You’re viewing a text-only version of this website that uses less data. View the main version of the website including all images and videos.
ਜਗ੍ਹਾ ਬਦਲੀ, ਈਵੈਂਟ ਬਦਲੇ... ਪਰ ਭਾਰਤ-ਪਾਕਿਸਤਾਨ ਕ੍ਰਿਕਟ ਵਿੱਚ ਨਹੀਂ ਬਦਲੀ ਵਿਵਾਦ ਦੀ ਤਸਵੀਰ
- ਲੇਖਕ, ਪ੍ਰਵੀਨ
- ਰੋਲ, ਬੀਬੀਸੀ ਪੱਤਰਕਾਰ
"ਮੈਚ ਇੱਕ ਪਾਸੇ ਰਹਿੰਦਾ ਹੈ, ਅਤੇ ਦੋਸਤੀ ਆਪਣੀ ਥਾਂ ਹੈ।"
ਲਗਭਗ ਤਿੰਨ ਸਾਲ ਪਹਿਲਾਂ ਜਦੋਂ ਭਾਰਤੀ ਅਤੇ ਪਾਕਿਸਤਾਨੀ ਮਹਿਲਾ ਟੀਮਾਂ ਇੱਕ-ਦੂਜੇ ਦੇ ਸਾਹਮਣੇ ਆਈਆਂ ਸਨ, ਤਾਂ ਪਾਕਿਸਤਾਨੀ ਕ੍ਰਿਕਟਰ ਨਿਦਾ ਡਾਰ ਨੇ ਭਾਰਤੀ ਅਤੇ ਪਾਕਿਸਤਾਨੀ ਕ੍ਰਿਕਟਰਾਂ ਵਿਚਕਾਰ ਦੋਸਤੀ ਬਾਰੇ ਇਹ ਗੱਲ ਕਹੀ ਸੀ।
ਉਨ੍ਹਾਂ ਇਹ ਵੀ ਕਿਹਾ ਸੀ ਕਿ ਭਾਰਤੀ ਅਤੇ ਪਾਕਿਸਤਾਨੀ ਕ੍ਰਿਕਟਰਾਂ ਵਿਚਕਾਰ ਦੋਸਤੀ ਸਾਲਾਂ ਤੋਂ ਹੋਰ ਵੀ ਮਜ਼ਬੂਤ ਹੋ ਰਹੀ ਹੈ।
ਪਰ ਐਤਵਾਰ, 5 ਅਕਤੂਬਰ ਨੂੰ ਜਦੋਂ ਭਾਰਤੀ ਅਤੇ ਪਾਕਿਸਤਾਨੀ ਟੀਮਾਂ ਇੱਕ-ਦੂਜੇ ਦੇ ਸਾਹਮਣੇ ਆਈਆਂ, ਤਾਂ ਇੰਝ ਲੱਗਾ ਜਿਵੇਂ ਇਹ ਗੱਲਾਂ ਪਤਾ ਨਹੀਂ ਕਿਹੜੇ ਜ਼ਮਾਨੇ ਦੀਆਂ ਸਨ।
ਦੁਬਈ ਵਿੱਚ ਖੇਡੇ ਗਏ ਏਸ਼ੀਆ ਕੱਪ ਵਾਂਗ ਹੀ ਪਹਿਲਗਾਮ ਹਮਲੇ ਅਤੇ ਉਸ ਤੋਂ ਬਾਅਦ ਹੋਏ ਭਾਰਤ-ਪਾਕਿਸਤਾਨ ਟਕਰਾਅ ਦਾ ਅਸਰ ਸ਼੍ਰੀਲੰਕਾ ਵਿੱਚ ਖੇਡੇ ਗਏ ਇਸ ਮੈਚ ਵਿੱਚ ਵੀ ਦਿਖਾਈ ਦਿੱਤਾ।
ਭਾਰਤੀ ਟੀਮ ਨੇ ਇੱਕ-ਪਾਸੜ ਮੈਚ ਵਿੱਚ ਪਾਕਿਸਤਾਨ ਨੂੰ 88 ਦੌੜਾਂ ਨਾਲ ਹਰਾਇਆ ਅਤੇ ਆਪਣੀ ਜਿੱਤ ਨਾਲ ਰਿਕਾਰਡ 12-0 ਕਰ ਲਿਆ।
ਪਰ ਇਸ ਮੈਚ ਤੋਂ ਬਾਅਦ ਭਾਰਤੀ ਅਤੇ ਪਾਕਿਸਤਾਨੀ ਖਿਡਾਰੀਆਂ ਦੀਆਂ ਉਸ ਤਰ੍ਹਾਂ ਦੀਆਂ ਤਸਵੀਰਾਂ ਸਾਹਮਣੇ ਨਹੀਂ ਆਈਆਂ ਜੋ ਔਨਲਾਈਨ ਵਾਇਰਲ ਹੋ ਜਾਣ, ਅਤੇ ਜਿਨ੍ਹਾਂ ਨੂੰ ਦੇਖ ਲੋਕ ਦੋਸਤੀ ਅਤੇ ਮੁਹੱਬਤ ਦੀਆਂ ਮਿਸਾਲਾਂ ਦੇਣ ਲੱਗ ਪੈਣ।
ਇੰਟਰਨੈੱਟ 'ਤੇ ਮੁਹੱਬਤ ਦੀ ਮਿਸਾਲ ਬਣੀ ਇਹ ਤਸਵੀਰ
2022 ਦੇ ਇੱਕ ਰੋਜ਼ਾ ਵਿਸ਼ਵ ਕੱਪ ਮੁਕਾਬਲੇ ਦੌਰਾਨ ਪਾਕਿਸਤਾਨੀ ਕਪਤਾਨ ਬਿਸਮਾਹ ਮਾਰੂਫ ਦੀ ਛੇ ਮਹੀਨੇ ਦੀ ਧੀ, ਫਾਤਿਮਾ, ਵੀ ਮੌਜੂਦ ਸੀ। ਮੈਚ ਖਤਮ ਹੋਣ ਤੋਂ ਤੁਰੰਤ ਬਾਅਦ ਭਾਰਤੀ ਕ੍ਰਿਕਟਰ ਖਿਡਾਰਨਾਂ ਬਿਸਮਾਹ ਮਾਰੂਫ ਦੀ ਧੀ ਨੂੰ ਗੋਦੀ ਚੁੱਕਣ ਤੋਂ ਖੁਦ ਨੂੰ ਨਹੀਂ ਰੋਕ ਸਕੀਆਂ।
ਮੈਚ ਤੋਂ ਬਾਅਦ, ਸਮ੍ਰਿਤੀ ਮੰਧਾਨਾ, ਹਰਮਨਪ੍ਰੀਤ ਕੌਰ ਅਤੇ ਸ਼ੈਫਾਲੀ ਵਰਮਾ ਨੇ ਫਾਤਿਮਾ ਨੂੰ ਆਪਣੀਆਂ ਬਾਹਾਂ ਵਿੱਚ ਚੁੱਕਿਆ ਅਤੇ ਉਸਨੂੰ ਗਲ਼ ਨਾਲ ਲਾ ਲਿਆ। ਭਾਰਤੀ ਟੀਮ ਦੀਆਂ ਸਾਰੀਆਂ ਖਿਡਾਰਨਾਂ ਨੇ ਫਾਤਿਮਾ ਨਾਲ ਸੈਲਫੀ ਲਈ ਅਤੇ ਪਾਕਿਸਤਾਨ ਕ੍ਰਿਕਟ ਬੋਰਡ ਨੇ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਪੋਸਟ ਕੀਤੀਆਂ।
ਸਮ੍ਰਿਤੀ ਮੰਧਾਨਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਫਾਤਿਮਾ ਦੀ ਇੱਕ ਤਸਵੀਰ ਪੋਸਟ ਕੀਤੀ ਸੀ ਅਤੇ ਬਿਸਮਾਹ ਨੂੰ ਇੱਕ ਪ੍ਰੇਰਣਾ ਦੱਸਿਆ। ਉਨ੍ਹਾਂ ਲਿਖਿਆ, "ਮਾਂ ਬਣਨ ਤੋਂ ਛੇ ਮਹੀਨੇ ਬਾਅਦ ਮੈਦਾਨ 'ਤੇ ਵਾਪਸ ਆਉਣਾ ਅਤੇ ਅੰਤਰਰਾਸ਼ਟਰੀ ਕ੍ਰਿਕਟ ਖੇਡਣਾ ਪ੍ਰੇਰਣਾ ਦੇਣ ਵਾਲਾ ਹੈ।"
"ਬਿਸਮਾਹ ਮਾਰੂਫ ਦੁਨੀਆਂ ਭਰ ਦੀਆਂ ਮਹਿਲਾ ਖਿਡਾਰਨਾਂ ਲਈ ਇੱਕ ਮਿਸਾਲ ਹਨ। ਸਾਰੇ ਭਾਰਤ ਵੱਲੋਂ ਬੇਬੀ ਫਾਤਿਮਾ ਨੂੰ ਪਿਆਰ।"
ਸਾਬਕਾ ਕ੍ਰਿਕਟਰ ਸਚਿਨ ਤੇਂਦੁਲਕਰ ਨੇ ਵੀ 6 ਮਾਰਚ, 2022 ਨੂੰ ਇਸ ਫੋਟੋ ਦੀ ਪ੍ਰਸ਼ੰਸਾ ਕਰਦੇ ਹੋਏ ਐਕਸ 'ਤੇ ਲਿਖਿਆ ਸੀ, "ਕਿੰਨਾ ਸੋਹਣਾ ਪਲ ਹੈ! ਕ੍ਰਿਕਟ ਦੇ ਮੈਦਾਨ 'ਤੇ ਬਾਊਂਡਰੀ ਹੈ, ਪਰ ਮੈਦਾਨ ਤੋਂ ਬਾਹਰ ਇਹ ਸਾਰੀਆਂ ਸੀਮਾਵਾਂ ਨੂੰ ਤੋੜਦਾ ਹੈ। ਖੇਡ ਜੋੜਦਾ ਹੈ।"
ਇਸੇ ਮੁਹੱਬਤ ਦੀ ਗੱਲ ਨਿਦਾ ਡਾਰ ਨੇ ਉਸ ਮੈਚ ਤੋਂ ਬਾਅਦ ਕਹੀ ਸੀ। ਉਨ੍ਹਾਂ ਕਿਹਾ ਸੀ, "ਸਾਡਾ ਭਾਰਤੀ ਟੀਮ ਨਾਲ ਰਾਬਤਾ ਘੱਟ ਹੁੰਦਾ ਹੈ, ਪਰ ਜਦੋਂ ਵੀ ਅਸੀਂ ਮਿਲਦੇ ਹਾਂ, ਸਾਡੀ ਚੰਗੀ ਗੱਲਬਾਤ ਹੁੰਦੀ ਹੈ।"
"ਅਸੀਂ ਚੰਗਾ ਰਿਸ਼ਤਾ ਸਾਂਝਾ ਕਰਦੇ ਹਾਂ ਅਤੇ ਅਸੀਂ ਭਵਿੱਖ ਵਿੱਚ ਇਸ ਨੂੰ ਬਣਾਈ ਰੱਖਣ ਦੀ ਕੋਸ਼ਿਸ਼ ਕਰਾਂਗੇ। ਸਾਨੂੰ ਬਹੁਤ ਚੰਗਾ ਲੱਗਿਆ ਕਿ ਮੈਚ ਤੋਂ ਬਾਅਦ ਭਾਰਤੀ ਖਿਡਾਰੀ ਸਾਡੇ ਕੋਲ ਆਏ ਅਤੇ ਗੱਲਬਾਤ ਕੀਤੀ। ਬਿਸਮਾਹ ਦੀ ਬੇਟੀ ਨੂੰ ਕਿੰਨਾ ਪਿਆਰ ਮਿਲਿਆ।"
ਪੱਤਰਕਾਰ ਅਹਿਸਾਨ ਇਫਤਿਖਾਰ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਫਾਤਿਮਾ ਨਾਲ ਖੇਡਦੇ ਹੋਏ ਭਾਰਤੀ ਮਹਿਲਾ ਕ੍ਰਿਕਟਰਾਂ ਦੀਆਂ ਫੋਟੋਆਂ ਸਾਂਝੀਆਂ ਕੀਤੀਆਂ ਸਨ।
ਉਨ੍ਹਾਂ ਨੇ ਲਿਖਿਆ ਸੀ, "ਫਾਤਿਮਾ ਨਾਲ ਖਿਡਾਰੀਆਂ ਦੀ ਤਸਵੀਰਾਂ ਖਿੱਚਣ ਦੀ ਕੋਸ਼ਿਸ਼ ਨਾਲ ਬਹੁਤ ਖੁਸ਼ੀ ਮਿਲੀ। ਖੁਸ਼ੀ ਹੈ ਕਿ ਮੈਂ ਇਨ੍ਹਾਂ ਪਲਾਂ ਨੂੰ ਕੈਦ ਕਰ ਸਕਿਆ।"
ਪਹਿਲਾਂ ਹੀ ਲੱਗ ਰਹੇ ਸਨ ਕਿਆਸ
ਤਾਜ਼ਾ ਮੈਚ ਤੋਂ ਪਹਿਲਾਂ ਹੀ ਮੀਡੀਆ ਰਿਪੋਰਟਾਂ ਵਿੱਚ ਕਿਆਸ ਲਗਾਏ ਜਾ ਰਹੇ ਸਨ ਕਿ ਏਸ਼ੀਆ ਕੱਪ ਵਾਂਗ ਮਹਿਲਾ ਵਨਡੇ ਵਿਸ਼ਵ ਕੱਪ ਵਿੱਚ ਵੀ ਦੋਵਾਂ ਦੇਸ਼ਾਂ ਦੀਆਂ ਖਿਡਾਰਨਾਂ ਵਿਚਕਾਰ ਹੱਥ ਨਹੀਂ ਮਿਲਾਇਆ ਜਾਵੇਗਾ।
ਸ਼ਨੀਵਾਰ ਨੂੰ ਮੈਚ ਤੋਂ ਪਹਿਲਾਂ ਹੋਈ ਪ੍ਰੈਸ ਕਾਨਫਰੰਸ ਵਿੱਚ ਭਾਰਤੀ ਟੀਮ ਵੱਲੋਂ ਗੇਂਦਬਾਜ਼ੀ ਕੋਚ ਅਵਿਸ਼ਕਾਰ ਸਾਲਵੀ ਨੇ ਹਿੱਸਾ ਲਿਆ। ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਅਨੁਸਾਰ, ਪਾਕਿਸਤਾਨ ਦੇ ਇੱਕ ਮੀਡੀਆ ਸੰਗਠਨ ਦੀ ਇੱਕ ਰਿਪੋਰਟਰ ਨੇ ਉਨ੍ਹਾਂ ਨੂੰ ਸਵਾਲ ਕੀਤਾ ਕਿ "ਕੀ ਏਸ਼ੀਆ ਕੱਪ ਤੋਂ ਸ਼ੁਰੂ ਹੋਇਆ ਵਿਵਾਦ ਇੱਥੇ ਵੀ ਜਾਰੀ ਰਹੇਗਾ?"
ਇਸ 'ਤੇ ਉੱਥੇ ਮੌਜੂਦ ਮੀਡੀਆ ਮੈਨੇਜਰ ਨੇ ਕਿਹਾ, "ਅਸੀਂ ਇਹ ਸਵਾਲ ਨਹੀਂ ਲੈ ਰਹੇ ਹਾਂ।"
ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਅਨੁਸਾਰ, ਸ਼ਨੀਵਾਰ ਨੂੰ ਪਾਕਿਸਤਾਨ ਦੀ ਕਪਤਾਨ ਫਾਤਿਮਾ ਸਨਾ ਦੀ ਪ੍ਰੈਸ ਕਾਨਫਰੰਸ ਤੋਂ ਪਹਿਲਾਂ ਇਹ ਐਲਾਨ ਕੀਤਾ ਗਿਆ ਸੀ ਕਿ "ਰਾਜਨੀਤੀ ਅਤੇ ਹੱਥ ਨਾ ਮਿਲਾਉਣ ਬਾਰੇ ਕੋਈ ਸਵਾਲ ਨਾ ਪੁੱਛਿਆ ਜਾਵੇ ਕਿਉਂਕਿ ਉਨ੍ਹਾਂ ਦੇ ਜਵਾਬ ਨਹੀਂ ਦਿੱਤੇ ਜਾਣਗੇ।"
ਹਾਲਾਂਕਿ, ਸਨਾ ਤੋਂ ਪੁੱਛਿਆ ਗਿਆ ਕਿ "ਕੀ ਤੁਸੀਂ ਮੌਜੂਦਾ ਤਣਾਅ ਵਿਚਕਾਰ, ਜਿਸ ਤਰ੍ਹਾਂ ਦੀ ਦੋਸਤੀ ਪਹਿਲਾਂ ਰਹੀ ਹੈ ਉਸ ਨੂੰ ਮਿਸ ਕਰੋਗੇ?''
ਇਸ 'ਤੇ ਫਾਤਿਮਾ ਸਨਾ ਹੱਸ ਪਏ ਅਤੇ ਜਵਾਬ ਦਿੱਤਾ, "ਜ਼ਾਹਿਰ ਤੌਰ 'ਤੇ। ਪਰ ਸਾਡਾ ਮੁੱਖ ਟੀਚਾ ਖੇਡਣਾ ਹੈ ਅਤੇ ਸਾਡਾ ਫੋਕਸ ਇਸ 'ਤੇ ਹੀ ਰਹੇਗਾ। ਅਸੀਂ ਦੂਜੀਆਂ ਟੀਮਾਂ ਨਾਲ ਚੰਗੇ ਸਬੰਧ ਬਣਾਈ ਰੱਖਣ ਦੀ ਕੋਸ਼ਿਸ਼ ਕਰਾਂਗੇ।"
"ਪਹਿਲਾਂ ਅਜਿਹਾ ਹੋਇਆ ਸੀ ਕਿ ਬਿਸਮਾਹ ਦੀ ਬੇਟੀ ਨੇ ਸਾਰਿਆਂ ਨੂੰ ਇਕੱਠਾ ਕਰ ਦਿੱਤਾ ਸੀ ਅਤੇ ਅਸੀਂ ਖੂਬ ਮਸਤੀ ਕੀਤੀ ਸੀ। ਇੱਕ ਖਿਡਾਰੀ ਵਜੋਂ ਅਸੀਂ ਅਜਿਹੀਆਂ ਸਥਿਤੀਆਂ ਪਸੰਦ ਕਰਦੇ ਹਾਂ।"
ਕਾਇਨਾਤ ਇਮਤਿਆਜ਼ ਨੇ ਝੂਲਨ ਤੋਂ ਲਈ ਸੀ ਪ੍ਰੇਰਣਾ
ਭਾਰਤ ਅਤੇ ਪਾਕਿਸਤਾਨ ਵਿਚਕਾਰ ਦੋਸਤੀ ਦੀਆਂ ਤਸਵੀਰਾਂ ਸਿਰਫ਼ 2022 ਵਿਸ਼ਵ ਕੱਪ ਦੌਰਾਨ ਹੀ ਨਹੀਂ ਸਾਹਮਣੇ ਆਈਆਂ। ਜੁਲਾਈ 2017 ਵਿੱਚ ਹੋਏ ਮੁਕਾਬਲੇ ਤੋਂ ਬਾਅਦ ਪਾਕਿਸਤਾਨੀ ਤੇਜ਼ ਗੇਂਦਬਾਜ਼ ਕਾਇਨਾਤ ਇਮਤਿਆਜ਼ ਨੇ ਝੂਲਨ ਗੋਸਵਾਮੀ ਨਾਲ ਇੱਕ ਫੋਟੋ ਸਾਂਝੀ ਕੀਤੀ ਸੀ।
ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਲਿਖਿਆ ਸੀ, "2005 ਵਿੱਚ ਮੈਂ ਪਹਿਲੀ ਵਾਰ ਭਾਰਤੀ ਟੀਮ ਨੂੰ ਦੇਖਿਆ ਸੀ ਕਿਉਂਕਿ ਏਸ਼ੀਆ ਕੱਪ ਪਾਕਿਸਤਾਨ ਵਿੱਚ ਹੋਇਆ ਸੀ। ਮੈਂ ਟੂਰਨਾਮੈਂਟ ਵਿੱਚ ਬਾਲ ਪਿਕਰ ਸੀ ਅਤੇ ਮੈਂ ਉਸ ਸਮੇਂ ਦੀ ਸਭ ਤੋਂ ਤੇਜ਼ ਗੇਂਦਬਾਜ਼ ਝੂਲਨ ਨੂੰ ਦੇਖਿਆ। ਮੈਂ ਉਨ੍ਹਾਂ ਤੋਂ ਪ੍ਰੇਰਣਾ ਲਈ ਅਤੇ ਹੁਣ 12 ਸਾਲ ਬਾਅਦ ਮੈਂ ਵਿਸ਼ਵ ਕੱਪ ਖੇਡ ਰਹੀ ਹਾਂ।"
ਪਾਕਿਸਤਾਨੀ ਮਹਿਲਾ ਕ੍ਰਿਕਟਰਾਂ ਨੇ ਅਕਸਰ ਨਾ ਸਿਰਫ਼ ਭਾਰਤੀ ਮਹਿਲਾ ਖਿਡਾਰੀਆਂ ਸਗੋਂ ਭਾਰਤੀ ਪੁਰਸ਼ ਕ੍ਰਿਕਟਰਾਂ ਦੀ ਵੀ ਖੁੱਲ੍ਹ ਕੇ ਪ੍ਰਸ਼ੰਸਾ ਕੀਤੀ ਹੈ।
ਸਾਲ 2018 ਵਿੱਚ ਵਿਰਾਟ ਕੋਹਲੀ ਨੇ ਆਪਣਾ 35ਵਾਂ ਇੱਕ ਰੋਜ਼ਾ ਸੈਂਕੜਾ ਲਗਾਇਆ ਸੀ। ਉਨ੍ਹਾਂ ਨੂੰ ਇਸ ਸੈਂਕੜੇ 'ਤੇ ਵਧਾਈ ਦਿੰਦੇ ਹੋਏ ਪਾਕਿਸਤਾਨੀ ਕ੍ਰਿਕਟਰ ਸੈਯਦਾ ਨੈਨ ਫਾਤਿਮਾ ਆਬਿਦੀ ਨੇ ਲਿਖਿਆ ਸੀ, "ਇੱਕ ਬੱਲੇਬਾਜ਼ ਦੇ ਤੌਰ 'ਤੇ ਵਿਰਾਟ ਕੋਹਲੀ ਕਿੰਨੇ ਫੋਕਸਡ ਹਨ। 35ਵਾਂ ਸੈਂਕੜਾ, ਕਿੰਨੀ ਸ਼ਾਨਦਾਰ ਬੱਲੇਬਾਜ਼ੀ ਰਹੀ। ਉਹ ਵਾਕਈ ਮਹਾਨ ਹਨ।"
ਦੋਸਤੀ ਅੱਗੇ ਵਧਣ 'ਤੇ ਲੱਗੀ ਬ੍ਰੇਕ
ਪਹਿਲਗਾਮ ਹਮਲੇ ਅਤੇ ਭਾਰਤ-ਪਾਕਿਸਤਾਨ ਟਕਰਾਅ ਤੋਂ ਬਾਅਦ ਆਯੋਜਿਤ ਏਸ਼ੀਆ ਕੱਪ ਵਿੱਚ ਦੋਵਾਂ ਪੁਰਸ਼ ਟੀਮਾਂ ਵਿਚਕਾਰ ਇੱਕ ਵੱਖਰੀ ਤਰ੍ਹਾਂ ਦੀ ਰਾਈਵਲਰੀ ਦੇਖਣ ਨੂੰ ਮਿਲੀ।
ਹਾਲ ਹੀ ਵਿੱਚ ਸਮਾਪਤ ਹੋਏ ਏਸ਼ੀਆ ਕੱਪ ਦੌਰਾਨ ਹੱਥ ਨਾ ਮਿਲਾਉਣ ਤੋਂ ਸ਼ੁਰੂ ਹੋਇਆ ਵਿਵਾਦ ਏਸ਼ੀਅਨ ਕ੍ਰਿਕਟ ਕੌਂਸਲ ਦੇ ਪ੍ਰਧਾਨ ਅਤੇ ਪਾਕਿਸਤਾਨੀ ਸਰਕਾਰ ਦੇ ਮੰਤਰੀ ਮੋਹਸਿਨ ਨਕਵੀ ਵੱਲੋਂ ਟਰਾਫੀ ਲੈਣ ਤੋਂ ਇਨਕਾਰ ਕਰਨ ਤੱਕ ਵਧ ਗਿਆ।
ਨਤੀਜਾ ਇਹ ਹੋਇਆ ਕਿ ਭਾਰਤ ਨੂੰ ਏਸ਼ੀਆ ਕੱਪ ਵਿਜੇਤਾ ਬਣੇ ਇੱਕ ਹਫ਼ਤੇ ਤੋਂ ਵੱਧ ਸਮਾਂ ਹੋ ਗਿਆ ਹੈ, ਪਰ ਅਜੇ ਵੀ ਟ੍ਰਾਫ਼ੀ ਨਹੀਂ ਹੈ।
ਦੂਜੇ ਪਾਸੇ, ਮਹਿਲਾ ਵਨਡੇ ਵਿਸ਼ਵ ਕੱਪ ਵਿੱਚ, ਜਿਵੇਂ ਕਿ ਕਿਆਸ ਲਗਾਏ ਗਏ ਸਨ, ਦੋਵਾਂ ਦੇਸ਼ਾਂ ਦੀਆਂ ਖਿਡਾਰਨਾਂ ਨੇ ਮੈਚ ਤੋਂ ਪਹਿਲਾਂ ਅਤੇ ਬਾਅਦ ਵਿੱਚ ਇੱਕ-ਦੂਜੇ ਨੂੰ ਅਣਦੇਖਾ ਕਰਨਾ ਚੁਣਿਆ।
ਹਰਮਨਪ੍ਰੀਤ ਕੌਰ ਅਤੇ ਫਾਤਿਮਾ ਸਨਾ ਨੇ ਟਾਸ ਦੌਰਾਨ ਇੱਕ-ਦੂਜੇ ਨਾਲ ਨਜ਼ਰਾਂ ਨਹੀਂ ਮਿਲਾਈਆਂ। ਮੈਚ ਖਤਮ ਹੋਣ ਤੋਂ ਬਾਅਦ ਵੀ ਦੋਵਾਂ ਦੇਸ਼ਾਂ ਦੀਆਂ ਕ੍ਰਿਕਟਰਾਂ ਨੇ ਹੱਥ ਮਿਲਾਉਣ ਦੀ ਕੋਸ਼ਿਸ਼ ਨਹੀਂ ਕੀਤੀ ਅਤੇ ਨਾ ਹੀ ਇੱਕ-ਦੂਜੇ ਦੇ ਨੇੜੇ ਜਾਣ ਅਤੇ ਗੱਲਬਾਤ ਅਤੇ ਦੋਸਤੀ ਜਾਰੀ ਰੱਖਣ ਦੀ ਕੋਸ਼ਿਸ਼ ਕੀਤੀ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ