ਬ੍ਰਿਟੇਨ ’ਚ ਤਿੰਨ ਬੱਚੀਆਂ ਦੀ ਮੌਤ ਤੋਂ ਬਾਅਦ ਸੱਜੇ ਪੱਖੀਆਂ ਵੱਲੋਂ ਹਿੰਸਕ ਪ੍ਰਦਰਸ਼ਨ , ਹੁਣ ਤੱਕ 90 ਲੋਕ ਹਿਰਾਸਤ ’ਚ, ਕਿਵੇਂ ਭੜਕੀ ਹਿੰਸਾ

    • ਲੇਖਕ, ਐਲੇਕਸ ਬਿਨਲੇ ਅਤੇ ਡੈਨ ਜੌਨਸਨ
    • ਰੋਲ, ਬੀਬੀਸੀ ਨਿਊਜ਼

ਮਰਸੀਸਾਈਡ ’ਚ ਮਸ਼ਹੂਰ ਸਿੰਗਰ ਟੇਲਰ ਸਵਿਫਟ ਦੀ ਥੀਮ ਵਾਲੀ ਡਾਂਸ ਪਾਰਟੀ ’ਚ ਤਿੰਨ ਛੋਟੀਆਂ ਬੱਚੀਆਂ ਦੇ ਕਤਲ ਤੋਂ ਬਾਅਦ ਬ੍ਰਿਟੇਨ ਦੇ ਕਈ ਸ਼ਹਿਰਾਂ ’ਚ ਸੱਜੇ ਪੱਖੀ ਪ੍ਰਦਰਸ਼ਨਕਾਰੀਆਂ ਵੱਲੋਂ ਕੀਤੀ ਗਈ ਹਿੰਸਾ ਦੌਰਾਨ 90 ਤੋਂ ਵੀ ਵੱਧ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

ਸ਼ਨੀਵਾਰ ਨੂੰ ਲੀਵਰਪੂਲ, ਹਲ, ਬ੍ਰਿਸਟਲ, ਮੈਨਚੇਸਟਰ, ਬਲੈਕਪੂਲ ਅਤੇ ਬੈੱਲਫਾਸਟ ’ਚ ਹੋਏ ਇਨ੍ਹਾਂ ਹਿੰਸਕ ਪ੍ਰਦਰਸ਼ਨਾਂ ਦੌਰਾਨ ਬੋਤਲਾਂ ਸੁੱਟੀਆਂ ਗਈਆਂ।

ਇਸ ਦੌਰਾਨ ਦੁਕਾਨਾਂ ਲੁੱਟੀਆਂ ਗਈਆਂ ਅਤੇ ਪੁਲਿਸ ਅਧਿਕਾਰੀਆਂ ਨੂੰ ਵੀ ਨਿਸ਼ਾਨੇ ’ਤੇ ਲਿਆ ਗਿਆ। ਹਾਲਾਂਕਿ ਸਾਰੇ ਪ੍ਰਦਰਸ਼ਨ ਹਿੰਸਕ ਨਹੀਂ ਸਨ।

ਪ੍ਰਧਾਨ ਮੰਤਰੀ ਕੀਅਰ ਸਟਾਰਮਰ ਨੇ ਕਿਹਾ ਹੈ ਕਿ ਨਫ਼ਰਤ ਪੈਦਾ ਕਰਨ ਵਾਲੇ ‘ਕੱਟੜਪੰਥੀਆਂ’ ਦੇ ਖਿਲਾਫ਼ ਕਾਰਵਾਈ ਕਰਨ ਦੇ ਲਈ ਪੁਲਿਸ ਨੂੰ ਸਰਕਾਰ ਵੱਲੋਂ ਪੂਰਾ ਸਮਰਥਨ ਹਾਸਲ ਹੈ।

ਹਿੰਸਕ ਪ੍ਰਦਰਸ਼ਨ ਦੌਰਾਨ ਲੀਵਰਪੂਲ ’ਚ ਪੁਲਿਸ ’ਤੇ ਇੱਟਾਂ, ਬੋਤਲਾਂ ਅਤੇ ਫਲੇਅਰ ਸੁੱਟੇ ਗਏ। ਇੱਕ ਪੁਲਿਸ ਮੁਲਾਜ਼ਮ ’ਤੇ ਤਾਂ ਕੁਰਸੀ ਨਾਲ ਹਮਲਾ ਵੀ ਕੀਤਾ ਗਿਆ, ਜਿਸ ਦੇ ਕਾਰਨ ਉਸ ਪੁਲਿਸ ਮੁਲਾਜ਼ਮ ਦੇ ਸਿਰ ’ਤੇ ਸੱਟ ਲੱਗੀ ਹੈ।

ਇੱਕ ਪੁਲਿਸ ਅਧਿਕਾਰੀ ਨੂੰ ਲੱਤ ਮਾਰ ਕੇ ਮੋਟਰਸਾਈਕਲ ਤੋਂ ਸੁੱਟ ਦਿੱਤਾ ਗਿਆ।

ਹਿੰਸਕ ਪ੍ਰਦਰਸ਼ਨ ਦੇ ਜਵਾਬ ’ਚ ਲੀਵਰਪੂਲ ਦੇ ਲਾਈਮ ਸਟ੍ਰੀਟ ਸਟੇਸ਼ਨ ’ਚ ਦੁਪਹਿਰ ਦੇ ਖਾਣੇ ਮੌਕੇ ਕੁਝ 100 ਕੁ ਫਾਸੀਵਾਦੀ ਵਿਰੋਧੀ ਪ੍ਰਦਰਸ਼ਨਕਾਰੀ ਇੱਕਠੇ ਹੋਏ ਅਤੇ ਏਕਤਾ ਤੇ ਸਹਿਣਸ਼ੀਲਤਾ ਦੀ ਅਪੀਲ ਕਰਨ ਲੱਗੇ।

ਉਹ ਨਾਅਰੇ ਲਗਾ ਰਹੇ ਸਨ- “ਸ਼ਰਨਾਰਥੀਆਂ ਦਾ ਇੱਥੇ ਸਵਾਗਤ ਹੈ।”

“ਨਾਜ਼ੀ ਗੰਦਗੀਓ ਸਾਡੀਆਂ ਸੜਕਾਂ ਤੋਂ ਚਲੇ ਜਾਓ।”

ਉਹ ਸ਼ਹਿਰ ਦੀ ਨਦੀ ਦੇ ਕੰਢੇ ਇੱਕਠੇ ਹੋਏ ਇਮੀਗ੍ਰੇਸ਼ਨ ਵਿਰੋਧੀ ਪ੍ਰਦਰਸ਼ਨਕਾਰੀਆਂ ਦਾ ਮੁਕਾਬਲਾ ਕਰਨ ਲਈ ਅੱਗੇ ਵਧੇ। ਉੱਥੇ ਇੱਕਠੇ ਹੋਏ ਲਗਭਗ 1000 ਲੋਕ ਇਸਲਾਮ ਦੇ ਵਿਰੋਧ ’ਚ ਗਲਤ ਸ਼ਬਦ ਕਹਿ ਰਹੇ ਸਨ।

‘ਪ੍ਰਦਰਸ਼ਨਕਾਰੀ ਸ਼ਹਿਰ ਲਈ ਨਮੋਸ਼ੀ ਦਾ ਕਾਰਨ ਬਣ ਰਹੇ ਹਨ’

ਦੋਵਾਂ ਧਿਰਾਂ ਦਰਮਿਆਨ ਜਾਰੀ ਇਸ ਝੜਪ ’ਤੇ ਕਾਬੂ ਪਾਉਣ ਲਈ ਪੁਲਿਸ ਨੂੰ ਬਹੁਤ ਹੀ ਮਿਹਨਤ-ਮੁਸ਼ੱਕਤ ਕਰਨੀ ਪਈ। ਨੌਬਤ ਇਹ ਆ ਗਈ ਸੀ ਕਿ ਭੜਕੇ ਲੋਕਾਂ ’ਤੇ ਕਾਬੂ ਪਾਉਣ ਲਈ ਵਾਧੂ ਪੁਲਿਸ ਬਲ ਤਾਇਨਾਤ ਕਰਨੀ ਪਈ।

ਪ੍ਰਦਰਸ਼ਨ ਅਤੇ ਅਸ਼ਾਂਤੀ ਦਾ ਇਹ ਸਿਲਸਿਲਾ ਐਤਵਾਰ ਸਵੇਰ ਤੱਕ ਵੀ ਕੁਝ ਦੇਰ ਲਈ ਜਾਰੀ ਰਿਹਾ। ਇਸ ਦੌਰਾਨ ਪੁਲਿਸ ਵੱਲ ਪਟਾਕੇ ਸੁੱਟੇ ਗਏ। ਮੌਕੇ ’ਤੇ ਤਾਇਨਾਤ ਪੁਲਿਸ ਕੋਲ ਦੰਗਿਆਂ ਦੌਰਾਨ ਵਰਤਿਆ ਜਾਣ ਵਾਲਾ ਸਾਜ਼ੋ-ਸਮਾਨ ਵੀ ਸੀ।

ਮਰਸੀਸਾਈਡ ਪੁਲਿਸ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ‘ਗੰਭੀਰ ਗੜਬੜ’ ਦੇ ਦੌਰਾਨ ਕਈ ਪੁਲਿਸ ਮੁਲਾਜ਼ਮ ਜ਼ਖਮੀ ਹੋਏ ਹਨ। ਇਨ੍ਹਾਂ ’ਚੋਂ ਦੋ ਨੂੰ ਇਲਾਜ ਦੇ ਲਈ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ।

ਸਹਾਇਕ ਚੀਫ਼ ਕਾਂਸਟੇਬਲ ਜੈਨੀ ਸਿਮਸ ਨੇ ਦੱਸਿਆ, “ ਸੋਮਵਾਰ ਨੂੰ ਸਾਊਥਪੋਰਟ ’ਚ ਵਾਪਰੀਆਂ ਦੁਖਦਾਈ ਘਟਨਾਵਾਂ ਤੋਂ ਬਾਅਦ ਹੁਣ ਮਰਸੀਸਾਈਡ ’ਚ ਗੜਬੜ, ਹਿੰਸਾ ਅਤੇ ਭੰਨਤੋੜ ਦੀ ਕੋਤੀ ਜਗ੍ਹਾ ਨਹੀਂ ਹੈ। ਜਿਹੜੇ ਵੀ ਲੋਕ ਅਜਿਹੀਆਂ ਗਤੀਵਿਧੀਆਂ ’ਚ ਸ਼ਾਮਲ ਹਨ, ਉਹ ਇਸ ਸ਼ਹਿਰ ਲਈ ਸਿਰਫ ਤਾਂ ਸਿਰਫ ਨਮੋਸ਼ੀ ਦਾ ਕਾਰਨ ਬਣ ਰਹੇ ਹਨ।”

ਸ਼ਨੀਵਾਰ ਨੂੰ ਸਰਕਾਰੀ ਮੰਤਰੀਆਂ ਦੀ ਇੱਕ ਬੈਠਕ ’ਚ ਪ੍ਰਧਾਨ ਮੰਤਰੀ ਕੀਅਰ ਸਟਾਰਮਰ ਦੇ ਇੱਕ ਬੁਲਾਰੇ ਨੇ ਕਿਹਾ ਕਿ ਪੀਐਮ ਨੇ ਕਿਹਾ ਹੈ, “ਬੋਲਣ ਦੀ ਆਜ਼ਾਦੀ ਦਾ ਅਧਿਕਾਰ ਅਤੇ ਜੋ ਹਿੰਸਕ ਗੜਬੜ ਅਸੀਂ ਵੇਖੀ ਹੈ, ਉਸ ’ਚ ਜ਼ਮੀਨ-ਆਸਮਾਨ ਦਾ ਅੰਤਰ ਹੈ।”

ਉਨ੍ਹਾਂ ਨੇ ਕਿਹਾ, “ਇੱਥੇ ਕਿਸੇ ਵੀ ਤਰ੍ਹਾਂ ਦੀ ਹਿੰਸਾ ਦੇ ਲਈ ਕੋਈ ਥਾਂ ਨਹੀਂ ਹੈ। ਸਰਕਾਰ ਸੜਕਾਂ ਨੂੰ ਸੁਰੱਖਿਅਤ ਕਰਨ ਦੇ ਲਈ ਸਾਰੀਆਂ ਜ਼ਰੂਰੀ ਕਾਰਵਾਈਆਂ ਦਾ ਸਮਰਥਨ ਕਰਦੀ ਹੈ।”

ਗ੍ਰਹਿ ਮੰਤਰੀ ਯਿਵੇਤ ਕੂਪਰ ਨੇ ਕਿਹਾ, “ ਬ੍ਰਿਟੇਨ ਦੀਆ ਸੜਕਾਂ ’ਤੇ ਅਪਰਾਧਿਕ ਹਿੰਸਾ ਅਤੇ ਗੜਬੜ ਦੇ ਲਈ ਕੋਈ ਥਾਂ ਨਹੀਂ ਹੈ।”

ਉਨ੍ਹਾਂ ਨੇ ਅੱਗੇ ਕਿਹਾ ਕਿ ਇਸ ਤਰ੍ਹਾਂ ਦੇ ਸ਼ਰਾਰਤੀ ਅਨਸਰਾਂ ਦੇ ਖਿਲਾਫ਼ ਸਖ਼ਤ ਕਾਰਵਾਈ ਕਰਨ ਦਾ ਅਧਿਕਾਰ ਪੁਲਿਸ ਕੋਲ ਹੈ।

ਬ੍ਰਿਸਟਲ ’ਚ ਪ੍ਰਦਰਸ਼ਨਕਾਰੀਆਂ ਅਤੇ ਉਨ੍ਹਾਂ ਦੇ ਵਿਰੋਧੀਆਂ ਦਰਮਿਆਨ ਟਕਰਾਅ ਦੀ ਸਥਿਤੀ ਵਿਖਾਈ ਦਿੱਤੀ।

ਜਿੱਥੇ ਇੱਕ ਧਿਰ ਰੂਲ ਬ੍ਰਿਟੈਨੀਆ, “ਇੰਗਲੈਂਡ ਟਿਲ ਆਈ ਡਾਈ” ਅਤੇ “ ਵੀ ਵਾਂਟ ਅਵਰ ਕੰਟਰੀ ਬੈਕ” ਗਾ ਰਹੀ ਸੀ ਉੱਥੇ ਹੀ ਦੂਜੀ ਧਿਰ “ ਇੱਥੇ ਸ਼ਰਨਾਰਥੀਆਂ ਦਾ ਸਵਾਗਤ ਹੈ” ਗਾ ਰਹੀ ਸੀ।

ਨਸਲਵਾਦ ਵਿਰੋਧੀ ਸਮੂਹ ’ਤੇ ਬੀਅਰ ਦੇ ਕੈਨ ਸੁੱਟੇ ਜਾ ਰਹੇ ਸਨ। ਉੱਥੇ ਪੁਲਿਸ ਨੇ ਦੋਵਾਂ ਧਿਰਾਂ ਦੇ ਕੁਝ ਪ੍ਰਦਰਸ਼ਨਕਾਰੀਆਂ ’ਤੇ ਲਾਠੀਚਾਰਜ ਵੀ ਕੀਤਾ।

ਏਵਨ ਅਤੇ ਸਮਰਸੈਟ ਪੁਲਿਸ ਨੇ ਕਿਹਾ ਕਿ ਸ਼ਹਿਰ ’ਚ 14 ਲੋਕਾਂ ਨੂੰ ਹਿਰਾਸਤ ’ਚ ਲਿਆ ਗਿਆ ਹੈ। ਚੀਫ਼ ਇੰਸਪੈਕਟਰ ਵਿਕਸ ਹੇਵਰਡ-ਮੈਲੇਨ ਨੇ ਖਦਸ਼ਾ ਪ੍ਰਗਟ ਕੀਤਾ ਹੈ ਕਿ ਆਉਣ ਵਾਲੇ ਦਿਨਾਂ ’ਚ ਹੋਰ ਗ੍ਰਿਫਤਾਰੀਆਂ ਹੋ ਸਕਦੀਆਂ ਹਨ।

ਮੈਨਚੇਸਟਰ ’ਚ ਪ੍ਰਦਰਸ਼ਨਕਾਰੀਆਂ ਅਤੇ ਪੁਲਿਸ ਦਰਮਿਆਨ ਝੜਪ ਹੋ ਗਈ। ਇੱਥੇ ਘੱਟ ਤੋਂ ਘੱਟ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਪ੍ਰਦਰਸ਼ਨਕਾਰੀਆਂ ਵੱਲੋਂ ਪੁਲਿਸ ’ਤੇ ਵੀ ਹਮਲਾ

ਬੇਲਫਾਸਟ ’ਚ ਦੋ ਲੋਕਾਂ ਨੂੰ ਹਿਰਾਸਤ ’ਚ ਲਿਆ ਗਿਆ ਹੈ। ਇੱਥੇ ਪ੍ਰਦਰਸ਼ਨਕਾਰੀਆਂ ਨੇ ਇੱਕ ਮੀਡੀਆਕਰਮੀ ’ਤੇ ਵੀ ਕੁਝ ਚੀਜ਼ਾਂ ਸੁੱਟੀਆਂ। ਇਸ ਤੋਂ ਪਹਿਲਾਂ ਉਨ੍ਹਾਂ ਨੇ ਇੱਕ ਕੈਫੇ ਦੀਆਂ ਖਿੜਕੀਆਂ ਦੀ ਵੀ ਭੰਨਤੋੜ ਨੂੰ ਅੰਜਾਮ ਦਿੱਤਾ।

ਹਲ ਸ਼ਹਿਰ ’ਚ ਪ੍ਰਦਰਸ਼ਨਕਾਰੀਆਂ ਨੇ ਉਸ ਹੋਟਲ ਦੀਆ ਖਿੜਕੀਆਂ ਤੋੜੀਆਂ, ਜਿੱਥੇ ਕਿ ਸਿਆਸੀ ਸ਼ਰਨ ਮੰਗਣ ਵਾਲੇ ਲੋਕਾਂ ਨੂੰ ਰੱਖਿਆ ਜਾਂਦਾ ਹੈ। ਇੱਥੇ ਪੁਲਿਸ ’ਤੇ ਬੋਤਲਾਂ ਅਤੇ ਅੰਡੇ ਸੁੱਟੇ ਗਏ।

ਸਿਟੀ ਹਾਲ ’ਚ ਲਾਕਡਾਊਨ ਲਗਾ ਦਿੱਤਾ ਗਿਆ ਸੀ, ਕਿਉਂਕਿ ਅੰਦਰ ਬ੍ਰਿਟਿਸ਼ ਸ਼ਤਰੰਜ ਚੈਂਪੀਅਨਸ਼ਿਪ ਦਾ ਮੁਕਾਬਲਾ ਹੋ ਰਿਹਾ ਸੀ।

ਹੰਬਰਸਾਈਡ ਪੁਲਿਸ ਨੇ ਕਿਹਾ ਹੈ ਕਿ ਸਿਟੀ ਸੈਂਟਰ ’ਚ ਗੜਬੜ ਦੇ ਕਾਰਨ ਤਿੰਨ ਪੁਲਿਸ ਮੁਲਾਜ਼ਮ ਜ਼ਖਮੀ ਹੋ ਗਏ ਹਨ ਅਤੇ 20 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਇੱਥੇ ਕੁਝ ਦੁਕਾਨਾਂ ਦੀ ਭੰਨਤੋੜ ਕੀਤੀ ਗਈ ਅਤੇ ਨਾਲ ਹੀ ਕੁਝ ਸਾਮਾਨ ਨੂੰ ਅੱਗ ਵੀ ਲਗਾ ਦਿੱਤੀ ਗਈ।

ਬਲੈਕਪੂਲ ’ਚ ਰਿਬੇਲੀਅਨ ਫੈਸਟੀਵਲ ’ਚ ਪ੍ਰਦਰਸ਼ਨਕਾਰੀਆਂ ਦੀ ਕੁਝ ਕੱਟੜਪੰਥੀਆਂ ਨਾਲ ਝੜਪ ਵੀ ਹੋਈ।

ਲੰਕਾਸ਼ਾਇਰ ਪੁਲਿਸ ਨੇ ਕਿਹਾ ਹੈ ਕਿ ਉਨ੍ਹਾਂ ਨੇ 20 ਤੋਂ ਵੱਧ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਬਲ ਨੇ ਕਿਹਾ ਹੈ ਕਿ ਉਨ੍ਹਾਂ ਦਾ ਧਿਆਨ ਬਲੈਕਪੂਲ ’ਤੇ ਕੇਂਦਰਿਤ ਸੀ ਪਰ ਬਲੈਕਬਰਨ ਅਤੇ ਪ੍ਰੈਸਟਰਨ ’ਚ ਵੀ ‘ਛੋਟੀਆਂ-ਮੋਟੀਆਂ ਝੜਪਾਂ’ ਹੋਈਆਂ ਹਨ।

ਸਟੋਕ-ਆਨ-ਟਰੈਂਟ ’ਚ ਪੁਲਿਸ ਮੁਲਾਜ਼ਮਾਂ ’ਤੇ ਇੱਟਾਂ ਨਾਲ ਹਮਲਾ ਕੀਤਾ ਗਿਆ।

ਸਟੈਫਰਡਸ਼ਾਇਰ ਪੁਲਿਸ ਨੇ ਕਿਹਾ ਹੈ ਕਿ ਸੋਸ਼ਲ ਮੀਡੀਆ ’ਤੇ 2 ਲੋਕਾਂ ’ਤੇ ਚਾਕੂ ਨਾਲ ਹਮਲੇ ਦੀ ਗੱਲ ਹੋ ਰਹੀ ਸੀ, ਪਰ ਅਸਲ ’ਚ ਉਨ੍ਹਾਂ ਨੂੰ ਕਿਸੇ ਚੀਜ਼ ਨਾਲ ਸੱਟ ਲੱਗੀ ਹੈ ਅਤੇ ਉਹ ਗੰਭੀਰ ਰੂਪ ਨਾਲ ਜ਼ਖਮੀ ਨਹੀਂ ਹੋਏ ਹਨ।

ਪੁਲਿਸ ਦਾ ਕਹਿਣਾ ਹੈ ਕਿ 10 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ 3 ਅਧਿਕਾਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।

ਦੂਜੇ ਪਾਸੇ ਲੈਸਟਰਸ਼ਾਇਰ ਪੁਲਿਸ ਨੇ ਲੈਸਟਰ ਸ਼ਹਿਰ ਦੇ ਕੇਂਦਰ ’ਚ 2 ਲੋਕਾਂ ਨੂੰ ਹਿਰਾਸਤ ’ਚ ਲਿਆ ਹੈ। ਵੈਸਟ ਯੌਰਕਸ਼ਾਇਰ ਪੁਲਿਸ ਨੇ ਕਿਹਾ ਹੈ ਕਿ ਲੀਡਜ਼ ਦੇ ਹੇਰੋਂ ’ਚ ਇੱਕ ਪ੍ਰਦਰਸ਼ਨ ਹੋਇਆ ਹੈ ਪਰ ਉੱਥੋਂ ਕਿਸੇ ਵੀ ਤਰ੍ਹਾਂ ਦੀ ਅਣਸੁਖਾਂਵੀ ਘਟਨਾ ਦੀ ਖ਼ਬਰ ਨਹੀਂ ਮਿਲੀ ਹੈ।

ਸ਼ਨੀਵਾਰ ਨੂੰ ਬ੍ਰਿਟੇਨ ’ਚ ਹੋਏ ਸਾਰੇ ਪ੍ਰਦਰਸ਼ਨ ਹਿੰਸਕ ਨਹੀਂ ਸਨ । ਕੁਝ ਥਾਵਾਂ ’ਤੇ ਤਾਂ ਪ੍ਰਦਰਸ਼ਨ ਸ਼ਾਮ ਤੱਕ ਖਤਮ ਵੀ ਹੋ ਗਏ ਸਨ।

ਪੀਐਮ ਸਟਾਰਮਰ ਵਿਰੋਧੀ ਧਿਰ ਦੇ ਨਿਸ਼ਾਨੇ ’ਤੇ

ਸ਼ੁੱਕਰਵਾਰ ਨੂੰ ਸੰਡਰਲੈਂਡ ’ਚ ਰਾਤ ਦੇ ਸਮੇਂ ਹੋਏ ਪ੍ਰਦਰਸ਼ਨ ਦੌਰਾਨ ਹਿੰਸਾ ਦਾ ਮਾਹੌਲ ਸੀ, ਜਿਸ ’ਚ 4 ਪੁਲਿਸ ਅਧਿਕਾਰੀਆਂ ਨੂੰ ਹਸਪਤਾਲ ’ਚ ਜ਼ੇਰੇ ਇਲਾਜ ਲਈ ਭਰਤੀ ਕਰਨਾ ਪਿਆ।

ਸੈਂਕੜੇ ਹੀ ਲੋਕਾਂ ਨੇ ਮਸਜਿਦ ਦੇ ਬਾਹਰ ਦੰਗਾ ਪੁਲਿਸ ’ਤੇ ਬੀਅਰ ਦੇ ਕੈਨ ਅਤੇ ਇੱਟਾਂ ਨਾਲ ਹਮਲਾ ਕੀਤਾ ਅਤੇ ਨਾਲ ਹੀ ਸਿਟੀਜ਼ਨ ਐਡਵਾਈਸ ਦਫ਼ਤਰ ਨੂੰ ਅੱਗ ਲਗਾ ਦਿੱਤੀ।

ਇਸ ਹਿੰਸਾ ਦੇ ਮਾਮਲੇ ’ਚ 12 ਲੋਕਾਂ ਨੂੰ ਹਿਰਾਸਤ ’ਚ ਲਿਆ ਗਿਆ ਹੈ।

ਬੀਬੀਸੀ ਨੇ ਘੱਟੋ-ਘੱਟ 30 ਅਜਿਹੇ ਪ੍ਰਦਰਸ਼ਨਕਾਰੀਆਂ ਦੀ ਪਛਾਣ ਕੀਤੀ ਹੈ ਜਿਨ੍ਹਾਂ ਨੂੰ ਸੱਜੇ-ਪੱਖੀ ਕਾਰਕੁਨਾਂ ਨੇ ਹਫ਼ਤੇ ਭਰ ’ਚ ਬ੍ਰਿਟੇਨ ਭੇਜਿਆ ਸੀ।

ਸ਼ੈਡੋ ਗ੍ਰਹਿ ਮੰਤਰੀ ਜੇਮਸ ਕਲੇਵਰਲੀ ਨੇ ਪ੍ਰਧਾਨ ਮੰਤਰੀ ਸਟਾਰਮਰ ਅਤੇ ਗ੍ਰਹਿ ਮੰਤਰੀ ਯਿਵੇਤ ਕੂਪਰ ਨੂੰ ਕਿਹਾ ਹੈ ਕਿ ਉਹ “ਕਾਨੂੰਨ ਵਿਵਸਥਾ ਮੁੜ ਸਥਾਪਿਤ ਕਰਨ ਦੇ ਲਈ ਹੋਰ ਯਤਨ ਕਰਨ ਅਤੇ ਬਦਮਾਸ਼ਾਂ ਨੂੰ ਸਪੱਸ਼ਟ ਸੰਦੇਸ਼ ਵੀ ਦੇਣ।”

ਪੂਰੇ ਇੰਗਲੈਂਡ ’ਚ ਬੀਬੀਸੀ ਨਿਊਜ਼ ਦੇ ਪੱਤਰਕਾਰਾਂ ਦੀ ਰਿਪੋਰਟਿੰਗ ਦੇ ਨਾਲ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)