ਸਿੱਖ ਅਫ਼ਸਰ ਨੂੰ 'ਖਾਲਿਸਤਾਨੀ' ਕਹੇ ਜਾਣ ਦੇ ਮਾਮਲੇ ਬਾਰੇ ਮੁਸਲਮਾਨ ਮੁੰਡੇ ਨੂੰ ਭੀੜ ਤੋਂ ਬਚਾਉਣ ਵਾਲੇ ਗਗਨਦੀਪ ਕੀ ਸੋਚਦੇ ਹਨ

    • ਲੇਖਕ, ਆਸਿਫ਼ ਅਲੀ
    • ਰੋਲ, ਬੀਬੀਸੀ ਸਹਿਯੋਗੀ

ਉਤਰਾਖੰਡ ਪੁਲਿਸ ਦੇ ਸਬ ਇੰਸਪੈਕਟਰ ਗਗਨਦੀਪ ਸਿੰਘ ਛੇ ਸਾਲ ਪਹਿਲਾਂ ਅਚਾਨਕ ਸੁਰਖੀਆਂ ਵਿੱਚ ਆਏ ਸਨ।

ਨੈਨੀਤਾਲ ਜ਼ਿਲ੍ਹੇ ਵਿੱਚ ਇੱਕ ਮੁਸਲਮਾਨ ਨੌਜਵਾਨ ਨੂੰ ਫਿਰਕੂ ਭੀੜ ਅਤੇ ਹਮਲਾਵਰਾਂ ਤੋਂ ਬਚਾਉਂਦਿਆਂ ਹੋਇਆਂ ਉਨ੍ਹਾਂ ਦੀ ਤਸਵੀਰ ਲੋਕਾਂ ਦੇ ਮਨਾਂ ਵਿੱਚ ਘਰ ਕਰ ਗਈ ਸੀ।

ਗਗਨਦੀਪ ਸਿੰਘ ਨੂੰ ਕਾਫੀ ਤਾਰੀਫ਼ਾਂ ਵੀ ਮਿਲੀਆਂ ਅਤੇ ਕੁਝ ਲੋਕਾਂ ਦੇ ਵਿਰੋਧ ਦਾ ਵੀ ਸਾਹਮਣਾ ਕਰਨਾ ਪਿਆ ਸੀ।

ਪਰ ਸੁਰਖੀਆਂ ਵਿੱਚੋਂ ਗਾਇਬ ਰਹਿੰਦਿਆਂ ਉਹ ਲਗਾਤਾਰ ਆਪਣੀ ਡਿਊਟੀ ਨਿਭਾਉਂਦੇ ਰਹੇ।

ਉੱਥੇ ਹੀ ਪੱਛਮ ਬੰਗਾਲ ਵਿੱਚ ਆਈਪੀਐੱਸ ਅਫ਼ਸਰ ਜਸਪ੍ਰੀਤ ਸਿੰਘ ਨੂੰ ਕਥਿਤ ਤੌਰ ਉੱਤੇ ‘ਖਾਲਿਸਤਾਨੀ’ ਕਹੇ ਜਾਣ ਨਾਲ ਗਗਨਦੀਪ ਸਿੰਘ ਦੇ ਦਿਲ ਨੂੰ ਠੇਸ ਪਹੁੰਚੀ ਹੈ।

ਬੀਤੀ 20 ਫਰਵਰੀ ਨੂੰ ਪੱਛਮ ਬੰਗਾਲ ਦੇ ਵਿਰੋਧੀ ਧਿਰ ਦੇ ਆਗੂ ਸ਼ੁਭੇਂਦੂ ਅਧਿਕਾਰੀ ਦੇ ਨਾਲ ਭਾਜਪਾ ਦੇ ਕਈ ਆਗੂ ਸੰਦੇਸ਼ਖਾਲੀ ਜਾ ਰਹੇ ਸਨ।

ਇਸੇ ਦੌਰਾਨ ਭਾਜਪਾ ਦਾ ਕੋਈ ਕਾਰਕੁਨ ਆਈਪੀਐੱਸ ਅਫ਼ਸਰ ਜਸਪ੍ਰੀਤ ਸਿੰਘ ਨੂੰ ‘ਖਾਲਿਸਤਾਨੀ’ ਕਹਿੰਦੇ ਹੋਏ ਸੁਣਾਈ ਦਿੰਦਾ ਹੈ। ਇਸ ਤੋਂ ਬਾਅਦ ਜਸਪ੍ਰੀਤ ਇਸ ਬਾਰੇ ਕਾਫੀ ਨਾਰਾਜ਼ ਦਿਖਾਈ ਦਿੱਤੇ।

ਉਹ ਕਹਿੰਦੇ ਦਿਖੇ ਕਿ ਉਨ੍ਹਾਂ ਦੇ ਧਰਮ ਉੱਤੇ ਟਿੱਪਣੀ ਕਿਉਂ ਕੀਤੀ ਜਾ ਰਹੀ ਹੈ। ਉਨ੍ਹਾਂ ਨੂੰ ਖਾਲਿਸਤਾਨੀ ਕਿਉਂ ਕਿਹਾ ਜਾ ਰਿਹਾ ਹੈ।

ਇਸ ਗੱਲ ਨੂੰ ਪੱਛਮੀ ਬੰਗਾਲ ਦੀ ਪੁਲਿਸ ਨੇ ਵੀ ਗੰਭੀਰਤਾ ਨਾਲ ਲੈਂਦੇ ਹੋਏ ਕਾਰਵਾਈ ਕਰਨ ਦਾ ਭਰੋਸਾ ਜ਼ਾਹਰ ਕੀਤਾ ਹੈ।

ਇਸ ਸਾਰੀ ਘਟਨਾ ਦੀ ਨਿੰਦਾ ਕਰਦੇ ਹੋਏ ਗਗਨਦੀਪ ਸਿੰਘ ਕਹਿੰਦੇ ਹਨ, “ਜਿਹੜਾ ਵੀ ਸ਼ਖ਼ਸ ਵਰਦੀ ਵਿੱਚ ਹੋਵੇਗਾ, ਉਹ ਆਪਣਾ ਕੰਮ ਹੀ ਕਰੇਗਾ, ਅਜਿਹੇ ਵਿੱਚ ਕਿਸੇ ਅਫ਼ਸਰ ਨੂੰ ਇਸ ਤਰੀਕੇ ਧਾਰਮਿਕ ਤੌਰ ਉੱਤੇ ਨਿਸ਼ਾਨਾ ਬਣਾਉਣਾ ਗ਼ਲਤ ਹੈ।”

ਗਗਨਦੀਪ ਸਿੰਘ ਕਹਿੰਦੇ ਹਨ, “ਜਦੋਂ ਤੋਂ ਮੈਂ ਇਹ ਤਸਵੀਰ ਦੇਖੀ ਹੈ, ਮੈਂ ਉਦੋਂ ਤੋਂ ਹੀ ਤਕਲੀਫ਼ ਵਿੱਚ ਹਾਂ, ਕਿਉਂਕਿ ਇਹ ਵਾਕਈ ਤਕਲੀਫ਼ ਦੇਣ ਵਾਲੀ ਗੱਲ ਹੈ, ਸਮਾਜ ਵਿੱਚ ਅਜਿਹੇ ਬਹੁੁਤ ਥੋੜ੍ਹੇ ਲੋਕ ਹੁੰਦੇ ਹਨ ਜੋ ਮਾਹੌਲ ਖ਼ਰਾਬ ਕਰਦੇ ਹਨ।”

ਜਸਪ੍ਰੀਤ ਸਿੰਘ ਦੇ ਨਾਲ ਹੋਏ ਇਸ ਵਿਵਾਦ ਨੇ ਸਾਲ 2018 ਵਿੱਚ ਗਗਨਦੀਪ ਸਿੰਘ ਦੇ ਨਾਲ ਵਾਪਰੀ ਘਟਨਾ ਦੀ ਯਾਦ ਦਿਵਾਈ ਹੈ।

ਨੈਨੀਤਾਲ ਦੇ ਰਾਮਨਗਰ ਦੇ ਗਰਜੀਆ ਮੰਦਿਰ ਦੇ ਬਾਹਰ ਭੜਕੀ ਹੋਈ ਭੀੜ ਵਿੱਚੋਂ ਇੱਕ ਮੁਸਲਮਾਨ ਮੁੰਡੇ ਨੂੰ ਬਚਾਉਣ ਵਾਲੇ ਪੁਲਿਸ ਇੰਸਪੈਕਟਰ ਗਗਨਦੀਪ ਸਿੰਘ ਦੀਆਂ ਪੁਰਾਣੀਆਂ ਯਾਦਾਂ ਤਾਜ਼ਾ ਹੋ ਗਈਆਂ।

22 ਮਈ 2018 ਨੂੰ ਨੈਨੀਤਾਲ ਦੇ ਰਾਮਨਗਰ ਵਿੱਚ ਆਪਣੀ ਪਹਿਲੀ ਪੋਸਟਿੰਗ ਦੇ ਦੌਰਾਨ ਉਦੋਂ 27 ਸਾਲਾਂ ਦੇ ਸਬ ਇੰਸਪੈਕਟਰ ਗਗਨਦੀਪ ਸਿੰਘ ਨੇ ਮੰਦਿਰ ਵਿੱਚ ਭੀੜ ਵਿੱਚ ਘਿਰੇ ਇੱਕ ਮੁਸਲਮਾਨ ਅਤੇ ਹਿੰਦੂ ਔਰਤ ਦੀ ਜਾਨ ਬਚਾਈ ਸੀ।

ਦੋਵਾਂ ਦੇ ਲਈ ਢਾਲ ਬਣਕੇ ਉਨ੍ਹਾਂ ਨੇ ਨਾ ਸਿਰਫ਼ ਆਪਣੀ ਡਿਊਟੀ ਪੂਰੀ ਕੀਤੀ ਬਲਕਿ ਫਿਰਕੂ ਹਿੰਸਾ ਨੂੰ ਫੈਲਣ ਤੋਂ ਰੋਕ ਲਿਆ ਸੀ। ਇਸ ਘਟਨਾ ਤੋਂ ਬਾਅਦ ਵੀ ਗਗਨਦੀਪ ਗਰਜੀਆ ਦੇਵੀ ਦੇ ਨਾਲ ਨਾਲ ਇੱਥੇ ਮੌਜੂਦ ਪੁਲਿਸ ਚੌਂਕੀ ਵਿੱਚ ਵੀ ਇੱਕ ਸਬ ਇੰਸਪੈਕਟਰ(ਚੌਂਕੀ ਇੰਚਾਰਜ) ਵਜੋਂ ਤੈਨਾਤ ਰਹੇ।

ਉਸ ਵੇਲੇ ਸੋਸ਼ਲ ਮੀਡੀਆ ਅਤੇ ਹੋਰ ਕਈ ਹਲਕਿਆਂ ਵਿੱਚ ਪੁਲਿਸ ਇੰਸਪੈਕਟਰ ਗਗਨਦੀਪ ਸਿੰਘ ਨੂੰ ‘ਹੀਰੋ’ ਦੇ ਤੌਰ ਉੱਤੇ ਦੇਖਿਆ ਗਿਆ ਪਰ ਗਗਨਦੀਪ ਸਿੰਘ ਹਮੇਸ਼ਾ ਨਿੱਜੀ ਕਾਰਨਾਂ ਕਰਕੇ ਮੀਡੀਆ ਦੇ ਸਾਹਮਣੇ ਆਉਣ ਤੋਂ ਝਿਜਕਦੇ ਸਨ ਅਤੇ ਅਸਹਿਜ ਮਹਿਸੂਸ ਕਰਦੇ ਸਨ।

'ਮੈਂ ਸਿਰਫ਼ ਆਪਣੀ ਡਿਊਟੀ ਕਰ ਰਿਹਾ ਸੀ’

ਇਸ ਵੇਲੇ ਗਗਨਦੀਪ ਦੀ ਉਮਰ 33 ਸਾਲ ਹੋ ਚੁੱਕੀ ਹੈ ਅਤੇ ਉਹ ਨੈਨੀਤਾਲ ਜ਼ਿਲ਼੍ਹੇ ਦੇ ਰਾਮਨਗਰ ਵਿੱਚ ਕਾਲਾਢੂੰਗੀ ਥਾਣੇ ਵਿੱਚ ਸਬ ਇੰਸਪੈਕਟਰ ਵਜੋਂ ਤੈਨਾਤ ਹਨ।

ਗਗਨਦੀਪ ਸਿੰਘ ਨੇ ਛੇ ਸਾਲ ਪਹਿਲਾਂ ਹੋਈ ਉਸ ਘਟਨਾ ਅਤੇ ਉਸ ਮਗਰੋਂ ਜ਼ਿੰਦਗੀ ਵਿੱਚ ਆਏ ਬਦਲਾਅ ਬਾਰੇ ਪਹਿਲੀ ਵਾਰੀ ਗੱਲਬਾਤ ਕੀਤੀ ਹੈ।

ਉਨ੍ਹਾਂ ਨੇ ਯਾਦ ਕੀਤਾ, “ਮੈਂ ਗਰਜੀਆ ਮੰਦਿਰ ਵਿੱਚ ਆਪਣੀ ਡਿਊਟੀ ਉੱਤੇ ਤੈਨਾਤ ਸੀ, ਡਿਊਟੀ ਦੇ ਦੌਰਾਨ ਮੈਨੂੰ ਪਤਾ ਲੱਗਦਾ ਹੈ ਕਿ ਥੱਲੇ ਨਦੀ ਦੇ ਪਾਸੇ ਇੱਕ ਮੁੰਡਾ ਅਤੇ ਇੱਕ ਕੁੜੀ ਬੈਠੇ ਹੋਏ ਹਨ ਅਤੇ ਉਨ੍ਹਾਂ ਨੂੰ ਭੀੜ ਨੇ ਫੜਿਆ ਹੋਇਆ ਹੈ।”

ਉਹ ਅੱਗੇ ਦੱਸਦੇ ਹਨ, “ਮੈਨੂੰ ਇਹ ਪਤਾ ਲੱਗਾ ਸੀ ਇਹ ਉਹ ਕੁੜੀ ਹਿੰਦੂ ਸੀ ਇਹ ਜਾਣਕਾਰੀ ਮਿਲਦਿਆਂ ਹੀ ਮੈਂ ਮੌਕੇ ਉੱਤੇ ਪਹੁੰਚ ਗਿਆ, ਅਤੇ ਕੁੜੀ ਨੂੰ ਆਪਣੇ ਕੋਲ ਲਿਆਂਦਾ।”

ਗਗਨਦੀਪ ਸਿੰਘ ਦੇ ਮੁਤਾਬਕ ਉਹ ਮੁੰਡੇ ਨੂੰ ਕਿਸੇ ਸੁਰੱਖਿਅਤ ਥਾਂ ਉੱਤੇ ਲੈ ਕੇ ਜਾਣਾ ਚਾਹੁੰਦੇ ਸਨ, ਪਰ ਭੀੜ ਨੇ ਮੰਦਿਰ ਦਾ ਗੇਟ ਬੰਦ ਕਰ ਦਿੱਤਾ ਸੀ ਅਤੇ ਗੁੱਸੇ ਦੇ ਨਾਲ ਮੁੰਡੇ ਨੂੰ ਕੁੱਟਣ ਦੀ ਕੋਸ਼ਿਸ਼ ਹੋ ਰਹੀ ਸੀ।”

ਉਨ੍ਹਾਂ ਨੇ ਦੱਸਿਆ, “ਮੈਂ ਇਹੀ ਕੋਸ਼ਿਸ਼ ਕੀਤੀ ਕਿ ਮੁੰਡੇ ਨੂੰ ਕੋਈ ਗੰਭੀਰ ਸੱਟ ਨਾ ਲੱਗੇ ਅਤੇ ਕੋਈ ਵੱਡੀ ਘਟਨਾ ਨਾ ਵਾਪਰੇ, ਉੱਥੇ ਹੀ ਭੀੜ ਦਾ ਕਹਿਣਾ ਸੀ ਕਿ ਪਹਿਲਾਂ ਪ੍ਰਸ਼ਾਸਨ ਨੂੰ ਇੱਥੇ ਬੁਲਾਇਆ ਜਾਵੇ, ਅਸੀਂ ਉਨ੍ਹਾਂ ਨਾਲ ਗੱਲ ਕਰਾਂਗੇ ਕਿ ਮੰਦਿਰ ਵਿੱਚ ਅਜਿਹੀਆਂ ਘਟਨਾਵਾਂ ਕਿਉਂ ਹੋ ਰਹੀਆਂ ਹਨ।”

ਖ਼ਾਸ ਗੱਲ ਇਹ ਹੈ ਕਿ ਉਸ ਵੇਲੇ ਇਹ ਗਗਨਦੀਪ ਦੀ ਪਹਿਲੀ ਪੋਸਟਿੰਗ ਸੀ ਅਤੇ ਉਨ੍ਹਾਂ ਨੂੰ ਗਰਜੀਆ ਚੌਂਕੀ ਵਿੱਚ ਤਕਰੀਬਨ 8 ਮਹੀਨੇ ਹੀ ਹੋਏ ਸਨ।

ਗਗਨਦੀਪ ਸਿੰਘ ਯਾਦ ਕਰਦੇ ਹਨ, “ਇਸ ਘਟਨਾ ਦੇ ਦੌਰਾਨ ਮੈਂ ਵਰਦੀ ਪਾਈ ਹੋਈ ਸੀ ਅਤੇ ਮੇਰੇ ਦਿਲ ਅਤੇ ਦਿਮਾਗ਼ ਵਿੱਚ ਇਹੀ ਸੀ ਕਿ ਮੇਰੇ ਸਾਹਮਣੇ ਕੋਈ ਕਿਵੇਂ ਕਿਸੇ ਦੀ ਮਾਰ ਕੁੱਟ ਕਰ ਸਕਦਾ ਹੈ, ਮੈਂ ਨਹੀਂ ਚਾਹੁੰਦਾ ਸੀ ਕਿ ਵਰਦੀ ਦੇ ਸਾਹਮਣੇ ਕੋਈ ਅਜਿਹੀ ਘਟਨਾ ਵਾਪਰੇ ਅਤੇ ਵਰਦੀ ਦਾ ਮਾਨ ਵੀ ਬਣਿਆ ਰਹੇ।”

ਉਹ ਕਹਿੰਦੇ ਹਨ, “ਪਰ ਫਿਰ ਵੀ ਲੋਕ ਉਸ ਮੁੰਡੇ ਨੂੰ ਮਾਰ ਰਹੇ ਸਨ ਤਾਂ ਮੈਂ ਉਸ ਨੂੰ ਚਾਰੇ ਪਾਸਿਆਂ ਤੋਂ ਬਚਾ ਰਿਹਾ ਸੀ ਤਾਂ ਕਿ ਉਸ ਨੂੰ ਕਿਸੇ ਤਰ੍ਹਾਂ ਦੀ ਸੱਟ ਨਾ ਲੱਗੇ, ਮੈਨੂੰ ਲੱਗ ਜਾਵੇ ਕੋਈ ਗੱਲ ਨਹੀਂ ਪਰ ਉਸ ਨੂੰ ਨਾ ਲੱਗੇ, ਮੇਰੀ ਕੋਸ਼ਿਸ਼ ਉਸ ਨੂੰ ਬਚਾਉਣ ਦੀ ਸੀ, ਵਰਦੀ ਦਾ ਫਰਜ਼ ਵੀ ਇਹੀ ਕਹਿੰਦਾ ਹੈ।

‘ਮੈਨੂੰ ਹਿੰਦੂ ਵਿਰੋਧੀ ਬਣਾ ਕੇ ਪੇਸ਼ ਕੀਤਾ ਗਿਆ’

ਇਸ ਘਟਨਾ ਦੇ ਤੁਰੰਤ ਬਾਅਦ ਜਦੋਂ ਗਗਨਦੀਪ ਸਿੰਘ ਮੀਡੀਆ ਦੀਆਂ ਸੁਰਖੀਆਂ ਵਿੱਚ ਆਏ ਅਤੇ ਹਰ ਕੋਈ ਉਨ੍ਹਾਂ ਨੂੰ ਇੰਟਰਵਿਊ ਦੇ ਲਈ ਸੰਪਰਕ ਕਰਨ ਲੱਗਾ ਤਾਂ ਉਨਾਂ ਦੇ ਸੀਨੀਅਰ ਅਫ਼ਸਰਾਂ ਨੇ ਦੱਸਿਆ ਕਿ ਗਗਨਦੀਪ ਸਿੰਘ ਨੇ ਛੁੱਟੀ ਲੈ ਲਈ ਹੈ।

ਇਹ ਗੱਲ ਉਸ ਦੌਰਾਨ ਵੀ ਕਾਫੀ ਚਰਚਾ ਵਿੱਚ ਰਹੀ ਸੀ।

ਇਸ ਬਾਰੇ ਗਗਨਦੀਪ ਸਿੰਘ ਨੇ ਦੱਸਿਆ, “ਉਸ ਦੌਰਾਨ ਇਹ ਵੀ ਕਿਹਾ ਗਿਆ ਸੀ ਕਿ ਗਗਨਦੀਪ ਸਿੰਘ ਡਰ ਗਿਆ ਹੈ, ਹਾਲਾਂਕਿ ਅਜਿਹਾ ਨਹੀਂ ਸੀ, ਛੁੱਟੀ ਮੈਂ ਕਈ ਦਿਨ ਪਹਿਲਾਂ ਹੀ ਅਪਲਾਈ ਕੀਤੀ ਹੋਈ ਸੀ।”

ਗਗਨਦੀਪ ਸਿੰਘ ਦੱਸਦੇ ਹਨ, “ਇਹ ਘਟਨਾ 22 ਮਈ 2018 ਨੂੰ ਵਾਪਰੀ ਸੀ, ਅਤੇ ਜਿੱਥੇ ਤੱਕ ਮੈਨੂੰ ਯਾਦ ਹੈ ਮੈਂ ਛੁੱਟੀ 24 ਜਾਂ 25 ਤਰੀਕ ਨੂੰ ਗਿਆ ਸੀ, ਸਾਡੇ ਪੁਲਿਸ ਵਿਭਾਗ ਵਿੱਚ ਛੁੱਟੀ ਲਗਭਗ ਇੱਕ ਹਫ਼ਤਾ ਪਹਿਲਾਂ ਅਪਲਾਈ ਕਰ ਦਿੰਦੇ ਹਨ, ਇਸ ਲਈ ਮੈਂ ਛੁੱਟੀ ਦੀ ਅਰਜ਼ੀ ਇੱਕ ਹਫ਼ਤਾ ਪਹਿਲਾਂ ਦਿੱਤੀ ਹੋਈ ਸੀ।”

ਜਦੋਂ ਗਗਨਦੀਪ ਆਪਣੀ ਇਸ ਛੁੱਟੀ ਤੋਂ ਵਾਪਸ ਪਰਤੇ ਤਾਂ ਉਨ੍ਹਾਂ ਦੀ ਦੁਨੀਆਂ ਬਦਲ ਚੁੱਕੀ ਸੀ।

ਗਗਨਦੀਪ ਸਿੰਘ ਦੱਸਦੇ ਹਨ, “ਮੇਰੇ ਛੁੱਟੀ ਤੋਂ ਵਾਪਸ ਆਉਣ ਤੋਂ ਬਾਅਦ ਮੇਰੇ ਲਈ ਰਾਮਨਗਰ ਦਾ ਮਾਹੌਲ ਕਾਫੀ ਬਦਲ ਗਿਆ ਸੀ, ਲੋਕ ਮੈਨੂੰ ਹੱਲਾਸ਼ੇਰੀ ਦੇਣ ਲੱਗੇ ਅਤੇ ਮੇਰੇ ਨਾਲ ਤਸਵੀਰਾਂ ਖਿਚਵਾਉਣ ਲੱਗੇ।”

ਗਗਨਦੀਪ ਸਿੰਘ ਯਾਦ ਕਰਦੇ ਹਨ, “99 ਫ਼ੀਸਦ ਲੋਕਾਂ ਨੇ ਮੈਨੂੰ ਹੱਲਾਸ਼ੇਰੀ ਹੀ ਦਿੱਤੀ, ਮਾੜਾ ਕਿਸੇ ਨੇ ਨਹੀਂ ਕਿਹਾ, ਸਾਰਿਆਂ ਨੇ ਤਾਰੀਫ਼ ਹੀ ਕੀਤੀ।”

ਉਹ ਦੱਸਦੇ ਹਨ, “ਇਸੇ ਦੌਰਾਨ ਕੁਝ ਲੋਕਾਂ ਨੇ ਮੈਨੂੰ ਹਿੰਦੂ ਵਿਰੋਧੀ ਦੱਸਣ ਦੀ ਕੋਸ਼ਿਸ਼ ਕੀਤੀ, ਪਰ ਅਜਿਹੇ ਲੋਕ ਬਹੁਤ ਘੱਟ ਹੀ ਰਹੇ ਹਨ, ਮੈਨੂੰ ਲੱਗਦਾ ਹੈ 0.1 ਫ਼ੀਸਦ ਲੋਕ ਹੀ ਅਜਿਹੀਆਂ ਗੱਲਾਂ ਕਰਦੇ ਹਨ।”

ਗਗਨਦੀਪ ਇਹ ਵੀ ਯਾਦ ਕਰਦੇ ਹਨ ਕਿ ਛੁੱਟੀ ਤੋਂ ਪਰਤਣ ਮਗਰੋਂ ਰੋਜ਼ ਦੇ ਵਾਂਗ ਡਿਊਟੀ ਕਰਨ ਵਿੱਚ ਉਨ੍ਹਾਂ ਨੂੰ ਕੋਈ ਮੁਸ਼ਕਲ ਨਹੀਂ ਹੋਈ ਅਤੇ ਨਾ ਹੀ ਉਨ੍ਹਾਂ ਦੇ ਕੰਮ ਕਰਨ ਦੇ ਤਰੀਕੇ ਵਿੱਚ ਕੋਈ ਬਦਲਾਅ ਆਇਆ।

ਪੁਲਿਸ ਮਹਿਕਮੇ ਤੋਂ ਮਿਲੀ ਮਦਦ ਦਾ ਜ਼ਿਕਰ ਕਰਦੇ ਹੋਏ ਉਹ ਕਹਿੰਦੇ ਹਨ, “ਉਸ ਸਾਲ 15 ਅਗਸਤ ਨੂੰ ਤਤਕਾਲੀ ਡੀਜੀਪੀ ਨੇ ਮੈਨੂੰ ਮੈਡਲ ਵੀ ਦਿੱਤਾ, ਮੈਂ ਪੁਲਿਸ ਮਹਿਕਮੇ ਵੱਲੋਂ ਦਿੱਤੇ ਸਮਰਥਨ ਨੂੰ ਕਦੇ ਨਹੀਂ ਭੁੱਲ ਸਕਦਾ।”

ਪਰ ਇਸ ਪੂਰੇ ਵਿਵਾਦ ਨੇ ਉਨ੍ਹਾਂ ਦੇ ਪਰਿਵਾਰ ਨੂੰ ਜ਼ਰੂਰ ਚਿੰਤਾ ਵਿੱਚ ਪਾਇਆ ਸੀ, ਉਹ ਕਹਿੰਦੇ ਹਨ, “ਇਹ ਖ਼ਬਰ ਮੀਡੀਆ ਵਿੱਚ ਵੱਧ ਚੱਲ ਰਹੀ ਸੀ ਤਾਂ ਉਸ ਗੱਲ ਬਾਰੇ ਪਰਿਵਾਰ ਵਿੱਚ ਥੋੜ੍ਹੀ ਘਬਰਾਹਟ ਸੀ, ਕੋਈ ਨਹੀਂ ਚਾਹੁੰਦਾ ਸੀ ਕਿ ਮੈਂ ਬਹੁਤ ਜ਼ਿਆਦਾ ਚਰਚਾ ਵਿੱਚ ਆਵਾਂ ਅਤੇ ਮੇਰੇ ਨਾਲ ਕੁਝ ਗ਼ਲਤ ਹੋਵੇ।”

ਪੁਲਿਸ ਦਾ ਕੰਮ ਹੈ ਨਿਰਪੱਖ ਹੋ ਕੇ ਕੰਮ ਕਰਨਾ

ਆਪਣੇ ਪਰਿਵਾਰ ਬਾਰੇ ਗਗਨਦੀਪ ਕਹਿੰਦੇ ਹਨ, “ਮੇਰੇ ਪਰਿਵਾਰ ਨੇ ਹਮੇਸ਼ਾ ਸਹੀ ਕਰਨਾ ਹੀ ਸਿਖਾਇਆ ਹੈ, ਉਨ੍ਹਾਂ ਨੇ ਮੈਨੂੰ ਜਿਹੜੇ ਸੰਸਕਾਰ ਦਿੱਤੇ ਹਨ, ਉਸੇ ਮੁਤਾਬਕ ਮੈਂ ਆਪਣਾ ਕੰਮ ਕੀਤਾ।”

ਪਰਿਵਾਰ ਕੋਲੋਂ ਮਿਲੇ ਸਮਰਥਨ ਕਾਰਨ ਵੀ ਗਗਨਦੀਪ ਇਸ ਘਟਨਾ ਤੋਂ ਉੱਭਰਨ ਵਿੱਚ ਕਾਮਯਾਬ ਰਹੇ।

ਉਹ ਕਹਿੰਦੇ ਹਨ ਕਿ ਉਸ ਦਿਨ ਉਨ੍ਹਾਂ ਦੀ ਥਾਂ ਕੋਈ ਵੀ ਪੁਲਿਸ ਮੁਲਾਜ਼ਮ ਹੁੰਦਾ ਤਾਂ ਉਹ ਵੀ ਇਹੀ ਕਰਦਾ ਜੋ ਉਨ੍ਹਾਂ ਨੇ ਕੀਤਾ ਸੀ।

ਉਹ ਕਹਿੰਦੇ ਹਨ, “ਪੁਲਿਸ ਦਾ ਕੰਮ ਵੀ ਇਹੀ ਹੁੰਦਾ ਹੈ ਮੈਂ ਇਹ ਨਹੀਂ ਕਹਾਂਗਾ ਕਿ ਇਹ ਕੋਈ ਖ਼ਾਸ ਕੰਮ ਸੀ ਪੁਲਿਸ ਦਾ ਕੰਮ ਹੀ ਨਿਰਪੱਖ ਹੋ ਕੇ ਕੰਮ ਕਰਨਾ ਹੁੰਦਾ ਹੈ, ਮੈਂ ਅੱਜ ਵੀ ਇਹੀ ਕਹਿੰਦਾ ਹਾਂ ਕਿ ਜੇਕਰ ਮੇਰੀ ਥਾਂ ਕੋਈ ਹੋਰ ਵੀ ਡਿਊਟੀ ਉੱਤੇ ਹੁੰਦਾ ਤਾਂ ਸ਼ਾਇਦ ਇਹੋ ਕਰਦਾ ਜੋ ਮੈਂ ਕੀਤਾ ਸੀ।”

ਗਗਨਦੀਪ ਸਿੰਘ ਆਪਣੀਆਂ ਗੱਲਾਂ ਵਿੱਚ ਵਾਰ-ਵਾਰ ਇਹ ਦੁਹਰਾਉਂਦੇ ਹਨ ਕਿਸੇ ਵੀ ਸ਼ਖ਼ਸ ਨੂੰ ਕਾਨੂੰਨ ਆਪਣੇ ਹੱਥ ਵਿੱਚ ਨਹੀਂ ਲੈਣਾ ਚਾਹੀਦਾ ਜੇਕਰ ਕਿਸੇ ਨੂੰ ਕਿਸੇ ਗੱਲ ਉੱਤੇ ਇਤਰਾਜ਼ ਹੈ ਤਾਂ ਉਸ ਨੂੰ ਜ਼ਾਹਰ ਕਰਨ ਲਈ ਹੋ ਕਈ ਬਦਲ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)