ਲਿਪੋਸਕਸ਼ਨ: ਸੋਹਣੇ, ਪਤਲੇ ਤੇ ਸਮਾਰਟ ਦਿਖਣ ਦੇ ਨਾਂ ’ਤੇ ਕਰਵਾਈਆਂ ਜਾ ਰਹੀਆਂ ਸਰਜਰੀਆਂ ਸਵਾਲਾਂ ਦੇ ਘੇਰੇ ’ਚ ਕਿਉਂ

ਨਿਕਿਤਾ ਅਤੇ ਰਿਧੀਮਾ (ਬਦਲਿਆ ਹੋਇਆ ਨਾਮ) ਨੇ ਆਪਣੇ ਸਰੀਰ ਨੂੰ ਆਕਰਸ਼ਕ ਅਤੇ ਸੁੰਦਰ ਬਣਾਉਣ ਲਈ ਪਿਛਲੇ ਹਫ਼ਤੇ ਇੱਕ ਆਪਰੇਸ਼ਨ ਕਰਵਾਇਆ।

ਇਨ੍ਹਾਂ ਦੀ ਉਮਰ 40 ਤੋਂ 45 ਸਾਲ ਦੇ ਵਿਚਕਾਰ ਹੈ ਅਤੇ ਇਹ ਦੋਵੇਂ ਆਪਰੇਸ਼ਨ ਲਈ ਤਿੰਨ ਦਿਨ ਹਸਪਤਾਲ ਵਿਚ ਰਹੀਆਂ।

ਆਪਣੇ ਸਰੀਰ 'ਚ ਆਏ ਬਦਲਾਅ ਤੋਂ ਬਾਅਦ ਦੋਵੇਂ ਕਾਫੀ ਖੁਸ਼ ਹਨ।

ਉਨ੍ਹਾਂ ਨੇ 360 ਡਿਗਰੀ ਲਿਪੋਸਕਸ਼ਨ ਕਰਵਾਇਆ ਸੀ।

ਆਮ ਭਾਸ਼ਾ ਵਿੱਚ ਕਹੀਏ ਤਾਂ ਉਨ੍ਹਾਂ ਨੇ ਆਪਣੇ ਸਰੀਰ ਦੇ ਸਾਰੇ ਪਾਸਿਆਂ ਤੋਂ ਕੁਝ ਚਰਬੀ ਕਢਵਾਈ ਸੀ ਤਾਂ ਜੋ ਉਨ੍ਹਾਂ ਦੇ ਸਰੀਰ ਨੂੰ ਆਕਰਸ਼ਕ ਆਕਾਰ ਮਿਲ ਸਕੇ।

ਦਿੱਲੀ-ਐੱਨਸੀਆਰ ਦੀਆਂ ਨਿਕਿਤਾ ਅਤੇ ਰਿਧੀਮਾ ਵਾਂਗ ਤੁਹਾਨੂੰ ਦੇਸ਼-ਵਿਦੇਸ਼ 'ਚ ਅਜਿਹੀਆਂ ਸੈਂਕੜੇ ਔਰਤਾਂ ਮਿਲਣਗੀਆਂ ਜੋ ਖ਼ੂਬਸੂਰਤ ਅਤੇ ਆਕਰਸ਼ਕ ਦਿਖਣ ਲਈ ਅਜਿਹੀਆਂ ਸਰਜਰੀਆਂ ਕਰਵਾ ਰਹੀਆਂ ਹਨ।

ਪਰ ਇਸ ਦਾ ਪ੍ਰਭਾਵ ਇਕਪਾਸੜ ਹੁੰਦਾ ਹੈ ਭਾਵ ਇਸ ਤੋਂ ਬਾਅਦ ਸਰੀਰ 'ਤੇ ਕੋਈ ਮਾੜੇ ਪ੍ਰਭਾਵ ਜਾਂ ਸਾਈਡਇਫੈਕਟ ਨਹੀਂ ਹੁੰਦੇ?

ਪਿਛਲੇ ਸਾਲ ਕੰਨੜ ਟੈਲੀਵਿਜ਼ਨ ਅਦਾਕਾਰਾ ਚੇਤਨਾ ਰਾਜ ਦੀ ਬੈਂਗਲੁਰੂ ਦੇ ਇੱਕ ਨਿੱਜੀ ਹਸਪਤਾਲ ਵਿੱਚ ਮੌਤ ਦੀ ਖ਼ਬਰ ਸਾਹਮਣੇ ਆਈ ਸੀ।

ਉਹ ਪ੍ਰਸਿੱਧ ਕੰਨੜ ਟੈਲੀਵਿਜ਼ਨ ਸੀਰੀਅਲ 'ਗੀਤਾ' ਅਤੇ 'ਦੋਰਸਵਾਮੀ' ਵਿੱਚ ਕੰਮ ਕੀਤਾ ਹੈ।

ਖਬਰਾਂ ਆਈਆਂ ਸਨ ਕਿ ਚੇਤਨਾ ਰਾਜ ਨੇ ਭਾਰ ਘਟਾਉਣ ਲਈ ਸਰਜਰੀ ਕਰਵਾਈ ਸੀ, ਜਿਸ ਤੋਂ ਬਾਅਦ ਉਨ੍ਹਾਂ ਦੀ ਹਾਲਤ ਵਿਗੜ ਗਈ ਸੀ।

ਬੀਬੀਸੀ ਨੇ ਆਪਣੀ ਇੱਕ ਰਿਪੋਰਟ ਵਿੱਚ ਇਹ ਜਾਣਕਾਰੀ ਵੀ ਦਿੱਤੀ ਸੀ ਕਿ ਭਾਰ ਘਟਾਉਣ ਦੀ ਸਰਜਰੀ ਤੋਂ ਬਾਅਦ ਸੱਤ ਬ੍ਰਿਟਿਸ਼ ਨਾਗਰਿਕਾਂ ਦੀ ਮੌਤ ਹੋ ਗਈ ਸੀ।

ਇਸ ਲਈ ਇਸ ਮਾਮਲੇ 'ਚ ਸਭ ਤੋਂ ਜ਼ਿਆਦਾ ਚਰਚਾ ਮੇਲਿਸਾ ਕੇਰ ਦੀ ਮੌਤ ਨੂੰ ਲੈ ਕੇ ਸੀ।

2019 ਵਿੱਚ 31 ਸਾਲਾ ਮੇਲਿਸਾ ਕੇਰ ਦੀ ਤੁਰਕੀ ਦੇ ਸਭ ਤੋਂ ਵੱਡੇ ਸ਼ਹਿਰ ਇਸਤਾਂਬੁਲ ਦੇ ਇੱਕ ਨਿੱਜੀ ਹਸਪਤਾਲ ਵਿੱਚ ਬੱਟ-ਲਿਫਟ ਸਰਜਰੀ ਦੌਰਾਨ ਮੌਤ ਹੋ ਗਈ ਸੀ।

ਉੱਥੇ ਹੀ 2020 ਵਿੱਚ ਤਿੰਨ ਬੱਚਿਆਂ ਦੀ ਮਾਂ ਨੇ ਵੀ ਤੁਰਕੀ ਜਾ ਕੇ ਲਿਪੋਸਕਸ਼ਨ ਕਰਲਾਇਆ ਪਰ ਬਾਅਦ ਵਿੱਚ ਉਨ੍ਹਾਂ ਦੀ ਮੌਤ ਹੋ ਗਈ।

ਕੀ ਤੁਰਕੀ 'ਚ ਜ਼ਿਆਦਾ ਸਰਜਰੀਆਂ ਹੁੰਦੀਆਂ ਹਨ?

ਆਖ਼ਰਕਾਰ, ਔਰਤਾਂ ਲਿਪੋਸਕਸ਼ਨ ਲਈ ਤੁਰਕੀ ਦੀ ਚੋਣ ਕਿਉਂ ਕਰਦੀਆਂ ਹਨ?

ਤੁਰਕੀ ਦੇ ਸਿਹਤ ਮੰਤਰਾਲੇ ਨੇ 2019 ਵਿੱਚ ਯੂਐੱਸਐੱਚਏਐੱਸ ਨਾਮ ਦੀ ਇੱਕ ਹੈਲਥਕੇਅਰ ਕੰਪਨੀ ਬਣਾਈ ਸੀ।

ਉਸ ਦੇ ਅਨੁਸਾਰ, ਤੁਰਕੀ ਹਾਲ ਹੀ ਦੇ ਸਾਲਾਂ ਵਿੱਚ ਮੈਡੀਕਲ ਟੂਰਿਜ਼ਮ ਦਾ ਇੱਕ ਹੌਟਸਪੌਟ ਬਣ ਗਿਆ ਹੈ।

ਇਸ ਦਾ ਦਾਅਵਾ ਹੈ ਕਿ ਸਿਹਤ ਸੰਭਾਲ ਸਹੂਲਤਾਂ, ਯੋਗ ਡਾਕਟਰਾਂ ਅਤੇ ਕਿਫਾਇਤੀ ਕੀਮਤਾਂ ਕਾਰਨ, ਤੁਰਕੀ ਅੱਜ ਸਿਹਤ ਸੈਰ-ਸਪਾਟੇ ਦਾ ਮੋਹਰੀ ਸਥਾਨ ਬਣ ਗਿਆ ਹੈ।

ਇਸ ਮੁਤਾਬਕ ਸਾਲ 2022 ਦੀ ਪਹਿਲੀ ਛਿਮਾਹੀ ਵਿੱਚ ਕਰੀਬ ਛੇ ਲੱਖ ਲੋਕ ਸਿਹਤ ਸਹੂਲਤਾਂ ਲੈਣ ਲਈ ਤੁਰਕੀ ਆਏ।

ਇੰਟਰਨੈਸ਼ਨਲ ਸੋਸਾਇਟੀ ਆਫ ਏਸਥੈਟਿਕ ਪਲਾਸਟਿਕ ਸਰਜਰੀ ਨੇ ਛਾਤੀ ਦੇ ਵਾਧੇ, ਅੱਖਾਂ ਦੀਆਂ ਪਲਕਾਂ ਦੀ ਸਰਜਰੀ, ਪੇਟ ਘੱਟ ਕਰਨ ਦੀ ਪ੍ਰਕਿਰਿਆ, ਲਿਪੋਸਕਸ਼ਨ ਅਤੇ ਨੱਕ ਨੂੰ ਮੁੜ ਆਕਾਰ ਦੇਣ ਵਾਲੀਆਂ ਸਰਜਰੀਆਂ ਦੇ ਮਾਮਲੇ ਵਿੱਚ ਤੁਰਕੀ ਨੂੰ ਦਸ ਦੇਸ਼ਾਂ ਵਿੱਚ ਮੋਹਰੀ ਹੋਣ ਦਾ ਦਰਜਾ ਦਿੱਤਾ ਹੈ।

ਇਨ੍ਹਾਂ ਵਿੱਚ ਸਭ ਤੋਂ ਵੱਧ ਗਿਣਤੀ ਔਰਤਾਂ ਦੀ ਸੀ।

ਬੀਬੀਸੀ ਦੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਤੁਰਕੀ 'ਚ ਇਸ ਤਰ੍ਹਾਂ ਦੀ ਸਰਜਰੀ ਕਰਵਾਉਣ ਲਈ ਵਟਸਐਪ 'ਤੇ ਮੈਸੇਜ ਰਾਹੀਂ ਕੁਝ ਹੀ ਮਿੰਟਾਂ 'ਚ ਸਰਜਰੀ ਬੁੱਕ ਕੀਤੀ ਜਾ ਸਕਦੀ ਹੈ।

ਜਿਸ ਸਰਜਰੀ ਨੂੰ ਕਰਵਾਉਣ ਲਈ ਬ੍ਰਿਟੇਨ 'ਚ 10 ਲੱਖ ਰੁਪਏ ਤੱਕ ਦੀ ਲਾਗਤ ਆਉਂਦੀ ਹੈ ਉੱਥੇ ਹੀ ਤੁਰਕੀ ਵਿੱਚ ਇਹ ਕੰਮ ਦੋ ਲੱਖ ਰੁਪਏ ਵਿੱਚ ਹੋ ਜਾਂਦਾ ਹੈ।

ਇਸ 'ਤੇ ਤੁਰਕੀ ਨਾਲ ਗੱਲ ਕਿਉਂ ਕਰਨਾ ਚਾਹੁੰਦਾ ਹੈ ਬ੍ਰਿਟੇਨ?

ਬੀਬੀਸੀ 'ਤੇ ਪ੍ਰਕਾਸ਼ਿਤ ਇਕ ਲੇਖ ਵਿਚ ਕਿਹਾ ਗਿਆ ਹੈ ਕਿ ਮੇਲਿਸਾ ਕੇਰ ਦੀ ਮੌਤ 'ਤੇ ਇਕ ਸਿਹਤ ਅਧਿਕਾਰੀ ਨੇ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ ਕਿ "ਮੇਲਿਸਾ ਜਾਂ ਅਜਿਹੇ ਹੋਰ ਲੋਕਾਂ ਨੂੰ ਸਰਜਰੀ ਲਈ ਵਿਦੇਸ਼ ਜਾਣ ਤੋਂ ਪਹਿਲਾਂ ਸਹੀ ਜਾਣਕਾਰੀ ਨਹੀਂ ਦਿੱਤੀ ਜਾਂਦੀ।"

ਉੱਥੇ ਬ੍ਰਿਟਿਸ਼ ਸਿਹਤ ਮੰਤਰੀ ਮਾਰੀਆ ਕੌਲਫੀਲਡ ਨੇ ਕਿਹਾ ਕਿ ਸਰਕਾਰ ਇਸ ਮੁੱਦੇ ਨੂੰ ਗੰਭੀਰਤਾ ਨਾਲ ਲੈ ਰਹੀ ਹੈ।

ਭਵਿੱਖ ਵਿੱਚ ਅਜਿਹੀਆਂ ਮੌਤਾਂ ਨੂੰ ਰੋਕਣ ਲਈ ਨੌਰਫੋਕ ਦੀ ਸੀਨੀਅਰ ਸਿਹਤ ਅਧਿਕਾਰੀ ਜੈਕਲੀਨ ਲੇਕ ਦੁਆਰਾ ਲਿਖੀ ਗਈ ਰਿਪੋਰਟ ਦੇ ਜਵਾਬ ਵਿੱਚ, ਕੋਫੀਲਡ ਨੇ ਕਿਹਾ ਕਿ ਸਿਹਤ ਅਤੇ ਸਮਾਜਿਕ ਦੇਖਭਾਲ ਵਿਭਾਗ ਦੇ ਅਧਿਕਾਰੀ ਜਲਦੀ ਹੀ ਆਪਣੇ ਹਮਰੁਤਬਾ ਨੂੰ ਮਿਲਣ ਲਈ ਤੁਰਕੀ ਦਾ ਦੌਰਾ ਕਰਨਗੇ।

ਬ੍ਰਿਟਿਸ਼ ਸਰਕਾਰ ਦਾ ਕਹਿਣਾ ਹੈ ਕਿ ਕਈ ਮੌਤਾਂ ਤੋਂ ਬਾਅਦ ਉਹ ਤੁਰਕੀ ਦੇ ਅਧਿਕਾਰੀਆਂ ਨਾਲ ਮੁਲਾਕਾਤ ਕਰ ਕੇ ਮੈਡੀਕਲ ਅਤੇ ਕਾਸਮੈਟਿਕ ਟੂਰਿਜ਼ਮ ਨਾਲ ਜੁੜੇ ਨਿਯਮਾਂ 'ਤੇ ਚਰਚਾ ਕਰਨ ਲਈ ਕਰੇਗੀ।

ਬ੍ਰਾਜ਼ੀਲ ਦੀ ਬੱਟ ਲਿਫਟ ਸਰਜਰੀ ਦੇ ਦੌਰਾਨ, ਮੇਲਿਸਾ ਕੇਰ ਨੂੰ ਖ਼ੂਨ ਦਾ ਥੱਕਾ ਜੰਮਣ ਦੀ ਸ਼ਿਕਾਇਤ ਆਈ ਸੀ ਜੋ ਉਨ੍ਹਾਂ ਦੇ ਦਿਲ ਤੱਕ ਪਹੁੰਚ ਗਿਆ ਸੀ।

ਬ੍ਰਿਟੇਨ ਦੀ ਸਿਹਤ ਮੰਤਰੀ ਮਾਰੀਆ ਕੌਲਫੀਲਡ ਨੇ ਕਿਹਾ, "ਜੋ ਲੋਕ ਬ੍ਰਾਜ਼ੀਲ ਦੀ ਬੱਟ-ਲਿਫਟ (ਬੀਬੀਐੱਲ) ਕਰਵਾਉਣ ਬਾਰੇ ਸੋਚ ਰਹੇ ਹਨ, ਉਨ੍ਹਾਂ ਨੂੰ ਇਸ ਦੇ ਖ਼ਤਰਿਆਂ ਬਾਰੇ ਪੂਰੀ ਤਰ੍ਹਾਂ ਦੱਸਿਆ ਜਾਵੇ ਅਤੇ ਸਰਜਰੀ ਤੋਂ ਪਹਿਲਾਂ ਇਸ 'ਤੇ ਪੂਰੀ ਤਰ੍ਹਾਂ ਵਿਚਾਰ ਕਰਨ ਲਈ ਸਮਾਂ ਦਿੱਤਾ ਜਾਣਾ ਚਾਹੀਦਾ ਹੈ।"

ਕੁਝ ਅਜਿਹਾ ਹੀ ਕਹਿਣਾ ਹੈ ਡਾਕਟਰ ਅਸ਼ਵਨੀ ਕੁਮਾਰ ਸਿੰਘ ਦਾ, ਜੋ ਯਥਾਰਥ ਸੁਪਰਸਪੈਸ਼ਲਿਟੀ ਹਸਪਤਾਲ, ਗ੍ਰੇਟਰ ਨੋਇਡਾ ਵਿੱਚ ਪਲਾਸਟਿਕ ਸਰਜਨ ਹਨ।

ਉਹ ਦੋ ਗੱਲਾਂ 'ਤੇ ਜ਼ੋਰ ਦਿੰਦੇ ਹਨ, "ਪਹਿਲੀ ਇਹ ਕਿ ਜੋ ਵੀ ਇਹ ਸਰਜਰੀ ਕਰਵਾਉਣਾ ਚਾਹੁੰਦਾ ਹੈ, ਉਸ ਨੂੰ ਅੱਗੇ ਵਧਣ ਤੋਂ ਪਹਿਲਾਂ ਇਸ ਬਾਰੇ ਚੰਗੀ ਤਰ੍ਹਾਂ ਸੋਚਣਾ ਚਾਹੀਦਾ ਹੈ।"

"ਦੂਜੀ ਇਹ ਕਿ ਇਹ ਸਰਜਰੀ ਕਿਸੇ ਮਾਨਤਾ ਪ੍ਰਾਪਤ ਡਾਕਟਰ ਤੋਂ ਹੀ ਕਰਵਾਉਣੀ ਚਾਹੀਦੀ ਹੈ।"

ਬ੍ਰਿਟੇਨ ਦੀ ਸਿਹਤ ਸਕੱਤਰ ਮਾਰੀਆ ਕੌਲਫੀਲਡ ਦਾ ਕਹਿਣਾ ਹੈ ਕਿ ਬ੍ਰਾਜ਼ੀਲੀਅਨ ਬੱਟ-ਲਿਫਟ (ਬੀਬੀਐੱਲ) ਵਿੱਚ ਹੋਰ ਕਾਸਮੈਟਿਕ ਸਰਜਰੀਆਂ ਨਾਲੋਂ 10 ਗੁਣਾ ਵੱਧ ਖ਼ਤਰਾ ਹੈ।

ਲਿਪੋਸਕਸ਼ਨ ਨੂੰ ਸਮਝੋ

ਬ੍ਰਿਟਿਸ਼ ਹੈਲਥ ਕੇਅਰ ਕੰਪਨੀ ਨੈਸ਼ਨਲ ਹੈਲਥ ਸਰਵਿਸ (ਐੱਨਐੱਚਐੱਸ) ਦੇ ਅਨੁਸਾਰ, ਲਿਪੋਸਕਸ਼ਨ ਇੱਕ ਕਾਸਮੈਟਿਕ ਸਰਜਰੀ ਹੈ।

ਇਹ ਸਰਜਰੀ ਉਸ ਵਿਅਕਤੀ ਲਈ ਕੀਤੀ ਜਾਂਦੀ ਹੈ ਜੋ ਆਪਣੇ ਸਰੀਰ ਤੋਂ ਵਾਧੂ ਚਰਬੀ ਨੂੰ ਹਟਾਉਣਾ ਚਾਹੁੰਦਾ ਹੈ।

'ਲਿਪੋ' ਦਾ ਅਰਥ ਹੈ 'ਚਰਬੀ' ਅਤੇ 'ਸੈਕਸ਼ਨ' ਦਾ ਅਰਥ ਹੈ 'ਹਟਾਉਣਾ'।

ਇਹ ਸਰਜਰੀ ਸਰੀਰ ਦੇ ਉਸ ਹਿੱਸੇ ਵਿੱਚ ਕੀਤੀ ਜਾਂਦੀ ਹੈ ਜਿੱਥੇ ਚਰਬੀ ਦੀ ਮਾਤਰਾ ਜਮ੍ਹਾਂ ਹੋ ਰਹੀ ਹੈ ਅਤੇ ਜਿਸ ਨੂੰ ਕਸਰਤ ਜਾਂ ਸਿਹਤਮੰਦ ਖੁਰਾਕ ਨਾਲ ਵੀ ਘਟਾਉਣਾ ਮੁਸ਼ਕਲ ਹੈ।

ਇਸ ਸਰਜਰੀ ਦੀ ਮਦਦ ਨਾਲ ਬਟ, ਗਲਾ, ਠੋਡੀ, ਪੇਟ, ਪੱਟਾਂ, ਹੱਥਾਂ ਦੇ ਉਪਰਲੇ ਅਤੇ ਪਿਛਲੇ ਹਿੱਸੇ, ਲੱਤਾਂ ਦੇ ਪਿਛਲੇ ਹਿੱਸੇ ਅਤੇ ਪਿੱਠ ਤੋਂ ਕੁਝ ਚਰਬੀ ਘਟਾਈ ਜਾਂਦੀ ਹੈ ਜਿਵੇਂ ਕਿ ਨੱਕੜ ।

ਲਿਪੋਸਕਸ਼ਨ ਦਾ ਉਦੇਸ਼ ਸਰੀਰ ਦੇ ਆਕਾਰ ਨੂੰ ਇੱਕ ਲੰਬੇ ਸਮੇਂ ਲਈ ਬਿਹਤਰ ਬਣਾਉਣਾ ਹੈ, ਜੋ ਕਿ ਇਸ 'ਤੇ ਨਿਰਭਰ ਕਰਦਾ ਹੈ ਕਿ ਤੁਸੀਂ ਆਪਣਾ ਭਾਰ ਸਿਹਤਮੰਦ ਬਣਆ ਕੇ ਰੱਖੋ।

ਇਹ ਉਨ੍ਹਾਂ ਲੋਕਾਂ 'ਤੇ ਸਭ ਤੋਂ ਵਧੀਆ ਕੰਮ ਕਰਦਾ ਹੈ ਜਿਨ੍ਹਾਂ ਦਾ ਭਾਰ ਜ਼ਿਆਦਾ ਨਹੀਂ ਹੈ। ਇਹ ਸਰਜਰੀ ਸਰੀਰ ਦੇ ਉਸ ਹਿੱਸੇ ਵਿੱਚ ਕੀਤੀ ਜਾਂਦੀ ਹੈ ਜਿੱਥੇ ਚਮੜੀ ਸਖ਼ਤ ਅਤੇ ਲਚਕੀਲੀ ਹੋ ਗਈ ਹੈ।

ਹਾਲਾਂਕਿ, ਐੱਨਐੱਚਐੱਸ 'ਤੇ ਲਿਪੋਸਕਸ਼ਨ ਸਰਜਰੀ ਉਪਲਬਧ ਨਹੀਂ ਹੈ, ਜਿਸ ਦਾ ਦੱਸਿਆ ਗਿਆ ਕਾਰਨ ਇਹ ਹੈ ਕਿ ਇਹ "ਕਾਸਮੈਟਿਕ ਕਾਰਨਾਂ" ਲਈ ਕੀਤੀ ਜਾਂਦੀ ਹੈ, ਇਸ ਲਈ ਸਾਡੇ ਕੋਲ ਇਹ ਨਹੀਂ ਹੈ।

'ਲਿਪੋਸਕਸ਼ਨ ਪੂਰੀ ਤਰ੍ਹਾਂ ਸੁਰੱਖਿਅਤ ਹੈ'

ਪਰ ਡਾਕਟਰ ਅਸ਼ਵਿਨੀ ਦਾ ਕਹਿਣਾ ਹੈ ਕਿ ਲਿਪੋਸਕਸ਼ਨ ਪੂਰੀ ਤਰ੍ਹਾਂ ਸੁਰੱਖਿਅਤ ਹੈ।

"99.9 ਫੀਸਦੀ ਮਰੀਜ਼ਾਂ ਨੂੰ ਕੋਈ ਸਮੱਸਿਆ ਨਹੀਂ ਆਉਂਦੀ, ਸਭ ਕੁਝ ਠੀਕ ਰਹਿੰਦਾ ਹੈ। ਜੇ ਇਹ ਸੁਰੱਖਿਅਤ ਨਾ ਹੁੰਦਾ, ਤਾਂ ਇਸ ਨੂੰ ਯੂਐੱਸ ਐੱਫਡੀਏ ਦੁਆਰਾ ਮਨਜ਼ੂਰੀ ਨਹੀਂ ਦਿੱਤੀ ਜਾਂਦੀ।"

ਪਰ ਬੀਬੀਸੀ ਦੀ ਸਹਿਯੋਗੀ ਅੰਜਲੀ ਦਾਸ ਨੂੰ ਡਾਕਟਰ ਅਸ਼ਵਿਨੀ ਦੱਸਦੇ ਹਨ ਹੈ ਕਿ ਕਰਵਾਉਣ ਵਾਲੇ ਦੇ ਸਾਰੇ ਵਾਈਟਲਸ ਚੈੱਕ ਕੀਤੇ ਜਾਂਦੇ ਹਨ, ਜਿਵੇਂ ਕਿ ਕਿਸੇ ਵੀ ਸਰਜਰੀ ਤੋਂ ਪਹਿਲਾਂ ਕੀਤਾ ਜਾਂਦਾ ਹੈ।

ਡਾ. ਅਸ਼ਵਿਨੀ ਦਾ ਕਹਿਣਾ ਹੈ, "ਸਰਜਰੀ ਤੋਂ ਪਹਿਲਾਂ, ਚੰਗੀ ਤਰ੍ਹਾਂ ਜਾਂਚ ਕੀਤੀ ਜਾਂਦੀ ਹੈ ਅਤੇ ਜਦੋਂ ਮਰੀਜ਼ ਫਿੱਟ ਹੁੰਦਾ ਹੈ, ਤਾਂ ਹੀ ਉਸ ਦੀ ਸਰਜਰੀ ਕੀਤੀ ਜਾਂਦੀ ਹੈ।

ਉਹ ਕਹਿੰਦੇ ਹਨ, "ਦਵਾਈਆਂ ਓਪਰੇਸ਼ਨ ਤੋਂ ਬਾਅਦ ਲੈਣੀਆਂ ਪੈਂਦੀਆਂ ਹਨ। ਦਵਾਈਆਂ ਵਿੱਚ ਐਂਟੀਬਾਇਓਟਿਕਸ ਅਤੇ ਦਰਦ ਨਿਵਾਰਕ ਦਵਾਈਆਂ ਦਿੱਤੀਆਂ ਜਾਂਦੀਆਂ ਹਨ।"

'ਭਾਰ ਘਟਾਉਣ ਦੀ ਪ੍ਰਕਿਰਿਆ ਨਹੀਂ'

ਡਾਕਟਰ ਅਸ਼ਵਿਨੀ ਦਾ ਕਹਿਣਾ ਹੈ, "ਲਿਪੋਸਕਸ਼ਨ ਕਰਵਾਉਣ ਤੋਂ ਪਹਿਲਾਂ, ਸਾਰੇ ਲੋਕਾਂ ਦੀ ਸਭ ਤੋਂ ਪਹਿਲਾਂ ਕਾਉਂਸਲਿੰਗ ਕੀਤੀ ਜਾਂਦੀ ਹੈ। ਅਸੀਂ ਉਨ੍ਹਾਂ ਦੀਆਂ ਉਮੀਦਾਂ ਦਾ ਪਤਾ ਲਗਾਉਂਦੇ ਹਾਂ ਅਤੇ ਉਸ ਦੇ ਅਨੁਸਾਰ, ਜਾਂਚ ਤੋਂ ਬਾਅਦ, ਅਸੀਂ ਦੱਸਦੇ ਹਾਂ ਕਿ ਇਹ ਸਹੀ ਹੋਵੇਗਾ ਜਾਂ ਨਹੀਂ। ਕਈ ਵਾਰ ਅਸੀਂ ਸਪੱਸ਼ਟ ਤੌਰ 'ਤੇ ਇਨਕਾਰ ਕਰ ਦਿੰਦੇ ਹਾਂ।"

ਲਿਪੋਸਕਸ਼ਨ ਬਾਰੇ ਉਹ ਸਾਫ਼-ਸਾਫ਼ ਕਹਿੰਦੇ ਹਨ, "ਇਹ ਭਾਰ ਘਟਾਉਣ ਦੀ ਪ੍ਰਕਿਰਿਆ ਨਹੀਂ ਹੈ। ਇਹ ਇੱਕ 'ਬਾਡੀ ਕੰਟੂਰਿੰਗ ਪ੍ਰਕਿਰਿਆ' ਹੈ ਯਾਨਿ ਇਹ ਸਰੀਰ ਨੂੰ ਇੱਕ ਬਿਹਤਰ ਆਕਾਰ ਦੇਣ ਦੀ ਪ੍ਰਕਿਰਿਆ ਹੈ।"

"ਇਸ ਦਾ ਭਾਰ ਘਟਾਉਣ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਸਰੀਰ ਦੇ ਆਕਾਰ ਨੂੰ ਵਧੀਆ ਬਣਾਇਆ ਜਾਂਦਾ ਹੈ। ਸਰੀਰ ਦੇ ਜਿਸ ਹਿੱਸੇ ਨਾਲ ਸੰਭਵ ਹੈ ਉਸ ਬਾਰੇ ਦੱਸ ਦਿੱਤਾ ਜਾਂਦਾ ਹੈ ਅਤੇ ਜਿੱਥੇ ਨਹੀਂ ਹੈ ਉਸ ਬਾਰੇ ਸਾਫ਼ ਮਨ੍ਹਾਂ ਕਰ ਦਿੱਤਾ ਜਾਂਦਾ ਹੈ।"

ਸਮੱਸਿਆਵਾਂ ਕਦੋਂ ਪੈਦਾ ਹੁੰਦੀਆਂ ਹਨ?

ਕਈ ਅਜਿਹੀਆਂ ਖ਼ਬਰਾਂ ਆਉਂਦੀਆਂ ਹਨ ਜਿਸ ਵਿੱਚ ਦੱਸਿਆ ਜਾਂਦਾ ਹੈ ਕਿ ਲਿਪੋਸਕਸ਼ਨ ਕਾਰਨ ਮੌਤ ਹੋ ਗਈ ਹੈ, ਇਸ ਸਵਾਲ ਦੇ ਜਵਾਬ ਵਿੱਚ ਡਾ. ਅਸ਼ਵਿਨੀ ਕਹਿੰਦੇ ਹਨ, "ਹਮੇਸ਼ਾ ਸਰਟੀਫਾਈਡ ਪਲਾਸਟਿਕ ਸਰਜਨ ਤੋਂ ਹੀ ਇਹ ਸਰਜਰੀ ਕਰਵਾਉਣੀ ਚਾਹੀਦੀ ਹੈ।"

"ਟੈਕਨੀਸ਼ੀਅਨ ਜਾਂ ਅਜਿਹੇ ਸਰਜਨ ਜੋ ਪਲਾਸਟਿਕ ਸਰਜਨ ਨਹੀਂ ਹਨ, ਉਨ੍ਹਾਂ ਕੋਲੋਂ ਕਰਵਾਉਣ 'ਤੇ ਹੀ ਸਮੱਸਿਆਵਾਂ ਪੈਦਾ ਹੁੰਦੀਆਂ ਹਨ।"

ਉਸ ਦਾ ਇਹ ਵੀ ਕਹਿਣਾ ਹੈ ਕਿ ਇਹ ਦੇਖਿਆ ਜਾਣਾ ਚਾਹੀਦਾ ਹੈ ਕਿ ਇਹ ਸਰਜਰੀ ਕਿੱਥੇ ਹੋ ਰਹੀ ਹੈ।

ਜਿਸ ਹਸਪਤਾਲ ਵਿੱਚ ਇਹ ਸਰਜਰੀ ਹੋਣੀ ਹੈ, ਉੱਥੇ ਕੀ ਪ੍ਰਬੰਧ ਹਨ? ਉਦਾਹਰਨ ਲਈ, ਆਈਸੀਯੂ ਦਾ ਸੈੱਟਅੱਪ ਹੈ, ਕਿਉਂਕਿ ਜੇਕਰ ਕੋਈ ਵੀ ਸਮੱਸਿਆ ਆਉਂਦੀ ਹੈ, ਤਾਂ ਇਸ ਦਾ ਤੁਰੰਤ ਨਿਦਾਨ ਕੀਤਾ ਜਾ ਸਕਦਾ ਹੈ।

ਸਹੀ ਸੈੱਟਅੱਪ ਸਹੀ ਹੋਵੇਗਾ ਤਾਂ ਸਰਜਰੀ ਦੌਰਾਨ ਜੇਕਰ ਕੋਈ ਸਮੱਸਿਆ ਆਉਂਦੀ ਵੀ ਹੈ, ਤਾਂ ਇਸ ਦਾ ਜ਼ਿਆਦਾਤਰ ਇਲਾਜ ਆਸਾਨੀ ਨਾਲ ਕੀਤਾ ਜਾ ਸਕਦਾ ਹੈ।"

ਉਹ ਕਹਿੰਦੇ ਹਨ, "ਜੇਕਰ ਤੁਸੀਂ ਛੋਟੇ ਕੇਂਦਰ ਵਿੱਚ ਕਰੋਗੇ ਤਾਂ ਜਿੱਥੇ ਕੋਈ ਬੈਕਅੱਪ ਨਹੀਂ ਹੈ, ਆਈਸੀਯੂ ਸੈਟਅੱਪ ਨਹੀਂ ਹੈ ਤਾਂ ਉੱਥੇ ਕਿਸੀ ਵੱਡੀ ਲਿਪੋਸਕਸ਼ਨ ਵਿੱਚ ਸਮੱਸਿਆ ਆ ਸਕਦੀ ਹੈ।"

ਲਿਪੋਸਕਸ਼ਨ ਵਿਧੀ

ਡਾਕਟਰ ਅਸ਼ਵਿਨੀ ਕਹਿੰਦੇ ਹਨ, "ਲਿਪੋਸਕਸ਼ ਵਿੱਚ ਇੱਕ ਸਲਿਊਸ਼ਨ ਬੌਡੀ ਵਿੱਚ ਇੰਜੈਕਟ ਕੀਤਾ ਜਾਂਦਾ ਹੈ। ਜੋ ਵਾਧੂ ਵਸਾ ਨੂੰ ਤੋੜਦਾ ਹੈ ਅਤੇ ਉਸ ਨੂੰ ਸਕਸ਼ਨ ਰਾਹੀਂ ਬਾਹਰ ਕੱਢ ਲਿਆ ਜਾਂਦਾ ਹੈ।"

"ਯੂਨੀਵਰਸਲ ਲਿਪੋਸਕਸ਼ ਦੀ ਗਾਇੰਡਲਾਈਂਸ ਹੈ ਕਿ ਤੁਸੀਂ ਇੱਕ ਵਾਰ ਵਿੱਚ ਕਿੰਨਾ ਲਿਪੋਸਕਸ਼ ਕਰ ਸਕਦੇ ਹਨ ਅਤੇ ਇਸ ਪ੍ਰਕਿਰਿਆ ਤੋਂ ਬਾਅਦ ਤੁਹਾਨੂੰ ਕੀ ਸਾਵਧਾਨੀ ਵਰਤਣੀ ਹੁੰਦੀ ਹੈ।"

"ਜਿੰਨੇ ਵੀ ਪਲਾਸਟਿਕ ਸਰਜਨ ਹੈ ਉਹ ਇਸ ਦਾ ਬਾਖ਼ੂਬੀ ਪਾਲਣ ਕਰਦੇ ਹਨ।"

ਡਾਕਟਰ ਅਸ਼ਵਿਨੀ ਕਹਿੰਦੇ ਹਨ, "ਇੱਕ ਪਲਾਸਟਿਕ ਸਰਜਨ ਕੋਲ 'ਡੀਐੱਨਬੀ ਇਨ ਪਲਾਸਟਿਕ ਸਰਜਰੀ' ਦੀ ਡਿਗਰੀ ਅਤੇ ਮੈਡੀਕਲ ਕਾਊਂਸਲਿੰਗ ਦਾ ਰਜਿਟ੍ਰੇਸ਼ਨ ਹੋਣੀ ਲਾਜ਼ਮੀ ਹੈ ਅਤੇ ਇਸ ਦੇ ਨਾਲ ਹੀ ਤਜ਼ਰਬਾ ਵੀ ਹੋਣਾ ਵੀ ਚਾਹੀਦਾ ਹੈ।"

ਮੂਲ ਲੇਖ ਪੜ੍ਹਨ ਲਈ ਇੱਥੇ ਕਲਿੱਕ ਕਰੋ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)