ਲਾਇਲਾਜ ਕੈਂਸਰ ਦਾ ਨਵੀਂ ਤਕਨੀਕ ਨਾਲ ਪਹਿਲੀ ਵਾਰ ਹੋਇਆ ਇਲਾਜ

ਤਸਵੀਰ ਸਰੋਤ, Family Photo
- ਲੇਖਕ, ਜੇਮਜ਼ ਗੈਲਾਘਰ
- ਰੋਲ, ਸਿਹਤ ਅਤੇ ਵਿਗਿਆਨ ਪੱਤਰਕਾਰ
ਇੱਕ ਨਵੀਂ ਤਰ੍ਹਾਂ ਦੀ ਦਵਾਈ ਦੇ ਪਹਿਲੇ ਪ੍ਰਯੋਗ ’ਚ ਇੱਕ ਨਾਬਾਲਗ ਕੁੜੀ ਦਾ ਲਾਇਲਾਜ ਕੈਂਸਰ ਠੀਕ ਹੋ ਗਿਆ ਹੈ।
ਐਲੀਸਾ ਦੇ ਲਿਊਕੇਮੀਆ (ਖੂਨ ਦਾ ਕੈਂਸਰ ਜਾਂ ਬਲੱਡ ਕੈਂਸਰ) ਦੇ ਸਾਰੇ ਇਲਾਜ ਅਸਫ਼ਲ ਹੋ ਗਏ ਸਨ।
ਇਸ ਲਈ ਗ੍ਰੇਟ ਓਰਮੰਡ ਸਟ੍ਰੀਟ ਹਸਪਤਾਲ ਦੇ ਡਾਕਟਰਾਂ ਨੇ ‘ਬੇਸ ਐਡੀਟਿੰਗ’ ਦੀ ਵਰਤੋਂ ਕੀਤੀ ਤਾਂ ਜੋ ਜੀਵ- ਵਿਗਿਆਨਕ ਇੰਜੀਨੀਅਰਿੰਗ ਦੇ ਕਾਰਨਾਮੇ ਨਾਲ ਉਸ ਲਈ ਇੱਕ ਨਵੀਂ ਜੀਵੰਤ/ਜੀਵਤ ਦਵਾਈ ਬਣਾਈ ਜਾ ਸਕੇ।
ਛੇ ਮਹੀਨਿਆਂ ਬਾਅਦ ਐਲੀਸਾ ਦੇ ਸਰੀਰ 'ਚ ਕੈਂਸਰ ਦਾ ਕੋਈ ਨਿਸ਼ਾਨ ਨਹੀਂ ਮਿਲਿਆ, ਪਰ ਐਲੀਸਾ ਅਜੇ ਵੀ ਨਿਗਰਾਨੀ ਹੇਠ ਹਨ ਤਾਂ ਜੋ, ਜੇਕਰ ਕੈਂਸਰ ਮੁੜ ਉੱਭਰ ਜਾਂਦਾ ਹੈ ਤਾਂ ਉਸ ਦਾ ਪਤਾ ਲਗਾਇਆ ਜਾ ਸਕੇ।

ਤਸਵੀਰ ਸਰੋਤ, Family Photo
ਐਲੀਸਾ ਦਾ ਕੈਂਸਰ ਇੱਕ ਪ੍ਰਕਾਰ ਨਾਲ ਹਮਲਾਵਰ ਸੀ
13 ਸਾਲਾ ਐਲੀਸਾ ਲੈਸਟਰ ਦੇ ਵਸਨੀਕ ਹਨ, ਜਿਨ੍ਹਾਂ ਨੂੰ ਪਿਛਲੇ ਸਾਲ ਮਈ ਮਹੀਨੇ ਵਿੱਚ ਟੀ-ਸੈੱਲ ਐਕਿਊਟ ਲਿੰਫੋਬਲਾਸਟਿਕ ਲਿਊਕੇਮੀਆ ਹੋਣ ਬਾਰੇ ਪਤਾ ਲੱਗਿਆ ਸੀ।
ਟੀ-ਸੈੱਲਾਂ ਨੂੰ ਸਰੀਰ ਦੀ ਰੱਖਿਆ ਕਰਨ ਵਾਲੇ ਮੰਨਿਆ ਜਾਂਦਾ ਹੈ, ਜੋ ਕਿ ਖ਼ਤਰਿਆਂ ਨੂੰ ਲੱਭਦੇ ਹਨ ਅਤੇ ਉਨ੍ਹਾਂ ਨੂੰ ਨਸ਼ਟ ਵੀ ਕਰਦੇ ਹਨ।
ਪਰ ਐਲੀਸਾ ਦੇ ਕੇਸ ‘ਚ ਇਹ ਸੈੱਲ ਹੀ ਉਸ ਲਈ ਵੱਡਾ ਖ਼ਤਰਾ ਬਣ ਗਏ ਸਨ ਅਤੇ ਬੇਹਿਸਾਬ ਢੰਗ ਨਾਲ ਵਧ ਰਹੇ ਸਨ।
ਐਲੀਸਾ ਦਾ ਕੈਂਸਰ ਇੱਕ ਪ੍ਰਕਾਰ ਨਾਲ ਹਮਲਾਵਰ ਸੀ। ਕੀਮੋਥੈਰੇਪੀ ਅਤੇ ਫਿਰ ਬੋਨ-ਮੈਰੋ ਟ੍ਰਾਂਸਪਲਾਂਟ ਤੋਂ ਬਾਅਦ ਵੀ ਉਨ੍ਹਾਂ ਦਾ ਸਰੀਰ ਕੈਂਸਰ ਮੁਕਤ ਨਾ ਹੋ ਸਕਿਆ।
ਇਸ ਨਵੀਂ ਪ੍ਰਯੋਗਾਤਮਕ ਦਵਾਈ ਤੋਂ ਬਿਨ੍ਹਾਂ, ਐਲੀਸਾ ਲਈ ਇੱਕੋ ਇੱਕ ਵਿਕਲਪ ਮੌਜੂਦ ਹੋਵੇਗਾ ਕਿ ਉਨ੍ਹਾਂ ਨੂੰ ਜਿੰਨਾ ਸੰਭਵ ਹੋ ਸਕੇ ਓਨਾਂ ਆਰਾਮਦਾਇਕ ਮਾਹੌਲ ਮੁਹੱਈਆ ਕਰਵਾਇਆ ਜਾਵੇ।

ਐਲੀਸਾ ਨੇ ਕਿਹਾ, “ਆਖਰਕਾਰ ਮੈਂ ਮਰ ਗਈ ਹੁੰਦੀ।”
ਉਨ੍ਹਾਂ ਦੀ ਮਾਂ, ਕਿਓਨਾ ਨੇ ਦੱਸਿਆ ਕਿ ਪਿਛਲੇ ਸਾਲ ਇਸੇ ਸਮੇਂ ਉਹ ਕ੍ਰਿਸਮਸ ਤੋਂ ਡਰ ਰਹੀ ਸੀ, ਕਿਉਂਕਿ ''ਉਸ ਨੂੰ ਲੱਗ ਰਿਹਾ ਸੀ ਕਿ ਇਹ ਸਾਡੇ ਨਾਲ ਉਸ ਦਾ ਆਖਰੀ ਕ੍ਰਿਸਮਸ ਹੈ''। ਫਿਰ ਜਨਵਰੀ ਮਹੀਨੇ ਆਪਣੀ ਧੀ ਦੇ 13ਵੇਂ ਜਨਮ ਦਿਨ ਮੌਕੇ ਕਿਓਨਾ 'ਸਿਰਫ਼ ਰੌਂਦੇ' ਰਹੇ ਸਨ।
ਅੱਗੇ ਜੋ ਕੁਝ ਵੀ ਹੋਇਆ ਉਸ ਦੀ ਕੁਝ ਸਾਲ ਪਹਿਲਾਂ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਸੀ। ਇਹ ਜੈਨੇਟਿਕਸ ‘ਚ ਸ਼ਾਨਦਾਰ ਤਰੱਕੀ ਰਾਹੀਂ ਹੀ ਸੰਭਵ ਹੋ ਸਕਿਆ ਹੈ।

- ਲਿਊਕੇਮੀਆ ਇੱਕ ਤਰ੍ਹਾਂ ਦਾ ਖੂਨ ਦਾ ਕੈਂਸਰ ਜਾਂ ਬਲੱਡ ਕੈਂਸਰ ਹੁੰਦਾ ਹੈ
- ਐਲੀਸਾ ਨਾਮ ਦੀ ਇੱਕ ਬੱਚੀ ਨੂੰ ਵੀ ਇਹੀ ਕੈਂਸਰ ਹੋ ਗਿਆ ਸੀ, ਜਿਸ ਦਾ ਹੁਣ ਇੱਕ ਨਵੀਂ ਤਕਨੀਕ ਨਾਲ ਇਲਾਜ ਕੀਤਾ ਗਿਆ ਹੈ
- ਇਸ ਤਕਨੀਕ ਨੂੰ ਬੇਸ ਐਡੀਟਿੰਗ ਕਿਹਾ ਜਾਂਦਾ ਹੈ, ਜਿਸ ਦੀ ਖੋਜ ਮਹਿਜ਼ ਛੇ ਸਾਲ ਪਹਿਲਾਂ ਹੀ ਹੋਈ ਹੈ
- ਐਲੀਸਾ, 10 ਲੋਕਾਂ ‘ਚੋਂ ਪਹਿਲੀ ਹੈ ਜਿਸ ਨੂੰ ਕਿ ਕਲੀਨਿਕਲ ਟ੍ਰਾਇਲ ਦੇ ਹਿੱਸੇ ਵੱਜੋਂ ਇਹ ਇਲਾਜ ਦਿੱਤਾ ਗਿਆ ਹੈ
- ਤਾਜ਼ਾ ਟੈਸਟਾਂ ਵਿੱਚ ਐਲੀਸਾ ਦੇ ਸਰੀਰ ਵਿੱਚ ਕੈਂਸਰ ਦੇ ਸੰਕੇਤ ਨਹੀਂ ਮਿਲੇ ਹਨ

ਕੀ ਹੈ ਬੇਸ ਐਡੀਟਿੰਗ ਤਕਨੀਕ
ਐਲੀਸਾ ਦੇ ਇਲਾਜ ਲਈ ਗ੍ਰੇਟ ਓਰਮੰਡ ਸਟ੍ਰੀਟ ਦੀ ਟੀਮ ਨੇ ਬੇਸ ਐਡੀਟਿੰਗ ਨਾਂ ਦੀ ਤਕਨੀਕ ਦੀ ਵਰਤੋਂ ਕੀਤੀ, ਜਿਸ ਦੀ ਖੋਜ ਮਹਿਜ਼ ਛੇ ਸਾਲ ਪਹਿਲਾਂ ਹੀ ਹੋਈ ਹੈ।
ਬੇਸਜ਼ ਜਾਂ ਆਧਾਰ ਇੱਕ ਤਰ੍ਹਾਂ ਨਾਲ ਜੀਵਨ ਦੀ ਭਾਸ਼ਾ ਹਨ। ਬੇਸ ਦੀਆਂ ਚਾਰ ਕਿਸਮਾਂ ਹਨ- ਅਡੈਨਿਨ (ਏ), ਸਾਈਟੋਸਿਨ (ਸੀ), ਗੁਆਨਿਨ (ਜੀ) ਅਤੇ ਥਾਈਮਿਨ (ਟੀ), ਇਹ ਸਾਡੇ ਜੈਨੇਟਿਕ ਕੋਡ ਦੇ ਬਿਲਡਿੰਗ ਬਲਾਕ ਹਨ।
ਜਿਸ ਤਰ੍ਹਾਂ ਨਾਲ ਵਰਣਮਾਲਾ ਦੇ ਅੱਖਰ ਅਰਥਪੂਰਨ ਸ਼ਬਦਾਂ ਨੂੰ ਦਰਸਾਉਂਦੇ ਹਨ, ਉਸੇ ਤਰ੍ਹਾਂ ਸਾਡੇ ਡੀਐਨਏ ‘ਚ ਵੀ ਅਰਬਾਂ ਬੇਸਸ ਹੁੰਦੇ ਹਨ ਜੋ ਸਾਡੇ ਸਰੀਰ ਲਈ ਹਿਦਾਇਤ ਮੈਨੂਅਲ (ਜਿਸ ਨਾਲ ਸਰੀਰ ਬਾਰੇ ਹਿਦਾਇਤ ਮਿਲੇ) ਨੂੰ ਦਰਸਾਉਂਦੇ ਹਨ।
ਬੇਸ ਐਡੀਟਿੰਗ, ਵਿਗਿਆਨੀਆਂ ਨੂੰ ਜੈਨੇਟਿਕ ਕੋਡ ਦੇ ਇੱਕ ਸਟੀਕ ਹਿੱਸੇ ਨੂੰ ਜ਼ੂਮ ਕਰਨ ਅਤੇ ਫਿਰ ਸਿਰਫ ਇੱਕ ਬੇਸ ਦੇ ਅਣੂ ਬਣਤਰ ਨੂੰ ਬਦਲਣ ਅਤੇ ਇਸ ਨੂੰ ਦੂਜੇ ਵਿੱਚ ਬਦਲਣ ਅਤੇ ਜੈਨੇਟਿਕ ਨਿਰਦੇਸ਼ਾਂ ਨੂੰ ਬਦਲਣ ਦੀ ਇਜਾਜ਼ਤ ਦਿੰਦਾ ਹੈ।
ਡਾਕਟਰਾਂ ਅਤੇ ਵਿਗਿਆਨੀਆਂ ਦੀ ਇੱਕ ਵੱਡੀ ਟੀਮ ਨੇ ਇਸ ਦੀ ਵਰਤੋਂ ਇੱਕ ਨਵੀਂ ਕਿਸਮ ਦੇ ਟੀ-ਸੈੱਲ ਨੂੰ ਤਿਆਰ ਕਰਨ ‘ਚ ਕੀਤੀ, ਜੋ ਕਿ ਐਲੀਸਾ ਦੇ ਕੈਂਸਰ ਵਾਲੇ ਟੀ-ਸੈੱਲਾਂ ਦੀ ਖੋਜ ਕਰਨ ਅਤੇ ਉਨ੍ਹਾਂ ਨੂੰ ਮਾਰਨ ‘ਚ ਸਮਰੱਥ ਸੀ।
ਉਨ੍ਹਾਂ ਨੇ ਸਿਹਤਮੰਦ ਟੀ-ਸੈੱਲਾਂ ਨਾਲ ਸ਼ੁਰੂਆਤ ਕੀਤੀ ਜੋ ਕਿ ਇੱਕ ਡੋਨਰ ਵੱਲੋਂ ਦਾਨ ਕੀਤੇ ਗਏ ਸਨ ਅਤੇ ਉਨ੍ਹਾਂ ਨੂੰ ਸੋਧਣ ਲਈ ਸੈੱਟ ਕੀਤਾ ਗਿਆ।

- ਪਹਿਲੇ ਬੇਸ ਐਡਿਟ ਨੇ ਤੰਤਰ ਕਾਰਜ ਵਿਧੀ ਨੂੰ ਨਿਸ਼ਾਨਾ ਬਣਾਉਣ ਵਾਲੇ ਟੀ-ਸੈੱਲਾਂ ਨੂੰ ਡਿਸਐਬਲ ਕੀਤਾ ਤਾਂ ਜੋ ਉਹ ਐਲੀਸਾ ਦੇ ਸਰੀਰ ‘ਤੇ ਹਮਲਾ ਨਾ ਕਰ ਸਕਣ।
- ਦੂਜੇ ਨੇ ਸੀਡੀ7 ਨਾਮਕ ਇੱਕ ਰਸਾਇਣਿਕ ਮਾਰਕਿੰਗ ਨੂੰ ਹਟਾ ਦਿੱਤਾ, ਜੋ ਕਿ ਸਾਰੇ ਟੀ-ਸੈੱਲਾਂ ‘ਤੇ ਹੁੰਦਾ ਹੈ।
- ਤੀਜਾ ਐਡਿਟ ਇੱਕ ਅਦਿੱਖ ਪਰਦਾ ਸੀ ਜੋ ਕਿ ਕੀਮੋਥੈਰੇਪੀ ਡਰੱਗ ਜ਼ਰੀਏ ਸੈੱਲਾਂ ਨੂੰ ਨਸ਼ਟ ਕਰਨ ਤੋਂ ਰੋਕਦਾ ਸੀ।

ਜੈਨੇਟਿਕ ਸੋਧ ਦੇ ਅੰਤਿਮ ਪੜਾਅ ਨੇ ਟੀ-ਸੈੱਲਾਂ ਨੂੰ ਸੀਡੀ 7 ਚਿੰਨ੍ਹ ਵਾਲੇ ਕਿਸੇ ਵੀ ਪਦਾਰਥ ਦਾ ਸ਼ਿਕਾਰ ਕਰਨ ਦਾ ਨਿਰਦੇਸ਼ ਦਿੱਤਾ ਤਾਂ ਜੋ ਇਹ ਉਸ ਦੇ ਸਰੀਰ ‘ਚ ਮੌਜੂਦ ਸਾਰੇ ਟੀ-ਸੈੱਲਾਂ ਨੂੰ ਨਸ਼ਟ ਕਰ ਸਕੇ, ਜਿਸ ‘ਚ ਕੈਂਸਰ ਵਾਲੇ ਟੀ-ਸੈੱਲ ਵੀ ਸ਼ਾਮਲ ਹਨ।
ਇਸ ਕਰਕੇ ਹੀ ਇਸ ਮਾਰਕਿੰਗ ਨੂੰ ਥੈਰੇਪੀ ਤੋਂ ਹਟਾ ਦਿੱਤਾ ਜਾਣਾ ਚਾਹੀਦਾ ਹੈ, ਨਹੀਂ ਤਾਂ ਇਹ ਆਣੇ ਆਪ ਨੂੰ ਹੀ ਤਬਾਹ ਕਰ ਦੇਵੇਗਾ।
ਜੇਕਰ ਇਹ ਥੈਰੇਪੀ ਕਾਰਗਰ ਸਿੱਧ ਹੁੰਦੀ ਹੈ ਤਾਂ ਐਲੀਸਾ ਦੀ ਪ੍ਰਤੀਰੋਧਕ ਪ੍ਰਣਾਲੀ, ਜਿਸ ‘ਚ ਟੀ-ਸੈੱਲ ਵੀ ਸ਼ਾਮਲ ਹਨ, ਨੂੰ ਦੂਜੇ ਬੋਨ-ਮੈਰੋ ਟ੍ਰਾਂਸਪਲਾਂਟ ਤੋਂ ਬਾਅਦ ਮੁੜ ਨਿਰਮਿਤ ਕੀਤਾ ਜਾਵੇਗਾ।
ਜਦੋਂ ਪਰਿਵਾਰ ਨੂੰ ਇਸ ਵਿਚਾਰ ਬਾਰੇ ਦੱਸਿਆ ਗਿਆ ਤਾਂ ਐਲੀਸਾ ਦੀ ਮਾਂ ਕਿਓਨਾ ਸੋਚ ਵਿੱਚ ਪੈ ਗਈ: “ਤੁਸੀਂ ਅਜਿਹਾ ਕਰ ਸਕਦੇ ਹੋ?”

ਤਸਵੀਰ ਸਰੋਤ, GREAT ORMOND STREET HOSPITAL
ਐਲੀਸਾ ਇਸ ਤਕਨੀਕ ਨਾਲ ਇਲਾਜ ਕਰਵਾਉਣ ਵਾਲੀ ਪਹਿਲੀ ਮਰੀਜ਼
ਇਸ ਸਾਲ ਮਈ ਮਹੀਨੇ ਪ੍ਰਯੋਗਾਤਮਕ ਥੈਰੇਪੀ- ਜਿਸ ‘ਚ ਲੱਖਾਂ ਸੋਧ ਸੈੱਲ ਸ਼ਾਮਲ ਸਨ, ਨੂੰ ਲੈਣ ਦਾ ਫੈਸਲਾ ਐਲੀਸਾ ਦਾ ਹੀ ਸੀ।
ਯੂਸੀਐਲ ਅਤੇ ਗ੍ਰੇਟ ਓਰਮੰਡ ਸਟ੍ਰੀਟ ਦੇ ਪ੍ਰੋ. ਵਾਸੀਮ ਕਾਸਿਮ ਨੇ ਕਿਹਾ, “ਐਲੀਸਾ ਇਸ ਤਕਨੀਕ ਨਾਲ ਇਲਾਜ ਕਰਵਾਉਣ ਵਾਲੀ ਪਹਿਲੀ ਮਰੀਜ਼ ਹੈ।”
ਉਨ੍ਹਾਂ ਕਿਹਾ ਕਿ ਇਹ ਜੈਨੇਟਿਕ ਹੇਰਫੇਰ ਇੱਕ ਤਰ੍ਹਾਂ ਨਾਲ “ਵਿਗਿਆਨ ਦਾ ਇੱਕ ਬਹੁਤ ਤੇਜ਼ੀ ਨਾਲ ਅੱਗੇ ਵਧਣ ਵਾਲਾ ਖੇਤਰ’ ਸੀ, ਜਿਸ ‘ਚ ਕਈ ਬਿਮਾਰੀਆਂ ਨੂੰ ਠੀਕ ਕਰਨ ਦੀ “ਵੱਡੀ ਸੰਭਾਵਨਾ” ਸੀ।
ਡਿਜ਼ਾਈਨਰ ਸੈੱਲਾਂ ਨੇ ਐਲੀਸਾ ਦੇ ਸਰੀਰ ‘ਚ ਮੌਜੂਦ ਕੈਂਸਰ ਟੀ-ਸੈੱਲਾਂ ਅਤੇ ਨਾਲ ਹੀ ਉਨ੍ਹਾਂ ਦੇ ਸਰੀਰ ਨੂੰ ਬਿਮਾਰੀਆ ਤੋਂ ਬਚਾਉਣ ਵਾਲੇ ਸੈੱਲਾਂ, ਦੋਵਾਂ ‘ਤੇ ਹੀ ਹਮਲਾ ਕੀਤਾ ਸੀ।
ਇੱਕ ਮਹੀਨੇ ਬਾਅਦ, ਐਲੀਸਾ ਕੁਝ ਬਿਹਤਰ ਸੀ ਅਤੇ ਉਨ੍ਹਾਂ ਦੇ ਇਮਿਊਨ ਸਿਸਟਮ ਨੂੰ ਮੁੜ ਵਿਕਸਿਤ ਕਰਨ ਲਈ ਉਨ੍ਹਾਂ ਦਾ ਦੂਜਾ ਬੋਨ-ਮੈਰੋ ਟ੍ਰਾਂਸਪਲਾਟ ਕੀਤਾ ਗਿਆ ਸੀ।
ਐਲੀਸਾ ਨੇ 16 ਹਫ਼ਤੇ ਹਸਤਾਲ ‘ਚ ਬਿਤਾਏ ਅਤੇ ਆਪਣੇ ਭਰਾ ਨੂੰ ਨਹੀਂ ਵੇਖ ਸਕੀ ਸੀ, ਜੋ ਕਿ ਹੁਣ ਵੀ ਸਕੂਲ ਜਾ ਰਿਹਾ ਸੀ ਅਤੇ ਉਸ ਅੰਦਰ ਵੀ ਕੀਟਾਣੂ ਹੋ ਸਕਦੇ ਸਨ।
ਤਿੰਨ ਮਹੀਨੇ ਦੇ ਚੈੱਕਅਪ ਤੋਂ ਬਾਅਦ ਮੁੜ ਕੈਂਸਰ ਦੇ ਲੱਛਣ ਪਾਏ ਜਾਣ ‘ਤੇ ਚਿੰਤਾ ਦਾ ਮਾਹੌਲ ਸੀ, ਪਰ ਉਨ੍ਹਾਂ ਦੀਆਂ ਹਾਲ ਹੀ ਦੀਆਂ ਦੋ ਜਾਂਚਾ ਸਪਸ਼ਟ ਜਾਂ ਠੀਕ ਰਹੀਆਂ ਹਨ।


ਪਰਿਵਾਰ ਨੂੰ ਉਮੀਦ, ਹੁਣ ਕੈਂਸਰ ਕਦੇ ਵਾਪਸ ਨਹੀਂ ਆਵੇਗਾ
ਐਲੀਸਾ ਨੇ ਕਿਹਾ, “ਤੁਸੀਂ ਬਸ ਹਰ ਛੋਟੀ ਚੀਜ਼ ਦੀ ਕਦਰ ਜਾਂ ਸ਼ਲਾਘਾ ਕਰਨਾ ਸਿੱਖ ਜਾਂਦੇ ਹੋ। ਮੈਂ ਹੁਣ ਇੱਥੇ ਹਾਂ, ਇਸ ਲਈ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ।”
“ਇਹ ਪਾਗਲਪਨ ਹੈ। ਇਹ ਬਹੁਤ ਹੀ ਹੈਰਾਨੀਜਨਕ ਹੈ ਕਿ ਮੈਂ ਇਸ ਮੌਕੇ ਨੂੰ ਹਾਸਲ ਕਰਨ ਦੇ ਯੋਗ ਹੋਈ ਹਾਂ, ਇਸ ਦੇ ਲਈ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਅਤੇ ਇਹ ਭਵਿੱਖ ‘ਚ ਹੋਰ ਬੱਚਿਆਂ ਦੀ ਵੀ ਮਦਦ ਕਰੇਗਾ।”
ਹੁਣ ਐਲੀਸਾ ਕ੍ਰਿਸਮਸ ਦੀ ਉਡੀਕ ਕਰ ਰਹੇ ਹਨ। ਨਾਲ ਹੀ ਉਹ ਆਪਣੀ ਆਂਟੀ ਦੇ ਵਿਆਹ, ਬਾਈਕ ਦੀ ਸਵਾਰੀ ਕਰਨ, ਸਕੂਲ ਵਾਪਸ ਜਾਣ ਅਤੇ ਬਾਕੀ ਸਾਰੇ ਕੰਮ ਹੋਰ ਲੋਕਾਂ ਵਾਂਗ ਕਰਨ ਲਈ ਉਤਸ਼ਾਹਿਤ ਹਨ।
ਉਨ੍ਹਾਂ ਦੇ ਪਰਿਵਾਰ ਨੂੰ ਉਮੀਦ ਹੈ ਕਿ ਹੁਣ ਕੈਂਸਰ ਕਦੇ ਵਾਪਸ ਨਹੀਂ ਆਵੇਗਾ, ਪਰ ਉਹ ਪਹਿਲਾਂ ਹੀ ਐਲੀਸਾ ਨੂੰ ਮਿਲੇ ਇਸ ਮੌਕੇ ਲਈ ਸ਼ੁਕਰਗੁਜ਼ਾਰ ਹਨ।
ਕਿਓਨਾ ਨੇ ਕਿਹਾ, “ਇਹ ਪਿਛਲੇ ਤਿੰਨ ਮਹੀਨੇ ਜਦੋਂ ਉਹ ਘਰ ‘ਚ ਹੈ, ਆਪਣੇ ਆਪ ‘ਚ ਹੀ ਇੱਕ ਤੋਹਫ਼ਾ ਹੈ।”
ਐਲੀਸਾ ਦੇ ਪਿਤਾ ਜੇਮਜ਼ ਨੇ ਕਿਹਾ, “ਮੈਨੂੰ ਇਸ ਬਾਰੇ ਗੱਲ ਕਰਨਾ ਬਹੁਤ ਹੀ ਮੁਸ਼ਕਲ ਲੱਗਦਾ ਹੈ ਕਿ ਅਸੀਂ ਕਿੰਨਾ ਮਾਣ ਮਹਿਸੁਸ ਕਰ ਰਹੇ ਹਾਂ। ਜਦੋਂ ਤੁਸੀਂ ਵੇਖਦੇ ਹੋ ਕਿ ਉਹ ਕਿਸ ਦੌਰ ‘ਚੋਂ ਗੁਜ਼ਰੀ ਹੈ ਅਤੇ ਆਪਣੀ ਜੀਵਨ ਸ਼ਕਤੀ ਨੂੰ ਹਾਸਲ ਕਰਨ ਲਈ ਉਸ ਨੇ ਹਰ ਸਥਿਤੀ ਦਾ ਡੱਟ ਕੇ ਸਾਹਮਣਾ ਕੀਤਾ ਹੈ, ਇਹ ਬਹੁਤ ਹੀ ਸ਼ਾਨਦਾਰ ਹੈ।”

ਬੱਚਿਆਂ ਨੂੰ ਹੋਵੇਗਾ ਇਸ ਥੈਰੇਪੀ ਦਾ ਫਾਇਦਾ!
ਲਿਊਕੇਮੀਆ ਵਾਲੇ ਵਧੇਰੇਤਰ ਬੱਚੇ ਮੁੱਖ ਇਲਾਜ ਨਾਲ ਠੀਕ ਹੋਣ ਲੱਗਦੇ ਹਨ, ਪਰ ਇਹ ਮੰਨਿਆ ਜਾ ਰਿਹਾ ਹੈ ਕਿ ਇਸ ਥੈਰੇਪੀ ਨਾਲ ਇੱਕ ਸਾਲ ‘ਚ ਇੱਕ ਦਰਜਨ ਤੋਂ ਵੀ ਵੱਧ ਬੱਚੇ ਇਸ ਥੈਰੇਪੀ ਦਾ ਲਾਭ ਚੁੱਕ ਸਕਣਗੇ।
ਐਲੀਸਾ 10 ਲੋਕਾਂ ‘ਚੋਂ ਪਹਿਲੀ ਹੈ ਜਿਸ ਨੂੰ ਕਿ ਕਲੀਨਿਕਲ ਟ੍ਰਾਇਲ ਦੇ ਹਿੱਸੇ ਵੱਜੋਂ ਦਵਾਈ ਦਿੱਤੀ ਗਈ ਹੈ।
ਗ੍ਰੇਟ ਓਰਮੰਡ ਸਟ੍ਰੀਟ ਹਸਪਤਾਲ ਦੇ ਬੋਨ-ਮੈਰੋ ਟ੍ਰਾਂਸਪਲਾਂਟ ਵਿਭਾਗ ਦੇ ਡਾਕਟਰ ਰੌਬਰਟ ਚੇਇਸਾ ਨੇ ਕਿਹਾ, “ਇਹ ਬਹੁਤ ਹੀ ਰੋਮਾਂਚਕ ਹੈ। ਜਾਹਿਰ ਹੈ, ਇਹ ਦਵਾਈ ਦੇ ਖੇਤਰ ‘ਚ ਇੱਕ ਨਵਾਂ ਖੇਤਰ ਹੈ ਅਤੇ ਇਹ ਬਹੁਤ ਹੀ ਦਿਲਚਸਪ ਹੈ ਕਿ ਅਸੀਂ ਕੈਂਸਰ ਨਾਲ ਨਜਿੱਠਣ ਲਈ ਇਮਿਊਨ ਪ੍ਰਣਾਲੀ ਨੂੰ ਮੁੜ ਨਿਰਦੇਸ਼ਿਤ ਕਰ ਸਕਦੇ ਹਾਂ।”
ਇਹ ਤਕਨਾਲੋਜੀ ਇਹ ਦਰਸਾਉਂਦੀ ਹੈ ਕਿ ਬੇਸ ਐਡੀਟਿੰਗ ਕੀ ਕੁਝ ਹਾਸਲ ਕਰ ਸਕਦੀ ਹੈ।

ਬ੍ਰੌਡ ਇੰਸਟੀਚਿਊਟ ਦੇ ਬੇਸ ਐਡੀਟਿੰਗ ਦੇ ਖੋਜਕਰਤਾਵਾਂ ‘ਚੋਂ ਇੱਕ ਡਾਕਟਰ ਡੇਵਿਡ ਲਿਊ ਨੇ ਦੱਸਿਆ ਕਿ ਇਹ ‘ਥੋੜਾ ਜਿਹਾ ਘੱਟ ਅਸਲੀ’ ਜਾਪਦਾ ਸੀ ਕਿ ਤਕਨੀਕੀ ਦੀ ਖੋਜ ਤੋਂ ਸਿਰਫ ਛੇ ਸਾਲ ਬਾਅਦ ਲੋਕਾਂ ਦਾ ਇਲਾਜ ਕੀਤਾ ਜਾ ਰਿਹਾ ਸੀ।
ਐਲੀਸਾ ਦੀ ਥੈਰੇਪੀ ‘ਚ ਹਰੇਕ ਬੇਸ ਐਡੀਟ ‘ਚ ਜੈਨੇਟਿਕ ਕੋਡ ਦੇ ਇੱਕ ਹਿੱਸੇ ਨੂੰ ਤੋੜਨਾ ਸ਼ਾਮਲ ਸੀ, ਇਸ ਲਈ ਇਹ ਹੁਣ ਕਾਰਜਸ਼ੀਲ ਨਹੀਂ ਹੈ।
ਪਰ ਇੱਥੇ ਹੋਰ ਵੀ ਸੂਖਮ ਐਪਲੀਕੇਸ਼ਨ ਮੌਜੂਦ ਹਨ, ਜਿਸ ਨਾਲ ਕਿਸੇ ਹਿਦਾਇਤ ਨੂੰ ਬੰਦ ਕਰਨ ਦੀ ਬਜਾਏ ਤੁਸੀਂ ਉਸ ਦੇ ਨੁਕਸ ਨੂੰ ਠੀਕ ਕਰ ਸਕਦੇ ਹੋ।
ਉਦਾਹਰਣ ਦੇ ਲਈ ਸਿਕਲ ਸੈੱਲ ਅਨੀਮੀਆ ਸਿਰਫ਼ ਇੱਕ ਬੇਸ ਤਬਦੀਲੀ ਦੇ ਕਾਰਨ ਹੁੰਦਾ ਹੈ, ਜਿਸ ਨੂੰ ਠੀਕ ਕੀਤਾ ਜਾ ਸਕਦਾ ਹੈ।
ਇਸ ਲਈ ਪਹਿਲਾਂ ਹੀ ਸਿਕਲ-ਸੈੱਲ ਬਿਮਾਰੀ ਅਤੇ ਨਾਲ ਹੀ ਉੱਚ ਕੋਲੇਸਟਰੋਲ, ਜੋ ਕਿ ਪਰਿਵਾਰਾਂ ਵਿੱਚ ਇਕ ਤੋਂ ਦੂਜੇ ਤੱਕ ਪਹੁੰਚਦਾ ਹੈ ਅਤੇ ਖੂਨ ਦੇ ਵਿਕਾਰ ਬੀਟਾ-ਥੈਲੇਸੀਮੀਆ ‘ਚ ਬੇਸ ਐਡੀਟਿੰਗ ਦੇ ਟ੍ਰਾਇਲ ਚੱਲ ਰਹੇ ਹਨ।
ਡਾਕਟਰ ਲਿਊ ਦਾ ਕਹਿਣਾ ਹੈ ਕਿ “ਬੇਸ ਐਡੀਟਿੰਗ ਦੀਆਂ ਉਪਚਾਰਕ ਐਪਲੀਕੇਸ਼ਨਾਂ ਅਜੇ ਸ਼ੂਰੂ ਹੋ ਰਹੀਆਂ ਹਨ” ਅਤੇ ਇਸ “ਉਪਚਾਰਕ ਮਨੁੱਖੀ ਜੀਨ ਐਡੀਟਿੰਗ ਦੇ ਇਸ ਯੁੱਗ ਦਾ ਹਿੱਸਾ ਬਣਨਾ ਬਹੁਤ ਖਾਸ ਸੀ”, ਕਿਉਂਕਿ ਸਾਇੰਸ ਹੁਣ ‘ਸਾਡੇ ਜੀਨੋਮਜ਼ ਨੂੰ ਕੰਟਰੋਲ ਕਰਨ ਦੀ ਦਿਸ਼ਾ ਵੱਲ ਅਹਿਮ ਕਦਮ’ ਚੁੱਕ ਰਹੀ ਹੈ।













