ਹਮਾਸ ਮੁਖੀ ਇਸਮਾਇਲ ਹਾਨੀਏ : ਫ਼ਲਸਤੀਨ ਆਗੂ ਇਰਾਨ 'ਚ ਹਮਲੇ ਦੌਰਾਨ ਮਾਰੇ ਗਏ, ਕੀ ਪੈ ਸਕਦਾ ਹੈ ਅਸਰ

ਹਮਾਸ ਨੇ ਕਿਹਾ ਹੈ ਕਿ ਉਨ੍ਹਾਂ ਦੇ ਸਿਰਮੌਰ ਆਗੂ ਇਸਮਾਇਲ ਹਾਨੀਏ ਇੱਕ ਹਮਲੇ ਦੌਰਾਨ ਮਾਰੇ ਗਏ ਹਨ।

ਬੁੱਧਵਾਰ ਨੂੰ ਜਾਰੀ ਬਿਆਨ ਵਿੱਚ ਹਮਾਸ ਨੇ ਕਿਹਾ ਕਿ ਹਾਨੀਏ ਦੀ ਤਹਿਰਾਨ ਵਿੱਚ ਈਰਾਨ ਵਿੱਚ ਇੱਕ ਹਮਲੇ ਦੌਰਾਨ ਮੌਤ ਹੋ ਗਈ ਹੈ।

ਹਮਾਸ ਮੁਤਾਬਕ ਈਰਾਨ ਦੇ ਨਵੇਂ ਰਾਸ਼ਟਰਪਤੀ ਮਸੂਦ ਪੇਜ਼ੇਸਕੀਅਨ ਦੇ ਅਹੁਦਾ ਸੰਭਾਲਣ ਦੇ ਸਮਾਗਮ ਤੋਂ ਬਾਅਦ ਇਹ ਵਾਰਦਾਤ ਹੋਈ ਹੈ। ਮਸੂਦ ਨੇ ਮੰਗਲਵਾਰ ਨੂੰ ਸਹੁੰ ਚੁੱਕੀ ਸੀ।

ਹਮਲੇ ਦੀ ਅਜੇ ਤੱਕ ਕਿਸੇ ਨੇ ਜ਼ਿੰਮੇਵਾਰੀ ਨਹੀਂ ਲਈ ਹੈ।

ਇਸ ਬਾਰੇ ਇਜ਼ਰਾਈਲ ਵੱਲੋਂ ਵੀ ਅਜੇ ਤੱਕ ਕੋਈ ਅਧਿਕਾਰਤਿ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ।

ਹਾਲਾਂਕਿ ਇਜ਼ਰਾਈਲ ਦੇ ਹੈਰੀਟੇਜ ਮੰਤਰੀ ਅਮਿਚਏ ਏਲਿਯਾਹੂ ਨੇ ਕਿਹਾ— ਦੁਨੀਆਂ ਤੋਂ ਗੰਦਗੀ ਸਾਫ਼ ਕਰਨ ਦਾ ਇਹ ਸਹੀ ਤਰੀਕਾ ਹੈ। ਹੁਣ ਕੋਈ ਕਾਲਪਨਿਕ ਸ਼ਾਂਤੀ ਨਹੀਂ, ਆਤਮ-ਸਮਰਪਣ ਸਮਝੌਤਾ ਨਹੀਂ।

ਇਜ਼ਰਾਈਲੀ ਡਿਫੈਂਸ ਫੋਰਸ ਨੇ ਵੀ ਹਾਨਿਏ ਦੀ ਮੌਤ ਉੱਤੇ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ।

ਹਮਾਸ ਦੇ ਇੱਕ ਸੀਨੀਅਰ ਅਧਿਕਾਰੀ ਮੂਸਾ ਅਬੂ ਮਰਜ਼ੋਕ ਨੇ ਇਸ ਹਮਲੇ ਨੂੰ ਕਾਇਰਾਨਾ ਹਰਕਤ ਦੱਸਦੇ ਹੋਏ ਬਦਲਾ ਲੈਣ ਦੀ ਗੱਲ ਕਹੀ ਹੈ।

ਈਰਾਨ ਦੇ ਇਸਲਾਮਿਕ ਰੈਵਲੂਸ਼ਨਰੀ ਗਾਰਡ ਜਾਣਿ ਆਈਆਰਜੀਸੀ ਦੇ ਮੁਤਾਬਕ – ਹਾਨੀਏ ਦੇ ਨਾਲ ਉਨ੍ਹਾਂ ਦੇ ਸੁਰੱਖਿਆ ਕਰਮੀ ਵੀ ਮਾਰੇ ਗਏ ਹਨ।

ਈਰਾਨ ਦੇ ਸਰਕਾਰੀ ਮੀਡੀਆ ਨੇ ਵੀ ਹਾਨੀਏ ਦੀ ਮੌਤ ਦੀ ਪੁਸ਼ਟੀ ਕੀਤੀ ਹੈ।

ਹੈਜ਼ਬੁੱਲ੍ਹਾ ਕਮਾਂਡਰ ਨੂੰ ਵੀ ਮਾਰਨ ਦਾ ਦਾਅਵਾ

ਹਾਨੀਏ ਦੇ ਮਾਰੇ ਜਾਣ ਦੀ ਖ਼ਬਰ ਲਿਬਨਾਨੀ ਖਾੜਕੂ ਜਥੇਬੰਦੀ ਹੈਜ਼ਬੁੱਲਾ ਦੇ ਇੱਕ ਪ੍ਰਮੁੱਖ ਕਮਾਂਡਰ ਨੂੰ ਮਾਰਨ ਦੇ ਇਜਰਾਈਲੀ ਦਾਅਵੇ ਤੋਂ ਕੁਝ ਘੰਟੇ ਬਾਅਦ ਆਈ ਹੈ।

ਇਜ਼ਰਾਈਲ ਨੇ ਦਾਅਵਾ ਕੀਤਾ ਸੀ ਕਿ ਇਜ਼ਰਾਈਲੀ ਕਬ਼ਜੇ ਵਾਲੇ ਇਲਾਕੇ ਗੋਲਨ ਹਾਈਟਸ ਵਿੱਚ ਇੱਕ ਹਵਾਈ ਹਮਲੇ ਦੌਰਾਨ ਫੌਆਦ ਸ਼ੁਕੁਰ ਮਾਰਿਆ ਗਿਆ ਹੈ। ਭਾਵੇਂ ਕਿ ਹੈਜ਼ਬੁੱਲਾ ਨੇ ਇਸ ਹਮਲੇ ਵਿੱਚ ਸ਼ਮੂਲੀਅਤ ਤੋਂ ਇਨਕਾਰ ਕੀਤਾ ਹੈ ਅਤੇ ਅਜੇ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ ਹੈ ਕਿ ਸ਼ੁਕੁਰ ਮਾਰਿਆ ਗਿਆ ਹੈ ਜਾਂ ਨਹੀਂ।

ਇਸ ਦੌਰਾਨ ਹਮਾਸ ਨੇ ਹਾਨੀਏ ਦੀ ਇੱਕ ਵੀਡੀਓ ਆਪਣੇ ਟੈਲੀਗਰਾਮ ਗਰੁੱਪ ਵਿੱਚ ਸ਼ੇਅਰ ਕੀਤੀ ਹੈ।

ਇਹ ਵੀਡੀਓ ਜਜ਼ੀਰਾ ਟੈਲੀਵਿਜ਼ਨ ਨੈੱਟਵਕਰ ਨੂੰ ਦਿੱਤੇ ਇੱਕ ਇੰਟਰਵਿਊ ਦੀ ਜਾਪ ਰਹੀ ਹੈ।

ਵੀਡੀਓ ਵਿੱਚ ਹਾਨੀਏ ਕਹਿ ਰਹੇ ਹਨ ਕਿ ਉਹ ਫਲਸਤੀਨੀ ਮੁੱਦਿਆਂ ਦੀਆਂ ‘‘ਜਿੰਮੇਵਾਰੀਆਂ ਦੇ ਭਾਰ ਨੂੰ ਮਹਿਸੂਸ ਕਰ ਸਕਦਾ ਹਾਂ ਅਤੇ ਇਸ ਲਈ ਕੋਈ ਵੀ ਕੀਮਤ ਤਾਰਨ ਲਈ ਤਿਆਰ ਹਾਂ। ਫਲਸਤੀਨ ਲਈ ਸ਼ਹੀਦੀ ਪਾਉਣ ਲਈ ਵੀ।’’

ਅਕਤੂਬਰ 2023 ਵਿੱਚ ਹਮਾਸ ਨੇ ਇਜ਼ਰਾਈਲ ਉੱਤੇ ਹਮਲਾ ਕੀਤਾ ਸੀ। ਇਸ ਹਮਲੇ ਵਿੱਚ ਇਜ਼ਰਾਈਲ ਦੇ ਕਰੀਬ 1200 ਨਾਗਰਿਕ ਮਾਰੇ ਗਏ ਸਨ। ਜਵਾਬ ਵਿੱਚ ਇਜ਼ਰਾਈਲ ਨੇ ਫੌਜੀ ਕਾਰਵਾਈ ਸ਼ੁਰੂ ਕਰ ਦਿੱਤੀ, ਇਸ ਕਾਰਵਾਈ ਤੋਂ ਬਾਅਦ ਹੁਣ ਤੱਕ 38 ਹਜ਼ਾਰ ਤੋਂ ਜ਼ਿਆਦਾ ਲੋਕ ਮਾਰੇ ਜਾ ਚੁੱਕੇ ਹਨ।

ਅਪ੍ਰੈਲ 2024 ਵਿੱਚ ਇਜ਼ਰਾਈਲ ਨੇ ਇੱਕ ਗੱਡੀ ਉੱਤੇ ਤਿੰਨ ਮਿਜ਼ਾਈਲਾਂ ਸੁੱਟੀਆਂ ਸਨ। ਇਸ ਹਮਲੇ ਵਿੱਚ ਹਾਨੀਏ ਦੇ ਤਿੰਨ ਪੁੱਤਰ, ਤਿੰਨੇ ਪੋਤੇ-ਪੋਤੀਆਂ ਅਤੇ ਇੱਕ ਡਰਾਇਵਰ ਦੀ ਮੌਤ ਹੋ ਗਈ ਸੀ।

  • ਇਸਮਾਇਲ ਹਾਨੀਏ ਨੂੰ ਸਮੁੱਚੇ ਤੌਰ ਉੱਤੇ ਹਮਾਸ ਦੇ ਸਿਰਮੌਰ ਆਗੂ ਸਮਝਿਆ ਜਾਂਦਾ ਹੈ।
  • ਹਮਾਸ ਸੰਨ 1987 ਵਿੱਚ ਸ਼ੁਰੂ ਹੋਈ ਇੱਕ ਇਸਲਾਮਿਕ ਲਹਿਰ ਹੈ, ਜਿਸ ਦੇ ਸਿਆਸੀ ਅਤੇ ਫੌਜੀ ਵਿੰਗ ਹਨ।
  • ਇਨ੍ਹਾਂ ਦੀ ਹਥਿਆਰਬੰਦ ਲਹਿਰ ਨੂੰ ‘ਐਜ਼ਦੀਨ ਅਲ-ਕਸਮ ਬ੍ਰਿਗੇਡਜ਼’ ਕਿਹਾ ਜਾਂਦਾ ਹੈ।
  • ਇਸ ਤੋਂ ਇਲਾਵਾ ਹਮਾਸ 23 ਲੱਖ ਤੋਂ ਵਧੇਰੇ ਆਬਾਦੀ ਵਾਲੇ ਇਲਾਕੇ ਦਾ ਸਾਸ਼ਨ ਵੀ ਸਾਂਭਦਾ ਹੈ।

ਇਸਮਾਇਲ ਹਾਨੀਏ ਕੌਣ ਹਨ

ਇਸਮਾਇਲ ਹਾਨੀਏ ਹਮਾਸ ਦੀ ਪੁਲੀਟੀਕਲ ਬਿਊਰੋ ਦੇ ਮੁਖੀ ਸਨ। ਉਹ ਫਲਸਤੀਨੀ ਅਥਾਰਟੀ ਦੇ ਦਸਵੀਂ ਸਰਕਾਰ ਦੇ ਪ੍ਰਧਾਨ ਮੰਤਰੀ ਸਨ।

ਹਾਨੀਏ ਦਾ ਉਪ ਨਾਮ ਅਬੂ-ਅਲ-ਅਬਦ ਸੀ। ਉਨ੍ਹਾਂ ਦਾ ਜਨਮ ਇੱਕ ਸ਼ਰਣਾਰਥੀ ਕੈਂਪ ਵਿੱਚ ਹੋਇਆ ਸੀ।

ਇਜ਼ਰਾਈਲ ਨੇ 1989 ਵਿੱਚ ਪਹਿਲੀ ਫਲਸਤੀਨੀ ਬਗਾਵਤ ਨੂੰ ਕੁਚਲਣ ਲਈ ਹਾਨੀਏ ਨੂੰ ਤਿੰਨ ਸਾਲਾਂ ਲਈ ਜੇਲ੍ਹ ਵਿੱਚ ਕੈਦ ਵੀ ਰੱਖਿਆ ਸੀ।

ਫਿਰ ਸਾਲ 1992 ਵਿੱਚ ਉਨ੍ਹਾਂ ਨੂੰ ਇਜ਼ਰਾਈਲ ਅਤੇ ਲਿਬਨਾਨ ਦੇ ਵਿਚਕਾਰ ਪੈਂਦੇ 'ਨੋ ਮੈਨਜ਼ ਲੈਂਡ' ਵਿੱਚ ਜਲਾਵਤਨ ਕਰ ਦਿੱਤਾ ਗਿਆ।

ਜਲਾਵਤਨੀ ਤੋਂ ਬਾਅਦ ਉਹ ਗਾਜ਼ਾ ਵਿੱਚ ਵਾਪਸ ਆ ਗਏ। ਜਿੱਥੇ ਉਨ੍ਹਾਂ ਨੂੰ ਹਮਾਸ ਦਾ ਅਧਿਆਤਮਿਕ ਆਗੂ ਥਾਪਿਆ ਗਿਆ। ਇਸ ਨਾਲ ਉਨ੍ਹਾਂ ਦੀ ਸਥਿਤੀ ਹੋਰ ਬੁਲੰਦ ਹੋਈ।

ਜਦੋਂ ਸਾਲ 2006 ਵਿੱਚ ਹਮਾਸ ਨੇ ਕੌਮੀ ਅਸੰਬਲੀ ਵਿੱਚ ਬਹੁਮਤ ਹਾਸਲ ਕੀਤਾ ਤਾਂ16 ਫਰਵਰੀ 2006 ਵਿੱਚ ਹਾਨੀਏ ਦਾ ਨਾਮ ਫਲਸਤੀਨੀ ਅਥਾਰਿਟੀ ਦਾ ਪ੍ਰਧਾਨ ਮੰਤਰੀ ਵਜੋ ਤਜਵੀਜ਼ ਕੀਤਾ ਗਿਆ।

ਰਾਸ਼ਟਰਪਤੀ ਮਹਿਮੂਦ ਅੱਬਾਸ ਵੱਲੋਂ ਉਨ੍ਹਾਂ ਨੂੰ ਉਸੇ ਸਾਲ 20 ਫਰਵਰੀ ਨੂੰ ਨਿਯੁਕਤ ਵੀ ਕਰ ਦਿੱਤਾ ਗਿਆ। ਲੇਕਿਨ ਇੱਕ ਸਾਲ ਹੀ ਇਸ ਅਹੁਦੇ ਤੋਂ ਬਰਖ਼ਾਸਤ ਕਰ ਦਿੱਤਾ ਗਿਆ।

ਅਜਿਹਾ ਇਸ ਲਈ ਕੀਤਾ ਗਿਆ ਕਿਉਂਕਿ ਇਜ਼-ਅਲ-ਦੀਨ ਅਲ-ਕਾਸਮ ਬ੍ਰਿਗੇਡ ਨੇ ਗਾਜ਼ਾ ਪੱਟੀ ਉੱਤੇ ਕਬਜ਼ਾ ਕਰ ਲਿਆ ਸੀ। ਉਸਨੇ ਅਬਾਸ ਦੇ ਫਤਹਿ ਅੰਦੋਲਨ ਦੇ ਨੁਮਾਇੰਦਿਆਂ ਨੂੰ ਕੱਢ ਦਿੱਤਾ ਸੀ। ਇੱਕ ਹਫ਼ਤੇ ਤੱਕ ਚੱਲੀ ਇਸ ਲੜਾਈ ਵਿੱਚ ਕਈ ਲੋਕ ਮਾਰੇ ਗਏ ਸਨ।

ਹਾਨੀਏ ਨੇ ਆਪਣੀ ਬਰਖ਼ਾਸਤਗੀ ਨੂੰ “ਗੈਰ-ਸੰਵਿਧਾਨਕ” ਦੱਸਿਆ ਕਿਹਾ ਸੀ।

ਉਨ੍ਹਾਂ ਕਿਹਾ ਸੀ ਕਿ ਉਨ੍ਹਾਂ ਦੀ “ਸਰਕਾਰ ਫਲਸਤੀਨੀ ਲੋਕਾਂ ਪ੍ਰਤੀ ਆਪਣੀਆਂ ਕੌਮੀ ਜ਼ਿੰਮੇਵਾਰੀਆਂ ਨਹੀਂ ਛੱਡੇਗੀ” ਅਤੇ ਗਾਜ਼ਾ ਉੱਤੇ ਸ਼ਾਸਨ ਜਾਰੀ ਰੱਖੇਗੀ।

ਹਾਨੀਏ ਨੂੰ ਸਾਲ 2017 ਵਿੱਚ ਹਮਾਸ ਦੇ ਪੁਲੀਟੀਕਲ ਬਿਊਰੋ ਦਾ ਮੁਖੀ ਥਾਪਿਆ ਗਿਆ।

ਸਾਲ 2018 ਵਿੱਚ ਅਮਰੀਕਾ ਦੇ ਡਿਪਾਰਟਮੈਂਟ ਆਫ਼ ਸਟੇਟ ਨੇ ਹਾਨੀਏ ਨੂੰ ਇੱਕ ਦਹਿਸ਼ਤਗਰਦ ਐਲਾਨ ਦਿੱਤਾ ਸੀ । ਉਹ ਪਿਛਲੇ ਕਈ ਸਾਲਾਂ ਤੋਂ ਕਤਰ ਵਿੱਚ ਰਹਿ ਰਹੇ ਸਨ।

ਕੀ ਹੋਵੇਗਾ ਅਸਰ?

ਫਲਸਤੀਨ ਦੇ ਸਟੇਟ ਮੀਡੀਆ ਮੁਤਾਬਕ ਰਾਸ਼ਟਰਪਤੀ ਮੁਹੰਮਦ ਅੱਬਾਸ ਨੇ ਹਾਨੀਏ ਦੇ ਮਾਰੇ ਜਾਣ ਦੀ ਘਟਨਾ ਨੂੰ ਕਾਇਰਾਨਾ ਕਾਰਵਾਈ ਅਤੇ ਖ਼ਤਰਨਾਕ ਘਟਨਾਕ੍ਰਮ ਕਰਾਰ ਦਿੱਤਾ ਹੈ।

ਉਨ੍ਹਾਂ ਇਸ ਮੌਕੇ ਫਲਸਤੀਨੀਆਂ ਨੂੰ ‘‘ਇੱਕਜੁਟ, ਸਬਰ ਅਤੇ ਦ੍ਰਿੜ੍ਹਤਾ ਰੱਖਣ ਲਈ ਕਿਹਾ ਹੈ।

ਜਾਰਜਟਾਊਨ ਯੂਨੀਵਰਸਿਟੀ ਦੇ ਮਿਡਲ ਈਸਟਨ ਸਟੱਡੀਜ਼ ਦੇ ਪ੍ਰੋਫੈਸਰ ਨਾਦਰ ਹਾਸ਼ਮੀ ਨੇ ਬੀਬੀਸੀ ਨਾਲ ਗੱਲਬਾਤ ਦੌਰਾਨ ਕਿਹਾ, ‘‘ਹਮਾਸ ਆਗੂ ਇਸਮਾਇਲੀ ਹਾਨੀਏ ਦੇ ਮਾਰੇ ਜਾਣ ਦੀ ਘਟਨਾ ਇਸ ਖੇਤਰ ਨੂੰ ਅਜਿਹੀ ਜੰਗ ਦੇ ਹੋਰ ਨੇੜੇ ਲੈ ਆਵੇਗੀ, ਜਿਹੜੀ ਪਹਿਲਾ ਕਦੇ ਨਹੀਂ ਹੋਈ।

ਉਨ੍ਹਾਂ ਕਿਹਾ, ‘‘ਇਹ ਵੱਡਾ ਘਟਨਾਕ੍ਰਮ ਹੈ, ਇਸ ਦਾ ਅਸਰ ਲਿਬਨਾਨ ਦੀਆਂ ਘਟਨਾਵਾਂ ਨੂੰ ਵੀ ਪ੍ਰਭਾਵਿਤ ਕਰੇਗਾ, ਕਿਉਂ ਕਿ ਕੁਝ ਘੰਟੇ ਪਹਿਲਾਂ ਹੀ ਇਜਾਇਲ ਨੇ ਹੈਜ਼ਬੁੱਲਾ ਦੇ ਵੱਡੇ ਕਮਾਂਡਰ ਨੂੰ ਵੀ ਦੱਖਣੀ ਬੈਰੂਤ ਵਿੱਚ ਮਾਰਨ ਦਾ ਦਾਅਵਾ ਕੀਤਾ ਹੈ।ਭਾਵੇਂਕਿ ਸਮਝਿਆ ਜਾ ਰਿਹਾ ਸੀ ਕਿ ਇਰਾਨ ਅਤੇ ਹੈਜ਼ਬੁੱਲਾ ਦੀ ਭੜਕਾਹਟ ਵਧਾਉਣ ਵਿੱਚ ਰੁਚੀ ਨਹੀਂ ਸੀ। ਪਰ ਹਾਨੀਏ ਦੇ ਕਤਲ ਨਾਲ ਇਹ ਹੋਰ ਵਧੇਗੀ।’’

ਹਮਾਸ ਕੀ ਹੈ?

ਹਮਾਸ ਫਲਸਤੀਨੀ ਕੱਟੜਪੰਥੀ ਇਸਲਾਮਿਕ ਜਥੇਬੰਦੀਆਂ ਵਿੱਚ ਸਭ ਤੋਂ ਵੱਡੀ ਖਾੜਕੂ ਜਥੇਬੰਦੀ ਹੈ।

ਹਮਾਸ ਨੇ ਇਜ਼ਰਾਈਲ ਦੇ ਵਿਨਾਸ਼ ਦੀ ਸਹੁੰ ਖਾਧੀ ਹੋਈ ਹੈ ਅਤੇ 2007 ਵਿੱਚ ਗਾਜ਼ਾ ਵਿੱਚ ਸੱਤਾ ਸੰਭਾਲਣ ਤੋਂ ਬਾਅਦ ਉਹ ਇਜ਼ਰਾਈਲ ਨਾਲ ਕਈ ਯੁੱਧ ਲੜ ਚੁੱਕੇ ਹਨ।

ਉਨ੍ਹਾਂ ਯੁੱਧਾਂ ਦੇ ਵਿਚਾਲੇ, ਹਮਾਸ ਨੇ ਇਜ਼ਰਾਇਲ ਉੱਤੇ ਕਈ ਵਾਰੀ ਗੋਲੀਬਾਰੀ ਕੀਤੀ ਜਾਂ ਦੂਜੇ ਸਮੂਹਾਂ ਤੋਂ ਇਜ਼ਰਾਈਲ 'ਤੇ ਹਜ਼ਾਰਾਂ ਰਾਕੇਟ ਦਾਗ ਦੀ ਦਗਵਾਏ।

-ਇਜ਼ਰਾਇਲ ਨੇ ਵੀ ਵਾਰ-ਵਾਰ ਹਮਾਸ 'ਤੇ ਹਵਾਈ ਹਮਲੇ ਕੀਤੇ ਅਤੇ ਮਿਸਰ ਦੇ ਨਾਲ ਮਿਲ ਕੇ, 2007 ਤੋਂ ਗਾਜ਼ਾ ਪੱਟੀ ਦੀ ਨਾਕਾਬੰਦੀ ਕੀਤੀ ਹੋਈ ਹੈ ਜਿਸ ਬਾਰੇ ਕਿਹਾ ਜਾਂਦਾ ਹੈ ਕਿ ਇਹ ਆਪਣੀ ਸੁਰੱਖਿਆ ਲਈ ਹੈ।

ਸਮੁੱਚੇ ਤੌਰ 'ਤੇ ਹਮਾਸ ਜਾਂ ਕੁਝ ਮਾਮਲਿਆਂ ਵਿੱਚ ਇਸ ਦੀ ਫੌਜੀ ਸ਼ਾਖ਼ਾ ਨੂੰ ਅਮਰੀਕਾ, ਯੂਰਪੀਅਨ ਯੂਨੀਅਨ ਅਤੇ ਯੂਕੇ ਦੇ ਨਾਲ-ਨਾਲ ਹੋਰ ਸ਼ਕਤੀਆਂ ਦੁਆਰਾ ਇੱਕ ਕੱਟੜਵਾਦੀ ਸਮੂਹ ਵਜੋਂ ਨਾਮਜ਼ਦ ਕੀਤਾ ਗਿਆ ਹੈ।

ਹਮਾਸ ਨੂੰ ਈਰਾਨ ਦਾ ਸਮਰਥਨ ਹਾਸਲ ਹੈ, ਜੋ ਇਸ ਨੂੰ ਫੰਡ ਦਿੰਦਾ ਹੈ ਅਤੇ ਹਥਿਆਰ ਅਤੇ ਸਿਖਲਾਈ ਪ੍ਰਦਾਨ ਕਰਦਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)