You’re viewing a text-only version of this website that uses less data. View the main version of the website including all images and videos.
ਆਰਐੱਸਐੱਸ ਦੇ 'ਹਿੰਦੂ ਰਾਸ਼ਟਰ' 'ਚ ਮੁਸਲਮਾਨਾਂ ਦੀ ਕਿੰਨੀ ਥਾਂ, 100 ਸਾਲਾਂ 'ਚ ਬਦਲਦੇ ਸੰਘ ਮੁਖੀਆਂ ਨੇ ਕੀ ਕੁਝ ਬਦਲਿਆ
- ਲੇਖਕ, ਰਜਨੀਸ਼ ਕੁਮਾਰ
- ਰੋਲ, ਬੀਬੀਸੀ ਪੱਤਰਕਾਰ
ਆਰਐੱਸਐੱਸ ਦੀ ਸਥਾਪਨਾ ਨੂੰ 100 ਸਾਲ ਮੁਕੰਮਲ ਹੋ ਚੁੱਕੇ ਹਨ, ਸੰਗਠਨ ਸ਼ੁਰੂਆਤ ਤੋਂ ਹੀ ਵਿਵਾਦਾਂ ਅਤੇ ਸਵਾਲਾਂ ਦੇ ਘਿਰੇ 'ਚ ਰਿਹਾ ਹੈ।
ਇੱਕ ਸਵਾਲ ਤਾਂ ਅਕਸਰ ਹੀ ਉੱਠਦਾ ਰਿਹਾ ਹੈ ਕਿ ਆਰਐੱਸਐੱਸ ਦੇ 'ਹਿੰਦੂ ਰਾਸ਼ਟਰ' 'ਚ ਮੁਸਲਮਾਨਾਂ ਦੀ ਕੀ ਥਾਂ ਹੋਵੇਗੀ?
ਆਰਐੱਸਐੱਸ ਦੇ ਮੌਜੂਦਾ ਸਰਸੰਘਚਾਲਕ ਭਾਵ ਮੁਖੀ ਮੋਹਨ ਭਾਗਵਤ ਨੇ ਦਿੱਲੀ 'ਚ 26 ਅਗਸਤ ਨੂੰ ਇੱਕ ਸਮਾਗਮ ਦੌਰਾਨ ਇਸ ਮੁੱਦੇ 'ਤੇ ਆਪਣਾ ਨਜ਼ਰੀਆ ਪ੍ਰਗਟ ਕੀਤਾ।
ਉਨ੍ਹਾਂ ਨੇ ਜੋ ਕੁਝ ਕਿਹਾ, ਉਸ ਤੋਂ ਇਹ ਹੀ ਸੰਕੇਤ ਮਿਲਦਾ ਸੀ ਕਿ ਭਾਰਤ 'ਚ ਇਸਲਾਮ ਦੀ ਪਛਾਣ ਹਿੰਦੂ ਸੱਭਿਆਚਾਰ ਤੋਂ ਵੱਖਰੀ ਨਹੀਂ ਹੈ।
ਮੋਹਨ ਭਾਗਵਤ ਨੇ ਕਿਹਾ, "ਭਾਰਤੀਆਂ ਦਾ ਧਰਮ ਭਾਵੇਂ ਕੋਈ ਵੀ ਹੋਵੇ, ਪਰ ਉਹ ਸਾਰੇ ਆਪਣੇ ਪੁਰਖਿਆਂ ਦੀਆਂ ਸਾਂਝੀਆਂ ਰਿਵਾਇਤਾਂ ਨਾਲ ਜੁੜੇ ਹੋਏ ਹਨ ਅਤੇ ਅਖੰਡ ਭਾਰਤ 'ਚ 40 ਹਜ਼ਾਰ ਸਾਲ ਤੋਂ ਵੀ ਵੱਧ ਸਮੇਂ ਤੋਂ ਡੀਐੱਨਏ ਇੱਕ ਹੀ ਰਿਹਾ ਹੈ।"
ਸਾਲ 2021 'ਚ ਵੀ ਉਨ੍ਹਾਂ ਨੇ ਕਿਹਾ ਸੀ, "ਹਿੰਦੂ ਅਤੇ ਮੁਸਲਮਾਨ ਇੱਕੋਂ ਵੰਸ਼ ਨਾਲ ਸਬੰਧ ਰੱਖਦੇ ਹਨ। ਹਿੰਦੂ ਸ਼ਬਦ ਸਾਡੀ ਮਾਤ ਭੂਮੀ, ਪੁਰਖਿਆਂ ਅਤੇ ਸੱਭਿਆਚਾਰ ਦੀ ਅਮੀਰ ਵਿਰਾਸਤ ਦਾ ਸਮਾਨਾਰਥੀ ਹੈ ਅਤੇ ਹਰੇਕ ਭਾਰਤੀ ਹਿੰਦੂ ਹੈ।"
ਸੰਘਰਸ਼ ਅਤੇ ਵਿਰਾਸਤ
ਪ੍ਰਸਿੱਧ ਲੇਖਕ ਅਤੇ ਸਿਆਸੀ ਵਿਸ਼ਲੇਸ਼ਕ ਏਜੀ ਨੂਰਾਨੀ ਨੇ ਆਪਣੀ ਕਿਤਾਬ 'ਦਿ ਆਰਐੱਸਐੱਸ, ਏ ਮੈਨੇਸ ਟੂ ਇੰਡੀਆ' 'ਚ ਲਿਖਿਆ ਹੈ, "ਅੰਗਰੇਜ਼ਾਂ ਦੇ ਵਿਰੁੱਧ 1857 ਦੇ ਵਿਦਰੋਹ 'ਚ ਮੁਸਲਮਾਨਾਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ ਸੀ। ਪਰ 19ਵੀਂ ਸਦੀ ਦੇ ਅਖ਼ੀਰ ਤੱਕ ਇਹ ਧਾਰਨਾ ਫੈਲਾਈ ਜਾਣ ਲੱਗੀ ਕਿ ਮੁਸਲਮਾਨ ਬਾਹਰੋਂ ਆਏ ਅਤੇ ਉਹ ਸਾਰੇ ਹਮਲਾਵਰ ਸਨ।"
ਆਜ਼ਾਦੀ ਘੁਲਾਟੀਏ ਅਸ਼ੋਕ ਮੇਹਤਾ ਨੇ ਲਿਖਿਆ ਹੈ, "1857 ਦੇ ਵਿਦਰੋਹ 'ਚ ਹਿੰਦੂ ਅਤੇ ਮੁਸਲਿਮ ਦੋਵਾਂ ਭਾਈਚਾਰਿਆਂ ਦੇ ਲੋਕਾਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ ਸੀ। ਇਹ ਕਿਸੇ ਇੱਕ ਭਾਈਚਾਰੇ ਦਾ ਵਿਦਰੋਹ ਨਹੀਂ ਸੀ, ਪਰ ਇਤਿਹਾਸਿਕ ਅਤੇ ਵਿਚਾਰਧਾਰਕ ਕਾਰਨਾਂ ਦੇ ਕਰਕੇ ਮੁਸਲਮਾਨ ਹਿੰਦੂਆਂ ਦੇ ਮੁਕਾਬਲੇ ਅੰਗਰੇਜ਼ਾਂ ਦੇ ਖ਼ਿਲਾਫ਼ ਜ਼ਿਆਦਾ ਹਮਲਾਵਰ ਸਨ। ਇਸ ਲਈ ਹੀ ਅੰਗਰੇਜ਼ਾਂ ਨੇ ਮੁਸਲਮਾਨਾਂ ਨੂੰ ਜ਼ਿਆਦਾ ਨਿਸ਼ਾਨਾ ਬਣਾਇਆ।" (1857: ਦਿ ਗ੍ਰੇਟ ਰਿਬੇਲੀਅਨ, 1946)
ਹਿੰਦੂਤਵ ਦੇ ਇੱਕ ਪ੍ਰਮੁੱਖ ਵਿਚਾਰਧਾਰਕ ਸਾਵਰਕਰ ਨੇ ਆਪਣੀ ਕਿਤਾਬ 'ਦਿ ਇੰਡੀਅਨ ਵਾਰ ਆਫ਼ ਇੰਡੀਪੈਂਡੈਂਸ ਆਫ਼ 1857' 'ਚ ਵਿਸਥਾਰ 'ਚ ਲਿਖਿਆ ਹੈ ਕਿ ਕਿਵੇਂ ਮੁਸਲਮਾਨ ਅਤੇ ਹਿੰਦੂ ਇੱਕਜੁੱਟ ਹੋ ਕੇ ਲੜੇ ਸਨ।
ਸਾਵਰਕਰ ਨੇ ਇਸੇ ਕਿਤਾਬ 'ਚ ਲਿਖਿਆ ਹੈ, "ਮੌਲਵੀਆਂ ਨੇ ਉਨ੍ਹਾਂ ਨੂੰ ਤਾਲੀਮ ਦਿੱਤੀ, ਵਿਦਵਾਨ ਬ੍ਰਾਹਮਣਾਂ ਨੇ ਅਸ਼ੀਰਵਾਦ ਦਿੱਤਾ ਅਤੇ ਉਨ੍ਹਾਂ ਦੀ ਸਫ਼ਲਤਾ ਦੇ ਲਈ ਦਿੱਲੀ ਦੀਆਂ ਮਸਜਿਦਾਂ ਤੋਂ ਲੈ ਕੇ ਬਨਾਰਸ ਦੇ ਮੰਦਰਾਂ ਤੱਕ ਪ੍ਰਾਰਥਨਾਵਾਂ ਕੀਤੀਆਂ ਗਈਆਂ।"
"ਸਵਧਰਮ ਅਤੇ ਸਵਰਾਜ ਦੇ ਸਿਧਾਂਤ ਨੂੰ ਅਪਣਾਇਆ ਗਿਆ। ਜਦੋਂ ਜਾਨ ਤੋਂ ਵੀ ਪਿਆਰੇ ਧਰਮ 'ਤੇ ਖ਼ਤਰਨਾਕ, ਵਿਨਾਸ਼ਕਾਰੀ, ਧੋਖਾਧੜੀ ਭਰਪੂਰ ਹਮਲਿਆਂ ਦੇ ਸੰਕੇਤ ਮਿਲੇ ਤਾਂ ਧਰਮ ਦੀ ਰੱਖਿਆ ਦੇ ਲਈ 'ਦੀਨ', 'ਦੀਨ' ਦੇ ਨਾਅਰਿਆਂ ਦੀ ਆਵਾਜ਼ ਸੁਣਾਈ ਦੇਣ ਲੱਗੀ।"
ਸਾਵਰਕਰ ਦੇ ਲੇਖਾਂ ਅਤੇ ਭਾਸ਼ਣਾਂ ਦਾ ਸੰਗ੍ਰਹਿ 1966 'ਚ ਵਿਜੈ ਚੰਦਰ ਜੋਸ਼ੀ ਵੱਲੋਂ ਸੰਪਾਦਿਤ ਕੀਤਾ ਗਿਆ ਸੀ ਅਤੇ ਇਹ ਸੰਗ੍ਰਹਿ ਜਲੰਧਰ ਯੂਨੀਵਰਸਿਟੀ ਵੱਲੋਂ ਪ੍ਰਕਾਸ਼ਿਤ ਕੀਤਾ ਗਿਆ ਸੀ।
ਸਾਵਰਕਰ ਨੇ ਕਿਹਾ ਸੀ, "ਜੇਕਰ ਕੋਈ ਇਸ ਦੇਸ਼ 'ਚ ਹਿੰਦੂ ਰਾਜ ਦਾ ਸੁਫਨਾ ਵੇਖਦਾ ਹੈ ਅਤੇ ਉਨ੍ਹਾਂ ਨੂੰ ਲੱਗਦਾ ਹੈ ਕਿ ਉਹ ਮੁਸਲਮਾਨਾਂ ਨੂੰ ਕੁਚਲ ਕੇ ਇੱਥੋਂ ਦੀ ਸਭ ਤੋਂ ਵੱਡੀ ਤਾਕਤ ਬਣ ਸਕਦੇ ਹਨ ਤਾਂ ਉਹ ਮੂਰਖ ਹਨ, ਕਹਿ ਸਕਦੇ ਹੋ ਕਿ ਪਾਗ਼ਲ ਹਨ। ਉਨ੍ਹਾਂ ਦਾ ਇਹ ਪਾਗ਼ਲਪਨ ਹਿੰਦੂਇਜ਼ਮ ਅਤੇ ਦੇਸ਼ ਦੋਵਾਂ ਨੂੰ ਹੀ ਤਬਾਹ ਕਰ ਦੇਵੇਗਾ।"
ਸਾਵਰਕਰ ਦੇ ਇਹ ਵਿਚਾਰ 1911 'ਚ ਉਨ੍ਹਾਂ ਦੇ ਜੇਲ੍ਹ ਜਾਣ ਤੋਂ ਪਹਿਲਾਂ ਦੇ ਹਨ। ਸਾਲ 1921 'ਚ ਸੈਲੂਲਰ ਜੇਲ੍ਹ ਤੋਂ ਬਾਹਰ ਨਿਕਲਣ ਤੋਂ ਪਹਿਲਾਂ ਹੀ ਮੁਸਲਮਾਨਾਂ ਪ੍ਰਤੀ ਸਾਵਰਕਰ ਦਾ ਨਵਾਂ ਨਜ਼ਰੀਆ ਸਾਹਮਣੇ ਆਉਣ ਲੱਗਾ ਸੀ, ਜਿਸ ਦੀ ਚਰਚਾ ਅਸੀਂ ਅੱਗੇ ਕਰਾਂਗੇ।
ਆਰਐੱਸਐੱਸ ਦੀ ਸੋਚ 'ਚ ਮੁਸਲਮਾਨ
ਆਰਐੱਸਐੱਸ ਦੇ ਦੂਜੇ ਸੰਘ ਮੁਖੀ (1940-1973 ਤੱਕ) ਅਤੇ ਸੰਘ ਪਰਿਵਾਰ 'ਚ 'ਗੁਰੂਜੀ' ਵਜੋਂ ਜਾਣੇ ਜਾਂਦੇ ਮਾਧਵ ਸਦਾਸ਼ਿਵ ਗੋਲਵਲਕਰ ਨੇ ਆਪਣੀ ਕਿਤਾਬ 'ਵੀ ਆਰ ਅਵਰ ਨੇਸ਼ਨਹੁੱਡ ਡਿਫਾਈਂਡ' 'ਚ ਲਿਖਿਆ ਹੈ, "ਚਤੁਰ ਅਤੇ ਪੁਰਾਤਣ ਦੇਸ਼ਾਂ ਦੇ ਤਜਰਬਿਆ ਤੋਂ ਸਾਬਤ ਹੁੰਦਾ ਹੈ ਕਿ ਹਿੰਦੁਸਤਾਨ 'ਚ ਵਿਦੇਸ਼ੀ ਨਸਲਾਂ ਨੂੰ ਹਿੰਦੂ ਸੱਭਿਆਚਾਰ ਅਤੇ ਭਾਸ਼ਾ ਨੂੰ ਅਪਣਾਉਣਾ ਹੋਵੇਗਾ।"
"ਹਿੰਦੂ ਧਰਮ ਦਾ ਸਤਿਕਾਰ ਕਰਨਾ ਸਿੱਖਣਾ ਹੋਵੇਗਾ, ਹਿੰਦੂ ਧਰਮ ਪ੍ਰਤੀ ਆਸਥਾ ਰੱਖਣੀ ਹੋਵੇਗੀ, ਹਿੰਦੂ ਨਸਲ ਅਤੇ ਸੱਭਿਆਚਾਰ ਦੀ ਮਹਿਮਾ ਨੂੰ ਸਵੀਕਾਰ ਕਰਨਾ ਹੋਵੇਗਾ। ਇਸ ਤੋਂ ਇਲਾਵਾ ਆਪਣੀ ਵੱਖਰੀ ਪਛਾਣ ਨੂੰ ਖ਼ਤਮ ਕਰਕੇ ਖੁਦ ਨੂੰ ਹਿੰਦੂ ਨਸਲ 'ਚ ਮਿਲਣਾ ਹੋਵੇਗਾ।"
ਇਸੇ ਕਿਤਾਬ 'ਚ ਗੋਲਵਲਕਰ ਲਿਖਦੇ ਹਨ, "ਜੇਕਰ ਉਹ ਅਜਿਹਾ ਨਹੀਂ ਕਰਨਗੇ ਤਾਂ ਉਨ੍ਹਾਂ ਨੂੰ ਇਸ ਹਿੰਦੂ ਰਾਸ਼ਟਰ ਦੇ ਅਧੀਨ ਰਹਿਣਾ ਪਵੇਗਾ। ਇਸ 'ਚ ਉਹ ਕਿਸੇ ਵੀ ਚੀਜ਼ 'ਤੇ ਆਪਣਾ ਹੱਕ ਨਹੀਂ ਮੰਗਣਗੇ ਅਤੇ ਉਨ੍ਹਾਂ ਨੂੰ ਕੋਈ ਵੀ ਵਿਸ਼ੇਸ਼ ਅਧਿਕਾਰ ਨਹੀਂ ਮਿਲੇਗਾ। ਕਿਸੇ ਵੀ ਤਰ੍ਹਾਂ ਦੀ ਤਰਜੀਹ ਹਾਸਲ ਨਹੀਂ ਹੋਵੇਗੀ ਅਤੇ ਇੱਥੋਂ ਤੱਕ ਕਿ ਨਾਗਰਿਕਾਂ ਦੇ ਅਧਿਕਾਰ ਵੀ ਨਹੀਂ ਮਿਲਣਗੇ।"
"ਉਨ੍ਹਾਂ ਲਈ ਇਸ ਤੋਂ ਇਲਾਵਾ ਨਾ ਕੋਈ ਹੋਰ ਰਾਹ ਹੈ ਅਤੇ ਨਾ ਹੀ ਹੋਣਾ ਚਾਹੀਦਾ ਹੈ। ਅਸੀਂ ਇੱਕ ਪ੍ਰਾਚੀਨ ਕੌਮ ਹਾਂ ਅਤੇ ਸਾਨੂੰ ਆਪਣੇ ਦੇਸ਼ 'ਚ ਰਹਿ ਰਹੀਆਂ ਵਿਦੇਸ਼ੀ ਨਸਲਾਂ ਦੇ ਨਾਲ ਉਸੇ ਤਰ੍ਹਾਂ ਹੀ ਪੇਸ਼ ਆਉਣਾ ਚਾਹੀਦਾ ਹੈ।" (ਵੀ ਆਰ ਅਵਰ ਨੇਸਨਹੁੱਡ ਡਿਫਾਈਂਡ, ਭਾਰਤ ਪ੍ਰਕਾਸ਼ਨ ਨਾਗਪੁਰ, 1939, ਪੰਨਾ 47-48)
ਇਸੇ ਕਿਤਾਬ ਦੇ ਪੰਨਾ 35 'ਚ ਗੋਲਵਲਕਰ ਲਿਖਦੇ ਹਨ, "ਆਪਣੀ ਨਸਲ ਅਤੇ ਸੱਭਿਆਚਾਰ ਦੀ ਸ਼ੁੱਧਤਾ ਕਾਇਮ ਰੱਖਣ ਲਈ ਜਰਮਨੀ ਨੇ ਯਹੂਦੀਆਂ ਨੂੰ ਬਾਹਰ ਕੱਢ ਕੇ ਪੂਰੀ ਦੁਨੀਆਂ ਨੂੰ ਹੈਰਾਨ ਕਰ ਦਿੱਤਾ ਸੀ। ਜਰਮਨੀ 'ਚ ਨਸਲੀ ਮਾਣ ਆਪਣੇ ਸਿਖ਼ਰ 'ਤੇ ਸੀ।"
"ਜਰਮਨੀ ਨੇ ਇਹ ਵੀ ਦਿਖਾਇਆ ਕਿ ਨਸਲਾਂ ਅਤੇ ਸੱਭਿਆਚਾਰ ਵਿਚਾਲੇ ਮੌਜੂਦ ਬੁਨਿਆਦੀ ਪਾੜੇ ਨੂੰ ਪੂਰਨਾ ਅਸੰਭਵ ਹੈ। ਹਿੰਦੁਸਤਾਨ ਦੇ ਲਈ ਇਹ ਇੱਕ ਵਧੀਆ ਸਬਕ ਹੈ, ਜਿਸ ਤੋਂ ਉਸ ਨੂੰ ਸਿੱਖਣਾ ਚਾਹੀਦਾ ਹੈ ਅਤੇ ਫਾਇਦਾ ਚੁੱਕਣਾ ਚਾਹੀਦਾ ਹੈ।"
'ਵਿਭਾਜਿਤ ਨਿਸ਼ਠਾ' ਦੀ ਦਲੀਲ
ਗੱਲ ਸਿਰਫ਼ ਗੋਲਵਲਕਰ ਦੀ ਹੀ ਨਹੀਂ ਸੀ ਸਗੋਂ 'ਹਿੰਦੂਤਵ' ਦੀ ਵਿਚਾਰਧਾਰਾ ਦੇ ਜਨਮਦਾਤਾ ਮੰਨੇ ਜਾਣ ਵਾਲੇ ਵਿਨਾਇਕ ਦਾਮੋਦਰ ਸਾਵਰਕਰ ਵੀ ਜਰਮਨੀ 'ਚ ਨਾਜ਼ੀਵਾਦ ਦਾ ਸਮਰਥਨ ਕਰ ਰਹੇ ਸਨ।
1 ਅਗਸਤ 1938 ਨੂੰ ਪੁਣੇ 'ਚ ਇੱਕ ਜਨਤਕ ਸਭਾ ਨੂੰ ਸੰਬੋਧਨ ਕਰਦਿਆਂ ਸਾਵਰਕਰ ਨੇ ਕਿਹਾ ਸੀ, "ਜਰਮਨੀ ਨੂੰ ਨਾਜ਼ੀਵਾਦ ਅਤੇ ਇਟਲੀ ਨੂੰ ਫਾਸ਼ੀਵਾਦ ਦੀ ਰਾਹ 'ਤੇ ਚੱਲਣ ਦਾ ਪੂਰਾ ਹੱਕ ਹੈ। ਇਨ੍ਹਾਂ ਦੋਵਾਂ ਦੇਸ਼ਾਂ 'ਚ ਹਾਲਾਤ ਸਨ, ਉਨ੍ਹਾਂ ਦੇ ਮੱਦੇਨਜ਼ਰ ਇਹ ਸਥਿਤੀ ਸਹੀ ਅਤੇ ਉਨ੍ਹਾਂ ਦੇ ਹੱਕ 'ਚ ਸੀ।" (ਸਾਵਰਕਰ ਪੇਪਰਸ ਐਮ-23 ਪਾਰਟ-2 ਮਿਸਲੇਨਿਅਸ ਕਾਰਸਪੋਂਡੈਂਸ, ਜਨਵਰੀ-1938, ਮਈ-1939, ਮਾਈਕਰੋ ਫਿਲਮਜ਼ ਸੈਕਸ਼ਨ, ਦਿੱਲੀ)
ਦੂਜੇ ਪਾਸੇ, ਨਹਿਰੂ ਜਰਮਨੀ 'ਚ ਨਾਜ਼ੀਵਾਦ ਅਤੇ ਇਟਲੀ 'ਚ ਫਾਸੀਵਾਦ ਦੇ ਖ਼ਿਲਾਫ਼ ਬੋਲ ਰਹੇ ਸਨ।
ਸਾਵਰਕਰ ਨੇ ਕਿਹਾ ਸੀ, "ਅਸੀਂ ਜਰਮਨੀ, ਜਾਪਾਨ, ਰੂਸ ਅਤੇ ਇਟਲੀ ਨੂੰ ਦੱਸਣ ਵਾਲੇ ਕੌਣ ਹੁੰਦੇ ਹਾਂ ਕਿ ਉਹ ਕਿਹੜੀ ਪ੍ਰਣਾਲੀ ਨੂੰ ਅਪਣਉਣ? ਕੀ ਅਸੀਂ ਅਜਿਹਾ ਸਿਰਫ਼ ਅਕਾਦਮਿਕ ਰੁਝਾਨ ਦੇ ਆਧਾਰ 'ਤੇ ਕਹਿ ਸਕਦੇ ਹਾਂ? ਯਕੀਨਨ ਹਿਟਲਰ ਨੂੰ ਪੰਡਿਤ ਨਹਿਰੂ ਨਾਲੋਂ ਜ਼ਿਆਦਾ ਪਤਾ ਹੈ ਕਿ ਜਰਮਨੀ ਲਈ ਕੀ ਚੰਗਾ ਹੈ।"
"ਨਾਜ਼ੀਵਾਦ ਅਤੇ ਫਾਸ਼ੀਵਾਦ ਤੋਂ ਬਾਅਦ ਜਿਸ ਤਰ੍ਹਾਂ ਨਾਲ ਜਰਮਨੀ ਅਤੇ ਇਟਲੀ ਤਾਕਤਵਰ ਬਣੇ, ਉਹ ਇਹ ਸਾਬਤ ਕਰਨ ਲਈ ਕਾਫ਼ੀ ਹੈ ਕਿ ਇਹ ਰਾਜਨੀਤਿਕ ਵਿਚਾਰਧਾਰਾਵਾਂ ਉਨ੍ਹਾਂ ਦੀ ਸਿਹਤ ਲਈ ਸਭ ਤੋਂ ਮਹੱਤਵਪੂਰਨ ਟੌਨਿਕ (ਦਵਾਈ) ਸਨ।" (ਸਾਵਰਕਰ ਪੇਪਰਜ਼, ਮਈ 1937- ਮਈ 1938)
ਆਰਐੱਸਐੱਸ ਦੇ ਇਤਿਹਾਸਕ ਪਿਛੋਕੜ 'ਤੇ ਕਈ ਕਿਤਾਬਾਂ ਲਿਖ ਚੁੱਕੇ ਪ੍ਰੋਫੈਸਰ ਸ਼ਮਸੁਲ ਇਸਲਾਮ ਦਾ ਕਹਿਣਾ ਹੈ, "ਸਾਵਰਕਰ ਜਰਮਨੀ 'ਚ ਨਾਜ਼ੀਵਾਦ ਦਾ ਸਮਰਥਨ ਕਰਕੇ ਭਾਰਤ 'ਚ ਘੱਟ ਗਿਣਤੀਆਂ ਪ੍ਰਤੀ ਆਪਣੇ ਵਿਚਾਰ ਹੀ ਪ੍ਰਗਟ ਕਰ ਰਹੇ ਸਨ।"
14 ਅਕਤੂਬਰ 1938 ਨੂੰ ਸਾਵਰਕਰ ਨੇ ਮਾਲੇਗਾਓਂ 'ਚ ਇੱਕ ਭਾਸ਼ਣ 'ਚ ਕਿਹਾ ਸੀ, "ਇੱਕ ਰਾਸ਼ਟਰ ਉੱਥੇ ਰਹਿ ਰਹੇ ਬਹੁਗਿਣਤੀ ਲੋਕਾਂ ਤੋਂ ਬਣਦਾ ਹੈ। ਜਰਮਨੀ 'ਚ ਯਹੂਦੀ ਕੀ ਕਰ ਰਹੇ ਸਨ? ਘੱਟ ਗਿਣਤੀ ਹੋਣ ਦੇ ਕਾਰਨ ਉਨ੍ਹਾਂ ਨੂੰ ਜਰਮਨੀ ਦੀ ਸਰਜ਼ਮੀਨ ਤੋਂ ਬਾਹਰ ਕਰ ਦਿੱਤਾ ਗਿਆ।" (ਮਹਾਰਾਸ਼ਟਰ ਸਟੇਟ ਪੁਰਾਲੇਖ ਮੁਬੰਈ)
ਸਾਵਰਕਰ ਨੇ 'ਹਿੰਦੂਤਵ: ਹੂ ਇਜ਼ ਅ ਹਿੰਦੂ' 'ਚ ਲਿਖਿਆ ਹੈ ਕਿ ਜਿਨ੍ਹਾਂ ਲੋਕਾਂ ਨੂੰ 'ਜ਼ਬਰਦਸਤੀ ਗ਼ੈਰ-ਹਿੰਦੂ ਧਰਮਾਂ 'ਚ ਤਬਦੀਲ ਕੀਤਾ ਗਿਆ, ਉਨ੍ਹਾਂ ਦੀ ਜਨਮਭੂਮੀ ਵੀ ਇਹ ਹੀ ਹੈ ਅਤੇ ਸੱਭਿਆਚਾਰ ਦਾ ਵੱਡਾ ਹਿੱਸਾ ਵੀ ਇੱਕੋ ਜਿਹਾ ਹੈ, ਪਰ ਫਿਰ ਵੀ ਉਨ੍ਹਾਂ ਨੂੰ ਹਿੰਦੂ ਨਹੀਂ ਮੰਨਿਆ ਜਾ ਸਕਦਾ ਹੈ।"
"ਹਾਲਾਂਕਿ ਹਿੰਦੂਆਂ ਦੀ ਤਰ੍ਹਾਂ ਹੀ ਉਨ੍ਹਾਂ ਦੀ ਵੀ ਜਨਮਭੂਮੀ ਹਿੰਦੁਸਤਾਨ ਹੀ ਹੈ, ਪਰ ਕਰਮਭੂਮੀ ਨਹੀਂ ਹੈ। ਉਨ੍ਹਾਂ ਦੀ ਪਵਿੱਤਰ ਭੂਮੀ ਦੂਰ ਵੱਸਦਾ ਅਰਬ ਦੇਸ਼ ਹੈ। ਉਨ੍ਹਾਂ ਦੇ ਵਿਸ਼ਵਾਸ, ਉਨ੍ਹਾਂ ਦੇ ਧਾਰਮਿਕ ਆਗੂ, ਵਿਚਾਰ ਅਤੇ ਨਾਇਕ ਇੱਕ ਮਿੱਟੀ ਦੀ ਉਪਜ ਨਹੀਂ ਹਨ। ਅਜਿਹੀ ਸਥਿਤੀ 'ਚ ਉਨ੍ਹਾਂ ਦੇ ਨਾਮ ਅਤੇ ਦ੍ਰਿਸ਼ਟੀਕੋਣ ਮੂਲ ਰੂਪ 'ਚ ਵਿਦੇਸ਼ੀ ਹਨ। ਉਨ੍ਹਾਂ ਦੀ ਮੁਹੱਬਤ ਵੰਡੀ ਹੋਈ ਹੈ।"
ਖ਼ਿਲਾਫ਼ਤ ਅੰਦੋਲਨ ਦਾ ਦੋਰਾਹਾ
ਸਾਲ 1920 'ਚ ਕਾਂਗਰਸ ਦੀ ਵਾਗਡੋਰ ਗਾਂਧੀ ਨੇ ਸੰਭਾਲੀ। ਉਸ ਸਮੇਂ ਆਟੋਮੈਨ ਸਾਮਰਾਜ ਦਾ ਅੰਤ ਹੋਇਆ ਅਤੇ ਖ਼ਿਲਾਫ਼ਤ ਪ੍ਰਣਾਲੀ ਵੀ ਖ਼ਤਮ ਹੋਈ। ਇਸ ਸਬੰਧੀ ਦੁਨੀਆਂ ਭਰ ਦੇ ਮੁਸਲਮਾਨਾਂ 'ਚ ਰੋਸ ਦੀ ਲਹਿਰ ਦੌੜੀ ਅਤੇ ਭਾਰਤ ਦੇ ਮੁਸਲਮਾਨ ਖ਼ਿਲਾਫ਼ਤ ਅੰਦੋਲਨ ਕਰ ਰਹੇ ਸਨ।
ਇਸ ਦੌਰ ਦੇ ਸਬੰਧ 'ਚ 'ਗੋਲਵਲਕਰ ਦਿ ਮਿੱਥ ਬਿਹਾਈਂਡ ਦਿ ਮੈਨ, ਦਿ ਮੈਨ ਬਿਹਾਈਂਡ ਦਿ ਮਸ਼ੀਨ' ਦੇ ਲੇਖਕ ਧੀਰੇਂਦਰ ਕੁਮਾਰ ਝਾਅ ਕਹਿੰਦੇ ਹਨ, "ਉਸ ਸਮੇਂ ਹਿੰਦੂਆਂ ਨੂੰ ਗਣੇਸ਼ ਪੂਜਾ ਵਰਗੇ ਧਾਰਮਿਕ ਸਮਾਗਮਾਂ ਦੇ ਜ਼ਰੀਏ ਲਾਮਬੰਦ ਕੀਤਾ ਜਾ ਰਿਹਾ ਸੀ, ਭਾਵ ਬਸਤੀਵਾਦ ਦੇ ਵਿਰੁੱਧ ਲਾਮਬੰਦੀ ਦਾ ਜ਼ਰੀਆ ਧਰਮ ਬਣ ਰਿਹਾ ਸੀ।"
"ਗਾਂਧੀ ਦੀ ਅਗਵਾਈ 'ਚ ਭਾਰਤ ਦੇ ਰਾਸ਼ਟਰਵਾਦੀ ਬਸਤੀਵਾਦ ਦੇ ਖ਼ਿਲਾਫ਼ ਅੰਦੋਲਨ ਸ਼ੁਰੂ ਕਰਨ ਲਈ ਹਿੰਦੂਆਂ ਅਤੇ ਮੁਸਲਮਾਨਾਂ ਨੂੰ ਇੱਕਠਾ ਕਰਨਾ ਚਾਹੁੰਦੇ ਸਨ, ਇਸ ਲਈ ਉਹ ਖ਼ਿਲਾਫ਼ਤ ਅੰਦੋਲਨ ਦੀ ਹਿਮਾਇਤ ਕਰ ਰਹੇ ਸਨ।"
ਇਹ ਉਸ ਸਮੇਂ ਦੀ ਗੱਲ ਹੈ ਜਦੋਂ ਆਰਐੱਸਐੱਸ ਅਜੇ ਹੋਂਦ 'ਚ ਨਹੀਂ ਆਇਆ ਸੀ, ਅਤੇ ਕੇਸ਼ਵ ਬਲੀਰਾਮ ਹੇਡਗੇਵਾਰ ਕਾਂਗਰਸ ਦਾ ਹੀ ਹਿੱਸਾ ਸਨ। ਉਹ ਖ਼ਿਲਾਫਤ ਅੰਦੋਲਨ ਦਾ ਸਮਰਥਨ ਕਰਨ ਦੇ ਵਿਰੁੱਧ ਸਨ।
ਆਰਐੱਸਐੱਸ ਦੇ ਗਠਨ ਤੋਂ ਇੱਕ ਸਾਲ ਪਹਿਲਾਂ 1924 'ਚ ਹੇਡਗੇਵਾਰ ਵਰਧਾ ਸਥਿਤ ਆਸ਼ਰਮ 'ਚ ਗਾਂਧੀ ਨੂੰ ਮਿਲਣ ਲਈ ਗਏ ਸਨ।
ਇਸ ਮੁਲਾਕਾਤ ਦੌਰਾਨ ਉਨ੍ਹਾਂ ਨੇ ਕਾਂਗਰਸ ਦੀਆਂ ਨੀਤੀਆਂ 'ਤੇ ਵਿਚਾਰ ਵਟਾਂਦਰਾ ਕੀਤਾ। ਇਸ ਮੀਟਿੰਗ ਦਾ ਵੇਰਵਾ ਹੇਡਗੇਵਾਰ ਦੇ ਨਜ਼ਦੀਕੀ ਮਿੱਤਰ ਅੱਪਾਜੀ ਜੋਸ਼ੀ ਨੇ 'ਤਰੁਣ ਭਾਰਤ' 'ਚ 5 ਮਈ1970 ਨੂੰ ਦਿੱਤਾ ਸੀ।
ਖ਼ਿਲਾਫ਼ਤ ਅੰਦੋਲਨ ਨੂੰ ਸਮਰਥਨ ਦੇਣ ਦੇ ਗਾਂਧੀ ਦੇ ਫੈਸਲੇ ਤੋਂ ਹੇਡਗੇਵਾਰ ਅਸਿਹਮਤ ਸਨ ਅਤੇ ਉਨ੍ਹਾਂ ਨੇ ਕਿਹਾ ਸੀ ਕਿ ਇਸ ਨਾਲ ਮੁਸਲਮਾਨਾਂ 'ਚ ਵੱਖਵਾਦੀ ਭਾਵਨਾਵਾਂ ਦਾ ਜਨਮ ਹੋ ਰਿਹਾ ਹੈ।
ਧੀਰੇਂਦਰ ਝਾਅ ਕਹਿੰਦੇ ਹਨ, "ਪਹਿਲਾ ਜਨ ਅੰਦੋਲਨ ਗਾਂਧੀ ਨੇ ਹਿੰਦੂਆਂ ਅਤੇ ਮੁਸਲਮਾਨਾਂ ਦੀ ਏਕਤਾ 'ਤੇ ਖੜ੍ਹਾ ਕਰ ਦਿੱਤਾ। ਅੰਗਰੇਜ਼ ਪਰੇਸ਼ਾਨ ਸਨ ਕਿ ਹੁਣ ਇਸ ਨੂੰ ਕਿਵੇਂ ਭੰਗ ਕੀਤਾ ਜਾਵੇ।"
"1920 ਦੇ ਆਪਣੇ ਮੁਆਫ਼ੀਨਾਮੇ 'ਚ ਸਾਵਰਕਰ ਨੇ ਅੰਗਰੇਜ਼ਾਂ ਨੂੰ ਕਿਹਾ ਕਿ ਮੁਸਲਮਾਨ ਸਾਡੇ ਦੋਵਾਂ ਦੇ ਸਾਂਝੇ ਦੁਸ਼ਮਣ ਹਨ। ਉਸ ਤੋਂ ਬਾਅਦ ਉਹ ਅੰਡੇਮਾਨ ਤੋਂ ਮੇਨਲੈਂਡ ਦੀ ਜੇਲ੍ਹ 'ਚ ਆਏ। ਜੇਲ੍ਹ 'ਚ ਹੀ ਉਨ੍ਹਾਂ ਨੇ ਆਪਣੀ ਕਿਤਾਬ 'ਹਿੰਦੂਤਵ' ਲਿਖੀ, ਜਿਸ ਤੋਂ ਬਾਅਦ ਉਹ ਜੇਲ੍ਹ ਤੋਂ ਬਾਹਰ ਆਏ।"
ਪਵਿੱਤਰ ਭੂਮੀ ਪ੍ਰਤੀ ਵਫ਼ਾਦਾਰੀ
ਸਾਵਰਕਰ ਨੇ ਹੀ 'ਜਨਮਭੂਮੀ' ਅਤੇ 'ਪਵਿੱਤਰ ਭੂਮੀ' ਦੀ ਧਾਰਨਾ ਦਿੱਤੀ ਅਤੇ ਕਿਹਾ ਕਿ ਮੁਸਲਮਾਨਾਂ ਦੀ ਵਫ਼ਾਦਾਰੀ ਵੰਡੀ ਹੋਈ ਹੈ ਕਿਉਂਕਿ ਉਨ੍ਹਾਂ ਦੀ 'ਪਵਿੱਤਰ ਭੂਮੀ' ਤਾਂ ਕੋਈ ਹੋਰ ਹੈ।
ਧੀਰੇਂਦਰ ਝਾਅ ਕਹਿੰਦੇ ਹਨ, "ਇਹ ਸਿਧਾਂਤ ਇਸ ਲਈ ਦਿੱਤਾ ਗਿਆ ਤਾਂ ਜੋ ਹਿੰਦੂਆਂ ਨੂੰ ਸਮਝਾਇਆ ਜਾ ਸਕੇ ਕਿ ਮੁਸਲਮਾਨ ਸਾਡੇ ਆਪਣੇ ਨਹੀਂ ਹਨ ਅਤੇ ਸਾਨੂੰ ਪਹਿਲਾਂ ਉਨ੍ਹਾਂ ਦੇ ਖ਼ਿਲਾਫ਼ ਲਾਮਬੰਦ ਹੋਣ ਦੀ ਜ਼ਰੂਰਤ ਹੈ।"
ਧੀਰੇਂਦਰ ਝਾਅ ਕਹਿੰਦੇ ਹਨ, "ਵੰਡੀਆਂ ਹੋਈਆਂ ਵਫ਼ਾਦਾਰੀਆਂ ਕੀ ਹੁੰਦੀਆਂ ਹਨ? ਅਮਰੀਕਾ, ਯੂਰਪ ਅਤੇ ਹੋਰ ਦੇਸ਼ਾਂ 'ਚ ਜੋ ਹਿੰਦੂ ਹਨ, ਕੀ ਉਨ੍ਹਾਂ ਦੀ ਵਫ਼ਾਦਾਰੀ ਵੰਡੀ ਹੋਈ ਹੈ? ਕੀ ਰਿਸ਼ੀ ਸੁਨਕ ਬ੍ਰਿਟੇਨ ਪ੍ਰਤੀ ਵਫ਼ਾਦਾਰ ਨਹੀਂ ਸਨ?"
ਦਿੱਲੀ ਯੂਨੀਵਰਸਿਟੀ 'ਚ ਰਾਜਨੀਤੀ ਸ਼ਾਸਤਰ ਦੇ ਪ੍ਰੋਫੈਸਰ ਅਤੇ ਆਰਐੱਸਐੱਸ ਨਾਲ ਜੁੜੇ ਪ੍ਰੋਫੈਸਰ ਸੰਗੀਤ ਰਾਗੀ ਇਸ ਸਵਾਲ 'ਤੇ ਕਹਿੰਦੇ ਹਨ, "ਹਿੰਦੂਆਂ ਅਤੇ ਮੁਸਲਮਾਨਾਂ 'ਚ ਅੰਤਰ ਹੈ। ਕੀ ਕਿਸੇ ਦੇਸ਼ 'ਚ ਹਿੰਦੂਆਂ ਨੇ ਧਾਰਮਿਕ ਕੱਟੜਤਾ ਦਾ ਪ੍ਰਦਰਸ਼ਨ ਕੀਤਾ? ਕੀ ਉਨ੍ਹਾਂ ਨੇ ਪੈਨ ਹਿੰਦੂਵਾਦ ਦੀ ਗੱਲ ਕੀਤੀ? ਇਸ ਦਾ ਜਵਾਬ ਨਹੀਂ ਹੈ।"
"ਪਰ ਭਾਰਤ ਦੇ ਮੁਸਲਮਾਨ ਕੀ ਪੈਨ ਇਸਲਾਮ ਦੀ ਗੱਲ ਨਹੀਂ ਕਰਦੇ ਹਨ? ਤੁਰਕੀ ਦੇ ਮੁੱਦੇ 'ਤੇ ਭਾਰਤ 'ਚ ਖਿਲਾਫ਼ਤ ਅੰਦੋਲਨ ਦੀ ਕੀ ਲੋੜ ਸੀ?"
ਗੋਲਵਲਕਰ ਅਤੇ ਗਾਂਧੀ ਦੀ ਮੁਲਾਕਾਤ
ਆਜ਼ਾਦੀ ਤੋਂ ਬਾਅਦ ਕਲਕੱਤਾ 'ਚ ਹੋਏ ਫਿਰਕੂ ਦੰਗੇ ਨੂੰ ਸ਼ਾਂਤ ਕਰਨ ਲਈ ਮਹਾਤਮਾ ਗਾਂਧੀ ਨੇ 1947 'ਚ 2 ਸਤੰਬਰ ਤੋਂ ਤਿੰਨ ਦਿਨਾਂ ਲਈ ਵਰਤ ਰੱਖਿਆ ਸੀ। ਇਸ ਤੋਂ ਬਾਅਦ ਗਾਂਧੀ 9 ਸਤੰਬਰ ਨੂੰ ਦਿੱਲੀ ਪਰਤ ਆਏ ਸਨ।
ਸਰਦਾਰ ਪਟੇਲ ਦੀ ਧੀ ਮਨੀਬੇਨ ਦੀ ਡਾਇਰੀ ਦੇ ਅਨੁਸਾਰ, 12 ਸਤੰਬਰ 1947 ਨੂੰ ਦਿੱਲੀ ਦੇ ਬਿਰਲਾ ਹਾਊਸ 'ਚ ਗੋਲਵਲਕਰ ਦੀ ਮੁਲਾਕਾਤ ਮਹਾਤਮਾ ਗਾਂਧੀ ਨਾਲ ਹੋਈ ਸੀ। (ਪੀਐੱਨ ਚੌਪੜਾ ਐਂਡ ਪ੍ਰਭਾ ਚੌਪੜਾ, ਇਨਸਾਈਡ ਸਟੋਰੀ ਆਫ਼ ਸਰਦਾਰ ਪਟੇਲ: ਦਿ ਡਾਇਰੀ ਆਫ਼ ਮਨੀਬੇਨ ਪਟੇਲ, ਵਿਜ਼ਨ ਬੁੱਕਸ, ਨਵੀ ਦਿੱਲੀ-2001, ਪੰਨਾ ਨੰਬਰ-167)
ਇਸ ਮੁਲਾਕਾਤ ਦੌਰਾਨ ਗਾਂਧੀ ਨੇ ਗੋਲਵਲਕਰ ਨੂੰ ਕਿਹਾ, "ਤੁਹਾਡੇ ਸੰਗਠਨ ਦੇ ਹੱਥ ਵੀ ਖੂਨ ਨਾਲ ਰੰਗੇ ਹੋਏ ਹਨ।"
ਗੋਲਵਲਕਰ ਨੇ ਇਸ ਇਲਜ਼ਾਮ ਨੂੰ ਖਾਰਜ ਕਰਦਿਆਂ ਕਿਹਾ ਸੀ ਕਿ ਆਰਐੱਸਐੱਸ ਕਿਸੇ ਦਾ ਦੁਸ਼ਮਣ ਨਹੀਂ ਹੈ। ਉਨ੍ਹਾਂ ਅੱਗੇ ਕਿਹਾ ਕਿ ਆਰਐੱਸਐੱਸ ਮੁਸਲਮਾਨਾਂ ਦੇ ਕਤਲੇਆਮ ਦਾ ਸਮਰਥਨ ਨਹੀਂ ਕਰਦਾ ਹੈ। ( ਦਿ ਕਲੇਕਟਿਡ ਵਰਕਸ ਆਫ਼ ਮਹਾਤਮਾ ਗਾਂਧੀ, ਪ੍ਰਕਾਸ਼ਨ ਵਿਭਾਗ 1983, ਪੰਨਾ-177)
ਮਹਾਤਮਾ ਗਾਂਧੀ ਦੇ ਨਿੱਜੀ ਸਕੱਤਰ ਪਿਆਰੇ ਲਾਲ ਨੇ ਆਪਣੀ ਕਿਤਾਬ 'ਮਹਾਤਮਾ ਗਾਂਧੀ: ਦਿ ਲਾਸਟ ਫੇਜ਼' ਵਿੱਚ (ਪੰਨਾ-439) ਲਿਖਿਆ ਹੈ, "ਗਾਂਧੀ ਗੋਲਵਲਕਰ ਦੇ ਜਵਾਬ ਤੋਂ ਸੰਤੁਸ਼ਟ ਨਹੀਂ ਸਨ। ਗਾਂਧੀ ਨੇ ਗੋਲਵਲਕਰ ਨੂੰ ਕਿਹਾ ਕਿ ਉਹ ਜਨਤਕ ਤੌਰ 'ਤੇ ਇਲਜ਼ਾਮਾਂ ਦਾ ਖੰਡਨ ਕਰਨ ਅਤੇ ਮੁਸਲਮਾਨਾਂ ਦੇ ਕਤਲੇਆਮ ਦੀ ਨਿੰਦਾ ਕਰਨ। ਪਰ ਗੋਲਵਲਕਰ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਗੁਜ਼ਾਰਿਸ਼ ਕੀਤੀ ਕਿ ਗਾਂਧੀ ਖੁਦ ਉਨ੍ਹਾਂ ਵੱਲੋਂ ਅਜਿਹਾ ਕਰ ਦੇਣ।"
ਪਿਆਰੇਲਾਲ ਲਿਖਦੇ ਹਨ ਕਿ ਗੋਲਵਲਕਰ ਨਾਲ ਮੁਲਾਕਾਤ ਕਰਨ ਤੋਂ ਚਾਰ ਦਿਨ ਬਾਅਦ ਸਤੰਬਰ 1947 'ਚ ਦਿੱਲੀ ਦੇ ਵਾਲਮੀਕੀ ਮੰਦਰ 'ਚ ਆਰਐੱਸਐੱਸ ਵਰਕਰਾਂ ਨੂੰ ਸੰਬੋਧਿਤ ਕਰਦਿਆਂ ਗਾਂਧੀ ਨੇ ਕਿਹਾ ਸੀ, "ਜੇਕਰ ਹਿੰਦੂਆਂ ਨੂੰ ਲੱਗਦਾ ਹੈ ਕਿ ਭਾਰਤ 'ਚ ਗ਼ੈਰ-ਹਿੰਦੂਆਂ ਨੂੰ ਬਰਾਬਰੀ ਅਤੇ ਸਨਮਾਨ ਨਾਲ ਰਹਿਣ ਦਾ ਅਧਿਕਾਰ ਨਹੀਂ ਹੈ।"
"ਜੇਕਰ ਮੁਸਲਮਾਨ ਨੇ ਭਾਰਤ 'ਚ ਰਹਿਣਾ ਹੈ ਤਾਂ ਉਨ੍ਹਾਂ ਨੂੰ ਦੂਜੇ ਦਰਜੇ ਦੇ ਨਾਗਰਿਕ ਬਣ ਕੇ ਰਹਿਣਾ ਪਵੇਗਾ ਜਾਂ ਜੇਕਰ ਮੁਸਲਮਾਨਾਂ ਨੂੰ ਲੱਗਦਾ ਹੈ ਕਿ ਪਾਕਿਸਤਾਨ 'ਚ ਹਿੰਦੂਆਂ ਨੂੰ ਉਨ੍ਹਾਂ ਦੇ ਸ਼ਾਸਨ ਹੇਠ ਰਹਿਣਾ ਪਵੇਗਾ, ਜੇਕਰ ਅਜਿਹਾ ਹੋਇਆ ਤਾਂ ਇਹ ਹਿੰਦੂ ਅਤੇ ਇਸਲਾਮ ਦੋਵਾਂ ਧਰਮਾਂ 'ਤੇ ਇੱਕ ਗ੍ਰਹਿਣ ਦੀ ਤਰ੍ਹਾਂ ਹੋਵੇਗਾ।"
ਗੋਲਵਲਕਰ ਅਤੇ ਗਾਂਧੀ ਦੀ ਮੁਲਾਕਾਤ ਤੋਂ ਲਗਭਗ ਡੇਢ ਮਹੀਨੇ ਬਾਅਦ ਨਹਿਰੂ ਨੇ ਮੁੱਖ ਮੰਤਰੀਆਂ ਨੂੰ ਪੱਤਰ ਲਿਖਿਆ ਸੀ।
ਇਸ ਪੱਤਰ 'ਚ ਉਨ੍ਹਾਂ ਨੇ ਕਿਹਾ ਸੀ, "ਮੈਨੂੰ ਪਤਾ ਹੈ ਕਿ ਦੇਸ਼ 'ਚ ਕਿਸੇ ਹੱਦ ਤੱਕ ਇਹ ਭਾਵਨਾ ਹੈ ਕਿ ਕੇਂਦਰ ਸਰਕਾਰ ਕਮਜ਼ੋਰ ਹੈ ਅਤੇ ਮੁਸਲਮਾਨਾਂ ਨੂੰ ਖੁਸ਼ ਕਰ ਰਹੀ ਹੈ। ਇਹ ਪੂਰੀ ਤਰ੍ਹਾਂ ਨਾਲ ਬੇਬੁਨਿਆਦ ਅਤੇ ਬਕਵਾਸ ਹੈ। ਕਮਜ਼ੋਰ ਪੈਣ ਜਾਂ ਫਿਰ ਖੁਸ਼ ਕਰਨ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ।"
"ਭਾਰਤ 'ਚ ਮੁਸਲਿਮ ਘੱਟ ਗਿਣਤੀ ਇੰਨੀ ਵੱਡੀ ਮਾਤਰਾ 'ਚ ਹੈ ਕਿ ਉਹ ਚਾਹ ਕੇ ਵੀ ਕਿਤੇ ਹੋਰ ਨਹੀਂ ਜਾ ਸਕਦੇ ਹਨ। ਉਨ੍ਹਾਂ ਨੂੰ ਭਾਰਤ 'ਚ ਹੀ ਰਹਿਣਾ ਪਵੇਗਾ। ਇਸ ਵਿਸ਼ੇ 'ਤੇ ਕੋਈ ਬਹਿਸ ਨਹੀਂ ਹੋ ਸਕਦੀ ਹੈ।"
"ਪਾਕਿਸਤਾਨ ਵੱਲੋਂ ਭਾਵੇਂ ਕਿੰਨਾ ਹੀ ਉਕਸਾਇਆ ਜਾਵੇ ਅਤੇ ਉੱਥੇ ਗ਼ੈਰ-ਮੁਸਲਮਾਨਾਂ ਨਾਲ ਭਾਵੇਂ ਕਿੰਨਾ ਵੀ ਜ਼ੁਲਮ ਕੀਤਾ ਜਾਵੇ, ਅਸੀਂ ਆਪਣੇ ਘੱਟ ਗਿਣਤੀਆਂ ਨਾਲ ਸਹੀ ਵਤੀਰਾ ਰੱਖਾਂਗੇ।" (ਜੀ ਪਾਰਥਸਾਰਥੀ ਵੱਲੋਂ ਸੰਪਾਦਿਤ, ਜਵਾਹਰ ਲਾਲ ਨਹਿਰੂ ਲੇਟਰਜ਼ ਟੂ ਚੀਫ਼ ਮਨੀਸਟਰਜ਼- 1947-1964)
29 ਸਤੰਬਰ, 1947 ਨੂੰ ਨਹਿਰੂ ਨੇ ਦਿੱਲੀ 'ਚ ਇੱਕ ਜਨਤਕ ਸਭਾ ਨੂੰ ਸੰਬੋਧਨ ਕਰਦਿਆਂ ਕਿਹਾ ਸੀ, "ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਦੀ ਮੰਗ ਮੁਸਲਿਮ ਲੀਗ ਦੀ ਜਿੱਤ ਹੋਵੇਗੀ, ਜੋ ਕਿ ਪਾਕਿਸਤਾਨ ਬਣਾਉਣ ਤੋਂ ਵੀ ਵੱਡੀ ਹੋਵੇਗੀ। ਸਾਨੂੰ ਉਨ੍ਹਾਂ ਸਿਧਾਂਤਾਂ ਨੂੰ ਸਵੀਕਾਰ ਨਹੀਂ ਕਰਨਾ ਚਾਹੀਦਾ ਹੈ, ਜਿਨ੍ਹਾਂ ਦੇ ਵਿਰੁੱਧ ਅਸੀਂ ਆਪਣੇ ਅਤੀਤ 'ਚ ਲੜਾਈ ਲੜੀ ਹੈ।" (ਸਲੇਕਟਿਡ ਵਰਕਜ਼ ਆਫ਼ ਨਹਿਰੂ, ਸੈਕੇਂਡ ਸਿਰੀਜ਼, ਵਾਲੀਊਮ-4, 1986, ਪੰਨਾ ਨੰਬਰ-105)
2 ਅਕਤੂਬਰ, 1947 'ਚ ਨਹਿਰੂ ਨੇ ਕਾਂਗਰਸੀ ਵਰਕਰ ਨੂੰ ਸੰਬੋਧਨ ਕਰਦਿਆਂ ਕਿਹਾ ਸੀ, "ਹਿੰਦੂ ਰਾਸ਼ਟਰ ਦੀ ਮੰਗ ਨਾ ਸਿਰਫ ਮੂਰਖਤਾ ਅਤੇ ਮੱਧਯੁਗੀ ਸੋਚ ਨੂੰ ਦਰਸਾਉਂਦੀ ਹੈ, ਸਗੋਂ ਆਪਣੀ ਕਿਸਮ 'ਚ ਵੀ ਫਾਸ਼ੀਵਾਦੀ ਹੈ। ਇਨ੍ਹਾਂ ਵਿਚਾਰਧਾਰਵਾਂ ਨੂੰ ਉਕਸਾਉਣ ਵਾਲਿਆਂ ਦਾ ਉਹੀ ਹਸ਼ਰ ਹੋਵੇਗਾ, ਜੋ ਹਿਟਲਰ ਅਤੇ ਮੁਸੋਲਿਨੀ ਦਾ ਹੋਇਆ ਸੀ।" (ਸਲੇਕਟਿਡ ਵਰਕਜ਼ ਆਫ਼ ਨਹਿਰੂ, ਸੈਕੇਂਡ ਸਿਰੀਜ਼, ਵਾਲੀਊਮ-4, 1986, ਪੰਨਾ ਨੰਬਰ- 118)
ਹਿੰਦੂ ਰਾਸ਼ਟਰ ਦੇ ਵਿਚਾਰ ਦਾ ਵਿਰੋਧ ਨਾ ਸਿਰਫ਼ ਗਾਂਧੀ ਅਤੇ ਨਹਿਰੂ ਕਰ ਰਹੇ ਸਨ, ਸਗੋਂ ਭੀਮ ਰਾਓ ਅੰਬੇਡਕਰ ਵੀ ਖੁੱਲ ਕੇ ਇਸ ਦਾ ਵਿਰੋਧ ਕਰ ਰਹੇ ਸਨ, ਜੋ ਕਿ ਕਈ ਮਸਲਿਆਂ 'ਤੇ ਉਨ੍ਹਾਂ ਨਾਲ ਸਹਿਮਤ ਨਹੀਂ ਸਨ।
ਬੀਆਰ ਅੰਬੇਡਕਰ ਆਪਣੀ ਕਿਤਾਬ 'ਪਾਕਿਸਤਾਨ ਐਂਡ ਦਾ ਪਾਰਟੀਸ਼ਨ ਆਫ਼ ਇੰਡੀਆ' ਵਿੱਚ ਲਿਖਦੇ ਹਨ, "ਜੇਕਰ ਹਿੰਦੂ ਰਾਸ਼ਟਰ ਹਕੀਕਤ ਬਣ ਜਾਂਦਾ ਹੈ ਤਾਂ ਇਹ ਬਿਨਾਂ ਸ਼ੱਕ ਇਸ ਦੇਸ਼ ਲਈ ਸਭ ਤੋਂ ਵੱਡੀ ਤ੍ਰਾਸਦੀ ਸਿੱਧ ਹੋਵੇਗਾ। ਕਿਸੇ ਵੀ ਸੂਰਤ 'ਚ ਹਿੰਦੂ ਰਾਸ਼ਟਰ ਨੂੰ ਬਣਨ ਤੋਂ ਰੋਕਣਾ ਹੋਵੇਗਾ।" (1946, ਪੰਨਾ ਨੰਬਰ-354-355)
ਅੰਬੇਡਕਰ ਨੇ 24 ਮਾਰਚ, 1947 ਨੂੰ ਰਾਜ ਅਤੇ ਘੱਟ ਗਿਣਤੀਆਂ ਦੇ ਅਧਿਕਾਰਾ ਸਬੰਧੀ ਇੱਕ ਰਿਪੋਰਟ ਤਿਆਰ ਕੀਤੀ ਸੀ।
ਉਨ੍ਹਾਂ ਨੇ ਇਸ ਰਿਪੋਰਟ 'ਚ ਲਿਖਿਆ ਸੀ, "ਭਾਰਤੀ ਘੱਟ ਗਿਣਤੀਆਂ ਦੀ ਇਹ ਬਦਕਿਸਮਤੀ ਹੈ ਕਿ ਭਾਰਤੀ ਰਾਸ਼ਟਰਵਾਦ ਨੇ ਇੱਕ ਨਵਾਂ ਸਿਧਾਂਤ ਤਿਆਰ ਕਰ ਲਿਆ ਹੈ। ਬਹੁਗਿਣਤੀ ਲੋਕਾਂ ਨੂੰ ਲੱਗਦਾ ਹੈ ਕਿ ਘੱਟ ਗਿਣਤੀ ਲੋਕਾਂ 'ਤੇ ਰਾਜ ਕਰਨਾ ਉਨ੍ਹਾਂ ਦਾ ਬ੍ਰਹਮ ਅਧਿਕਾਰ ਹੈ। ਘੱਟ ਗਿਣਤੀ ਜੇਕਰ ਸੱਤਾ 'ਚ ਹਿੱਸੇਦਾਰੀ ਮੰਗਦੇ ਹਨ ਤਾਂ ਉਨ੍ਹਾਂ ਨੂੰ ਫਿਰਕੂ ਕਰਾਰ ਦਿੱਤਾ ਜਾਵੇਗਾ ਜਦਕਿ ਬਹੁਗਿਣਤੀ ਵੱਲੋਂ ਸੱਤਾ 'ਤੇ ਏਕਾਧਿਕਾਰ ਨੂੰ ਰਾਸ਼ਟਰਵਾਦ ਕਿਹਾ ਜਾਵੇਗਾ।"
ਗਾਂਧੀ ਦਾ ਕਤਲ
ਨੱਥੂਰਾਮ ਗੋਡਸੇ ਨੇ 30 ਜਨਵਰੀ, 1948 ਨੂੰ ਸ਼ੁੱਕਰਵਾਰ ਦੀ ਸ਼ਾਮ ਨੂੰ ਮਹਾਤਮਾ ਗਾਂਧੀ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ।
ਨੱਥੂਰਾਮ ਦੇ ਭਰਾ ਗੋਪਾਲ ਗੋਡਸੇ ਨੇ ਕਿਹਾ ਸੀ, "ਸਾਡਾ ਮਕਸਦ ਸਰਕਾਰ 'ਤੇ ਕੰਟ੍ਰੋਲ ਕਰਨਾ ਨਹੀਂ ਸੀ, ਅਸੀਂ ਤਾਂ ਸਿਰਫ ਰਾਸ਼ਟਰ ਨੂੰ ਇੱਕ ਅਜਿਹੇ ਵਿਅਕਤੀ ਤੋਂ ਮੁਕਤ ਕਰਨ ਦੀ ਕੋਸ਼ਿਸ਼ ਕਰ ਰਹੇ ਸੀ, ਜਿਸ ਨੇ ਦੇਸ਼ ਨੂੰ ਬਹੁਤ ਨੁਕਸਾਨ ਪਹੁੰਚਾਇਆ ਸੀ। ਉਨ੍ਹਾਂ ਨੇ ਲਗਾਤਾਰ ਹਿੰਦੂ ਰਾਸ਼ਟਰ ਦਾ ਅਪਮਾਨ ਕੀਤਾ ਅਤੇ ਆਪਣੇ ਹਿੰਸਾ ਦੇ ਸਿਧਾਂਤ ਨਾਲ ਉਸ ਨੂੰ ਕਮਜ਼ੋਰ ਕੀਤਾ ਸੀ।"
"ਆਪਣੇ ਕਈ ਵਰਤਾਂ ਦੌਰਾਨ ਉਨ੍ਹਾਂ ਨੇ ਹਮੇਸ਼ਾਂ ਮੁਸਲਿਮ ਪੱਖੀ ਸ਼ਰਤਾਂ ਰੱਖੀਆਂ। ਉਨ੍ਹਾਂ ਨੇ ਮੁਸਲਿਮ ਕੱਟੜਪੰਥੀਆਂ ਦੇ ਬਾਰੇ 'ਚ ਕਦੇ ਵੀ ਕੁਝ ਨਹੀਂ ਕਿਹਾ। ਅਸੀਂ ਭਾਰਤੀਆਂ ਨੂੰ ਇਹ ਵਿਖਾਉਣਾ ਚਾਹੁੰਦੇ ਸੀ ਕਿ ਅਜਿਹੇ ਭਾਰਤੀ ਵੀ ਹਨ ਜੋ ਅਪਮਾਨ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਨਗੇ। ਹਿੰਦੂਆਂ 'ਚ ਅਜੇ ਵੀ ਕੁਝ ਉਸ ਵਰਗੇ ਲੋਕ ਬਚੇ ਹਨ।" ('ਗਾਂਧੀ ਕਤਲ ਅਤੇ ਮੈਂ', ਗੋਪਾਲ ਗੋਡਸੇ, ਪੰਨਾ ਨੰਬਰ-20)
ਭਾਜਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਗ੍ਰਹਿ ਮੰਤਰੀ ਲਾਲ ਕ੍ਰਿਸ਼ਨ ਅਡਵਾਨੀ ਨੇ ਆਪਣੀ ਕਿਤਾਬ 'ਮੇਰਾ ਦੇਸ਼ ਮੇਰਾ ਜੀਵਨ' (ਪੰਨਾ ਨੰਬਰ-58) 'ਚ ਸਵੀਕਾਰ ਕੀਤਾ ਹੈ ਕਿ ਗੋਡਸੇ ਇੱਕ ਸਮੇਂ ਆਰਐੱਸਐੱਸ ਦੇ ਵਲੰਟੀਅਰ ਸਨ।
ਅਡਵਾਨੀ ਲਿਖਦੇ ਹਨ, "ਜਿਸ ਵਿਅਕਤੀ ਨੇ ਇਹ ਘਿਨਾਉਣਾ ਅਪਰਾਧ ਕੀਤਾ, ਉਹ ਹਿੰਦੂ ਮਹਾਂਸਭਾ ਦਾ ਮੈਂਬਰ ਸੀ। ਉਹ ਕਦੇ ਆਰਐੱਸਐੱਸ ਦਾ ਵਲੰਟੀਅਰ ਵੀ ਰਿਹਾ ਸੀ, ਪਰ ਸੰਘ ਨਾਲ ਡੂੰਘੇ ਮਤਭੇਦ ਹੋਣ ਦੇ ਕਾਰਨ 15 ਸਾਲ ਪਹਿਲਾਂ ਉਹ ਸੰਘ ਛੱਡ ਗਿਆ ਸੀ।"
ਗੋਲਵਲਕਰ ਤੋਂ ਵੱਖਰੀ ਦੇਵਰਸ ਦੀ ਰਾਹ
ਜੂਨ 1973 'ਚ ਗੋਲਵਲਕਰ ਦਾ ਦੇਹਾਂਤ ਹੋ ਗਿਆ ਅਤੇ ਆਰਐੱਸਐੱਸ ਦੀ ਕਮਾਨ ਮਧੂਕਰ ਦੱਤਾਤ੍ਰੇਅ ਦੇਵਰਸ (ਬਾਲਾਸਾਹਿਬ ਦੇਵਰਸ) ਨੂੰ ਸੌਂਪੀ ਗਈ। ਦੇਵਰਸ ਜਦੋਂ ਆਰਐੱਸਐੱਸ ਦੇ ਮੁਖੀ ਬਣੇ ਤਾਂ ਉਸ ਸਮੇਂ ਉਨ੍ਹਾਂ ਦੀ ਉਮਰ 58 ਸਾਲ ਦੀ ਸੀ। ਦੇਵਰਸ ਗੋਲਵਾਲਕਰ ਤੋਂ 9 ਸਾਲ ਛੋਟੇ ਸਨ।
ਗੋਲਵਲਕਰ ਨੇ ਸਭ ਤੋਂ ਵਧ ਸਮੇਂ ਤੱਕ ਭਾਵ ਤਕਰੀਬਨ 33 ਸਾਲ (1940-73) ਆਰਐੱਸਐੱਸ ਦੀ ਕਮਾਨ ਸੰਭਾਲੀ।
ਇਨ੍ਹਾਂ 33 ਸਾਲਾਂ ਦੌਰਾਨ ਗੋਲਵਲਕਰ ਨੇ ਆਰਐੱਸਐੱਸ ਨੂੰ ਵਿਚਾਰਕ ਤੌਰ 'ਤੇ ਮਜ਼ਬੂਤ ਕੀਤਾ। ਗੋਲਵਲਕਰ ਤੋਂ ਬਾਅਦ ਦੇਵਰਸ ਸਭ ਤੋਂ ਲੰਮੇ ਸਮੇਂ ਤੱਕ ਭਾਵ ਲਗਭਗ 21 ਸਾਲਾਂ (1973-94) ਤੱਕ ਆਰਐੱਸਐੱਸ ਦੇ ਮੁਖੀ ਵੱਜੋਂ ਸੇਵਾਵਾਂ ਨਿਭਾਉਂਦੇ ਰਹੇ।
ਇਨ੍ਹਾਂ 21 ਸਾਲਾਂ ਦੌਰਾਨ ਹੀ ਭਾਰਤ 'ਚ ਐਮਰਜੈਂਸੀ ਦੀ ਸਥਿਤੀ ਐਲਾਨੀ ਗਈ, ਲਾਈਸੈਂਸ ਰਾਜ ਖ਼ਤਮ ਹੋਇਆ, ਮੰਡਲ ਕਮਿਸ਼ਨ ਲਾਗੂ ਹੋਇਆ ਅਤੇ ਅਯੁੱਧਿਆ 'ਚ ਬਾਬਰੀ ਮਸਜਿਦ ਢਾਹੀ ਗਈ।
ਦੇਵਰਸ ਇਸੇ ਮਹੱਤਵਪੂਰਨ ਦੌਰ 'ਚ ਸੰਘ ਦੀ ਅਗਵਾਈ ਕਰ ਰਹੇ ਸਨ। ਦੇਵ ਦੇ ਮੁਖੀ ਵੱਜੋਂ ਸੇਵਾਵਾਂ ਨਿਭਾਉਂਦੇ ਸਮੇਂ ਉੱਤਰ ਪ੍ਰਦੇਸ਼ 'ਚ ਭਾਜਪਾ ਦੀ ਸਰਕਾਰ ਬਣੀ ਅਤੇ ਪੱਛੜੀ ਜਾਤੀ ਦੇ ਕਲਿਆਣ ਸਿੰਘ ਮੁੱਖ ਮੰਤਰੀ ਬਣੇ।
ਦੇਵਰਸ ਅਤੇ ਗੋਲਵਲਕਰ ਦਰਮਿਆਨ ਬਹੁਤ ਮਤਭੇਦ ਸਨ ਅਤੇ ਇਹ ਮਤਭੇਦ ਸਮੇਂ-ਸਮੇਂ ਦੌਰਾਨ ਜਨਤਕ ਵੀ ਹੁੰਦੇ ਰਹੇ। ਸੰਜੀਵ ਕੇਲਕਰ ਨੇ 'ਲੋਸਟ ਯੀਅਰਸ ਆਫ਼ ਦ ਆਰਐੱਸਐੱਸ' 'ਚ ਲਿਖਿਆ ਹੈ ਕਿ ਇਹ ਉਹੀ ਸਮਾਂ ਸੀ ਜਦੋਂ ਆਰਐੱਸਐੱਸ ਬਹੁਤ ਸਾਵਧਾਨ ਸੀ।
ਸੀਨੀਅਰ ਪੱਤਰਕਾਰ ਅਤੇ ਲੇਖਕ ਨੀਲਾਂਜਨ ਮੁਖੋਪਾਧਿਆਏ ਆਪਣੀ ਕਿਤਾਬ 'ਦਿ ਆਰਐੱਸਐੱਸ: ਆਈਕਨਜ਼ ਆਫ਼ ਦਿ ਇੰਡੀਅਨ ਰਾਈਟ' 'ਚ ਲਿਖਦੇ ਹਨ, "ਦੇਵਰਸ ਨੂੰ ਲੱਗਦਾ ਸੀ ਕਿ ਹੇਡਗੇਵਾਰ ਤੋਂ ਬਾਅਦ ਉਨ੍ਹਾਂ ਨੂੰ ਸੰਘ ਦਾ ਮੁਖੀ ਬਣਨਾ ਚਾਹੀਦਾ ਸੀ ਪਰ ਗੋਲਵਲਕਰ ਨੇ ਇਸ ਮੌਕੇ 'ਤੇ ਬਾਜ਼ੀ ਮਾਰ ਲਈ।"
"ਗੋਲਵਲਕਰ 1930 ਦੇ ਦਹਾਕੇ ਦੇ ਅਖ਼ੀਰੀ ਸਾਲਾਂ ਦੌਰਾਨ ਹੇਡਗੇਵਾਰ ਦੇ ਪਸੰਦੀਦਾ ਬਣੇ ਸਨ ਜਦੋਂ ਕਿ ਦੇਵਰਸ ਪਹਿਲਾਂ ਤੋਂ ਹੀ ਆਰਐੱਸਐੱਸ ਦੀ ਪ੍ਰਮੁੱਖ ਲੀਡਰਸ਼ਿਪ ਦਾ ਹਿੱਸਾ ਸਨ। ਦੇਵਰਸ ਨੂੰ ਹੇਡਗੇਵਾਰ ਦੇ ਉੱਤਰਾਧਿਕਾਰੀ ਵਜੋਂ ਵੇਖਿਆ ਵੀ ਜਾਂਦਾ ਸੀ।ਗੋਲਵਲਕਰ ਦੇ ਸਰਸੰਘਚਾਲਕ ਬਣਨ 'ਤੇ ਦੇਵਰਸ ਨੇ ਖੁੱਲ੍ਹ ਕੇ ਆਪਣੀ ਨਾਰਾਜ਼ਗੀ ਪ੍ਰਗਟ ਕੀਤੀ ਸੀ।"
"ਦੂਜੇ ਪਾਸੇ ਗੋਲਵਲਕਰ ਹਮੇਸ਼ਾ ਹੀ ਦੇਵਰਸ ਦੀ ਪ੍ਰਸ਼ੰਸਾ ਕਰਿਆ ਕਰਦੇ ਸਨ। ਇੱਥੋਂ ਤੱਕ ਕਿ ਗੋਲਵਲਕਰ ਦੇਵਰਸ ਨੂੰ ਹੇਡਗੇਵਾਰ ਦਾ ਪਰਛਾਵਾਂ ਦੱਸਿਆ ਕਰਦੇ ਸਨ। ਪਰ ਇਸ ਨਾਲ ਦੇਵਰਸ ਨੂੰ ਕੋਈ ਫ਼ਰਕ ਨਹੀਂ ਪਿਆ। ਗੋਲਵਲਕਰ ਨੇ ਸੰਘ ਮੁਖੀ ਬਣਨ ਤੋਂ ਬਾਅਦ ਪਹਿਲੀ ਬੈਠਕ ਸੱਦੀ ਅਤੇ ਦੇਵਰਸ ਨੇ ਇਸ ਬੈਠਕ ਤੋਂ ਦੂਰ ਰਹਿ ਕੇ ਹੀ ਆਪਣਾ ਵਿਰੋਧ ਪ੍ਰਗਟ ਕੀਤਾ।"
ਦੇਸਰਾਜ ਗੋਇਲ ਨੇ ਆਪਣੀ ਕਿਤਾਬ 'ਰਾਸ਼ਟਰੀ ਸਵੈਮ ਸੇਵਕ ਸੰਘ' 'ਚ ਲਿਖਿਆ ਹੈ, "ਦੇਵਰਸ ਨੇ ਕਿਹਾ ਸੀ ਕਿ ਉਹ ਨਾਗਪੁਰ 'ਚ ਮੈਸ ਦੀ ਨਿਗਰਾਨੀ ਕਰਨ ਲਈ ਗਏ ਸਨ ਤਾਂ ਜੋ ਸਵੈਮ ਸੇਵਕਾਂ ਨੂੰ ਸਮੇਂ ਸਿਰ ਭੋਜਨ ਮਿਲ ਸਕੇ। ਗੋਲਵਲਕਰ ਨੇ ਇਸ 'ਤੇ ਕਿਹਾ ਸੀ ਕਿ ਅਸਲੀ ਸਰਸੰਘਚਾਲਕ ਮੈਸ 'ਚ ਹੈ। ਮੈਂ ਤਾਂ ਨਾਮ ਦਾ ਮੁਖੀ ਹਾਂ। ਪਹਿਲਾਂ ਉਨ੍ਹਾਂ ਨੂੰ ਬੁਲਾਓ।"
ਦਲਿਤਾਂ ਅਤੇ ਪੱਛੜੇ ਵਰਗਾਂ ਨੂੰ ਜੋੜਨ ਦੀ ਪਹਿਲ
ਨੀਲਾਂਜਨ ਮੁਖੋਪਾਧਿਆਏ ਲਿਖਦੇ ਹਨ, "ਹੇਡਗੇਵਾਰ ਅਤੇ ਗੋਲਵਲਕਰ ਸਾਵਰਕਰ ਦੇ ਹਿੰਦੂਤਵ ਦਾ ਸਮਰਥਨ ਕਰਦੇ ਸਨ, ਪਰ ਦੋਵਾਂ ਨੇ ਇਸ ਨੂੰ ਵੱਖੋ ਵੱਖ ਢੰਗ ਨਾਲ ਅਪਣਾਇਆ। ਸਾਵਰਕਰ ਹਿੰਦੂਆਂ ਦੇ ਫੌਜੀਕਰਨ ਦੇ ਹੱਕ 'ਚ ਸਨ। ਹੇਡਗੇਵਾਰ ਨੇ ਸੰਗਠਨ ਨੂੰ ਮਜ਼ਬੂਤ ਬਣਾਉਣ 'ਤੇ ਜ਼ੋਰ ਦਿੱਤਾ ਜਦੋਂ ਕਿ ਗੋਲਵਲਕਰ ਹਿੰਦੂਤਵ ਦੀ ਵਿਚਾਰਧਾਰਾ ਨੂੰ ਅਧਿਆਤਮਕ ਰੂਪ ਨਾਲ ਮਜ਼ਬੂਤ ਕਰਨਾ ਚਾਹੁੰਦੇ ਸਨ। ਇਨ੍ਹਾਂ ਤੋਂ ਵੱਖ ਦੇਵਰਸ ਆਰਐੱਸਐੱਸ ਨੂੰ ਸਿਆਸੀ ਸ਼ਕਤੀ ਵਜੋਂ ਪੇਸ਼ ਕਰਨਾ ਚਾਹੁੰਦੇ ਸਨ।"
ਦੇਵਰਸ ਨੇ ਭਾਰਤੀ ਮਜ਼ਦੂਰ ਸੰਘ ਅਤੇ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਵਰਗੇ ਸਹਿਯੋਗੀ ਸੰਗਠਨਾਂ ਨੂੰ ਮਜ਼ਬੂਤ ਕੀਤਾ। ਦੇਵਰਸ ਦਾ ਮੰਨਣਾ ਸੀ ਕਿ ਇਸ ਨਾਲ ਸਿਆਸੀ ਗਤੀਵਿਧੀਆਂ ਲਈ ਜ਼ਮੀਨ ਤਿਆਰ ਹੋਵੇਗੀ।
ਨੀਲਾਂਜਨ ਮੁਖੋਪਾਧਿਆਏ ਕਹਿੰਦੇ ਹਨ, "ਦੇਵਰਸ ਨੂੰ ਲੱਗਦਾ ਸੀ ਕਿ ਸੰਘ ਨੂੰ ਦਲਿਤਾਂ ਤੱਕ ਪਹੁੰਚ ਕਰਨੀ ਚਾਹੀਦੀ ਹੈ। ਉਨ੍ਹਾਂ ਦਾ ਮੰਨਣਾ ਸੀ ਕਿ ਜੇਕਰ ਦਲਿਤਾਂ ਨੂੰ ਮੁੱਖ ਧਾਰਾ 'ਚ ਨਹੀਂ ਲਿਆਂਦਾ ਗਿਆ ਤਾਂ ਉਹ ਦੂਜੇ ਧਰਮਾਂ ਦਾ ਆਸਰਾ ਲੈ ਲੈਣਗੇ। 1981 'ਚ ਮੀਨਾਕਸ਼ੀਪੁਰਮ 'ਚ ਦਲਿਤਾਂ ਨੇ ਵੱਡੀ ਗਿਣਤੀ 'ਚ ਇਸਲਾਮ ਅਪਣਾ ਲਿਆ ਸੀ। ਇਸ ਘਟਨਾ ਤੋਂ ਬਾਅਦ ਹੀ ਦੇਵਰਸ ਹੋਰ ਸਰਗਰਮ ਹੋ ਗਏ ਸਨ।"
ਨੀਲਾਂਜਨ ਮੁਖੋਪਾਧਿਆਏ ਦਾ ਮੰਨਣਾ ਹੈ ਕਿ ਨਵੰਬਰ 1989 'ਚ ਅਯੁੱਧਿਆ 'ਚ ਵਿਸ਼ਵ ਹਿੰਦੂ ਪ੍ਰੀਸ਼ਦ ਨੇ ਮੰਦਰ ਦਾ ਨੀਂਹ ਪੱਥਰ ਇੱਕ ਦਲਿਤ ਤੋਂ ਰੱਖਵਾਇਆ ਸੀ, ਜੋਕਿ ਬਹੁਤ ਹੀ ਪ੍ਰਤੀਕਾਤਮਕ ਸੁਨੇਹਾ ਸੀ। ਇਸ ਤੋਂ ਬਾਅਦ ਜਦੋਂ 1991 'ਚ ਭਾਜਪਾ ਨੂੰ ਉੱਤਰ ਪ੍ਰਦੇਸ਼ ਚੋਣਾਂ 'ਚ ਜਿੱਤ ਮਿਲੀ ਤਾਂ ਪੱਛੜੀ ਜਾਤੀ ਦੇ ਆਗੂ ਕਲਿਆਣ ਸਿੰਘ ਨੂੰ ਮੁੱਖ ਮੰਤਰੀ ਬਣਾਇਆ ਗਿਆ।
ਉਮਾ ਭਾਰਤੀ, ਵਿਨੈ ਕਟਿਆਰ ਅਤੇ ਕਈ ਹੋਰ ਚਿਹਰਿਆਂ ਨੂੰ ਵੀ ਮੋਹਰੀ ਬਣਾਇਆ ਗਿਆ ਜੋ ਕਿ ਉੱਚ ਜਾਤੀ ਨਾਲ ਸਬੰਧਤ ਨਹੀਂ ਸਨ।
ਉਹ ਕਹਿੰਦੇ ਹਨ, "ਅੱਜ ਭਾਜਪਾ ਦਲਿਤਾਂ ਅਤੇ ਪੱਛੜੀ ਜਾਤੀਆਂ 'ਤੇ ਧਿਆਨ ਕੇਂਦਰਿਤ ਕਰਕੇ ਅਗਾਂਹ ਵੱਧ ਰਹੀ ਹੈ ਪਰ ਇਸ ਦਾ ਆਗਾਜ਼ ਤਾਂ ਦੇਵਰਸ ਨੇ ਕੀਤਾ ਸੀ।"
ਰਾਜੇਂਦਰ ਸਿੰਘ (ਰੱਜੂ ਭਈਆ) ਦਾ ਦੌਰ
ਦੇਵਰਸ ਨੇ 1994 'ਚ ਰੱਜੂ ਭਈਆ (ਰਾਜੇਂਦਰ ਸਿੰਘ) ਨੂੰ ਆਰਐੱਸਐੱਸ ਦਾ ਮੁਖੀ ਐਲਾਨਿਆ। ਉਨ੍ਹਾਂ ਦਾ ਇਹ ਫੈਸਲਾ ਵੀ ਪਰੰਪਰਾ ਨੂੰ ਤੋੜਨ ਵਰਗਾ ਹੀ ਸੀ। ਹੁਣ ਤੱਕ ਸੰਘ ਦੇ ਜਿੰਨੇ ਵੀ ਮੁਖੀ ਬਣੇ ਸਨ, ਉਹ ਸਾਰੇ ਬ੍ਰਾਹਮਣ ਸਨ, ਪਰ ਰੱਜੂ ਭਈਆ ਉੱਤਰ ਪ੍ਰਦੇਸ਼ ਦੇ ਠਾਕੁਰ ਸਨ।
ਨੀਲਾਂਜਨ ਇਸ ਨੂੰ ਵੀ ਦੇਵਰਸ ਦਾ ਰਣਨੀਤਕ ਫ਼ੈਸਲਾ ਦੱਸਦੇ ਹਨ। ਉਹ ਕਹਿੰਦੇ ਹਨ ਕਿ ਦੇਵਰਸ ਜੇਕਰ ਰਾਜੇਂਦਰ ਸਿੰਘ ਨੂੰ ਮੁਖੀ ਨਾ ਬਣਾਉਂਦੇ ਤਾਂ ਵੀ ਉਹ ਕਿਸੇ ਗੈਰ ਬ੍ਰਾਹਮਣ ਨੂੰ ਹੀ ਇਸ ਅਹੁਦੇ 'ਤੇ ਬਿਰਾਜਮਾਨ ਕਰਦੇ।
ਸੰਘ ਦੀ ਪਰੰਪਰਾ ਅਨੁਸਾਰ, ਮੌਜੂਦਾ ਸਰਸੰਘਚਾਲਕ ਹੀ ਆਪਣੇ ਉੱਤਰਾਧਿਕਾਰੀ ਦੇ ਨਾਮ ਦਾ ਐਲਾਨ ਕਰ ਸਕਦਾ ਹੈ। ਦੇਵਰਸ ਨੇ ਅਜਿਹੇ ਸਮੇਂ ਰੱਜੂ ਭਈਆਂ ਦੀ ਚੋਣ ਕੀਤੀ ਜਦੋਂ ਦੇਸ਼ 'ਚ ਜਾਤੀ-ਅਧਾਰਤ ਪਛਾਣ ਦੀ ਰਾਜਨੀਤੀ ਜ਼ੋਰ ਫੜ ਰਹੀ ਸੀ।
ਹਾਲਾਂਕਿ ਰੱਜੂ ਭਈਆ ਦਾ ਸਰਸੰਘਚਾਲਕ ਵੱਜੋਂ ਕਾਰਜਕਾਲ ਸਿਰਫ਼ 6 ਸਾਲ ਦਾ ਹੀ ਸੀ। ਇਹ ਹੁਣ ਤੱਕ ਦੇ ਸਾਰੇ ਸੰਘ ਮੁਖੀਆਂ 'ਚੋਂ ਸਭ ਤੋਂ ਛੋਟਾ ਕਾਰਜਕਾਲ ਸੀ।
ਦੇਵਰਸ ਮੁਸਲਮਾਨਾਂ ਦੇ ਖਿਲਾਫ਼ ਹਮਲੇ ਤੋਂ ਪਰਹੇਜ਼ ਹੀ ਕਰਦੇ ਸਨ। ਇਸ ਨਾਲ ਹੀ ਸਬੰਧਤ ਇੱਕ ਘਟਨਾ ਦੀ ਜਾਣਕਾਰੀ ਨੀਲਾਂਜਨ ਮੁਖੋਪਾਧਿਆਏ ਆਪਣੀ ਕਿਤਾਬ 'ਚ ਸਾਂਝੀ ਕਰਦੇ ਹਨ।
ਨੀਲਾਂਜਨ ਲਿਖਦੇ ਹਨ, "ਰੱਜੂ ਭਈਆ ਚਾਹੁੰਦੇ ਸਨ ਕਿ ਸੰਘ ਮੁਖੀ ਭਾਵ ਦੇਵਰਸ ਵਿਜੇਦਸ਼ਮੀ (1992) ਦੇ ਸੰਬੋਧਨ ਦੌਰਾਨ ਅਯੁੱਧਿਆ 'ਚ ਰਾਮ ਮੰਦਰ ਦੇ ਮੁੱਦੇ 'ਤੇ ਖਰੀਆਂ-ਖਰੀਆ ਗੱਲਾਂ ਕਰਨ। ਰੱਜੂ ਭਈਆ ਨੇ ਇਸ ਲਈ ਨਾਗਪੁਰ ਜਾਣ ਦਾ ਫੈਸਲਾ ਕੀਤਾ ਤਾਂ ਜੋ ਦੇਵਰਸ ਦੇ ਭਾਸ਼ਣ 'ਚ ਅਯੁੱਧਿਆ ਮੁੱਦੇ ਨੂੰ ਹਮਲਾਵਰ ਢੰਗ ਨਾਲ ਪੇਸ਼ ਕੀਤਾ ਜਾ ਸਕੇ।"
"ਰੱਜੂ ਭਈਆ ਨੇ ਦੇਵਰਸ ਦੇ ਨਿੱਜੀ ਸਹਾਇਕ ਸ਼੍ਰੀਕਾਂਤ ਜੋਸ਼ੀ ਤੋਂ ਵਿਜੇਦਸ਼ਮੀ ਦੇ ਭਾਸ਼ਣ ਦੀ ਕਾਪੀ ਮੰਗੀ। ਭਾਸ਼ਣ ਆਮ ਤੌਰ 'ਤੇ ਐਮਜੀ ਵੈਦਿਆ ਹੀ ਲਿਖਦੇ ਸਨ। ਰੱਜੂ ਭਈਆ ਦਾ ਸ਼ੱਕ ਸਹੀ ਸਾਬਤ ਹੋਇਆ, ਕਿਉਂਕਿ ਉਸ ਭਾਸ਼ਣ 'ਚ ਰਾਮ ਮੰਦਰ ਮੁੱਦੇ ਨੂੰ ਹਮਲਾਵਰ ਢੰਗ ਨਾਲ ਪੇਸ਼ ਨਹੀਂ ਕੀਤਾ ਗਿਆ ਸੀ। ਐੱਮਜੀ ਵੈਦਿਆ ਨੇ ਰੱਜੂ ਭਈਆ ਦੀ ਸਲਾਹ 'ਤੇ ਭਾਸ਼ਣ 'ਚ ਸੋਧ ਕੀਤੀ ਅਤੇ ਰਾਮ ਮੰਦਰ ਦੇ ਮੁੱਦੇ ਨੂੰ ਹਮਲਾਵਰ ਢੰਗ ਨਾਲ ਪੇਸ਼ ਕੀਤਾ।"
ਨੀਲਾਂਜਨ ਅੱਗੇ ਲਿਖਦੇ ਹਨ, "ਅਗਲੀ ਸਵੇਰ ਦੇਵਰਸ ਨੇ ਵੈਦਿਆ ਨੂੰ ਬੁਲਾਇਆ ਅਤੇ ਪੁੱਛਿਆ ਕਿ ' ਕੀ ਤੁਹਾਨੂੰ ਲੱਗਦਾ ਹੈ ਕਿ ਸਰਸੰਘਚਾਲਕ ਆਪਣੇ ਭਾਸ਼ਣ 'ਚ ਅਜਿਹੇ ਸ਼ਬਦਾਂ ਦੀ ਵਰਤੋਂ ਕਰਦਾ ਹੈ? ਵੈਦਿਆ ਨੇ ਰੱਜੂ ਭਈਆ ਦੀ ਸਲਾਹ ਦਾ ਜ਼ਿਕਰ ਨਹੀਂ ਕੀਤਾ ਅਤੇ ਦੇਵਰਸ ਨੇ ਆਪਣਾ ਪੁਰਾਣਾ ਭਾਸ਼ਣ ਹੀ ਪੜ੍ਹਿਆ।"
ਨੀਲਾਂਜਨ ਮੁਖੋਪਾਧਿਆਏ ਨੇ ਬੀਬੀਸੀ ਹਿੰਦੀ ਨੂੰ ਦੱਸਿਆ, "ਪਰ ਇਸ ਦਾ ਮਤਲਬ ਇਹ ਬਿਲਕੁਲ ਵੀ ਨਹੀਂ ਸੀ ਕਿ ਦੇਵਰਸ ਮਸਜਿਦ ਤੋੜਨ ਦੇ ਪੱਖ 'ਚ ਨਹੀਂ ਸਨ ਅਤੇ ਰਾਮ ਮੰਦਰ ਨਹੀਂ ਚਾਹੁੰਦੇ ਸਨ।"
ਕੇ ਐੱਸ ਸੁਦਰਸ਼ਨ ਦਾ ਦੌਰ
ਰੱਜੂ ਭਈਆ ਤੋਂ ਬਾਅਦ ਕੇਐਸ ਸੁਦਰਸ਼ਨ ਸੰਘ ਦੇ ਮੁਖੀ ਬਣੇ। ਉਨ੍ਹਾਂ ਦਾ ਕਾਰਜਕਾਲ 2000-2009 ਤੱਕ ਰਿਹਾ ਸੀ। ਰਾਏਪੁਰ 'ਚ ਜਨਮੇ ਸੁਦਰਸ਼ਨ ਅਤੇ ਅਟਲ ਬਿਹਾਰੀ ਦੇ ਸਬੰਧਾਂ ਵਿਚਾਲੇ ਕਈ ਵਾਰ ਖਿੱਚੋਤਾਣ ਵਿਖਾਈ ਦਿੱਤੀ। ਸੁਦਰਸ਼ਨ ਨੇ ਇਲਜ਼ਾਮ ਲਗਾਇਆ ਸੀ ਕਿ ਵਾਜਪਾਈ ਨੇ ਆਪਣੇ 'ਜਵਾਈ ਦੇ ਭ੍ਰਿਸ਼ਟਾਚਾਰ ਨੂੰ ਰੋਕਿਆ ਨਹੀਂ'।
ਦਰਅਸਲ ਆਰਐੱਸਐੱਸ 'ਚ ਕੋਈ ਮੁਸਲਮਾਨ ਸ਼ਾਮਲ ਨਹੀਂ ਹੋ ਸਕਦਾ ਹੈ ਅਤੇ ਇਸ ਦੀ ਅਕਸਰ ਹੀ ਆਲੋਚਨਾ ਹੁੰਦੀ ਸੀ। ਸੁਦਰਸ਼ਨ ਦੇ ਕਾਰਜਕਾਲ ਦੌਰਾਨ ਹੀ ਸਾਲ 2002 'ਚ 'ਮੁਸਲਿਮ ਰਾਸ਼ਟਰੀ ਮੰਚ' ਹੋਂਦ 'ਚ ਆਇਆ ਸੀ।
'ਮੁਸਲਿਮ ਰਾਸ਼ਟਰੀ ਮੰਚ' ਨੂੰ 'ਰਾਸ਼ਟਰਵਾਦੀ ਮੁਸਲਮਾਨਾਂ ਦਾ ਸੰਗਠਨ' ਦੱਸਿਆ ਗਿਆ ਅਤੇ ਨਾਲ ਹੀ ਕਿਹਾ ਗਿਆ ਕਿ ਇਸ ਦੇ ਮੈਂਬਰ 'ਰਾਸ਼ਟਰ ਪਹਿਲਾਂ ਅਤੇ ਮਜ਼ਹਬ ਬਾਅਦ 'ਚ' ਦੇ ਸਿਧਾਂਤ ਦੀ ਪਾਲਣਾ ਕਰਦੇ ਹਨ।
ਨੀਲਾਂਜਨ ਦੱਸਦੇ ਹਨ ਕਿ ਮੁਸਲਮਾਨਾਂ 'ਚ ਪ੍ਰਭਾਵ ਕਰਨ ਕਾਇਮ ਕਰਨ ਦੇ ਹਿਮਾਇਤੀ ਸੁਦਰਸ਼ਨ ਦੇ ਗੁਰੂ ਬਾਲਾਸਾਹਿਬ ਦੇਵਰਸ ਵੀ ਸਨ।
ਮੁਸਲਮਾਨਾਂ ਵਿਚਾਲੇ 'ਵੰਦੇ ਮਾਤਰਮ' ਗਾਉਣ ਦੀ ਮੁਹਿੰਮ ਚਲਾਉਣ ਵਾਲਾ 'ਮੁਸਲਿਮ ਰਾਸ਼ਟਰੀ ਮੰਚ' ਵਿਵਾਦਾਂ 'ਚ ਰਿਹਾ। ਉਸ ਦੇ ਤਾਰ ਅਜਮੇਰ ਅਤੇ ਮਾਲੇਗਾਓਂ ਵਰਗੇ ਬੰਬ ਧਮਾਕਿਆਂ ਨਾਲ ਜੋੜੇ ਗਏ ਸਨ, ਪਰ 2016 'ਚ ਐੱਨਆਈਏ ਨੇ ਸਾਰੇ ਇਲਜ਼ਾਮਾਂ ਨੂੰ ਵਾਪਸ ਲੈਣ ਦਾ ਫੈਸਲਾ ਕੀਤਾ।
2009 'ਚ ਆਰਐੱਸਐੱਸ ਦੀ ਕਮਾਨ ਮੋਹਨ ਭਾਗਵਤ ਦੇ ਹੱਥ ਆਈ, ਜੋ ਕਿ ਪਿਛਲੇ 16 ਸਾਲਾਂ ਤੋਂ ਸਰਸੰਘਚਾਲਕ ਹਨ। ਗੋਲਵਲਕਰ ਅਤੇ ਦੇਵਰਸ ਤੋਂ ਬਾਅਦ ਭਾਗਵਤ ਦਾ ਕਾਰਜਕਾਲ ਹੁਣ ਤੱਕ ਦਾ ਤੀਜਾ ਸਭ ਤੋਂ ਲੰਮਾ ਕਾਰਜਕਾਲ ਹੈ।
2014 'ਚ ਨਰਿੰਦਰ ਮੋਦੀ ਦੀ ਅਗਵਾਈ 'ਚ ਭਾਜਪਾ ਸੱਤਾ 'ਤੇ ਕਾਬਜ਼ ਹੋਈ ਅਤੇ ਉਦੋਂ ਤੋਂ ਹੀ ਦੇਸ਼ ਦੀ ਸਭ ਤੋਂ ਵੱਡੀ ਧਾਰਮਿਕ ਘੱਟ ਗਿਣਤੀ ਆਬਾਦੀ ਮੁਸਲਮਾਨਾਂ ਦੀ ਪ੍ਰਤੀਨਿਧਤਾ ਸੰਸਦ 'ਚ ਲਗਾਤਾਰ ਘਟਦੀ ਗਈ ਹੈ।
ਮੌਜੂਦਾ ਸਮੇਂ ਲੋਕਸਭਾ 'ਚ ਮੁਸਲਮਾਨਾਂ ਦੀ ਨੁਮਾਇੰਦਗੀ ਭਾਰਤ ਦੇ ਲੋਕਤੰਤਰੀ ਇਤਿਹਾਸ 'ਚ ਆਪਣੇ ਸਭ ਤੋਂ ਹੇਠਲੇ ਪੱਧਰ 'ਤੇ ਹੈ। ਦੇਸ਼ 'ਚ ਲਗਭਗ 15% ਲੋਕ ਮੁਸਲਿਮ ਹਨ, ਪਰ ਸੰਸਦ 'ਚ ਕੁੱਲ 24 ਮੁਸਲਮਾਨ ਹੀ ਪਹੁੰਚ ਸਕੇ ਹਨ ਭਾਵ ਕੁੱਲ ਸੀਟਾਂ ਦਾ ਸਿਰਫ 4.4% ਹੀ।
2024 ਦੀਆਂ ਆਮ ਚੋਣਾਂ 'ਚ ਭਾਜਪਾ ਨੇ ਸਿਰਫ ਇੱਕ ਮੁਸਲਮਾਨ ਨੂੰ ਸੰਸਦ ਲਈ ਉਮੀਦਵਾਰ ਐਲਾਨਿਆ ਸੀ। ਕੇਰਲਾ ਦੇ ਵੱਡੀ ਆਬਾਦੀ ਵਾਲੇ ਮੱਲਾਪੁਰਮ ਹਲਕੇ ਤੋਂ ਅਬਦੁਲ ਸਲਾਮ ਨੂੰ ਭਾਜਪਾ ਨੇ ਉਮੀਦਵਾਰ ਬਣਾਇਆ ਸੀ। ਉਨ੍ਹਾਂ ਦੀ ਹਾਰ ਤਾਂ ਪਹਿਲਾਂ ਤੋਂ ਹੀ ਤੈਅ ਮੰਨੀ ਜਾ ਰਹੀ ਸੀ ਅਤੇ ਹੋਇਆ ਵੀ ਕੁਝ ਅਜਿਹਾ ਹੀ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ