ਇਜ਼ਰਾਈਲ ਨਾਲ ਜੰਗ ਲੜ ਰਹੀ ਹਮਾਸ ਕੋਲ ਪੈਸਾ ਕਿੱਥੋਂ ਆਉਂਦਾ ਹੈ, ਸਾਰੇ ਸਰੋਤਾਂ ਬਾਰੇ ਜਾਣੋ

    • ਲੇਖਕ, ਪਾਉਲਾ ਰੋਸੇਜ਼
    • ਰੋਲ, ਬੀਬੀਸੀ ਪੱਤਰਕਾਰ

ਹਮਾਸ ਦਾ ਆਰਥਿਕ ਤਾਣਾ-ਬਾਣਾ ਬਹੁਤ ਪੇਚੀਦਾ ਹੈ। ਇਸ ਦੀਆਂ ਜੜ੍ਹਾਂ ਗਾਜ਼ਾ ਪੱਟੀ ਤੋਂ ਬਹੁਤ ਬਾਹਰ ਤੱਕ ਫੈਲੀਆਂ ਹੋਈਆਂ ਹਨ।

ਅਮਰੀਕਾ ਅਤੇ ਯੂਰਪੀ ਯੂਨੀਅਨ ਲਈ ਹਮਾਸ ਇੱਕ ਅੱਤਵਾਦੀ ਸੰਗਠਨ ਹੈ ਜੋ ਕਈ ਦਹਾਕਿਆਂ ਤੋਂ ਆਰਥਿਕ ਪਾਬੰਦੀਆਂ ਹੇਠ ਹੈ।

ਇਸ ਨੂੰ ਪੱਛਮੀ ਦੇਸਾਂ ਨੇ ਆਰਥਿਕ ਤੌਰ ’ਤੇ ਛੇਕਿਆ ਹੋਇਆ ਹੈ ਅਤੇ ਕੌਮਾਂਤਰੀ ਬੈਂਕਿੰਗ ਪ੍ਰਣਾਲੀ ਤੱਕ ਇਸ ਦੀ ਸੀਮਤ ਪਹੁੰਚ ਹੈ।

ਹਾਲਾਂਕਿ ਜਿਸ ਤਰ੍ਹਾਂ ਇਸ ਨੇ ਸੱਤ ਅਕਤੂਬਰ ਨੂੰ ਇਜ਼ਰਾਈਲ ਉੱਪਰ ਹਜ਼ਾਰਾਂ ਰਾਕੇਟ, ਡਰੋਨ ਅਤੇ ਹੋਰ ਆਧੁਨਿਕ ਹਥਿਆਰਾਂ ਨਾਲ ਹਮਲੇ ਕੀਤੇ ਉਨ੍ਹਾਂ ਤੋਂ ਸਾਫ ਝਲਕਦਾ ਹੈ ਕਿ ਹਮਾਸ ਕੋਲ ਵਸੀਲਿਆਂ ਦੀ ਕੋਈ ਘਾਟ ਨਹੀਂ ਹੈ।

ਹਮਾਸ ਕੋਲ ਪੈਸਾ ਕਿੱਥੋਂ ਆਉਂਦਾ ਹੈ?

ਹਮਾਸ ਸੰਨ 1987 ਵਿੱਚ ਸ਼ੁਰੂ ਹੋਈ ਇੱਕ ਇਸਲਾਮਿਕ ਲਹਿਰ ਹੈ ਜਿਸਦੇ ਸਿਆਸੀ ਅਤੇ ਫੌਜੀ ਵਿੰਗ ਹਨ।

ਇਨ੍ਹਾਂ ਦੀ ਹਥਿਆਰਬੰਦ ਲਹਿਰ ਨੂੰ ‘ਐਜ਼ਦੀਨ ਅਲ-ਕਸਮ ਬਰਿਗੇਡਸ’ ਕਿਹਾ ਜਾਂਦਾ ਹੈ। ਅਤੀਤ ਵਿੱਚ ਵੀ ਇਸ ਨੇ ਇਜ਼ਰਾਈਲ ਉੱਪਰ ਕਈ ਹਮਲੇ ਕੀਤੇ ਹਨ, ਜਿਨ੍ਹਾਂ ਵਿੱਚ ਮਨੁੱਖੀ ਬੰਬ ਬਣ ਕੇ ਕੀਤੇ ਗਏ ਹਮਲੇ ਸ਼ਾਮਲ ਹਨ।

ਇਸ ਤੋਂ ਇਲਾਵਾ ਹਮਾਸ ਇੱਕ 23 ਲੱਖ ਤੋਂ ਵਧੇਰੇ ਆਬਾਦੀ ਵਾਲੇ ਇਲਾਕੇ ਦਾ ਪ੍ਰਸ਼ਾਸਨ ਵੀ ਸਾਂਭਦਾ ਹੈ ਅਤੇ ਲਗਭਗ 50,000 ਅਧਿਕਾਰੀਆਂ ਨੂੰ ਤਨਖਾਹ ਵੀ ਦਿੰਦਾ ਹੈ।

ਹਮਾਸ ਇੱਕ ਸਿਆਸੀ ਅਤੇ ਸਮਾਜਿਕ ਸੰਗਠਨ ਵਜੋਂ ਟੈਕਸਾਂ ਦੀ ਉਗਰਾਹੀ ਕਰਦਾ ਹੈ। ਆਪਣੀਆਂ ਹਮ ਖਿਆਲ ਵਿਦੇਸ਼ੀ ਸਰਕਾਰਾਂ ਅਤੇ ਦਾਨੀ ਸੰਗਠਨਾਂ ਤੋਂ ਇਸ ਨੂੰ ਵਿਦੇਸ਼ੀ ਮਦਦ ਵੀ ਮਿਲਦੀ ਹੈ।

7 ਅਕਤੂਬਰ ਦੇ ਹਮਲਿਆਂ ਨੇ ਇਹ ਸਾਫ਼ ਕਰ ਦਿੱਤਾ ਹੈ ਕਿ ਹਮਾਸ ਕੋਲ ਫ਼ੌਜੀ ਸਾਜੋ ਸਮਾਨ ਵੀ ਵੱਡੀ ਮਾਤਰਾ ਵਿੱਚ ਹੈ।

ਹਮਾਸ ਦਾ ਆਰਥਿਕ ਤੰਤਰ ਲੁਕਵਾਂ ਹੈ, ਇਹ ਕੌਮਾਂਤਰੀ ਆਰਥਿਕ ਪਾਬੰਦੀਆਂ ਦਾ ਮੁਕਾਬਲਾ ਕਰਨ ਲਈ ਕ੍ਰਿਪਟੋ ਕਰੰਸੀ ਦੀ ਸਹਾਇਤਾ ਲੈਂਦਾ ਹੈ।

ਕਤਰ

ਕਤਰ ਭਾਵੇਂ ਖਾੜੀ ਦਾ ਇੱਕ ਨਿੱਕਾ ਜਿਹਾ ਦੇਸ ਹੈ ਪਰ ਇਸ ਦੀ ਗਿਣਤੀ ਦੁਨੀਆਂ ਦੇ ਸਭ ਤੋਂ ਅਮੀਰ ਮੁਲਕਾਂ ਵਿੱਚ ਹੁੰਦੀ ਹੈ।

ਤੁਰਕੀ ਅਤੇ ਦੁਨੀਆਂ ਦੀਆਂ ਕੁਝ ਹੋਰ ਮੁੱਠੀ ਭਰ ਸਰਕਾਰਾਂ ਸਮੇਤ ਕਤਰ ਨੇ ਵੀ ਵਿਰੋਧੀ ਫਲਸਤੀਨੀ ਕਬੀਲੇ ਫਤਾਹ ਤੋਂ 2007 ਵਿੱਚ ਖੂਨੀ ਅਲਹਿਦਗੀ ਤੋਂ ਬਾਅਦ ਹਮਾਸ ਦੀ ਹਮਾਇਤ ਕੀਤੀ ਸੀ।

ਉਸੇ ਸਾਲ ਜਦੋਂ ਇਜ਼ਰਾਈਲ ਨੇ ਗਾਜ਼ਾ ਦੀ ਘੇਰਾਬੰਦੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕਤਰ ਨੇ ਮਨੁੱਖੀ ਅਧਾਰ ’ਤੇ ਗਾਜ਼ਾ ਪੱਟੀ ਦੇ ਫਲਸਤੀਨੀਆਂ ਦੀ ਮਦਦ ਕੀਤੀ।

ਸਾਲ 2012 ਵਿੱਚ ਕਤਰ ਦੇ ਤਤਕਾਲੀ ਅਮੀਰ ਸ਼ੇਖ ਹਮਦ ਬਿਨ ਖਲੀਫਾ ਅਲ-ਥਾਨੀ ਸਨ। ਉਹ ਪਹਿਲੇ ਵਿਦੇਸ਼ੀ ਰਾਜ ਪ੍ਰਮੁੱਖ ਸਨ ਜਿਨ੍ਹਾਂ ਨੇ ਹਮਾਸ ਦੇ ਸ਼ਾਸਨ ਅਧੀਨ ਆਏ ਗਾਜ਼ਾ ਦਾ ਦੌਰਾ ਕੀਤਾ।

ਇਸ ਦੌਰਾਨ ਉਨ੍ਹਾਂ ਨੇ ਗਾਜ਼ਾ ਨੂੰ ਲੱਖਾਂ ਡਾਲਰ ਦੀ ਸਹਾਇਤਾ ਦੇਣ ਦਾ ਵਾਅਦਾ ਕੀਤਾ। ਆਖਰ ਇਜ਼ਰਾਈਲ ਨੂੰ ਵੀ ਇਸ ਵਿੱਚ ਆਪਣੀ ਸਹਿਮਤੀ ਦੇਣੀ ਪਈ।

ਸਾਲ 2012 ਵਿੱਚ ਸੀਰੀਆ ਦੀ ਖਾਨਾਜੰਗੀ ਤੋਂ ਬਾਅਦ ਕਈ ਹਮਾਸ ਆਗੂਆਂ ਨੂੰ ਡਮੈਸਕਸ ਛੱਡ ਕੇ ਜਾਣਾ ਪਿਆ। ਇਹ ਆਗੂ ਉਦੋਂ ਤੋਂ ਹੀ ਕਤਰ ਵਿੱਚ ਰਹਿ ਰਹੇ ਹਨ।

ਸੰਗਠਨ ਦੇ ਆਗੂ ਮੰਨੇ ਜਾਂਦੇ ਇਸਮਾਇਲ ਹਨੀਯੇਹ ਅਤੇ ਇਸ ਤੋਂ ਪਹਿਲਾਂ ਲੀਡਰ ਰਹੇ ਖਾਲਿਦ ਮੇਸ਼ਾਲ ਵੀ ਕਤਰ ਦੀ ਰਾਜਧਾਨੀ ਦੋਹਾ ਵਿੱਚ ਰਹਿ ਰਹੇ ਹਨ। ਕੁਝ ਤਾਲਿਬਾਨ ਆਗੂ ਵੀ ਸਾਲ 2021 ਵਿੱਚ ਅਫ਼ਗਾਨਿਸਤਾਨ ਵਿੱਚ ਸੱਤਾ ’ਤੇ ਕਾਬਜ਼ ਹੋਣ ਤੋਂ ਪਹਿਲਾਂ ਦੋਹਾ ਵਿੱਚ ਰਹੇ ਸਨ।

ਇਸ ਤਰ੍ਹਾਂ ਕਤਰ ਪੱਛਮ ਵੱਲੋਂ ਦਹਿਸ਼ਤਗਰਦ ਸਮਝੇ ਜਾਂਦੇ ਸੰਗਠਨਾਂ ਅਤੇ ਪੱਛਮੀ ਦੇਸਾਂ ਦਰਮਿਆਨ ਅਹਿਮ ਵਿਚੋਲਾ ਬਣ ਕੇ ਉੱਭਰਿਆ ਹੈ। ਇਨ੍ਹਾਂ ਸੰਗਠਨਾਂ ਨਾਲ ਪੱਛਮੀ ਦੇਸ ਜਨਤਕ ਰਾਇ ਜਾਂ ਕਾਨੂੰਨੀ ਅੜਚਨਾਂ ਕਾਰਨ ਗੱਲਬਾਤ ਨਹੀਂ ਕਰ ਸਕਦੇ।

ਹਮਾਸ ਅਤੇ ਇਜ਼ਰਾਈਲ ਦਰਮਿਆਨ ਮਿਸਰ ਰਵਾਇਤੀ ਸਾਲਸ ਰਿਹਾ ਹੈ ਪਰ ਹੁਣ ਇਹ ਜ਼ਿਮਾ ਕਤਰ ਨਿਭਾ ਰਿਹਾ ਹੈ। ਇਹ ਨੁਕਤਾ ਸਾਨੂੰ ਹਮਾਸ ਦੇ ਵੱਲੋਂ ਕਬਜ਼ੇ ਵਿੱਚ ਲਈ ਇਜ਼ਰਾਈਲੀਆਂ ਬਾਰੇ ਹੋਈ ਗੱਲਬਾਤ ਤੋਂ ਵੀ ਸਪਸ਼ਟ ਹੁੰਦਾ ਹੈ।

ਕਤਰ, ਅਮਰੀਕਾ ਦਾ ਗੈਰ-ਨਾਟੋ ਸਹਿਯੋਗੀ ਦੇਸ ਵੀ ਹੈ। ਇਸ ਨੇ ਪਿਛਲੇ ਸਾਲਾਂ ਦੌਰਾਨ, ਇਜ਼ਰਾਈਲ ਦੀਆਂ ਪਾਬੰਦੀਆਂ ਦੇ ਬਾਵਜੂਦ, ਖਰਬਾਂ ਡਾਲਰ ਦੀ ਮਦਦ ਫਲਸਤੀਨੀਆਂ ਨੇ ਭੇਜੀ ਹੈ।

ਹਾਲਾਂਕਿ ਕਤਰ ਦਾ ਦਾਅਵਾ ਹੈ ਕਿ ਇਹ ਪੈਸਾ ਫਲਸਤੀਨ ਦੇ ਲੋਕਾਂ ਲਈ ਹੈ ਨਾ ਕਿ ਹਮਾਸ ਲਈ।

ਇਸ ਮਦਦ ਦੀ ਕੋਈ ਸਟੀਕ ਰਾਸ਼ੀ ਬਾਰੇ ਤਾਂ ਪਤਾ ਪਰ ਵਿਸ਼ਲੇਸ਼ਕਾਂ ਦੇ ਅੰਦਾਜ਼ੇ ਮੁਤਾਬਕ ਸਾਲ 2014 ਤੋਂ ਲੈ ਕੇ ਇੱਕ ਤੋਂ 2.6 ਖਰਬ ਦੇ ਵਿਚਕਾਰ ਦੀ ਮਦਦ ਰਾਸ਼ੀ ਹੋ ਸਕਦੀ ਹੈ।

ਇਹ ਮਦਦ ਗਾਜ਼ਾ ਪੱਟੀ ਉੱਪਰ ਕਈ ਇਜ਼ਰਾਈਲੀ ਹਮਲਿਆਂ ਮਗਰੋਂ ਪੁਨਰ-ਨਿਰਮਾਣ ਵਿੱਚ ਸਹਾਈ ਹੋਈ ਹੈ।

ਸਾਲ 2016 ਵਿੱਚ ਕਤਰ ਦੇ ਅਮੀਰ ਸ਼ੇਖ ਤਾਮਿਨ ਬਿਨ ਹਮਦ ਅਲ-ਥਾਨੀ ਨੇ ਐਲਾਨ ਕੀਤਾ ਕਿ ਉਨ੍ਹਾਂ ਦਾ ਦੇਸ ਪੱਟੀ ਦੇ ਭਰਾਵਾਂ ਦੇ “ਕਸ਼ਟ ਕੱਟਣ ਅਤੇ ਉਨ੍ਹਾਂ ਦੀਆਂ ਗੰਭੀਰ ਆਰਥਿਕ ਮੁਸ਼ਕਲਾਂ ਦੇ ਹੱਲ ਲਈ ਜਿਨ੍ਹਾਂ ਦਾ ਉਹ ਇਜ਼ਰਾਈਲੀ ਕਬਜ਼ੇ ਕਾਰਨ ਸਾਹਮਣਾ ਕਰ ਰਹੇ ਹਨ, 11.3 ਕਰੋੜ ਕਤਰੀ ਰਿਆਲ (ਲਗਭਗ 30 ਲੱਖ ਅਮਰੀਕੀ ਡਾਲਰ), ਰਾਖਵੇਂ ਰੱਖੇਗਾ।”

ਇਸ ਪੈਸੇ ਨਾਲ ਗਾਜ਼ਾ ਵਿੱਚ ਲਗਭਗ 50,000 ਹਜ਼ਾਰ ਅਧਿਕਾਰੀਆਂ ਦੀਆਂ ਤਨਖਾਹਾਂ ਦਾ ਕੁਝ ਹਿੱਸਾ ਜਾਰੀ ਕੀਤਾ ਜਾ ਸਕਿਆ। ਪੱਟੀ ਦੇ ਬਿਜਲੀ ਗਰਿੱਡ ਲਈ ਬਾਲਣ ਖਰੀਦਿਆ ਗਿਆ। ਗਰੀਬ ਪਰਿਵਾਰਾਂ ਦੀ ਹਰ ਮਹੀਨੇ 100 ਡਾਲਰ ਦੇ ਚੈਕ ਨਾਲ ਮਦਦ ਹੋ ਸਕੀ।

ਕਤਰ ਦੀ ਨੌਰਥ ਵੈਸਟਰਨ ਯੂਨੀਵਰਸਿਟੀ ਵਿੱਚ ਮਿਡਲ ਈਸਟਰਨ ਸਟਡੀਜ਼ ਦੇ ਪ੍ਰੋਫੈਸਰ ਖ਼ਾਲਿਦ ਅਲ ਹਰੂਬ ਨੇ ਬੀਬੀਸੀ ਨੂੰ ਦੱਸਿਆ ਕਿ ਕਤਰ ਤੋਂ ਇਹ ਪੈਸਾ ਅਮਰੀਕਾ ਅਤੇ ਇਜ਼ਰਾਈਲ ਦੇ ਤਾਲਮੇਲ ਨਾਲ ਭੇਜਿਆ ਜਾਂਦਾ ਹੈ।

ਪ੍ਰੋਫੈਸਰ ਹਰੂਬ ਹਮਾਸ ਦੇ ਵਿਸ਼ਲੇਸ਼ਕ ਹਨ ਅਤੇ ਉਨ੍ਹਾਂ ਨੇ ਇਸ ਸੰਗਠਨ ਬਾਰੇ ਬਹੁਤ ਸਾਰਾ ਖੋਜ ਕਾਰਜ ਵੀ ਕੀਤਾ ਹੈ।

ਉਹ ਅੱਗੇ ਦੱਸਦੇ ਹਨ, “ਗਾਜ਼ਾ ਸਮੇਤ ਫਲਸਤੀਨ ਪਹੁੰਚਣ ਵਾਲੇ ਡਾਲਰਾਂ ਉੱਪਰ ਦੁਨੀਆਂ ਵਿੱਚ ਸਭ ਤੋਂ ਸਖ਼ਤ ਨਜ਼ਰ ਰੱਖੀ ਜਾਂਦੀ ਹੈ। ਅਮਰੀਕਾ ਅਤੇ ਇਜ਼ਰਾਈਲ, ਜੌਰਡਨ ਅਤੇ ਮਿਸਰ ਦੀਆਂ ਸੂਹੀਆ ਏਜੰਸੀਆਂ ਇਨ੍ਹਾਂ ਖਾਤਿਆਂ ਉੱਪਰ ਬਹੁਤ ਬਰੀਕ ਨਜ਼ਰ ਰੱਖਦੀਆਂ ਹਨ ਕਿਉਂਕਿ ਕੁਝ ਪੈਸਾ ਇਨ੍ਹਾਂ ਦੇਸਾਂ ਦੇ ਬੈਂਕਾਂ ਵਿੱਚੋਂ ਹੋ ਕੇ ਹੀ ਉੱਥੇ ਪਹੁੰਚਦਾ ਹੈ।

ਪੈਸਾ ਕਤਰ ਤੋਂ ਇਜ਼ਰਾਈਲ ਅਤੇ ਉੱਥੋਂ ਨੋਟਾਂ ਦੇ ਭਰੇ ਸੂਟਕੇਸਾਂ ਦੇ ਰੂਪ ਵਿੱਚ ਪੱਟੀ ਦੇ ਉੱਤਰ ਵਿੱਚ ਸਥਿਤ ਇਰੇਜ਼ ਲਾਂਘੇ ਰਾਹੀਂ ਕਤਰੀ ਕੂਟਨੀਤਿਕ ਗਾਜ਼ਾ ਪਹੁੰਚਾਉਂਦੇ ਹਨ।

ਅੱਗੋਂ ਇਹ ਪੈਸਾ ਡਾਕਖ਼ਾਨਿਆਂ ਅਤੇ ਸੂਪਰਮਾਰਕਿਟਾਂ ਰਾਹੀਂ ਸਿੱਧਾ ਅਧਿਕਾਰੀਆਂ ਅਤੇ ਗਰੀਬ ਪਰਿਵਾਰਾਂ ਵਿੱਚ ਰਸੀਦ ਦੇ ਬਦਲੇ ਵੰਡਿਆ ਗਿਆ।

ਕੁਝ ਵਿਸ਼ਲੇਸ਼ਕਾਂ ਨੂੰ ਪੂਰਾ ਯਕੀਨ ਹੈ ਕਿ ਇਸ ਵਿੱਚੋਂ ਕੁਝ ਪੈਸਾ ਹਮਾਸ ਦੇ ਮਿਲਟਰੀ ਵਿੰਗ ਦੇ ਹੱਥਾਂ ਵਿੱਚ ਜ਼ਰੂਰ ਪਹੁੰਚਿਆ ਹੈ।

ਹਾਲਾਂਕਿ ਹਮਾਸ ਨੇ ਇਸ ਦਾਅਵੇ ਤੋਂ ਹਮੇਸ਼ਾ ਇਨਕਾਰ ਕੀਤਾ ਹੈ ਅਤੇ ਪ੍ਰੋਫੈਸਰ ਹਰੂਬ ਦਾ ਕਹਿਣਾ ਹੈ ਕਿ ਇਸਦਾ ਕੋਈ ਸਬੂਤ ਨਹੀਂ ਹੈ,“ਹਮਾਸ ਦੀ ਮੁੱਖ ਆਰਥਿਕ ਸਮੱਸਿਆ ਪਾਰਟੀ ਲਈ ਜਾਂ ਆਪਣੇ ਹਥਿਆਰਬੰਦ ਵਿੰਗ ਲਈ ਪੈਸ ਇਕੱਠਾ ਕਰਨਾ ਨਹੀਂ ਹੈ। ਇਹ ਤਾਂ ਸੌਖਾ ਹੈ। ਸਭ ਤੋਂ ਮੁਸ਼ਕਿਲ ਤਾਂ ਹੈ ਗਾਜ਼ਾ ਵਿੱਚ ਕਸ਼ਟ ਸਹਿ ਰਹਿ ਰਹੇ ਲੱਖਾਂ ਫਲਸਤੀਨੀ ਲੋਕਾਂ ਦੀ ਮਦਦ ਕਰਨਾ ਅਤੇ ਹਮਾਸ ਇਹ ਭਾਰ ਮਹਿਸੂਸ ਕਰਦਾ ਹੈ।”

ਕਤਰ ਦੇ ਪੈਸੇ ਅਤੇ ਕੌਮਾਂਤਰੀ ਮਦਦ ਬਾਰੇ ਉਨ੍ਹਾਂ ਦਾ ਕਹਿਣਾ ਹੈ, “(ਇਸ ਪੈਸੇ ਨੂੰ) ਲੰਬੇ ਸਮੇਂ ਤੋਂ ਦਰਦ ਦੀ ਦਵਾਈ ਉਸ ਵਜੋਂ ਦੇਖਿਆ ਜਾਂਦਾ ਰਿਹਾ ਹੈ, ਜੋ ਸਮੱਸਿਆ ਦੀ ਜੜ੍ਹ ਨਹੀਂ ਸਗੋਂ ਲੱਛਣਾਂ ਦਾ ਇਲਾਜ ਕਰ ਰਹੀ ਹੈ।”

ਗਾਜ਼ਾ ਵਿੱਚ ਕਾਰਜਸ਼ੀਲ ਮੱਧ ਪੂਰਬ ਦੇ ਫਲਸਤੀਨੀ ਰਿਫਿਊਜੀਆਂ ਲਈ ਸੰਯੁਕਤ ਰਾਸ਼ਟਰ ਦੀ ਏਜੰਸੀ, ਮੁੱਖ ਮਨੁੱਖਤਾਵਾਦੀ ਸੰਗਠਨ ਹੈ।

ਏਜੰਸੀ ਦੇ ਬੁਲਾਰੇ ਨੇ ਬੀਬੀਸੀ ਨੂੰ ਦੱਸਿਆ ਕਿ ਇਨ੍ਹਾਂ ਦੀ ਪਹਿਲਾਂ ਤੋਂ ਹੀ ਜਾਂਚੀ-ਪਰਖੀ ਮਦਦ ਸਿੱਧੀ ਇਨ੍ਹਾਂ ਦੀਆਂ ਟੀਮਾਂ ਵੰਡਦੀਆਂ ਹਨ।

ਏਜੰਸੀ ਆਪਣੇ ਲੇਖੇ ਦੀ ਇੱਕ ਸੁਤੰਤਰ ਏਜੰਸੀ ਤੋਂ ਵੀ ਜਾਂਚ ਕਰਵਾਉਂਦੀ ਹੈ। ਏਜੰਸੀ ਦੇ ਬੁਲਾਰੇ ਨੇ ਦੱਸਿਆ, “ਠੇਕੇਦਾਰਾਂ, ਪੂਰਤੀਕਾਰਾਂ ਅਤੇ ਸਟਾਫ਼ ਦੇ ਸਾਰੇ ਭੁਗਤਾਨ ਦਹਿਸ਼ਤਗਰਦ ਵਿਰੋਧੀ ਦਿਸ਼ਾ-ਨਿਰਦੇਸ਼ਾਂ ਦੇ ਅਧੀਨ ਬੈਂਕ ਰਾਹੀਂ ਕੀਤੇ ਜਾਂਦੇ ਹਨ।”

ਈਰਾਨ

ਹਮਾਸ ਕੌਮਾਂਤਰੀ ਸੰਗਠਨ – ਐਕਸਿਸ ਆਫ ਰਜ਼ਿਸਟੈਂਸ— ਦਾ ਮੈਂਬਰ ਵੀ ਹੈ। ਈਰਾਨ ਦੀ ਅਗਵਾਈ ਵਾਲੇ ਇਸ ਸੰਗਠਨ ਦੇ ਹੋਰ ਦੇਸਾਂ ਸਮੇਤ ਸੀਰੀਆ ਅਤੇ ਲਿਬਨਾਨ ਦਾ ਇਸਲਾਮਿਕ ਗੁੱਟ ਹਿਜ਼ਬੁੱਲ੍ਹਾ ਵੀ ਮੈਂਬਰ ਹੈ। ਇਸ ਸੰਗਠਨ ਨੂੰ ਜੋੜਨ ਵਾਲੀ ਤਾਰ ਹੈ ਕਿ ਇਹ ਸਾਰੇ ਇਜ਼ਰਾਈਲ ਅਤੇ ਅਮਰੀਕਾ ਨੂੰ ਆਪਣੇ ਦੁਸ਼ਮਣ ਮੰਨਦੇ ਹਨ।

ਇਜ਼ਰਾਈਲ ਦੇ ਰਸੂਖ ਨੂੰ ਨੱਥ ਪਾਉਣ ਅਤੇ ਆਇਤਉੱਲ੍ਹਾ ਸਰਕਾਰ ਨੂੰ ਬਚਾਈ ਰੱਖਣ ਲਈ, ਈਰਾਨ ਨੇ ਇਸ ਖੇਤਰ ਵਿੱਚ ਸਹਿਯੋਗੀਆਂ ਦਾ ਨੈਟਵਰਕ ਬਣਾਇਆ ਹੈ।

ਸਨਮ ਵਕੀਲ, ਚੇਥਮ ਹਾਊਸਜ਼ ਮਿਡਲ ਈਸਟ ਐਂਡ ਨਾਰਥ ਅਫਰੀਕਾ ਪ੍ਰੋਗਰਾਮ ਦੇ ਨਿਰਦੇਸ਼ ਹਨ। ਹਾਲ ਹੀ ਵਿੱਚ ਉਨ੍ਹਾਂ ਨੇ ਇੱਕ ਲੇਖ ਵਿੱਚ ਲਿਖਿਆ, (ਇਹ ਨੈਟਵਰਕ) “ਪੈਸਾ ਇਕੱਠਾ ਕਰਨ, ਸਿਖਲਾਈ ਜਾਂ ਹਥਿਆਰਾਂ” ਨਾਲ ਮਦਦ ਕਰਦਾ ਹੈ।

ਵਕੀਲ ਮੁਤਾਬਕ ਇਸ ਸਮੂਹ ਵਿੱਚ ਸ਼ਾਮਿਲ ਹਮਾਸ ਸਮੇਤ ਹੋਰ ਬਾਗੀ ਸਮੂਹਾਂ ਦੀ ਈਰਾਨ ਨੇ 1990 ਦੇ ਦਹਾਕੇ ਤੋਂ ਬਾਅਦ ਲਗਾਤਾਰ ਮਦਦ ਕੀਤੀ ਹੈ।

ਅਮਰੀਕਾ ਦੇ ਗ੍ਰਹਿ ਮੰਤਰਾਲੇ ਮੁਤਾਬਕ ਹਮਾਸ, ਇਸਲਾਮਿਕ ਜਿਹਾਦ, ਅਤੇ ਪਾਪੂਲਰ ਫਰੰਟ ਫਾਰ ਦਿ ਲਿਬਰੇਸ਼ਨ ਆਫ ਪੈਲਸਟਾਈਨ ਨੂੰ ਹਰ ਸਾਲ 10 ਕਰੋੜ ਅਮਰੀਕੀ ਡਾਲਰ ਦੀ ਮਦਦ ਇਸ ਤਰ੍ਹਾਂ ਪਹੁੰਚਦੀ ਹੈ।

ਹਾਲਾਂਕਿ ਸੀਰੀਆ ਦੀ ਖਾਨਾ ਜੰਗੀ ਦੌਰਾਨ ਜਦੋਂ ਹਮਾਸ ਨੇ ਬਸ਼ਰ ਅਲ ਅਸੱਦ ਦੀ ਮਦਦ ਕਰਨ ਤੋਂ ਮਨ੍ਹਾਂ ਕਰ ਦਿੱਤਾ ਸੀ ਤਾਂ ਹਮਾਸ ਅਤੇ ਈਰਾਨ ਦਰਮਿਆਨ ਮਤਭੇਦ ਵੀ ਪੈਦਾ ਹੋਏ ਸਨ।

ਵਾਸ਼ਿੰਗਟਨ ਇੰਸਟੀਟਿਊਟ ਫਾਰ ਨੀਅਰ ਈਸਟ ਪੌਲਿਸੀ ਦੇ ਵਿਸ਼ਲੇਸ਼ਕ ਮੈਥਿਊ ਲੈਵਿਟ ਮੁਤਾਬਕ, “ਫਿਰ ਵੀ ਈਰਾਨ ਤੋਂ ਪੈਸਾ ਆਉਣਾ ਕਦੇ ਬੰਦ ਨਹੀਂ ਹੋਇਆ। ਉਨ੍ਹਾਂ ਨੇ ਸਿਆਸੀ ਸਰਗਰਮੀਆਂ ਲਈ ਭਾਵੇਂ ਕੁਝ ਘਟਾਇਆ ਹੋਵੇ ਪਰ ਹਥਿਆਰਬੰਦ ਵਿੰਗ ਲਈ ਜਾਰੀ ਰਿਹਾ।”

ਹਰੂਬ ਮੁਤਾਬਕ, ਇਹ ਸਪਸ਼ਟ ਨਹੀਂ ਹੈ, “ਹਮਾਸ ਨੂੰ ਈਰਾਨ ਤੋਂ ਸਲਾਨਾ ਕਿੰਨਾ ਪੈਸਾ ਮਿਲਦਾ ਹੈ ਪਰ ਇਸ ਨੂੰ ਪੈਸਾ ਮਿਲਦਾ ਜ਼ਰੂਰ ਹੈ।”

ਹਮਾਸ ਦੇ ਲੀਡਰ ਇਸਮਾਇਲ ਹਨੀਯੇਹ ਨੇ ਸਾਲ 2022 ਵਿੱਚ ਅਲ-ਜਜ਼ੀਰਾ ਨੂੰ ਨਾਲ ਗੱਲਬਾਤ ਦੌਰਾਨ ਖ਼ੁਦ ਮੰਨਿਆ ਕਿ ਈਰਾਨ ਉਨ੍ਹਾਂ ਦਾ ਪ੍ਰਮੁੱਖ ਦਾਨੀ ਹੈ, ਜਿਸ ਨੇ ਉਨ੍ਹਾਂ ਦੀ ਮਿਜ਼ਾਈਲ ਪ੍ਰਣਾਲੀ ਨੂੰ ਵਿਕਸਿਤ ਕਰਨ ਲਈ ਸੱਤ ਕਰੋੜ ਡਾਲਰ ਦਿੱਤੇ।

ਹਮਾਸ ਦੇ ਇਜ਼ਰਾਈਲ ਉੱਪਰ ਹਮਲਿਆਂ ਤੋਂ ਬਾਅਦ ਹਮਾਸ ਦੇ ਵਿਦੇਸ਼ੀ ਰਿਸ਼ਤਿਆਂ ਦੇ ਮੁਖੀ ਅਲੀ ਬਰਕਾ ਨੇ ਰੂਸੀ ਚੈਨਲ ਰਸ਼ੀਆ ਟੂਡੇ ਨੂੰ ਦੱਸਿਆ ਕਿ ਈਰਾਨ ਪੈਸਾ ਅਤੇ ਹਥਿਆਰ ਦੇਣ ਵਾਲਿਆਂ ਵਿੱਚੋਂ ਸਭ ਤੋਂ ਪਹਿਲਾ ਸੀ ਸਭ ਤੋਂ ਵੱਡਾ ਦਾਨੀ ਸੀ।

ਹਮਾਸ ਨੂੰ ਕਥਿਤ ਤੌਰ ’ਤੇ ਪੈਸਾ ਭੇਜੇ ਜਾਣ ਬਾਰੇ ਬੀਬੀਸੀ ਦੇ ਸਵਾਲਾਂ ਦਾ ਈਰਾਨ ਦੇ ਵਿਦੇਸ਼ ਮੰਤਰਾਲੇ ਨੇ ਕੋਈ ਜਵਾਬ ਨਹੀਂ ਦਿੱਤਾ।

ਟੈਕਸ

ਗਾਜ਼ਾ ਦੇ ਸ਼ਾਸਕ ਵਜੋਂ ਹਮਾਸ ਮਿਸਰ ਨਾਲ ਜੁੜੀਆਂ ਸੁਰੰਗਾਂ ਥਾਣੀ ਤਸਕਰੀ ਹੋ ਕੇ ਆਉਣ ਵਾਲੀਆਂ ਵਸਤਾਂ ਸਮੇਤ ਵਿਦੇਸ਼ਾਂ ਤੋਂ ਆਉਣ ਵਾਲੀਆਂ ਵਸਤਾਂ ਉੱਪਰ ਟੈਕਸ ਵਸੂਲ ਕਰਦਾ ਹੈ।

ਇਸ ਤੋਂ ਇਲਾਵਾ ਵੀ ਪੱਟੀ ਵਿੱਚ ਹੋਣ ਵਾਲੀਆਂ ਹੋਰ ਕਾਰੋਬਾਰੀ ਸਰਗਰਮੀਆਂ ਤੋਂ ਵੀ ਹਮਾਸ ਟੈਕਸ ਇਕੱਠਾ ਕਰਦਾ ਹੈ। ਹਾਲਾਂਕਿ ਇਸ ਰਾਹੀਂ ਹਰ ਮਹੀਨੇ ਕਿੰਨਾ ਪੈਸਾ ਇਕੱਠਾ ਹੁੰਦਾ ਹੈ ਇਸ ਬਾਰੇ ਕੋਈ ਸਟੀਕ ਜਾਣਕਾਰੀ ਨਹੀਂ ਹੈ।

ਸਾਲ 2016 ਵਿੱਚ ਗਾਜ਼ਾ ਦੇ ਵਿੱਤ ਮੰਤਰਾਲੇ ਨੇ ਗਾਜ਼ਾ ਵਿੱਚ ਬੀਬੀਸੀ ਪੱਤਰਕਾਰ ਰਸ਼ੀਦ ਅਬੁਲੌਫ ਨੂੰ ਦੱਸਿਆ ਸੀ ਕਿ ਇਹ ਅੰਕੜਾ ਡੇਢ ਕਰੋੜ ਡਾਲਰ ਸੀ। ਜਦਕਿ ਮੈਥਿਊ ਲੈਵਿਟ ਵਰਗੇ ਵਿਸ਼ਲੇਸ਼ਕਾਂ ਮੁਤਾਬਕ ਇਹ ਅੰਕੜਾ 30 ਤੋਂ 45 ਕਰੋੜ ਡਾਲਰ ਦੇ ਵਿਚਕਾਰ ਹੈ।

ਇਹ ਗੱਲ ਤਾਂ ਸਪਸ਼ਟ ਹੈ ਕਿ ਗਾਜ਼ਾ ਵਿੱਚ ਬਹੁਤ ਉੱਚੀ ਬੇਰੁਜ਼ਗਾਰੀ ਦਰ ਦੇ ਬਾਵਜੂਦ ਬਹੁਤ ਜ਼ਿਆਦਾ ਟੈਕਸ ਹਨ। ਸੰਯੁਕਤ ਰਾਸ਼ਟਰ ਉੱਥੇ ਬੇਰੁਜ਼ਗਾਰੀ ਦਰ 45% ਹੈ ਅਤੇ ਉੱਥੋਂ ਦੀ 80% ਅਬਾਦੀ ਜੰਗ ਛਿੜਨ ਤੋਂ ਪਹਿਲਾਂ ਮਨੁੱਖਤਾਵਾਦੀ ਮਦਦ ਉੱਪਰ ਨਿਰਭਰ ਸੀ।

ਅਲ ਹਰੂਬ ਦੱਸਦੇ ਹਨ, “ਭਾਵੇਂ ਆਮਦਨੀ ਦੇ ਪੱਧਰਾਂ ਵਿੱਚ ਬਹੁਤ ਜ਼ਿਆਦਾ ਫਰਕ ਹੈ ਪਰ ਗਾਜ਼ਾ ਅਤੇ ਵੈਸਟ ਬੈਂਕ ਨੂੰ ਇੱਕੋ ਨੌਕਰਸ਼ਾਹੀ ਚਲਾ ਰਹੀ ਹੈ।”

ਉਹ ਦੱਸਦੇ ਹਨ ਕਿ ਇਸ ਤੋਂ ਇਲਾਵਾ ਹਮਾਸ ਵੱਲੋਂ ਇਜ਼ਰਾਈਲੀ ਘੇਰਾਬੰਦੀ ਕਾਰਨ ਪਏ ਘਾਟੇ ਨੂੰ ਪੂਰਾ ਕਰਨ ਲਈ ਸਿਗਰਟਾਂ, ਵਿਦੇਸ਼ੀ ਜੀਨਾਂ, ਗੱਡੀਆਂ ਅਤੇ ਕੁਝ ਗੈਰ ਬੁਨਿਆਦੀ ਮੰਨੀਆਂ ਜਾਂਦੀਆਂ ਖੁਰਾਕੀ ਵਸਤਾਂ ਉੱਤੇ ਹਮਾਸ ਦੇ ਲਾਏ ਟੈਕਸ ਵੀ ਸ਼ਾਮਿਲ ਹਨ।

ਲੈਵਿਟ ਮੁਤਾਬਕ, “ਜਦੋਂ ਤੁਸੀਂ ਹਰ ਚੀਜ਼ ਉੱਪਰ ਟੈਕਸ ਲਾਉਂਦੇ ਹੋ ਅਤੇ ਵਧਾਉਂਦੇ ਹੀ ਜਾਂਦੇ ਹੋ ਤਾਂ ਅੰਤ ਵਿੱਚ ਇਹ ਫਿਰੌਤੀ, ਇੱਕ ਕਿਸਮ ਦੀ ਮਾਫੀਆ ਸਰਗਰਮੀ ਬਣ ਜਾਂਦੀ ਹੈ।”

ਲਗਾਤਾਰ ਵਧਦੇ ਟੈਕਸਾਂ ਅਤੇ ਮਹਿੰਗਾਈ ਨੇ ਲੋਕਾਂ ਵਿੱਚ ਤਣਾਅ ਪੈਦਾ ਕੀਤਾ ਹੈ ਅਤੇ ਕੁਝ ਕਾਰੋਬਾਰੀਆਂ ਵੱਲੋ ਧਰਨੇ ਵੀ ਦਿੱਤੇ ਗਏ ਜਿਨ੍ਹਾਂ ਨੂੰ ਹਮਾਸ ਨੇ ਚੁੱਪ ਕਰਵਾ ਦਿੱਤਾ।

ਨਿਵੇਸ਼

ਅਮਰੀਕਾ ਦੇ ਖਜਾਨਾ ਵਿਭਾਗ ਦੇ ਆਫਿਸ ਆਫ ਫਾਰਨ ਐਸੈਟ ਕੰਟਰੋਲ (ਓਐਫਏਸੀ) ਮੁਤਾਬਕ, ਹਮਾਸ ਦਾ ਅੰਦਾਜ਼ਨ 50 ਕਰੋੜ ਡਾਲਰ ਦਾ ਕੌਮਾਂਤਰੀ ਨਿਵੇਸ਼ ਵੀ ਹੈ।

ਅਮਰੀਕੀ ਵਿਭਾਗ ਮੁਤਾਬਕ ਹਮਾਸ ਦੀਆਂ ਸੁਡਾਨ, ਤੁਰਕੀ, ਸਾਊਦੀ ਅਰਬ, ਅਲਜੀਰੀਆ ਅਤੇ ਸੰਯੁਕਤ ਅਰਬ ਅਮੀਰਾਤ ਵਿੱਚ ਕੰਪਨੀਆਂ ਹਨ। ਵਿਭਾਗ ਦਾ ਇਹ ਵੀ ਮੰਨਣਾ ਹੈ ਕਿ ਇਸ ਨਿਵੇਸ਼ ਦੀ ਨਜ਼ਰਸਾਨੀ ਹਮਾਸ ਦੀ ਸਿਰਮੌਰ ਲੀਡਰਸ਼ਿਪ ਜਿਸ ਵਿੱਚ ਸ਼ੂਰਾ ਕੌਂਸਲ ਅਤੇ ਕਾਰਜਕਾਰੀ ਕਮੇਟੀ ਸ਼ਾਮਿਲ ਹਨ, ਕਰਦੀ ਹੈ।

ਓਐਫਏਸੀ ਨੇ ਪਿਛਲੇ ਸਾਲ ਹਮਾਸ ਲਈ ਪੈਸਾ ਲੁਕੋਣ ਅਤੇ ਉਸ ਨੂੰ ਧੋਣ ਵਿੱਚ ਮਦਦਗਾਰ ਕੁਝ ਕੰਪਨੀਆਂ ਦੀ ਸੂਚੀ ਪ੍ਰਕਾਸ਼ਿਤ ਕੀਤੀ ਸੀ।

ਅਮਰੀਕਾ ਹਮਾਸ ਨੂੰ ਇੱਕ ਦਹਿਸ਼ਤਗਰਦ ਸੰਗਠਨ ਮੰਨਦਾ ਹੈ ਅਤੇ ਉਸ ਨਾਲ ਕਾਰੋਬਾਰ ਕਰਨ ਵਾਲਿਆਂ ਨੂੰ ਸਜ਼ਾ ਵੀ ਦਿੰਦਾ ਹੈ।

ਅਮਰੀਕਾ ਵੱਲੋਂ ਛਾਪੀ ਸੁਚੀ ਵਿੱਚ ਸੂਡਾਨ ਦੀ ਇੱਕ ਖਣਨ ਕੰਪਨੀ, ਤੁਰਕੀ ਦੀ ਇੱਕ ਜ਼ਮੀਨ ਦੇ ਕਾਰੋਬਾਰ ਨਾਲ ਜੁੜੀ ਕੰਪਨੀ ਅਤੇ ਸਾਊਦੀ ਦੀ ਉਸਾਰੀ ਦੇ ਕੰਮ ਵਿੱਚ ਲੱਗੀ ਇੱਕ ਕੰਪਨੀ ਵੀ ਸ਼ਾਮਿਲ ਹੈ।

ਪਿਛਲੇ ਮਹੀਨੇ ਓਐਫਏਸੀ ਨੇ ਪਾਬੰਦੀਆਂ ਦੇ ਦੂਜੇ ਗੇੜ ਦਾ ਐਲਾਨ ਕੀਤਾ। ਇਸ ਵਿੱਚ ਹਮਾਸ ਦੇ ਈਰਾਨ ਵਿੱਚ ਰਹਿ ਰਹੇ ਨੁਮਾਇੰਦੇ ਅਤੇ ਈਰਾਨੀਅਨ ਰੈਵੋਲਿਊਸ਼ਨਰੀ ਗਾਰਡ ਦੇ ਮੈਂਬਰ ਸ਼ਾਮਿਲ ਹਨ।

ਕਰਿਪਟੋਕੰਰਸੀ ਅਤੇ ਚੰਦਾ

ਹਮਾਸ ਫਲਸਤੀਨ ਇਲਾਕਿਆਂ, ਅਰਬ ਦੇਸਾਂ ਅਤੇ ਹੋਰ ਥਾਵਾਂ ’ਤੇ ਬੈਠੇ ਆਪਣੇ ਹਮ-ਖਿਆਲ ਦਾਨੀਆਂ ਉੱਪਰ ਵੀ ਨਿਰਭਰ ਕਰਦਾ ਹੈ।

ਇਹ ਦਾਨ ਜ਼ਕਾਤ ਦੇ ਰੂਪ ਵਿੱਚ ਹਮਾਸ ਕੋਲ ਪਹੁੰਚਦਾ ਹੈ। ਇਸਲਾਮ ਵਿੱਚ ਜ਼ਕਾਤ ਕਿਸੇ ਮੁਸਲਮਾਨ ਦੀ ਨਿੱਜੀ ਆਮਦਨੀ ਦਾ ਉਹ ਹਿੱਸਾ ਹੈ ਜੋ ਲੋੜਵੰਦਾਂ ਦੀ ਮਦਦ ਲਈ ਕੱਢਿਆ ਜਾਂਦਾ ਹੈ।

ਹਮਾਸ ਦੀਆਂ ਕਈ ਸ਼ਾਖਾਵਾਂ ਹਨ। ਇਨ੍ਹਾਂ ਜ਼ਰੀਏ ਪੈਸਾ ਇਕੱਠਾ ਕਰਦੇ ਸਮੇਂ ਹਥਿਆਰਬੰਦ ਵਿੰਗ ਦਾ ਨਾਮ ਨਹੀਂ ਲਿਆ ਜਾਂਦਾ।

ਹਰੂਬ ਦੱਸਦੇ ਹਨ, “ਉੱਥੋਂ ਇਹ ਸਕੂਲਾਂ, ਹਸਪਤਾਲਾਂ, ਜਾਂ ਸਿਆਸੀ ਮੁਹਿੰਮਾਂ ਲਈ ਪੈਸਾ ਮੰਗਦੇ ਹਨ।”

ਹਰੂਬ ਦੱਸਦੇ ਹਨ ਕਿ ਅਮਰੀਕਾ ਨੇ ਦਹਿਸ਼ਤ ਖਿਲਾਫ਼ ਜੰਗ ਛੇੜ ਕੇ ਜਿਹੜੇ ਸੰਗਠਨਾਂ ਨੂੰ ਉਹ ਦਹਿਸ਼ਤਗਰਦ ਸਮਝਦਾ ਸੀ, ਨੂੰ ਪੈਸੇ ਦੀ ਪੂਰਤੀ ਰੋਕਣ ਦੀ ਕੋਸ਼ਿਸ਼ ਕੀਤੀ। ਉਦੋਂ “ਹਮਾਸ ਨੇ ਜੁੰਮੇ ਦੀ ਨਮਾਜ਼ ਮਗਰੋਂ ਗਾਜ਼ਾ ਵਿੱਚੋਂ ਇੱਕ ਦਿਨ ਵਿੱਚ ਹੀ 15-20 ਲੱਖ ਡਾਲਰ ਇਕੱਠੇ ਕਰ ਲਏ ਸਨ।”

ਲੈਵਿਟ ਕਹਿੰਦੇ ਹਨ, ਜਦੋਂ ਹਮਾਸ ਦਾਨੀ ਸੰਸਥਾਵਾਂ ਰਾਹੀਂ ਪੈਸੇ ਇਕੱਠੇ ਕਰਦਾ ਹੈ ਤਾਂ “ਉਹ ਇਹ ਨਹੀਂ ਕਹਿੰਦੇ ਕਿ ਇਹ ਪੈਸੇ ਹਮਾਸ ਨੂੰ ਜਾਣੇ ਹਨ ਸਗੋਂ ਉਹ ਖੂਨੋ-ਖੂਨ ਕਿਸੇ ਬੱਚੇ ਦੀ ਫ਼ੋਟੋ ਲਾਉਂਦੇ ਹਨ।” ਇਸ “ਪੈਸੇ ਦਾ ਵੱਡਾ ਹਿੱਸਾ ਸੈਨਿਕ ਮੰਤਵਾਂ ਲਈ ਵਰਤਿਆ ਜਾਂਦਾ ਹੈ।”

ਸਾਲ 2019 ਤੋਂ ਬਾਅਦ ਇਸ ਵਿੱਚੋਂ ਕੁਝ ਦਾਨ ਕਰਿਪਟੋ ਕਰੰਸੀ ਰਾਹੀਂ ਵੀ ਕੀਤੇ ਗਏ ਹਨ।

ਟੀਆਰਐਮ (ਬਲਾਕਚੇਨ ਇੰਟੈਲੀਜੈਂਸ ਕੰਪਨੀ) ਦੇ ਨੀਤੀ ਅਤੇ ਸਰਕਾਰੀ ਮਾਮਲਿਆਂ ਬਾਰੇ ਮੁਖੀ ਅਰੀ ਰੈਡਬੋਰਡ ਨੇ ਬੀਬੀਸੀ ਨੂੰ ਦੱਸਿਆ, “ਹਮਾਸ ਕਰਿਪਟੋ ਕਰੰਸੀ ਦੀ ਵਰਤੋਂ ਕਰਨ ਵਾਲੇ ਕੁਝ ਪਹਿਲਿਆਂ ਵਿੱਚੋਂ ਸਨ, ਜਾਂ ਘੱਟੋ-ਘੱਟ ਜਿਨ੍ਹਾਂ ਨੇ ਇਸ ਰਾਹੀਂ ਦਾਨ ਮੰਗਿਆ।”

ਉਹ ਕਹਿੰਦੇ ਹਨ ਕਿ ਪਹਿਲਾਂ-ਪਹਿਲ ਹਮਾਸ ਨੇ ਬਿਟਕੌਇਨ ਦੀ ਵਰਤੋਂ ਕੀਤੀ ਪਰ ਫਿਰ ਉਨ੍ਹਾਂ ਨੇ ਟਰੋਨ ਦੀ ਵਰਤੋਂ ਵੀ ਸ਼ੁਰੂ ਕਰ ਦਿੱਤੀ।

ਕਰਿਪਟੋ ਕੰਰਸੀ ਨਾਲ ਬਹੁਤ ਵੱਡੀ ਰਕਮ ਰਵਾਇਤੀ ਪੈਸੇ ਦੇ ਮੁਕਾਬਲੇ ਕਿਤੇ ਤੇਜ਼ੀ ਨਾਲ ਇਧਰੋਂ-ਉੱਧਰ ਭੇਜਿਆ ਜਾ ਸਕਦੀ ਹੈ।

ਰੈਡਬੋਰਡ ਕਹਿੰਦੇ ਹਨ ਕਿ ਇਸੇ ਕਾਰਨ ਇਹ ਤਕਨੀਕ ਗੈਰਕਾਨੂੰਨੀ ਕੰਮ ਕਰਨ ਵਾਲਿਆਂ ਨੂੰ ਆਪਣੇ ਵੱਲ ਖਿੱਚਦੀ ਹੈ।

ਹਾਲਾਂਕਿ ਕਰਿਪਟੋ ਦੀ ਪੈੜ ਨੱਪਣ ਵਾਲੀ ਤਕਨੀਕ ਵਿੱਚ ਵੀ ਲਗਾਤਾਰ ਸੁਧਾਰ ਹੋਇਆ ਹੈ। ਇਸ ਸਦਕਾ ਇਜ਼ਰਾਈਲ ਅਤੇ ਅਮਰੀਕਾ ਵਰਗੀਆਂ ਸਰਕਾਰਾਂ ਲਈ ਹਮਾਸ ਨੂੰ ਕਰਿਪਟੋ ਕੰਰਸੀ ਦੇ ਰੂਪ ਵਿੱਚ ਜਾਂਦੇ ਚੰਦੇ ਉੱਪਰ ਨਿਗ੍ਹਾ ਰੱਖਣੀ ਸੰਭਵ ਹੋਈ ਹੈ।

ਟੀਆਰਐਮ ਲੈਬ ਮੁਤਾਬਕ ਸਾਲ 2020 ਵਿੱਚ ਅਮਰੀਕਾ ਦੇ ਨਿਆਂ ਵਿਭਾਗ ਨੇ ਹਮਾਸ ਨਾਲ ਜੁੜੇ 150 ਕਰਿਪਟੋ ਕਰੰਸੀ ਪਤੇ ਜ਼ਬਤ ਕੀਤੇ ਸਨ। ਜੋ ਕਿ ਟੈਲੀਗ੍ਰਾਮ ਅਤੇ ਹੋਰ ਵੈਬਸਾਈਟਾਂ ਰਾਹੀਂ ਹਮਾਸ ਲਈ ਪੈਸੇ ਇਕੱਠੇ ਕਰ ਰਹੇ ਸਨ।

ਰੈਡਬੋਰਡ ਕਹਿੰਦੇ ਹਨ, ਪਿਛਲੇ ਸਾਲਾਂ ਦੌਰਾਨ ਸੈਂਕੜੇ ਹੋਰ ਪਤੇ ਵੀ ਇਜ਼ਰਾਈਲ ਦੇ ਅਧਿਕਾਰੀਆਂ ਨੇ ਫੜੇ ਹਨ। ਹਮਾਸ ਨੇ ਖ਼ੁਦ ਅਪ੍ਰੈਲ 2023 ਵਿੱਚ ਕਿਹਾ, “ਦਾਨੀਆਂ ਨੂੰ ਨਿਸ਼ਾਨਾ ਬਣਾਏ ਜਾਣ ਕਾਰਨ ਉਹ ਕਰਿਪਟੋ ਕੰਰਸੀ ਰਾਹੀ ਚੰਦਾ ਇਕੱਠਾ ਕਰਨਾ ਬੰਦ ਕਰ ਰਿਹਾ ਹੈ।”

ਟੀਆਰਐਮ ਨੇ 7 ਅਕਤੂਬਰ ਤੋਂ ਬਾਅਦ ਫੰਡ ਇਕੱਠਾ ਕਰਨ ਦੀ ਸਰਗਮੀ ਵਿੱਚ ਕੋਈ ਉਛਾਲ ਨਹੀਂ ਦੇਖਿਆ ਹੈ। ਅਕਸਰ ਜਦੋਂ ਕੋਈ ਹਿੰਸਕ ਸਰਗਰਮੀ ਹੁੰਦੀ ਹੈ ਤਾਂ ਇਸ ਪਾਸੇ ਵੀ ਤੇਜ਼ੀ ਦੇਖੀ ਜਾਂਦੀ ਹੈ।

ਰੈਡਬੋਰਡ ਕਹਿੰਦੇ ਹਨ, “ਦਹਿਸ਼ਤ ਨੂੰ ਜਾਂਦੇ ਪੈਸੇ ਦੀ ਬੁਝਾਰਤ ਦਾ ਕਰਿਪਟੋ ਕਰੰਸੀ ਇੱਕ ਬਹੁਤ ਛੋਟਾ ਹਿੱਸਾ ਹੈ।”

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)