'ਕੁੱਖ ਵਿੱਚ ਹੀ ਬੱਚੇ ਦੀ ਬੁਕਿੰਗ' ਤੇ ਫਿਰ 58,000 ਵਿੱਚ ਵੇਚਿਆ: ਪੁਲਿਸ ਨੇ ਬੱਚਿਆਂ ਦੀ ਤਸਕਰੀ ਕਰਨ ਵਾਲੇ ਗਿਰੋਹ ਦਾ ਇੰਝ ਕੀਤਾ ਪਰਦਾਫਾਸ਼

    • ਲੇਖਕ, ਕੁਇਨਾਵਤੀ ਪਸਾਰੀਬੂ ਅਤੇ ਗੇਵਿਨ ਬਟਲਰ
    • ਰੋਲ, ਬੀਬੀਸੀ ਇੰਡੋਨੇਸ਼ੀਆ, ਬੀਬੀਸੀ ਨਿਊਜ਼
    • ...ਤੋਂ, ਜਕਾਰਤਾ ਅਤੇ ਸਿੰਗਾਪੁਰ ਤੋਂ ਰਿਪੋਰਟਿੰਗ

ਇੰਡੋਨੇਸ਼ੀਆ ਦੀ ਪੁਲਿਸ ਨੇ ਬੱਚਿਆਂ ਦੀ ਤਸਕਰੀ ਕਰਨ ਵਾਲੇ ਇੱਕ ਅੰਤਰਰਾਸ਼ਟਰੀ ਗਿਰੋਹ ਦਾ ਪਰਦਾਫਾਸ਼ ਕੀਤਾ ਹੈ, ਜਿਸਨੇ ਸਾਲ 2023 ਤੋਂ ਘੱਟੋ-ਘੱਟ 25 ਬੱਚਿਆਂ ਨੂੰ ਸਿੰਗਾਪੁਰ ਵਿੱਚ ਖਰੀਦਦਾਰਾਂ ਨੂੰ ਕਥਿਤ ਤੌਰ 'ਤੇ ਵੇਚਿਆ।

ਅਧਿਕਾਰੀਆਂ ਨੇ ਇਸ ਹਫ਼ਤੇ ਇੰਡੋਨੇਸ਼ੀਆ ਦੇ ਸ਼ਹਿਰਾਂ ਪੋਂਟੀਆਨਾਕ ਅਤੇ ਟੈਂਗੇਰੰਗ ਵਿੱਚ ਗਿਰੋਹ ਨਾਲ ਸਬੰਧਤ 13 ਗ੍ਰਿਫਤਾਰੀਆਂ ਕੀਤੀਆਂ ਅਤੇ ਛੇ ਬੱਚਿਆਂ ਨੂੰ ਬਚਾਇਆ, ਜਿਨ੍ਹਾਂ ਦੀ ਤਸਕਰੀ ਹੋਣ ਵਾਲੀ ਸੀ। ਇਨ੍ਹਾਂ ਵਿੱਚੋਂ ਸਾਰੇ ਬੱਚੇ ਲਗਭਗ ਇੱਕ ਸਾਲ ਦੇ ਹਨ।

ਪੱਛਮੀ ਜਾਵਾ ਪੁਲਿਸ ਦੇ ਜਨਰਲ ਅਪਰਾਧਿਕ ਜਾਂਚ ਨਿਰਦੇਸ਼ਕ, ਸੁਰਾਵਨ ਨੇ ਬੀਬੀਸੀ ਨਿਊਜ਼ ਇੰਡੋਨੇਸ਼ੀਆ ਨੂੰ ਦੱਸਿਆ ਕਿ "ਬੱਚਿਆਂ ਨੂੰ ਪਹਿਲਾਂ ਪੋਂਟੀਆਨਾਕ ਵਿੱਚ ਰੱਖਿਆ ਗਿਆ ਸੀ ਅਤੇ ਸਿੰਗਾਪੁਰ ਭੇਜਣ ਤੋਂ ਪਹਿਲਾਂ ਉਨ੍ਹਾਂ ਦੇ ਇਮੀਗ੍ਰੇਸ਼ਨ ਦਸਤਾਵੇਜ਼ਾਂ ਦਾ ਪ੍ਰਬੰਧ ਕੀਤਾ ਗਿਆ ਸੀ।"

ਬੀਬੀਸੀ ਨਿਊਜ਼ ਨੇ ਇਸ ਸਬੰਧੀ ਟਿੱਪਣੀ ਲਈ ਸਿੰਗਾਪੁਰ ਪੁਲਿਸ ਅਤੇ ਸਿੰਗਾਪੁਰ ਦੇ ਗ੍ਰਹਿ ਮੰਤਰਾਲੇ ਨਾਲ ਸੰਪਰਕ ਕੀਤਾ ਹੈ, ਪਰ ਅਜੇ ਤੱਕ ਕੋਈ ਜਵਾਬ ਨਹੀਂ ਮਿਲਿਆ ਹੈ।

ਗਿਰੋਹ ਵਿੱਚ ਕੌਣ-ਕੌਣ ਸ਼ਾਮਲ

ਇਹ ਗਿਰੋਹ ਕਥਿਤ ਤੌਰ 'ਤੇ ਉਨ੍ਹਾਂ ਮਾਪਿਆਂ ਜਾਂ ਗਰਭਵਤੀ ਮਾਵਾਂ ਨੂੰ ਨਿਸ਼ਾਨਾ ਬਣਾਉਂਦਾ ਸੀ, ਜੋ ਕਥਿਤ ਤੌਰ 'ਤੇ ਆਪਣੇ ਬੱਚੇ ਦੀ ਪਰਵਰਿਸ਼ ਨਹੀਂ ਕਰਨਾ ਚਾਹੁੰਦੇ ਜਾਂ ਚਾਹੁੰਦੀਆਂ ਸਨ।

ਪੁਲਿਸ ਮੁਤਾਬਕ, ਕੁਝ ਮਾਮਲਿਆਂ ਵਿੱਚ ਵਟਸਐਪ ਵਰਗੇ ਹੋਰ ਨਿੱਜੀ ਚੈਨਲਾਂ ਵੱਲ ਜਾਣ ਤੋਂ ਪਹਿਲਾਂ ਫੇਸਬੁੱਕ ਰਾਹੀਂ ਸੰਪਰਕ ਸ਼ੁਰੂ ਕੀਤਾ ਜਾਂਦਾ ਸੀ।

ਸੁਰਾਵਨ ਨੇ ਕਿਹਾ, "ਕੁਝ ਬੱਚਿਆਂ ਨੂੰ ਗਰਭ ਵਿੱਚ ਹੀ ਰਿਜ਼ਰਵ ਕਰ ਲਿਆ ਜਾਂਦਾ ਸੀ। ਇੱਕ ਵਾਰ ਜਨਮ ਲੈਣ ਤੋਂ ਬਾਅਦ, ਡਿਲੀਵਰੀ ਦੀ ਲਾਗਤ ਦਿੱਤੀ ਜਾਂਦੀ ਸੀ, ਫਿਰ ਮੁਆਵਜ਼ੇ ਦੇ ਪੈਸੇ ਦਿੱਤੇ ਜਾਂਦੇ ਸਨ, ਅਤੇ ਬੱਚੇ ਨੂੰ ਲੈ ਲਿਆ ਜਾਂਦਾ ਸੀ।"

ਪੁਲਿਸ ਨੇ ਦੱਸਿਆ ਕਿ ਇਸ ਸਮੂਹ ਦੇ ਮੈਂਬਰਾਂ ਵਿੱਚ ਭਰਤੀ ਕਰਨ ਵਾਲੇ ਲੋਕ ਸ਼ਾਮਲ ਸਨ ਜੋ ਬੱਚਿਆਂ ਨੂੰ ਤਸਕਰੀ ਲਈ ਟਰੈਕ ਕਰਦੇ ਸਨ; ਦੇਖਭਾਲ ਕਰਨ ਵਾਲੇ ਸ਼ਾਮਲ ਸਨ ਜੋ ਉਨ੍ਹਾਂ ਨੂੰ ਆਪਣੇ ਕੋਲ ਰੱਖਦੇ ਸਨ; ਅਤੇ ਹੋਰ ਲੋਕ ਸ਼ਾਮਲ ਸਨ ਜੋ ਧੋਖਾਧੜੀ ਨਾਲ ਪਰਿਵਾਰਕ ਕਾਰਡ ਅਤੇ ਪਾਸਪੋਰਟ ਵਰਗੇ ਦਸਤਾਵੇਜ਼ ਤਿਆਰ ਕਰਾਉਂਦੇ ਸਨ।

ਪੁਲਿਸ ਮੁਤਾਬਕ, ਉਨ੍ਹਾਂ ਦੀਆਂ ਮਾਵਾਂ ਤੋਂ ਲਏ ਜਾਣ ਤੋਂ ਬਾਅਦ, ਬੱਚਿਆਂ ਨੂੰ ਜਕਾਰਤਾ ਅਤੇ ਫਿਰ ਪੋਂਟੀਆਨਾਕ ਭੇਜਣ ਤੋਂ ਪਹਿਲਾਂ ਦੋ ਤੋਂ ਤਿੰਨ ਮਹੀਨਿਆਂ ਲਈ ਦੇਖਭਾਲ ਕਰਨ ਵਾਲਿਆਂ ਨੂੰ ਦਿੱਤਾ ਗਿਆ ਸੀ, ਜਿੱਥੇ ਉਨ੍ਹਾਂ ਦੇ ਜਨਮ ਸਰਟੀਫਿਕੇਟ, ਪਾਸਪੋਰਟ ਅਤੇ ਦਸਤਾਵੇਜ਼ ਤਿਆਰ ਕੀਤੇ ਗਏ ਸਨ।

ਕਿੰਨੇ ਬੱਚੇ, ਕਿੰਨੇ ਰੁਪਏ ਵਿੱਚ ਵੇਚੇ ਗਏ

ਉਨ੍ਹਾਂ ਨੇ ਅੱਗੇ ਕਿਹਾ ਕਿ ਬੱਚਿਆਂ ਨੂੰ 11 ਮਿਲੀਅਨ ਇੰਡੋਨੇਸ਼ੀਆਈ ਰੁਪਏ (ਲਗਭਗ 58 ਹਜ਼ਾਰ ਭਾਰਤੀ ਰੁਪਏ) ਅਤੇ 16 ਮਿਲੀਅਨ ਇੰਡੋਨੇਸ਼ੀਆਈ ਰੁਪਏ (ਲਗਭਗ 85 ਹਜ਼ਾਰ ਭਾਰਤੀ ਰੁਪਏ) ਦੇ ਵਿਚਕਾਰ ਵੇਚਿਆ ਗਿਆ ਸੀ।

ਗ੍ਰਿਫ਼ਤਾਰ ਕੀਤੇ ਗਏ ਕੁਝ ਲੋਕਾਂ ਦੇ ਅਨੁਸਾਰ, ਗਿਰੋਹ ਨੇ ਘੱਟੋ-ਘੱਟ 12 ਮੁੰਡੇ ਅਤੇ 13 ਕੁੜੀਆਂ ਨੂੰ ਘਰੇਲੂ ਪੱਧਰ 'ਤੇ ਅਤੇ ਵਿਦੇਸ਼ਾਂ ਵਿੱਚ ਵੇਚਿਆ ਹੈ - ਜਿਨ੍ਹਾਂ ਵਿੱਚੋਂ ਜ਼ਿਆਦਾਤਰ ਇੰਡੋਨੇਸ਼ੀਆਈ ਸੂਬੇ ਪੱਛਮੀ ਜਾਵਾ ਦੇ ਵੱਖ-ਵੱਖ ਜ਼ਿਲ੍ਹਿਆਂ ਅਤੇ ਸ਼ਹਿਰਾਂ ਤੋਂ ਆਏ ਸਨ।

ਇੰਡੋਨੇਸ਼ੀਆਈ ਪੁਲਿਸ ਨੇ ਵੀਰਵਾਰ ਨੂੰ ਕਿਹਾ ਕਿ ਉਨ੍ਹਾਂ ਦਾ ਅਗਲਾ ''ਕੰਮ" ਹੈ ''ਤੁਰੰਤ'' ਸਿੰਗਾਪੁਰ ਵਿੱਚ ਗੋਦ ਲੈਣ ਵਾਲਿਆਂ ਨੂੰ ਲੱਭਣਾ।

ਸੁਰਾਵਨ ਨੇ ਪੱਤਰਕਾਰਾਂ ਨੂੰ ਦੱਸਿਆ, "ਅਸੀਂ ਇੱਥੋਂ ਜਾਣ ਵਾਲੇ ਬੱਚਿਆਂ ਦੇ ਡੇਟਾ ਕਰਾਸ-ਚੈੱਕ ਕਰਾਂਗੇ, ਤਾਂ ਜੋ ਸਾਨੂੰ ਪਤਾ ਲੱਗ ਸਕੇ ਕਿ ਕਿਹੜਾ ਬੱਚਾ ਗਿਆ ਅਤੇ ਉਨ੍ਹਾਂ ਦੇ ਨਾਲ ਕੌਣ ਗਿਆ, ਕਦੋਂ ਗਿਆ, ਅਤੇ ਉੱਥੇ ਗੋਦ ਲੈਣ ਵਾਲੇ ਕੌਣ ਹਨ।''

ਉਨ੍ਹਾਂ ਅੱਗੇ ਦੱਸਿਆ ਕਿ ਪੁਲਿਸ ਦੁਆਰਾ ਇਕੱਠੀ ਕੀਤੀ ਗਈ ਜ਼ਿਆਦਾਤਰ ਜਾਣਕਾਰੀ ਤੋਂ ਪਤਾ ਚੱਲਦਾ ਹੈ ਕਿ ਬੱਚਿਆਂ ਦੀ ਨਾਗਰਿਕਤਾ ਬਦਲ ਗਈ ਹੈ, ਪਰ ਅਧਿਕਾਰੀ ਅਜੇ ਵੀ ਉਨ੍ਹਾਂ ਦੇ ਪਾਸਪੋਰਟ ਲੱਭ ਰਹੇ ਹਨ।

ਬੱਚੇ ਅਗਵਾ ਨਹੀਂ ਹੋਏ, ਵੇਚੇ ਗਏ

ਸੁਰਾਵਨ ਨੇ ਪਹਿਲਾਂ ਬੀਬੀਸੀ ਇੰਡੋਨੇਸ਼ੀਆ ਨੂੰ ਦੱਸਿਆ ਸੀ ਕਿ ਬੱਚੇ ਤਸਕਰਾਂ ਅਤੇ ਮਾਪਿਆਂ ਵਿਚਕਾਰ ਸਮਝੌਤਿਆਂ ਰਾਹੀਂ ਪ੍ਰਾਪਤ ਕੀਤੇ ਗਏ ਸਨ, ਅਤੇ ਹੁਣ ਤੱਕ ਕਿਸੇ ਨੂੰ ਵੀ ਅਗਵਾ ਕਰਕੇ ਨਹੀਂ ਲਿਆ ਗਿਆ ਸੀ।

ਜਿਨ੍ਹਾਂ ਮਾਪਿਆਂ ਨੇ ਆਪਣੇ ਬੱਚੇ ਨੂੰ ਅਗਵਾ ਕੀਤੇ ਜਾਣ ਦੀ ਰਿਪੋਰਟ ਕੀਤੀ ਸੀ, ਉਨ੍ਹਾਂ ਨੇ ਅਜਿਹਾ ਇਸ ਲਈ ਕੀਤਾ ਕਿਉਂਕਿ ਦਲਾਲ ਨੇ ਉਨ੍ਹਾਂ ਨੂੰ ਪੈਸੇ ਨਹੀਂ ਦਿੱਤੇ ਸਨ।

ਇਸ ਗੱਲ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਘੱਟੋ-ਘੱਟ ਕੁਝ ਮਾਪੇ ਵਿੱਤੀ ਤੰਗੀ ਕਾਰਨ ਆਪਣੇ ਬੱਚਿਆਂ ਨੂੰ ਵੇਚਣ ਲਈ ਸਹਿਮਤ ਹੋਏ ਹੋ ਸਕਦੇ ਹਨ। ਸੁਰਾਵਨ ਨੇ ਕਿਹਾ ਕਿ ਉਨ੍ਹਾਂ 'ਤੇ ਵੀ ਅਪਰਾਧਿਕ ਅਪਰਾਧ ਦਾ ਇਲਜ਼ਾਮ ਲਗਾਇਆ ਜਾ ਸਕਦਾ ਹੈ।

ਉਨ੍ਹਾਂ ਕਿਹਾ, "ਜੇਕਰ ਇਹ ਸਾਬਤ ਹੋ ਜਾਂਦਾ ਹੈ ਕਿ ਮਾਪਿਆਂ ਅਤੇ ਦੋਸ਼ੀਆਂ ਵਿਚਕਾਰ ਸਮਝੌਤਾ ਹੋਇਆ ਸੀ, ਤਾਂ ਉਨ੍ਹਾਂ 'ਤੇ ਬਾਲ ਸੁਰੱਖਿਆ ਅਪਰਾਧਾਂ ਅਤੇ ਮਨੁੱਖੀ ਤਸਕਰੀ ਦੇ ਅਪਰਾਧਾਂ ਦਾ ਇਲਜ਼ਾਮ ਲੱਗ ਸਕਦਾ ਹੈ।''

ਪੁਲਿਸ ਕੀ ਕਰ ਰਹੀ

ਪੁਲਿਸ ਦਾ ਕਹਿਣਾ ਹੈ ਕਿ ਹੁਣ ਉਹ ਉਨ੍ਹਾਂ ਦੀ ਭਾਲ਼ ਵਿੱਚ ਹੈ, ਜਿਨ੍ਹਾਂ ਨੇ ਬੱਚਿਆਂ ਨੂੰ ਖਰੀਦਿਆ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਲਈ ਪੁਲਿਸ ਦੇਸ਼ ਤੋਂ ਬਾਹਰ ਜਾਣ ਵਾਲੇ ਬੱਚਿਆਂ ਦਾ ਡੇਟਾ ਚੈੱਕ ਕਰ ਰਹੀ ਹੈ।

ਇੰਡੋਨੇਸ਼ੀਆ ਪੁਲਿਸ ਨੇ ਇੰਟਰਪੋਲ ਅਤੇ ਸਿੰਗਾਪੁਰ ਪੁਲਿਸ ਤੋਂ ਸਹਾਇਤਾ ਮੰਗੀ ਹੈ ਤਾਂ ਜੋ ਇਸ ਗਿਰੋਹ ਦੇ ਮੈਂਬਰਾਂ ਅਤੇ ਖਰੀਦਦਾਰਾਂ ਨੂੰ ਗ੍ਰਿਫਤਾਰ ਕੀਤਾ ਜਾ ਸਕੇ, ਜੋ ਅਜੇ ਵੀ ਵਿਦੇਸ਼ਾਂ ਵਿੱਚ ਹਨ।

ਸੁਰਾਵਨ ਨੇ ਕਿਹਾ, "ਅਸੀਂ ਦੋਸ਼ੀਆਂ ਨੂੰ ਲੋੜੀਂਦੇ ਵਿਅਕਤੀਆਂ ਵਜੋਂ ਸੂਚੀਬੱਧ ਕਰਾਂਗੇ। ਇਸ ਤੋਂ ਇਲਾਵਾ, ਅਸੀਂ ਇੱਕ ਰੈੱਡ ਨੋਟਿਸ ਜਾਰੀ ਕਰਾਂਗੇ ਜਾਂ ਉਨ੍ਹਾਂ ਦੇਸ਼ਾਂ ਵਿੱਚ ਕਾਨੂੰਨ ਲਾਗੂ ਕਰਨ ਵਾਲਿਆਂ ਨੂੰ ਉਨ੍ਹਾਂ ਨੂੰ ਗ੍ਰਿਫਤਾਰ ਕਰਨ ਲਈ ਬੇਨਤੀ ਕਰਾਂਗੇ।"

ਕਿਹੜੀਆਂ ਮਹਿਲਾਵਾਂ ਨੂੰ ਨਿਸ਼ਾਨਾ ਬਣਾਉਂਦਾ ਸੀ ਸਮੂਹ

ਇੰਡੋਨੇਸ਼ੀਆਈ ਬਾਲ ਸੁਰੱਖਿਆ ਕਮਿਸ਼ਨ (ਕੇਪੀਏਆਈ) ਦੇ ਕਮਿਸ਼ਨਰ ਆਈ ਰਹਿਮਯੰਤੀ ਦੇ ਅਨੁਸਾਰ, ਬਾਲ ਤਸਕਰੀ ਗਿਰੋਹ ਆਮ ਤੌਰ 'ਤੇ ਉਨ੍ਹਾਂ ਮਹਿਲਾਵਾਂ ਨੂੰ ਨਿਸ਼ਾਨਾ ਬਣਾਉਂਦੇ ਹਨ, ਜੋ ਨਿਰਾਸ਼ਾਜਨਕ ਸਥਿਤੀਆਂ ਵਿੱਚ ਹੁੰਦੀਆਂ ਹਨ।

ਉਨ੍ਹਾਂ ਬੀਬੀਸੀ ਨਿਊਜ਼ ਇੰਡੋਨੇਸ਼ੀਆ ਨੂੰ ਦੱਸਿਆ, "ਉਦਾਹਰਣ ਵਜੋਂ, ਉਹ ਜਿਨਸੀ ਹਿੰਸਾ, ਪਤੀ ਵੱਲੋਂ ਛੱਡੇ ਜਾਣ ਜਾਂ (ਬਿਨ੍ਹਾਂ ਵਿਆਹ ਵਾਲੇ ਰਿਸ਼ਤਿਆਂ ਆਦਿ ਤੋਂ) ਅਣਚਾਹੇ ਗਰਭ ਕਾਰਨ ਪਰੇਸ਼ਾਨ ਹੁੰਦੀਆਂ ਹਨ।''

ਇੰਡੋਨੇਸ਼ੀਆ ਵਿੱਚ ਗਰਭਪਾਤ ਗੈਰ-ਕਾਨੂੰਨੀ ਹੈ ਸਿਵਾਏ ਕੁਝ ਖਾਸ ਹਾਲਤਾਂ ਦੇ, ਜਿਵੇਂ ਕਿ ਡਾਕਟਰੀ ਐਮਰਜੈਂਸੀ ਅਤੇ ਬਲਾਤਕਾਰ ਦੇ ਨਤੀਜੇ ਵਜੋਂ ਗਰਭ ਅਵਸਥਾਵਾਂ।

ਆਈ ਰਹਿਮਯੰਤੀ ਨੇ ਕਿਹਾ ਕਿ ਬੱਚੇ ਜਾਂ ਬੱਚਿਆਂ ਦੀ ਤਸਕਰੀ ਦੇ ਗਿਰੋਹ ਅਕਸਰ ਮੈਟਰਨਿਟੀ ਕਲੀਨਿਕਾਂ, ਅਨਾਥ ਆਸ਼ਰਮਾਂ ਜਾਂ ਸਮਾਜਿਕ ਆਸਰਾ-ਘਰਾਂ ਵਜੋਂ ਆਪਣੇ ਆਪ ਨੂੰ ਪੇਸ਼ ਕਰਦੇ ਹਨ, ਜੋ ਕਮਜ਼ੋਰ ਮਹਿਲਾਵਾਂ ਅਤੇ ਬੱਚਿਆਂ ਦੀ ਦੇਖਭਾਲ ਕਰਦੇ ਦਿਖਾਈ ਦਿੰਦੇ ਹਨ।

ਉਨ੍ਹਾਂ ਦੱਸਿਆ, "ਇਹ ਕਲੀਨਿਕ ਜਾਂ ਆਸਰਾ, ਅਜਿਹੀ ਭਾਸ਼ਾ ਦੀ ਵਰਤੋਂ ਕਰਦੇ ਹਨ ਜੋ ਪਹਿਲਾਂ ਹਮਦਰਦੀ ਭਰੀ ਲੱਗਦੀ ਹੈ, ਜਿਵੇਂ ਕਿ 'ਤੁਸੀਂ ਜਨਮ ਦੇ ਸਕਦੇ ਹੋ ਅਤੇ ਆਪਣੇ ਬੱਚੇ ਨੂੰ ਘਰ ਲੈ ਜਾ ਸਕਦੇ ਹੋ'। ਪਰ ਅਸਲ ਵਿੱਚ ਉਹ ਪੈਸੇ ਦੀ ਪੇਸ਼ਕਸ਼ ਕਰਦੇ ਹਨ ਅਤੇ ਗੈਰ-ਕਾਨੂੰਨੀ ਤਰੀਕੇ ਨਾਲ ਬੱਚੇ ਦੀ ਕਸਟਡੀ ਟ੍ਰਾਂਸਫਰ ਕਰਦੇ ਹਨ।

ਕੋਈ ਅਧਿਕਾਰਤ ਡੇਟਾ ਨਹੀਂ

ਇੰਡੋਨੇਸ਼ੀਆ ਵਿੱਚ ਵੇਚੇ ਜਾ ਰਹੇ ਬੱਚਿਆਂ ਦੀ ਗਿਣਤੀ ਬਾਰੇ ਕੋਈ ਅਧਿਕਾਰਤ ਡੇਟਾ ਨਹੀਂ ਹੈ, ਪਰ ਮਨੁੱਖੀ ਤਸਕਰੀ ਅਪਰਾਧਾਂ ਬਾਰੇ ਕੇਪੀਏਆਈ ਦਾ ਆਪਣਾ ਡੇਟਾ ਦਰਸਾਉਂਦਾ ਹੈ ਕਿ ਇਹ ਰੁਝਾਨ ਨਿਰੰਤਰ ਹੈ ਅਤੇ ਵਧ ਰਿਹਾ ਹੈ।

ਸਾਲ 2020 ਵਿੱਚ ਕੇਪੀਏਆਈ ਨੇ 11 ਅਜਿਹੇ ਮਾਮਲੇ ਦਰਜ ਕੀਤੇ ਜਿਨ੍ਹਾਂ ਵਿੱਚ ਬੱਚਿਆਂ ਨੂੰ ਗੈਰ-ਕਾਨੂੰਨੀ ਢੰਗ ਨਾਲ ਗੋਦ ਦਿੱਤਾ ਗਿਆ ਸੀ। ਇਸੇ ਤਰ੍ਹਾਂ ਸਾਲ 2023 ਵਿੱਚ ਇਸਨੇ ਗੈਰ-ਕਾਨੂੰਨੀ ਢੰਗ ਨਾਲ ਗੋਦ ਲੈਣ ਦੀ ਆੜ ਵਿੱਚ ਬੱਚਿਆਂ ਨੂੰ ਅਗਵਾ ਕਰਨ ਅਤੇ ਤਸਕਰੀ ਦੇ 59 ਮਾਮਲੇ ਦਰਜ ਕੀਤੇ।

ਕੇਪੀਏਆਈ ਦੁਆਰਾ ਸਾਹਮਣੇ ਲਿਆਂਦਾ ਗਿਆ ਸਭ ਤੋਂ ਹਾਲੀਆ ਮਾਮਲਾ ਸਾਲ 2024 ਹੈ, ਜਦੋਂ ਬੱਚਿਆਂ ਨੂੰ ਡੇਪੋਕ, ਪੱਛਮੀ ਜਾਵਾ ਅਤੇ ਬਾਲੀ ਵਰਗੇ ਸਥਾਨਾਂ 'ਤੇ ਵੇਚਣ ਦੀ ਪ੍ਰਕਿਰਿਆ ਕੀਤੀ ਜਾ ਰਹੀ ਸੀ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)