ਪ੍ਰਤਾਪ ਸਿੰਘ ਕੈਰੋਂ ਦਾ ਕਤਲ ਕਿਵੇਂ ਹੋਇਆ ਸੀ, ‘ਬਿਲਡਰ ਆਫ਼ ਪੰਜਾਬ’ ਵਜੋਂ ਜਾਣੇ ਜਾਂਦੇ ਸੀਐੱਮ ਦੀ ਆਲੋਚਨਾ ਕਿਉਂ ਹੁੰਦੀ ਰਹੀ

ਪ੍ਰਤਾਪ ਸਿੰਘ ਕੈਰੋਂ

ਤਸਵੀਰ ਸਰੋਤ, Partap Singh Kairon : A Visionary

ਤਸਵੀਰ ਕੈਪਸ਼ਨ, ਪ੍ਰਤਾਪ ਸਿੰਘ ਕੈਰੋਂ ਦਾ ਜਨਮ 1 ਅਕਤੂਬਰ 1901 ਨੂੰ ਪੰਜਾਬ ਦੇ ਮਾਝਾ ਖੇਤਰ ’ਚ ਪੱਟੀ ਹਲਕੇ ਦੇ ਕੈਰੋਂ ਪਿੰਡ ਵਿੱਚ ਹੋਇਆ ਸੀ
    • ਲੇਖਕ, ਗੁਰਜੋਤ ਸਿੰਘ
    • ਰੋਲ, ਬੀਬੀਸੀ ਪੱਤਰਕਾਰ

6 ਫਰਵਰੀ 1965 : ਬੋਲੀ ਦੇ ਅਧਾਰ ’ਤੇ ਪੰਜਾਬ ਦੀ ਤਕਸੀਮ ਤੋਂ ਕੁਝ ਮਹੀਨੇ ਪਹਿਲਾਂ ਹੋਏ ਇੱਕ ਕਤਲ ਨੇ ਸਿਆਸੀ ਹਲਕਿਆਂ ਵਿੱਚ ਤਰਥੱਲੀ ਮਚਾ ਦਿੱਤੀ।

ਪੰਜਾਬ ਦੇ ਸਿਆਸੀ ਦ੍ਰਿਸ਼ ’ਤੇ ਲੰਬਾ ਸਮਾਂ ਛਾਏ ਰਹਿਣ ਵਾਲੇ ਪੰਜਾਬ ਦੇ ਸੀਐੱਮ ਰਹਿ ਚੁੱਕੇ ਪ੍ਰਤਾਪ ਸਿੰਘ ਕੈਰੋਂ ਦਿੱਲੀ ’ਚ ਕਾਂਗਰਸ ਦੇ ਸੀਨੀਅਰ ਲੀਡਰਾਂ ਨਾਲ ਮੀਟਿੰਗਾਂ ਤੋਂ ਬਾਅਦ ਚੰਡੀਗੜ੍ਹ ਵਾਪਸ ਪਰਤ ਰਹੇ ਸਨ।

ਉਹ ਹਾਲੇ ਦਿੱਲੀ ਤੋਂ ਕਰੀਬ 35 ਕਿੱਲੋਮੀਟਰ ਦੂਰ ਰਸੋਈ ਪਿੰਡ ਦੇ ਕੋਲ ਹੀ ਪਹੁੰਚੇ ਸਨ ਜਦੋਂ ਹਮਲਾਵਰਾਂ ਨੇ ਉਨ੍ਹਾਂ ਦੀ ਕਾਰ ਨੂੰ ਰੋਕ ਲਿਆ।

ਇੱਕ ਤੋਂ ਬਾਅਦ ਇੱਕ ਕਾਰ ਵਿੱਚ ਸਵਾਰ ਚਾਰਾਂ ਜਣਿਆਂ ਨੂੰ ਬੰਦੂਕਾਂ ਵਾਲੇ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਮਾਰ ਦਿੱਤਾ।

ਇਹ ਕਤਲ 1948 ਵਿੱਚ ਗਾਂਧੀ ਦੇ ਕਤਲ ਮਗਰੋਂ ਆਜ਼ਾਦ ਭਾਰਤ ਵਿੱਚ ਕਿਸੇ ਸਿਆਸੀ ਸ਼ਖ਼ਸੀਅਤ ਦੇ ਕਤਲ ਦੀ ਵੱਡੀ ਘਟਨਾ ਮੰਨਿਆ ਜਾਂਦਾ ਹੈ।

ਇਸ ਘਟਨਾ ਨੇ ਲੰਬੇ ਸਮੇਂ ਤੱਕ ਪੰਜਾਬ ਦੇ ਸਿਆਸੀ ਦ੍ਰਿਸ਼ ਨੂੰ ਪ੍ਰਭਾਵਿਤ ਕੀਤਾ।

ਇਸ ਕਤਲ ਦੇ ਤਿੰਨ ਦੋਸ਼ੀਆਂ ਨੂੰ ਫ਼ਾਂਸੀ ਦੀ ਸਜ਼ਾ ਹੋਈ ਸੀ ਜਦਕਿ ਇੱਕ ਦੋਸ਼ੀ ਨੂੰ ਉਮਰਕੈਦ ਹੋਈ ਸੀ।

ਸਾਲ 2020 ਆਈ ਵਿੱਚ ਪ੍ਰਤਾਪ ਸਿੰਘ ਕੈਰੋਂ ਦੀ ਜੀਵਨੀ ਮੁਤਾਬਕ ਪੁਲਿਸ ਤਫ਼ਤੀਸ਼ 'ਚ ਇਸ ਕਤਲ ਦਾ ਕਾਰਨ ਨਿੱਜੀ ਦੁਸ਼ਮਣੀ ਹੋਣ ਦੀ ਗੱਲ ਸਾਹਮਣੇ ਆਈ ਸੀ।

‘ਪ੍ਰਤਾਪ ਸਿੰਘ ਕੈਰੋਂ – ਏ ਵਿਜ਼ਨਰੀ’ ਕਿਤਾਬ ਪ੍ਰਤਾਪ ਸਿੰਘ ਕੈਰੋਂ ਦੇ ਪੁੱਤਰ ਗੁਰਿੰਦਰ ਸਿੰਘ ਕੈਰੋਂ, ਆਈਏਐੱਸ ਅਫ਼ਸਰ ਮੀਤਾ ਰਾਜੀਵਲੋਚਨ ਤੇ ਪੰਜਾਬ ਯੂਨੀਵਰਸਿਟੀ ’ਚ ਇਤਿਹਾਸ ਦੇ ਪ੍ਰੋਫ਼ੈਸਰ ਐੱਮ ਰਾਜੀਵਲੋਚਨ ਨੇ ਲਿਖੀ ਹੈ।

ਪ੍ਰਤਾਪ ਸਿੰਘ ਕੈਰੋਂ ਨੂੰ ਜਿੱਥੇ ਪੰਜਾਬ ਵਿੱਚ ਵਿਕਾਸ ਕਾਰਜਾਂ ਦੀ ਝੜੀ ਲਾਉਣ ਦਾ ਸਿਹਰਾ ਦਿੱਤਾ ਜਾਂਦਾ ਹੈ, ਉੱਥੇ ਹੀ ਉਨ੍ਹਾਂ ਨੂੰ ਬੋਲੀ ਦੇ ਆਧਾਰ ’ਤੇ ਪੰਜਾਬੀ ਸੂਬੇ ਦੀ ਮੁਖ਼ਾਲਫ਼ਤ ਕਰਨ ਵਾਲੇ ਆਗੂ ਵਜੋਂ ਵੀ ਜਾਣਿਆ ਜਾਂਦਾ ਹੈ।

ਪ੍ਰਤਾਪ ਸਿੰਘ ਕੈਰੋਂ ਦੇ ਕਾਰਜਕਾਲ ਵਿੱਚ ਹੋਏੇ ਵਿਕਾਸ ਕਾਰਜਾਂ ਨੇ ਪੰਜਾਬ ਦੀ ਨੁਹਾਰ ਕਿਵੇਂ ਬਦਲੀ?

ਪ੍ਰਤਾਪ ਸਿੰਘ ਕੈਰੋਂ ਦੀ ਆਲੋਚਨਾ ਕਿਸ ਕਾਰਨ ਹੁੰਦੀ ਹੈ?

ਇਸ ਦੇ ਨਾਲ ਹੀ ਉਨ੍ਹਾਂ ਦੇ ਸਿਆਸੀ ਜੀਵਨ ਵਿੱਚ ਬਾਰੇ ਵੀ ਅਸੀਂ ਇਸ ਰਿਪੋਰਟ ’ਚ ਗੱਲ ਕਰਾਂਗੇ।

‘ਬਿਲਡਰ ਆਫ਼ ਪੰਜਾਬ’

ਪ੍ਰਤਾਪ ਸਿੰਘ ਕੈਰੋਂ

ਤਸਵੀਰ ਸਰੋਤ, X/Congress

ਜਨਵਰੀ 1956 ਤੋਂ ਜੂਨ 1964 ਤੱਕ ਪੰਜਾਬ ਦੇ ਮੁੱਖ ਮੰਤਰੀ ਰਹੇ ਪ੍ਰਤਾਪ ਸਿੰਘ ਕੈਰੋਂ ਦਾ ਜਨਮ 1 ਅਕਤੂਬਰ 1901 ਨੂੰ ਪੰਜਾਬ ਦੇ ਮਾਝਾ ਖੇਤਰ ’ਚ ਪੱਟੀ ਹਲਕੇ ਦੇ ਕੈਰੋਂ ਪਿੰਡ ਵਿੱਚ ਹੋਇਆ ਸੀ।

ਉਹ ਪੰਜਾਬ ਵਿੱਚ ਖੇਤੀਬਾੜੀ ਤੇ ਇੰਡਸਟ੍ਰੀ ਦੇ ਵਿਕਾਸ ਦੇ ਨਾਲ-ਨਾਲ ਭਾਖ਼ੜਾ ਨੰਗਲ ਡੈਮ, ਚੰਡੀਗੜ੍ਹ ਦੀ ਉਸਾਰੀ, ਫਰੀਦਾਬਾਦ, ਮੰਡੀ ਗੋਬਿੰਦਗੜ੍ਹ ਤੇ ਸੋਨੀਪਤ ’ਚ ਇੰਡਸਟ੍ਰੀਅਲ ਟਾਊਨਸ਼ਿਪ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਜਿਹੇ ਵੱਡੇ ਪ੍ਰੋਜੈਕਟ ਸਿਰੇ ਚਾੜ੍ਹਨ ਲਈ ਵੀ ਜਾਣੇ ਜਾਂਦੇ ਹਨ।

ਆਪਣੇ ਕਾਰਜਕਾਲ ਦੇ ਆਖ਼ਰੀ ਸਮੇਂ ਦੌਰਾਨ ਉਨ੍ਹਾਂ ਨੂੰ ਭ੍ਰਿਸ਼ਟਾਚਾਰ ਦੇ ਇਲਾਜ਼ਾਮਾਂ ਦਾ ਵੀ ਸਾਹਮਣਾ ਕਰਨਾ ਪਿਆ ਜਿਸ ਉੱਤੇ ਕਮਿਸ਼ਨ ਵੀ ਬੈਠਿਆ।

ਹਾਲਾਂਕਿ ਉਨ੍ਹਾਂ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ ਪਰ ਉਨ੍ਹਾਂ ’ਤੇ ਕੋਈ ਇਲਜ਼ਾਮ ਸਿੱਧ ਨਹੀਂ ਹੋਏ ਸਨ।

ਉਨ੍ਹਾਂ ਨੂੰ ਅੱਜ ਵੀ ਵੇਲੇ ਦੇ ‘ਮੋਸਟ ਪਾਵਰਫੁੱਲ ਸੀਐੱਮ’ ਤੇ 'ਬਿਲਡਰ ਆਫ ਪੰਜਾਬ' ਜਿਹੇ ਲਕਬਾਂ ਨਾਲ ਯਾਦ ਕੀਤਾ ਜਾਂਦਾ ਹੈ।

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਅਮਰੀਕਾ ਵਿੱਚ ਪੜ੍ਹਾਈ ਤੋਂ ਬਾਅਦ ਪੰਜਾਬ ਵਾਪਸੀ

ਪ੍ਰਤਾਪ ਸਿੰਘ ਕੈਰੋਂ

ਤਸਵੀਰ ਸਰੋਤ, Source: Arthur W. Helweg: Asian Indians in Michigan, MSU Press, 2002; image credit: G.S. Grewal

ਤਸਵੀਰ ਕੈਪਸ਼ਨ, ਯੂਨੀਵਰਸਿਟੀ ਆਫ ਮਿਸ਼ੀਗਨ ਵਿੱਚ ਰਾਜਨੀਤੀ ਸ਼ਾਸਤਰ ਵਿਸ਼ੇ ਵਿੱਚ ਮਾਸਟਰ ਡਿਗਰੀ ਕਰਦੇ ਸਮੇਂ ਪ੍ਰਤਾਪ ਸਿੰਘ ਕੈਰੋਂ(ਖੱਬੇ ਹੱਥ)

ਸਰਦਾਰ ਪ੍ਰਤਾਪ ਸਿੰਘ ਦੇ ਪਿਤਾ ਨਿਹਾਲ ਸਿੰਘ ਦੀ 1900ਵਿਆਂ ’ਚ ਚੱਲ ਰਹੀ ਸਿੰਘ ਸਭਾ ਲਹਿਰ ਵਿੱਚ ਭਰਵੀਂ ਸ਼ਮੂਲੀਅਤ ਸੀ।

ਕੈਰੋਂ ਆਪਣੀ ਸ਼ੁਰੂਆਤੀ ਪੜ੍ਹਾਈ ਅੰਮ੍ਰਿਤਸਰ ਦੇ ਖਾਲਸਾ ਕਾਲਜ ਵਿੱਚ ਮੁਕੰਮਲ ਕਰਨ ਤੋਂ ਬਾਅਦ ਅਮਰੀਕਾ ਚਲੇ ਗਏ ਸਨ।

ਭਾਰਤ ਸਰਕਾਰ ਦੀ ਅੰਮ੍ਰਿਤ ਮਹੋਤਸਵ ਵੈੱਬਸਾਈਟ ਮੁਤਾਬਕ ਪ੍ਰਤਾਪ ਸਿੰਘ ਕੈਰੋਂ ਨੇ ਯੂਨੀਵਰਸਿਟੀ ਆਫ ਮਿਸ਼ੀਗਨ ਵਿੱਚ ਰਾਜਨੀਤੀ ਸ਼ਾਸਤਰ ਵਿੱਚ ਐੱਮਏ ਕੀਤੀ ਸੀ।

ਕੈਰੋਂ ਦੀ ਜੀਵਨੀ ਮੁਤਾਬਕ ਉਨ੍ਹਾਂ ਦਾ ਭਰਾ ਜਸਵੰਤ ਸਿੰਘ ਵੀ ਅਮਰੀਕਾ ਪਹੁੰਚੇ ਜਿੱਥੇ ਉਹ ਖੱਬੇਪੱਖੀ ਵਿਚਾਰਧਾਰਾ ਨਾਲ ਜੁੜੇ ਅਤੇ ਭਾਰਤ ਵਾਪਸ ਆ ਕੇ ਖੱਬੇ-ਪੱਖੀ ਜਮਾਤਾਂ ਵਿੱਚ ਕੰਮ ਕਰਦੇ ਰਹੇ।

ਕੈਲੀਫੌਰਨੀਆ ਵਿੱਚ ਰਹਿੰਦਿਆਂ ਪ੍ਰਤਾਪ ਸਿੰਘ ਕੈਰੋਂ ਗ਼ਦਰ ਮੂਵਮੈਂਟ ਦੇ ਵੀ ਸੰਪਰਕ ਵਿੱਚ ਆਏ।

ਪ੍ਰਤਾਪ ਸਿੰਘ ਕੈਰੋਂ

ਤਸਵੀਰ ਸਰੋਤ, Partap Singh Kairon : A Visionary

ਤਸਵੀਰ ਕੈਪਸ਼ਨ, ‘ਪ੍ਰਤਾਪ ਸਿੰਘ ਕੈਰੋਂ – ਏ ਵਿਜ਼ਨਰੀ’ ਕਿਤਾਬਪੰਜਾਬ ਯੂਨੀਵਰਸਿਟੀ ’ਚ ਇਤਿਹਾਸ ਦੇ ਪ੍ਰੋਫ਼ੈਸਰ ਐੱਮ ਰਾਜੀਵਲੋਚਨ ਪ੍ਰਤਾਪ ਸਿੰਘ ਕੈਰੋਂ ਦੇ ਪੁੱਤਰ ਗੁਰਿੰਦਰ ਸਿੰਘ ਕੈਰੋਂ ਤੇ ਆਈਏਐੱਸ ਅਫ਼ਸਰ ਮੀਤਾ ਰਾਜੀਵਲੋਚਨ ਨੇ ਲਿਖੀ ਹੈ

ਜਦੋਂ ਕਾਮਾਗਾਟਾ ਮਾਰੂ ਵਾਲੇ ਗੁਰਦਿੱਤ ਸਿੰਘ ਸਰਹਾਲੀ ਨੂੰ ਹਰਾਇਆ

ਪੰਜਾਬ ਪਰਤਣ ਤੋਂ ਬਾਅਦ ਪ੍ਰਤਾਪ ਸਿੰਘ ਕੈਰੋਂ ਨੇ ਆਪਣੇ ਸਿਆਸੀ ਸਫ਼ਰ ਦੀ ਸ਼ੁਰੂਆਤ ਸ਼੍ਰੋਮਣੀ ਅਕਾਲੀ ਦਲ ਤੋਂ ਕੀਤੀ।

ਉਨ੍ਹਾਂ ਦੀ ਜੀਵਨੀ ਮੁਤਾਬਕ ਉਹ ਸਾਲ 1934 ਵਿੱਚ ਅਕਾਲੀ ਦਲ ਦੇ ਜਨਰਲ ਸਕੱਤਰ ਚੁਣੇ ਗਏ ਸਨ।

ਸਾਲ 1936-37 ਵਿੱਚ ਹੋਈਆਂ ਪੰਜਾਬ ਅਸੈਂਬਲੀ ਚੋਣਾਂ ਵਿੱਚ ਪ੍ਰਤਾਪ ਸਿੰਘ ਕੈਰੋਂ ਅੰਮ੍ਰਿਤਸਰ ਦੱਖਣੀ ਹਲਕੇ ਤੋਂ ਅਕਾਲੀ ਦਲ ਦੇ ਉਮੀਦਵਾਰ ਸਨ।

ਉਨ੍ਹਾਂ ਦੇ ਮੁਕਾਬਲੇ ਵਿੱਚ ਕਾਂਗਰਸ ਨੇ ਬਾਬਾ ਗੁਰਦਿੱਤ ਸਿੰਘ ਸਰਹਾਲੀ ਨੂੰ ਖੜ੍ਹਾ ਕੀਤਾ ਸੀ।

ਗੁਰਦਿੱਤ ਸਿੰਘ ਸਰਹਾਲੀ 1914 ਵਿੱਚ ਵੈਨਕੂਵਰ ਦੀ ਬੰਦਰਗਾਹ ਤੋਂ ਵਾਪਸ ਮੋੜੇ ਗਏ ਜਹਾਜ਼ ਕਾਮਾਗਾਟਾਮਾਰੂ ਜਹਾਜ਼ ਨੂੰ ਠੇਕੇ ’ਤੇ ਲਿਆ ਸੀ।

ਪ੍ਰਤਾਪ ਸਿੰਘ ਕੈਰੋਂ

ਤਸਵੀਰ ਸਰੋਤ, Partap Singh Kairon : A Visionary

ਤਸਵੀਰ ਕੈਪਸ਼ਨ, ਪ੍ਰਤਾਪ ਸਿੰਘ ਕੈਰੋਂ 1962 ਵਿੱਚ ਭਾਰਤ-ਚੀਨ ਜੰਗ ਸਮੇਂ ਭਾਸ਼ਣ ਦਿੰਦੇ ਹੋਏ

ਉਸ ਵੇਲੇ ਜਵਾਹਰ ਲਾਲ ਨਹਿਰੂ ਨੇ ਵੀ ਪੰਜਾਬ ਵਿੱਚ ਕਾਂਗਰਸ ਉਮੀਦਵਾਰਾਂ ਦੇ ਹੱਕ ਵਿੱਚ ਪ੍ਰਚਾਰ ਕੀਤਾ। ਪਰ ਨੌਜਵਾਨ ਆਗੂ ਪ੍ਰਤਾਪ ਸਿੰਘ ਕੈਰੋਂ ਨੇ ਇਹ ਚੋਣ 5 ਹਜ਼ਾਰ ਤੋਂ ਵੱਧ ਵੋਟਾਂ ਦੇ ਫ਼ਰਕ ਨਾਲ ਜਿੱਤੀ ਸੀ।

ਉਨ੍ਹਾਂ ਨੇ ਆਪਣੇ ਚੋਣ ਪ੍ਰਚਾਰ ਵਿੱਚ ਸਥਾਨਕ ਮੁੱਦਿਆਂ ਨੂੰ ਉਭਾਰਿਆ ਸੀ।

ਕਾਂਗਰਸ ਪਾਰਟੀ ਨੇ ਪ੍ਰਤਾਪ ਸਿੰਘ ਕੈਰੋਂ ਦੇ ਕੰਮ ਨੂੰ ਦੇਖਦਿਆਂ ਉਨ੍ਹਾਂ ਨੂੰ 6 ਮਈ 1939 ਨੂੰ ਪੰਜਾਬ ਕਾਂਗਰਸ ਵਰਕਿੰਗ ਕਮੇਟੀ ਦਾ ਮੈਂਬਰ ਬਣਾਇਆ ਗਿਆ। ਇਸ ਦੇ ਨਾਲ ਹੀ ਅਕਾਲੀ ਦਲ ਦੇ ਮੈਂਬਰ ਵੀ ਬਣੇ ਰਹੇ।

ਪ੍ਰਤਾਪ ਸਿੰਘ ਕੈਰੋਂ ਸਿਵਲ ਨਾ-ਫ਼ੁਰਮਾਨੀ ਲਹਿਰ ਅਤੇ ਭਾਰਤ ਛੱਡੋ ਲਹਿਰ ਵੇਲੇ ਜੇਲ੍ਹ ਵੀ ਗਏ ਸਨ।

ਆਜ਼ਾਦੀ ਤੋਂ ਬਾਅਦ ਮੁੜ ਵਸੇਬਾ ਮੰਤਰੀ ਤੇ ਮੁੱਖ ਮੰਤਰੀ ਵਜੋਂ

ਪ੍ਰਤਾਪ ਸਿੰਘ ਕੈਰੋਂ

ਤਸਵੀਰ ਸਰੋਤ, Partap Singh Kairon : A Visionary

ਤਸਵੀਰ ਕੈਪਸ਼ਨ, 1962 ਦੀ ਜੰਗ ਦੌਰਾਨ ਵਿਚਰਦਿਆਂ ਪ੍ਰਤਾਪ ਸਿੰਘ ਕੈਰੋਂ ਦੀ ਆਈਐੱਨਏ ਦੇ ਜਨਰਲ ਮੋਹਨ ਸਿੰਘ ਨਾਲ ਤਸਵੀਰ

ਆਜ਼ਾਦੀ ਤੋਂ ਬਾਅਦ ਗੋਪੀ ਚੰਦ ਭਾਰਗਵ ਉਸ ਵੇਲੇ ਦੇ ਪੰਜਾਬ ਦੇ ਮੁੱਖ ਮੰਤਰੀ ਬਣੇ ਸਨ।

ਪ੍ਰਤਾਪ ਸਿੰਘ ਕੈਰੋਂ ਨੂੰ ਮੁੜ ਵਸੇਬਾ ਮੰਤਰੀ ਤੇ ਵਿਕਾਸ ਮੰਤਰੀ ਵਜੋਂ 1947 ਤੋਂ 1949 ਤੱਕ ਚਾਰਜ ਮਿਲਿਆ।

ਅਗਲੇ ਸਾਲਾਂ ਦੌਰਾਨ ਪ੍ਰਤਾਪ ਸਿੰਘ ਕੈਰੋਂ ਨੇ ਪੰਜਾਬ ਵਿੱਚ ਵੱਡੇ ਪੱਧਰ ’ਤੇ ਦੌਰੇ ਕੀਤੇ ਤੇ ਹੇਠਲੇ ਪੱਧਰ ਤੱਕ ਲੋਕਾਂ ਤੇ ਕਾਂਗਰਸੀ ਕਾਰਕੁੰਨਾਂ ਵਿੱਚ ਆਪਣੀ ਪਛਾਣ ਬਣਾਈ।

ਸਾਲ 1952 ਨੂੰ ਹੋਣ ਵਾਲੀਆਂ ਪਹਿਲੀਆਂ ਚੋਣਾਂ ਤੱਕ ਆਉਂਦਿਆਂ-ਆਉਂਦਿਆਂ ਕੈਰੋਂ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਬਣ ਚੁੱਕੇ ਸਨ।

ਇਨ੍ਹਾਂ ਸਾਲਾਂ ਦੌਰਾਨ ਪੰਜਾਬ ਵਿੱਚ ਸਿੱਖ ਲੀਡਰ ਮਾਸਟਰ ਤਾਰਾ ਸਿੰਘ ਦੀ ਅਗਵਾਈ ਹੇਠ ਅਕਾਲੀ ਦਲ ਵੱਲੋਂ ਪੰਜਾਬੀ ਬੋਲੀ ਦੇ ਅਧਾਰ ’ਤੇ ਪੰਜਾਬੀ ਸੂਬੇ ਦੀ ਮੰਗ ਸ਼ੁਰੂ ਹੋ ਚੁੱਕੀ ਸੀ।

ਇਸ ਮੰਗ ਦਾ ਪੰਜਾਬ ਦੇ ਕਈ ਹਲਕਿਆਂ ਵਿੱਚ ਵਿਰੋਧ ਹੋਣ ਕਾਰਨ ਸਥਿਤੀ ਤਣਾਅਪੂਰਨ ਬਣ ਗਈ ਸੀ।

ਇਸ ਸਮੇਂ ਕਾਂਗਰਸੀ ਆਗੂ ਭੀਮ ਸੈਣ ਸੱਚਰ ਪੰਜਾਬ ਦੇ ਮੁੱਖ ਮੰਤਰੀ ਸਨ।

‘ਪ੍ਰਤਾਪ ਸਿੰਘ ਕੈਰੋਂ -ਏ ਵਿਜ਼ਨਰੀ’ ਦੇ ਲੇਖਕਾਂ ਮੁਤਾਬਕ ਜਿੱਥੇ ਪ੍ਰਤਾਪ ਸਿੰਘ ਕੈਰੋਂ ਪੰਜਾਬੀ ਸੂਬਾ ਲਹਿਰ ਦੇ ਆਗੂ ਮਾਸਟਰ ਤਾਰਾ ਸਿੰਘ ਦੇ ਖ਼ਿਲਾਫ਼ ਸਨ ਉੱਥੇ ਹੀ ਉਹ ਲਾਲਾ ਜਗਤ ਨਰਾਇਣ ਜਿਹੇ ਹਿੰਦੂ ਆਗੂਆਂ ਦੇ ਸਿਆਸੀ ਪੈਂਤੜਿਆਂ ਦੇ ਵੀ ਵਿਰੋਧੀ ਸਨ।

ਇਸ ਸਿਆਸੀ ਕਸ਼ਮਕਸ਼ ਦੇ ਚਲਦਿਆਂ ਜਨਵਰੀ 1956 ਨੂੰ ਭੀਮ ਸੈਣ ਸੱਚਰ ਨੂੰ ਹਟਾ ਕੇ ਪ੍ਰਤਾਪ ਸਿੰਘ ਕੈਰੋਂ ਨੂੰ ਮੁੱਖ ਮੰਤਰੀ ਬਣਾਇਆ ਗਿਆ।

1957 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਪ੍ਰਤਾਪ ਸਿੰਘ ਕੈਰੋਂ ਦੀ ਅਗਵਾਈ ਵਿੱਚ ਕਾਂਗਰਸ ਨੇ ਜਿੱਤ ਹਾਸਲ ਕੀਤੀ।

ਪ੍ਰਤਾਪ ਸਿੰਘ ਕੈਰੋਂ ਦੇ ਕਾਰਜਕਾਲ ਸਮੇਂ ਹੀ 1962 ਦੀ ਭਾਰਤ-ਚੀਨ ਜੰਗ ਹੋਈ। ਇਸ ਜੰਗ ’ਚ ਭਾਰਤ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ।

ਇਸ ਦੌਰਾਨ ਪ੍ਰਤਾਪ ਸਿੰਘ ਕੈਰੋਂ ਨੇ ਆਮ ਜਨਤਾ ਤੇ ਫੌਜੀਆਂ ਦਾ ਮਨੋਬਲ ਚੁੱਕਣ ਲਈ ਗਰਮਜੋਸ਼ੀ ਨਾਲ ਪ੍ਰੋਗਰਾਮ ਉਲੀਕੇ ਤੇ ਭਾਸ਼ਣ ਦਿੱਤੇ।

ਕੀ ਪ੍ਰਾਪਤੀਆਂ ਤੇ ਆਲੋਚਨਾ ਕਿਉਂ?

ਪ੍ਰਤਾਪ ਸਿੰਘ ਕੈਰੋਂ

ਤਸਵੀਰ ਸਰੋਤ, Partap Singh Kairon : A Visionary

ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਰਹਿ ਚੁੱਕੇ ਮਰਹੂਮ ਬੀਰ ਦਵਿੰਦਰ ਸਿੰਘ ਨੇ 2015 ਵਿੱਚ ਆਪਣੇ ਇੱਕ ਲੇਖ ਵਿੱਚ ਪ੍ਰਤਾਪ ਸਿੰਘ ਕੈਰੋਂ ਦੇ ਮੁੱਖ ਮੰਤਰੀ ਵਜੋਂ ਕਾਰਜਕਾਲ ਦੀਆਂ ਪ੍ਰਾਪਤੀਆਂ ਗਿਣਵਾਈਆਂ ਸਨ।

ਉਨ੍ਹਾਂ ਲਿਖਿਆ ਸੀ, “ਪ੍ਰਤਾਪ ਸਿੰਘ ਕੈਰੋਂ ਨੇ ਜ਼ਮੀਨਾਂ ਦੀ ਮੁਰੱਬਾਬੰਦੀ ਕਰਨ ਦੇ ਨਾਲ-ਨਾਲ ਖੇਤੀ ਦੇ ਮਸ਼ੀਨੀਕਰਨ ਵੱਲ ਪੰਜਾਬ ਨੂੰ ਤੋਰਿਆ। ਇਸੇ ਨੂੰ ਅੱਗੇ ਤੋਰਦਿਆਂ ਉਨਾਂ ਨੇ ਸਾਲ 1962 ’ਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਸਥਾਪਨਾ ਕੀਤੀ।”

ਉਨ੍ਹਾਂ ਨੇ ਖੇਤੀ ਦੇ ਨਾਲ-ਨਾਲ ਪੰਜਾਬੀ ਭਾਸ਼ਾ, ਕਲਾ, ਸਭਿਆਚਾਰ ਤੇ ਸਾਹਿਤ ਪ੍ਰਤੀ ਵੀ ਕੰਮ ਕੀਤਾ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੀ ਸਥਾਪਿਤ ਕੀਤੀ।

ਉਹ ਲਿਖਦੇ ਹਨ ਕਿ ਚੰਡੀਗੜ੍ਹ ਦੇ ਨਾਲ-ਨਾਲ ਫਰੀਦਬਾਦ ਵਿੱਚ ਇੰਡਸਟ੍ਰੀਅਲ ਟਾਊਨਸ਼ਿਪ ਬਣਾਉਣ ਦੇ ਪਿੱਛੇ ਵੀ ਕੈਰੋਂ ਹੀ ਸਨ।

ਪ੍ਰਤਾਪ ਸਿੰਘ ਕੈਰੋਂ ਦੇ ਸਮੇਂ ਸਿਵਲ ਸੇਵਾਵਾਂ ’ਚ ਰਹੇ ਮਰਹੂਮ ਸਾਬਕਾ ਕੇਂਦਰੀ ਮੰਤਰੀ ਮਨੋਹਰ ਸਿੰਘ ਗਿੱਲ ਕੈਰੋਂ ਨੂੰ ਯਾਦ ਕਰਦਿਆਂ ਦਿੱਤੇ ਭਾਸ਼ਣਾਂ ’ਚ ਇਹ ਕਹਿੰਦੇ ਰਹੇ ਹਨ ਕਿ ਅਮਰੀਕਾ ’ਚ ਬਿਤਾਏ ਸਮੇਂ ਨੇ ਕੈਰੋਂ ਦੇ ਜੀਵਨ ਉੱਤੇ ਕਾਫ਼ੀ ਪ੍ਰਭਾਵ ਪਾਇਆ ਸੀ। ਇਸ ਦੇ ਨਾਲ ਹੀ ਉਹ ਕਹਿੰਦੇ ਸਨ ਕਿ ‘ਕੈਰੋਂ ਪੰਜਾਬ ਨੂੰ ਕੈਲੀਫੌਰਨੀਆ ਬਣਾਉਣਾ ਚਾਹੁੰਦੇ ਸਨ।‘

ਸੀਨੀਅਰ ਪੱਤਰਕਾਰ ਸੁਖਦੇਵ ਸਿੰਘ ਕਹਿੰਦੇ ਹਨ ਕਿ ਕੈਰੋਂ ਦੇ ਕਾਰਜਕਾਲ ਦੌਰਾਨ ਜਿੰਨਾ ਵੀ ਵਿਕਾਸ ਹੋਇਆ ਉਹ ਮਹਿੰਦਰ ਸਿੰਘ ਰੰਧਾਵਾ ਤੇ ਤ੍ਹਿਲੋਚਨ ਸਿੰਘ ਜਿਹੇ ਅਫ਼ਸਰਾਂ ਦੀ ਵਿਉਂਤੀ ਗਈ ਨੀਤੀ ਦੇ ਤਹਿਤ ਹੋਇਆ ਤੇ ਕੈਰੋਂ ਨੇ ਉਸੇ ਵਿੱਚ ਆਪਣੀ ਭੂਮਿਕਾ ਨਿਭਾਈ ਸੀ।

ਸੁਖਦੇਵ ਸਿੰਘ ਮੰਨਦੇ ਹਨ ਕਿ ਕੈਰੋਂ ਦਾ ਆਪਣਾ ਕੋਈ ਵੱਖਰਾ ਵਿਜ਼ਨ ਨਹੀਂ ਸੀ।

ਉਹ ਦੱਸਦੇ ਹਨ, “ਪੰਜਾਬ ਕਾਂਗਰਸ ਵਿਚਲਾ ਹਿੰਦੂ ਗਰੁੱਪ ਕੈਰੋਂ ਦੇ ਪੈਰ ਨਹੀਂ ਲੱਗਣ ਦੇ ਰਿਹਾ ਸੀ, ਇਸ ਲਈ ਉਹ ਕੇਂਦਰੀ ਲੀਡਰਸ਼ਿਪ ਪ੍ਰਤੀ ਵੱਧ ਵਫ਼ਾਦਾਰੀ ਦਿਖਾਉਂਦੇ ਸਨ।”

ਭਾਰਤ ਸਰਕਾਰ ਵੱਲੋਂ ਜਾਰੀ ਕੀਤੀ ਗਈ ਡਾਕ ਟਿਕਟ

ਤਸਵੀਰ ਸਰੋਤ, AmritMahotsav

ਤਸਵੀਰ ਕੈਪਸ਼ਨ, ਭਾਰਤ ਸਰਕਾਰ ਵੱਲੋਂ ਜਾਰੀ ਕੀਤੀ ਗਈ ਡਾਕ ਟਿਕਟ

ਉਹ ਅੱਗੇ ਕਹਿੰਦੇ ਹਨ, “ਇੱਕ ‘ਜੱਟ’ ਆਗੂ ਦੇ ਤੌਰ ’ਤੇ ਨਹਿਰੂ ਦੀ ਨਿਗ੍ਹਾ ਵਿੱਚ ਪ੍ਰਤਾਪ ਸਿੰਘ ਕੈਰੋਂ ਮਾਸਟਰ ਤਾਰਾ ਸਿੰਘ ਦਾ ਮੁਕਾਬਲਾ ਕਰ ਸਕਦੇ ਸਨ।”

ਉਹ ਕਹਿੰਦੇ ਹਨ ਕਿ ਭੀਮ ਸੈਨ ਸੱਚਰ ਤੇ ਪ੍ਰਤਾਪ ਸਿੰਘ ਕੈਰੋਂ ਦੇ ਕਾਰਜਕਾਲ ਦੌਰਾਨ ਹੀ ਭਾਖ਼ੜਾ ਬਿਆਸ ਮੈਨੇਜਮੈਂਟ ਬੋਰਡ ਵਿੱਚ ਰਾਜਸਥਾਨ ਦੀ ਭਾਈਵਾਲੀ ਲਿਆਂਦੀ ਗਈ ਸੀ।

ਉਹ ਅੱਗੇ ਦੱਸਦੇ ਹਨ ਕਿ ਗੋਬਿੰਦਗੜ੍ਹ, ਲੁਧਿਆਣਾ, ਫਰੀਦਾਬਾਦ ਜਿਹੀਆਂ ਇੰਡਸਟ੍ਰੀਅਲ ਏਸਟਟਸ ਤੋਂ ਇਲਾਵਾ ਪੇਂਡੂ ਇਲਾਕਿਆਂ ’ਚ ਵੀ ਵਿਦਿੱਅਕ ਅਦਾਰੇ ਕੈਰੋਂ ਦੇ ਸਮੇਂ ਹੀ ਖੁੱਲ੍ਹੇ ਸਨ।

ਕੈਰੋਂ ਦੀ ਸਿਆਸੀ ਪੁਜੀਸ਼ਨ ਬਾਰੇ ਸੁਖਦੇਵ ਸਿੰਘ ਦੱਸਦੇ ਪ੍ਰਤਾਪ ਸਿੰਘ ਕੈਰੋਂ ਦਾ ਅਕਾਲੀ ਦਲ ਪ੍ਰਤੀ ਵਿਰੋਧ ਨਿਰੋਲ ਵਿਰੋਧ ਨਹੀਂ ਸੀ ਬਲਕਿ ਇਹ ਕਿਹਾ ਜਾ ਸਕਦਾ ਹੈ ਕਿ ਕੈਰੋਂ ਦਾ ਝੁਕਾਅ ਕੇਂਦਰ ਵੱਲ ਸੀ।

ਉੱਥੇ ਹੀ ਪੰਜਾਬ ਯੂਨੀਵਰਸਿਟੀ 'ਚ ਇਤਿਹਾਸ ਦੇ ਪ੍ਰੋਫ਼ੈਸਰ ਐੱਮ ਰਾਜੀਵਲੋਚਨ ਦੱਸਦੇ ਹਨ ਕਿ ਹਾਲਾਂਕਿ ਵਿਕਾਸ ਲਈ ਨੀਤੀਆਂ ਭਾਰਤ ਦੀ ਬ੍ਰਿਟਿਸ਼ ਰਾਜ ਤੋਂ ਆਜ਼ਾਦੀ ਤੋਂ ਪਹਿਲਾਂ ਹੀ ਚੱਲ ਰਹੀਆਂ ਸਨ ਪਰ ਇਹ ਪ੍ਰਤਾਪ ਸਿੰਘ ਦੀ ਮਿਹਨਤ ਦੇ ਸਦਕਾ ਹੀ ਲਾਗੂ ਹੋਈਆਂ।

ਉਹ ਦੱਸਦੇ ਹਨ, "ਕੈਰੋਂ ਇੱਕੋ-ਇੱਕ ਮੁੱਖ ਮੰਤਰੀ ਸਨ ਜਿਨ੍ਹਾਂ ਦੇ ਕੰਮ ਬਾਰੇ ਨਹਿਰੂ ਨੇ ਰਾਜਸਭਾ ਵਿੱਚ ਬੋਲੇ ਸਨ।"

ਉਹ ਦੱਸਦੇ ਹਨ ਕਿ ਪੰਜਾਬ ਵਿੱਚ ਸਨਅਤ ਅਤੇ ਖੇਤੀਬਾੜੀ ਦਾ ਜੋ ਵਿਕਾਸ ਕੈਰੋਂ ਦੇ ਕਾਰਜਕਾਲ ਸਮੇਂ ਹੋਇਆ ਉਹ ਨਾ ਕੈਰੋਂ ਤੋਂ ਪਹਿਲਾਂ ਹੋਇਆ ਤੇ ਨਾਂ ਕੈਰੋਂ ਤੋਂ ਬਾਅਦ।

‘ਪੰਜਾਬੀ ਦਾ ਚੋਟੀ ਦਾ ਬੁਲਾਰਾ’

ਪ੍ਰਤਾਪ ਸਿੰਘ ਕੈਰੋਂ

ਤਸਵੀਰ ਸਰੋਤ, Punjab Digital Library

ਤਸਵੀਰ ਕੈਪਸ਼ਨ, ਪ੍ਰਤਾਪ ਸਿੰਘ ਕੈਰੋਂ ਨੇ ਇੱਕ ਚੋਟੀ ਦੇ ਪੰਜਾਬੀ ਦੇ ਬੁਲਾਰੇ ਵਜੋਂ ਵੀ ਚੇਤੇ ਕੀਤਾ ਜਾਂਦਾ

ਪ੍ਰਤਾਪ ਸਿੰਘ ਕੈਰੋਂ ਨੇ ਇੱਕ ਚੋਟੀ ਦੇ ਪੰਜਾਬੀ ਦੇ ਬੁਲਾਰੇ ਵਜੋਂ ਵੀ ਚੇਤੇ ਕੀਤਾ ਜਾਂਦਾ ਹੈ।

ਸੀਨੀਅਰ ਪੱਤਰਕਾਰ ਸੁਖਦੇਵ ਸਿੰਘ ਕਹਿੰਦੇ ਹਨ ਕਿ ਉਨ੍ਹਾਂ ਨੂੰ ਕਈ ਵਾਰ ਕੈਰੋਂ ਦੇ ਭਾਸ਼ਣ ਸੁਣਨ ਦਾ ਮੌਕਾ ਮਿਲਿਆ।

ਉਹ ਦੱਸਦੇ ਹਨ, “ਉਹ ਪੰਜਾਬੀ ਦੇ ਬਹੁਤ ਚੰਗੇ ਬੁਲਾਰੇ ਸਨ, ਉਹ ਪਿੰਡਾਂ ਦੇ ਲੋਕਾਂ ਨਾਲ ਬਹੁਤ ਚੰਗੇ ਅੰਦਾਜ਼ ’ਚ ਸੰਵਾਦ ਕਰਦੇ ਸਨ ਤੇ ਉਨ੍ਹਾਂ ਦੀ ਦੇਸੀ ਬੋਲੀ ਦੀ ਲੋਕਾਂ ਨੂੰ ਪੂਰੀ ਸਮਝ ਪੈਂਦੀ ਸੀ।”

ਪੰਜਾਬ ਸਰਕਾਰ ਨੇ ਉਨ੍ਹਾਂ ਦੇ ਰੇਡੀਓ 'ਤੇ ਦਿੱਤੇ ਭਾਸ਼ਣ ਇੱਕ ‘ਨਵਾਂ ਪੰਜਾਬ’ ਨਾਂ ਦੇ ਕਿਤਾਬਚੇ ਦੇ ਰੂਪ ਵਿੱਚ ਛਾਪੇ ਸਨ।

ਇੱਕ ਭਾਸ਼ਣ 'ਚ ਉਹ ਹਰੇ ਇਨਕਲਾਬ ਦੀਆਂ ਬਰੂਹਾਂ 'ਤੇ ਖੜ੍ਹੇ ਪੰਜਾਬੀਆਂ ਅੱਗੇ ਕੁਝ ਇਸ ਤਰ੍ਹਾਂ ਅਪੀਲ ਕਰਦੇ ਹਨ, "ਮੈਂ ਆਪਣੇ ਪੰਜਾਬੀ ਵੀਰਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਜ਼ਮੀਨ ਦੇ ਹਰ ਟੋਟੇ, ਪਿੰਡ, ਬਲਾਕ ਤੇ ਜ਼ਿਲ੍ਹੇ ਨੂੰ ਜ਼ਿਆਦਾ ਪੈਦਾਵਾਰ ਹਾਸਲ ਕਰਨ ਲਈ ਮੁਕਾਬਲੇ ਦਾ ਅਖ਼ਾੜਾ ਬਣਾਉਣ।"

"ਇਸ ਲਈ ਮੈਂ ਫ਼ਿਰ ਇੱਕ ਵਾਰ ਇੱਕ ਗੱਲ ਉੱਤੇ ਜ਼ੋਰ ਦੇਣਾ ਚਾਹੁੰਦਾ ਹਾਂ ਜਿਹੜੀ ਇਹ ਮੁਹਿੰਮ ਸ਼ੁਰੂ ਕੀਤੀ ਗਈ ਹੈ, ਇਸ ਨੂੰ ਪੂਰਨ ਭਾਂਤ ਕਾਮਯਾਬ ਕਰਨ ਲਈ ਹਰ ਇੱਕ ਪਿੰਡ ਵਾਸੀ ਤੇ ਸਬੰਧਤ ਮਹਿਕਮਿਆਂ ਦੇ ਕਰਮਚਾਰੀ ਉੱਨੀ ਦੇਰ ਤੱਕ ਅਰਾਮ ਨਾਲ ਨਾ ਬੈਠਣ ਜਦ ਤੱਕ ਇਨ੍ਹਾਂ ਫ਼ਸਲਾਂ ਦੀ ਅਸੀਂ ਦੇਸ ਵਿੱਚ ਵਧੇਰੇ ਪੈਦਾਵਾਰ ਦਾ ਰਿਕਾਰਡ ਨਹੀਂ ਕਾਇਮ ਕਰ ਲੈਂਦੇ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)