6 ਸਾਲ ਤੋਂ 12 ਸਾਲ ਦੀ ਉਮਰ ਵਿਚਾਲੇ ਕਿਵੇਂ ਬੱਚਿਆਂ ਦਾ ਦਿਮਾਗ ਤੇ ਵਤੀਰਾ ਤੇਜ਼ੀ ਨਾਲ ਬਦਲਦਾ ਹੈ, ਖੋਜਾਂ ਦੇ ਹਵਾਲੇ ਨਾਲ ਸਮਝੋ

    • ਲੇਖਕ, ਡੇਵਿਡ ਰੌਬਸਨ
    • ਰੋਲ, ਬੀਬੀਸੀ ਨਿਊਜ਼

ਵਿਗਿਆਨ ਵੱਲੋਂ ਲੰਬੇ ਸਮੇਂ ਤੋਂ ਅਣਗੌਲਿਆ ਗਿਆ ਹੈ ਕਿ ਛੇ ਤੋਂ ਬਾਰਾਂ ਸਾਲ ਦੀ ਉਮਰ ਦੇ ਵਿਚਕਾਰਲਾ 'ਬਚਪਨ ਦਾ ਮਧਲਾ ਹਿੱਸਾ' ਬੱਚਿਆਂ ਨੂੰ ਵੱਡੇ ਹੋਣ ਲਈ ਤਿਆਰ ਕਰਨ ਵਾਲਾ ਇੱਕ ਪਰਿਵਰਤਨਸ਼ੀਲ ਦੌਰ ਹੁੰਦਾ ਹੈ।

ਇਸ ਉਤਰਾਅ-ਚੜ੍ਹਾਅ ਨਾਲ ਭਰੇ ਹੋਏ ਸਮੇਂ ਵਿੱਚ ਉਨ੍ਹਾਂ ਦੇ ਦਿਮਾਗ਼ ਵਿੱਚ ਕੀ ਚੱਲ ਰਿਹਾ ਹੁੰਦਾ ਹੈ ਅਤੇ ਇਸ ਨਾਲ ਕਿਸ ਤਰ੍ਹਾਂ ਨਜਿੱਠਿਆ ਜਾਵੇ, ਇੱਥੇ ਇਸ ਬਾਰੇ ਗੱਲ ਕਰਾਂਗੇ।

ਮੇਰੀ ਪਹਿਲੀ ਛੋਟੀ ਜਿਹੀ ਬਗ਼ਾਵਤ ਉਦੋਂ ਹੋਈ ਜਦੋਂ ਮੈਂ ਲਗਭਗ ਛੇ ਸਾਲ ਦਾ ਸੀ। ਮੈਂ ਆਪਣੇ ਪਿੰਡ ਦੇ ਇੱਕ ਹਾਲ ਵਿੱਚ ਇੱਕ ਜਨਮ ਦਿਨ ਦੀ ਪਾਰਟੀ ਵਿੱਚ ਗਿਆ ਸੀ, ਜਿੱਥੇ ਕੁਝ ਬੱਚੇ ਸਨ ਜਿਨ੍ਹਾਂ ਨੂੰ ਮੈਂ ਮੁਸ਼ਕਿਲ ਨਾਲ ਜਾਣਦਾ ਸੀ।

ਉਹ ਸਾਰੇ ਆਪਣੇ ਦੋਸਤਾਂ ਨਾਲ ਆਏ ਹੋਏ ਸਨ ਅਤੇ ਮੈਨੂੰ ਸ਼ਰਮਿੰਦਗੀ ਅਤੇ ਇਕੱਲਤਾ ਮਹਿਸੂਸ ਹੋ ਰਹੀ ਸੀ।

ਘਰ ਵਾਪਸ ਆਉਂਦਿਆਂ ਹੀ ਮੇਰਾ ਮੂਡ ਬਹੁਤ ਖ਼ਰਾਬ ਹੋ ਗਿਆ ਸੀ। ਮੈਨੂੰ ਯਾਦ ਨਹੀਂ ਕਿ ਮੇਰੀ ਮਾਂ ਨੇ ਮੈਨੂੰ ਕੀ ਕਰਨ ਨੂੰ ਕਿਹਾ ਸੀ,ਪਰ ਮੈਨੂੰ ਆਪਣਾ ਜਵਾਬ ਚੰਗੀ ਤਰ੍ਹਾਂ ਯਾਦ ਹੈ।

ਮੈਂ ਗੁੱਸੇ ਨਾਲ ਅੱਗੇ ਕਿਹਾ, "ਤੁਹਾਡੇ ਲਈ ਇੱਥੇ ਆਰਾਮ ਨਾਲ ਬੈਠਣਾ ਸਹੀ ਹੈ। ਜਦੋਂ ਕਿ ਮੈਨੂੰ ਉਸ ਪਾਰਟੀ ਵਿੱਚ ਜਾਣਾ ਪਿਆ।"

ਫਿਰ ਮੈਂ ਗੁੱਸੇ ਵਿੱਚ ਉੱਥੋਂ ਚਲਾ ਗਿਆ, ਮਾਂ ਨੂੰ ਬੋਲਣ ਲਈ ਕੁਝ ਸੁੱਝਿਆ ਹੀ ਨਹੀਂ। ਉਨ੍ਹਾਂ ਦੇ ਲਾਡਲੇ ਛੋਟੇ ਜਿਹੇ ਪੁੱਤ ਨੂੰ ਇਹ ਕੀ ਹੋਇਆ ਸੀ?

ਜੇਕਰ ਅਸੀਂ ਜਰਮਨ ਭਾਸ਼ਾ ਬੋਲਣ ਵਾਲੇ ਦੇਸ਼ ਵਿੱਚ ਰਹਿੰਦੇ ਤਾਂ ਕਿਸੇ ਨੂੰ ਇਸ 'ਤੇ ਘੱਟ ਹੈਰਾਨੀ ਹੁੰਦੀ।

ਸ਼ਬਦ 'ਵੈਕਲਜ਼ਾਹਨਪੁਬਰਟਾਟ' (Wackelzahnpubertät), ਸ਼ਾਬਦਿਕ ਤੌਰ 'ਤੇ 'ਬੱਚਿਆਂ ਦੇ ਦੁੱਧ ਦੇ ਦੰਦ ਟੁੱਟਣ ਵਾਲੇ ਦੌਰ' ਨੂੰ ਦਰਸਾਉਂਦਾ ਹੈ ਕਿ ਕਿਵੇਂ ਛੇ ਸਾਲ ਦੇ ਬੱਚੇ ਕਿਸ਼ੋਰ ਅਵਸਥਾ ਦੀ ਖ਼ਾਸੀਅਤ ਵਾਲੇ ਬੁਰੇ ਮੂਡ ਦਿਖਾਉਣ ਲੱਗਦੇ ਹਨ।

'ਬੱਚਿਆਂ ਦੇ ਦੁੱਧ ਦੇ ਦੰਦ ਟੁੱਟਣ ਵਾਲਾ ਦੌਰ' ਛੇ ਸਾਲ ਦੀ ਉਮਰ ਦੇ ਬੱਚਿਆਂ ਵਿੱਚ ਵਿਵਹਾਰਕ ਤਬਦੀਲੀਆਂ ਦੇ ਦੌਰ ਨੂੰ ਦਰਸਾਉਂਦਾ ਹੈ, ਜੋ ਅਕਸਰ ਉਸ ਸਮੇਂ ਨਾਲ ਮੇਲ ਖਾਂਦਾ ਹੈ ਜਦੋਂ ਬੱਚਿਆਂ ਦੇ ਦੁੱਧ ਦੇ ਦੰਦ ਹਿੱਲਣੇ ਅਤੇ ਟੁੱਟਣੇ ਸ਼ੁਰੂ ਹੋ ਜਾਂਦੇ ਹਨ।

ਉਮਰ ਦੇ ਇਸ ਪੜਾਅ ਦੌਰਾਨ ਬੱਚਿਆਂ ਵਿੱਚ ਭਾਵਨਾਤਮਕ ਸੰਵੇਦਨਸ਼ੀਲਤਾ ਵਧ ਜਾਂਦੀ ਹੈ, ਉਨ੍ਹਾਂ ਦੇ ਮੂਡ ਵਿੱਚ ਉਤਰਾਅ-ਚੜ੍ਹਾਅ ਆਉਂਦੇ ਹਨ, ਉਹ ਥੋੜ੍ਹੇ ਹਮਲਾਵਰ ਜਾਂ ਬਾਗ਼ੀ ਸੁਭਾਅ ਦੇ ਹੋ ਜਾਂਦੇ ਹਨ।

ਜਰਮਨ ਮੈਗਜ਼ੀਨ 'ਵੰਡਰਕਾਇੰਡ' ਇਸ ਨੂੰ ਇਸ ਤਰ੍ਹਾਂ ਦੱਸਦੀ ਹੈ, "ਹਮਲਾਵਰ ਵਿਵਹਾਰ, ਬਾਗ਼ੀ ਸਰਗਰਮੀ ਅਤੇ ਗਹਿਰੀ ਉਦਾਸੀ 'ਦੁੱਧ ਦੇ ਦੰਦ ਟੁੱਟਣ ਵਾਲੇ ਦੌਰ' ਦੇ ਲੱਛਣ ਹਨ।"

ਅਸਲ ਸਥਿਤੀ ਦੇ ਉਲਟ ਦੰਦਾਂ ਦਾ ਹਿੱਲਣਾ-ਜੁਲਣਾ ਹਾਰਮੋਨਾਂ ਵਿੱਚ ਤਬਦੀਲੀਆਂ ਦੇ ਕਾਰਨ ਨਹੀਂ ਹੁੰਦਾ, ਬਲਕਿ ਇਹ 'ਬਚਪਨ ਦੇ ਮਧਲੇ ਹਿੱਸੇ' ਦੀ ਸ਼ੁਰੂਆਤ ਨਾਲ ਮੇਲ ਖਾਂਦਾ ਹੈ, ਡੂੰਘੀ ਮਨੋਵਿਗਿਆਨਕ ਤਬਦੀਲੀ ਦਾ ਇੱਕ ਦੌਰ ਜਿਸ ਵਿੱਚ ਦਿਮਾਗ਼ ਵਧੇਰੇ ਪਰਿਪੱਕ ਵਿਚਾਰਾਂ ਅਤੇ ਭਾਵਨਾਵਾਂ ਦੀ ਨੀਂਹ ਰੱਖਦਾ ਹੈ।

ਬ੍ਰਿਟੇਨ ਦੀ ਡਰਹਮ ਯੂਨੀਵਰਸਿਟੀ ਵਿੱਚ ਮਨੋਵਿਗਿਆਨ ਦੀ ਡਾਕਟਰੇਟ ਦੀ ਵਿਦਿਆਰਥਣ ਐਵਲਿਨ ਐਂਟਨੀ ਕਹਿੰਦੇ ਹਨ, "ਇਹ ਅਸਲ ਵਿੱਚ ਇੱਕ ਮਹੱਤਵਪੂਰਨ ਪੜਾਅ ਹੈ ਜਿਸ ਵਿੱਚ ਇੱਕ ਬੱਚਾ ਆਪਣੀ ਪਛਾਣ ਬਣਾ ਰਿਹਾ ਹੁੰਦਾ ਹੈ ਅਤੇ ਉਹ ਇਹ ਸਮਝਣ ਦੀ ਕੋਸ਼ਿਸ਼ ਕਰ ਰਿਹਾ ਹੁੰਦਾ ਹੈ ਕਿ ਉਹ ਦੂਜਿਆਂ ਦੇ ਸਬੰਧ ਵਿੱਚ ਕੌਣ ਹੈ।"

"ਉਸ ਦੀ ਭਾਵਨਾਤਮਕ ਦੁਨੀਆਂ ਵੀ ਵਿਸਤ੍ਰਿਤ ਹੋ ਰਹੀ ਹੁੰਦੀ ਹੈ।"

ਜਿੱਥੇ ਨਵਜਾਤ ਅਵਸਥਾ ਅਤੇ ਕਿਸ਼ੋਰ ਅਵਸਥਾ ਨੂੰ ਹੁਣ ਚੰਗੀ ਤਰ੍ਹਾਂ ਸਮਝਿਆ ਜਾ ਚੁੱਕਾ ਹੈ, ਉੱਥੇ 'ਬਚਪਨ ਦੇ ਮਧਲੇ ਹਿੱਸੇ' ਜੋ ਛੇ ਤੋਂ 12 ਸਾਲ ਦੀ ਉਮਰ ਤੱਕ ਹੁੰਦਾ ਹੈ, ਨੂੰ ਵਿਗਿਆਨਕ ਖੋਜ ਵਿੱਚ ਪੂਰੀ ਤਰ੍ਹਾਂ ਅਣਦੇਖਿਆ ਕੀਤਾ ਗਿਆ ਹੈ।

ਕੁਝ ਮਨੋਵਿਗਿਆਨੀ ਤਾਂ ਇਸ ਨੂੰ ਸਾਡੇ 'ਭੁੱਲੇ ਹੋਏ ਸਾਲ' ਤੱਕ ਕਹਿੰਦੇ ਹਨ।

ਐਂਟਨੀ ਕਹਿੰਦੇ ਹਨ, "ਜ਼ਿਆਦਾਤਰ ਖੋਜਾਂ ਸ਼ੁਰੂਆਤੀ ਸਾਲਾਂ 'ਤੇ ਕੇਂਦਰਿਤ ਹੁੰਦੀਆਂ ਹਨ, ਜਦੋਂ ਬੱਚੇ ਬੋਲਣਾ ਅਤੇ ਤੁਰਨਾ ਸ਼ੁਰੂ ਕਰ ਦਿੰਦੇ ਹਨ ਅਤੇ ਫਿਰ ਕਿਸ਼ੋਰ ਅਵਸਥਾ ਵਿੱਚ, ਜਦੋਂ ਤੁਹਾਡੇ ਵਿੱਚ ਥੋੜ੍ਹਾ ਜ਼ਿਆਦਾ ਵਿਦਰੋਹ ਆਉਂਦਾ ਹੈ।"

"ਪਰ 'ਬਚਪਨ ਦੇ ਮਧਲੇ ਹਿੱਸੇ' ਬਾਰੇ ਘੱਟ ਜਾਣਕਾਰੀ ਹੈ।"

ਹੁਣ ਇਹ ਬਦਲ ਰਿਹਾ ਹੈ ਕਿਉਂਕਿ ਨਵੀਆਂ ਖੋਜਾਂ ਬੱਚਿਆਂ ਦੀ ਮਾਨਸਿਕ ਤਬਦੀਲੀ ਦੀਆਂ ਮੁੱਖ ਵਿਸ਼ੇਸ਼ਤਾਵਾਂ ਦੀ ਪਛਾਣ ਕਰ ਰਹੀਆਂ ਹਨ।

ਇਸ ਤਬਦੀਲੀ ਵਿੱਚ ਆਪਣੀਆਂ ਭਾਵਨਾਵਾਂ 'ਤੇ ਚਿੰਤਨ ਕਰਨ ਅਤੇ ਜ਼ਰੂਰਤ ਪੈਣ 'ਤੇ ਉਨ੍ਹਾਂ ਵਿੱਚ ਸੋਧ ਕਰਨ ਦੀ ਬਿਹਤਰ ਸਮਰੱਥਾ ਦੇ ਨਾਲ-ਨਾਲ ਇੱਕ 'ਉੱਨਤ ਮਾਨਸਿਕ ਸਿਧਾਂਤ' ਵੀ ਸ਼ਾਮਲ ਹੈ ਜੋ ਉਨ੍ਹਾਂ ਨੂੰ ਦੂਜਿਆਂ ਦੇ ਵਿਵਹਾਰਾਂ ਬਾਰੇ ਜ਼ਿਆਦਾ ਸੂਝ-ਬੂਝ ਨਾਲ ਸੋਚਣ ਅਤੇ ਉਚਿਤ ਪ੍ਰਤੀਕਿਰਿਆ ਦੇਣ ਵਿੱਚ ਸਮਰੱਥਾ ਬਣਾਉਂਦਾ ਹੈ।

ਉਹ ਤਰਕਸੰਗਤ ਜਾਂਚ ਅਤੇ ਤਰਕਪੂਰਨ ਸਿੱਟਿਆਂ ਦੀਆਂ ਬੁਨਿਆਦੀ ਗੱਲਾਂ ਵਿੱਚ ਵੀ ਮੁਹਾਰਤ ਹਾਸਲ ਕਰਨੀ ਸ਼ੁਰੂ ਕਰ ਦਿੰਦੇ ਹਨ, ਤਾਂ ਜੋ ਉਹ ਆਪਣੇ ਕਾਰਜਾਂ ਦੀ ਜ਼ਿਆਦਾ ਜਾਣਕਾਰੀ ਲੈ ਸਕਣ। ਇਹੀ ਕਾਰਨ ਹੈ ਕਿ ਫਰਾਂਸ ਵਿੱਚ ਇਸ ਨੂੰ 'ਤਰਕ ਦੀ ਉਮਰ' (l'âge de raison) ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ।

ਜਿਵੇਂ ਕਿ 'ਦੁੱਧ ਦੇ ਦੰਦਾਂ ਦੇ ਟੁੱਟਣ ਦੀ' ਧਾਰਨਾ ਤੋਂ ਸਪੱਸ਼ਟ ਹੁੰਦਾ ਹੈ, 'ਬਚਪਨ ਦੇ ਮਧਲੇ ਹਿੱਸੇ' ਦੀ ਸ਼ੁਰੂਆਤ ਕੁਝ ਵਧਦੇ ਦਰਦਾਂ ਦੇ ਨਾਲ ਹੋ ਸਕਦੀ ਹੈ, ਪਰ ਇਸ ਵਿੱਚ ਸ਼ਾਮਲ ਨਿਊਰੋਲੋਜੀਕਲ ਅਤੇ ਮਨੋਵਿਗਿਆਨਕ ਤਬਦੀਲੀਆਂ ਦੀ ਡੂੰਘੀ ਸਮਝ, ਇਸ ਪੂਰੇ ਦੌਰ ਵਿੱਚ ਬੱਚੇ ਨੂੰ ਸਹਿਯੋਗ ਦੇਣ ਦੇ ਵਧੀਆ ਤਰੀਕਿਆਂ ਬਾਰੇ ਨਵੀਂ ਸਮਝ ਪ੍ਰਦਾਨ ਕਰਦੀ ਹੈ।

'ਦੁੱਧ ਦੇ ਦੰਦਾਂ ਦੇ ਟੁੱਟਣ ਵਾਲਾ ਸਮਾਂ'

ਆਓ ਭਾਵਨਾਤਮਕ ਨਿਯਮਾਂ ਤੋਂ ਸ਼ੁਰੂਆਤ ਕਰੀਏ। 'ਬਚਪਨ ਦੇ ਮਧਲੇ ਹਿੱਸੇ' ਦੀ ਸ਼ੁਰੂਆਤ ਤੱਕ ਜ਼ਿਆਦਾਤਰ ਬੱਚੇ ਆਪਣੀਆਂ ਭਾਵਨਾਵਾਂ ਨੂੰ ਕੰਟਰੋਲ ਕਰਨ ਦੀ ਸਮਰੱਥਾ ਵਿੱਚ ਪਹਿਲਾਂ ਹੀ ਕਾਫ਼ੀ ਵਿਕਾਸ ਕਰ ਚੁੱਕੇ ਹੁੰਦੇ ਹਨ।

ਨਵਜਾਤ ਦੇ ਰੂਪ ਵਿੱਚ ਉਹ ਆਪਣੇ ਦਰਦ ਨੂੰ ਸ਼ਾਂਤ ਕਰਨ ਲਈ ਪੂਰੀ ਤਰ੍ਹਾਂ ਆਸ-ਪਾਸ ਦੇ ਬਾਲਗਾਂ 'ਤੇ ਨਿਰਭਰ ਹੁੰਦੇ ਹਨ ਜੋ ਅਕਸਰ ਭੁੱਖ, ਥਕਾਵਟ ਜਾਂ ਪੇਟ ਦਰਦ ਵਰਗੇ ਸਰੀਰਕ ਤਣਾਅ ਦੇ ਕਾਰਨ ਹੁੰਦੇ ਹਨ।

ਅਗਲੇ ਕੁਝ ਸਾਲਾਂ ਵਿੱਚ ਉਨ੍ਹਾਂ ਵਿੱਚ ਇੱਕ ਵਿਆਪਕ ਭਾਵਨਾਤਮਕ ਭੰਡਾਰ ਵਿਕਸਤ ਹੁੰਦਾ ਹੈ ਜਿਸ ਵਿੱਚ ਖੁਸ਼ੀ ਦੇ ਨਾਲ-ਨਾਲ ਗੁੱਸਾ ਅਤੇ ਡਰ ਵੀ ਸ਼ਾਮਲ ਹੁੰਦੇ ਹਨ, ਪਰ ਉਹ ਇਹ ਨਹੀਂ ਜਾਣਦੇ ਕਿ ਉਨ੍ਹਾਂ ਨੂੰ ਕਿਵੇਂ ਕੰਟਰੋਲ ਕੀਤਾ ਜਾਵੇ, ਨਤੀਜੇ ਵਜੋਂ ਉਨ੍ਹਾਂ ਦਾ ਗੁੱਸਾ ਬਹੁਤ ਜ਼ਿਆਦਾ ਹੁੰਦਾ ਹੈ।

ਬੱਚੇ ਦਾ ਵਧਦਾ ਭਾਸ਼ਾ ਗਿਆਨ ਇਸ ਉਤਰਾਅ-ਚੜ੍ਹਾਅ ਤੋਂ ਕੁਝ ਰਾਹਤ ਦੇ ਸਕਦਾ ਹੈ। ਅਜਿਹਾ ਅੰਸ਼ਿਕ ਰੂਪ ਨਾਲ ਇਸ ਲਈ ਹੈ ਕਿਉਂਕਿ ਇਹ ਬੱਚੇ ਨੂੰ ਆਪਣੀਆਂ ਜ਼ਰੂਰਤਾਂ ਨੂੰ ਜ਼ਿਆਦਾ ਸਟੀਕ ਢੰਗ ਨਾਲ ਪ੍ਰਗਟ ਕਰਨ ਦਾ ਮੌਕਾ ਦਿੰਦੀ ਹੈ ਤਾਂ ਕਿ ਦੂਜੇ ਲੋਕ ਨਿਰਾਸ਼ਾ ਵਧਣ ਤੋਂ ਪਹਿਲਾਂ ਹੀ ਉਚਿਤ ਪ੍ਰਤੀਕਿਰਿਆ ਦੇ ਸਕਣ।

ਜੇਕਰ ਬੱਚਾ ਸਿਰਫ਼ 'ਮੈਨੂੰ ਭੁੱਖ ਲੱਗੀ ਹੈ' ਕਹਿ ਸਕੇ ਅਤੇ ਉਸ ਦੀ ਦੇਖਭਾਲ ਕਰਨ ਵਾਲਾ ਬਾਲਗ ਪ੍ਰਤੀਕਿਰਿਆ ਦੇ ਦੇਵੇ, ਤਾਂ ਬੱਚੇ ਨੂੰ ਭੁੱਖ ਲੱਗਣ 'ਤੇ ਰੋਣ ਜਾਂ ਚੀਕਣ ਦੀ ਜ਼ਰੂਰਤ ਨਹੀਂ ਹੈ।

ਹਾਲਾਂਕਿ, ਭਾਵਨਾਤਮਕ ਸ਼ਬਦ ਹੋਰ ਵੀ ਜ਼ਿਆਦਾ ਫਾਇਦੇਮੰਦ ਹੋ ਸਕਦੇ ਹਨ। ਕਿਸੇ ਭਾਵਨਾ ਦਾ ਨਾਮਕਰਨ ਉਸ ਦੀ ਦਿਮਾਗ਼ੀ ਪ੍ਰਤੀਕਿਰਿਆ ਨੂੰ ਬਦਲਦਾ ਹੋਇਆ ਪ੍ਰਤੀਤ ਹੁੰਦਾ ਹੈ, ਪ੍ਰੀਫਰੰਟਲ ਕੋਰਟੈਕਸ ਦੇ ਕੁਝ ਹਿੱਸਿਆਂ ਨੂੰ ਸਰਗਰਮ ਕਰਦਾ ਹੈ ਜੋ ਕਿ ਜ਼ਿਆਦਾ ਅਮੂਰਤ ਵਿਚਾਰਾਂ ਵਿੱਚ ਸ਼ਾਮਲ ਖੇਤਰ ਹੈ, ਜਦੋਂਕਿ ਐਮਿਗਡਾਲਾ ਨੂੰ ਸ਼ਾਂਤ ਕਰਦਾ ਹੈ ਜੋ ਕਿ ਕੱਚੀ ਭਾਵਨਾ ਨੂੰ ਮਹਿਸੂਸ ਕਰਨ ਵਿੱਚ ਸ਼ਾਮਲ ਖੇਤਰ ਹੈ।

ਹਾਲਾਂਕਿ, ਐਂਟਨੀ ਅਤੇ ਹੋਰ ਖੋਜਕਾਰਾਂ ਦਾ ਕਹਿਣਾ ਹੈ ਕਿ ਜਿਵੇਂ-ਜਿਵੇਂ ਬੱਚਾ ਪੰਜ ਜਾਂ ਛੇ ਸਾਲ ਦਾ ਹੁੰਦਾ ਹੈ, ਉਸ ਨੂੰ ਨਵੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਜੋ ਉਸ ਦੀ ਭਾਵਨਾਤਮਕ ਸਮਝ ਦੀ ਪ੍ਰੀਖਿਆ ਲੈਂਦੀਆਂ ਹਨ।

ਆਪਣੇ ਹਰ ਕਦਮ ਲਈ ਬਾਲਗਾਂ 'ਤੇ ਨਿਰਭਰ ਰਹਿਣ ਦੀ ਬਜਾਏ, ਉਨ੍ਹਾਂ ਤੋਂ ਜ਼ਿਆਦਾ ਆਜ਼ਾਦੀ ਦੀ ਉਮੀਦ ਕੀਤੀ ਜਾਂਦੀ ਹੈ ਜਿਸ ਨਾਲ ਅਨਿਸ਼ਚਤਤਾ ਅਤੇ ਅਸਪੱਸ਼ਟਤਾ ਪੈਦਾ ਹੁੰਦੀ ਹੈ, ਜਿਸ ਨਾਲ ਨਿਰਾਸ਼ਾ ਪੈਦਾ ਹੋ ਸਕਦੀ ਹੈ।

ਉਨ੍ਹਾਂ ਨੂੰ ਖੁਦ ਹੀ ਦੋਸਤੀ ਕਰਨੀ ਪੈਂਦੀ ਹੈ, ਨਾਪਸੰਦ ਲੋਕਾਂ ਨਾਲ ਘੁਲਣਾ-ਮਿਲਣਾ ਪੈਂਦਾ ਹੈ ਅਤੇ ਵੱਡਿਆਂ ਦੇ ਨਿਯਮਾਂ ਦਾ ਪਾਲਣ ਕਰਨਾ ਪੈਂਦਾ ਹੈ।

ਜਿਵੇਂ ਕਿ ਐਂਟਨੀ ਦੱਸਦੇ ਹਨ, ਉਨ੍ਹਾਂ ਵਿੱਚ ਆਤਮ-ਬੋਧ ਵੀ ਮਜ਼ਬੂਤ ਹੋ ਰਿਹਾ ਹੈ ਅਤੇ ਉਨ੍ਹਾਂ ਨੂੰ ਇਹ ਸਮਝਣ ਦੀ ਜ਼ਰੂਰਤ ਹੈ ਕਿ ਉਹ ਦੂਜਿਆਂ ਦੇ ਮੁਕਾਬਲੇ ਕੌਣ ਹਨ।

ਇਹ ਤਬਦੀਲੀ ਬੱਚਿਆਂ ਦੇ ਭਾਵਨਾਤਮਕ ਨਿਯਮ ਨੂੰ ਉਸ ਦੀ ਸੀਮਾ ਤੱਕ ਖਿੱਚ ਸਕਦਾ ਹੈ, ਜਿਸ ਦੇ ਨਤੀਜੇ ਵਜੋਂ ਦੁੱਧ ਦੇ ਦੰਦ ਟੁੱਟਣ ਦੇ ਸਮੇਂ ਦੌਰਾਨ ਬੱਚਿਆਂ ਵਿੱਚ ਘਬਰਾਹਟ ਅਤੇ ਚਿੜਚਿੜਾਪਣ ਆ ਸਕਦਾ ਹੈ ਜਾਂ ਅਚਾਨਕ ਗੁੱਸਾ ਆ ਸਕਦਾ ਹੈ।

ਖੁਸ਼ਕਿਸਮਤੀ ਨਾਲ, ਬੱਚਿਆਂ ਦਾ ਦਿਮਾਗ਼ ਨਵੀਆਂ ਜ਼ਰੂਰਤਾਂ ਨਾਲ ਜਲਦੀ ਤਾਲਮੇਲ ਬਿਠਾ ਲੈਂਦਾ ਹੈ।

ਇਸ ਪ੍ਰਕਿਰਿਆ ਵਿੱਚ ਆਮ ਤੌਰ 'ਤੇ ਆਪਣੀਆਂ ਭਾਵਨਾਵਾਂ ਨੂੰ ਬਿਆਨ ਕਰਨ ਅਤੇ ਸਮਝਣ ਲਈ ਇੱਕ ਵੱਡੀ ਸ਼ਬਦਾਵਲੀ ਵਿਕਸਤ ਕਰਨੀ ਸ਼ਾਮਲ ਹੁੰਦੀ ਹੈ ਜਿਸ ਵਿੱਚ ਮਿਸ਼ਰਤ ਭਾਵਨਾਵਾਂ ਦੀ ਧਾਰਨਾ ਵੀ ਸ਼ਾਮਲ ਹੈ।

ਉਹ ਆਪਣੇ ਮਾਤਾ-ਪਿਤਾ ਜਾਂ ਅਧਿਆਪਕ 'ਤੇ ਨਿਰਭਰ ਹੋਏ ਬਿਨਾਂ, ਆਪਣੀਆਂ ਭਾਵਨਾਵਾਂ ਨੂੰ ਖ਼ੁਦ ਬਦਲਣ ਲਈ ਨਵੀਆਂ ਰਣਨੀਤੀਆਂ ਵੀ ਸਿੱਖਦੇ ਹਨ।

'ਬਚਪਨ ਦੇ ਮਧਲੇ ਹਿੱਸੇ' ਵਿੱਚ ਬੱਚੇ 'ਬੋਧਾਤਮਕ ਪੁਨਰ-ਮੁਲਾਂਕਣ' ਦਾ ਉਪਯੋਗ ਕਰਨ ਵਿੱਚ ਜ਼ਿਆਦਾ ਕੁਸ਼ਲ ਹੋ ਜਾਂਦੇ ਹਨ, ਉਦਾਹਰਨ ਲਈ ਜਿਸ ਵਿੱਚ ਕਿਸੇ ਘਟਨਾ ਦੇ ਭਾਵਨਾਤਮਕ ਪ੍ਰਭਾਵ ਨੂੰ ਬਦਲਣ ਲਈ ਉਸ ਦੀ ਆਪਣੀ ਵਿਆਖਿਆ ਨੂੰ ਬਦਲਣਾ ਸ਼ਾਮਲ ਹੈ।

ਉਦਾਹਰਨ ਲਈ ਜੇਕਰ ਉਨ੍ਹਾਂ ਨੂੰ ਸਕੂਲ ਵਿੱਚ ਕਿਸੇ ਕੰਮ ਨੂੰ ਕਰਨ ਵਿੱਚ ਮੁਸ਼ਕਿਲ ਹੋ ਰਹੀ ਹੈ ਤਾਂ ਬੱਚਾ ਇਹ ਸੋਚ ਕੇ ਸ਼ੁਰੂਆਤ ਕਰ ਸਕਦਾ ਹੈ ਕਿ "ਮੈਂ ਇਹ ਨਹੀਂ ਕਰ ਸਕਦਾ" ਜਾਂ "ਮੈਂ ਨਾਲਾਇਕ ਹਾਂ' ਜਾਂ ਉਹ ਆਪਣੀ ਨਿਰਾਸ਼ਾ ਨੂੰ ਇੱਕ ਨਵੀਂ ਰਣਨੀਤੀ ਅਪਣਾਉਣ ਲਈ ਇੱਕ ਸੰਕੇਤ ਦੇ ਰੂਪ ਵਿੱਚ ਪਛਾਣ ਸਕਦੇ ਹਨ, ਜਿਸ ਨਾਲ ਉਨ੍ਹਾਂ ਦਾ ਗੁੱਸਾ ਸ਼ਾਂਤ ਹੋ ਸਕਦਾ ਹੈ ਅਤੇ ਉਨ੍ਹਾਂ ਦੀ ਦ੍ਰਿੜਤਾ ਵਧ ਸਕਦੀ ਹੈ।

ਪਰਿਪੱਕਤਾ ਵੱਲ ਉਨ੍ਹਾਂ ਦਾ ਜ਼ਿਆਦਾਤਰ ਮਾਰਗ ਆਪਣੇ ਆਲੇ ਦੁਆਲੇ ਦੇ ਬਾਲਗਾਂ ਨੂੰ ਦੇਖ ਕੇ ਹੀ ਤੈਅ ਹੁੰਦਾ ਹੈ।

ਐਂਟਨੀ ਕਹਿੰਦੇ ਹਨ, "ਬੱਚੇ ਸਿੱਖਣਗੇ ਕਿ ਉਨ੍ਹਾਂ ਦੇ ਮਾਤਾ-ਪਿਤਾ ਉਨ੍ਹਾਂ ਦੇ ਜੀਵਨ ਵਿੱਚ ਆਉਣ ਵਾਲੇ ਸੰਘਰਸ਼ਾਂ ਅਤੇ ਵੱਖ ਵੱਖ ਸਮੱਸਿਆਵਾਂ ਨਾਲ ਕਿਵੇਂ ਨਜਿੱਠਦੇ ਹਨ।"

ਦੋਸਤੀ ਦੀ ਭਾਲ

ਬੱਚੇ ਦੀ ਸਮਾਜਿਕ ਦੁਨੀਆਂ ਵੀ ਬਦਲ ਰਹੀ ਹੈ। ਨੀਰਦਲੈਂਡਜ਼ ਦੀ ਲੀਡੇਨ ਯੂਨੀਵਰਸਿਟੀ ਵਿੱਚ ਵਿਕਾਸ ਅਤੇ ਸਿੱਖਿਆ ਮਨੋਵਿਗਿਆਨ ਵਿੱਚ ਪੋਸਟ-ਡਾਕਟੋਰਲ ਖੋਜਕਾਰ ਸਿਮੋਨ ਡੋਬੇਲਾਰ ਦੱਸਦੇ ਹਨ, "ਬਚਪਨ ਦਾ ਮਧਲਾ ਹਿੱਸਾ' ਇੱਕ ਅਜਿਹਾ ਸਮਾਂ ਹੁੰਦਾ ਹੈ ਜਿੱਥੇ 'ਪਰਸਪਰ ਦੋਸਤੀ' ਵਿਕਸਤ ਹੋਣ ਲੱਗਦੀ ਹੈ।"

ਦੂਜੇ ਸ਼ਬਦਾਂ ਵਿੱਚ ਕਹੀਏ ਤਾਂ ਉਹ ਰਿਸ਼ਤਿਆਂ ਵਿੱਚ ਲੈਣ-ਦੇਣ ਨੂੰ ਸਮਝਣ ਲੱਗਦੇ ਹਨ, ਜੋ ਉਨ੍ਹਾਂ ਦੇ ਜੀਵਨ ਵਿੱਚ ਹੋਰ ਵੀ ਜ਼ਿਆਦਾ ਮਹੱਤਵਪੂਰਨ ਹੋ ਜਾਂਦਾ ਹੈ।

"ਬੱਚੇ ਸਕੂਲ ਦੇ ਅੰਦਰ ਅਤੇ ਬਾਹਰ ਆਪਣੇ ਸਾਥੀਆਂ ਨਾਲ ਜ਼ਿਆਦਾ ਸਮਾਂ ਬਿਤਾਉਣ ਲੱਗਦੇ ਹਨ।"

'ਸੈਲੀ ਐਨੀ' ਟੈਸਟ

ਪੰਜ ਸਾਲ ਦੀ ਉਮਰ ਤੱਕ ਜ਼ਿਆਦਾਤਰ ਬੱਚਿਆਂ ਵਿੱਚ ਇੱਕ ਬੁਨਿਆਦੀ 'ਮਨ ਦਾ ਸਿਧਾਂਤ' ਵਿਕਸਿਤ ਹੋ ਜਾਂਦਾ ਹੈ ਜੋ ਇਹ ਸਮਝਣ ਦੀ ਸਮਰੱਥਾ ਹੈ ਕਿ ਸਾਡੀਆਂ ਸਾਰਿਆਂ ਦੀਆਂ ਮਾਨਸਿਕ ਅਵਸਥਾਵਾਂ ਅਲੱਗ-ਅਲੱਗ ਹੁੰਦੀਆਂ ਹਨ ਅਤੇ ਇਸ ਲਈ ਕਿਸੇ ਦੂਜੇ ਵਿਅਕਤੀ ਦਾ ਗਿਆਨ ਜਾਂ ਵਿਸ਼ਵਾਸ ਤੁਹਾਡੇ ਤੋਂ ਅਲੱਗ ਹੋ ਸਕਦਾ ਹੈ।

ਇਸ ਨੂੰ ਆਮ ਤੌਰ 'ਤੇ 'ਸੈਲੀ ਐਨੀ' ਟੈਸਟ ਰਾਹੀਂ ਮਾਪਿਆ ਜਾਂਦਾ ਹੈ। ਜਿਸ ਵਿੱਚ ਇੱਕ ਬੱਚੇ ਨੂੰ ਇੱਕ ਸ਼ਰਾਰਤੀ ਛੋਟੀ ਬੱਚੀ (ਐਨੀ) ਦਾ ਕਾਰਟੂਨ ਦੇਖਣ ਲਈ ਕਿਹਾ ਜਾਂਦਾ ਹੈ ਜੋ ਕਮਰੇ ਤੋਂ ਬਾਹਰ ਹੋਣ 'ਤੇ ਆਪਣੀ ਸਹੇਲੀ (ਸੈਲੀ) ਦੇ ਬੰਟਿਆਂ ਨੂੰ ਟੋਕਰੀ ਤੋਂ ਕੱਢ ਕੇ ਇੱਕ ਡੱਬੇ ਵਿੱਚ ਰੱਖ ਦਿੰਦੀ ਹੈ।

ਜਦੋਂ ਪੁੱਛਿਆ ਜਾਂਦਾ ਹੈ ਕਿ ਸੈਲੀ ਆਪਣੇ ਬੰਟੇ ਕਿੱਥੇ ਲੱਭੇਗੀ ਤਾਂ ਕਈ ਛੋਟੇ ਬੱਚੇ 'ਡੱਬੇ' ਦਾ ਨਾਂ ਲੈਂਦੇ ਹਨ।

ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਉਨ੍ਹਾਂ ਦੀ ਥਾਂ ਬਦਲ ਦਿੱਤੀ ਗਈ ਹੈ, ਇਸ ਲਈ ਉਹ ਮੰਨ ਲੈਂਦੇ ਹਨ ਕਿ ਸੈਲੀ ਵੀ ਉਸ ਨੂੰ ਲੱਭੇਗੀ। ਹਾਲਾਂਕਿ ਲਗਭਗ ਪੰਜ ਸਾਲ ਦੀ ਉਮਰ ਤੱਕ ਜ਼ਿਆਦਾਤਰ ਬੱਚੇ ਪਛਾਣ ਜਾਂਦੇ ਹਨ ਕਿ ਉਹ ਕੁਝ ਅਜਿਹਾ ਜਾਣਦੇ ਹਨ ਕਿ ਜੋ ਸੈਲੀ ਨਹੀਂ ਜਾਣਦੀ।

'ਬਚਪਨ ਦੇ ਮਧਲੇ ਹਿੱਸੇ' ਵਿੱਚ ਬੱਚਾ ਕਈ ਲੋਕਾਂ ਦੇ ਵਿਚਾਰਾਂ ਅਤੇ ਭਾਵਨਾਵਾਂ 'ਤੇ ਨਜ਼ਰ ਰੱਖਣ ਲਈ ਇਨ੍ਹਾਂ ਸਮਾਜਿਕ ਹੁਨਰਾਂ ਅਤੇ ਮਾਨਸਿਕ ਸੂਝ ਦਾ ਨਿਰਮਾਣ ਕਰਦਾ ਹੈ।

ਉਦਾਹਰਨ ਲਈ ਨਿੱਕ ਨਾਂ ਦੇ ਇੱਕ ਬੱਚੇ ਦੀ ਕਹਾਣੀ ਦੀ ਕਲਪਨਾ ਕਰੋ ਜੋ ਇੱਕ ਫੁੱਟਬਾਲ ਟੀਮ ਵਿੱਚ ਸ਼ਾਮਲ ਹੋਣਾ ਚਾਹੁੰਦਾ ਹੈ, ਪਰ ਉਸ ਨੂੰ ਨਹੀਂ ਲੱਗਦਾ ਕਿ ਉਹ ਟੀਮ ਵਿੱਚ ਜਗ੍ਹਾ ਬਣਾ ਸਕੇਗਾ।

ਕੋਚ ਨਿੱਕ ਦੀ ਅਨਿਸ਼ਚਤਤਾ ਤੋਂ ਵਾਕਿਫ਼ ਹੈ, ਪਰ ਉਸ ਨੂੰ ਟੀਮ ਵਿੱਚ ਰੱਖਣਾ ਚਾਹੁੰਦਾ ਹੈ। ਇੱਕ ਵਾਰ ਜਦੋਂ ਨਿੱਕ ਟੀਮ ਵਿੱਚ ਸ਼ਾਮਲ ਹੋ ਜਾਂਦਾ ਹੈ, ਤਾਂ ਕੀ ਕੋਚ ਨੂੰ ਪਤਾ ਹੁੰਦਾ ਹੈ ਕਿ ਨਿੱਕ ਨੂੰ ਅਜੇ ਤੱਕ ਟੀਮ ਵਿੱਚ ਸ਼ਾਮਲ ਕਰਨ ਦੇ ਉਸ ਦੇ ਫੈਸਲੇ ਬਾਰੇ ਪਤਾ ਨਹੀਂ ਹੈ? (ਸਹੀ ਜਵਾਬ ਹਾਂ ਹੈ।)

ਇਸ ਤਰ੍ਹਾਂ ਦੇ ਪ੍ਰਸ਼ਨ ਦਾ ਉੱਤਰ ਦੇਣ ਲਈ ਬੱਚੇ ਨੂੰ ਇਹ ਵਿਚਾਰ ਕਰਨਾ ਹੋਵੇਗਾ ਕਿ ਕੋਚ ਕੀ ਜਾਣਦਾ ਹੈ ਅਤੇ ਨਿੱਕ ਕੋਚ ਦੀ ਰਾਏ ਬਾਰੇ ਕੀ ਜਾਣਦਾ ਹੈ।

ਦੂਜੇ ਸ਼ਬਦਾਂ ਵਿੱਚ, ਉਹ ਇੱਕ ਵਿਅਕਤੀ ਦੇ ਮਨ ਦੇ ਸਿਧਾਂਤ 'ਤੇ ਦੂਜੇ ਵਿਅਕਤੀ ਦੇ ਮਨ ਦੇ ਸਿਧਾਂਤ ਬਾਰੇ ਵਿਚਾਰ ਕਰ ਰਹੇ ਹਨ ਜਿਸ ਨੂੰ 'ਦੁਹਰਾਓ' ਪ੍ਰਕਿਰਿਆ ਕਿਹਾ ਜਾਂਦਾ ਹੈ।

ਇਸ ਤਰ੍ਹਾਂ ਦਾ ਤਰਕ ਇਹ ਜਾਣਨ ਲਈ ਮਹੱਤਵਪੂਰਨ ਹੈ ਕਿ ਕੌਣ ਰਹੱਸ ਜਾਣਦਾ ਹੈ, ਖੇਡ ਦੇ ਮੈਦਾਨ ਵਿੱਚ ਗੱਪਸ਼ੱਪ ਮਾਰਨੀ ਅਤੇ ਇਹ ਪਛਾਣਨਾ ਕਿ ਕਦੋਂ ਕੋਈ ਸਾਨੂੰ ਖੇਡ ਵਿੱਚ ਮੂਰਖ ਬਣਾਉਣ ਲਈ 'ਦੁਹਰਾ ਧੋਖਾ' ਦੇ ਰਿਹਾ ਹੈ, ਪਰ ਹੁਣ ਤੱਕ ਮਨੋਵਿਗਿਆਨੀਆਂ ਨੂੰ ਇਹ ਸਪੱਸ਼ਟ ਨਹੀਂ ਸੀ ਕਿ ਇਹ ਬਚਪਨ ਵਿੱਚ ਪਹਿਲੀ ਬਾਰ ਕਦੋਂ ਸਾਹਮਣੇ ਆਇਆ।

ਇਹ ਜਾਣਨ ਲਈ ਵੇਚਟਾ ਯੂਨੀਵਰਸਿਟੀ ਦੇ ਕ੍ਰਿਸਟੋਫਰ ਓਸਟਰਹਾਊਸ ਅਤੇ ਫ੍ਰੀਬਰਗ ਯੂਨੀਵਰਸਿਟੀ ਦੀ ਸੁਜ਼ੈਨ ਕੋਏਰਬਰ ਨੇ 161 ਪੰਜ ਸਾਲ ਦੇ ਬੱਚਿਆਂ ਨੂੰ ਚੁਣਿਆ ਅਤੇ ਅਗਲੇ ਪੰਜ ਸਾਲਾਂ ਵਿੱਚ ਵੱਖ ਵੱਖ ਮਾਈਂਡ ਟਾਸਕ ਸਿਧਾਂਤ ਸਬੰਧੀ ਕਾਰਜਾਂ ਵਿੱਚ ਉਨ੍ਹਾਂ ਦੇ ਪ੍ਰਦਰਸ਼ਨ ਨੂੰ ਮਾਪਿਆ।

ਅੰਕੜਿਆਂ ਦਾ ਵਿਸ਼ਲੇਸ਼ਣ ਕਰਨ 'ਤੇ ਉਨ੍ਹਾਂ ਨੇ ਦੇਖਿਆ ਕਿ ਪੰਜ ਤੋਂ ਸੱਤ ਸਾਲ ਦੀ ਉਮਰ ਵਿਚਕਾਰ ਉਨ੍ਹਾਂ ਦੀਆਂ ਸਮਰੱਥਾਵਾਂ ਵਿੱਚ 'ਤੇਜ਼ ਵਾਧਾ' ਹੋਇਆ, ਜਿਸ ਦੇ ਬਾਅਦ ਉਨ੍ਹਾਂ ਦਾ ਪ੍ਰਦਰਸ਼ਨ ਸਥਿਰ ਹੋ ਗਿਆ। ਇਸ ਤੋਂ ਪਤਾ ਲੱਗਦਾ ਹੈ ਕਿ ਇਸ ਵਿੱਚ ਕਿਸੇ ਪ੍ਰਕਾਰ ਦੀ ਵਿਚਾਰਕ ਛਲਾਂਗ ਸ਼ਾਮਲ ਸੀ।

ਉਹ ਕਹਿੰਦੇ ਹਨ, "ਜੇਕਰ ਇਹ ਸਿਰਫ਼ ਕੰਮ ਦੀ ਗੁੰਝਲਤਾ (ਗੁੰਝਲਤਾ ਨਾਲ ਨਜਿੱਠਣ ਵਿੱਚ ਉਨ੍ਹਾਂ ਦਾ ਹੌਲੀ-ਹੌਲੀ ਬਿਹਤਰ ਹੋਣਾ) ਸੀ ਤਾਂ ਤੁਸੀਂ ਇੱਕ ਸਥਿਰ ਵਾਧੇ ਦੀ ਉਮੀਦ ਕਰ ਸਕਦੇ ਸੀ।"

ਖੋਜ ਤੋਂ ਪਤਾ ਲੱਗਦਾ ਹੈ ਕਿ ਇਸ ਮਾਨਸਿਕ ਵਾਧੇ ਦੇ ਬੱਚਿਆਂ ਦੇ ਸਮਾਜਿਕ ਜੀਵਨ ਅਤੇ ਕਲਿਆਣ 'ਤੇ ਤੁਰੰਤ ਅਤੇ ਸਕਾਰਾਤਮਕ ਪ੍ਰਭਾਵ ਪੈਂਦੇ ਹਨ।

ਓਸਟਰਹਾਉਸ ਕਹਿੰਦੇ ਹਨ, "ਅਸੀਂ ਦੇਖਿਆ ਹੈ ਕਿ ਉਨ੍ਹਾਂ ਦੀ ਸਮਾਜਿਕ ਤਰਕ ਸ਼ਕਤੀ ਜਿੰਨੀ ਬਿਹਤਰ ਹੁੰਦੀ ਹੈ, ਇਕੱਲਤਾ ਦੀ ਭਾਵਨਾ ਓਨੀ ਹੀ ਘੱਟ ਹੁੰਦੀ ਹੈ। ਹੋ ਸਕਦਾ ਹੈ ਕਿ ਉਨ੍ਹਾਂ ਨੂੰ ਦੋਸਤੀ ਕਰਨੀ ਜਾਂ ਗੂੜ੍ਹੀ ਦੋਸਤੀ ਵਿੱਚ ਬੰਨ੍ਹਣਾ ਆਸਾਨ ਲੱਗ ਰਿਹਾ ਹੋਵੇ।"

ਇਸ ਤਰ੍ਹਾਂ ਡੋਬੇਲਾਰ ਦੀ ਖੋਜ ਦੱਸਦੀ ਹੈ ਕਿ ਵਧੀ ਹੋਈ ਸੰਵੇਦਨਸ਼ੀਲਤਾ ਜ਼ਿਆਦਾ ਸਮਾਜਿਕ ਵਿਵਹਾਰ ਨਾਲ ਜੁੜੀ ਹੁੰਦੀ ਹੈ, ਜਿਵੇਂ ਕਿ ਕਿਸੇ ਅਜਿਹੇ ਵਿਅਕਤੀ ਨਾਲ ਵਿਸ਼ੇਸ਼ ਰੂਪ ਨਾਲ ਦਿਆਲੂ ਵਿਵਹਾਰ ਕਰਨਾ ਜੋ ਖ਼ੁਦ ਨੂੰ ਅਲੱਗ-ਥਲੱਗ ਮਹਿਸੂਸ ਕਰਦਾ ਹੈ।

ਇਸ ਦਾ ਅਧਿਐਨ ਕਰਨ ਲਈ ਉਨ੍ਹਾਂ ਨੇ ਇੱਕ ਪ੍ਰਯੋਗ ਕੀਤਾ ਜੋ ਉਸ ਤਰ੍ਹਾਂ ਦੀ ਛੋਟੀ-ਮੋਟੀ ਬਦਮਾਸ਼ੀ ਦੀ ਨਕਲ ਕਰਦਾ ਸੀ ਜੋ ਬਦਕਿਸਮਤੀ ਨਾਲ ਕਈ ਖੇਡ ਦੇ ਮੈਦਾਨਾਂ ਵਿੱਚ ਬਹੁਤ ਆਮ ਹੈ।

ਇਸ ਪ੍ਰਯੋਗ ਵਿੱਚ ਸਾਈਬਰਬੋਲ ਨਾਮਕ ਇੱਕ ਸਾਧਾਰਨ ਵੀਡਿਓ ਗੇਮ ਸ਼ਾਮਲ ਸੀ, ਜਿਸ ਵਿੱਚ ਚਾਰ ਖਿਡਾਰੀ ਆਪਸ ਵਿੱਚ ਗੇਂਦ ਪਾਸ ਕਰਦੇ ਸਨ।

ਪ੍ਰਤੀਭਾਗੀਆਂ ਨੂੰ ਪਤਾ ਵੀ ਨਹੀਂ ਸੀ ਕਿ ਬਾਕੀ ਤਿੰਨ ਖਿਡਾਰੀ ਕੰਪਿਊਟਰ ਦੁਆਰਾ ਕੰਟਰੋਲ ਸਨ, ਜਿਨ੍ਹਾਂ ਵਿੱਚ ਦੋ ਨੂੰ ਇਸ ਤਰ੍ਹਾਂ ਪ੍ਰੋਗਰਾਮ ਕੀਤਾ ਜਾ ਸਕਦਾ ਸੀ ਕਿ ਉਹ ਤੀਜੇ ਬੋਟ ਦੀ ਗੇਂਦ ਫੜਨ ਅਤੇ ਸੁੱਟਣ ਦਾ ਮੌਕਾ ਹੀ ਨਾ ਦੇਣ।

ਪ੍ਰਤੀਭਾਗੀ ਅਨਿਆਂ ਪ੍ਰਤੀ ਘੱਟ ਸੰਵੇਦਨਸ਼ੀਲ ਦਿਖਾਈ ਦਿੱਤੇ।

ਹਾਲਾਂਕਿ, ਜਿਵੇਂ-ਜਿਵੇਂ ਉਹ ਬਚਪਨ ਦੇ ਮਧਲੇ ਹਿੱਸੇ ਤੋਂ ਹੁੰਦੇ ਹੋਏ ਕਿਸ਼ੋਰ ਅਵਸਥਾ ਵੱਲ ਵਧੇ, ਕਈ ਪ੍ਰਤੀਭਾਗੀਆਂ ਨੇ ਦੂਜੇ ਖਿਡਾਰੀਆਂ ਦੇ ਬੁਰੇ ਵਿਵਹਾਰ ਦੀ ਭਰਪਾਈ ਕਰਨ ਲਈ ਆਪਣੀ ਬਾਰੀ ਦੀ ਵਰਤੋਂ ਕਰਕੇ ਗੇਂਦ ਨੂੰ ਉਸ ਬੋਟ ਤੱਕ ਪਹੁੰਚਾਉਣਾ ਸ਼ੁਰੂ ਕਰ ਦਿੱਤਾ ਜਿਸ ਨੂੰ ਅਣਦੇਖਿਆ ਕੀਤਾ ਜਾ ਰਿਹਾ ਸੀ, ਜਿਸ ਨਾਲ ਪੀੜਤ ਨਾਲ ਇਕਜੁੱਟਤਾ ਦਾ ਇੱਕ ਛੋਟਾ ਜਿਹਾ ਸੰਕੇਤ ਮਿਲਿਆ।

ਬੱਚਿਆਂ ਦੇ ਦਿਮਾਗ ਦੇ ਐੱਫਐੱਮਆਰਆਈ ਸਕੈਨ ਦਾ ਉਪਯੋਗ ਕਰਦੇ ਹੋਏ ਡੋਬੇਲਾਰ ਅਤੇ ਉਨ੍ਹਾਂ ਦੇ ਸਹਿਯੋਗੀਆਂ ਨੇ ਦੇਖਿਆ ਕਿ ਇਹ ਦਿਮਾਗੀ ਗਤੀਵਿਧੀ ਕੁਝ ਵਿਸ਼ੇਸ਼ ਤਬਦੀਲੀਆਂ ਨਾਲ ਜੁੜੀ ਸੀ ਜਿਸ ਤੋਂ ਪਤਾ ਲੱਗਦਾ ਹੈ ਕਿ ਬੱਚਿਆਂ ਦਾ ਧਿਆਨ ਖੁਦ 'ਤੇ ਘੱਟ ਹੋ ਗਿਆ ਸੀ ਅਤੇ ਸੰਭਾਵਿਤ ਤੌਰ 'ਤੇ ਦੂਜਿਆਂ 'ਤੇ ਜ਼ਿਆਦਾ।

ਉਹ ਕਹਿੰਦੇ ਹਨ, "ਇਹ ਆਪਣਾ ਦ੍ਰਿਸ਼ਟੀਕੋਣ ਅਪਣਾਉਣ ਦੇ ਹੁਨਰ ਵਿੱਚ ਵਾਧੇ ਦਾ ਕਾਰਨ ਹੋ ਸਕਦਾ ਹੈ ਕਿਉਂਕਿ ਬੱਚਿਆਂ ਦੇ ਵਿਕਾਸਸ਼ੀਲ ਦਿਮਾਗ 'ਸਤਾਏ ਗਏ ਬੋਟ' ਦੀਆਂ ਭਾਵਨਾਵਾਂ 'ਤੇ ਵਿਚਾਰ ਕਰਨ ਵਿੱਚ ਸਮਰੱਥ ਸਨ।"

ਆਤਮ-ਸੰਦੇਹ ਦੀ ਸ਼ੁਰੂਆਤ

ਇਨ੍ਹਾਂ ਅਨੇਕ ਲਾਭਾਂ ਦੇ ਬਾਵਜੂਦ, ਸੂਝਵਾਨ ਸਮਾਜਿਕ ਤਰਕ ਦੇ ਕੁਝ ਨਕਾਰਾਤਮਕ ਪਹਿਲੂ ਵੀ ਹੋ ਸਕਦੇ ਹਨ: ਜ਼ਿਆਦਾ ਆਤਮ-ਚੇਤਨ ਅਤੇ ਆਤਮ-ਸੰਦੇਹ।

'ਪਸੰਦ ਦੇ ਅੰਤਰ' 'ਤੇ ਇੱਕ ਅਧਿਐਨ 'ਤੇ ਵਿਚਾਰ ਕਰੋ, ਜੋ ਇਸ ਪ੍ਰਵਿਰਤੀ ਦਾ ਵਰਣਨ ਕਰਦਾ ਹੈ ਕਿ ਦੂਜੇ ਵਿਅਕਤੀ ਸਾਨੂੰ ਕਿੰਨਾ ਪਸੰਦ ਕਰਦੇ ਹਨ, ਇਸ ਦੀ ਤੁਲਨਾ ਵਿੱਚ ਅਸੀਂ ਇਹ ਘੱਟ ਦੇਖਦੇ ਹਾਂ ਕਿ ਅਸੀਂ ਉਨ੍ਹਾਂ ਨੂੰ ਕਿੰਨਾ ਪਸੰਦ ਕਰਦੇ ਹਾਂ।

ਉਟ੍ਰੇਚ ਯੂਨੀਵਰਸਿਟੀ ਵਿੱਚ ਤਾਇਨਾਤ ਵਾਉਟਰ ਵੁਲਫ ਵੱਲੋਂ ਹਾਲ ਹੀ ਵਿੱਚ ਕੀਤੇ ਗਏ ਇੱਕ ਅਧਿਐਨ ਵਿੱਚ ਦੇਖਿਆ ਗਿਆ ਕਿ ਪਸੰਦ ਦਾ ਅੰਤਰ ਸਭ ਤੋਂ ਪਹਿਲਾਂ ਪੰਜ ਸਾਲ ਦੀ ਉਮਰ ਵਿੱਚ ਉੱਭਰਦਾ ਹੈ ਅਤੇ ਬਚਪਨ ਦੇ ਮਧਲੇ ਹਿੱਸੇ ਵਿੱਚ ਲਗਾਤਾਰ ਵਧਦਾ ਜਾਂਦਾ ਹੈ।

ਅਜਿਹਾ ਲੱਗਦਾ ਹੈ ਕਿ ਅਸੀਂ ਦੂਜਿਆਂ ਦੇ ਮਾਨਸਿਕ ਜੀਵਨ ਪ੍ਰਤੀ ਜਿੰਨੇ ਜ਼ਿਆਦਾ ਸੰਵੇਦਨਸ਼ੀਲ ਹੁੰਦੇ ਜਾਂਦੇ ਹਾਂ, ਓਨਾ ਹੀ ਸਾਨੂੰ ਇਹ ਚਿੰਤਾ ਹੋਣ ਲੱਗਦੀ ਹੈ ਕਿ ਉਨ੍ਹਾਂ ਦਾ ਸਾਡੇ ਪ੍ਰਤੀ ਦ੍ਰਿਸ਼ਟੀਕੋਣ ਓਨਾ ਦੋਸਤਾਨਾ ਅਤੇ ਸਕਾਰਾਤਮਕ ਨਹੀਂ ਹੈ, ਜਿੰਨਾ ਅਸੀਂ ਚਾਹੁੰਦੇ ਹਾਂ।

ਮੈਨੂੰ ਸ਼ੱਕ ਹੈ ਕਿ ਸ਼ਾਇਦ ਇਹੀ ਕਾਰਨ ਸੀ ਕਿ ਪਾਰਟੀ ਵਿੱਚ ਮੇਰਾ ਮੂਡ ਖਰਾਬ ਹੋ ਗਿਆ ਸੀ; ਇਹ ਮੇਰੇ ਲਈ ਆਤਮ-ਚੇਤਨਾ ਅਤੇ ਇਕੱਲਤਾ ਦਾ ਪਹਿਲਾ ਤਜਰਬਾ ਸੀ ਅਤੇ ਮੇਰੇ ਕੋਲ ਅਜੇ ਤੱਕ ਇਹ ਦੱਸਣ ਲਈ ਸ਼ਬਦ ਨਹੀਂ ਸਨ ਕਿ ਮੈਂ ਕਿਉਂ ਦੁਖੀ ਅਤੇ ਗੁੱਸੇ ਵਿੱਚ ਮਹਿਸੂਸ ਕਰ ਰਿਹਾ ਸੀ।

ਜਾਂ ਮੇਰੇ ਕੋਲ ਪਸੰਦ ਦੇ ਅੰਤਰ ਨੂੰ ਦੂਰ ਕਰਨ ਅਤੇ ਉਨ੍ਹਾਂ ਲੋਕਾਂ ਨਾਲ ਨਵੀਂ ਦੋਸਤੀ ਕਰਨ ਦਾ ਹੁਨਰ ਨਹੀਂ ਸੀ ਜਿਨ੍ਹਾਂ ਨੂੰ ਮੈਂ ਚੰਗੀ ਤਰ੍ਹਾਂ ਨਹੀਂ ਜਾਣਦਾ ਸੀ।

ਗੱਲਬਾਤ ਦੀ ਸ਼ਕਤੀ

ਇੱਕ ਬੱਚੇ ਦੇ ਜੀਵਨ ਵਿੱਚ ਬਾਲਗ ਨਿਯਮਤ ਗੱਲਬਾਤ ਜ਼ਰੀਏ ਇਨ੍ਹਾਂ ਕੁਸ਼ਲਾਂ ਦੇ ਵਿਕਾਸ ਨੂੰ ਆਸਾਨ ਬਣਾ ਸਕਦੇ ਹਨ। ਉਦਾਹਰਨ ਲਈ ਐਂਟਨੀ "ਭਾਵਨਾ ਸਿਖਲਾਈ" ਦੀ ਸ਼ਕਤੀ ਨੂੰ ਪ੍ਰਦਰਸ਼ਿਤ ਕਰਨ ਵਾਲੀ ਖੋਜ ਵੱਲ ਇਸ਼ਾਰਾ ਕਰਦੇ ਹਨ।

ਇਸ ਵਿੱਚ ਬਿਨਾਂ ਕਿਸੇ ਫੈਸਲੇ ਦੇ ਬੱਚੇ ਦੀ ਗੱਲ ਸੁਣਨਾ, ਉਨ੍ਹਾਂ ਦੀਆਂ ਭਾਵਨਾਵਾਂ ਨੂੰ ਮਾਨਤਾ ਦੇਣਾ ਅਤੇ ਫਿਰ ਉਨ੍ਹਾਂ ਨੂੰ ਸਕਾਰਾਤਮਕ ਰੂਪ ਨਾਲ ਅੱਗੇ ਵਧਣ ਦੇ ਤਰੀਕੇ ਸੁਝਾਉਣਾ ਸ਼ਾਮਲ ਹੈ।

ਉਹ ਕਹਿੰਦੇ ਹਨ, "ਇਹ ਬਾਲਗਾਂ ਵੱਲੋਂ ਉਨ੍ਹਾਂ ਲਈ ਸਭ ਕੁਝ ਠੀਕ ਕਰਨ ਦੀ ਕੋਸ਼ਿਸ਼ ਕਰਨ ਬਾਰੇ ਨਹੀਂ ਹੈ, ਬਲਕਿ ਉਨ੍ਹਾਂ ਨੂੰ ਆਪਣੀਆਂ ਭਾਵਨਾਵਾਂ ਨੂੰ ਪ੍ਰਬੰਧਿਤ ਕਰਨ ਦੀ ਇਸ ਪ੍ਰਕਿਰਿਆ ਵਿੱਚ ਮਾਰਗ ਦਰਸ਼ਨ ਕਰਨ ਬਾਰੇ ਹੈ।"

ਉਦਾਹਰਨ ਲਈ ਇੱਕ ਬਾਲਗ ਬੱਚੇ ਨੂੰ ਇਹ ਦਿਖਾ ਕੇ ਬੋਧਾਤਮਕ ਪੁਨਰ-ਮੁਲਾਂਕਣ ਨੂੰ ਪ੍ਰੋਤਸਾਹਿਤ ਕਰ ਸਕਦਾ ਹੈ ਕਿ ਸ਼ੁਰੂਆਤ ਵਿੱਚ ਪਰੇਸ਼ਾਨ ਕਰਨ ਵਾਲੀ ਘਟਨਾ ਦੀ ਅਲੱਗ-ਅਲੱਗ ਤਰ੍ਹਾਂ ਨਾਲ ਵਿਆਖਿਆ ਕਿਵੇਂ ਕੀਤੀ ਜਾ ਸਕਦੀ ਹੈ। ਬੱਚਾ ਅਗਲੀ ਬਾਰ ਪਰੇਸ਼ਾਨ ਹੋਣ 'ਤੇ ਇਸ ਦੀ ਵਰਤੋਂ ਕਰ ਸਕਦਾ ਹੈ , ਜਿਸ ਨਾਲ ਉਹ ਭਵਿੱਖ ਦੇ ਤਣਾਅ ਤੋਂ ਖੁਦ ਨੂੰ ਬਚਾਅ ਸਕਦਾ ਹੈ।

ਮਾਤਾ-ਪਿਤਾ ਜਾਂ ਗਾਰਡੀਅਨ ਸਮਾਜਿਕ ਦੁਬਿਧਾਵਾਂ 'ਤੇ ਵੀ ਗੱਲ ਕਰ ਸਕਦੇ ਹਨ, ਚਾਹੇ ਵਾਸਤਵਿਕ ਜੀਵਨ ਵਿੱਚ ਹੋਵੇ ਜਾਂ ਕਾਲਪਨਿਕ ਰੂਪ ਵਿੱਚ।

ਓਸਟਰਹਾਉਸ ਕਹਿੰਦੇ ਹਨ, "ਤੁਸੀਂ ਉਨ੍ਹਾਂ ਨੂੰ ਪੁੱਛ ਸਕਦੇ ਹੋ ਕਿ ਇਸ ਵਿਅਕਤੀ ਨੇ ਅਜਿਹੀ ਪ੍ਰਤੀਕਿਰਿਆ ਕਿਉਂ ਦਿੱਤੀ? ਉਨ੍ਹਾਂ ਨੇ ਅਜਿਹਾ ਕਿਉਂ ਕਿਹਾ?"

ਇਸ ਨਾਲ ਉਨ੍ਹਾਂ ਨੂੰ ਦੂਜਿਆਂ ਦੀ ਮਾਨਸਿਕ ਸਥਿਤੀ ਬਾਰੇ ਜ਼ਿਆਦਾ ਧਿਆਨ ਨਾਲ ਸੋਚਣ ਵਿੱਚ ਮਦਦ ਮਿਲਦੀ ਹੈ, ਉਹ ਕਹਿੰਦੇ ਹਨ, ਜਿਸ ਨਾਲ ਮਨ ਦੇ ਹੋਰ ਉੱਨਤ ਸਿਧਾਂਤ ਨੂੰ ਪ੍ਰੋਤਸਾਹਨ ਮਿਲੇਗਾ।

ਕਦੇ-ਕਦੇ ਦੋਵੇਂ ਦ੍ਰਿਸ਼ਟੀਕੋਣ ਸੁਭਾਵਿਕ ਰੂਪ ਨਾਲ ਇਕੱਠੇ ਆ ਜਾਂਦੇ ਹਨ। ਜੇਕਰ ਕੋਈ ਬੱਚਾ ਆਪਣੇ ਸਭ ਤੋਂ ਚੰਗੇ ਦੋਸਤ ਦੇ ਰੁੱਖੇ ਵਿਵਹਾਰ ਤੋਂ ਪਰੇਸ਼ਾਨ ਹੈ, ਤਾਂ ਤੁਸੀਂ ਉਸ ਨੂੰ ਉਸ ਦੇ ਬੁਰੇ ਵਿਵਹਾਰ ਦੇ ਸੰਭਾਵਿਤ ਕਾਰਨਾਂ 'ਤੇ ਸਵਾਲ ਚੁੱਕਣ ਲਈ ਪ੍ਰੋਤਸਾਹਿਤ ਕਰ ਸਕਦੇ ਹੋ।

ਹੋ ਸਕਦਾ ਹੈ ਕਿ ਉਹ ਥੱਕਿਆ ਹੋਇਆ ਹੋਵੇ ਜਾਂ ਉਸ ਦਾ ਦਿਨ ਖਰਾਬ ਚੱਲ ਰਿਹਾ ਹੋਵੇ; ਇਹ ਕੋਈ ਨਿੱਜੀ ਗੱਲ ਨਹੀਂ ਹੈ ਅਤੇ ਇਸ ਨੂੰ ਗੁੱਸੇ ਦੀ ਬਜਾਏ ਦਇਆ ਨਾਲ ਦੇਖਿਆ ਜਾ ਸਕਦਾ ਹੈ।

ਸਿੱਖਣ ਲਾਇਕ ਕਿਸੇ ਵੀ ਹੁਨਰ ਦੀ ਤਰ੍ਹਾਂ, ਇਨ੍ਹਾਂ ਸਮਰੱਥਾਵਾਂ ਲਈ ਵੀ ਨਿਰੰਤਰ ਅਭਿਆਸ ਦੀ ਜ਼ਰੂਰਤ ਹੁੰਦੀ ਹੈ।

ਹਾਲਾਂਕਿ, ਅਜਿਹੇ ਕਈ ਪਲਾਂ ਵਿੱਚ ਬੱਚਾ ਆਪਣੇ ਅਤੇ ਦੂਜਿਆਂ ਦੇ ਮਨ ਨੂੰ ਸਮਝਣ ਲਈ ਚੰਗੀ ਤਰ੍ਹਾਂ ਨਾਲ ਤਿਆਰ ਹੋ ਜਾਵੇਗਾ, ਜੋ ਉਸ ਦੇ 'ਦੁੱਧ ਦੇ ਦੰਦ ਟੁੱਟਣ ਦੇ ਦੌਰ' ਤੋਂ ਅੱਗੇ ਕਿਸ਼ੋਰ ਅਵਸਥਾ ਅਤੇ ਉਸ ਤੋਂ ਅੱਗੇ ਦੇ ਰੁਮਾਂਚਾਂ ਵਿੱਚ ਉਸ ਦਾ ਮਾਰਗ ਦਰਸ਼ਨ ਕਰੇਗਾ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)