You’re viewing a text-only version of this website that uses less data. View the main version of the website including all images and videos.
'ਮੈਨੂੰ ਵੇਸਵਾ ਦੀ ਤਰ੍ਹਾਂ ਮਹਿਸੂਸ ਕਰਵਾਇਆ ਗਿਆ', ਭਾਰਤ 'ਚ ਚੱਲ ਰਹੇ ਮਿਸ ਵਰਲਡ ਮੁਕਾਬਲੇ ਨੂੰ ਵਿਚਾਲੇ ਛੱਡ ਬ੍ਰਿਟੇਨ ਪਰਤੀ ਮਿਸ ਇੰਗਲੈਂਡ ਨੇ ਕੀ ਕੀਤੇ ਖੁਲਾਸੇ
- ਲੇਖਕ, ਬਾਲਾ ਸਤੀਸ਼
- ਰੋਲ, ਬੀਬੀਸੀ ਪੱਤਰਕਾਰ
ਮਿਸ ਵਰਲਡ ਮੁਕਾਬਲੇ ਨੂੰ ਲੈ ਕੇ ਵਿਵਾਦ ਛਿੜ ਗਿਆ ਹੈ।
ਮਿਸ ਇੰਗਲੈਂਡ 2025 ਮਿੱਲਾ ਮੈਗੀ ਵਲੋਂ ਆਯੋਜਨ ਬਾਰੇ ਦਿੱਤੀ ਗਈ ਇੰਟਰਵਿਊ ਤੋਂ ਬਾਅਦ ਸਨਸਨੀ ਮਚ ਗਈ ਹੈ।
ਕਿਉਂਕਿ ਇਸ ਸਾਲ ਇਹ ਮੁਕਾਬਲਾ ਭਾਰਤ ਦੇ ਹੈਦਰਾਬਾਦ 'ਚ ਕਰਵਾਇਆ ਜਾ ਰਿਹਾ ਹੈ, ਇਸ ਕਾਰਨ ਇਸ ਮੁੱਦੇ 'ਤੇ ਭਖਵੀਂ ਸਿਆਸਤ ਵੀ ਹੋ ਰਹੀ ਹੈ।
ਮੁਕਾਬਲੇ ਨੂੰ ਵਿਚਕਾਰ ਹੀ ਛੱਡ ਕੇ ਇੰਗਲੈਂਡ ਵਾਪਸ ਮੁੜ ਚੁੱਕੀ ਮਿਸ ਇੰਗਲੈਂਡ 2025 ਮਿੱਲਾ ਮੈਗੀ ਨੇ ਇੱਕ ਬ੍ਰਿਟਿਸ਼ ਮੈਗਜ਼ੀਨ ਨੂੰ ਇੰਟਰਵਿਊ ਦਿੱਤਾ ਹੈ।
ਇਸ ਇੰਟਰਵਿਊ 'ਚ ਮਿੱਲਾ ਨੇ ਕਿਹਾ, "ਉਨ੍ਹਾਂ (ਆਯੋਜਕਾਂ) ਨੇ ਮੈਨੂੰ ਇੰਝ ਮਹਿਸੂਸ ਕਰਵਾਇਆ ਜਿਵੇਂ ਕਿ ਮੈਂ ਇੱਕ ਵੇਸਵਾ ਹਾਂ।"
ਇਸ ਟਿੱਪਣੀ ਤੋਂ ਬਾਅਦ ਹੈਦਰਾਬਾਦ ਵਿੱਚ ਰਾਜਨੀਤਿਕ ਹੰਗਾਮਾ ਮਚ ਗਿਆ ਹੈ।
ਮਿਸ ਇੰਗਲੈਂਡ 2025 ਦੀ ਜੇਤੂ ਮਿੱਲਾ ਮੈਗੀ ਮਿਸ ਵਰਲਡ ਮੁਕਾਬਲੇ ਵਿੱਚ ਹਿੱਸਾ ਲੈਣ ਲਈ ਹੈਦਰਾਬਾਦ ਆਏ ਸੀ।
ਉਹ ਮੁਕਾਬਲੇ ਲਈ 7 ਮਈ ਨੂੰ ਹੈਦਰਾਬਾਦ ਪਹੁੰਚੇ ਅਤੇ 16 ਮਈ ਨੂੰ ਇਥੋਂ ਵਾਪਸ ਰਵਾਨਾ ਹੋ ਗਏ।
ਮਿੱਲਾ ਮੈਗੀ ਨੇ ਇੰਟਰਵਿਊ ਵਿੱਚ ਕੀ ਕਿਹਾ?
ਮੈਗੀ ਨੇ ਭਾਰਤ ਤੋਂ ਵਾਪਸ ਜਾਣ ਮਗਰੋਂ ਬ੍ਰਿਟਿਸ਼ ਟੈਬਲਾਇਡ 'ਦਿ ਸਨ' ਨੂੰ ਇੱਕ ਇੰਟਰਵਿਊ ਦਿੱਤਾ।
ਉਨ੍ਹਾਂ ਨੇ ਇਸ ਇੰਟਰਵਿਊ ਵਿੱਚ ਕਿਹਾ, "ਮੈਂ ਉੱਥੇ ਬਦਲਾਅ ਲੈ ਕੇ ਆਉਣ ਦੇ ਉਦੇਸ਼ ਨਾਲ ਗਈ ਸੀ, ਪਰ ਇਸ ਦੇ ਉਲਟ ਮੈਨੂੰ ਉੱਥੇ ਕਠਪੁਤਲੀ ਵਾਂਗ ਬੈਠਣਾ ਪਿਆ।"
"ਮੇਰੇ ਨੈਤਿਕ ਮਿਆਰਾਂ ਨੇ ਮੈਨੂੰ ਉੱਥੇ ਹੋਰ ਰਹਿਣ ਦੀ ਇਜਾਜ਼ਤ ਨਹੀਂ ਦਿੱਤੀ। ਪ੍ਰਬੰਧਕਾਂ ਨੂੰ ਲੱਗਿਆ ਕਿ ਮੈਂ ਉੱਥੇ ਸਿਰਫ਼ ਮੌਜ-ਮਸਤੀ ਕਰਨ ਲਈ ਆਈ ਹਾਂ।"
ਮਿੱਲਾ ਨੇ ਅੱਗੇ ਕਿਹਾ "ਉਨ੍ਹਾਂ ਨੇ ਮੈਨੂੰ ਆਪਣੇ ਆਪ ਨੂੰ ਵੇਸਵਾ ਸਮਝਣ ਲਈ ਮਜਬੂਰ ਕਰ ਦਿੱਤਾ। ਅਮੀਰ ਪੁਰਸ਼ ਸਪਾਂਸਰਾਂ ਦੇ ਸਾਹਮਣੇ ਪੇਸ਼ ਹੋਣ ਤੋਂ ਬਾਅਦ, ਮੈਨੂੰ ਲੱਗਾ ਕਿ ਮੈਨੂੰ ਕੋਈ ਫੈਸਲਾ ਲੈਣਾ ਹੀ ਪਵੇਗਾ।"
"ਮਿਸ ਵਰਲਡ ਮੁਕਾਬਲਿਆਂ ਦੇ ਲਈ ਚੰਗਾ ਸਮਾਂ ਖਤਮ ਹੋ ਗਿਆ ਹੈ।"
"ਦੁਨੀਆਂ ਨੂੰ ਬਦਲਣ ਲਈ ਆਪਣੀ ਆਵਾਜ਼ ਬੁਲੰਦ ਕਰਨ ਤੋਂ ਪਹਿਲਾਂ ਇਹ ਤਾਜ ਅਤੇ ਖ਼ਿਤਾਬ ਜਿੱਤਣਾ ਬੇਕਾਰ ਹਨ।"
"ਉਨ੍ਹਾਂ (ਆਯੋਜਕਾਂ) ਦੇ ਮੁਤਾਬਕ ਤਾਂ ਔਰਤਾਂ ਨੂੰ ਸਵੇਰੇ ਹੀ ਸੱਜ-ਸਵਰ ਕੇ, ਮੇਕਅਪ ਕਰਕੇ ਅਤੇ ਬਾਲ ਗਾਊਨ ਪਹਿਨ ਕੇ ਰਸੋਈ ਦੇ ਦੁਆਲੇ ਹੋ ਜਾਣਾ ਚਾਹੀਦਾ ਹੈ।"
'ਮਰਦਾਂ ਦਾ ਮਨੋਰੰਜਨ ਕਰਨ ਲਈ ਕਿਹਾ ਗਿਆ'
'ਦਿ ਸਨ' ਮੈਗਜ਼ੀਨ ਨੇ ਆਪਣੇ ਲੇਖ ਵਿੱਚ ਲਿਖਿਆ ਕਿ ਮਿੱਲਾ ਨੂੰ ਸ਼ੁਕਰਗੁਜ਼ਾਰੀ ਦੇ ਬਹਾਨੇ ਕੁਝ ਮੱਧ-ਉਮਰ ਦੇ ਆਦਮੀਆਂ ਨੂੰ ਰਿਝਾਣ ਲਈ ਕਿਹਾ ਜਾ ਰਿਹਾ ਸੀ, ਜਿਸ ਤੋਂ ਉਹ ਤੰਗ ਆ ਗਈ ਸੀ।
"ਹਰੇਕ ਮੇਜ਼ 'ਤੇ ਛੇ ਮਹਿਮਾਨਾਂ ਨਾਲ ਦੋ-ਦੋ ਕੁੜੀਆਂ ਬੈਠਾਈਆਂ ਜਾਂਦੀਆਂ ਸਨ।"
ਮਿੱਲਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸਾਰੀ ਸ਼ਾਮ ਉਨ੍ਹਾਂ ਮਹਿਮਾਨਾਂ ਨਾਲ ਬੈਠਣ ਲਈ ਕਿਹਾ ਜਾਂਦਾ ਸੀ। ਇਹ ਵੀ ਕਿਹਾ ਜਾਂਦਾ ਸੀ ਉਹ ਉਨ੍ਹਾਂ ਦਾ ਮਨੋਰੰਜਨ ਕਰਨ।
"ਇਹ ਮੈਨੂੰ ਬਹੁਤ ਗਲਤ ਲੱਗਿਆ। ਮੈਂ ਉੱਥੇ ਲੋਕਾਂ ਦਾ ਮਨੋਰੰਜਨ ਕਰਨ ਲਈ ਨਹੀਂ ਗਈ ਸੀ। ਮਿਸ ਵਰਲਡ ਦੇ ਕੁਝ ਨੈਤਿਕ ਮੁੱਲ ਹੋਣੇ ਚਾਹੀਦੇ ਹਨ।"
ਮਿੱਲਾ ਮੈਗੀ ਨੇ 'ਦਿ ਸਨ' ਨੂੰ ਅੱਗੇ ਦੱਸਿਆ "ਪਰ, ਇਹ ਮੁਕਾਬਲੇ ਬਹੁਤ ਪੁਰਾਣੇ ਤਰੀਕਿਆਂ ਨਾਲ ਹੀ ਚੱਲ ਰਹੇ ਹਨ। ਉਨ੍ਹਾਂ ਨੇ ਮੈਨੂੰ ਇੱਕ ਵੇਸਵਾ ਵਾਂਗ ਮਹਿਸੂਸ ਕਰਵਾਇਆ।"
"ਜਦੋਂ ਮੈਂ ਕਿਸੇ ਅਹਿਮ ਵਿਸ਼ੇ ਬਾਰੇ ਗੱਲ ਕਰਨ ਲੱਗਦੀ, ਤਾਂ ਉੱਥੋਂ ਦੇ ਆਦਮੀ ਬੇਲੋੜੀਆਂ ਅਤੇ ਅਸੰਬੰਧਿਤ ਚੀਜ਼ਾਂ ਬਾਰੇ ਗੱਲ ਕਰਦੇ ਸਨ, ਜਿਸ ਕਾਰਨ ਉੱਥੇ ਰਹਿਣਾ ਮੁਸ਼ਕਲ ਹੋ ਗਿਆ ਸੀ।"
ਮੈਗੀ ਨੇ ਕਿਹਾ, "ਮੈਨੂੰ ਇਸ ਮੁਕਾਬਲੇ ਤੋਂ ਇਸ ਤਰ੍ਹਾਂ ਦੀ ਉਮੀਦ ਨਹੀਂ ਸੀ। ਉਨ੍ਹਾਂ ਨੇ ਸਾਡੇ ਨਾਲ ਬੱਚਿਆਂ ਵਾਂਗ ਵਿਵਹਾਰ ਕੀਤਾ, ਵੱਡਿਆਂ ਵਾਂਗ ਨਹੀਂ।"
'ਦਿ ਸਨ' ਅਖ਼ਬਾਰ ਦੀ ਰਿਪੋਰਟ ਮੁਤਾਬਕ ਕਿ ਮੈਗੀ ਨੇ ਆਪਣੀ ਮਾਂ ਨੂੰ ਫ਼ੋਨ ਕਰਕੇ ਆਪਣੀ ਪਰੇਸ਼ਾਨੀ ਅਤੇ ਸ਼ੋਸ਼ਣ ਬਾਰੇ ਦੱਸਿਆ।
ਭਾਰਤ 'ਚ ਭਖੀ ਸਿਆਸਤ
ਬੀਆਰਐਸ ਪਾਰਟੀ ਨੇ ਇਸ ਮੁੱਦੇ 'ਤੇ ਸਖ਼ਤ ਪ੍ਰਤੀਕਿਰਿਆ ਦਿੱਤੀ ਹੈ।
ਉਨ੍ਹਾਂ ਨੇ 'ਦਿ ਸਨ' ਦੀ ਕਹਾਣੀ ਸਾਂਝੀ ਕਰਦੇ ਹੋਏ ਟਵੀਟ ਕੀਤਾ।
ਇਸ ਟਵੀਟ 'ਚ ਉਨ੍ਹਾਂ ਨੇ ਕਿਹਾ "ਕਾਂਗਰਸ ਸਰਕਾਰ ਦੇ ਮੁੱਖ ਮੰਤਰੀ ਰੇਵੰਤ ਨੇ ਸਰਕਾਰੀ ਖਜ਼ਾਨੇ ਵਿੱਚੋ 250 ਕਰੋੜ ਰੁਪਏ ਖਰਚ ਕਰਕੇ ਤੇਲੰਗਾਨਾ ਅਤੇ ਹੈਦਰਾਬਾਦ ਦੀ ਸਾਖ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਢਾਹ ਲਗਾਈ ਹੈ!"
ਮਿਸ ਵਰਲਡ ਦੇ ਪ੍ਰਬੰਧਕਾਂ ਨੇ ਮਿੱਲਾ ਮੈਗੀ ਦੇ ਇਲਜ਼ਾਮਾਂ ਦਾ ਜਵਾਬ ਦਿੱਤਾ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਉਨ੍ਹਾਂ ਦੇ ਇਲਜ਼ਾਮ ਝੂਠੇ ਹਨ।
ਉਨ੍ਹਾਂ ਕਿਹਾ "ਮਿਸ ਇੰਗਲੈਂਡ 2025 ਦੀ ਜੇਤੂ, ਮਿੱਲਾ ਮੈਗੀ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਆਪਣੀ ਮਾਂ ਦੀ ਬਿਮਾਰੀ ਦਾ ਹਵਾਲਾ ਦਿੰਦੇ ਹੋਏ ਮੁਕਾਬਲੇ ਛੱਡਣ ਲਈ ਬੇਨਤੀ ਕੀਤੀ ਸੀ।"
ਬਿਆਨ ਵਿੱਚ ਅੱਗੇ ਕਿਹਾ ਗਿਆ, "ਉਸ ਦੀ ਸਥਿਤੀ ਨੂੰ ਸਮਝਦੇ ਹੋਏ, ਮਿਸ ਵਰਲਡ ਸੰਗਠਨ ਦੀ ਚੇਅਰਮੈਨ ਅਤੇ ਸੀਈਓ ਜੂਲੀਆ ਮੋਰਲੇ ਨੇ ਉਸ ਦੇ ਇੰਗਲੈਂਡ ਵਾਪਸ ਜਾਣ ਦਾ ਪ੍ਰਬੰਧ ਕੀਤਾ। ਬਾਅਦ ਵਿੱਚ ਉਸ ਦੀ ਜਗ੍ਹਾ ਸ਼ਾਰਲਟ ਗ੍ਰਾਂਟ ਮੁਕਾਬਲੇ ਵਿੱਚ ਹਿੱਸਾ ਲੈਣ ਪਹੁੰਚੀ। ਉਹ (ਸ਼ਾਰਲਟ) ਬੁੱਧਵਾਰ ਨੂੰ ਹੈਦਰਾਬਾਦ ਪਹੁੰਚੀ ਗਈ।"
ਆਯੋਜਕਾਂ ਵਲੋਂ ਦਿੱਤੇ ਗਏ ਬਿਆਨ 'ਚ ਕਿਹਾ ਗਿਆ ਹੈ ਕਿ ਬ੍ਰਿਟਿਸ਼ ਮੀਡੀਆ ਆਊਟਲੈਟਾਂ ਵਲੋਂ ਭਾਰਤ ਵਿੱਚ ਮਿੱਲਾ ਦੇ ਤਜ਼ਰਬਿਆਂ ਸੰਬੰਧੀ ਪ੍ਰਕਾਸ਼ਿਤ ਕੀਤੀਆਂ ਰਿਪੋਰਟਾਂ ਸਹੀ ਨਹੀਂ ਹਨ।
ਆਯੋਜਕਾਂ ਨੇ ਕਿਹਾ ਉਨ੍ਹਾਂ ਖ਼ਬਰਾਂ ਦਾ ਇੱਥੇ (ਭਾਰਤ 'ਚ) ਮਿੱਲਾ ਦੀ ਸਥਿਤੀ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।
"ਅਸੀਂ ਮਿੱਲਾ ਦੀ ਹੈਦਰਾਬਾਦ ਵਿੱਚ ਸ਼ੂਟ ਹੋਈ ਵੀਡੀਓ ਜਾਰੀ ਕਰ ਰਹੇ ਹਾਂ। ਜਿਸ ਵਿੱਚ ਉਸ ਨੂੰ ਧੰਨਵਾਦ ਕਹਿੰਦੇ ਹੋਏ ਅਤੇ ਇਹ ਕਹਿੰਦੇ ਹੋਏ ਸਾਫ਼-ਸਾਫ਼ ਦੇਖ ਸਕਦੇ ਹਾਂ ਕਿ ਇੱਥੇ ਸਭ ਕੁਝ ਠੀਕ ਹੈ। ਭਾਰਤ ਵਿੱਚ ਬੋਲੇ ਗਏ ਸ਼ਬਦਾਂ ਅਤੇ ਉੱਥੇ ਜਾਣ ਤੋਂ ਬਾਅਦ ਸਾਹਮਣੇ ਆ ਰਹੀਆਂ ਕਹਾਣੀਆਂ ਵਿਚਕਾਰ ਕੋਈ ਸਬੰਧ ਨਹੀਂ ਹੈ।"
ਮਿਸ ਵਰਲਡ ਸੰਗਠਨ ਨੇ ਕਿਹਾ 'ਇਲਜ਼ਾਮ ਝੂਠੇ ਹਨ'
ਮਿਸ ਵਰਲਡ ਸੰਗਠਨ ਨੇ ਇੱਕ ਬਿਆਨ ਵਿੱਚ ਕਿਹਾ, "ਅਸੀਂ ਮੀਡੀਆ ਆਊਟਲੈਟਾਂ ਨੂੰ ਅਜਿਹੀਆਂ ਗੁੰਮਰਾਹਕੁੰਨ ਖ਼ਬਰਾਂ ਪ੍ਰਕਾਸ਼ਤ ਕਰਨ ਤੋਂ ਪਹਿਲਾਂ ਪੱਤਰਕਾਰੀ ਦੀਆਂ ਕਦਰਾਂ-ਕੀਮਤਾਂ ਦੀ ਪਾਲਣਾ ਕਰਨ ਦੀ ਅਪੀਲ ਕਰਦੇ ਹਾਂ। ਮਿਸ ਵਰਲਡ ਆਪਣੇ ਉਦੇਸ਼ਾਂ ਪ੍ਰਤੀ ਵਚਨਬੱਧ ਹੈ।"
ਇਹ ਸਾਰੇ ਬਿਆਨ ਮਿਸ ਵਰਲਡ ਆਰਗੇਨਾਈਜ਼ੇਸ਼ਨ ਦੀ ਚੇਅਰਮੈਨ ਅਤੇ ਸੀਈਓ ਜੂਲੀਆ ਮੋਰਲੇ ਦੇ ਨਾਮ ਹੇਠ ਜਾਰੀ ਕੀਤੇ ਗਏ ਹਨ।
ਇਹਨਾਂ ਬਿਆਨਾਂ ਦੇ ਨਾਲ ਹੀ ਮਿੱਲਾ ਦਾ ਇੱਕ ਵੀਡੀਓ ਵੀ ਜਾਰੀ ਕੀਤਾ ਗਿਆ ਸੀ ਜਿਸ ਵਿੱਚ ਉਹ ਕਹਿੰਦੀ ਹੈ ਕਿ ਇੱਥੇ (ਭਾਰਤ) ਵਿੱਚ ਸਭ ਕੁਝ ਠੀਕ ਹੈ।
ਪ੍ਰਬੰਧਕਾਂ ਨੇ ਇਹ ਵੀਡੀਓ ਜਾਰੀ ਕਰਦਿਆਂ ਇਹ ਦਾਅਵਾ ਕੀਤਾ ਕਿ ਮਿੱਲਾ ਮੈਗੀ ਨੇ ਚੌਮਹੱਲਾ ਪੈਲੇਸ ਵਿੱਚ ਹੋਈ ਸਿਰਫ਼ ਇੱਕ ਹੀ ਦਾਵਤ ਵਿੱਚ ਹਿੱਸਾ ਲਿਆ ਸੀ, ਜੋ ਕਿ ਸਰਕਾਰ ਦੁਆਰਾ ਆਯੋਜਿਤ ਕਰਵਾਈ ਗਈ ਸੀ।
ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਮਿੱਲਾ ਮੈਗੀ ਦੇ ਦੋਵੇਂ ਪਾਸੇ ਔਰਤਾਂ ਬੈਠੀਆਂ ਸਨ ਅਤੇ ਮੇਜ਼ 'ਤੇ ਸਿਰਫ਼ ਇੱਕ ਹੀ ਮਰਦ ਦਿਖਾਈ ਦੇ ਰਿਹਾ ਸੀ।
ਇਸ ਵਿਵਾਦ ਤੋਂ ਬਾਅਦ, ਮਿਸ ਇੰਗਲੈਂਡ 2025 ਖ਼ਿਤਾਬ ਦੀ ਉਪ ਜੇਤੂ ਸ਼ਾਰਲਟ ਮਿੱਲਾ ਮੈਗੀ ਦੀ ਥਾਂ ਲੈ ਕੇ ਮੁਕਾਬਲੇ ਵਿੱਚ ਇੰਗਲੈਂਡ ਦੀ ਨੁਮਾਇੰਦਗੀ ਕਰਨਗੇ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ