ਜਦੋਂ ਟਰੂਡੋ ਨੇ ਸੋਫ਼ੀ ਨੂੰ ਪਿਆਰ ਦਾ ਇਜ਼ਹਾਰ ਕਰਦੇ ਕਿਹਾ ਸੀ, ‘ਮੈਂ 31 ਸਾਲ ਤੋਂ ਤੁਹਾਡੇ ਇੰਤਜ਼ਾਰ ’ਚ ਸੀ’

ਸਾਲ 2015 ਵਿੱਚ ਪਹਿਲੀ ਵਾਰ ਕੈਨੇਡਾ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਜਸਟਿਨ ਟਰੂਡੋ ਨੇ ਆਪਣੀ ਪਤਨੀ ਸੋਫ਼ੀ ਟਰੂਡੋ ਨਾਲ ਵੋਗ ਮੈਗਜ਼ੀਨ ਨੂੰ ਇਕੱਠੇ ਇੰਟਰਵਿਊ ਦਿੱਤਾ।

ਇਸ ਇੰਟਰਵਿਊ ਵਿੱਚ ਸੋਫ਼ੀ ਨੇ ਕਿਹਾ ਕਿ ਪਹਿਲੀ ਡੇਟ ਦੇ ਡਿਨਰ ਤੋਂ ਬਾਅਦ ਟਰੂਡੋ ਨੇ ਉਨ੍ਹਾਂ ਨੂੰ ਕਿਹਾ ਸੀ, “ਮੈਂ 31 ਸਾਲਾਂ ਦਾ ਹਾਂ, ਅਤੇ ਮੈਂ 31 ਸਾਲਾਂ ਤੋਂ ਤੁਹਾਡਾ ਇੰਤਜ਼ਾਰ ਕਰ ਰਿਹਾ ਹਾਂ।”

ਹੁਣ ਜਸਟਿਨ ਟਰੂਡੋ ਤੇ ਸੋਫ਼ੀ ਟਰੂਡੋ ਨੇ ਬੁੱਧਵਾਰ ਨੂੰ ਆਪਣੇ ਵਿਆਹ ਦੇ 18 ਸਾਲਾਂ ਬਾਅਦ ਅਲੱਗ ਹੋਣ ਦਾ ਐਲਾਨ ਕੀਤਾ ਹੈ।

ਦੋਵਾਂ ਦਾ ਵਿਆਹ ਸਾਲ 2005 ਵਿੱਚ ਹੋਇਆ ਸੀ ਅਤੇ ਉਹਨਾਂ ਦੇ ਤਿੰਨ ਬੱਚੇ ਹਨ।

ਜਸਟਿਨ ਟਰੂਡੋ (51) ਤੇ ਸੋਫ਼ੀ ਗ੍ਰੇਗਰੀ ਟਰੂਡੋ (49) ਨੇ ਅਲੱਗ ਹੋਣ ਦੀ ਜਾਣਕਾਰੀ ਇੰਸਟਾਗ੍ਰਾਮ ਪੋਸਟ ਰਾਹੀਂ ਸਾਂਝੀ ਕੀਤੀ।

ਜਸਟਿਨ ਟਰੂਡੋ ਦੇ ਇੰਸਟਾਗ੍ਰਾਮ 'ਤੇ ਲਿਖਿਆ ਹੈ, ''ਮੈਂ ਅਤੇ ਸੋਫ਼ੀ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਕਈ ਅਰਥਪੂਰਨ ਅਤੇ ਮੁਸ਼ਕਲ ਗੱਲਬਾਤ ਤੋਂ ਬਾਅਦ ਅਸੀਂ ਵੱਖ ਹੋਣ ਦਾ ਫੈਸਲਾ ਕੀਤਾ ਹੈ। ਇੱਕ ਦੂਜੇ ਲਈ ਪਿਆਰ ਅਤੇ ਸਤਿਕਾਰ ਨਾਲ, ਅਸੀਂ ਹਮੇਸ਼ਾ ਪਰਿਵਾਰ ਵਾਂਗ ਰਹਾਂਗੇ। ਜੋ ਅਸੀਂ ਮਿਲ ਕੇ ਬਣਾਇਆ ਹੈ, ਉਸ ਨੂੰ ਅੱਗੇ ਲੈ ਕੇ ਜਾਵਾਂਗੇ।”

ਇਸ ਪੋਸਟ ਵਿੱਚ ਬੱਚਿਆਂ ਦਾ ਜ਼ਿਕਰ ਕਰਦੇ ਹੋਏ ਕਿਹਾ ਗਿਆ ਹੈ, ‘ਸਾਡੀ ਨਿੱਜਤਾ ਦਾ ਸਨਮਾਨ ਕਰੋ।’

ਕੈਨੇਡਾ ਦੇ ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਦੱਸਿਆ ਗਿਆ ਹੈ ਕਿ ਦੋਹਾਂ ਨੇ ਤਲਾਕ ਦੇ ਕਾਗਜ਼ਾਂ 'ਤੇ ਦਸਤਖਤ ਕਰ ਦਿੱਤੇ ਹਨ। ਹਾਲਾਂਕਿ ਦੋਵੇਂ ਜਨਤਕ ਸਮਾਗਮਾਂ 'ਚ ਇਕੱਠੇ ਨਜ਼ਰ ਆਉਣਗੇ।

ਪਿਛਲੇ ਕੁਝ ਸਾਲਾਂ 'ਚ ਦੋਵਾਂ ਨੂੰ ਜਨਤਕ ਮੰਚਾਂ 'ਤੇ ਘੱਟ ਹੀ ਦੇਖਿਆ ਗਿਆ ਹੈ।

ਉਹ ਮਈ ਵਿੱਚ ਕਿੰਗ ਚਾਰਲਸ III ਦੀ ਤਾਜਪੋਸ਼ੀ ਵਿੱਚ ਸ਼ਾਮਲ ਹੋਏ ਸਨ ਅਤੇ ਮਾਰਚ ਵਿੱਚ ਕੈਨੇਡਾ ਵਿੱਚ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੀ ਮੇਜ਼ਬਾਨੀ ਕੀਤੀ ਸੀ।

2003 ’ਚ ਡੇਟਿੰਗ ਸ਼ੁਰੂ ਹੋਈ ਸੀ

ਦੋਵਾਂ ਨੇ 2003 ਵਿੱਚ ਡੇਟਿੰਗ ਸ਼ੁਰੂ ਕੀਤੀ ਸੀ। ਉਸ ਸਮੇਂ ਸੋਫ਼ੀ ਗ੍ਰੇਗਰੀ ਇੱਕ ਟੀਵੀ ਸ਼ਖਸੀਅਤ ਵਜੋਂ ਕੰਮ ਕਰ ਰਹੇ ਸਨ।

ਉਹ ਮਾਨਸਿਕ ਸਿਹਤ ਅਤੇ ਖਾਣ-ਪੀਣ ਦੀਆਂ ਬਿਮਾਰੀਆਂ ਦੇ ਆਲੇ-ਦੁਆਲੇ ਆਪਣੀ ਚੈਰਿਟੀ ਰਾਹੀਂ ਕੰਮ ਕਰਨ ਲਈ ਜਾਣੇ ਜਾਂਦੇ ਸਨ।

ਸੋਫ਼ੀ ਗ੍ਰੇਗਰੀ ਟਰੂਡੋ ਦੇ ਛੋਟੇ ਭਰਾ ਮਿਸ਼ੇਲ ਨਾਲ ਸਕੂਲ ਵਿੱਚ ਵੀ ਪੜ੍ਹਦੇ ਸਨ।

ਮਈ 2022 ਵਿੱਚ ਵਿਆਹ ਦੀ ਵਰ੍ਹੇਗੰਢ ਮੌਕੇ ਸੋਫ਼ੀ ਗ੍ਰੇਗਰੀ ਟਰੂਡੋ ਨੇ ਇੰਸਟਾਗ੍ਰਾਮ ਪੋਸਟ ਵਿੱਚ ਲੰਬੇ ਸਮੇਂ ਦੇ ਰਿਸ਼ਤਿਆਂ ਦੀਆਂ ਚੁਣੌਤੀਆਂ ਬਾਰੇ ਲਿਖਿਆ ਸੀ, "ਅਸੀਂ ਧੁੱਪ ਵਾਲੇ ਦਿਨਾਂ, ਭਾਰੀ ਤੂਫਾਨਾਂ ਅਤੇ ਸਾਡੇ ਵਿੱਚਕਾਰ ਹਰ ਚੀਜ਼ ਵਿੱਚੋਂ ਲੰਘੇ ਹਾਂ।"

ਜਸਟਿਨ ਟਰੂਡੋ ਨੇ ਆਪਣੀ 2014 ਵਿੱਚ ਲਿਖੀ ਸਵੈ-ਜੀਵਨੀ ਵਿੱਚ ਆਪਣੇ ਵਿਆਹ ਦੇ ਜੀਵਨ ਦੀਆਂ ਚੁਣੌਤੀਆਂ ਬਾਰੇ ਲਿਖਿਆ ਸੀ।

ਟਰੂਡੋ ਨੇ ਲਿਖਿਆ, "ਸਾਡੇ ਵਿਆਹ ਵਿੱਚ ਸਭ ਕੁਝ ਪੂਰੀ ਤਰ੍ਹਾਂ ਸਹੀ ਨਹੀਂ ਹੈ। ਅਸੀਂ ਤਕਲੀਫ਼ਦੇਹ ਉਤਰਾਅ-ਚੜ੍ਹਾਅ ਦੇਖੇ। ਫਿਰ ਵੀ ਸੋਫੀ ਮੇਰੀ ਸਭ ਤੋਂ ਚੰਗੀ ਦੋਸਤ, ਮੇਰੀ ਸਾਥਣ ਤੇ ਮੇਰਾ ਪਿਆਰ ਹੈ। ਅਸੀਂ ਇੱਕ ਦੂਜੇ ਪ੍ਰਤੀ ਇਮਾਨਦਾਰ ਰਹੇ ਭਾਵੇਂ ਇਹ ਦੁੱਖ ਦੇਣ ਵਾਲਾ ਹੀ ਕਿਉਂ ਨਾ ਹੋਵੇ।"

  • ਜਸਟਿਨ ਟਰੂਡੋ ਤੇ ਸੋਫ਼ੀ ਗ੍ਰੇਗਰੀ ਟਰੂਡੋ ਨੇ ਅਲੱਗ ਹੋਣ ਦੀ ਜਾਣਕਾਰੀ ਇੰਸਚਾਗ੍ਰਾਮ ਪੋਸਟ ਰਾਹੀਂ ਸਾਂਝੀ ਕੀਤੀ
  • ਦੋਵਾਂ ਨੇ 2003 ਵਿੱਚ ਡੇਟਿੰਗ ਸ਼ੁਰੂ ਕੀਤੀ ਸੀ ਤੇ ਉਹਨਾਂ ਦੇ ਤਿੰਨ ਬੱਚੇ ਹਨ
  • ਉਸ ਸਮੇਂ ਸੋਫ਼ੀ ਗ੍ਰੇਗਰੀ ਇੱਕ ਟੀਵੀ ਸ਼ਖਸੀਅਤ ਵਜੋਂ ਕੰਮ ਕਰ ਰਹੇ ਸਨ
  • ਜਸਟਿਨ ਟਰੂਡੋ 2015 ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਬਣੇ ਸਨ
  • ਉਨ੍ਹਾਂ ਦੇ ਪਿਤਾ ਦੋ ਕਾਰਜਕਾਲਾਂ ਵਿੱਚ 15 ਸਾਲਾਂ ਤੱਕ ਕੈਨੇਡਾ ਦੇ ਪ੍ਰਧਾਨ ਮੰਤਰੀ ਰਹੇ

ਟਰੂਡੋ ਦੀ ਸਿਆਸਤ ਤੇ ਪਰਵਾਸੀ ਪੱਖੀ ਹੋਣਾ

ਸਾਲ 1972 'ਚ ਅਮਰੀਕਾ ਦੇ ਰਾਸ਼ਟਰਪਤੀ ਰਿਚਰਡ ਨਿਕਸਨ ਨੇ ਆਪਣੀ ਕੈਨੇਡਾ ਫੇਰੀ ਦੌਰਾਨ ਚਾਰ ਸਾਲਾ ਜਸਟਿਨ ਟਰੂਡੋ ਲਈ ਇਹ ਐਲਾਨ ਕੀਤਾ ਸੀ ਕਿ ਉਹ ਕੈਨੇਡਾ ਦੇ ਭਵਿੱਖ ਦੇ ਪ੍ਰਧਾਨ ਮੰਤਰੀ ਹੋਣਗੇ।

ਉਨ੍ਹਾਂ ਦਾ ਇਹ ਐਲਾਨਲਾਮਾ ਉਸ ਵੇਲੇ ਸੱਚ ਹੋਇਆ ਜਦੋਂ ਜਸਟਿਨ ਟਰੂਡੋ 2015 ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਬਣ ਗਏ।

ਜਸਟਿਨ ਟਰੂਡੋ ਦੇ ਪਿਤਾ ਪਿਅਰੇ ਇਲਿਏਟ ਟਰੂਡੋ ਵੀ ਕਨੇਡਾ ਦੇ ਪ੍ਰਧਾਨ ਮੰਤਰੀ ਰਹਿ ਚੁੱਕੇ ਹਨ ਪਰ ਜਸਟਿਨ ਨੂੰ ਸਿਆਸਤ ਵਿਰਾਸਤ ਵਿੱਚ ਨਹੀਂ ਮਿਲੀ। ਪਿਤਾ ਦੇ ਦੇਹਾਂਤ ਤੋਂ ਬਾਅਦ ਉਹ ਸਿਆਸਤ ਵਿੱਚ ਦਾਖਲ ਹੋਏ।

ਪਹਿਲਾਂ ਕੈਨੇਡਾ ਦੇ ਲੋਕਾਂ ਦੇ ਦਿਲਾਂ ਵਿੱਚ ਆਪਣੀ ਥਾਂ ਬਣਾਈ ਅਤੇ ਉਸ ਤੋਂ ਬਾਅਦ ਦੁਨੀਆਂ ਭਰ ਦੇ ਲੋਕਾਂ 'ਤੇ ਵੀ ਉਨ੍ਹਾਂ ਦਾ ਅਸਰ ਜ਼ਾਹਿਰ ਹੋਣ ਲੱਗਾ।

ਉਨ੍ਹਾਂ ਦੇ ਪਿਤਾ ਦੋ ਕਾਰਜਕਾਲਾਂ ਵਿੱਚ ਕੁੱਲ ਮਿਲਾ ਕੇ 15 ਸਾਲਾਂ ਤੱਕ ਕੈਨੇਡਾ ਦੇ ਪ੍ਰਧਾਨ ਮੰਤਰੀ ਰਹੇ।

ਜਸਟਿਨ ਟਰੂਡੋ ਦੇ ਪਿਤਾ ਦਾ ਦੇਹਾਂਤ ਸਾਲ 2000 ਵਿੱਚ ਹੋਇਆ ਅਤੇ ਉਸ ਦੇ ਅੱਠ ਸਾਲ ਬਾਅਦ ਟਰੂਡੋ ਨੇ ਸਿਆਸਤ ਵਿੱਚ ਕਦਮ ਰੱਖਿਆ ਅਤੇ ਤੇਜ਼ੀ ਨਾਲ ਆਪਣੀ ਥਾਂ ਬਣਾਉਂਦੇ ਗਏ।

ਜਸਟਿਨ ਟਰੂਡੋ ਦੀ ਉਨ੍ਹਾਂ ਦੇ ਪਰਵਾਸੀਆਂ ਪੱਖੀ ਰੁਖ਼ ਕਰ ਕੇ ਸਿਫ਼ਤ ਵੀ ਕੀਤੀ ਜਾਂਦੀ ਹੈ।

ਸੀਰੀਆ ਦੇ ਇੱਕ ਸ਼ਰਨਾਰਥੀ ਜੋੜੇ ਨੇ ਆਪਣੇ ਪੁੱਤ ਦਾ ਨਾਂ ਜਸਟਿਨ ਟਰੂਡੋ ਐਡਮ ਬਿਲਾਨ ਰੱਖਿਆ ਸੀ।

ਇਸ ਜੋੜੇ ਨੇ ਅਜਿਹਾ ਕੈਨੇਡਾ ਵਿੱਚ ਸ਼ਰਨ ਲੈਣ ਤੋਂ ਬਾਅਦ ਟਰੂਡੋ ਦਾ ਧੰਨਵਾਦ ਕਰਨ ਲਈ ਕੀਤਾ।

ਟਰੂਡੋ ਕਾਰਜਕਾਲ ਵਿੱਚ ਨਵੰਬਰ 2015 ਤੋਂ ਜਨਵਰੀ 2017 ਵਿਚਕਾਰ 40,000 ਤੋਂ ਵੱਧ ਸ਼ਰਨਾਰਥੀ ਸੀਰੀਆ ਤੋਂ ਕੈਨੇਡਾ ਵਿੱਚ ਆ ਕੇ ਵਸੇ।

ਜਸਟਿਨ ਟਰੂਡੋ ਦੀ ਨਿਵੇਕਲੀ ਸਖਸ਼ੀਅਤ

ਜਸਟਿਨ ਟਰੂਡੋ ਨੇ ਕਈ ਪੇਸ਼ੇ ਅਪਣਾਏ। ਉਹ ਇੱਕ ਬਾਕਸਰ ਵਜੋਂ ਵੀ ਜਾਣੇ ਜਾ ਚੁੱਕੇ ਹਨ। ਉਹ ਇੱਕ ਸਕੂਲ ਵਿੱਚ ਬਤੌਰ ਫਰੈਂਚ ਅਤੇ ਗਣਿਤ ਅਧਿਆਪਕ ਵੀ ਰਹਿ ਚੁੱਕੇ ਹਨ।

2016 ਵਿੱਚ ਉਨ੍ਹਾਂ ਦੀ ਮੈਕਸੀਕੋ ਦੇ ਰਾਸ਼ਟਰਪਤੀ ਪੇਨਾ ਨਿਏਤੋ ਨਾਲ ਓਟਾਵਾ ਵਿੱਚ ਦੌੜ ਲਗਾਉਂਦੇ ਫ਼ੋਟੋ ਵੀ ਲਈ ਗਈ ਸੀ।

ਟਰੂਡੋ ਇੱਕ ਕਾਰਟੂਨ ਕਿਤਾਬ ਦੇ ਕਵਰ ਪਨ੍ਹੇ 'ਤੇ ਵੀ ਆ ਚੁੱਕੇ ਹਨ।

ਟਰੂਡੋ ਦੁਨੀਆਂ ਦੇ ਇਕੱਲੇ ਪ੍ਰਧਾਨ ਮੰਤਰੀ ਹਨ ਜਿਨ੍ਹਾਂ ਨੇ ਆਪਣੇ ਹੱਥਾਂ 'ਤੇ ਟੈਟੂ ਬਣਵਾਇਆ ਸੀ।

ਉਹ ਆਮ ਲੋਕਾਂ ਦੀ ਤਰ੍ਹਾਂ ਹੀ ਕੈਨੇਡਾ ਦੀਆਂ ਸੜਕਾਂ 'ਤੇ ਪੈਦਲ ਦੇਖੇ ਜਾ ਸਕਦੇ ਹਨ।

ਆਮ ਲੋਕਾਂ ਦੀ ਆਵਾਜ਼ ਦਾ ਸਾਥ ਦੇਣ ਲਈ ਜਸਟਿਨ ਕਿਸੇ ਪਰੇਡ ਵਿੱਚ ਸ਼ਾਮਿਲ ਹੋ ਸਕਦੇ ਹਨ।

ਚਾਹੇ ਉਹ ਸਮਲਿੰਗੀ ਲੋਕਾਂ ਦੀ ਪਰੇਡ ਹੀ ਕਿਉਂ ਨਾ ਹੋਵੇ।

ਉਹ ਬਿਨਾਂ ਕਿਸੇ ਲਾਮ-ਲਸ਼ਕਰ ਅਤੇ ਬਿਨਾਂ ਕਿਸੇ ਸੁਰੱਖਿਆ ਦੇ ਕੈਨੇਡਾ ਦੀਆਂ ਬੱਸਾਂ ਵਿੱਚ ਸਫ਼ਰ ਕਰਦੇ ਹਨ।

ਭੰਗੜੇ ਦੇ ਸ਼ੌਕੀਨ ਟਰੂਡੋ

ਟਰੂਡੋ ਨੇ ਕਈ ਮੌਕਿਆਂ 'ਤੇ ਆਪਣੇ ਭੰਗੜੇ ਦੇ ਜੌਹਰ ਦਿਖਾ ਕੇ ਭਾਰਤੀਆਂ ਦਾ ਦਿਲ ਜਿੱਤਿਆ।

ਇੱਕ ਪੁਰਾਣੀ ਯੂਟਿਉਬ ਵੀਡੀਓ ਵਿੱਚ ਉਨ੍ਹਾਂ ਨੂੰ ਕੁੜਤਾ ਪਜਾਮਾ ਪਾ ਕੇ ਬਾਲੀਵੁੱਡ ਗੀਤਾਂ 'ਤੇ ਭੰਗੜਾ ਪਾਉਂਦੇ ਵੇਖਿਆ ਜਾ ਸਕਦਾ ਹੈ।

ਇਹ ਵੀਡੀਓ ਉਨ੍ਹਾਂ ਦੇ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਦਾ ਹੈ। ਪਰ ਉਨ੍ਹਾਂ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਇਹ ਵੀਡੀਓ ਵਾਇਰਲ ਹੋ ਗਿਆ।

ਉਨ੍ਹਾਂ ਕਈ ਵਾਰ ਮੰਦਰਾਂ ਅਤੇ ਗੁਰਦੁਆਰਿਆਂ ਵਿੱਚ ਜਾਂਦੇ ਹੋਏ ਵੀ ਵੇਖਿਆ ਗਿਆ ਹੈ।

ਉਹ ਦਿਵਾਲ਼ੀ ਮੌਕੇ ਵੀ ਗੁਰਦੁਆਰਿਆਂ ਅਤੇ ਮੰਦਰਾਂ 'ਚ ਜਾਂਦੇ ਵੇਖੇ ਗਏ ਹਨ।

ਉਨ੍ਹਾਂ ਨੂੰ ਵਿਸਾਖੀ ਮੌਕੇ ਪੰਜਾਬੀ ਵਿੱਚ 'ਵਿਸਾਖੀ ਦੀਆਂ ਲੱਖ ਲੱਖ ਵਧਾਈਆਂ' ਅਤੇ 'ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹ' ਕਹਿੰਦੇ ਵੀ ਸੁਣਿਆ ਗਿਆ ਹੈ।

ਟਰੂਡੋ ਦੀ ਮੁਆਫ਼ੀ

ਕਾਮਾਗਾਟਾ ਮਾਰੂ ਦੀ ਘਟਣਾ ਤੋਂ ਬਾਅਦ, ਜਸਟਿਨ ਟਰੂਡੋ ਨੇ 2016 ਵਿੱਚ ਪਹਿਲੀ ਵਾਰ ਮੁਆਫ਼ੀ ਮੰਗੀ। ਜਪਾਨੀ ਬੇੜਾ ਕਾਮਾਗਾਟਾ ਮਾਰੂ ਭਾਰਤੀ ਮੂਲ ਦੇ 376 ਸਿੱਖਾਂ, ਹਿੰਦੂਆਂ ਅਤੇ ਮੁਸਲਮਾਨਾਂ ਨੂੰ ਲੈ ਕੇ 1914 ਵਿੱਚ ਹੋਂਗਕੋਂਗ ਤੋਂ ਕੈਨੇਡਾ ਗਿਆ ਸੀ।

ਇਸ ਬੇੜੇ ਨੂੰ ਪੱਖਪਾਤੀ ਕਾਨੂੰਨਾਂ ਕਰ ਕੇ ਕੈਨੇਡਾ ਨਹੀਂ ਆਉਣ ਦਿੱਤਾ ਗਿਆ।

ਭਾਰਤ ਆਉਣ 'ਤੇ ਇਸ ਬੇੜੇ 'ਤੇ ਬਰਤਾਨਵੀ ਫ਼ੌਜ ਵੱਲੋਂ ਗੋਲੀਬਾਰੀ ਕੀਤੀ ਗਈ ਜਿਸ ਵਿੱਚ 20 ਮੁਸਾਫ਼ਰ ਮਾਰੇ ਗਏ ਸਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ)