ਓਡੀਸ਼ਾ: ਜਿਨਸੀ ਸ਼ੋਸ਼ਣ ਦੀ ਸ਼ਿਕਾਇਤ ਦਰਜ ਨਾ ਹੋਣ 'ਤੇ ਖੁਦਕੁਸ਼ੀ ਦੀ ਕੋਸ਼ਿਸ਼ ਕਰਨ ਵਾਲੀ ਵਿਦਿਆਰਥਣ ਦੀ ਮੌਤ

    • ਲੇਖਕ, ਸੁਬਰਤ ਕੁਮਾਰ ਪਤੀ
    • ਰੋਲ, ਬੀਬੀਸੀ ਪੱਤਰਕਾਰ

ਭੁਵਨੇਸ਼ਵਰ ਦੇ ਏਮਜ਼ ਹਸਪਤਾਲ ਵਿੱਚ ਦਾਖਲ ਵਿਦਿਆਰਥਣ ਦੀ ਮੌਤ ਹੋ ਗਈ ਹੈ।

ਸ਼ਨੀਵਾਰ ਨੂੰ ਇਸ ਵਿਦਿਆਰਥਣ ਨੇ ਬਾਲਾਸੋਰ ਦੇ ਫਕੀਰ ਮੋਹਨ ਕਾਲਜ ਵਿੱਚ ਇੱਕ ਅਧਿਆਪਕ 'ਤੇ ਜਿਨਸੀ ਸ਼ੋਸ਼ਣ ਦਾ ਇਲਜ਼ਾਮ ਲਗਾਉਣ ਤੋਂ ਬਾਅਦ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਸੀ।

ਵਿਦਿਆਰਥਣ ਨੂੰ ਗੰਭੀਰ ਹਾਲਤ ਵਿੱਚ ਭੁਵਨੇਸ਼ਵਰ ਦੇ ਏਮਜ਼ ਵਿੱਚ ਦਾਖਲ ਕਰਵਾਇਆ ਗਿਆ ਸੀ।

ਜ਼ਿਕਰਯੋਗ ਹੈ ਕਿ ਕੁੜੀ ਬੀਐੱਡ ਦੀ ਵਿਦਿਆਰਥਣ ਸੀ। ਉਸਨੇ ਵਿਭਾਗ ਮੁਖੀ (ਐੱਚਓਡੀ) 'ਤੇ ਜਿਨਸੀ ਸ਼ੋਸ਼ਣ ਦੇ ਇਲਜ਼ਾਮ ਲਾਏ ਸਨ ਅਤੇ ਇਸ ਘਟਨਾ ਦੀ ਸ਼ਿਕਾਇਤ ਕਾਲਜ ਪ੍ਰਸ਼ਾਸਨ ਨੂੰ ਕੀਤੀ ਸੀ।

ਉਸਨੇ ਇਸ ਮਾਮਲੇ ਬਾਰੇ ਸੋਸ਼ਲ ਮੀਡੀਆ 'ਤੇ ਵੀ ਪੋਸਟ ਕੀਤੀ ਸੀ, ਜਿਸ ਵਿੱਚ ਕਈ ਉੱਚ ਅਧਿਕਾਰੀਆਂ ਨੂੰ ਟੈਗ ਕੀਤਾ ਗਿਆ ਸੀ।

ਇਸ ਮਾਮਲੇ ਵਿੱਚ ਸੋਮਵਾਰ ਨੂੰ ਪੁਲਿਸ ਨੇ ਕਾਲਜ ਦੇ ਪ੍ਰਿੰਸੀਪਲ ਦਿਲੀਪ ਕੁਮਾਰ ਘੋਸ਼ ਨੂੰ ਗ੍ਰਿਫ਼ਤਾਰ ਕੀਤਾ ਸੀ।

ਮਾਮਲੇ ਦੇ ਮੁੱਖ ਮੁਲਜ਼ਮ ਵਿਭਾਗ ਮੁਖੀ ਸਮੀਰ ਸਾਹੂ ਨੂੰ ਵੀ ਪੁਲਿਸ ਵੱਲੋਂ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਿਆ ਹੈ।

ਲੜਕੀ ਦੀ ਮੌਤ ਤੋਂ ਪਹਿਲਾਂ ਹਸਪਤਾਲ ਵਿੱਚ ਜੇਰੇ ਇਲਾਜ ਵਿਦਿਆਰਥਣ ਨਾਲ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਏਮਜ਼ ਭੁਵਨੇਸ਼ਵਰ ਵਿੱਚ ਮੁਲਾਕਾਤ ਕੀਤੀ ਸੀ। ਉਨ੍ਹਾਂ ਨੇ ਡਾਕਟਰਾਂ ਅਤੇ ਵਿਦਿਆਰਥਣ ਦੇ ਮਾਪਿਆਂ ਨਾਲ ਵੀ ਗੱਲਬਾਤ ਕੀਤੀ ਸੀ।

ਓਡੀਸ਼ਾ ਦੇ ਮੁੱਖ ਮੰਤਰੀ ਮੋਹਨ ਚਰਨ ਮਾਝੀ ਨੇ ਵਿਦਿਆਰਥਣ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਉਸ ਦੇ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਇਸ ਮਾਮਲੇ ਵਿੱਚ ਸਾਰੇ ਮੁਲਜ਼ਮਾਂ ਖ਼ਿਲਾਫ਼ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ।

ਸੂਬਾ ਸਰਕਾਰ ਨੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ।

ਵਿਦਿਆਰਥਣ ਦੇ ਪਰਿਵਾਰ ਦਾ ਇਲਜ਼ਾਮ ਹੈ ਕਿ ਉਸ ਦਾ ਪਿਛਲੇ ਕਈ ਮਹੀਨਿਆਂ ਤੋਂ ਜਿਨਸੀ ਸ਼ੋਸ਼ਣ ਹੋ ਰਿਹਾ ਸੀ ਅਤੇ ਉਸਨੇ ਇਸ ਬਾਰੇ ਕਾਲਜ ਪ੍ਰਸ਼ਾਸਨ ਨੂੰ ਸ਼ਿਕਾਇਤ ਵੀ ਕੀਤੀ ਸੀ। ਪਰ ਜਦੋਂ ਇਸ ਮਾਮਲੇ ਵਿੱਚ ਕੋਈ ਕਾਰਵਾਈ ਨਹੀਂ ਕੀਤੀ ਗਈ ਤਾਂ ਵਿਦਿਆਰਥਣ ਨੇ ਅਜਿਹਾ ਕਦਮ ਚੁੱਕਿਆ।

ਪਰਿਵਾਰ ਨੇ ਇਲਜ਼ਾਮ ਲਗਾਇਆ ਕਿ ਪ੍ਰਿੰਸੀਪਲ ਨੇ ਸਹੀ ਸਮੇਂ 'ਤੇ ਕੋਈ ਠੋਸ ਕਾਰਵਾਈ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਕਾਲਜ ਦੀ ਅੰਦਰੂਨੀ ਜਾਂਚ ਕਮੇਟੀ ਨੇ ਵੀ ਮੁਲਜ਼ਮ ਅਧਿਆਪਕ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ।

(ਖੁਦਕੁਸ਼ੀ ਇੱਕ ਗੰਭੀਰ ਮਨੋਵਿਗਿਆਨਕ ਅਤੇ ਸਮਾਜਿਕ ਸਮੱਸਿਆ ਹੈ। ਜੇਕਰ ਤੁਸੀਂ ਵੀ ਤਣਾਅ ਵਿੱਚੋਂ ਗੁਜ਼ਰ ਰਹੇ ਹੋ, ਤਾਂ ਤੁਸੀਂ ਭਾਰਤ ਸਰਕਾਰ ਦੀ ਜੀਵਨਸਾਥੀ ਹੈਲਪਲਾਈਨ 1800 233 3330 ਤੋਂ ਮਦਦ ਲੈ ਸਕਦੇ ਹੋ। ਤੁਹਾਨੂੰ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨਾਲ ਵੀ ਗੱਲ ਕਰਨੀ ਚਾਹੀਦੀ ਹੈ।)

ਵਿਦਿਆਰਥਣ ਦੀ ਹਾਲਾਤ ਬਾਰੇ ਏਮਜ਼ ਨੇ ਕੀ ਦੱਸਿਆ ਸੀ?

ਏਮਜ਼ ਦੇ ਡਾਇਰੈਕਟਰ ਆਸ਼ੂਤੋਸ਼ ਬਿਸ਼ਵਾਸ ਨੇ ਵਿਦਿਆਰਥਣ ਦੀ ਗੰਭੀਰ ਸਥਿਤੀ ਬਾਰੇ ਦੱਸਿਆ ਸੀ।

ਉਨ੍ਹਾਂ ਕਿਹਾ ਸੀ, "ਮਰੀਜ਼ ਨੂੰ ਵੈਂਟੀਲੇਟਰ 'ਤੇ ਰੱਖਿਆ ਗਿਆ ਸੀ ਅਤੇ ਉਸ ਦੇ ਕੁਝ ਅੰਦਰੂਨੀ ਹਿੱਸੇ, ਜਿਸ ਵਿੱਚ ਉਸ ਦਾ ਗੁਰਦਾ ਵੀ ਸ਼ਾਮਲ ਹੈ, ਪ੍ਰਭਾਵਿਤ ਹੋਏ ਸਨ।"

ਆਸ਼ੂਤੋਸ਼ ਬਿਸਵਾਸ ਨੇ ਕਿਹਾ ਕਿ ਇਸ ਮਾਮਲੇ ਵਿੱਚ ਦਿੱਲੀ ਏਮਜ਼ ਦੇ ਡਾਕਟਰਾਂ ਨਾਲ ਵੀ ਸਲਾਹ-ਮਸ਼ਵਰਾ ਕੀਤਾ ਗਿਆ।

ਮੁੱਖ ਮੰਤਰੀ ਮੋਹਨ ਚਰਨ ਮਾਝੀ ਨੇ ਕੀ ਕਿਹਾ?

ਓਡੀਸ਼ਾ ਦੇ ਮੁੱਖ ਮੰਤਰੀ ਮੋਹਨ ਚਰਨ ਮਾਝੀ ਐਤਵਾਰ ਨੂੰ ਭੁਵਨੇਸ਼ਵਰ ਏਮਜ਼ ਪਹੁੰਚੇ ਸਨ ਅਤੇ ਡਾਕਟਰਾਂ ਨਾਲ ਵਿਦਿਆਰਥਣ ਬਾਰੇ ਗੱਲ ਕੀਤੀ ਸੀ।

ਇਸ ਘਟਨਾ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਉਨ੍ਹਾਂ ਕਿਹਾ ਸੀ ਕਿ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ।

ਉਨ੍ਹਾਂ ਕਿਹਾ, "ਇਹ ਘਟਨਾ ਕਿਹੜੇ ਹਾਲਾਤ ਵਿੱਚ ਵਾਪਰੀ, ਇਸਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ। ਸਰਕਾਰ ਇਸ ਮਾਮਲੇ ਵਿੱਚ ਸਖ਼ਤ ਕਾਰਵਾਈ ਕਰੇਗੀ ਅਤੇ ਇਹ ਯਕੀਨੀ ਬਣਾਏਗੀ ਕਿ ਭਵਿੱਖ ਵਿੱਚ ਕਿਸੇ ਵੀ ਕਾਲਜ ਜਾਂ ਯੂਨੀਵਰਸਿਟੀ ਵਿੱਚ ਅਜਿਹੀ ਘਟਨਾ ਨਾ ਵਾਪਰੇ।"

ਉਹ ਵਿਦਿਆਰਥਣ ਦੇ ਪਰਿਵਾਰ ਦੇ ਨਾਲ-ਨਾਲ ਉਸਦਾ ਇਲਾਜ ਕਰ ਰਹੇ ਡਾਕਟਰਾਂ ਦੀ ਟੀਮ ਨੂੰ ਵੀ ਮਿਲੇ ਸਨ।

ਓਡੀਸ਼ਾ ਦੇ ਉੱਚ ਸਿੱਖਿਆ ਮੰਤਰੀ ਸੂਰਿਆਵੰਸ਼ੀ ਸੂਰਜ ਨੇ ਕਿਹਾ ਸੀ, "ਮੁਲਜ਼ਮ ਅਧਿਆਪਕ ਅਤੇ ਪ੍ਰਿੰਸੀਪਲ ਦਿਲੀਪ ਘੋਸ਼ ਨੂੰ ਫਿਲਹਾਲ ਲਈ ਮੁਅੱਤਲ ਕਰ ਦਿੱਤਾ ਗਿਆ ਹੈ। ਘਟਨਾ ਦੀ ਉੱਚ ਪੱਧਰੀ ਜਾਂਚ ਕਰਨ ਦੇ ਨਿਰਦੇਸ਼ ਵੀ ਦਿੱਤੇ ਗਏ ਹਨ।"

ਉਨ੍ਹਾਂ ਕਿਹਾ, "ਵਿਦਿਆਰਥਣ ਦੀ ਸ਼ਿਕਾਇਤ ਤੋਂ ਬਾਅਦ ਕਾਲਜ ਪ੍ਰਧਾਨ ਨੇ ਸਰਕਾਰ ਨੂੰ ਸੂਚਿਤ ਕਿਉਂ ਨਹੀਂ ਕੀਤਾ, ਇਹ ਵੀ ਇੱਕ ਸਵਾਲ ਹੈ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ, ਪ੍ਰਧਾਨ ਨੂੰ ਵੀ ਮੁਅੱਤਲ ਕਰ ਦਿੱਤਾ ਗਿਆ ਹੈ।"

ਪਰਿਵਾਰ ਨੇ ਕੀ ਕਿਹਾ?

ਵਿਦਿਆਰਥਣ ਨਾਲ ਪੜ੍ਹ ਰਹੀ ਇੱਕ ਕੁੜੀ ਨੇ ਬੀਬੀਸੀ ਨੂੰ ਦੱਸਿਆ ਕਿ ਵਿਦਿਆਰਥਣ ਅਧਿਆਪਕ ਦੇ ਵਿਵਹਾਰ ਤੋਂ ਕਈ ਦਿਨਾਂ ਤੋਂ ਪਰੇਸ਼ਾਨ ਅਤੇ ਸਦਮੇ ਵਿੱਚ ਸੀ।

ਉਨ੍ਹਾਂ ਕਿਹਾ, "ਵਿਦਿਆਰਥਣ ਨੇ ਕਾਲਜ ਪ੍ਰਧਾਨ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਜਿਸ ਵਿੱਚ ਅਧਿਆਪਕ 'ਤੇ ਅਣਉਚਿਤ ਵਿਵਹਾਰ ਦਾ ਇਲਜ਼ਾਮ ਲਗਾਇਆ ਗਿਆ ਸੀ। ਇਸ ਤੋਂ ਬਾਅਦ, ਇਸ ਮਾਮਲੇ ਵਿੱਚ ਇੱਕ ਜਾਂਚ ਕਮੇਟੀ ਬਣਾਈ ਗਈ ਸੀ।"

ਵਿਦਿਆਰਥਣ ਦੇ ਦਾਦਾ ਨੇ ਬੀਬੀਸੀ ਨੂੰ ਦੱਸਿਆ, "ਇਸ ਜਾਂਚ ਕਮੇਟੀ ਨੇ ਆਪਣੀ ਰਿਪੋਰਟ ਵਿੱਚ ਅਧਿਆਪਕ ਵਿਰੁੱਧ ਜਿਨਸੀ ਸ਼ੋਸ਼ਣ ਦਾ ਜ਼ਿਕਰ ਨਹੀਂ ਕੀਤਾ, ਪਰ ਮਾਮਲੇ ਨੂੰ ਦਬਾਉਣ ਲਈ ਦਬਾਅ ਪਾਇਆ ਗਿਆ।"

ਦਾਦਾ ਦਾ ਕਹਿਣਾ ਹੈ ਕਿ ਵਿਦਿਆਰਥਣ ਨੇ ਇਸ ਘਟਨਾ ਬਾਰੇ ਪਰਿਵਾਰਕ ਮੈਂਬਰਾਂ ਨੂੰ ਵੀ ਸੂਚਿਤ ਕੀਤਾ ਸੀ।

ਉਨ੍ਹਾਂ ਕਿਹਾ, "ਉਸਨੂੰ ਮਾਨਸਿਕ ਤੌਰ 'ਤੇ ਵੀ ਪਰੇਸ਼ਾਨ ਕੀਤਾ ਜਾ ਰਿਹਾ ਸੀ। ਉਹ ਕੁਝ ਪੇਪਰਾਂ ਵਿੱਚ ਫੇਲ੍ਹ ਹੋ ਗਈ ਸੀ ਅਤੇ ਘੱਟ ਹਾਜ਼ਰੀ ਕਾਰਨ ਉਸ ਨੂੰ ਪ੍ਰੀਖਿਆ ਵਿੱਚ ਬੈਠਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ।"

ਪੁਲਿਸ ਕੀ ਕਹਿ ਰਹੀ ਹੈ?

ਪੁਲਿਸ ਦਾ ਕਹਿਣਾ ਹੈ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ ਅਤੇ ਇਸ ਲਈ ਇੱਕ ਵਿਸ਼ੇਸ਼ ਟੀਮ ਬਣਾਈ ਗਈ ਹੈ।

ਬਾਲਾਸੋਰ ਦੇ ਐੱਸਪੀ ਰਾਜ ਪ੍ਰਸਾਦ ਨੇ ਕਿਹਾ, "ਇਸ ਘਟਨਾ ਦੀ ਹਰ ਪਹਿਲੂ ਤੋਂ ਜਾਂਚ ਕੀਤੀ ਜਾਵੇਗੀ। ਫੋਰੈਂਸਿਕ ਟੀਮ ਵੀ ਜਾਂਚ ਵਿੱਚ ਸ਼ਾਮਲ ਹੈ। ਇੱਕ ਡੀਐੱਸਪੀ ਪੱਧਰ ਦੇ ਅਧਿਕਾਰੀ ਨੂੰ ਜਾਂਚ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।"

ਉਨ੍ਹਾਂ ਕਿਹਾ, "ਵਿਦਿਆਰਥਣ ਨੇ ਪਹਿਲਾਂ ਕਾਲਜ ਦੀ ਅੰਦਰੂਨੀ ਸ਼ਿਕਾਇਤ ਕਮੇਟੀ ਨੂੰ ਸ਼ਿਕਾਇਤ ਕੀਤੀ ਸੀ। ਅਸੀਂ ਇਹ ਵੀ ਦੇਖਾਂਗੇ ਕਿ ਕਮੇਟੀ ਨੇ ਕੀ ਜਾਂਚ ਕੀਤੀ ਹੈ ਅਤੇ ਉਨ੍ਹਾਂ ਨੇ ਇਸ ਸਬੰਧ ਵਿੱਚ ਪ੍ਰਿੰਸੀਪਲ ਨੂੰ ਕੀ ਰਿਪੋਰਟ ਦਿੱਤੀ ਹੈ।"

ਵਿਰੋਧੀ ਪਾਰਟੀਆਂ ਨੇ ਸੂਬਾ ਸਰਕਾਰ ਦੀ ਆਲੋਚਨਾ ਕੀਤੀ

ਓਡੀਸ਼ਾ ਦੇ ਸਾਬਕਾ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਸੂਬੇ ਦੇ ਰਾਜਪਾਲ ਨੂੰ ਇਸ ਮਾਮਲੇ ਵਿੱਚ ਦਖ਼ਲ ਦੇਣ ਦੀ ਬੇਨਤੀ ਕੀਤੀ ਹੈ।

ਸੋਸ਼ਲ ਮੀਡੀਆ 'ਤੇ ਇੱਕ ਪੋਸਟ ਵਿੱਚ ਉਨ੍ਹਾਂ ਨੇ ਲਿਖਿਆ, "ਇਹ ਹੈਰਾਨ ਕਰਨ ਵਾਲਾ ਅਤੇ ਬਹੁਤ ਹੀ ਪਰੇਸ਼ਾਨ ਕਰਨ ਵਾਲਾ ਹੈ ਕਿ ਓਡੀਸ਼ਾ ਦੀ ਇੱਕ ਵੱਕਾਰੀ ਯੂਨੀਵਰਸਿਟੀ ਨੇ ਇੱਕ ਨੌਜਵਾਨ ਵਿਦਿਆਰਥਣ ਨੂੰ ਖੁਦਕੁਸ਼ੀ ਦਾ ਕਦਮ ਚੁੱਕਣ ਲਈ ਮਜਬੂਰ ਕੀਤਾ ਗਿਆ।"

ਨਵੀਨ ਪਟਨਾਇਕ ਨੇ ਲਿਖਿਆ, "ਵਿਦਿਆਰਥਣ ਦਾ ਕਥਿਤ ਤੌਰ 'ਤੇ ਜਿਨਸੀ ਸ਼ੋਸ਼ਣ ਕੀਤਾ ਗਿਆ ਸੀ ਅਤੇ ਅਧਿਆਪਕ ਨੇ ਵਾਰ-ਵਾਰ ਉਸ ਤੋਂ ਜਿਨਸੀ ਸੰਬੰਧਾਂ ਦੀ ਮੰਗ ਕੀਤੀ ਸੀ।"

"ਪ੍ਰਿੰਸੀਪਲ ਨੂੰ ਲਿਖੇ ਇੱਕ ਪੱਤਰ ਵਿੱਚ ਵਿਦਿਆਰਥਣ ਨੇ ਕਿਹਾ ਕਿ ਉਸਨੇ ਪਹਿਲਾਂ ਵੀ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਉਸਨੂੰ ਬਚਾਇਆ ਗਿਆ ਸੀ।"

"ਉਹ ਕਈ ਮਹੀਨਿਆਂ ਤੱਕ ਡਰ ਅਤੇ ਦਰਦ ਵਿੱਚ ਰਹੀ, ਫਿਰ 1 ਜੁਲਾਈ ਨੂੰ ਉਹ ਦੁਖੀ ਹੋ ਗਈ ਅਤੇ ਮਦਦ ਦੀ ਅਪੀਲ ਕੀਤੀ ਅਤੇ ਆਪਣੀ ਮੁਸ਼ਕਲ ਬਾਰੇ ਦੱਸਣ ਲਈ ਸੋਸ਼ਲ ਮੀਡੀਆ 'ਤੇ ਕਈ ਸੀਨੀਅਰ ਅਧਿਕਾਰੀਆਂ ਨੂੰ ਟੈਗ ਕੀਤਾ। ਪਰ ਕੋਈ ਕਾਰਵਾਈ ਨਹੀਂ ਕੀਤੀ ਗਈ।"

ਸਾਬਕਾ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਲਿਖਿਆ, "ਦੁੱਖ ਦੀ ਗੱਲ ਹੈ ਕਿ ਉਸ ਨੇ ਆਪਣੇ ਦੁੱਖ ਨੂੰ ਖ਼ਤਮ ਕਰਨ ਲਈ ਇੱਕ ਆਖਰੀ ਕੋਸ਼ਿਸ਼ ਕੀਤੀ ਅਤੇ ਪ੍ਰਿੰਸੀਪਲ ਦੇ ਕਮਰੇ ਦੇ ਬਾਹਰ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ।"

"ਇਹ ਘਟਨਾ ਇਸ ਸੱਚਾਈ ਨੂੰ ਸਾਹਮਣੇ ਲਿਆਉਂਦੀ ਹੈ ਕਿ ਉਸਨੂੰ ਇਨਸਾਫ਼ ਨਹੀਂ ਮਿਲਿਆ। ਉਸਨੇ ਕਾਲਜ ਪ੍ਰਿੰਸੀਪਲ ਤੋਂ ਲੈ ਕੇ ਉੱਚ ਸਿੱਖਿਆ ਮੰਤਰੀ ਅਤੇ ਕੇਂਦਰੀ ਮੰਤਰੀ ਅਤੇ ਮੁੱਖ ਮੰਤਰੀ ਤੱਕ ਸਾਰਿਆਂ ਨੂੰ ਵਾਰ-ਵਾਰ ਅਪੀਲ ਕੀਤੀ।"

ਉਨ੍ਹਾਂ ਨੇ ਆਪਣੀ ਪੋਸਟ ਵਿੱਚ ਰਾਜ ਦੇ ਰਾਜਪਾਲ ਹਰੀ ਬਾਬੂ ਕੰਭਮਪਤੀ ਅਤੇ ਮੁੱਖ ਮੰਤਰੀ ਦਫ਼ਤਰ ਨੂੰ ਟੈਗ ਕੀਤਾ ਅਤੇ ਲਿਖਿਆ, "ਉੱਚ ਸਿੱਖਿਆ ਦੇ ਢਾਂਚੇ ਵਿੱਚ ਰਾਜਪਾਲ ਸਰਕਾਰੀ ਯੂਨੀਵਰਸਿਟੀਆਂ ਦੇ ਚਾਂਸਲਰ ਹੁੰਦੇ ਹਨ, ਉਹ ਐੱਫਐੱਮ ਕਾਲਜ ਦੇ ਵੀ ਚਾਂਸਲਰ ਹੁੰਦੇ ਹਨ।"

"ਮੈਂ ਰਾਜਪਾਲ ਨੂੰ ਅਪੀਲ ਕਰਦਾ ਹਾਂ ਕਿ ਉਹ ਇਸ ਮਾਮਲੇ ਦਾ ਨੋਟਿਸ ਲੈਣ ਅਤੇ ਦਖ਼ਲ ਦੇਣ ਤਾਂ ਜੋ ਵਿਦਿਆਰਥਣ ਨੂੰ ਇਨਸਾਫ਼ ਮਿਲ ਸਕੇ।"

ਕਾਂਗਰਸ ਦੇ ਵਿਧਾਇਕ ਸੋਫ਼ੀਆ ਫ਼ਿਰਦੌਸ ਨੇ ਕਿਹਾ, “ਸਰਕਾਰ ਦੀ ਨੀਂਦ ਕਦੋਂ ਖੁੱਲ੍ਹੇਗੀ? ਉਨ੍ਹਾਂ ਨੇ ਕਿਹਾ ਕਿ ਇੱਕ ਤਾਰੀਕ ਨੂੰ ਖ਼ੁਦ ਵਿਦਿਆਰਥਣ ਨੇ ਸੋਸ਼ਲ ਮੀਡੀਆ ਐਕਸ 'ਤੇ ਇਸ ਬਾਰੇ ਜਾਣਕਾਰੀ ਦਿੱਤੀ ਸੀ। ਪਰ ਮਾਮਲੇ ਵਿੱਚ ਕੋਈ ਕਾਰਵਾਈ ਨਹੀਂ ਹੋਈ। ਵਿਦਿਆਰਥਣ 'ਤੇ ਦਬਾਅ ਪਾਇਆ ਗਿਆ ਜਿਸ ਕਾਰਨ ਉਸ ਨੇ ਬੇਬੱਸ ਹੋ ਕੇ ਅਜਿਹਾ ਕਦਮ ਚੁੱਕਿਆ।”

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)