You’re viewing a text-only version of this website that uses less data. View the main version of the website including all images and videos.
ਅਕਾਲੀ ਦਲ ਨੇ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਪਾਸਪੋਰਟ ਦੀ ਸ਼ਰਤ ਖਤਮ ਕਰਨ ਸਮੇਤ ਕੀ ਵਾਅਦੇ ਕੀਤੇ
ਲੋਕ ਸਭਾ ਚੋਣਾਂ ਲਈ ਸਿਆਸੀ ਪਿੜ ਭਖ ਚੁੱਕਿਆ ਹੈ। ਵੱਖ-ਵੱਖ ਸਿਆਸੀ ਪਾਰਟੀਆਂ ਚੋਣ ਵਾਦਿਆਂ ਨਾਲ ਭਰੇ ਹੋਏ ਚੋਣ ਮਨੋਰਥ ਪੱਤਰ ਜਾਰੀ ਕੀਤੇ ਹਨ।
ਪੰਜਾਬ ਦੀਆਂ ਸਾਰੀਆਂ 13 ਲੋਕ ਸਭਾ ਸੀਟਾਂ ਲਈ ਚੋਣਾਂ ਆਖੜੀ ਗੇੜ ਜਾਣੀ ਪਹਿਲੀ ਜੂਨ ਨੂੰ ਹੋਣੀਆਂ ਹਨ।
ਇਸ ਦੌਰਾਨ ਅਕਾਲੀ ਦਲ ਨੇ ਆਪਣਾ ਚੋਣ ਮਨੋਰਥ ਪੱਤਰ ਜਾਰੀ ਕੀਤਾ ਹੈ, ਜਿਸ ਨੂੰ ਪਾਰਟੀ ਨੇ ‘ਐਲਾਨ ਨਾਮੇ’ ਦਾ ਨਾਂ ਦਿੱਤਾ ਹੈ।
ਪਾਰਟੀ ਨੇ ਕਿਹਾ ਕਿ ਪੰਜਾਬ ਵਿਚ ਪੁਲਿਸ ਜ਼ਬਰ ਦਾ ਦੌਰ ਪਰਤ ਰਿਹਾ ਹੈ, ਅੱਧੀ ਰਾਤ ਨੂੰ ਪੁਲਿਸ ਲੋਕਾਂ ਦੇ ਘਰਾਂ ’ਚ ਵੜ੍ਹ ਕੇ ਸਿੱਖ ਨੌਜਵਾਨਾਂ ਨੂੰ ਝੂਠੇ ਮੁਕਾਬਲਿਆਂ ਵਿਚ ਮਾਰ ਰਹੀ ਹੈ ਤੇ ਸੂਬੇ ਦੀ ਸ਼ਾਂਤੀ ਤੇ ਫਿਰਕੂ ਸਦਭਾਵਨਾ ਨੂੰ ਲਾਂਬੂ ਲਾਉਣ ਦੇ ਯਤਨ ਕੀਤੇ ਜਾ ਰਹੇ ਹਨ।
ਇਸ ਤੋਂ ਪਹਿਲਾਂ ਹੋਰ ਵੀ ਸਿਆਸੀ ਪਾਰਟੀਆਂ ਆਪੋ-ਆਪਣੇ ਚੋਣ ਮਨੋਰਥ ਪੱਤਰ ਜਾਰੀ ਕਰ ਚੁੱਕੀਆਂ ਹਨ। ਇੱਥੇ ਕੋਸ਼ਿਸ਼ ਕਰਦੇ ਹਾਂ ਸ਼ੋਮਣੀ ਅਕਾਲੀ ਦਲ ਬਾਦਲ, ਭਾਜਪਾ ਅਤੇ ਕਾਂਗਰਸ ਦੇ ਚੋਣ ਮਨੋਰਥ ਪੱਤਰ ਦੀਆਂ ਖਾਸ ਗੱਲਾਂ—
ਅਕਾਲੀ ਦਲ ਦੇ ਚੋਣ ਵਾਅਦੇ
- ਪੰਜਾਬ ਦੀ ਸਹਿਮਤੀ ਤੋਂ ਬਗੈਰ ਕੀਤੇ ਸਾਰੇ ਦਰਿਆਈ ਪਾਣੀ ਸਮਝੌਤੇ 'ਤੇ ਫੈਸਲੇ ਰੱਦ ਕੀਤੇ ਜਾਣਗੇ ਜੋ ਕਿ ਕੌਮਾਂਤਰੀ ਤੌਰ ’ਤੇ ਪ੍ਰਵਾਨਤ ਰਾਈਪੇਰੀਅਨ ਸਿਧਾਂਤਾਂ ਦੇ ਖਿਲਾਫ ਹਨ। ਗੈਰ ਰਾਈਪੇਰੀਅਨ ਰਾਜਾਂ ਤੋਂ ਆਪਣੇ ਦਰਿਆਈ ਪਾਣੀਆਂ ਦੀ ਰਾਇਲਟੀ ਦੀ ਮੰਗ ਕੀਤੀ ਜਾਵੇਗੀ।
- ਸਿਰਫ ਪੰਜਾਬੀ ਨੌਜਵਾਨਾਂ ਨੂੰ ਰੋਜ਼ਗਾਰ ਦਿੱਤੇ ਜਾਣਗੇ। ਬਾਹਰਲਿਆਂ ਲਈ ਖੇਤੀ ਜ਼ਮੀਨ ਦੀ ਵਿਕਰੀ ਨਹੀਂ ਹੋਣ ਦਿੱਤੀ ਜਾਵੇਗੀ। ਜਦਕਿ ਇਸ ਵੇਲੇ ਰਾਜ ਸਭਾ ਸੀਟਾਂ ਵੀ ਬਾਹਰਲਿਆਂ ਨੂੰ ਤੋਹਫੇ ਵਜੋਂ ਉਹਨਾਂ ਨੂੰ ਦਿੱਤੀਆਂ ਗਈਆਂ ਜੋ ਪੰਜਾਬ ਨੂੰ ਨਫਰਤ ਕਰਦੇ ਹਨ।
- ਚੰਡੀਗੜ੍ਹ ਅਤੇ ਪੰਜਾਬੀ ਬੋਲਦੇ ਇਲਾਕੇ ਪੰਜਾਬ ਵਾਸਤੇ ਲੈਣ ਲਈ ਸੰਘਰਸ਼ ਕੀਤਾ ਜਾਵੇਗਾ।
- ਪੰਜਾਬ ਵਿੱਚ ਫੂਡ ਪ੍ਰੋਸੈਸਿੰਗ ਤੇ ਕਪੜਾ ਉਦਯੋਗ ਸਥਾਪਿਤ ਕਰਾਂਗੇ ਮੁਹਾਲੀ ਤੇ ਅੰਮ੍ਰਿਤਸਰ ਨੂੰ ਆਈ ਟੀ ਤੇ ਸੈਰ ਸਪਾਟਾ ਅਤੇ ਮਾਲਵਾ ਨੂੰ ਕਪੜਾ ਹੱਬ ਵਜੋਂ ਵਿਕਸਤ ਕਰਾਂਗੇ
- ਕਰਤਾਰਪੁਰ ਸਾਹਿਬ ਨੂੰ ਪਾਕਿਸਤਾਨ ਤੋਂ ਭਾਰਤ ਵਿੱਚ ਲਿਆਉਣ ਵਾਸਤੇ ਦੋਵਾਂ ਦੇਸਾ ਵਿੱਚ ਆਪਸੀ ਸਮਝੌਤੇ ਦੇ ਆਧਾਰ ’ਤੇ ਕੰਮ ਕੀਤਾ ਜਾਵੇਗਾ ਜਿਵੇਂ ਕਿ ਪਹਿਲਾਂ ਹੁਸੈਨੀਵਾਲਾ ਬਾਰਡਰ ਤੇ ਬੰਗਲਾਦੇਸ਼ ਦੇ ਮਾਮਲੇ ਵਿੱਚ ਕੀਤਾ ਗਿਆ ਸੀ।
- ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਵਾਸਤੇ ਪਾਸਪੋਰਟ ਦੀ ਸ਼ਰਤ ਖਤਮ ਇੱਕ ਸਾਧਾਰਣ ਪਰਮਿਟ ਸਿਸਟਮ ਲਾਗੂ ਕੀਤਾ ਜਾਵੇ।
- ਸੰਵਿਧਾਨ ਦੇ ਧਰਮ ਨਿਰਪੱਖ, ਲੋਕਤੰਤਰੀ ਤੇ ਸੰਘੀ ਸਰੂਪ ਦੀ ਲੋੜ ’ਤੇ ਜ਼ੋਰ ਦਿੱਤਾ ਗਿਆ ਜਿਸ ਵਿਚ ਗਰੀਬਾਂ, ਪੱਛੜੇ ਵਰਗਾਂ ਤੇ ਅਨੁਸੂਚਿਤ ਜਾਤੀਆਂ, ਕਬੀਲਿਆਂ ਤੇ ਘੱਟ ਗਿਣਤੀਆਂ ਸਮੇਤ ਸਮਾਜ ਦੇ ਹੋਰ ਸੋਸ਼ਤ ਵਰਗ ਲਈ ਗਰੰਟੀਆਂ ਸ਼ਾਮਲ ਹੋਣ।
- ਸੂਬੇ ਵਿਚ ਸਭ ਤੋਂ ਵੱਧ ਐੱਸਸੀ ਆਬਾਦੀ ਹੈ। ਇਸ ਲਈ ਪੰਜਾਬ ਵਾਸਤੇ ਸਪੈਸ਼ਲ ਐੱਸਸੀ ਰੁਤਬੇ ਦੀ ਮੰਗ ਕੀਤੀ ਗਈ ਹੈ। ਐੱਸਸੀ ਵਰਗ ਦੀ ਭਲਾਈ ਵਾਸਤੇ ਵਿਸ਼ੇਸ਼ ਫੰਡਾਂ ਦੀ ਮੰਗ ਅਤੇ ਐੱਸਸੀ ਵਿਦਿਆਰਥੀਆਂ ਵਾਸਤੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੇ ਬੈਕਲਾਗ ਨੂੰ ਕਲੀਅਰ ਕਰਵਾਏਗੀ।
- ਪਾਕਿਸਤਾਨ ਨਾਲ ਲੱਗਦੀਆਂ ਅਟਾਰੀ ਤੇ ਹੁਸੈਨੀਵਾਲਾ ਸਰਹੱਦਾਂ ਖੋਲ੍ਹੀਆਂ ਜਾਣ। ਇਸ ਨਾਲ ਵਪਾਰ ਤੇ ਸੈਰ ਸਪਾਟਾ ਵਧੇਗਾ ਤੇ ਆਰਥਿਕ ਖੁਸ਼ਹਾਲੀ ਆਵੇਗੀ। ਇਸ ਵਿਚ ਸਾਰੀ ਸਰਹੱਦੀ ਪੱਟੀ ਨੂੰ ਵਿਸ਼ੇਸ਼ ਆਰਥਿਕ ਜ਼ੋਰ ਦਾ ਦਰਜਾ ਦੁਆਉਣ ਦਾ ਵਾਅਦਾ ਕੀਤਾ ਗਿਆ ਹੈ।
- ਤਿੰਨ ਵਿਸ਼ੇਸ਼ ਆਰਥਿਕ ਹੱਬ – ਮੁਹਾਲੀ ਨੂੰ ਆਈਟੀ ਹੱਬ, ਮਾਲਵਾ ਪੱਟੀ ਨੂੰ ਕਪੜਾ ਹੱਬ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਨਾਲ-ਨਾਲ ਹਰੀ ਕੇ ਪੱਤਣ, ਪਠਾਨਕੋਟ ਦੇ ਆਲੇ ਦੁਆਲੇ, ਰਣਜੀਤ ਸਾਗਰ ਡੈਮ ਨੂੰ ਵਿਸ਼ਵ ਪੱਧਰੀ ਸੈਰ ਸਪਾਟਾ ਕੇਂਦਰਾਂ ਵਜੋਂ ਵਿਕਸਤ ਕੀਤਾ ਜਾਵੇਗਾ।
- ਪੰਜਾਬ ਵਿਚ ਸੂਖ਼ਮ, ਲਘੂ ਤੇ ਮੱਧਮ ਦਰਜੇ ਦੀਆਂ ਫੂਡ ਪ੍ਰੋਸੈਸਿੰਗ ਇਕਾਈਆਂ ਕਾਇਮ ਕੀਤੀਆਂ ਜਾਣਗੀਆਂ ਅਤੇ ਐੱਮਐੱਸਪੀ ਨੂੰ ਕਾਨੂੰਨੀ ਗਰੰਟੀ ਦਾ ਰੂਪ ਦੇਣ ਵਾਸਤੇ ਕੰਮ ਕੀਤਾ ਜਾਵੇਗਾ।
- ਅਕਾਲੀ ਦਲ ਕਿਸਾਨਾਂ ਵਾਸਤੇ ਇੱਕ ਵਾਰ ਪੂਰਨ ਕਰਜ਼ਾ ਮੁਆਫੀ ਦੀ ਵਕਾਲਤ ਕਰੇਗਾ।
- ਪਾਰਟੀ ਨੇ ਛੋਟੇ ਤੇ ਅੰਸ਼ਕ ਕਿਸਾਨਾਂ ਨੂੰ ਡੀਜ਼ਲ ’ਤੇ 20 ਫੀਸਦੀ ਸਬਸਿਡੀ ਦੇਣ ਦਾ ਵਾਅਦਾ ਕੀਤਾ ਗਿਆ ਹੈ।
- ਕਿਸਾਨਾਂ ਤੇ ਖੇਤ ਮਜ਼ਦੂਰਾਂ ਵਾਸਤੇ ’ਹੁਨਰਮੰਦ ਵਰਕਰ ਰੁਤਬਾ’ ਹਾਸਲ ਕਰਨ ਦਾ ਯਤਨ ਕਰੇਗੀ ਤੇ ਖੇਤ ਮਜ਼ਦੂਰਾਂ ਨੂੰ ਮਨਰੇਗਾ ਵਿਚ ਸ਼ਾਮਲ ਕਰਵਾਉਣ ਦਾ ਯਤਨ ਕੀਤਾ ਜਾਵੇਗਾ।
- ਮਨਰੇਗਾ ਵਰਕਰਾਂ ਨੂੰ ਘੱਟੋ ਘੱਟ 150 ਦਿਨਾਂ ਦਾ ਕੰਮ ਮਿਲਣਾ ਚਾਹੀਦਾ ਹੈ।
- ਪਾਰਟੀ ਕਿਸਾਨੀ ਸੰਘਰਸ਼ ਵਿਚ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰ ਵਾਸਤੇ 50 ਲੱਖ ਰੁਪਏ ਮੁਆਵਜ਼ਾ ਤੇ ਪਰਿਵਾਰ ਦੇ ਇਕ ਜੀਅ ਨੂੰ ਸਰਕਾਰੀ ਨੌਕਰੀ ਦਿੱਤੇ ਜਾਣ ਦੀ ਮੰਗ ਕਰੇਗੀ।
- ਅਕਾਲੀ ਦਲ ਨਿੱਜੀ ਆਮਦਨ ਕਰ ਛੋਟ ਮੌਜੂਦਾ ਦਰ ਤੋਂ 4 ਲੱਖ ਹੋਰ ਵਧਾਉਣ ਦੀ ਮੰਗ ਕਰੇਗੀ। ਇੱਕ ਰੈਂਕ ਇੱਕ ਪੈਨਸ਼ਨ ਦੀ ਮੰਗ ਵਾਸਤੇ ਸੰਘਰਸ਼ ਕੀਤਾ ਜਾਵੇਗਾ ਤੇ ਅਗਨੀਵੀਰ ਸਕੀਮ ਦਾ ਵਿਰੋਧ ਕਰਦਿਆਂ ਫੌਜ ਵਿਚ ਰੈਗੂਲਰ ਭਰਤੀ ਦੀ ਮੰਗ ’ਤੇ ਜ਼ੋਰ ਦਿੱਤਾ ਹੈ।
- ਅਕਾਲੀ ਦਲ ਵੱਲੋਂ ਆਸ਼ਾ ਤੇ ਮਿਡ ਡੇਅ ਮੀਲ ਵਰਕਰਾਂ ਦੇ ਨਾਲ ਨਾਲ ਆਂਗਣਵਾੜੀ ਵਕਰਾਂ ਵਾਸਤੇ ਆਰਥਿਕ ਸਰੱਖਿਆ ਤੇ ਮਾਣ ਸਨਮਾਨ ਦੀ ਮੰਗ ਵੀ ਕੀਤੀ ਗਈ। ਇਨ੍ਹਾਂ ਨੂੰ ਚੰਗੀ ਤਨਖਾਹ ਦੇ ਕੇ ਸੇਵਾਵਾਂ ਰੈਗੂਲਰ ਕੀਤਾ ਜਾਵੇ।
ਭਾਜਪਾ ਆਪਣੇ 'ਸੰਕਲਪ ਪੱਤਰ' ਵਿੱਚ ਕੀ ਲੈਕੇ ਆਈ ਹੈ?
ਭਾਰਤੀ ਜਨਤਾ ਪਾਰਟੀ (ਭਾਜਪਾ) ਨੇ 2024 ਦੀਆਂ ਲੋਕ ਸਭਾ ਚੋਣਾਂ ਲਈ ਚੋਣ ਮਨੋਰਥ ਪੱਤਰ ਜਾਰੀ ਕਰ ਦਿੱਤਾ ਹੈ। ਪਾਰਟੀ ਨੇ ਚੋਣ ਮਨੋਰਥ ਪੱਤਰ ਨੂੰ ‘ਮੋਦੀ ਦੀ ਗਾਰੰਟੀ ਸੰਕਲਪ ਪੱਤਰ’ ਦਾ ਨਾਂ ਦਿੱਤਾ ਹੈ।
ਭਾਜਪਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਜਪਾ ਪ੍ਰਧਾਨ ਜੇਪੀ ਨੱਡਾ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਮੌਜੂਦਗੀ ਵਿੱਚ ਚੋਣ ਮਨੋਰਥ ਪੱਤਰ ਜਾਰੀ ਕੀਤਾ।
ਮੈਨੀਫੈਸਟੋ ਜਾਰੀ ਕਰਦੇ ਹੋਏ ਰੱਖਿਆ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਆਗੂ ਰਾਜਨਾਥ ਸਿੰਘ ਨੇ ਕਿਹਾ, "ਅਸੀਂ ਜੋ ਕਹਿੰਦੇ ਹਾਂ, ਉਹ ਅਸੀਂ ਕਰਦੇ ਹਾਂ।"
ਉਨ੍ਹਾਂ ਨੇ ਕਿਹਾ, "ਜੰਮੂ-ਕਸ਼ਮੀਰ ਤੋਂ ਧਾਰਾ 370 ਨੂੰ ਖ਼ਤਮ ਕਰਨ ਦਾ ਵਾਅਦਾ ਕੀਤਾ ਗਿਆ ਸੀ, ਉਹ ਪੂਰਾ ਕੀਤਾ। ਅਸੀਂ ਔਰਤਾਂ ਨੂੰ ਰਾਖਵਾਂਕਰਨ ਦੇਣ ਦਾ ਵਾਅਦਾ ਕੀਤਾ ਸੀ, ਉਹ ਅਸੀਂ ਪੂਰਾ ਕੀਤਾ ਹੈ।"
ਭਾਜਪਾ ਦੇ ਨਵੇਂ ਸੰਕਲਪ ਪੱਤਰ ਨੂੰ 24 ਭਾਗਾਂ ਵਿੱਚ ਵੰਡਿਆ ਗਿਆ ਹੈ। ਇਸ ਵਿੱਚ ਸੁਸ਼ਾਸਨ, ਦੇਸ਼ ਦੀ ਸੁਰੱਖਿਆ, ਸਵੱਛ ਭਾਰਤ, ਖੇਡਾਂ ਦੇ ਵਿਕਾਸ, ਵਾਤਾਵਰਨ ਨਾਲ ਸਬੰਧਤ ਮੁੱਦੇ ਸ਼ਾਮਲ ਹਨ।
ਰੱਖਿਆ ਮੰਤਰੀ ਨੇ ਦਾਅਵਾ ਕੀਤਾ ਕਿ "ਮੋਦੀ ਦੀ ਗਾਰੰਟੀ 24 ਕੈਰੇਟ ਸੋਨੇ ਦੇ ਬਰਾਬਰ" ਹੈ।
ਭਾਜਪਾ ਨੇ ਆਪਣੇ ਚੋਣ ਮਨੋਰਥ ਪੱਤਰ ਵਿੱਚ ਕਿਹਾ ਹੈ ਕਿ ਦੇਸ਼ ਵਿੱਚ ਵਨ ਨੇਸ਼ਨ-ਵਨ ਇਲੈਕਸ਼ਨ ਅਤੇ ਕਾਮਨ ਇਲੈਕਟੋਰਲ ਰੋਲ ਦੀ ਵਿਵਸਥਾ ਵੀ ਕੀਤੀ ਜਾਵੇਗੀ।
ਯੂਨੀਫਾਰਮ ਸਿਵਲ ਕੋਡ ਦਾ ਜ਼ਿਕਰ ਕਰਦੇ ਹੋਏ ਪੀਐਮ ਮੋਦੀ ਨੇ ਕਿਹਾ ਕਿ ਭਾਜਪਾ ਇਸ ਨੂੰ ਬਹੁਤ ਮਹੱਤਵਪੂਰਨ ਮੰਨਦੀ ਹੈ।
ਭਾਜਪਾ ਦੇ ਮੁੱਖ ਚੋਣ ਵਾਅਦੇ ਕੀ ਹਨ?
- ਅਗਲੇ ਪੰਜ ਸਾਲਾਂ ਲਈ ਮੁਫਤ ਰਾਸ਼ਨ, ਪਾਣੀ, ਗੈਸ ਕੁਨੈਕਸ਼ਨ, ਪੀਐੱਮ ਸੂਰਿਆ ਰਾਹੀਂ ਜ਼ੀਰੋ ਬਿਜਲੀ ਬਿੱਲ ਦਾ ਪ੍ਰਬੰਧ।
- ਆਯੁਸ਼ਮਾਨ ਭਾਰਤ ਵੱਲੋਂ 5 ਲੱਖ ਰੁਪਏ ਤੱਕ ਦਾ ਮੁਫਤ ਇਲਾਜ ਮੁਹੱਈਆ ਕਰਵਾਇਆ ਜਾ ਰਿਹਾ ਹੈ, ਇਹ ਅੱਗੇ ਵੀ ਮਿਲਦਾ ਰਹੇਗਾ।
- ਮੱਧ ਵਰਗੀ ਪਰਿਵਾਰਾਂ ਨੂੰ ਪੱਕੇ ਮਕਾਨ ਦੇਵਾਂਗੇ।
- ਪੇਪਰ ਲੀਕ 'ਤੇ ਵੱਡਾ ਕਾਨੂੰਨ ਬਣਿਆ ਹੈ, ਉਸ ਨੂੰ ਲਾਗੂ ਕਰਾਂਗੇ।
- ਕੌਮੀ ਸਿੱਖਿਆ ਨੀਤੀ ਲਾਗੂ ਕੀਤੀ ਜਾਵੇਗੀ।
- 2036 ਵਿੱਚ ਓਲੰਪਿਕ ਦੀ ਮੇਜ਼ਬਾਨੀ ਕਰਾਂਗੇ।
- ਬੁਨਿਆਦੀ ਢਾਂਚੇ, ਨਿਰਮਾਣ, ਸਟਾਰਟਅੱਪ, ਖੇਡਾਂ, ਨਿਵੇਸ਼, ਹਾਈ ਵੈਲਿਊ ਸੇਵਾਵਾਂ ਅਤੇ ਟੂਰਇਮ ਜ਼ਰੀਏ ਨੌਜਵਾਨਾਂ ਲਈ ਲੱਖਾਂ ਰੁਜ਼ਗਾਰ ਦੇ ਮੌਕੇ ਪੈਦਾ ਕਰਾਂਗੇ।
- ਇੱਕ ਕਰੋੜ ਭੈਣਾਂ ਬਣ ਗਈਆਂ ਲੱਖਪਤੀ ਦੀਦੀ ਬਣ ਗਈਆਂ ਹਨ, ਤਿੰਨ ਕਰੋੜ ਹੋਰ ਬਣਾਵਾਂਗੇ।
- ਨਾਰੀ ਵੰਦਨ ਐਕਟ ਲਾਗੂ ਕਰਾਂਗੇ।
- ਬੀਜ ਤੋਂ ਲੈ ਕੇ ਮੰਡੀ ਤੱਕ ਕਿਸਾਨਾਂ ਦੀ ਆਮਦਨ ਵਧਾਉਣ ਦੀ ਕੋਸ਼ਿਸ਼ ਕਰਾਂਗੇ। ਸ਼੍ਰੀ ਅੰਨ ਨੂੰ ਸੁਪਰਫੂਡ ਵਾਂਗ ਸਥਾਪਿਤ ਕਰਾਂਗੇ, ਨੈਨੋ ਯੂਰੀਆ ਅਤੇ ਕੁਦਰਤੀ ਖੇਤੀ ਰਾਹੀਂ ਜ਼ਮੀਨ ਦੀ ਰੱਖਿਆ ਕਰਾਂਗੇ।
- ਮਛੇਰਿਆਂ ਦੇ ਜੀਵਨ ਨਾਲ ਜੁੜੇ ਹਰ ਪਹਿਲੂ ਜਿਵੇਂ ਕਿ ਕਿਸ਼ਤੀ ਬੀਮਾ, ਮੱਛੀ ਪ੍ਰੋਸੈਸਿੰਗ ਯੂਨਿਟ, ਸੈਟੇਲਾਈਟ ਰਾਹੀਂ ਸਮੇਂ ਸਿਰ ਜਾਣਕਾਰੀ, ਇਨ੍ਹਾਂ ਸਾਰਿਆਂ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ।
- ਮੱਛੀ ਪਾਲਕਾਂ ਨੂੰ ਸੀ-ਵੀਡ ਅਤੇ ਮੋਤੀਆਂ ਦੀ ਖੇਤੀ ਕਰਨ ਲਈ ਵੀ ਉਤਸ਼ਾਹਿਤ ਕਰਾਂਗੇ।
- ਗਿਗ ਵਰਕਰ, ਟੈਕਸੀ ਡਰਾਈਵਰ, ਆਟੋ ਡਰਾਈਵਰ, ਘਰੇਲੂ ਕਾਮੇ, ਪ੍ਰਵਾਸੀ ਮਜ਼ਦੂਰ, ਟਰੱਕ ਡਰਾਈਵਰ, ਕੁਲੀ, ਸਾਰਿਆਂ ਨੂੰ ਈ-ਸ਼ਰਮ ਨਾਲ ਜੋੜਾਂਗੇ ਅਤੇ ਭਲਾਈ ਸਕੀਮਾਂ ਪਹੁੰਚਾਵਾਂਗੇ।
- ਤਿਰੂਵੱਲੂਵਰ ਕਲਚਰਲ ਸੈਂਟਰ ਰਾਹੀਂ ਭਾਰਤ ਦੀ ਸੰਸਕ੍ਰਿਤੀ ਨੂੰ ਦੁਨੀਆ ਤੱਕ ਲੈ ਕੇ ਜਾਵਾਂਗੇ।
- ਉੱਚ ਵਿਦਿਅਕ ਸੰਸਥਾਵਾਂ ਵਿੱਚ ਭਾਰਤ ਦੀਆਂ ਕਲਾਸੀਕਲ ਭਾਸ਼ਾਵਾਂ ਦੇ ਅਧਿਐਨ ਦਾ ਪ੍ਰਬੰਧ ਕਰਾਂਗੇ।
- ਏਕਲਵਿਆ ਸਕੂਲ, ਪੀਐੱਮ ਜਨਮਨ ਵਣ ਉਤਪਾਦਾਂ ਵਿੱਚ ਵੈਲਿਊ ਐਡੀਸ਼ਨ ਅਤੇ ਈਕੋ ਟੂਰਿਜ਼ਮ ਨੂੰ ਉਤਸ਼ਾਹਿਤ ਕਰਾਂਗੇ।
- ਓਬੀਸੀ, ਐੱਸਸੀ ਅਤੇ ਐੱਸਟੀ ਭਾਈਚਾਰਿਆਂ ਨੂੰ ਜੀਵਨ ਦੇ ਹਰ ਖੇਤਰ ਵਿੱਚ ਬਣਦਾ ਮਾਣ-ਸਤਿਕਾਰ ਦੇਵਾਂਗੇ।
- ਪ੍ਰਧਾਨ ਮੰਤਰੀ ਆਵਾਸ ਯੋਜਨਾ ਵਿੱਚ ਅਪਾਹਜ ਲੋਕਾਂ ਨੂੰ ਪਹਿਲ ਦਿੱਤੀ ਜਾਵੇਗੀ।
- ਟਰਾਂਸਜੈਂਡਰਾਂ ਨੂੰ ਆਯੁਸ਼ਮਾਨ ਯੋਜਨਾ ਦਾ ਲਾਭ ਮਿਲੇਗਾ।
ਪਿਛਲੀਆਂ ਉਪਲਭਧੀਆਂ ਗਿਣਵਾਈਆਂ
ਮਨੋਰਥ ਪੱਤਰ ਜਾਰੀ ਕੀਤੇ ਜਾਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਭਾਜਪਾ ਦੇ ਮੁੱਖ ਦਫ਼ਤਰ ਪਹੁੰਚੇ।
ਉਨ੍ਹਾਂ ਦੇ ਪਹੁੰਚਣ ਤੋਂ ਪਹਿਲਾਂ ਪਾਰਟੀ ਪ੍ਰਧਾਨ ਜੇਪੀ ਨੱਢਾ ਨੇ ਪੱਤਰਕਾਰਾਂ ਨੂੰ ਸੰਬੋਧਨ ਕੀਤਾ।
ਉਨ੍ਹਾਂ ਨੇ ਕਿਹਾ, "2014 ਵਿੱਚ, ਪੀਐੱਮ ਮੋਦੀ ਜੀ ਦੀ ਅਗਵਾਈ ਵਿੱਚ, ਸਾਡਾ ਵੋਟ ਸ਼ੇਅਰ 31 ਪ੍ਰਤੀਸ਼ਤ ਤੱਕ ਪਹੁੰਚਿਆ, 282 ਸੀਟਾਂ ਅਸੀਂ ਲੋਕ ਸਭਾ ਵਿੱਚ ਜਿੱਤੀਆਂ, 2019 ਵਿੱਚ, ਪੀਐੱਮ ਮੋਦੀ ਜੀ ਦੀ ਅਗਵਾਈ ਵਿੱਚ, ਅਸੀਂ ਆਪਣਾ ਹੀ ਰਿਕਾਰਡ ਤੋੜਿਆ ਅਤੇ ਵੋਟ ਸ਼ੇਅਰ 37.3 ਪ੍ਰਤੀਸ਼ਤ ਤੱਕ ਪਹੁੰਚ ਗਿਆ ਅਤੇ 303 ਸੀਟਾਂ ਲੋਕ ਸਭਾ ਵਿੱਚ ਜਿੱਤੀਆਂ।
ਭਾਜਪਾ ਪ੍ਰਧਾਨ ਜੇਪੀ ਨੱਡਾ ਨੇ ਭਾਜਪਾ ਸਰਕਾਰ ਦੀਆਂ ਪਿਛਲੇ 10 ਸਾਲਾਂ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ। ਜੇਪੀ ਨੱਡਾ ਨੇ ਦਾਅਵਾ ਕੀਤਾ ਕਿ ਪੀਐਮ ਮੋਦੀ ਦੀ ਅਗਵਾਈ ਵਿੱਚ ਦੇਸ ਦੇ ਹਰ ਪਿੰਡ ਵਿੱਚ ਸੜਕਾਂ ਪਹੁੰਚ ਗਈਆਂ ਹਨ।
ਇਸ ਦੇ ਨਾਲ ਹੀ ਭਾਜਪਾ ਨੇ ਜੋ ਦਾਅਵੇ ਕੀਤੇ ਉਹ ਇਸ ਤਰ੍ਹਾਂ ਹਨ:
- ਭਾਜਪਾ ਸਰਕਾਰ ਕਾਰਨ ਚਾਰ ਕਰੋੜ ਲੋਕਾਂ ਨੂੰ ਪੱਕੇ ਮਕਾਨ ਮਿਲੇ ਹਨ।
- ਦੋ ਲੱਖ ਪੰਚਾਇਤਾਂ ਤੱਕ ਇੰਟਰਨੈੱਟ ਪਹੁੰਚਿਆ।
- 25 ਕਰੋੜ ਲੋਕ ਗਰੀਬੀ ਰੇਖਾ ਤੋਂ ਬਾਹਰ ਆਏ ਹਨ।
- ਰਾਮ ਲੱਲਾ ਵਿਰਾਜਮਾਨ ਹੋ ਗਏ ਹਨ।
- 11 ਕਰੋੜ ਔਰਤਾਂ ਨੂੰ ਸਿਲੰਡਰ ਮਿਲੇ ਹਨ।
- 80 ਕਰੋੜ ਲੋਕਾਂ ਨੂੰ ਅੰਨ ਯੋਜਨਾ ਦਾ ਲਾਭ ਮਿਲਿਆ ਹੈ।
- ਲੌਕਡਾਊਨ ਲਾ ਕੇ, ਦੇਸ ਨੂੰ ਦੋ ਮਹੀਨਿਆਂ ਵਿੱਚ ਕੋਰੋਨਾ ਨਾਲ ਲੜਨ ਲਈ ਤਿਆਰ ਕੀਤਾ ਗਿਆ।
- 10 ਸਾਲਾਂ ਤੋਂ ਦੇਸ ਮੰਨ ਰਿਹਾ ਹੈ ਕਿ ਮੋਦੀ ਦੀ ਗਾਰੰਟੀ ਪੂਰਾ ਹੋਣ ਵਾਲੀ ਗਾਰੰਟੀ ਹੈ।
- ਆਯੁਸ਼ਮਾਨ ਭਾਰਤ ਦੁਨੀਆਂ ਦਾ ਸਭ ਤੋਂ ਵੱਡਾ ਹੈਲਥ ਪ੍ਰੋਗਰਾਮ ਬਣ ਗਿਆ, ਪੂਰੀ ਦੁਨੀਆ ਵਿੱਚ ਇਸ ਦੀ ਚਰਚਾ ਹੋਈ।
ਲੋਕ ਸਭਾ ਚੋਣਾਂ ਲਈ ਕਾਂਗਰਸ ਨੇ ਕਿਹੜੇ ਵਾਅਦੇ ਕੀਤੇ ਹਨ?
ਬੀਬੀਸੀ ਪੱਤਰਕਾਰ ਫੈਸਲ ਮੁਹੰਮਦ ਅਲੀ,ਦੀ ਰਿਪੋਰਟ ਮੁਤਾਬਕ ਕਾਂਗਰਸ ਪਾਰਟੀ ਨੇ ਆਪਣੇ ਚੋਣ ਮਨੋਰਥ ਪੱਤਰ ਵਿੱਚ ਰੁਜ਼ਗਾਰ, ਸਮਾਜਿਕ ਨਿਆਂ ਦੇ ਨਾਲ-ਨਾਲ ਜਮਹੂਰੀ ਕਦਰਾਂ-ਕੀਮਤਾਂ ਦੀ ਗੱਲ ਕੀਤੀ ਹੈ। ਇਸ ਦੌਰਾਨ ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਨੇ ਅੰਗਰੇਜ਼ੀ ਸ਼ਬਦਾਂ ਵਰਕ, ਵੈੱਲਥ ਅਤੇ ਵੈਲਫੇਅਰ ਦੀ ਵਰਤੋਂ ਕੀਤੀ ਸੀ।
ਪਿਛਲੇ ਦਿਨੀ ਜਾਰੀ ਕੀਤੇ ਗਏ ਮੈਨੀਫੈਸਟੋ ਵਿੱਚ ਵੋਟਿੰਗ ਪ੍ਰਣਾਲੀ (ਈਵੀਐਮ) ਵਿੱਚ ਸੁਧਾਰ ਦੀ ਗੱਲ ਕੀਤੀ ਗਈ ਸੀ।
ਪਾਰਟੀ ਨੇ ਆਪਣੇ ਚੋਣ ਮਨੋਰਥ ਪੱਤਰ ਵਿੱਚ ਵਾਅਦਾ ਕੀਤਾ ਕਿ ਉਹ ਹਰ ਨਾਗਰਿਕ ਦੇ ਅਧਿਕਾਰਾਂ, ਧਾਰਮਿਕ ਆਜ਼ਾਦੀ ਅਤੇ ਸਬੰਧਤ ਅਧਿਕਾਰਾਂ ਅਤੇ ਸੰਘਵਾਦ ਦੀ ਬਿਨਾਂ ਭੇਦਭਾਵ ਦੇ ਰਾਖੀ ਕਰੇਗੀ ਅਤੇ ਲੋਕਤੰਤਰ ਦੀ ਪਰਿਭਾਸ਼ਾ ਨੂੰ ਚੋਣਾਂ ਅਤੇ ਵੋਟਾਂ ਤੋਂ ਪਾਰ ਲਿਜਾਣ ਦੀ ਕੋਸ਼ਿਸ਼ ਕਰੇਗੀ।
ਕਾਂਗਰਸ ਦੇ ਮੈਨੀਫੈਸਟੋ, ਜਿਸ ਨੂੰ 'ਨਿਆਏ ਪੱਤਰ' ਦੱਸਿਆ ਗਿਆ ਹੈ। ਇਸ ਵਿਚ ਈਵੀਐੱਮ ਦੇ ਨਾਲ-ਨਾਲ ਵੀਵੀਪੈਟ ਦੀ ਵਰਤੋਂ ਕਰਨ ਦੀ ਗੱਲ ਕੀਤੀ ਗਈ ਹੈ ਤਾਂ ਜੋ ਵੋਟਰਾਂ ਦੀਆਂ ਵੋਟਾਂ ਦਾ ਮੇਲ ਕੀਤਾ ਜਾ ਸਕੇ ਅਤੇ ਵੋਟਰਾਂ ਨੂੰ ਪਤਾ ਲੱਗ ਸਕੇ ਕਿ ਉਨ੍ਹਾਂ ਦੀ ਵੋਟ ਕਿਸ ਨੂੰ ਗਈ ਹੈ।
ਮੈਨੀਫੈਸਟੋ ਵਿੱਚ ਚੋਣ ਕਮਿਸ਼ਨ ਅਤੇ ਹੋਰ ਅਦਾਰਿਆਂ ਦੀ ਅਜ਼ਾਦੀ ਨੂੰ ‘ਬਹਾਲ’ ਕਰਨ ਦੀ ਗੱਲ ਵੀ ਕੀਤੀ ਗਈ ਹੈ।
ਕਾਂਗਰਸ ਪਾਰਟੀ ਸੱਤਾ 'ਚ ਆਉਣ 'ਤੇ ਇਲੈਕਟੋਰਲ ਬਾਂਡ ਸਕੀਮ, ਪੀਐੱਮ ਕੇਅਰ ਫੰਡ, ਸਰਕਾਰੀ ਜਾਇਦਾਦਾਂ ਦੀ ਵਿਕਰੀ ਅਤੇ ਰੱਖਿਆ ਸੌਦਿਆਂ ਦੀ ਜਾਂਚ ਕਰਵਾਉਣ ਦੀ ਗੱਲ ਵੀ ਕੀਤੀ ਹੈ।
ਕਾਂਗਰਸ ਨੇ ਨੌਜਵਾਨਾਂ ਨੂੰ ਰੁਜ਼ਗਾਰ ਸਬੰਧੀ ਸਿਖਲਾਈ ਲਈ ਪ੍ਰਤੀ ਨੌਜਵਾਨ 1 ਲੱਖ ਰੁਪਏ ਦੇਣ ਦਾ ਵਾਅਦਾ ਕੀਤਾ ਹੈ। ਅਗਨੀਪਥ ਯੋਜਨਾ ਨੂੰ ਖਤਮ ਕਰ ਦਿੱਤਾ ਜਾਵੇਗਾ ਅਤੇ ਉਸ ਦੀ ਥਾਂ 'ਤੇ ਪੁਰਾਣੀ ਪ੍ਰਣਾਲੀ ਨੂੰ ਬਹਾਲ ਕੀਤਾ ਜਾਵੇਗਾ।
ਕਾਂਗਰਸ ਪਾਰਟੀ ਦੇ ਕੌਮੀ ਬੁਲਾਰੇ ਅਨਿਲ ਸ਼ਰਮਾ ਦਾ ਕਹਿਣਾ ਹੈ ਕਿ ਫੌਜ ਵਿੱਚ ਭਰਤੀ ਨੂੰ ਹੋਰ ਖੇਤਰਾਂ ਵਿੱਚ ਨੌਕਰੀਆਂ ਵਾਂਗ ਨਹੀਂ ਦੇਖਿਆ ਜਾ ਸਕਦਾ, ਕਿਉਂਕਿ ਇਹ ਦੇਸ਼ ਦੀ ਰੱਖਿਆ ਦਾ ਸਵਾਲ ਹੈ।
ਅਨਿਲ ਸ਼ਰਮਾ ਨੇ ਨੌਜਵਾਨਾਂ ਨੂੰ 1 ਲੱਖ ਰੁਪਏ ਦੀ ਰਾਸ਼ੀ ਦੇਣ ਬਾਰੇ ਕਿਹਾ, “ਯੋਜਨਾ ਨਰਿੰਦਰ ਮੋਦੀ ਸਰਕਾਰ ਦੀ ਯੋਜਨਾ ਦੀ ਨਕਲ ਨਹੀਂ ਹੈ ਜੋ ਨੌਜਵਾਨਾਂ ਨੂੰ ਰੁਜ਼ਗਾਰ ਲਈ ਇੰਨੀ ਹੀ ਰਕਮ ਦਿੰਦੀ ਹੈ। ਇਸ ਸਵਾਲ 'ਤੇ ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਦੀ ਇਹ ਸਕੀਮ ਕਰਜ਼ਾ ਹੈ ਜਿਸ ਨੂੰ ਮੋੜਨਾ ਪੈਂਦਾ ਹੈ ਜਦਕਿ ਅਸੀਂ ਇਹ ਰਕਮ ਨੌਜਵਾਨਾਂ ਦੀ ਸਿਖਲਾਈ ਲਈ ਦੇਵਾਂਗੇ, ਅਤੇ ਉਨ੍ਹਾਂ ਨੂੰ ਇਹ ਪੈਸਾ ਵਾਪਸ ਨਹੀਂ ਕਰਨਾ ਪਵੇਗਾ।”
ਗਰੀਬ ਔਰਤਾਂ ਨੂੰ ਪ੍ਰਤੀ ਪਰਿਵਾਰ 1 ਲੱਖ ਰੁਪਏ ਦੇਣ ਦਾ ਵਾਅਦਾ ਕੀਤਾ ਗਿਆ ਹੈ। ਦਿੱਲੀ 'ਚ ਕਾਂਗਰਸ ਦੇ ਮੁੱਖ ਦਫਤਰ 24 ਅਕਬਰ ਰੋਡ 'ਤੇ 'ਨਿਆਏ ਪੱਤਰ' ਨੂੰ ਜਾਰੀ ਕਰਦੇ ਹੋਏ ਪੀ ਚਿਦੰਬਰਮ ਨੇ ਕਿਹਾਸੀ ਕਿ ਜੇਕਰ ਉਨ੍ਹਾਂ ਦੀ ਸਰਕਾਰ ਬਣੀ ਤਾਂ ਇਸ ਦਾ ਮੁੱਖ ਧਿਆਨ ਨੌਕਰੀਆਂ, ਨੌਕਰੀਆਂ ਅਤੇ ਨੌਕਰੀਆਂ 'ਤੇ ਹੋਵੇਗਾ।
ਸਾਬਕਾ ਵਿੱਤ ਮੰਤਰੀ ਨੇ ਇਹ ਵੀ ਕਿਹਾ ਕਿ ਦੌਲਤ ਦੀ ਵੰਡ ਤੋਂ ਪਹਿਲਾਂ ਇਹ ਜ਼ਰੂਰੀ ਹੈ ਕਿ ਦੌਲਤ ਦੀ ਕਮਾਈ ਕੀਤੀ ਜਾਵੇ ਅਤੇ ਕਾਂਗਰਸ ਦੀ ਪਿਛਲੀ ਮਨਮੋਹਨ ਸਿੰਘ ਸਰਕਾਰ ਦਾ ਰਿਕਾਰਡ ਹੈ ਕਿ ਉਸ ਨੇ 7.5 ਫੀਸਦੀ ਸਾਲਾਨਾ ਦੀ ਦਰ ਨਾਲ ਆਰਥਿਕ ਤਰੱਕੀ ਕੀਤੀ ਸੀ। ਉਸ ਸਰਕਾਰ ਨੇ ਦਸ ਸਾਲਾਂ ਵਿੱਚ 24 ਕਰੋੜ ਲੋਕਾਂ ਨੂੰ ਗਰੀਬੀ ਤੋਂ ਬਾਹਰ ਲਿਆਂਦਾ।
ਉਨ੍ਹਾਂ ਵਾਅਦਾ ਕੀਤਾ ਕਿ ਜੇਕਰ ਦੁਬਾਰਾ ਸਰਕਾਰ ਬਣਦੀ ਹੈ ਤਾਂ ਉਹ ਇੰਨੇ ਹੀ ਲੋਕਾਂ ਨੂੰ ਗਰੀਬੀ ਤੋਂ ਬਾਹਰ ਲਿਆਉਣ ਲਈ ਵਚਨਬੱਧ ਹੋਵੇਗੀ।
ਖੇਤੀਬਾੜੀ ਦੇ ਖੇਤਰ ਵਿੱਚ ਕਾਂਗਰਸ ਦੇ ਵੱਡੇ ਵਾਅਦਿਆਂ ਵਿੱਚੋਂ ਇੱਕ ਹੈ ਕਿਸਾਨਾਂ ਦੀ ਕਰਜ਼ਾ ਮਾਫ਼ੀ ਅਤੇ ਘੱਟੋ-ਘੱਟ ਸਮਰਥਨ ਮੁੱਲ ਦੀ ਗਰੰਟੀ ਲਈ ਕਾਨੂੰਨ ਬਣਾਉਣ ਦਾ ਵਾਅਦਾ।
ਅਜੇ ਵੀ ਪੰਜਾਬ ਦੇ ਕਿਸਾਨਾਂ ਦੇ ਕਈ ਸਮੂਹ ਐੱਮਐੱਸਪੀ 'ਤੇ ਕਾਨੂੰਨ ਦੀ ਮੰਗ ਨੂੰ ਲੈ ਕੇ ਪੰਜਾਬ-ਹਰਿਆਣਾ ਸਰਹੱਦ 'ਤੇ ਮੁਜ਼ਾਹਰੇ 'ਤੇ ਬੈਠੇ ਹਨ। 2020 'ਚ ਵੀ ਕਿਸਾਨਾਂ ਨੇ ਦਿੱਲੀ ਦੀਆਂ ਪੰਜ ਸਰਹੱਦਾਂ 'ਤੇ ਚੌਦਾਂ ਮਹੀਨੇ ਤੱਕ ਧਰਨਾ ਦਿੱਤਾ ਸੀ।
ਕਾਂਗਰਸ ਦੇ ਚੋਣ ਮਨੋਰਥ ਪੱਤਰ ਵਿੱਚ ਘੱਟੋ-ਘੱਟ ਉਜਰਤ ਘੱਟੋ-ਘੱਟ 400 ਰੁਪਏ ਪ੍ਰਤੀ ਦਿਨ ਕਰਨ ਦਾ ਵਾਅਦਾ ਵੀ ਕੀਤਾ ਗਿਆ ਹੈ।
ਸਮਾਜਿਕ ਨਿਆਂ ਦੇ ਖੇਤਰ ਵਿੱਚ ਪਾਰਟੀ ਨੇ ਜਾਤੀ ਜਨਗਣਨਾ ਕਰਵਾਉਣ ਅਤੇ ਅਨੁਸੂਚਿਤ ਜਾਤੀਆਂ, ਅਨੁਸੂਚਿਤ ਕਬੀਲਿਆਂ ਅਤੇ ਪੱਛੜੀਆਂ ਸ਼੍ਰੇਣੀਆਂ ਲਈ ਰਾਖਵੇਂਕਰਨ ਦੀ 50 ਫੀਸਦੀ ਸੀਮਾ ਨੂੰ ਖਤਮ ਕਰਨ ਦੀ ਗੱਲ ਕੀਤੀ ਹੈ।
ਚੋਣ ਮਨੋਰਥ ਪੱਤਰ ਵਿੱਚ ਵਾਅਦਾ ਕੀਤਾ ਗਿਆ ਹੈ ਕਿ ਕਾਂਗਰਸ ਭਾਰਤ ਦੇ ਕਿਸੇ ਵੀ ਹਿੱਸੇ ਵਿਚ ਭੋਜਨ, ਕੱਪੜੇ, ਪਿਆਰ, ਵਿਆਹ ਅਤੇ ਯਾਤਰਾ ਜਾਂ ਰਿਹਾਇਸ਼ ਦੀ ਵਿਅਕਤੀਗਤ ਚੋਣ ਵਿਚ ਦਖਲ ਨਹੀਂ ਦੇਵੇਗੀ। ਦਖਲ ਦੇਣ ਵਾਲੇ ਕਾਨੂੰਨਾਂ ਨੂੰ ਰੱਦ ਕਰ ਦਿੱਤਾ ਜਾਵੇਗਾ।
ਇਸ ਤੋਂ ਇਲਾਵਾ ਹਾਈ ਕੋਰਟ ਅਤੇ ਸੁਪਰੀਮ ਕੋਰਟ ਦੀਆਂ ਖਾਲੀ ਅਸਾਮੀਆਂ ਤਿੰਨ ਸਾਲਾਂ ਦੇ ਅੰਦਰ ਭਰੀਆਂ ਜਾਣਗੀਆਂ।
ਫੌਜ ਵਿੱਚ ਵਨ ਰੈਂਕ, ਵਨ ਪੈਨਸ਼ਨ ਬਾਰੇ ਯੂਪੀਏ ਸਰਕਾਰ ਦਾ ਹੁਕਮ ਲਾਗੂ ਹੋਵੇਗਾ।
ਕਾਂਗਰਸ ਨੇ ਵਾਅਦਾ ਕੀਤਾ ਹੈ ਕਿ ਸੱਤਾ 'ਚ ਆਉਣ 'ਤੇ ਜੰਮੂ-ਕਸ਼ਮੀਰ ਦਾ ਰਾਜ ਦਾ ਦਰਜਾ ਤੁਰੰਤ ਬਹਾਲ ਕੀਤਾ ਜਾਵੇਗਾ ਅਤੇ ਪੁਡੂਚੇਰੀ ਨੂੰ ਪੂਰਨ ਰਾਜ ਦਾ ਦਰਜਾ ਮਿਲੇਗਾ।
ਅਸੀਂ ਅਨਿਲ ਸ਼ਰਮਾ ਨੂੰ ਇਹ ਵੀ ਪੁੱਛਿਆ ਕਿ ਕੀ ਉਨ੍ਹਾਂ ਦੀ ਪਾਰਟੀ ਵੱਲੋਂ ਸੰਵਿਧਾਨ ਦੇ ਮੌਲਿਕ ਅਧਿਕਾਰਾਂ (ਆਰਟੀਕਲ 15, 16, 25, 26, 28, 29, 30) ਬਾਰੇ ਕੀਤੇ ਵਾਅਦਿਆਂ ਦਾ ਉਲਟਾ ਅਸਰ ਨਹੀਂ ਹੋਵੇਗਾ, ਜਿਸ ਨਾਲ ਇੱਕ ਵਰਗ ਨਾਰਾਜ਼ ਹੋਵੇਗਾ। ਕੀ ਇਹ ਸੰਭਵ ਹੈ? ਇਸ ਲਈ ਉਨ੍ਹਾਂ ਕਿਹਾ ਕਿ ਵੋਟਾਂ ਦੀ ਚਿੰਤਾ ਕਰਕੇ ਸੰਵਿਧਾਨ ਦੀ ਰੱਖਿਆ ਨਹੀਂ ਕੀਤੀ ਜਾ ਸਕਦੀ।
ਸਾਬਕਾ ਪ੍ਰਧਾਨ ਮੰਤਰੀ ਚੰਦਰਸ਼ੇਖਰ ਦਾ ਹਵਾਲਾ ਦਿੰਦੇ ਹੋਏ ਵਿਨੋਦ ਸ਼ਰਮਾ ਨੇ ਕਿਹਾ ਸੀ, 'ਅੱਜ ਸਮਾਂ ਆ ਗਿਆ ਹੈ ਕਿ ਨੇਤਾਵਾਂ ਨੂੰ ਲੋਕਾਂ ਨੂੰ ਸਹੀ ਦਿਸ਼ਾ ਦਿਖਾਉਣੀ ਪਵੇਗੀ, ਜਿਵੇਂ ਚੰਦਰਸ਼ੇਖਰ ਕਹਿੰਦੇ ਸਨ ਕਿ ਨੇਤਾ ਅਸੀਂ ਹਾਂ ਜਾਂ ਉਹ ਹਨ!'
ਕਾਂਗਰਸ ਵੱਲੋਂ ਆਪਣੇ ਚੋਣ ਮਨੋਰਥ ਪੱਤਰ ਵਿੱਚ ਉਠਾਏ ਗਏ ਮੁੱਦਿਆਂ ਦੀ ਮਹੱਤਤਾ ਬਾਰੇ ਦੱਸਦਿਆਂ, ਸਿਆਸੀ ਵਿਸ਼ਲੇਸ਼ਕ ਅਤੇ ਅੰਗਰੇਜ਼ੀ ਅਖ਼ਬਾਰ 'ਹਿੰਦੁਸਤਾਨ ਟਾਈਮਜ਼' ਦੇ ਸਿਆਸੀ ਸੰਪਾਦਕ ਵਿਨੋਦ ਸ਼ਰਮਾ ਕਹਿੰਦੇ ਹਨ, "ਲੋਕਤੰਤਰ ਦਾ ਮਤਲਬ ਸਿਰਫ਼ ਵੋਟਾਂ ਪਾਉਣਾ ਹੀ ਨਹੀਂ ਹੈ, ਅਤੇ ਇਸ ਦੇ ਹੋਰ ਬਹੁਤ ਸਾਰੇ ਹਿੱਸੇ ਹਨ ਜਿਨ੍ਹਾਂ ਨੂੰ ਸੰਵਿਧਾਨ ਨਿਰਮਾਤਿਆਂ ਨੇ ਨੂੰ ਮੌਲਿਕ ਅਧਿਕਾਰਾਂ ਦੀ ਸ਼੍ਰੇਣੀ ਵਿੱਚ ਰੱਖਿਆ ਹੈ।"