You’re viewing a text-only version of this website that uses less data. View the main version of the website including all images and videos.
ਅਮਰੀਕਾ, ਕੈਨੇਡਾ ਅਤੇ ਯੂਕੇ ਨੇ ਆਪਣੇ ਨਾਗਰਿਕਾਂ ਨੂੰ ਲਿਬਨਾਨ ਤੁਰੰਤ ਛੱਡਣ ਲਈ ਕਿਉਂ ਕਿਹਾ, ਤਾਜ਼ਾ ਵਿਵਾਦ ਦਾ ਕੀ ਹੈ ਕਾਰਨ
ਮੱਧ ਪੂਰਬ ਵਿੱਚ ਵਧਦੇ ਤਣਾਅ ਦੇ ਮੱਦੇ-ਨਜ਼ਰ ਲਿਬਨਾਨ ਦੀ ਰਾਜਧਾਨੀ ਬੇਰੂਤ ਸਥਿਤ ਅਮਰੀਕੀ ਦੂਤਾਵਾਸ ਨੇ ਆਪਣੇ ਨਾਗਰਿਕਾਂ ਨੂੰ 'ਕਿਸੇ ਵੀ ਮਿਲਦੀ ਟਿਕਟ' ਉੱਤੇ ਜਲਦੀ ਤੋਂ ਜਲਦੀ ਲਿਬਨਾਨ ਛੱਡਣ ਨੂੰ ਕਿਹਾ ਹੈ।
ਇਸੇ ਤਰ੍ਹਾਂ ਦੀ ਚੇਤਾਵਨੀ ਇਸ ਤੋਂ ਪਹਿਲਾਂ ਬ੍ਰਿਟੇਨ ਦੇ ਵਿਦੇਸ਼ ਮੰਤਰੀ ਡੇਵਿਡ ਲੈਮੀ ਨੇ ਵੀ ਜਾਰੀ ਕੀਤੀ ਸੀ। ਲੈਮੀ ਨੇ ਕਿਹਾ ਸੀ ਕਿ ਖੇਤਰ ਵਿੱਚ ਸੁਰੱਖਿਆ ਦੀ ਸਥਿਤੀ ਤੇਜ਼ੀ ਨਾਲ ਵਿਗੜ ਸਕਦੀ ਹੈ।
ਬੁੱਧਵਾਰ ਨੂੰ ਤਹਿਰਾਨ ਵਿੱਚ ਹੋਈ ਹਮਾਸ ਆਗੂ ਇਸਮਾਇਲ ਹਾਨੀਏ ਦੇ ਕਤਲ ਤੋਂ ਬਾਅਦ ਈਰਾਨ ਨੇ ਇਜ਼ਰਾਈਲ ਉੱਤੇ ਜਵਾਬੀ ਕਾਰਵਾਈ ਕਰਨ ਦੀ ਗੱਲ ਕਹੀ ਹੈ।
ਇਜ਼ਰਾਈਲ ਦੇ ਬੇਰੂਤ ਵਿੱਚ ਹਿਜ਼ਬੁੱਲ੍ਹਾ ਦੇ ਕਮਾਂਡਰ ਫੌਦ ਸ਼ੁਕੁਰ ਨੂੰ ਮਾਰਨ ਦਾ ਦਾਅਵਾ ਕਰਨ ਤੋਂ ਕੁਝ ਘੰਟਿਆਂ ਬਾਅਦ ਹੀ ਹਾਨੀਏ ਦੀ ਮੌਤ ਦੀ ਖ਼ਬਰ ਸਾਹਮਣੇ ਆਈ ਸੀ।
ਐਤਵਾਰ ਦੀ ਸਵੇਰ ਉੱਤਰੀ ਇਜ਼ਰਾਈਲ ਦੇ ਬੇਤ ਹਿਲੇਲ ਇਲਾਕੇ ਵਿੱਚ ਹਿਜ਼ਬੁੱਲ਼੍ਹਾ ਨੇ ਕਈ ਰਾਕਟ ਦਾਗੇ ਸਨ।
ਸੋਸ਼ਲ ਮੀਡੀਆ ਉੱਤੇ ਪਾਏ ਇੱਕ ਵੀਡੀਓ ਵਿੱਚ ਏਅਰ ਡਿਫੈਂਸ ਸਿਸਟਮ ਨੂੰ ਮਿਜ਼ਾਈਲਾਂ ਨੂੰ ਨਸ਼ਟ ਕਰਦੇ ਦੇਖਿਆ ਜਾ ਸਕਦਾ ਹੈ। ਕਿਸੇ ਦੀ ਮੌਤ ਦੀ ਖ਼ਬਰ ਹਾਲਾਂਕਿ ਸਾਹਮਣੇ ਨਹੀਂ ਆਈ ਹੈ।
ਇਸ ਦੌਰਾਨ ਜਾਰਡਨ ਦੇ ਵਿਦੇਸ਼ ਮੰਤਰੀ ਨੇ ਵੀ ਚੇਤਾਵਨੀ ਜਾਰੀ ਕਰਦੇ ਹੋਏ ਆਪਣੇ ਨਾਗਰਿਕਾਂ ਨੂੰ ਤੁਰੰਤ ਲਿਬਨਾਨ ਤੋਂ ਨਿਕਲ ਜਾਣ ਦੀ ਅਪੀਲ ਕੀਤੀ ਹੈ।
'ਸੰਕਟ ਦਾ ਖੇਤਰ ਤੋਂ ਬਾਹਰ ਫੈਲਣਾ ਕਿਸੇ ਦੇ ਭਲੇ ਵਿੱਚ ਨਹੀਂ'
ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਲਿਬਨਾਨ ਤੋਂ ਸਰਗਰਮ ਹਿਜ਼ਬੁੱਲ੍ਹਾ ਇਰਾਨ ਅਤੇ ਇਜ਼ਰਾਈਲ ਦਰਮਿਆਨ ਵਧਣ ਵਾਲੇ ਕਿਸੇ ਵੀ ਸੰਕਟ ਵਿੱਚ ਵੱਡੀ ਭੂਮਿਕਾ ਨਿਭਾ ਸਕਦਾ ਹੈ।
ਕੈਨੇਡਾ ਨੇ ਆਪਣੇ ਨਾਗਰਿਕਾਂ ਨੂੰ ਇਜ਼ਰਾਈਲ ਨਾ ਜਾਣ ਦੀ ਸਲਾਹ ਦਿੱਤੀ ਹੈ। ਜਦਕਿ ਲਿਬਨਾਨ ਬਾਰੇ ਅਜਿਹੀ ਸਲਾਹ ਉਸ ਨੇ ਪਹਿਲਾਂ ਤੋਂ ਹੀ ਦੇ ਦਿੱਤੀ ਹੋਈ ਹੈ।
ਕੈਨੇਡਾ ਨੇ ਕਿਹਾ, ਲਿਬਨਾਨ ਵਿੱਚ ਸਥਿਤੀ ਬਿਨਾਂ ਚੇਤਾਵਨੀ ਦੇ ਵਿਗੜ ਸਕਦੀ ਹੈ।”
ਅਮਰੀਕੀ ਦੂਤਾਵਾਸ ਨੇ ਐਤਵਾਰ ਨੂੰ ਕਿਹਾ ਕਿ ਜੋ ਲਿਬਨਾਨ ਵਿੱਚ ਰਹਿਣਾ ਚਾਹੁੰਣ ਉਹ ਬਦਲਵੇਂ ਇੰਤਜ਼ਾਮ ਕਰ ਲੈਣ। ਉਹ ਲੰਬੇ ਸਮੇਂ ਲਈ ਕਿਸੇ ਥਾਂ ਉੱਤੇ ਪਨਾਹ ਲੈਣ ਲਈ ਵੀ ਤਿਆਰ ਰਹਿਣ।
ਬਿਆਨ ਵਿੱਚ ਕਿਹਾ ਗਿਆ ਕਿ ਕਈ ਹਵਾਈ ਕੰਪਨੀਆਂ ਨੇ ਆਪਣੀਆਂ ਉਡਾਣਾਂ ਮੁਲਤਵੀ ਅਤੇ ਰੱਦ ਕਰ ਦਿੱਤੀਆਂ ਹਨ, ਅਤੇ ਕਈਆਂ ਦੀਆਂ ਟਿਕਟਾਂ ਪੂਰੀ ਤਰ੍ਹਾਂ ਵਿਕ ਚੁੱਕੀਆਂ ਹਨ। ਲੇਕਿਨ “ਲਿਬਨਾਨ ਛੱਡਣ ਲਈ ਆਵਾਜਾਈ ਦੇ ਕਾਰੋਬਾਰੀ ਵਿਕਲਪ ਉਪਲੱਬਧ ਹਨ।”
ਅਮਰੀਕੀ ਰੱਖਿਆ ਮੰਤਰਾਲੇ, ਪੈਂਟਾਗਨ ਨੇ ਕਿਹਾ ਸੀ ਕਿ ਉਹ ਇਜ਼ਰਾਈਲ ਨੂੰ ਇਰਾਨ ਦੇ ਸੰਭਾਵੀ ਹਮਲੇ ਤੋਂ ਬਚਾਉਣ ਲਈ ਖੇਤਰ ਵਿੱਚ ਹੋਰ ਲੜਾਕੂ ਜਹਾਜ਼ ਅਤੇ ਜੰਗੀ ਬੇੜੇ ਤੈਨਾਤ ਕਰੇਗਾ।
ਬ੍ਰਿਟੇਨ ਨੇ ਪਿਛਲੇ ਦਿਨੀਂ ਕਿਹਾ ਸੀ ਕਿ ਉਹ ਨਾਗਰਿਕਾਂ ਨੂੰ ਬਾਹਰ ਕੱਢਣ ਵਿੱਚ ਮਦਦ ਕਰਨ ਲਈ ਵਾਧੂ ਫ਼ੌਜ ਅਤੇ ਹੋਰ ਅਧਿਕਾਰੀ ਭੇਜ ਰਿਹਾ ਹੈ। ਪਰ ਉਸ ਨੇ ਬ੍ਰਿਟਿਸ਼ ਨਾਗਰਿਕਾਂ ਨੂੰ “ਕਾਰੋਬਾਰੀ ਉਡਾਣਾਂ ਦੇ ਚੱਲਦੇ- ਚੱਲਦੇ ਲਿਬਨਾਨ ਛੱਡ ਜਾਣ” ਦੀ ਅਪੀਲ ਕੀਤੀ ਸੀ। ਬ੍ਰਿਟੇਨ ਦੇ ਦੋ ਜੰਗੀ ਬੇੜੇ ਪਹਿਲਾਂ ਤੋਂ ਹੀ ਉੱਥੇ ਤੈਨਾਤ ਹਨ।
ਬ੍ਰਿਟੇਨ ਦੇ ਵਿਦੇਸ਼ ਮੰਤਰੀ ਨੇ ਕਿਹਾ ਕਿ 'ਸੰਕਟ ਦਾ ਇਲਾਕੇ ਵਿੱਚ ਜਾਣਾ ਕਿਸੇ ਦੇ ਭਲੇ ਵਿੱਚ ਨਹੀਂ ਹੈ।'
ਸ਼ੁੱਕਰਵਾਰ ਨੂੰ ਇਰਾਨ ਦੇ ਸਰਕਾਰੀ ਟੀਵੀ ਚੈਨਲ ਉੱਤੇ ਇੱਕ ਅਨਾਊਂਸਰ ਨੇ ਕਿਹਾ, 'ਦੁਨੀਆਂ ਅਦਭੁੱਤ ਦ੍ਰਿਸ਼ ਦੇਖੇਗੀ'।
ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਿਨਯਾਹੂ ਨੇ ਆਪਣੇ ਨਾਗਰਿਕਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਅੱਗੇ ਚੁਣੌਤੀਪੂਰਨ ਦਿਨ ਹਨ... ਅਸੀਂ ਸਾਰੇ ਪਾਸਿਆਂ ਤੋਂ ਧਮਕੀਆਂ ਸੁਣੀਆਂ ਹਨ, ਅਸੀਂ ਕਿਸੇ ਵੀ ਸਥਿਤੀ ਲਈ ਤਿਆਰ ਹਾਂ।
ਇਜ਼ਰਾਈਲ ਅਤੇ ਇਰਾਨ ਵਿੱਚ ਤਣਾਅ ਦੀ ਸ਼ੁਰੂਆਤ ਇਜ਼ਰਾਈਲੀ ਕਬਜ਼ੇ ਵਾਲੇ ਗੋਲਨ ਹਾਈਟਸ ਉੱਤੇ ਹਮਲੇ ਦੌਰਾਨ 12 ਸਕੂਲੀ ਬੱਚਿਆਂ ਦੀ ਮੌਤ ਤੋਂ ਹੋਈ ਸੀ।
ਇਜ਼ਰਾਈਲ ਨੇ ਇਸ ਲਈ ਇਰਾਨ ਦੀ ਸ਼ਹਿ ਹਾਸਲ ਹਿਜ਼ਬੁੱਲ੍ਹਾ ਨੂੰ ਜ਼ਿੰਮੇਵਾਰ ਦੱਸਦਿਆਂ ਬਰਾਬਰ ਦੀ ਪ੍ਰਤੀਕਿਰਿਆ ਦਾ ਐਲਾਨ ਕੀਤਾ ਸੀ। ਹਾਲਾਂਕਿ ਹਿਜ਼ਬੁੱਲ੍ਹਾ ਨੇ ਹਮਲੇ ਪਿੱਛੇ ਆਪਣੀ ਕਿਸੇ ਵੀ ਭੂਮਿਕਾ ਤੋਂ ਇਨਕਾਰ ਕੀਤਾ ਸੀ।
ਇਸਮਾਇਲ ਹਾਨੀਏ ਦੀ ਮੌਤ ਕਿਵੇਂ ਹੋਈ?
ਜਿਵੇਂ ਕਿ ਸਪਸ਼ਟ ਹੈ, ਈਰਾਨ-ਇਜ਼ਰਾਈਲ ਦਾ ਤਾਜ਼ਾ ਤਣਾਅ ਹਮਾਸ ਆਗੂ ਇਸਮਾਇਲ ਹਾਨੀਏ ਦੀ ਇਰਾਨ ਦੀ ਰਾਜਧਾਨੀ ਤਹਿਰਾਨ ਵਿੱਚ ਹੋਈ ਹੱਤਿਆ ਤੋਂ ਬਾਅਦ ਹੋਰ ਵਧ ਗਿਆ ਹੈ।
ਸ਼ਨਿੱਚਰਵਾਰ ਨੂੰ ਈਰਾਨ ਦੇ ਇਲੀਟ ਰੈਵੂਲਿਊਸ਼ਨਰੀ ਗਾਰਡਜ਼ ਨੇ ਇੱਕ ਬਿਆਨ ਜਾਰੀ ਕਰਕੇ ਦੱਸਿਆ ਕਿ ਉਨ੍ਹਾਂ ਨੂੰ ਮਾਰਨ ਲਈ ਥੋੜ੍ਹੀ ਦੂਰੀ ਦੀ ਮਿਜ਼ਾਈਲ ਦੀ ਵਰਤੋਂ ਕੀਤੀ ਗਈ।
ਇਸਮਾਇਲ ਹਾਨੀਏ ਦੀ ਲਾਸ਼ ਨੂੰ ਕਤਰ ਵਿੱਚ ਦਫ਼ਨਾ ਦਿੱਤਾ ਗਿਆ। ਲੇਕਿਨ ਈਰਾਨ ਦੀ ਰਾਜਧਾਨੀ ਤਹਿਰਾਨ ਵਿੱਚ ਉਨ੍ਹਾਂ ਦੀ ਮੌਤ ਕਿਵੇਂ ਹੋਈ ਇਸ ਬਾਰੇ ਕੁਝ ਸਿਧਾਂਤ ਚਰਚਾ ਵਿੱਚ ਹਨ।
ਹਾਨੀਏ ਦੀ ਅੰਤਿਮ ਦੁਆ ਇਜ਼ਰਾਈਲ ਦੇ ਸਿਰਮੌਰ ਆਗੂ ਅਨਾਇਤਉਲ੍ਹਾ ਖੁਮੈਨੀ ਨੇ ਪੜ੍ਹੀ।
ਉਨ੍ਹਾਂ ਦੀ ਮੌਤ ਉੱਤੇ ਸਖਤ ਇਤਰਾਜ਼ ਜ਼ਾਹਰ ਕਰਦਿਆਂ ਈਰਾਨ ਨੇ ਕਿਹਾ ਸੀ ਕਿ ਇਸਦਾ ਸਖ਼ਤ ਜਵਾਬ ਦਿੱਤਾ ਜਾਵੇਗਾ।
ਇਸ ਤੋਂ ਬਾਅਦ ਕਿਆਸ ਲਾਏ ਜਾਣ ਲੱਗੇ ਕਿ ਇਸ ਘਟਨਾ ਤੋਂ ਬਾਅਦ ਹਮਾਸ ਅਤੇ ਇਜ਼ਰਾਈਲ ਦਰਮਿਆਨ ਜਾਰੀ ਜੰਗ ਦਾ ਸੇਕ ਮੱਧ ਪੂਰਬ ਦੇ ਹੋਰ ਦੇਸਾਂ ਵਿੱਚ ਵੀ ਫੈਲ ਸਕਦਾ ਹੈ।
ਅਮਰੀਕਾ, ਬ੍ਰਿਟੇਨ, ਫਰਾਂਸ ਸਮੇਤ ਕਈ ਯੂਰਪੀ ਦੇਸਾਂ ਅਤੇ ਸੰਯੁਕਤ ਰਾਸ਼ਟਰ ਦੇ ਮੁਖੀ ਨੇ ਸਾਰੀਆਂ ਧਿਰਾਂ ਨੂੰ ਧੀਰਜ ਵਰਤਣ ਦੀ ਸਲਾਹ ਦਿੱਤੀ ਸੀ।
ਈਰਾਨ ਦੀ ਸਰਕਾਰੀ ਖ਼ਬਰ ਏਜੰਸੀ ਫਾਰਸ ਦੇ ਮੁਤਾਬਕ ਰੈਵਲਿਊਸ਼ਨਰੀ ਗਾਰਡਸ ਨੂੰ ਜਾਂਚ ਵਿੱਚ ਪਤਾ ਲੱਗਿਆ ਹੈ ਕਿ ਜਿਸ ਥਾਂ ਹਾਨੀਏ ਰਹਿ ਰਹੇ ਰਨ ਸਨ, ਉੱਥੋਂ ਥੋੜ੍ਹੀ ਦੂਰੋਂ ਹੀ ਮਿਜ਼ਾਈਲ ਦਾਗੀ ਗਈ। ਇਹ ਮਿਜ਼ਾਈਲ ਇਮਾਰਤ ਦੇ ਅੰਦਰ ਆ ਕੇ ਡਿੱਗੀ ਅਤੇ ਫਿਰ ਧਮਾਕਾ ਹੋ ਗਿਆ।
ਗਾਰਡਜ਼ ਦੇ ਬਿਆਨ ਮੁਤਾਬਕ ਇਸ ਦੀ ਯੋਜਨਾ ਤਿਆਰੀ ਅਤੇ ਇਸ ਨੂੰ ਅਮਲੀ ਰੂਪ ਇਜ਼ਰਾਈਲੀ ਸਰਕਾਰ ਨੇ ਦਿੱਤਾ ਸੀ।
ਇਸ ਬਾਰੇ ਹਾਲਾਂਕਿ ਇਜ਼ਰਾਈਲ ਨੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ। ਲੇਕਿਨ ਅਮਰੀਕਾ ਨੇ ਕਹਿ ਦਿੱਤਾ ਹੈ ਕਿ ਇਸ ਵਿੱਚ ਉਸਦੀ ਕੋਈ ਭੂਮਿਕਾ ਨਹੀਂ ਹੈ।
ਹਾਨੀਏ ਦੀ ਰਿਹਾਇਸ਼ ਬਾਰੇ ਕੋਈ ਅਧਿਕਾਰਿਤ ਜਾਣਕਾਰੀ ਮੌਜੂਦ ਨਹੀਂ ਸਨ ਅਤੇ ਨਾ ਹੀ ਕੋਈ ਜ਼ਿਆਦਾ ਹੋਰ ਜਾਣਕਾਰੀ ਇਸ ਬਾਰੇ ਉਪਲੱਭਧ ਸੀ।
ਘਟਨਾ ਵਾਲੀ ਥਾਂ ਦਾ ਕੋਈ ਫੋਟੋ ਜਾਂ ਵੀਡੀਓ ਵੀ ਜਾਰੀ ਨਹੀਂ ਕੀਤਾ ਗਿਆ।
ਈਰਾਨ ਤੋਂ ਲੈ ਕੇ ਹਮਾਸ, ਲਿਬਨਾਨ ਦੇ ਹਿਜਬੁੱਲ੍ਹਾ, ਸੀਰੀਆ ਅਤੇ ਯਮਨ ਵਿੱਚ ਮੌਜੂਦ ਸ਼ਕਤੀਆਂ ਨੇ ਇਸ ਕਤਲ ਦਾ ਬਦਲਾ ਲੈਣ ਦੀ ਗੱਲ ਆਖੀ ਹੈ।
ਹਾਲਾਂਕਿ ਵੱਖ ਵੱਖ ਮੀਡੀਆ ਰਿਪੋਰਟਾਂ ਵਿੱਚ ਇਹ ਵੀ ਕਿਹਾ ਗਿਆ ਕਿ ਹਾਨੀਏ ਦੀ ਮੌਤ ਉਨ੍ਹਾਂ ਦੇ ਘਰ ਲਾਏ ਗਏ ਬੰਬ ਦੇ ਫਟਣ ਨਾਲ ਹੋਈ।
ਲੇਕਿਨ ਫਾਰਸ ਨਿਊਜ਼ ਨੇ ਅਜਿਹੀਆਂ ਰਿਪੋਰਟਾਂ ਦਾ ਖੰਡਨ ਕੀਤਾ ਹੈ। ਏਜੰਸੀ ਨੇ ਸਾਦਾਬਾਦ ਵਿੱਚ ਨਸ਼ਟ ਹੋਈ ਇੱਕ ਰਿਹਾਇਸ਼ੀ ਇਮਾਰਤ ਦੀ ਤਸਵੀਰ ਛਾਪੀ ਹੈ ਅਤੇ ਦਾਅਵਾ ਕੀਤਾ ਹੈ ਕਿ ਇਸੇ ਇਮਾਰਤ ਦੀ ਚੌਥੀ ਮੰਜ਼ਿਲ ਉੱਤੇ ਹਾਨੀਏ ਦੀ ਮੌਤ ਹੋਈ ਹੈ।