You’re viewing a text-only version of this website that uses less data. View the main version of the website including all images and videos.
ਸਮੋਗ ਤੁਹਾਡੀ ਸਿਹਤ ਲਈ ਕਿੰਨੀ ਖ਼ਤਰਨਾਕ ਹੈ, ਬਚਾਅ ਬਾਰੇ ਡਾਕਟਰ ਕੀ ਸਲਾਹ ਦਿੰਦੇ ਹਨ
- ਲੇਖਕ, ਵਿਕਟੋਰੀਆ ਲਿੰਡਰੀਆ
- ਰੋਲ, ਬੀਬੀਸੀ ਨਿਊਜ਼
ਭਾਰਤ ਅਤੇ ਪਾਕਿਸਤਾਨ ਵਿੱਚ ਹਰ ਪਾਸੇ ਜ਼ਹਿਰਿਲੇ ਧੂੰਏਂ ਦੀ ਚਾਦਰ ਛਾਈ ਹੋਈ ਹੈ। ਸੈਟੇਲਾਈਟ ਤਸਵੀਰਾਂ ਵਿੱਚ ਦਿੱਲੀ ਅਤੇ ਲਾਹੌਰ ਵਿੱਚ ਇੱਕ ਸੰਘਣੀ ਧੁੰਦ ਦਾ ਗੁਬਾਰ ਬਣਿਆ ਦਿਖਾਈ ਦਿੰਦਾ ਹੈ।
ਆਈਕਿਊਏਅਰ ਆਲਮੀ ਹਵਾ ਦੀ ਗੁਣਵੱਤਾ ਨੂੰ ਮਾਪਤਾ ਹੈ। ਇਸ ਦੇ ਮੁਤਾਬਕ ਮੰਗਲਵਾਰ ਨੂੰ 14 ਮਿਲੀਅਨ ਦੀ ਆਬਾਦੀ ਵਾਲੇ ਲਾਹੌਰ ਵਿੱਚ ਏਕਿਊਆਈ 400 ਦਰਜ ਕੀਤਾ ਗਿਆ ਹੈ।
ਏਕਿਊਆਈ ਮੁਤਾਬਕ 0 ਤੋਂ 50 ਵਿਚਾਲੇ ਹਵਾ ਨੂੰ ਸਾਫ ਮੰਨਿਆ ਜਾਂਦਾ ਹੈ। ਇਸ ਤੋਂ ਬਾਅਦ ਏਕਿਊਆਈ ਦਾ 300 ਪਾਰ ਦਾ ਅੰਕੜਾ ਖਤਰਨਾਕ ਦਰਜ ਕੀਤਾ ਜਾਂਦਾ ਹੈ।
ਪਾਕਿਸਤਾਨ ਵਿੱਚ ਇਸ ਮਹੀਨੇ ਦੇ ਸ਼ੁਰੂ ਵਿੱਚ 1900 ਏਕਿਊਆਈ ਦਾ ਰਿਕਾਰਡ ਉੱਚ ਪੱਧਰ ਦਰਜ ਕੀਤਾ ਗਿਆ ਸੀ।
ਸਕੂਲ ਅਤੇ ਪਾਰਕ ਬੰਦ ਕਰ ਦਿੱਤੇ ਗਏ ਹਨ, ਵਪਾਰਕ ਘੰਟੇ ਸੀਮਤ ਕਰ ਦਿੱਤੇ ਗਏ ਹਨ ਅਤੇ ਬਾਹਰੀ ਸਮਾਗਮਾਂ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ।
ਪਰ ਇਥੇ ਰਹਿਣ ਵਾਲੇ ਲੋਕ ਆਪਣੇ ਆਪ ਨੂੰ ਇਸ ਜ਼ਹਿਰਿਲੇ ਧੂੰਏਂ ਤੋਂ ਕਿਵੇਂ ਬਚਾ ਸਕਦੇ ਹਨ ਅਤੇ ਇਹ ਉਪਾਅ ਪ੍ਰਭਾਵਸ਼ਾਲੀ ਕਿਵੇਂ ਹਨ?
ਇਹ ਲੰਬੇ ਸਮੇਂ ਤੋਂ ਸਾਫ਼ ਹੋ ਚੁੱਕਾ ਹੈ ਕਿ ਗੰਦਲੀ ਹਵਾ ਲੋਕਾਂ ਲਈ ਨੁਕਸਾਨਦਾਇਕ ਹੈ।
ਵਿਸ਼ਵ ਸਿਹਤ ਸੰਗਠਨ ਅਨੁਸਾਰ 2019 ਵਿੱਚ ਬਾਹਰੀ ਹਵਾ ਪ੍ਰਦੂਸ਼ਣ ਕਾਰਨ ਕਰੀਬ 4.2 ਮਿਲੀਅਨ ਲੋਕਾਂ ਦੀ ਮੌਤ ਹੋਣ ਦਾ ਅਨੁਮਾਨ ਹੈ।
ਛੋਟੇ ਕਣਾਂ ਨੂੰ ਪਾਰਟੀਕੁਲੇਟ ਮੈਟਰ ਜਾਂ ਪੀਐਮ ਕਿਹਾ ਜਾਂਦਾ ਹੈ, ਜੋ ਫੇਫੜਿਆਂ ਰਾਹੀਂ ਖੂਨ ਦੇ ਪ੍ਰਵਾਹ ਵਿੱਚ ਦਾਖਲ ਹੋ ਕੇ ਸਰੀਰ ਦੇ ਅੰਦਰ ਤੱਕ ਪਹੁੰਚ ਸਕਦੇ ਹਨ।
ਇਨ੍ਹਾਂ ਦੇ ਕਾਰਨ ਦਿਲ ਦੀ ਬਿਮਾਰੀ, ਦਿਲ ਦਾ ਦੌਰਾ ਜਾਂ ਫੇਫੜਿਆਂ ਦੇ ਕੈਂਸਰ ਦੇ ਖ਼ਤਰੇ ਹੋ ਸਕਦੇ ਹਨ।
ਆਈਕਿਊਏਅਰ ਦੀ ਰਿਪੋਰਟ ਅਨੁਸਾਰ ਲਾਹੌਰ ਵਿੱਚ ਮੰਗਲਵਾਰ ਨੂੰ ਪੀਐੱਮ 2.5 ਸਿਫਾਰਸ਼ ਕੀਤੇ ਦਿਸ਼ਾ-ਨਿਰਦੇਸ਼ਾਂ ਤੋਂ 50 ਗੁਣਾਂ ਵੱਧ ਪਾਏ ਗਏ ਹਨ।
ਪੰਜਾਬ ਸਰਕਾਰ ਨੇ ਇਸ ਹਫ਼ਤੇ ਕਿਹਾ ਸੀ, “ਬੈਕਟੀਰੀਆ ਜਾਂ ਵਾਇਰਲ ਇਨਫੈਕਸ਼ਨ, ਧੂੰਏਂ, ਧੂੜ ਜਾਂ ਰਸਾਇਣਕ ਸੰਪਰਕ ਦੇ ਕਾਰਨ ਗੁਲਾਬੀ ਅੱਖਾਂ ਦੀ ਬਿਮਾਰੀ ਫੈਲਣਾ ਜਨਤਕ ਸਿਹਤ ਲਈ ਇੱਕ ਗੰਭੀਰ ਖਤਰਾ ਹੈ।”
ਸਿਹਤ ਅਧਿਕਾਰੀਆਂ ਨੇ ਕਿਹਾ ਕਿ ਇਸ ਖੇਤਰ ਦੇ 40,000 ਤੋਂ ਵੱਧ ਲੋਕ, ਜੋ ਦਮੇ, ਗਲੇ ਵਿੱਚ ਖਰਾਸ਼ ਤੇ ਖੰਘ ਦੀ ਸ਼ਿਕਾਇਤ ਕਰ ਰਹੇ ਸਨ, ਦਾ ਪਹਿਲਾਂ ਹੀ ਇਲਾਜ ਕੀਤਾ ਜਾ ਚੁੱਕਾ ਹੈ।
ਅੰਦਰ ਰਹੋ, ਸਾਵਧਾਨ ਰਹੋ
ਹੁਣ ਅਹਿਮ ਸਵਾਲ ਹੈ ਕਿ ਇਸ ਧੂੰਏਂ ਤੋਂ ਆਪਣੇ ਆਪ ਨੂੰ ਬਚਾਉਣ ਲਈ ਤੁਹਾਨੂੰ ਕੀ ਕਰਨਾ ਚਾਹੀਦਾ ਹੈ?
ਸਥਾਨਕ ਖਬਰਾਂ ਸੁਣ ਕੇ ਅਤੇ ਹਵਾ ਦੇ ਏਕਿਊਆਈ ਦੀ ਜਾਂਚ ਕਰ ਕੇ ਹਵਾ ਦੀ ਗੁਣਵੱਤਾ ਦੀ ਨਿਗਰਾਨੀ ਰੱਖਣੀ ਸ਼ੁਰੂ ਕਰੋ। ਜੇ ਸੰਭਵ ਹੋ ਸਕੇ ਤਾਂ ਇਸ ਦੀ ਜਾਣਕਾਰੀ ਆਨਲਾਈਨ ਜਾਂ ਐਪ ਦੀ ਵਰਤੋਂ ਕਰ ਕੇ ਵੀ ਲਈ ਜਾ ਸਕਦੀ ਹੈ।
ਧੂੰਏਂ ਦੀਆਂ ਘਟਨਾਵਾਂ ਵਿਚਾਲੇ ਅਧਿਕਾਰਤ ਸਲਾਹ ਦਿੱਤੀ ਗਈ ਹੈ ਕਿ ਜਿੱਥੇ ਵੀ ਸੰਭਵ, ਹੋਵੇ ਨੌਜਵਾਨ ਖਾਸਕਰ ਬਜ਼ੁਰਗ ਜਾਂ ਸਿਹਤ ਪੱਖੋਂ ਕਮਜ਼ੋਰ ਲੋਕ ਘਰ ਦੇ ਅੰਦਰ ਹੀ ਰਹਿਣ।
ਮਾਸਕ ਦੇ ਫਾਇਦੇ
ਜੇ ਧੂੰਏਂ ਤੋਂ ਬਚਣਾ ਅਸੰਭਵ ਹੈ ਤਾਂ ਕੁਝ ਸਾਧਾਰਨ ਰੋਕਥਾਮ ਵਾਲੇ ਤਰੀਕੇ ਅਪਣਾਏ ਜਾ ਸਕਦੇ ਹਨ। ਸਭ ਤੋਂ ਜ਼ਰੂਰੀ ਹੈ ਆਪਣਾ ਚਿਹਰੇ ਨੂੰ ਢਕੋ, ਖਾਸਕਰ ਆਪਣੇ ਮੂੰਹ ਤੇ ਨੱਕ ਨੂੰ ਚੰਗੀ ਤਰ੍ਹਾਂ ਢੱਕ ਕੇ ਰੱਖੋ।
ਸਮੋਗ ਸ਼ਬਦ ਤੋਂ ਸਾਫ ਹੁੰਦਾ ਹੈ ਕਿ ਇਹ ਧੂੰਏਂ ਤੇ ਧੁੰਦ ਦੇ ਮਿਸ਼ਰਨ ਤੋਂ ਬਣਿਆ ਹੈ। ਇਹ ਸਲੇਟੀ ਰੰਗਾ ਹੈ ਅਤੇ ਇਸ ਵਿਚੋਂ ਲੰਘਣਾ ਮੁਸ਼ਕਲ ਹੈ। ਇਸ ਵਿਚੋਂ ਕੁਝ ਫੂਕੇ ਜਾਣ ਦੀ ਗੰਧ ਆਉਂਦੀ ਹੈ ਅਤੇ ਇਹ ਫੇਫੜਿਆਂ ਵਿੱਚ ਜਾ ਕੇ ਨੁਕਸਾਨ ਪਹੁੰਚਾਉਂਦਾ ਹੈ।
ਅਜਿਹਾ ਮੰਨਿਆ ਜਾਂਦਾ ਹੈ ਕਿ ਇਕ ਫੇਸ ਮਾਸਕ ਤੁਹਾਡੇ ਅੰਦਰ ਪ੍ਰਦੂਸ਼ਣ ਦੇ ਕਣਾਂ ਨੂੰ ਜਾਣ ਤੋਂ ਰੋਕਦਾ ਹੈ। ਜਿਸ ਮਾਸਕ ਨੂੰ ਤੁਸੀਂ ਵਰਤ ਰਹੇ ਹੋ, ਉਸ ਦੀ ਕਿਸਮ ਤੇ ਫਿਟਿੰਗ ਬਾਰੇ ਚੰਗੀ ਤਰ੍ਹਾਂ ਧਿਆਨ ਦੇਣਾ ਚਾਹੀਦਾ ਹੈ।
ਵਿਗਿਆਨੀਆਂ ਵੱਲੋਂ 2020 ਵਿੱਚ ਕੀਤੇ ਇੱਕ ਅਧਿਐਨ ਵਿੱਚ ਸਾਹਮਣੇ ਆਇਆ ਕਿ ਮਾਈਕ੍ਰੋਪੋਲੂਟੈਂਟਸ ਦੇ ਮੁਕਾਬਲੇ ਫੈਬਰਿਕ ਮਾਸਕ ਸਿਰਫ ਮਾਮੂਲੀ ਸੁਰੱਖਿਆ ਹੀ ਪ੍ਰਦਾਨ ਕਰਦੇ ਹਨ, ਜਦੋਂਕਿ ਇੱਕ ਐੱਨ95 (ਜਾਂ ਐੱਫਐੱਫਪੀ2) ਫੇਸ ਮਾਸਕ ਇੱਕ ਫਿਲਟਰ ਪਰਤ ਸਣੇ ਕਈ ਪਰਤਾਂ ਬਣਾ ਕੇ ਪ੍ਰਦੂਸ਼ਣ ਦੇ ਕਣਾਂ ਨੂੰ ਰੋਕਣ ਵਿੱਚ ਸੁਰੱਖਿਆ ਪ੍ਰਦਾਨ ਕਰ ਸਕਦੇ ਹਨ।
ਵਿਸ਼ਵ ਸਿਹਤ ਸੰਗਠਨ ਕਹਿੰਦਾ ਹੈ ਕਿ ਐੱਫਐੱਫਪੀ2 (ਯੂਰਪੀਅਨ ਸਟੈਂਡਰਡ) ਨੂੰ ਘੱਟੋ-ਘੱਟ 94 ਫੀਸਦ ਹਵਾ ਵਾਲੇ ਕਣਾਂ ਨੂੰ ਫਿਲਟਰ ਕਰਨਾ ਚਾਹੀਦਾ ਹੈ, ਜਦੋਂਕਿ ਐੱਨ95 (ਯੂਐੱਸ ਸਟੈਂਡਰਡ) ਨੂੰ ਘੱਟੋ-ਘੱਟ 95 ਫ਼ੀਸਦ ਫਿਲਟਰ ਕਰਨਾ ਚਾਹੀਦਾ ਹੈ।
ਦੂਜੇ ਪਾਸੇ ਕੋਈ ਵੀ ਮਾਸਕ ਬਿਨਾਂ ਮਾਸਕ ਲਏ ਨਾਲੋਂ ਬਿਹਤਰ ਹੀ ਹੈ। ਵਿਆਪਕ ਤੌਰ ’ਤੇ ਉਪਲਬਧ ਸਰਜੀਕਲ ਮਾਸਕ, ਫੈਬਰਿਕ ਮਾਸਕ ਨਾਲੋਂ ਹਵਾ ਪ੍ਰਦੂਸ਼ਣ ਦੇ ਵੱਡੇ ਕਣਾਂ ਦੇ ਵਿਰੁੱਧ ਵਧੇਰੇ ਸੁਰੱਖਿਆ ਪ੍ਰਦਾਨ ਕਰਦੇ ਹਨ ਪਰ ਮਾਸਕ ਨੂੰ ਸਿਰਫ ਇੱਕ ਵਾਰ ਲਈ ਹੀ ਵਰਤਣਾ ਚਾਹੀਦਾ ਹੈ।
ਮਾਸਕ ਸਿਰਫ ਤਾਂ ਹੀ ਵਧੀਆ ਸੁਰੱਖਿਆ ਪ੍ਰਦਾਨ ਕਰਦੇ ਹਨ ਜੇ ਉਨ੍ਹਾਂ ਨੂੰ ਚੰਗੀ ਤਰ੍ਹਾਂ ਫਿੱਟ ਕਰ ਕੇ ਚਿਹਰੇ ’ਤੇ ਪਹਿਨਿਆਂ ਜਾਵੇ ਅਤੇ ਅਕਸਰ ਇਨ੍ਹਾਂ ਨੂੰ ਬਦਲਣਾ ਚਾਹੀਦਾ ਹਨ।
ਮਾਸਕ ਨੂੰ ਸਹੀ ਢੰਗ ਨਾਲ ਪਹਿਨਣ ਲਈ ਚਿਹਰੇ ਅਤੇ ਵਾਲਾਂ ਵੱਲ ਧਿਆਨ ਦਿੱਤਾ ਜਾਣਾ ਚਾਹੀਦਾ ਹੈ ਅਤੇ ਮਾਸਕ ਮੂੰਹ ਅਤੇ ਨੱਕ ਦੋਵਾਂ ਉੱਤੇ ਚੰਗੀ ਤਰ੍ਹਾਂ ਪਹਿਨਿਆਂ ਜਾਣਾ ਚਾਹੀਦਾ ਹੈ।
ਏਅਰ ਪਿਊਰੀਫਾਇਰ ਦੀ ਵਰਤੋਂ
ਜਦੋਂ ਅਸੀਂ ਦਰਵਾਜ਼ੇ ਜਾਂ ਖਿੜਕੀਆਂ ਖੋਲ੍ਹਦੇ ਹਾਂ ਅਤੇ ਬਾਹਰੀ ਹਵਾ ਅੰਦਰ ਆਉਣ ਦਿੰਦੇ ਹਾਂ ਤੇ ਉਸ ਨਾਲ ਸਮੋਗ ਵੀ ਆਉਂਦੀ ਹੈ। ਇਸ ਲਈ ਸਭ ਤੋਂ ਪਹਿਲਾਂ ਜੇ ਬਾਹਰ ਭਾਰੀ ਧੂੰਆਂ ਹੈ ਤਾਂ ਇਸ ਦੌਰਾਨ ਖਿੜਕੀਆਂ ਅਤੇ ਦਰਵਾਜ਼ਿਆਂ ਨੂੰ ਜਿੰਨਾ ਸੰਭਵ ਹੋ ਸਕੇ ਬੰਦ ਰੱਖਣਾ ਚਾਹੀਦਾ ਹੈ।
ਧੂੰਏਂ ਦੇ ਮਾੜੇ ਪ੍ਰਭਾਵਾਂ ਦਾ ਮੁਕਾਬਲਾ ਕਰਨ ਲਈ ਏਅਰ ਪਿਊਰੀਫਾਇਰ ਇੱਕ ਹੋਰ ਸਾਧਨ ਹੈ।
ਇਹ ਪੋਰਟੇਬਲ ਮਕੈਨੀਕਲ ਫਿਲਟਰ ਹਵਾ ਦੇ ਕਣਾਂ ਨੂੰ ਰੋਕਦੇ ਹਨ ਅਤੇ ਧੂੜ ਦੇ ਕਣਾਂ ਤੇ ਧੂੰਏਂ ਵਰਗੀ ਗੰਦਗੀ ਨੂੰ ਹਟਾ ਕੇ ਘਰ ਦੇ ਅੰਦਰ ਹਵਾ ਦੀ ਗੁਣਵੱਤਾ ਵਿੱਚ ਸੁਧਾਰ ਕਰਦੇ ਹਨ।
ਗੋਲਡ ਸਟੈਂਡਰਡ ਇੱਕ ਹੇਪਾ (ਹਾਈ ਐਫੀਸ਼ੀਐਂਸੀ ਪਾਰਟੀਕੁਲੇਟ ਏਅਰ) ਫਿਲਟਰ ਹੈ, ਜੋ ਆਮ ਤੌਰ ’ਤੇ ਵਧੇਰੇ ਆਧੁਨਿਕ ਜਹਾਜ਼ਾਂ ਵਿੱਚ ਪਾਇਆ ਜਾਂਦਾ ਹੈ।
ਅਧਿਕਾਰਤ ਤੌਰ 'ਤੇ ਮਾਨਤਾ ਪ੍ਰਾਪਤ ਹੇਪਾ ਫਿਲਟਰ “ਆਕਾਰ ਵਿੱਚ 0.3 ਮਾਈਕਰੋਨ ਤੋਂ ਵੱਧ ਹਵਾ ਵਾਲੇ ਕਣਾਂ ਨੂੰ 99.97 ਪ੍ਰਤੀਸ਼ਤ ਬਲੌਕ ਅਤੇ ਰੋਕਦਾ ਹੈ।”
ਪਰ ਆਕਾਰ ਮਾਇਨੇ ਰੱਖਦਾ ਹੈ। ਜਿਸ ਕਮਰੇ ਵਿੱਚ ਏਅਰ ਪਿਊਰੀਫਾਇਰ ਨੂੰ ਵਰਤਿਆ ਜਾਣਾ ਹੈ, ਉਸ ਦਾ ਆਕਾਰ ਕਮਰੇ ਦੇ ਆਕਾਰ ਦੇ ਅਨੁਕੂਲ ਹੋਣਾ ਚਾਹੀਦਾ ਹੈ।
ਕੁਝ ਡਿਵਾਈਸਾਂ ਵਿੱਚ ਬਿਲਟ-ਇਨ ਪਾਰਟੀਕੁਲੇਟ ਮੈਟਰ ਸੈਂਸਰ ਹੁੰਦੇ ਹਨ, ਜੋ ਹਵਾ ਵਿੱਚ ਕਣਾਂ ਦੇ ਗਾੜ੍ਹੇਪਣ ਨੂੰ ਮਾਪਦੇ ਹਨ ਅਤੇ ਪੀਐੱਮ 2.5 ਦਾ ਪੱਧਰ ਵਧਣ ’ਤੇ ਫਿਲਟਰੇਸ਼ਨ ਸ਼ੁਰੂ ਕਰਦੇ ਹਨ। ਇਹ ਊਰਜਾ ਦੀ ਵਰਤੋਂ ਅਤੇ ਲਾਗਤ ਨੂੰ ਸੀਮਤ ਕਰਨ ਵਿੱਚ ਮਦਦ ਕਰ ਸਕਦਾ ਹੈ। ਇਸ ਨਾਲ ਮਸ਼ੀਨ ਉਦੋਂ ਹੀ ਚਾਲੂ ਹੋਵੇਗੀ ਜਦੋਂ ਵਾਯੂਮੰਡਲ ਵਿੱਚ ਧੂੰਏਂ ਦਾ ਪੱਧਰ ਤੈਅ ਹੋਵੇਗਾ।
ਆਕਸੀਜਨ ਬਾਰ
ਕੁਝ ਆਕਸੀਜਨ ‘ਬਾਰ’ ਉੱਤੇ ਜਾਣ ਬਾਰੇ ਵੀ ਵਿਚਾਰ ਕਰ ਸਕਦੇ ਹਨ।
ਆਕਸੀਜਨ ਬਾਰ ‘ਏਅਰ ਸਟੇਸ਼ਨਾਂ’ ਦੀ ਜਾਪਾਨੀ ਧਾਰਨਾ ਤੋਂ ਵਿਕਸਤ ਹੋਈ ਹੈ। ਇਹ ਉਹ ਬੂਥ ਹਨ, ਜਿੱਥੇ ਨਾਗਰਿਕ ਥੋੜ੍ਹੇ ਸਮੇਂ ਲਈ ਸਾਫ਼ ਹਵਾ ਦਾ ਸਾਹ ਲੈ ਸਕਦੇ ਸਨ। ਇਹ ਪਹਿਲੀ ਵਾਰ 1980 ਦੇ ਦਹਾਕੇ ਵਿੱਚ ਜਾਪਾਨ ਦੇ ਪ੍ਰਦੂਸ਼ਿਤ ਸ਼ਹਿਰਾਂ ਵਿੱਚ ਸਾਹਮਣੇ ਆਏ ਸਨ।
ਉੱਤਰੀ ਅਮਰੀਕਾ ਦੇ ਕੁਝ ਹਿੱਸਿਆਂ ਵਿੱਚ 1990 ਦੇ ਦਹਾਕੇ ਦੌਰਾਨ ਇਹ ‘ਆਕਸੀਜਨ ਬਾਰ’ ਪ੍ਰਚਲਿਤ ਹੋਈ। ਇਹ ਬਾਰ ਗਾਹਕਾਂ ਨੂੰ ਪਲਾਸਟਿਕ ਦੀਆਂ ਟਿਊਬਾਂ ਰਾਹੀਂ ਜਾਂ ਮਾਸਕ ਰਾਹੀਂ ਆਕਸੀਜਨ ਦੇ ਕੇ ਸਾਹ ਲੈਣ ਦੀ ਇਜਾਜ਼ਤ ਦਿੰਦੇ ਹਨ। ਕਈ ਵਾਰ ਇਸ ਨੂੰ ਕਿਸੇ ‘ਸੁਆਦ’ ਜਾਂ ਖੁਸ਼ਬੂ ਦੇ ਨਾਲ ਵੀ ਦਿੱਤਾ ਜਾਂਦਾ ਹੈ।
ਹਾਲਾਂਕਿ ਅਮਰੀਕਨ ਲੰਗ ਐਸੋਸੀਏਸ਼ਨ ਨੇ ਪਹਿਲਾਂ ਕਿਹਾ ਹੈ ਕਿ ਆਕਸੀਜਨ ਨਾਲ ਸਾਹ ਲੈਣ ਨਾਲ “ਲਾਹੇਵੰਦ ਸਰੀਰਕ ਪ੍ਰਭਾਵ ਹੋਣ ਦੀ ਸੰਭਾਵਨਾ ਨਹੀਂ ਹੈ” ਅਤੇ ਇਸ ਦੀ ਵਰਤੋਂ ਨੂੰ ਕੁਝ ਮਾਹਰਾਂ ਨੇ ਨਕਾਰਿਆ ਵੀ ਹੈ ਅਤੇ ਕੁਝ ਅਮਰੀਕੀ ਰਾਜਾਂ ਵਿੱਚ ਇਸ ਦੀ ਮਨਾਹੀ ਹੈ।
ਜੇਕਰ ਤੁਹਾਡੀ ਸਾਹ ਪ੍ਰਣਾਲੀ ਠੀਕ ਹੈ ਤਾਂ ਆਕਸੀਜਨ ਬਾਰ ਨੁਕਸਾਨਦੇਹ ਹੋ ਸਕਦੀਆਂ ਹਨ ਅਤੇ ਇਨ੍ਹਾਂ ਤੋਂ ਬਚਣਾ ਚਾਹੀਦਾ ਹੈ।
ਇਮਿਊਨਿਟੀ ਸਿਸਟਮ ਮਜ਼ਬੂਤ ਕਰਨ ਦੀ ਜ਼ਰੂਰਤ
ਡਾਕਟਰ ਸਲਾਹ ਦਿੰਦੇ ਹਨ ਕਿ ਜਿਹੜੇ ਲੋਕ ਧੂੰਏਂ ਵਾਲੇ ਖੇਤਰਾਂ ਵਿੱਚ ਰਹਿੰਦੇ ਹਨ, ਉਹ ਆਪਣੀ ਇਮਿਊਨਿਟੀ ਸਿਸਟਮ ਨੂੰ ਮਜ਼ਬੂਤ ਕਰਨ ਅਤੇ ਧੂੰਏਂ ਦੇ ਮਾੜੇ ਪ੍ਰਭਾਵਾਂ ਨਾਲ ਲੜਣ ਲਈ ਆਪਣੇ ਆਪ ਨੂੰ ਬਿਹਤਰ ਸਥਿਤੀ ਵਿੱਚ ਰੱਖਣ।
ਮੌਜੂਦਾ ਸਥਿਤੀਆਂ ਦੇ ਮੱਦੇਨਜ਼ਰ ਬਾਹਰ ਕਸਰਤ ਕਰਨਾ ਮੁਸ਼ਕਲ ਹੋ ਸਕਦਾ ਹੈ ਪਰ ਮਾਹਿਰ ਸਿਹਤਮੰਦ ਖੁਰਾਕ ਬਣਾਈ ਰੱਖਣ ਅਤੇ ਬਹੁਤ ਸਾਰਾ ਪਾਣੀ ਪੀ ਕੇ ਹਾਈਡਰੇਟ ਰਹਿਣ ਦੀ ਸਲਾਹ ਦਿੰਦੇ ਹਨ।
ਜਦੋਂ ਪ੍ਰਦੂਸ਼ਣ ਕਾਰਨ ਸ਼ੁਰੂ ਹੋਏ ਲੱਛਣ ਜਿਵੇਂ ਖੰਘ, ਗਲੇ ਵਿੱਚ ਖਰਾਸ਼ ਜਾਂ ਸਿਰ ਦਰਦ ਹੋਵੇ ਤਾਂ ਭਾਫ ਨਾਲ ਸਾਹ ਲੈਣਾ ਅਤੇ ਹਰਬਲ ਚਾਹ ਪੀਣਾ ਚੰਗੇ ਇਲਾਜੇ ਵਿਚੋਂ ਇੱਕ ਹੈ।
ਪ੍ਰਦੂਸ਼ਣ ਦਾ ਅਸਰ
ਮਨੁੱਖੀ ਸਰੀਰ ਵਿੱਚ ਪ੍ਰਦੂਸ਼ਣ ਦੇ ਵੱਖ-ਵੱਖ ਆਕਾਰਾਂ ਦੇ ਕਣ ਪਾਏ ਗਏ ਹਨ। ਇਸ ਲਈ ਮਾਹਿਰਾਂ ਦਾ ਕਹਿਣਾ ਹੈ ਕਿ ਜਿੰਨਾ ਸੰਭਵ ਹੋ ਸਕੇ ਆਪਣੇ ਆਪ ਨੂੰ ਪ੍ਰਦੂਸ਼ਣ ਤੋਂ ਬਚਾਉਣ ਦੀ ਕੋਸ਼ਿਸ਼ ਕਰਨਾ ਬਹੁਤ ਜ਼ਰੂਰੀ ਹੈ।
ਜੇ ਕਿਸੇ ਤਰ੍ਹਾਂ ਦਾ ਉਪਾਅ ਨਹੀਂ ਕੀਤਾ ਜਾਂਦਾ ਤਾਂ ਪ੍ਰਦੂਸ਼ਣ ਦਾ ਪ੍ਰਭਾਵ ਪੈਣਾ ਸਪੱਸ਼ਟ ਹੈ। ਇਸ ਦਾ ਪ੍ਰਭਾਵ ਸਿਰਫ ਕਮਜ਼ੋਰ ਲੋਕਾਂ ਨੂੰ ਹੀ ਖਤਰੇ ਵਿੱਚ ਨਹੀਂ ਪਾਉਂਦਾ ਬਲਕਿ ਉਨ੍ਹਾਂ ਸਾਰੇ ਉਮਰ ਵਰਗ ਦੇ ਲੋਕਾਂ ਲਈ ਖਤਰਾ ਹੈ, ਜਿਨ੍ਹਾਂ ਦਾ ਇਮਿਊਨਿਟੀ ਸਿਸਟਮ ਮਜ਼ਬੂਤ ਨਹੀਂ ਹੈ।
ਸਭ ਤੋਂ ਵੱਧ ਪ੍ਰਦੂਸ਼ਣ ਦੇ ਕਣ ਨੱਕ ਵਿੱਚ ਫਸਦੇ ਹਨ।
ਪਰ ਛੋਟੇ ਕਣ ਜਿਵੇਂ ਕਿ ਪੀਐੱਮ2.5, ਫੇਫੜਿਆਂ ਅਤੇ ਖੂਨ ਦੇ ਪ੍ਰਵਾਹ ਵਿੱਚ ਆਪਣੀ ਥਾਂ ਬਣਾ ਲੈਂਦੇ ਹਨ। ਇਹ ਲੋਕਾਂ ਨੂੰ ਦਮਾ, ਦਿਲ ਦੇ ਦੌਰੇ ਦੇ ਵੱਧ ਜ਼ੋਖਮ ਵਿੱਚ ਪਾ ਸਕਦੇ ਹਨ।
ਵਿਗਿਆਨੀ ਪ੍ਰਦੂਸ਼ਣ ਅਤੇ ਦਿਮਾਗੀ ਕਮਜ਼ੋਰੀ ਦੇ ਵਿਚਕਾਰ ਇੱਕ ਸੰਭਾਵੀ ਸਬੰਧ ਦੀ ਖੋਜ ਵੀ ਕਰ ਰਹੇ ਹਨ। 2018 ਜੇ ਇੱਕ ਵੱਡੇ ਚੀਨੀ ਅਧਿਐਨ ਵਿੱਚ ਪ੍ਰਦੂਸ਼ਣ ਦੇ ਉੱਚ ਪੱਧਰਾਂ ਅਤੇ ਘਟੇ ਹੋਏ ਬੋਧਾਤਮਕ ਪ੍ਰਦਰਸ਼ਨ ਪੱਧਰਾਂ ਵਿਚਕਾਰ ਇੱਕ ਸਬੰਧ ਪਾਇਆ ਗਿਆ ਸੀ।
“ਕਲੀਅਰਿੰਗ ਦਿ ਏਅਰ” ਦੇ ਲੇਖਕ ਟਿਮ ਸਮੇਡਲੇ ਦੇ ਅਨੁਸਾਰ ਖੋਜ ਵਿੱਚ ਛੋਟੇ ਕਣ ਸੰਭਾਵੀ ਤੌਰ ’ਤੇ “ਸਭ ਤੋਂ ਵੱਡੇ ਕਾਤਲ” ਵਜੋਂ ਉਭਾਰੇ ਗਏ ਹਨ।
ਨੈਨੋ ਕਣ ਫੇਫੜਿਆਂ ਦੀਆਂ ਕੰਧਾਂ ਅਤੇ ਖੂਨ ਦੇ ਪ੍ਰਵਾਹ ਵਿੱਚ ਆਸਾਨੀ ਨਾਲ ਲੰਘ ਸਕਦੇ ਹਨ, ਜਿਥੋਂ ਕਿ ਕਿ ਵੱਡੇ PM2.5s ਨਹੀਂ ਲੰਘ ਸਕਦੇ। ਵਿਗਿਆਨੀਆਂ ਦਾ ਅਨੁਮਾਨ ਹੈ ਕਿ ਇਹ ਛੋਟੇ ਜ਼ਹਿਰੀਲੇ ਪਦਾਰਥ ਬਿਮਾਰੀ ਅਤੇ ਮੌਤ ਦਾ ਇੱਕ ਵੱਡਾ ਕਾਰਨ ਹੋ ਸਕਦੇ ਹਨ।
ਜਿਵੇਂ ਕਿ ਵਿਗਿਆਨ ਦਾ ਵਿਕਾਸ ਜਾਰੀ ਹੈ, ਸਾਨੂੰ ਉਨ੍ਹਾਂ ਕਣਾਂ ਪ੍ਰਤੀ ਸੁਚੇਤ ਰਹਿਣਾ ਚਾਹੀਦਾ ਹੈ, ਜਿਨ੍ਹਾਂ ਵਿੱਚ ਅਸੀਂ ਸਾਹ ਲੈਂਦੇ ਹਾਂ ਅਤੇ ਇਸ ਤੋਂ ਬਚਣ ਲਈ ਸਾਨੂੰ ਆਪਣਾ ਬਚਾਅ ਖੁਦ ਕਰਨਾ ਚਾਹੀਦਾ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ