ਗੌਰੀ ਲੰਕੇਸ਼ ਕਤਲ ਮਾਮਲੇ ਦੇ ਮੁਲਜ਼ਮਾਂ ਦਾ ਜ਼ਮਾਨਤ ਮਿਲਣ ਤੋਂ ਬਾਅਦ ਹੋਇਆ ਸਨਮਾਨ, ਜਾਣੋ ਕੀ ਹੈ ਮਾਮਲਾ

ਤਸਵੀਰ ਸਰੋਤ, Social media video
- ਲੇਖਕ, ਇਮਰਾਨ ਕੁਰੈਸ਼ੀ
- ਰੋਲ, ਬੀਬੀਸੀ ਪੱਤਰਕਾਰ
- ...ਤੋਂ, ਬੇਂਗਲੁਰੂ
ਪੱਤਰਕਾਰ ਅਤੇ ਕਾਰਕੁਨ ਗੌਰੀ ਲੰਕੇਸ਼ ਦੇ ਕਤਲ ਦੇ ਦੋ ਮੁਲਜ਼ਮਾਂ ਨੂੰ ਜ਼ਮਾਨਤ 'ਤੇ ਰਿਹਾਅ ਹੋਣ ਤੋਂ ਬਾਅਦ ਵਿਜੇਪੁਰਾ ਦੇ ਇਕ ਮੰਦਰ 'ਚ ਹਾਰ ਪਾ ਕੇ ਸਨਮਾਨਿਤ ਕੀਤਾ ਗਿਆ।
ਪਰਸ਼ੂਰਾਮ ਵਾਗਾਮੋਰ ਅਤੇ ਮਨੋਹਰ ਯਾਦਵੇ ਨਾਮਕ ਇਹਨਾਂ ਦੋਵਾਂ ਮੁਲਜ਼ਮਾ ਨੂੰ ਵਿਜੇਪੁਰਾ ਜ਼ਿਲ੍ਹੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਅਦਾਲਤ ਨੇ ਸ਼ੁੱਕਰਵਾਰ ਨੂੰ ਇਨ੍ਹਾਂ ਦੋਵਾਂ ਮੁਲਜ਼ਮਾਂ ਸਮੇਤ ਛੇ ਹੋਰ ਮੁਲਜ਼ਮਾਂ ਨੂੰ ਜ਼ਮਾਨਤ ਦੇ ਦਿੱਤੀ ਸੀ।
5 ਸਤੰਬਰ 2017 ਨੂੰ ਗੌਰੀ ਲੰਕੇਸ਼ ਦੀ ਉਨ੍ਹਾਂ ਦੇ ਘਰ ਦੇ ਬਾਹਰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ, ਜਿਸ ਤੋਂ ਬਾਅਦ ਬੈਂਗਲੁਰੂ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ (ਐੱਸਆਈਟੀ) ਨੇ ਮਾਮਲੇ ਦੀ ਜਾਂਚ ਕੀਤੀ ਸੀ।
ਐੱਸਆਈਟੀ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਗੌਰੀ ਲੰਕੇਸ਼ ਦੇ ਕਤਲ ਦਾ ਸਬੰਧ ਤਰਕਸ਼ੀਲ ਨਰਿੰਦਰ ਦਾਭੋਲਕਰ, ਸੀਪੀਆਈ ਆਗੂ ਗੋਵਿੰਦ ਪੰਸਾਰੇ ਅਤੇ ਵਿਦਵਾਨ ਐੱਮਐੱਮ ਕਲਬੁਰਗੀ ਦੇ ਕਤਲ ਨਾਲ ਵੀ ਹੈ।

ਤਸਵੀਰ ਸਰੋਤ, BBC
ਸ਼੍ਰੀ ਰਾਮ ਸੈਨਾ ਦੇ ਜ਼ਿਲ੍ਹਾ ਪ੍ਰਧਾਨ ਨੀਲਕੰਤ ਕੰਡਗਲ ਨੇ ਬੀਬੀਸੀ ਹਿੰਦੀ ਨੂੰ ਦੱਸਿਆ, " ਇਹ ਹਿੰਦੂ ਕਾਰਕੁਨ ਹਨ। ਉਹ ਜ਼ਮਾਨਤ 'ਤੇ ਰਿਹਾਅ ਹੋਏ ਸੀ, ਇਸ ਲਈ ਅਸੀਂ ਫੁੱਲਾਂ ਦੇ ਹਾਰਾਂ ਨਾਲ ਉਨ੍ਹਾਂ ਦਾ ਸਵਾਗਤ ਕੀਤਾ। ਅਸੀਂ ਕਾਲਿਕਾ ਮੰਦਰ ਵਿੱਚ ਪੂਜਾ ਕੀਤੀ ਅਤੇ ਅਰਦਾਸ ਕੀਤੀ ਕਿ ਉਹ ਅਦਾਲਤ ਤੋਂ ਬਰੀ ਹੋ ਜਾਣ।"
ਮੰਦਰ ਪਹੁੰਚਣ ਤੋਂ ਪਹਿਲਾਂ ਪਰਸ਼ੂਰਾਮ ਵਾਗਮੋਰ ਅਤੇ ਮਨੋਹਰ ਯਾਦਵੇ ਨੇ ਵਿਜੇਪੁਰਾ ਸ਼ਹਿਰ ਦੇ ਸ਼ਿਵਾਜੀ ਸਰਕਲ 'ਤੇ ਸ਼ਿਵਾਜੀ ਮਹਾਰਾਜ ਦੀ ਮੂਰਤੀ 'ਤੇ ਹਾਰ ਚੜਾਏ।
ਦੋਵਾਂ ਨੂੰ ਨੀਲਕੰਤ ਕੰਡਗਲ ਅਤੇ ਹੋਰਨਾਂ ਵੱਲੋਂ ਮੰਦਰ ਦੇ ਅੰਦਰ ਸਮਰਥਕਾਂ ਦੀ ਹਾਜ਼ਰੀ ਵਿੱਚ ਸਨਮਾਨਿਤ ਕੀਤਾ ਗਿਆ। ਇਸ ਦੀ ਨਾਂ ਤਾਂ ਮੀਡੀਆ ਨੂੰ ਜਾਣਕਾਰੀ ਦਿੱਤੀ ਅਤੇ ਨਾਂ ਹੀ ਮੰਦਰ ਅੰਦਰ ਜਾਣ ਦੀ ਇਜਾਜ਼ਤ ਸੀ।

ਤਸਵੀਰ ਸਰੋਤ, Getty Images
'ਬਲਾਤਕਾਰੀਆਂ ਨੂੰ ਹਾਰ ਪਾਏ ਜਾ ਰਹੇ ਹਨ'
ਗੌਰੀ ਲੰਕੇਸ਼ ਦੀ ਭੈਣ ਅਤੇ ਮਾਮਲੇ ਦੀ ਸ਼ਿਕਾਇਤਕਰਤਾ ਕਵਿਤਾ ਲੰਕੇਸ਼ ਨੇ ਬੀਬੀਸੀ ਹਿੰਦੀ ਨੂੰ ਦੱਸਿਆ, "ਬਲਾਤਕਾਰੀਆਂ ਨੂੰ ਹਾਰ ਪਾਏ ਜਾ ਰਹੇ ਹਨ ਅਤੇ ਇਨ੍ਹਾਂ ਲੋਕਾਂ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਸਾਡਾ ਸਮਾਜ ਕਿੱਥੇ ਪਹੁੰਚ ਗਿਆ ਹੈ?"
ਕਵਿਤਾ ਲੰਕੇਸ਼ ਗੋਧਰਾ ਕਾਂਡ ਤੋਂ ਬਾਅਦ ਭੜਕੀ ਫਿਰਕੂ ਹਿੰਸਾ ਦੀ ਸ਼ਿਕਾਰ ਬਿਲਕਿਸ ਬਾਨੋ ਦੇ ਸਮੂਹਿਕ ਬਲਾਤਕਾਰ ਦੇ ਦੋਸ਼ੀਆਂ ਨੂੰ ਦਿੱਤੀ ਗਈ ਰਿਹਾਈ ਅਤੇ ਵਧਾਈਆਂ ਦਾ ਹਵਾਲਾ ਦੇ ਰਹੇ ਸਨ।
ਸੁਪਰੀਮ ਕੋਰਟ ਨੇ ਦੋਸ਼ੀਆਂ ਦੀ ਰਿਹਾਈ ਰੱਦ ਕਰ ਦਿੱਤੀ ਸੀ ਅਤੇ ਉਨ੍ਹਾਂ ਨੂੰ ਸਜ਼ਾ ਪੂਰੀ ਕਰਨ ਲਈ ਵਾਪਸ ਜੇਲ੍ਹ ਭੇਜ ਦਿੱਤਾ।
ਹਾਲਾਂਕਿ ਨੀਲਕੰਤ ਕੰਡਗਲ ਨੇ ਕਿਹਾ, "ਸਾਡਾ ਮੰਨਣਾ ਹੈ ਕਿ ਉਹ ਇਸ ਮਾਮਲੇ ਵਿੱਚ ਸ਼ਾਮਲ ਨਹੀਂ ਹਨ। ਉਹ ਬੇਕਸੂਰ ਹਨ।"

ਤਸਵੀਰ ਸਰੋਤ, Getty Images
ਜ਼ਮਾਨਤ ਦਾ ਕੀ ਕਾਰਨ ਹੈ?
ਇਸ ਕੇਸ ਵਿੱਚ 18 ਵਿੱਚੋਂ 16 ਮੁਲਜ਼ਮਾਂ ਨੂੰ ਜ਼ਮਾਨਤ ਮਿਲਣ ਦਾ ਮੁੱਖ ਕਾਰਨ ਮੁਕੱਦਮੇ ਵਿੱਚ ਦੇਰੀ ਹੋਣਾ ਸੀ। ਚਾਰਜਸ਼ੀਟ ਵਿੱਚ ਦਰਜ 527 ਗਵਾਹਾਂ ਵਿੱਚੋਂ ਹੁਣ ਤੱਕ 140 ਦੇ ਕਰੀਬ ਗਵਾਹਾਂ ਤੋਂ ਪੁੱਛਗਿੱਛ ਕੀਤੀ ਜਾ ਚੁੱਕੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਸੁਣਵਾਈ ਮੁਕੰਮਲ ਹੋਣ ਦੀ ਕੋਈ ਸੰਭਾਵਨਾ ਨਹੀਂ ਹੈ।
ਕਰਨਾਟਕ ਹਾਈ ਕੋਰਟ ਨੇ ਮੋਹਨ ਨਾਇਕ ਉਰਫ਼ ਸੰਪੰਜੇ ਨੂੰ ਜ਼ਮਾਨਤ ਦੇ ਦਿੱਤੀ ਸੀ ਪਰ ਇਸ ਫੈਸਲੇ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਸੀ ਅਤੇ ਸੁਪਰੀਮ ਕੋਰਟ ਨੇ ਹਾਈ ਕੋਰਟ ਦੇ ਫੈਸਲੇ ਨੂੰ ਬਰਕਰਾਰ ਰੱਖਿਆ ਸੀ।
ਇਸ ਤੋਂ ਬਾਅਦ ਕੇਟੀ ਨਵੀਨ ਕੁਮਾਰ, ਅਮਿਤ ਦਿਗਵੇਕਰ ਅਤੇ ਸੁਰੇਸ਼ ਐੱਚਐੱਲ ਨੂੰ ਵੀ ਜੁਲਾਈ 2024 ਵਿੱਚ ਹਾਈ ਕੋਰਟ ਤੋਂ ਜ਼ਮਾਨਤ ਮਿਲ ਗਈ ਸੀ।
ਫਿਰ ਭਰਤ ਕੁਮਾਰ, ਸ਼੍ਰੀਕਾਂਤ ਪਾਂਗਰਕਰ, ਸੁਜੀਤ ਕੁਮਾਰ ਅਤੇ ਸੁਧਾਨਾ ਗੋਂਧਕਰ ਨੂੰ ਸਤੰਬਰ 2024 ਵਿੱਚ ਜ਼ਮਾਨਤ ਮਿਲ ਗਈ ਸੀ।

ਤਸਵੀਰ ਸਰੋਤ, Getty Images
ਪਿਛਲੇ ਹਫਤੇ ਸੈਸ਼ਨ ਕੋਰਟ ਨੇ ਵਾਗਮੋਰ ਅਤੇ ਯਾਦਵੇ ਸਮੇਤ ਅੱਠ ਮੁਲਜ਼ਮਾਂ ਨੂੰ ਜ਼ਮਾਨਤ ਦੇ ਦਿੱਤੀ ਸੀ। ਜ਼ਮਾਨਤ ਦਿੱਤੇ ਗਏ ਹੋਰਨਾਂ ਮੁਲਜ਼ਮਾਂ ਵਿੱਚ ਅਮਿਤ ਕਾਲੇ, ਰਾਜੇਸ਼ ਡੀ ਬੰਗੇਰਾ, ਵਾਸੂਦੇਵ ਸੂਰਿਆਵੰਸ਼ੀ, ਰੁਸ਼ੀਕੇਸ਼ ਦੇਵਦਾਰ, ਗਣੇਸ਼ ਮਿਸਕੀਨ ਅਤੇ ਅੰਮ੍ਰਿਤ ਰਾਮਚੰਦਰ ਬੱਦੀ ਸ਼ਾਮਲ ਹਨ।
ਵਿਕਾਸ ਪਟੇਲ ਉਰਫ ਦਾਦਾ ਉਰਫ ਨਿਹਾਲ ਅਜੇ ਫਰਾਰ ਹੈ। ਦੋ ਹੋਰ ਲੋਕਾਂ ਨੇ ਅਜੇ ਤੱਕ ਅਦਾਲਤ ਦਾ ਰੁਖ ਨਹੀਂ ਕੀਤਾ ਹੈ।
ਮੁਲਜ਼ਮਾਂ 'ਤੇ ਭਾਰਤੀ ਦੰਡਾਵਲੀ (ਆਈਪੀਸੀ), ਭਾਰਤੀ ਹਥਿਆਰ ਐਕਟ ਅਤੇ ਕਰਨਾਟਕ ਕੰਟਰੋਲ ਆਫ਼ ਆਰਗੇਨਾਈਜ਼ਡ ਕ੍ਰਾਈਮ ਐਕਟ ਦੀਆਂ ਧਾਰਾਵਾਂ ਤਹਿਤ ਇਲਜ਼ਾਮ ਲਗਾਏ ਗਏ ਹਨ।
ਮੁਲਜ਼ਮਾਂ ਦੇ ਸਨਮਾਨ 'ਤੇ ਪ੍ਰਤੀਕਿਰਿਆ
ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਸਨਮਾਨ ਸਮਾਰੋਹ ਦੀ ਵੀਡੀਓ ਨੂੰ ਸਾਂਝੀ ਕਰਦੇ ਹੋਏ ਹਰਮਿੰਦਰ ਕੌਰ ਨੇ ਲਿਖਿਆ, “ਗੌਰੀ ਲੰਕੇਸ਼ ਦੇ ਕਾਤਲਾਂ ਨੂੰ ਜ਼ਮਾਨਤ ਮਿਲ ਗਈ ਹੈ। ਹਿੰਦੂ ਜਥੇਬੰਦੀਆਂ ਵੱਲੋਂ ਕਾਤਲਾਂ ਦਾ ਖੁੱਲ੍ਹੇਆਮ ਸਵਾਗਤ ਕੀਤਾ ਗਿਆ। ਇਹ ਬਹੁਤ ਮਾੜੀ ਗੱਲ ਹੈ।"
ਅਭਿਨੇਤਾ ਪ੍ਰਕਾਸ਼ ਰਾਜ ਨੇ ਐਕਸ 'ਤੇ ਇਕ ਪੋਸਟ ਵਿੱਚ ਕਿਹਾ, "ਇਸ ਦੇਸ਼ ਵਿਚ ਸਿਰਫ ਕਾਤਲਾਂ ਅਤੇ ਬਲਾਤਕਾਰੀਆਂ ਲਈ ਜ਼ਮਾਨਤ ਨਿਯਮ ਹਨ... ਸ਼ਰਮਨਾਕ।"
ਪਰ ਕਾਰਕੁਨ ਅਤੇ ਕਾਲਮਨਵੀਸ ਸ਼ਿਵ ਸੁੰਦਰ ਇਸ ਸਾਰੇ ਮਾਮਲੇ ਨੂੰ ਵੱਖਰੇ ਨਜ਼ਰੀਏ ਨਾਲ ਦੇਖਦੇ ਹਨ।
ਉਨ੍ਹਾਂ ਨੇ ਬੀਬੀਸੀ ਹਿੰਦੀ ਨੂੰ ਦੱਸਿਆ, "ਸਿਧਾਂਤਕ ਤੌਰ 'ਤੇ ਇਹ ਕਹਿਣਾ ਸਹੀ ਹੈ ਕਿ ਮੁਕੱਦਮੇ ਦੀ ਸੁਣਵਾਈ ਪੂਰੀ ਹੋਣ ਤੱਕ ਕਿਸੇ ਵੀ ਮੁਲਜ਼ਮ ਨੂੰ ਜੇਲ੍ਹ ਵਿੱਚ ਨਹੀਂ ਰੱਖਿਆ ਜਾਣਾ ਚਾਹੀਦਾ ਹੈ। ਸਮੱਸਿਆ ਇਹ ਹੈ ਕਿ ਇਹ ਸਿਧਾਂਤ ਬਹੁਤ ਪੱਖਪਾਤੀ ਹੈ।”
ਉਨ੍ਹਾਂ ਕਿਹਾ, ''ਹਾਲਾਂਕਿ ਇਹ ਸਰਕਾਰ ਦਾ ਵਿਰੋਧ ਕਰਨ ਵਾਲਿਆਂ 'ਤੇ ਲਾਗੂ ਨਹੀਂ ਹੁੰਦਾ, ਪਰ ਇਹ ਸੱਜੇ ਪੱਖੀ 'ਤੇ ਲਾਗੂ ਹੁੰਦਾ ਹੈ। ਕਿਸੇ ਮੁਲਜ਼ਮ ਨੂੰ ਮੁਕੱਦਮੇ ਦੀ ਪੂਰੀ ਮਿਆਦ ਲਈ ਜੇਲ੍ਹ ਵਿੱਚ ਰੱਖਣਾ ਮਨੁੱਖੀ ਅਧਿਕਾਰਾਂ ਦਾ ਸਿਧਾਂਤ ਨਹੀਂ ਹੈ। ਇਹ ਸੱਜੇਪੱਖੀ ਜਾਂ ਖੱਬੇਪੱਖੀਆਂ 'ਤੇ ਲਾਗੂ ਨਹੀਂ ਹੋਣਾ ਚਾਹੀਦਾ ਹੈ।"

ਤਸਵੀਰ ਸਰੋਤ, Getty Images
ਸ਼ਿਵ ਸੁੰਦਰ ਨੇ ਕਿਹਾ, “ਅਸੀਂ ਤੇਜ਼ੀ ਨਾਲ ਸੁਣਵਾਈ ਲਈ ਵਿਸ਼ੇਸ਼ ਅਦਾਲਤ ਦੀ ਮੰਗ ਕਰ ਰਹੇ ਹਾਂ। ਮੁਕੱਦਮਾ ਦਾਇਰ ਕਰਨ ਵਾਲੇ ਪੱਖ ਨੇ ਵੀ ਇਸ ਨੂੰ ਤੇਜ਼ ਕਰਨ ਦੀ ਕੋਸ਼ਿਸ਼ ਵਿੱਚ ਲਗਭਗ 150 ਗਵਾਹਾਂ ਨੂੰ ਛੱਡਣ ਲਈ ਵੀ ਸਹਿਮਤੀ ਦਿੱਤੀ ਹੈ।”
“ਪਰ ਬਿਲਕਿਸ ਬਾਨੋ ਦੇ ਮਾਮਲੇ ਵਿੱਚ ਜੋ ਹੋਇਆ, ਜਿਸ ਵਿੱਚ ਦੋਸ਼ੀਆਂ ਦਾ ਸਵਾਗਤ ਕੀਤਾ ਗਿਆ ਅਤੇ ਹਾਰ ਪਹਿਨਾਏ ਗਏ, ਉਹ ਭਿਆਨਕ ਹੈ।”
ਉਹ ਕਹਿੰਦੇ ਹਨ, “ਗੌਰੀ ਦੇ ਮਾਮਲੇ ਵਿੱਚ ਇਹ ਉਸਦੇ ਕਤਲ ਦਾ ਜਸ਼ਨ ਮਨਾਉਣ ਵਰਗਾ ਹੈ। ਇਹ 5 ਸਤੰਬਰ, 2017 ਨੂੰ ਮੁੜ ਜ਼ਿੰਦਾ ਕਰਨ ਵਰਗਾ ਹੈ, ਜਿਸ ਦਿਨ ਉਸ ਦਾ ਕਤਲ ਹੋਇਆ ਸੀ। ਇਹ ਭਿਆਨਕ ਹੈ। ਸਮਾਜ ਨੂੰ ਇਹ ਸੰਦੇਸ਼ ਦੇਣਾ ਖਤਰਨਾਕ ਹੈ।''
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












