ਗਿੱਲ ਭਾਵੇਂ ਪਿਛਲੇ ਕੁਝ ਮੈਚਾਂ ਵਿੱਚ ਚੰਗਾ ਪ੍ਰਦਰਸ਼ਨ ਨਾ ਕਰ ਸਕਣ ਕਾਰਨ ਵਿਸ਼ਵ ਕੱਪ ਟੀਮ ਵਿੱਚ ਥਾਂ ਨਹੀਂ ਬਣਾ ਸਕੇ ਹਨ, ਪਰ ਵਿਸ਼ਵ ਕੱਪ ਤੋਂ ਬਾਅਦ ਗਿੱਲ ਦੀ ਇਸ ਫਾਰਮੈਟ ਵਿੱਚ ਵਾਪਸੀ ਪੱਕੀ ਹੈ। ਚੋਣ ਕਮੇਟੀ ਤਿੰਨਾਂ ਫਾਰਮੈਟਾਂ ਵਿੱਚ ਇੱਕੋ ਕਪਤਾਨ ਰੱਖਣ 'ਤੇ ਪੱਕੀ ਨਜ਼ਰ ਆਉਂਦੀ ਹੈ।

ਸ਼ੁਭਮਨ ਗਿੱਲ ਨੂੰ ਜਦੋਂ ਇਸ ਸਾਲ ਅਕਤੂਬਰ ਮਹੀਨੇ ਵਿੱਚ ਭਾਰਤੀ ਇੱਕ-ਰੋਜ਼ਾ ਟੀਮ ਦਾ ਕਪਤਾਨ ਬਣਾਇਆ ਗਿਆ ਸੀ, ਤਾਂ ਤਿੰਨਾਂ ਫਾਰਮੈਟਾਂ ਵਿੱਚ ਇੱਕ ਕਪਤਾਨ ਰੱਖਣ ਦੇ ਇਰਾਦੇ ਨਾਲ ਹੀ ਉਨ੍ਹਾਂ ਨੂੰ ਟੀ20 ਟੀਮ ਦਾ ਉਪ-ਕਪਤਾਨ ਬਣਾਇਆ ਗਿਆ ਸੀ।

ਇਸ ਦੇ ਪਿੱਛੇ ਮਕਸਦ ਇਹ ਸੀ ਕਿ ਵਿਸ਼ਵ ਕੱਪ ਤੋਂ ਬਾਅਦ ਸੂਰਿਆਕੁਮਾਰ ਯਾਦਵ ਨੂੰ ਕਪਤਾਨੀ ਤੋਂ ਵਿਦਾ ਕਰਕੇ ਗਿੱਲ ਨੂੰ ਇਹ ਜ਼ਿੰਮੇਵਾਰੀ ਸੌਂਪੀ ਜਾਵੇ। ਪਰ ਗਿੱਲ ਦੀ ਖ਼ਰਾਬ ਫਾਰਮ ਨੇ ਸਾਰਾ ਮਾਮਲਾ ਵਿਗਾੜ ਦਿੱਤਾ।

ਹਰਭਜਨ ਸਿੰਘ ਨੇ ਸਟਾਰ ਸਪੋਰਟਸ ਦੇ 'ਫਾਲੋ ਦ ਬਲੂ' ਪ੍ਰੋਗਰਾਮ ਵਿੱਚ ਕਿਹਾ, "ਸ਼ੁਭਮਨ ਗਿੱਲ ਕਲਾਸ ਖਿਡਾਰੀ ਹਨ। ਉਹ ਸਾਰੇ ਫਾਰਮੈਟਾਂ ਦੇ ਖਿਡਾਰੀ ਹਨ। ਦੋ-ਤਿੰਨ ਮੈਚਾਂ ਵਿੱਚ ਦੌੜਾਂ ਨਾ ਨਿਕਲਣ ਕਾਰਨ ਇਹ ਸਥਿਤੀ ਬਣੀ ਹੈ। ਉਹ ਭਵਿੱਖ ਦੇ ਖਿਡਾਰੀ ਹਨ, ਇਸ ਲਈ ਟੀਮ ਪ੍ਰਬੰਧਨ ਨੂੰ ਉਨ੍ਹਾਂ ਨਾਲ ਗੱਲ ਕਰਕੇ ਸਥਿਤੀ ਸਾਫ਼ ਕਰਨੀ ਚਾਹੀਦੀ ਹੈ। ਇਹ ਸਹੀ ਹੈ ਕਿ ਟੀਮ ਵਿੱਚ ਨਾ ਚੁਣੇ ਜਾਣ ਕਾਰਨ ਉਨ੍ਹਾਂ ਨੂੰ ਥੋੜ੍ਹਾ ਝਟਕਾ ਲੱਗਿਆ ਹੋਵੇਗਾ, ਪਰ ਉਨ੍ਹਾਂ ਨੂੰ ਇਸ ਤੋਂ ਸਬਕ ਲੈ ਕੇ ਵਾਪਸੀ ਕਰਨੀ ਚਾਹੀਦੀ ਹੈ।"

ਸੁਨੀਲ ਗਾਵਸਕਰ ਵੀ ਮੰਨਦੇ ਹਨ ਕਿ ਕਲਾਸ ਹੀ ਸਥਾਈ ਹੁੰਦੀ ਹੈ, ਫਾਰਮ ਤਾਂ ਅਸਥਾਈ ਹੁੰਦੀ ਹੈ। ਇਸ ਨਾਲ ਲੱਗਦਾ ਹੈ ਕਿ ਗਿੱਲ ਦੇ ਬੱਲੇ ਤੋਂ ਰਨ ਨਿਕਲਦੇ ਹੀ ਉਹ ਫਿਰ ਇਸ ਫਾਰਮੈਟ ਵਿੱਚ ਖੇਡਦੇ ਨਜ਼ਰ ਆਉਣਗੇ।

ਈਸ਼ਾਨ ਦੀ ਬਿਹਤਰ ਖਿਡਾਰੀ ਵਜੋਂ ਵਾਪਸੀ

ਈਸ਼ਾਨ ਕਿਸ਼ਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਈਸ਼ਾਨ ਕਿਸ਼ਨ ਨੇ ਹਾਲ ਹੀ ਵਿੱਚ ਸ਼ਾਨਦਾਰ ਫਾਰਮ ਦਿਖਾਈ ਹੈ

ਈਸ਼ਾਨ ਕਿਸ਼ਨ ਨੂੰ ਭਾਰਤੀ ਟੀਮ ਵਿੱਚ ਵਾਪਸੀ ਲਈ ਲਗਭਗ ਦੋ ਸਾਲ ਲੱਗ ਗਏ ਹਨ, ਪਰ ਉਹ ਇੱਕ ਬਿਹਤਰ ਖਿਡਾਰੀ ਬਣ ਕੇ ਵਾਪਸ ਆਏ ਹਨ। ਅਸਲ ਗੱਲ ਇਹ ਹੈ ਕਿ ਉਨ੍ਹਾਂ ਨੇ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਕਰਕੇ ਚੋਣਕਾਰਾਂ ਨੂੰ ਮਜਬੂਰ ਕਰ ਦਿੱਤਾ ਕਿ ਉਹ ਉਨ੍ਹਾਂ ਦੀ ਚੋਣ ਕਰਨ।

ਈਸ਼ਾਨ ਕਿਸ਼ਨ ਦੇ ਟੀਮ ਵਿੱਚ ਆਉਣ ਨਾਲ ਟੀਮ ਪ੍ਰਬੰਧਨ ਨੂੰ ਦੋ ਬਦਲ ਮਿਲਦੇ ਹਨ। ਉਹ ਇੱਕ ਚੰਗੇ ਵਿਕਟਕੀਪਰ ਤਾਂ ਹਨ ਹੀ, ਨਾਲ ਹੀ ਲੋੜ ਪੈਣ 'ਤੇ ਪਾਰੀ ਦੀ ਸ਼ੁਰੂਆਤ ਵੀ ਕਰ ਸਕਦੇ ਹਨ।

ਈਸ਼ਾਨ ਕਿਸ਼ਨ ਦਾ ਅੰਤਰਰਾਸ਼ਟਰੀ ਕਰੀਅਰ ਸਾਲ 2022 ਵਿੱਚ ਉਸ ਵੇਲੇ ਸਿਖਰਾਂ 'ਤੇ ਸੀ, ਜਦੋਂ ਚਟਗਾਂਵ ਵਿੱਚ ਵਨਡੇ ਵਿੱਚ ਉਨ੍ਹਾਂ ਨੇ ਦੋਹਰਾ ਸੈਂਕੜਾ ਜੜਿਆ ਸੀ। ਪਰ ਟੈਸਟ ਟੀਮ ਵਿੱਚ ਥਾਂ ਪੱਕੀ ਨਾ ਹੋਣ ਕਾਰਨ ਉਹ ਸ਼ਾਇਦ ਨਿਰਾਸ਼ ਸਨ, ਇਸ ਲਈ ਦੱਖਣੀ ਅਫ਼ਰੀਕਾ ਦੌਰੇ ਦਰਮਿਆਨ ਵਾਪਸ ਮੁੜਨਾ ਉਨ੍ਹਾਂ ਲਈ ਗਲਤ ਫੈਸਲਾ ਸਾਬਤ ਹੋ ਗਿਆ।

ਇਸ ਦੌਰੇ 'ਤੇ ਉਨ੍ਹਾਂ ਦੇ ਨਾ ਹੋਣ ਕਾਰਨ ਧਰੁਵ ਜੁਰੇਲ ਦਾ ਟੈਸਟ ਕਰੀਅਰ ਸ਼ੁਰੂ ਹੋ ਗਿਆ। ਉਨ੍ਹਾਂ ਨੇ ਜੇਕਰ ਉਸ ਵੇਲੇ ਥੋੜ੍ਹਾ ਸਬਰ ਰੱਖਿਆ ਹੁੰਦਾ ਤਾਂ ਸ਼ਾਇਦ ਵਾਪਸੀ ਦੀ ਲੋੜ ਹੀ ਨਾ ਪੈਂਦੀ।

ਈਸ਼ਾਨ ਨੇ ਸਾਲ 2024 ਵਿੱਚ ਆਪਣਾ ਵਾਪਸੀ ਅਭਿਆਨ ਸ਼ੁਰੂ ਕੀਤਾ। ਪਹਿਲਾਂ ਰਣਜੀ ਟ੍ਰਾਫੀ ਅਤੇ ਫਿਰ ਸਈਅਦ ਮੁਸ਼ਤਾਕ ਅਲੀ ਟ੍ਰਾਫ਼ੀ ਵਿੱਚ ਧਮਾਕੇਦਾਰ ਪ੍ਰਦਰਸ਼ਨ ਕਰਕੇ ਉਨ੍ਹਾਂ ਨੇ ਦਿਖਾ ਦਿੱਤਾ ਕਿ ਉਹ ਭਾਰਤੀ ਟੀਮ ਵਿੱਚ ਖੇਡਣ ਲਈ ਪੂਰੀ ਤਰ੍ਹਾਂ ਤਿਆਰ ਹਨ।

ਉਨ੍ਹਾਂ ਨੇ ਫਾਈਨਲ ਵਿੱਚ ਹਰਿਆਣਾ ਦੇ ਖ਼ਿਲਾਫ਼ ਸੈਂਕੜਾ ਜੜ ਕੇ ਝਾਰਖੰਡ ਨੂੰ ਚੈਂਪੀਅਨ ਬਣਾਇਆ ਅਤੇ ਭਾਰਤੀ ਟੀਮ ਵਿੱਚ ਆਪਣੀ ਵਾਪਸੀ ਪੱਕੀ ਕਰ ਲਈ।

ਰਿੰਕੂ ਦੀ ਵਾਪਸੀ ਨਾਲ ਸ਼ਿਵਮ 'ਤੇ ਬਣੇਗਾ ਦਬਾਅ?

ਰਿੰਕੂ ਸਿੰਘ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਰਿੰਕੂ ਸਿੰਘ ਦੀ ਟੀ20 ਵਰਲਡ ਕੱਪ ਦੇ ਲਈ ਟੀਮ ਇੰਡੀਆ ਵਿੱਚ ਵਾਪਸੀ ਹੋਈ ਹੈ

ਰਿੰਕੂ ਸਿੰਘ ਨੂੰ ਇੱਕ ਫਿਨਿਸ਼ਰ ਮੰਨਿਆ ਜਾਂਦਾ ਹੈ। ਉਨ੍ਹਾਂ ਨੇ ਆਪਣੇ ਆਪ ਨੂੰ ਇਸ ਭੂਮਿਕਾ ਵਿੱਚ ਕਈ ਵਾਰ ਸਾਬਤ ਕੀਤਾ ਹੈ। ਹਾਲਾਂਕਿ, ਪਿਛਲੇ ਦਿਨੀਂ ਟੀਮ ਪ੍ਰਬੰਧਨ ਵੱਲੋਂ ਇਸ ਭੂਮਿਕਾ ਲਈ ਸ਼ਿਵਮ ਦੂਬੇ 'ਤੇ ਭਰੋਸਾ ਕਰਨ ਕਾਰਨ ਰਿੰਕੂ ਯੋਜਨਾ ਤੋਂ ਬਾਹਰ ਹੋ ਗਏ।

ਸ਼ਿਵਮ ਦੂਬੇ ਨੂੰ ਤਰਜੀਹ ਦੇਣ ਦਾ ਕਾਰਨ ਸੀ ਉਨ੍ਹਾਂ ਦਾ ਹਮਲਾਵਰ ਅੰਦਾਜ਼ 'ਚ ਖੇਡਣ ਤੋਂ ਇਲਾਵਾ ਮੱਧਮ ਤੇਜ਼ ਗੇਂਦਬਾਜ਼ੀ ਵੀ ਕਰ ਲੈਣਾ।

ਪਰ ਭਾਰਤੀ ਟੀਮ ਜਿਸ ਤਰ੍ਹਾਂ ਨਾਲ ਗੇਂਦਬਾਜ਼ੀ ਤਾਲਮੇਲ ਨਾਲ ਮੈਦਾਨ 'ਤੇ ਉਤਰਦੀ ਹੈ, ਉਸ 'ਚ ਸ਼ਿਵਮ ਨੂੰ ਘੱਟ ਹੀ ਗੇਂਦਬਾਜ਼ੀ ਕਰਨ ਦਾ ਮੌਕਾ ਮਿਲਦਾ ਹੈ।

ਇਸ ਸਥਿਤੀ ਵਿੱਚ ਜੇਕਰ ਟੀਮ ਪ੍ਰਬੰਧਨ ਇੱਕ ਬਿਹਤਰ ਫਿਨਿਸ਼ਰ ਨਾਲ ਖੇਡਣ ਦਾ ਫੈਸਲਾ ਕਰਦਾ ਹੈ, ਤਾਂ ਰਿੰਕੂ ਨੂੰ ਮੌਕਾ ਮਿਲ ਸਕਦਾ ਹੈ।

ਕੁਲਦੀਪ ਦਾ ਖੇਡਣਾ ਮੁਸ਼ਕਿਲ

ਕੁਲਦੀਪ ਯਾਦਵ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕੁਲਦੀਪ ਯਾਦਵ ਟੀ20 ਵਿੱਚ ਟੀਮ ਇੰਡੀਆ ਦੇ 'ਫਰਸਟ ਚੌਇਸ' ਸਪਿਨਰ ਨਹੀਂ ਹਨ

ਅਕਸ਼ਰ ਪਟੇਲ ਨੂੰ ਟੀਮ ਦਾ ਉਪ-ਕਪਤਾਨ ਬਣਾਏ ਜਾਣ ਨਾਲ ਕੁਲਦੀਪ ਯਾਦਵ ਦੇ ਖੇਡਣ ਦੀਆਂ ਸੰਭਾਵਨਾਵਾਂ ਕਮਜ਼ੋਰ ਹੋ ਜਾਂਦੀਆਂ ਹਨ।

ਕੁਲਦੀਪ ਨੂੰ ਵਿਕਟ ਲੈਣ ਵਾਲਾ ਸਪਿਨਰ ਮੰਨਿਆ ਜਾਂਦਾ ਹੈ। ਉਹ ਕਈ ਵਾਰ ਵਿਚਕਾਰਲੇ ਓਵਰਾਂ ਵਿੱਚ ਵਿਰੋਧੀ ਟੀਮ 'ਤੇ ਦਬਾਅ ਬਣਾਉਣ 'ਚ ਕਾਮਯਾਬ ਰਹਿੰਦੇ ਹਨ।

ਦਰਅਸਲ, ਅਕਸ਼ਰ ਉਪ-ਕਪਤਾਨ ਹੋਣ ਕਾਰਨ ਖੇਡਣਗੇ ਹੀ। ਨਾਲ ਹੀ ਇਸ ਫਾਰਮੈਟ ਵਿੱਚ ਦੁਨੀਆ ਦੇ ਨੰਬਰ ਇੱਕ ਗੇਂਦਬਾਜ਼ ਹੋਣ ਕਰਕੇ ਵਰੁਣ ਚੱਕਰਵਰਤੀ ਵੀ ਖੇਡਣਗੇ।

ਅਜਿਹੀ ਸਥਿਤੀ ਵਿੱਚ, ਤੀਜੇ ਸਪਿਨਰ ਦੇ ਖੇਡਣ ਦਾ ਫੈਸਲਾ ਕੁਲਦੀਪ ਯਾਦਵ ਅਤੇ ਵਾਸ਼ਿੰਗਟਨ ਸੁੰਦਰ ਵਿਚਕਾਰ ਹੋਵੇਗਾ। ਸੁੰਦਰ ਦੀ ਬਿਹਤਰੀਨ ਬੱਲੇਬਾਜ਼ੀ ਕਾਰਨ ਸੁੰਦਰ ਦੇ ਖੇਡਣ ਦੀਆਂ ਸੰਭਾਵਨਾਵਾਂ ਜ਼ਿਆਦਾ ਹਨ।

ਟੀਮ 'ਚ ਚੁਣੇ ਗਏ ਬਾਕੀ ਖਿਡਾਰੀਆਂ ਦੀ ਚੋਣ 'ਤੇ ਕਿਸੇ ਨੂੰ ਸ਼ੱਕ ਨਹੀਂ ਸੀ ਅਤੇ ਉਹ ਚੁਣੇ ਵੀ ਗਏ।

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)