ਭ੍ਰਿਸ਼ਟਾਚਾਰ ਬਾਰੇ ਰਿਪੋਰਟਿੰਗ ਕਰਨ ਵਾਲੇ ਪੱਤਰਕਾਰ ਦੀ ਸੈਪਟਿਕ ਟੈਂਕ 'ਚੋਂ ਲਾਸ਼ ਮਿਲਣ ਬਾਅਦ ਕਿਵੇਂ ਸਿਆਸਤ ਗਰਮਾਈ

ਮੁਕੇਸ਼ ਚੰਦਰਾਕਰ

ਤਸਵੀਰ ਸਰੋਤ, ALOK PUTUL/BBC

ਤਸਵੀਰ ਕੈਪਸ਼ਨ, ਮੁਕੇਸ਼ ਐੱਨਡੀਟੀਵੀ ਲਈ ਰਿਪੋਰਟਿੰਗ ਕਰਦੇ ਸਨ

ਵਿਸ਼ੇਸ਼ ਜਾਂਚ ਟੀਮ (ਐੱਸਆਈਟੀ) ਨੇ ਮਾਓਵਾਦ ਪ੍ਰਭਾਵਿਤ ਬੀਜਾਪੁਰ, ਛੱਤੀਸਗੜ੍ਹ ਤੋਂ ਟੀਵੀ ਪੱਤਰਕਾਰ ਮੁਕੇਸ਼ ਚੰਦਰਾਕਰ ਦੇ ਕਤਲ ਕੇਸ ਵਿੱਚ ਮੁੱਖ ਮੁਲਜ਼ਮ ਸੁਰੇਸ਼ ਚੰਦਰਾਕਰ ਨੂੰ ਹੈਦਰਾਬਾਦ ਤੋਂ ਗ੍ਰਿਫ਼ਤਾਰ ਕਰ ਲਿਆ ਹੈ।

ਇੱਕ ਕਥਿਤ ਭ੍ਰਿਸ਼ਟਾਚਾਰ ਘੁਟਾਲੇ ਦੀ ਖ਼ਬਰ ਕਰਨ ਤੋਂ ਬਾਅਦ ਲਾਪਤਾ ਹੋਏ ਇਸ ਪੱਤਰਕਾਰ ਦੀ ਲਾਸ਼ ਮਿਲੀ ਸੀ।

ਇਹ ਲਾਸ਼ ਸਥਾਨਕ ਪੁਲਿਸ ਨੇ ਛੱਤੀਸਗੜ੍ਹ ਸੂਬੇ ਵਿੱਚ ਇੱਕ ਸੈਪਟਿਕ ਟੈਂਕ 'ਚੋ ਬਰਾਮਦ ਕੀਤੀ ਸੀ।

32 ਸਾਲਾਂ ਪੱਤਰਕਾਰ ਮੁਕੇਸ਼ ਚੰਦਰਾਕਰ ਨਵੇਂ ਸਾਲ ਵਾਲੇ ਦਿਨ ਲਾਪਤਾ ਹੋਏ ਸਨ, ਜਿਸ ਮਗਰੋਂ ਪਰਿਵਾਰ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ।

ਜਦੋਂ ਅਧਿਕਾਰੀਆਂ ਨੇ ਉਨ੍ਹਾਂ ਦਾ ਮੋਬਾਈਲ ਫੋਨ ਟਰੈਕ ਕੀਤਾ, ਤਾਂ ਉਨ੍ਹਾਂ ਦੀ ਲਾਸ਼ ਸ਼ੁੱਕਰਵਾਰ ਨੂੰ ਬੀਜਾਪੁਰ ਕਸਬੇ ਦੇ ਇਲਾਕੇ ਵਿੱਚ ਪੈਂਦੇ ਇੱਕ ਸੜਕ ਨਿਰਮਾਣ ਠੇਕੇਦਾਰ ਦੇ ਅਹਾਤੇ 'ਚੋਂ ਮਿਲੀ।

ਇਸ ਮੌਤ ਦੇ ਸਬੰਧ ਵਿੱਚ ਪਹਿਲਾਂ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਜਿਸ ਵਿੱਚ ਉਨ੍ਹਾਂ ਦੇ ਦੋ ਰਿਸ਼ਤੇਦਾਰ ਵੀ ਸ਼ਾਮਲ ਹਨ।

ਇੱਕ ਮੀਡੀਆ ਨਿਗਰਾਨ ਨੇ ਇਸ ਪੂਰੀ ਘਟਨਾ ਦੇ ਜਾਂਚ ਦੀ ਮੰਗ ਕੀਤੀ ਹੈ।

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਕੌਣ ਸਨ ਮੁਕੇਸ਼ ਚੰਦਰਾਕਰ

ਮੁਕੇਸ਼ ਚੰਦਰਾਕਰ ਇੱਕ ਆਜ਼ਾਦ ਪੱਤਰਕਾਰ ਵਜੋਂ 'ਐੱਨਡੀਟੀਵੀ' ਲਈ ਕੰਮ ਕਰਦੇ ਸਨ। ਇਸ ਤੋਂ ਇਲਾਵਾ ਉਹ ਯੂ-ਟਿਊਬ 'ਤੇ ਇਕ ਪ੍ਰਸਿੱਧ ਚੈਨਲ 'ਬਸਤਰ ਜੰਕਸ਼ਨ' ਵੀ ਚਲਾਉਂਦੇ ਸਨ, ਜਿਸ ਵਿੱਚ ਉਹ ਬਸਤਰ ਦੀਆਂ ਅੰਦਰੂਨੀ ਖ਼ਬਰਾਂ ਦਾ ਪ੍ਰਸਾਰਣ ਕਰਦਾ ਸੀ।

ਮੁਕੇਸ਼ ਚੰਦਰਾਕਰ ਨੇ ਕਈ ਵਾਰ ਬਸਤਰ ਵਿੱਚ ਮਾਓਵਾਦੀਆਂ ਵੱਲੋਂ ਅਗਵਾ ਕੀਤੇ ਗਏ ਪੁਲਿਸ ਕਰਮਚਾਰੀਆਂ ਜਾਂ ਪਿੰਡ ਵਾਸੀਆਂ ਦੀ ਰਿਹਾਈ ਵਿੱਚ ਅਹਿਮ ਭੂਮਿਕਾ ਨਿਭਾਈ ਸੀ।

ਮੁਕੇਸ਼ ਚੰਦਰਾਕਰ ਦੇ ਵੱਡੇ ਭਰਾ ਅਤੇ ਟੀਵੀ ਪੱਤਰਕਾਰ ਯੂਕੇਸ਼ ਚੰਦਰਾਕਰ ਨੇ ਬੀਬੀਸੀ ਦੇ ਸਹਿਯੋਗੀ ਪੱਤਰਕਾਰ ਆਲੋਕ ਪ੍ਰਕਾਸ਼ ਪੁਤੁਲ ਨੂੰ ਦੱਸਿਆ ਕਿ ਮੁਕੇਸ਼ ਬੁੱਧਵਾਰ (1 ਜਨਵਰੀ, 2025) ਸ਼ਾਮ ਨੂੰ ਘਰੋਂ ਲਾਪਤਾ ਹੋ ਗਿਆ ਸੀ।

ਪਰ ਘਰ ਵਾਲਿਆਂ ਨੂੰ ਅਗਲੀ ਸਲੇਰ ਇਸ ਦਾ ਪਤਾ ਲੱਗਾ। ਸ਼ੁਰੂ ਵਿੱਚ ਤਾਂ ਯੂਕੇਸ਼ ਨੇ ਸੋਚਿਆ ਕਿ ਉਨ੍ਹਾਂ ਦੇ ਭਰਾ ਕਿਸੇ ਖ਼ਬਰ ਲਈ ਨੇੜਲੇ ਕਿਸੇ ਇਲਾਕੇ ਵਿੱਚ ਚਲੇ ਗਏ ਹੋਣਗੇ। ਪਰ ਜਦੋਂ ਉਨ੍ਹਾਂ ਦਾ ਫੋਨ ਵੀ ਬੰਦ ਮਿਲਿਆ ਤਾਂ ਪਰਿਵਾਰ ਵਾਲਿਆਂ ਨੂੰ ਚਿੰਤਾ ਹੋਣ ਲੱਗੀ।

ਯੂਕੇਸ਼ ਦਾ ਦਾਅਵਾ ਹੈ ਕਿ ਇੱਕ ਠੇਕੇਦਾਰ, ਸੁਰੇਸ਼ ਚੰਦਰਾਕਰ ਇੱਕ ਜਨਵਰੀ ਦੀ ਸ਼ਾਮ ਭਰਾ ਨੂੰ ਮਿਲਣ ਵਾਲੇ ਸਨ। ਸੁਰੇਸ਼ ਚੰਦਰਾਕਰ ਇਨ੍ਹਾਂ ਦੇ ਕਰੀਬੀ ਰਿਸ਼ਤੇਦਾਰ ਵੀ ਹਨ।

ਮੁਕੇਸ਼ ਚੰਦਰਾਕਰ

ਤਸਵੀਰ ਸਰੋਤ, Bastar Junction

ਤਸਵੀਰ ਕੈਪਸ਼ਨ, ਮੁਕੇਸ਼ ਚੰਦਰਾਕਰ ਨੇ ਜਨਤਕ ਉਸਾਰੀ ਪ੍ਰਾਜੈਕਟਾਂ ਵਿੱਚ ਕਥਿਤ ਭ੍ਰਿਸ਼ਟਾਚਾਰ ਦੀ ਵਿਆਪਕ ਰਿਪੋਰਟ ਕੀਤੀ ਸੀ

ਜ਼ਿਕਰਯੋਗ ਹੈ ਕਿ ਬੀਜਾਪੁਰ ਜ਼ਿਲ੍ਹੇ ਦੀ ਪੁਲਿਸ ਨੂੰ 2 ਜਨਵਰੀ ਨੂੰ ਅਹਾਤੇ ਦੀ ਪਹਿਲੀ ਫੇਰੀ ਦੌਰਾਨ ਕੁਝ ਵੀ ਨਹੀਂ ਮਿਲਿਆ ਸੀ।

ਪਰ 3 ਜਨਵਰੀ ਨੂੰ ਹੋਈ ਅਗਲੇਰੀ ਜਾਂਚ ਤੋਂ ਬਾਅਦ ਉਨ੍ਹਾਂ ਨੂੰ ਇਸ ਅਹਾਤੇ ਦੇ ਬੈਡਮਿੰਟਨ ਕੋਰਟ ਨੇੜੇ ਬਣੀ ਨਵੀਂ ਫਲੋਰ ਵਾਲੀ ਪਾਣੀ ਦੀ ਟੈਂਕੀ ਵਿੱਚ ਮੁਕੇਸ਼ ਦੀ ਲਾਸ਼ ਮਿਲੀ ਸੀ।

ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਕਿ ਟੈਂਕ ਦੇ ਉੱਪਰ ਕੰਕਰੀਟ ਦੀਆਂ ਸਲੈਬਾਂ ਬਣਾਈਆਂ ਗਈਆਂ ਸਨ, ਜਿਸ ਕਰਕੇ ਸ਼ਾਇਦ ਇਹ ਪਹਿਲੀ ਨਜ਼ਰ 'ਚ ਸਾਹਮਣੇ ਨਹੀਂ ਆਇਆ।

ਪੁਲਿਸ ਨੇ ਦੱਸਿਆ ਕਿ ਮੁਕੇਸ਼ ਦੇ ਸਰੀਰ 'ਤੇ ਜ਼ੋਰਦਾਰ ਹਮਲਾ ਕੀਤਾ ਗਿਆ ਸੀ, ਜਿਸ ਨਾਲ ਉਨ੍ਹਾਂ ਨੂੰ ਗੰਭੀਰ ਸੱਟਾਂ ਲੱਗੀਆਂ।

ਚੰਦਰਕਰ ਦੀ ਲਾਸ਼ ਵਾਲਾ ਟੈਂਕ ਕੰਕਰੀਟ ਦੀ ਸਲੈਬ ਨਾਲ ਢੱਕਿਆ ਹੋਇਆ ਸੀ

ਤਸਵੀਰ ਸਰੋਤ, Alok Putul/BBC

ਤਸਵੀਰ ਕੈਪਸ਼ਨ, ਚੰਦਰਕਰ ਦੀ ਲਾਸ਼ ਵਾਲਾ ਟੈਂਕ ਕੰਕਰੀਟ ਦੀ ਸਲੈਬ ਨਾਲ ਢੱਕਿਆ ਹੋਇਆ ਸੀ

ਸੜਕ ਨਿਰਮਾਣ ਵਿੱਚ ਕਥਿਤ ਭ੍ਰਿਸ਼ਟਾਚਾਰ ਦੀ ਚਲਾਈ ਸੀ ਖ਼ਬਰ

ਦਸੰਬਰ ਵਿੱਚ ਪੱਤਰਕਾਰ ਮੁਕੇਸ਼ ਚੰਦਰਾਕਰ ਨੇ ਮਾਓਵਾਦ ਪ੍ਰਭਾਵਿਤ ਇਲਾਕਿਆਂ ਵਿੱਚ ਸੜਕ ਨਿਰਮਾਣ ਵਿੱਚ ਹੋ ਰਹੇ ਕਥਿਤ ਭ੍ਰਿਸ਼ਟਾਚਾਰ ʼਤੇ ਇੱਕ ਖ਼ਬਰ ਚਲਾਈ ਸੀ।

ਇਸ ਖ਼ਬਰ ਤੋਂ ਬਾਅਦ ਸੂਬਾ ਸਰਕਾਰ ਨੇ ਸੜਕ ਨਿਰਮਾਣ ਦੇ ਉਸ ਠੇਕੇ ʼਤੇ ਜਾਂਚ ਬਿਠਾਈ ਸੀ।

ਯੂਕੇਸ਼ ਨੇ ਬੀਬੀਸੀ ਨੂੰ ਦੱਸਿਆ, "ਠੇਕੇਦਾਰ ਸੁਰੇਸ਼ ਚੰਦਰਾਕਰ ਦੁਆਰਾ ਬਣਾਈ ਗਈ ਇੱਕ ਸੜਕ ਦੇ ਨਿਰਮਾਣ ਵਿੱਚ ਭ੍ਰਿਸ਼ਟਾਚਾਰ ਦੀ ਇੱਕ ਖ਼ਬਰ ਐੱਨਡੀਟੀਵੀ 'ਤੇ ਪ੍ਰਸਾਰਿਤ ਹੋਈ ਸੀ, ਜਿਸ ਤੋਂ ਬਾਅਦ ਸੂਬਾ ਸਰਕਾਰ ਨੇ ਇਸ ਮਾਮਲੇ ਦੀ ਜਾਂਚ ਦਾ ਐਲਾਨ ਕੀਤਾ ਸੀ।"

"ਮੇਰੇ ਭਰਾ ਦੇ ਲਾਪਤਾ ਹੋਣ ਤੋਂ ਬਾਅਦ, ਅਸੀਂ ਜਦੋਂ ਉਸ ਦੇ ਲੈਪਟਾਪ 'ਤੇ ਮੋਬਾਈਲ ਦੀ ਆਖ਼ਰੀ ਲੋਕੇਸ਼ਨ ਦੇਖਿਆ ਤਾਂ ਉਹ, ਠੇਕੇਦਾਰ ਦਿਨੇਸ਼ ਚੰਦਰਾਕਰ, ਸੁਰੇਸ਼ ਚੰਦਰਾਕਰ ਅਤੇ ਰਿਤੇਸ਼ ਚੰਦਰਾਕਰ ਦੇ ਮਜ਼ਦੂਰਾਂ ਲਈ ਬਣਾਏ ਕੈਂਪਸ ਵਿੱਚ ਨਜ਼ਰ ਆ ਰਿਹਾ ਸੀ, ਇਸ ਲਈ ਮੈਨੂੰ ਸ਼ੱਕ ਹੋਇਆ।"

ਯੂਕੇਸ਼ ਨੇ ਪੁਲਿਸ ਵਿੱਚ ਦਰਜ ਰਿਪੋਰਟ ਵਿੱਚ ਠੇਕੇਦਾਰ ਦਿਨੇਸ਼ ਚੰਦਰਾਕਰ, ਸੁਰੇਸ਼ ਚੰਦਰਾਕਰ ਅਤੇ ਰਿਤੇਸ਼ ਚੰਦਰਾਕਰ ਵੱਲੋਂ ਮੁਕੇਸ਼ ਨੂੰ ਨੁਕਸਾਨ ਪਹੁੰਚਾਉਣ ਦਾ ਸ਼ੱਕ ਵੀ ਜਤਾਇਆ ਸੀ।

ਇਸ ਘਟਨਾ ਤੋਂ ਬਾਅਦ ਕਾਂਗਰਸ ਵੱਲੋਂ ਭਾਜਪਾ ਨੇ ਇੱਕ ਦੂਜੇ ʼਤੇ ਨਿਸ਼ਾਨਾ ਸਾਧਿਆ ਸੀ। ਸੁਰੇਸ਼ ਚੰਦਰਾਕਰ ਦੇ ਕਾਂਗਰਸ ਨਾਲ ਜੁੜੇ ਹੋਣ ਕਾਰਨ ਭਾਪਾ ਨੇ ਪਾਰਟੀ ʼਤੇ ਨਿਸ਼ਾਨਾ ਸਾਧਿਆ ਹੈ।

ਉੱਥੇ ਕਾਂਗਰਸ ਕਾਨੂੰਨ ਵਿਵਸਥਾ ਦੇ ਹਵਾਲੇ ਨਾਲ ਭਾਜਪਾ ਦੀ ਨਿੰਦਾ ਕਰ ਰਹੀ ਹੈ।

ਸੁਰੇਸ਼ ਚੰਦਰਾਕਰ

ਤਸਵੀਰ ਸਰੋਤ, ALOK PUTUL/BBC

ਤਸਵੀਰ ਕੈਪਸ਼ਨ, ਸੁਰੇਸ਼ ਚੰਦਰਾਕਰ ਛੱਤੀਸਗੜ੍ਹ ਪ੍ਰਦੇਸ਼ ਕਾਂਗਰਸ ਦੇ ਅਨੁਸੂਚਿਤ ਜਾਤੀ ਸੈੱਲ ਦੇ ਸੂਬਾ ਮੀਤ ਪ੍ਰਧਾਨ ਵੀ ਰਹੇ ਹਨ

ਕੌਣ ਹੈ ਠੇਕੇਦਾਰ ਸੁਰੇਸ਼ ਚੰਦਰਾਕਰ

ਪੁਲਿਸ ਨੇ ਜਿਸ ਠੇਕੇਦਾਰ ਸੁਰੇਸ਼ ਚੰਦਰਾਕਰ ਨੂੰ ਗ੍ਰਿਫ਼ਤਾਰ ਕੀਤਾ ਹੈ ਉਹ ਬਸਤਰ ਵਿੱਚ ਸਰਕਾਰੀ ਨਿਰਮਾਣ ਕਾਰਜਾਂ ਅਤੇ ਮਾਈਨਿੰਗ ਵਿੱਚ ਸ਼ਾਮਲ ਵੱਡੇ ਠੇਕੇਦਾਰਾਂ ਵਿੱਚੋਂ ਇੱਕ ਹੈ।

ਉਹ ਛੱਤੀਸਗੜ੍ਹ ਪ੍ਰਦੇਸ਼ ਕਾਂਗਰਸ ਦੇ ਅਨੁਸੂਚਿਤ ਜਾਤੀ ਸੈੱਲ ਦੇ ਸੂਬਾ ਮੀਤ ਪ੍ਰਧਾਨ ਵੀ ਹਨ।

ਪਾਰਟੀ ਨੇ ਉਨ੍ਹਾਂ ਨੂੰ ਕੁਝ ਮਹੀਨੇ ਪਹਿਲਾਂ ਹੋਈਆਂ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਵਿੱਚ ਨਵਾਪੁਰ ਵਿਧਾਨ ਸਭਾ ਦਾ ਅਬਜ਼ਰਵਰ ਵੀ ਬਣਾਇਆ ਸੀ।

ਮਾਓਵਾਦੀਆਂ ਵਿਰੁੱਧ ਪੁਲਿਸ ਸੁਰੱਖਿਆ ਹੇਠ ਚਲਾਈ ਗਈ 'ਸਲਵਾ ਜੁਡੂਮ' ਮੁਹਿੰਮ 'ਚ ਸ਼ਾਮਲ ਸੁਰੇਸ਼ ਚੰਦਰਾਕਰ ਦਾ ਜਨਮ ਬਹੁਤ ਹੀ ਗਰੀਬ ਪਰਿਵਾਰ 'ਚ ਹੋਇਆ ਸੀ, ਪਰ ਪਿਛਲੇ ਕੁਝ ਸਾਲਾਂ 'ਚ ਉਹ ਵਿੱਚ ਵੀ ਉਹ ਮਾਓਵਾਦ ਪ੍ਰਭਾਵਿਤ ਇਲਾਕਿਆਂ ਵਿੱਚ ਸਰਕਾਰੀ ਨਿਰਮਾਣ ਕਾਰਜਾਂ ਦਾ ਠੇਕਾ ਲੈ ਕੇ ਬਸਤਰ ਦੇ ਮੋਹਰੀ ਠੇਕੇਦਾਰਾਂ ਵਿੱਚ ਸ਼ਾਮਲ ਹੋਣ ਲੱਗੇ।

40 ਸਾਲਾ ਸੁਰੇਸ਼ ਚੰਦਰਾਕਰ ਪਹਿਲੀ ਵਾਰ 23 ਦਸੰਬਰ 2021 ਨੂੰ ਸੁਰਖੀਆਂ ਵਿੱਚ ਆਇਆ, ਜਦੋਂ ਉਨ੍ਹਾਂ ਨੇ 73 ਫੀਸਦ ਆਦਿਵਾਸੀ ਆਬਾਦੀ ਵਾਲੇ ਬੀਜਾਪੁਰ ਵਿੱਚ ਸ਼ਾਹੀ ਅੰਦਾਜ਼ ਵਿੱਚ ਵਿਆਹ ਕੀਤਾ।

ਉਨ੍ਹਾਂ ਨੇ ਆਪਣੀ ਹੋਣ ਵਾਲੀ ਪਤਨੀ ਨੂੰ ਸਹੁਰੇ ਘਰ ਪਹੁੰਚਣ ਲਈ ਇੱਕ ਨਿੱਜੀ ਹੈਲੀਕਾਪਟਰ ਦਾ ਪ੍ਰਬੰਧ ਕੀਤਾ ਸੀ।

ਇਸ ਤੋਂ ਇਲਾਵਾ ਬੀਜਾਪੁਰ ਵਰਗੀ ਥਾਂ 'ਤੇ ਉਨ੍ਹਾਂ ਨੇ ਆਪਣੇ ਵਿਆਹ ਸਮਾਗਮ 'ਚ ਰੂਸੀ ਡਾਂਸਰਾਂ ਦੇ ਸਮੂਹ ਨੂੰ ਨੱਚਣ-ਗਾਉਣ ਲਈ ਬੁਲਾਇਆ ਸੀ।

ਵਿਆਹ ਤੋਂ ਅਗਲੇ ਦਿਨ ਉਨ੍ਹਾਂ ਨੇ ਬੀਜਾਪੁਰ ਦੇ ਸਟੇਡੀਅਮ 'ਚ ਪਾਰਟੀ ਰੱਖੀ। ਦੱਸਿਆ ਜਾਂਦਾ ਹੈ ਕਿ ਬਸਤਰ 'ਚ ਅਜਿਹਾ ਸ਼ਾਹੀ ਅੰਦਾਜ਼ ਦਾ ਵਿਆਹ ਪਹਿਲਾਂ ਕਦੇ ਨਹੀਂ ਹੋਇਆ ਸੀ।

ਇਸ ਵਿਆਹ ਸਮਾਗਮ ਦੀਆਂ ਤਸਵੀਰਾਂ ਅਤੇ ਵੀਡੀਓ ਕਲਿੱਪ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈਆਂ।

ਸੂਬੇ ਦੇ ਮੁੱਖ ਮੰਤਰੀ ਨੇ ਕੀ ਕਿਹਾ

ਉਨ੍ਹਾਂ ਦੀ ਮੌਤ ਤੋਂ ਬਾਅਦ ਪ੍ਰੈੱਸ ਕੌਂਸਲ ਆਫ਼ ਇੰਡੀਆ ਨੇ ਸੂਬਾ ਸਰਕਾਰ ਤੋਂ 'ਤੱਥਾਂ ਦੇ ਅਧਾਰ 'ਤੇ' ਕੇਸ ਦੀ ਰਿਪੋਰਟ ਮੰਗੀ।

ਸੂਬੇ ਦੇ ਮੁੱਖ ਮੰਤਰੀ ਨੇ ਚੰਦਰਾਕਰ ਦੀ ਮੌਤ ਨੂੰ "ਦਿਲ ਦਹਿਲਾਉਣ ਵਾਲਾ" ਦੱਸਿਆ ਹੈ।

ਐਕਸ 'ਤੇ ਇਕ ਪੋਸਟ 'ਚ ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ ਬਣਾਈ ਗਈ ਹੈ।

ਭਾਰਤੀ ਮੀਡੀਆ ਵਿੱਚ ਦੱਸਿਆ ਗਿਆ ਹੈ ਕਿ ਪੱਤਰਕਾਰ ਦੀ ਮੌਤ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਵਿੱਚੋਂ ਇੱਕ ਉਨ੍ਹਾਂ ਦਾ ਚਾਚੇ ਦਾ ਮੁੰਡਾ ਹੈ।

ਸਥਾਨਕ ਪੱਤਰਕਾਰਾਂ ਨੇ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕਰਦਿਆਂ ਧਰਨਾ ਦਿੱਤਾ ਹੈ।

ਭਾਰਤ ਵਿੱਚ ਭ੍ਰਿਸ਼ਟਾਚਾਰ ਜਾਂ ਵਾਤਾਵਰਣ ਦੇ ਵਿਗਾੜ ਬਾਰੇ ਰਿਪੋਰਟ ਕਰਨ ਵਾਲੇ ਪੱਤਰਕਾਰਾਂ 'ਤੇ ਹਮਲੇ ਹੋਣਾ ਆਮ ਗੱਲ ਹੈ।

ਸੁਭਾਸ਼ ਕੁਮਾਰ ਮਹਤੋ ਇੱਕ ਫ੍ਰੀਲਾਂਸ ਪੱਤਰਕਾਰ ਸਨ ਜੋ ਕਿ ਗੈਰ-ਕਾਨੂੰਨੀ ਰੇਤ ਮਾਈਨਿੰਗ ਵਿੱਚ ਸ਼ਾਮਲ ਲੋਕਾਂ ਦੀ ਰਿਪੋਰਟਿੰਗ ਲਈ ਜਾਣੇ ਜਾਂਦੇ ਸਨ, ਮਈ 2022 ਵਿੱਚ ਉਨ੍ਹਾਂ ਨੂੰ ਬਿਹਾਰ ਵਿੱਚ ਉਨ੍ਹਾਂ ਦੇ ਘਰ ਦੇ ਬਾਹਰ ਚਾਰ ਅਣਪਛਾਤੇ ਵਿਅਕਤੀਆਂ ਦੁਆਰਾ ਸਿਰ ਵਿੱਚ ਗੋਲੀ ਮਾਰ ਦਿੱਤੀ ਗਈ ਸੀ।

ਮੀਡੀਆ ਵਾਚਡੌਗ ਰਿਪੋਰਟਰਜ਼ ਵਿਦਾਊਟ ਬਾਰਡਰਜ਼ ਦਾ ਕਹਿਣਾ ਹੈ ਕਿ ਭਾਰਤ ਵਿੱਚ ਹਰ ਸਾਲ ਔਸਤਨ ਤਿੰਨ ਜਾਂ ਚਾਰ ਪੱਤਰਕਾਰ ਆਪਣੇ ਕੰਮ ਦੇ ਸਬੰਧ ਵਿੱਚ ਮਾਰੇ ਜਾਂਦੇ ਹਨ, ਜਿਸ ਨਾਲ ਭਾਰਤ ਮੀਡੀਆ ਪੱਖੋਂ ਦੁਨੀਆ ਦੇ ਸਭ ਤੋਂ ਖਤਰਨਾਕ ਦੇਸ਼ਾਂ ਵਿੱਚੋਂ ਇੱਕ ਬਣ ਗਿਆ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)