You’re viewing a text-only version of this website that uses less data. View the main version of the website including all images and videos.
ਈਰਾਨ ਨੇ ਡਰੋਨ ਅਤੇ ਮਿਜ਼ਾਈਲਾਂ ਨਾਲ ਇਜ਼ਰਾਈਲ 'ਤੇ ਕੀਤੇ ਹਮਲੇ, ਅਮਰੀਕਾ ਤੇ ਯੂਕੇ ਨੇ ਕੀ ਕਿਹਾ
ਈਰਾਨ ਨੇ ਡਰੋਨ ਅਤੇ ਮਿਜ਼ਾਈਲਾਂ ਨਾਲ ਇਜ਼ਰਾਈਲ 'ਤੇ ਵੱਡੇ ਪੱਧਰ 'ਤੇ ਹਮਲੇ ਕੀਤੇ ਹਨ। ਇਸ ਨੂੰ ਸੀਰੀਆ ਵਿੱਚ ਉਸ ਦੇ ਵਣਜ ਦੂਤਘਰ ਉੱਤੇ ਹਮਲੇ ਤੋਂ ਬਾਅਦ ਜਵਾਬੀ ਕਾਰਵਾਈ ਦੱਸਿਆ ਜਾ ਰਿਹਾ ਹੈ।
ਈਰਾਨ ਦੀ ਇਸਲਾਮਿਕ ਰੈਵੋਲਿਊਸ਼ਨ ਗਾਰਡ ਕਾਰਪਸ (ਆਈਆਰਜੀਸੀ) ਨੇ ਕਿਹਾ ਹੈ ਕਿ ਹਮਲੇ ਦਾ ਮਕਸਦ 'ਖਾਸ ਟੀਚਿਆਂ' ਨੂੰ ਨਿਸ਼ਾਨਾ ਬਣਾਉਣਾ ਸੀ।
ਇਜ਼ਰਾਈਲ ਦਾ ਕਹਿਣਾ ਹੈ ਕਿ ਉਸ ਨੇ ਅਤੇ ਉਸ ਦੇ ਸਹਿਯੋਗੀਆਂ ਨੇ ਈਰਾਨ ਵੱਲੋਂ ਛੱਡੇ ਗਏ 200 ਤੋਂ ਵੱਧ ਡਰੋਨ ਅਤੇ ਮਿਜ਼ਾਈਲਾਂ ਦੀ ਵਿਸ਼ਾਲ ਬਹੁਗਿਣਤੀ ਨੂੰ ਰੋਕ ਲਿਆ ਹੈ।
ਈਰਾਨ ਦਾ ਇਹ ਜਵਾਬੀ ਹਮਲਾ ਪਹਿਲੀ ਵਾਰ ਹੈ ਜਦੋਂ ਉਸਨੇ ਆਪਣੀ ਧਰਤੀ ਤੋਂ ਇਜ਼ਰਾਈਲ ਨੂੰ ਇਸ ਤਰ੍ਹਾਂ ਸਿੱਧਾ ਨਿਸ਼ਾਨਾ ਬਣਾਇਆ ਹੈ।
ਹਮਲੇ ਤੋਂ ਬਾਅਦ ਇਜ਼ਰਾਈਲ ਵਿੱਚ ਸਾਇਰਨਾਂ ਦੀਆਂ ਆਵਾਜ਼ਾਂ ਸੁਣਾਈ ਦੇ ਰਹੀਆਂ ਹਨ ਅਤੇ ਯੇਰੂਸ਼ਲਮ ਵਿੱਚ ਜ਼ੋਰਦਾਰ ਧਮਾਕਾ ਸੁਣਿਆ ਗਿਆ ਹੈ ਕਿਉਂਕਿ ਇਜ਼ਰਾਈਲ ਦੀ ਹਵਾਈ ਰੱਖਿਆ ਪ੍ਰਣਾਲੀ ਨੇ ਸ਼ਹਿਰ 'ਚ ਕਈ ਚੀਜ਼ਾਂ ਨੂੰ ਡੇਗ ਦਿੱਤਾ ਹੈ।
ਅਮਰੀਕਾ ਦੇ ਫੌਜੀ ਅਫਸਰਾਂ ਮੁਤਾਬਕ ਅਮਰੀਕਾ ਨੇ ਇਜ਼ਰਾਈਲ ਵੱਲ ਜਾ ਰਹੇ ਕੁਝ ਈਰਾਨੀ ਡਰੋਨਾਂ ਨੂੰ ਡੇਗ ਦਿੱਤਾ ਹੈ।
ਇਜ਼ਰਾਈਲ ਵਿੱਚ ਡਰੋਨ ਕਿੱਥੇ ਪਹੁੰਚੇ?
ਇਹ ਅਜੇ ਤੱਕ ਸਾਫ਼ ਨਹੀਂ ਹੈ ਕਿ ਅਜੇ ਤੱਕ ਕੋਈ ਡਰੋਨ ਇਜ਼ਰਾਈਲ ਪਹੁੰਚਿਆ ਹੈ ਜਾਂ ਨਹੀਂ।
ਈਰਾਨ ਇਜ਼ਰਾਈਲ ਤੋਂ 1,800 ਕਿਲੋਮੀਟਰ ਦੂਰ ਹੈ। ਇਸ ਦੇ ਨਾਲ ਹੀ ਅਮਰੀਕਾ ਨੇ ਇਹ ਨਹੀਂ ਦੱਸਿਆ ਕਿ ਉਸ ਨੇ ਡਰੋਨ ਕਿੱਥੇ ਸੁੱਟੇ ਹਨ।
ਇਜ਼ਰਾਈਲ, ਲੇਬਨਾਨ ਅਤੇ ਇਰਾਕ ਨੇ ਆਪਣਾ ਹਵਾਈ ਖੇਤਰ ਬੰਦ ਕਰ ਦਿੱਤਾ ਹੈ ਅਤੇ ਸੀਰੀਆ ਅਤੇ ਜਾਰਡਨ ਨੇ ਆਪਣੇ ਹਵਾਈ ਰੱਖਿਆ ਪ੍ਰਣਾਲੀਆਂ ਨੂੰ ਅਲਰਟ ਉੱਤੇ ਰੱਖਿਆ ਹੈ।
ਪਹਿਲੀ ਅਪ੍ਰੈਲ ਨੂੰ ਸੀਰੀਆ ਦੇ ਦਮਿਸ਼ਕ ਵਿਚਲੇ ਵਣਜ ਦੂਤਘਰ ਉੱਤੇ ਹਮਲੇ ਤੋਂ ਬਾਅਦ ਈਰਾਨ ਨੇ ਬਦਲਾ ਲੈਣ ਦੀ ਗੱਲ ਕਹੀ ਸੀ। ਈਰਾਨ ਨੇ ਕਿਹਾ ਸੀ ਕਿ ਇਜ਼ਰਾਈਲ ਨੂੰ "ਸਜ਼ਾ" ਦਿੱਤੀ ਜਾਵੇਗੀ।
ਇਸ ਹਮਲੇ ਵਿੱਚ ਦੋ ਜਨਰਲਾਂ ਸਮੇਤ ਸੱਤ ਰੈਵੋਲਿਊਸ਼ਨਰੀ ਗਾਰਡ ਅਤੇ ਛੇ ਸੀਰੀਆਈ ਮਾਰੇ ਗਏ ਸਨ,
ਈਰਾਨ ਨੇ ਇਸ ਹਮਲੇ ਲਈ ਇਜ਼ਰਾਈਲ ਨੂੰ ਜ਼ਿੰਮੇਵਾਰ ਠਹਿਰਾਇਆ ਸੀ, ਜਦਕਿ ਇਜ਼ਰਾਈਲ ਨੇ ਨਾ ਤਾਂ ਇਸ ਹਮਲੇ ਦੀ ਪੁਸ਼ਟੀ ਕੀਤੀ ਸੀ ਅਤੇ ਨਾ ਹੀ ਇਸ ਨੂੰ ਰੱਦ ਕੀਤਾ ਸੀ।
ਇਜ਼ਰਾਈਲੀ ਫੌਜ ਨੇ ਕੀ ਕਿਹਾ?
ਆਈਡੀਐੱਫ ਦੇ ਬੁਲਾਰੇ ਰੀਅਰ ਐਡਮਿਰਲ ਡੇਨੀਅਲ ਹਗਾਰੀ ਨੇ ਕਿਹਾ, "ਇਰਾਨ ਨੇ ਇਰਾਨ ਦੀ ਧਰਤੀ ਤੋਂ ਇਜ਼ਰਾਈਲੀ ਰਾਸ਼ਟਰ 'ਤੇ ਸਿੱਧੇ ਹਮਲੇ ਕੀਤੇ ਹਨ।"
“ਅਸੀਂ ਉਨ੍ਹਾਂ ਕਾਤਲ ਡਰੋਨਾਂ ਨੂੰ ਨੇੜਿਓਂ ਦੇਖ ਰਹੇ ਹਾਂ ਜੋ ਈਰਾਨ ਇਜ਼ਰਾਈਲ ਵੱਲ ਭੇਜ ਰਿਹਾ ਹੈ। ਇਹ ਬਹੁਤ ਗੰਭੀਰ ਅਤੇ ਖ਼ਤਰਨਾਕ ਵਾਧਾ ਹੈ।”
ਉਨ੍ਹਾਂ ਨੇ ਕਿਹਾ ਹੈ ਕਿ ਇਜ਼ਰਾਈਲੀ ਹਵਾਈ ਸੈਨਾ ਦੇ ਜਹਾਜ਼ ਹਵਾ ਵਿੱਚ ਕਿਸੇ ਵੀ ਤਰ੍ਹਾਂ ਦੇ ਖ਼ਤਰੇ ਦਾ ਸਾਹਮਣਾ ਕਰਨ ਲਈ ਤਿਆਰ ਹਨ।
ਈਰਾਨ ਵੱਲੋਂ ਡਰੋਨ ਛੱਡਣ ਤੋਂ ਬਾਅਦ, ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਹੈ ਕਿ ਦੇਸ ਦੀ ਰੱਖਿਆ ਪ੍ਰਣਾਲੀ ਨੂੰ ਕੰਮ ਉੱਤੇ ਲਗਾ ਦਿੱਤਾ ਗਿਆ ਹੈ।
ਈਰਾਨ ਦੇ ਇਜ਼ਰਾਈਲ 'ਤੇ ਹਮਲੇ ਤੋਂ ਬਾਅਦ ਭਾਰਤ ਨੇ ਕੀ ਕਿਹਾ?
ਛਮੀ ਏਸ਼ੀਆ ਦੀ ਸਥਿਤੀ ਬਾਰੇ ਭਾਰਤ ਦੇ ਵਿਦੇਸ਼ ਮੰਤਰਾਲੇ ਵੱਲੋਂ ਪ੍ਰਤੀਕਿਰਿਆ ਜਾਰੀ ਕੀਤੀ ਗਈ ਹੈ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਪੱਛਮੀ ਏਸ਼ੀਆ ਦੀ ਸਥਿਤੀ 'ਤੇ ਫਿਕਰ ਜ਼ਾਹਰ ਕੀਤੀ ਹੈ।
ਜਾਰੀ ਬਿਆਨ ਵਿੱਚ ਕਿਹਾ ਗਿਆ ਹੈ, "ਇਜ਼ਰਾਈਲ ਅਤੇ ਈਰਾਨ ਦਰਮਿਆਨ ਤਣਾਅ ਖਿੱਤੇ ਦੀ ਸ਼ਾਂਤੀ ਅਤੇ ਸੁਰੱਖਿਆ ਲਈ ਖ਼ਤਰਾ ਹੈ ਅਤੇ ਅਸੀਂ ਇਸ ਬਾਰੇ ਬੇਹੱਦ ਫਿਕਰਮੰਦ ਹਾਂ।"
"ਅਸੀਂ ਹਿੰਸਾ ਤੋਂ ਪਿੱਛੇ ਹਟਣ ਅਤੇ ਕੂਟਨੀਤੀ ਜ਼ਰੀਏ ਹੱਲ ਕੱਢਣ ਦੀ ਵਕਾਲਤ ਕਰਦੇ ਹਾਂ।"
ਬਿਆਨ ਵਿੱਚ ਅੱਗੇ ਕਿਹਾ ਗਿਆ ਹੈ, "ਤਾਜ਼ਾ ਸਥਿਤੀ ਉੱਤੇ ਨੇੜਿਓਂ ਨਜ਼ਰ ਰੱਖੀ ਜਾ ਰਹੀ ਹੈ ਅਤੇ ਉਸ ਖੇਤਰ ਵਿੱਚ ਭਾਰਤੀ ਭਾਈਚਾਰੇ ਨਾਲ ਰਾਬਤਾ ਬਣਿਆ ਹੋਇਆ ਹੈ। ਇੱਥੇ ਸ਼ਾਂਤੀ ਕਾਇਮ ਰੱਖਣਾ ਬਹੁਤ ਜ਼ਰੂਰੀ ਹੈ।"
ਕੌਮਾਂਤਰੀ ਪ੍ਰਤੀਕਿਰਿਆ
ਯੂਕੇ ਦੇ ਰੱਖਿਆ ਮੰਤਰੀ ਗ੍ਰਾਂਟ ਸ਼ੈਪਸ ਨੇ ਹਮਲੇ ਨੂੰ "ਸਮਝਹੀਣ" ਦੱਸਦਿਆਂ ਇਸਦੀ ਦੀ ਨਿੰਦਾ ਕੀਤੀ ਹੈ।
ਉਨ੍ਹਾਂ ਨੇ ਕਿਹਾ ਕਿ ਖੇਤਰ ਵਿੱਚ ਰੌਇਲ ਏਅਰ ਫੋਰਸ ਦੇ ਹੋਰ ਲੜਾਕੀ ਜਹਾਜ਼ ਤੈਨਾਤ ਕਰ ਦਿੱਤੇ ਗਏ ਹਨ।
ਜਿਸ ਨੂੰ ਇਜ਼ਰਾਈਲ ਨੇ ਅਜੇ ਤੱਕ ਅਧਿਕਾਰਤ ਤੌਰ 'ਤੇ ਸਵੀਕਾਰ ਨਹੀਂ ਕੀਤਾ ਹੈ।
ਰਾਸ਼ਟਰਪਤੀ ਬਾਇਡਨ ਨੂੰ ਵ੍ਹਾਈਟ ਹਾਊਸ ਵਿੱਚ ਜਾਣਕਾਰੀ ਦਿੱਤੀ ਗਈ ਹੈ। ਉਨ੍ਹਾਂ ਨੇ ਕਿਹਾ ਹੈ ਕਿ ਅਮਰੀਕਾ "ਇਸਰਾਈਲ ਦੀ ਸੁਰੱਖਿਆ ਦੀ ਰੱਖਿਆ ਲਈ ਜੋ ਵੀ ਕਰ ਸਕੇਗਾ ਕਰੇਗਾ"।
ਰਾਸ਼ਟਰਪਤੀ ਵੱਲ਼ੋ ਜਾਰੀ ਬਿਆਨ ਦੇ ਅਖੀਰ ਵਿੱਚ ਕਿਹਾ ਗਿਆ ਹੈ ਕਿ ਉਹ ਇਸ ਸੰਬੰਧ ਵਿੱਚ ਜੀ-7 ਆਗੂਆਂ ਦੀ ਬੈਠਕ ਸੱਦਣਗੇ।
ਉਨ੍ਹਾਂ ਨੇ ਇਹ ਵੀ ਕਿਹਾ ਕਿ ਅਮਰੀਕਾ ਨੇ ਲਗਭਗ ਸਾਰੇ ਡਰੋਨ ਅਤੇ ਮਿਜ਼ਾਈਲ ਥੱਲੇ ਡੇਗਣ ਵਿੱਚ ਮਦਦ ਕੀਤੀ ਹੈ।
ਈਰਾਨ ਨੇ ਇਜ਼ਰਾਈਲ ਨਾਲ ਸਿੱਧੇ ਟਕਰਾਅ ਤੋਂ ਬਚਿਆ ਸੀ, ਪਰ ਦਮਿਸ਼ਕ ਹਮਲੇ ਨੂੰ ਗੰਭੀਰ ਤਣਾਅ ਵਿੱਚ ਤੇਲ ਵਜੋਂ ਦੇਖਿਆ ਗਿਆ ਸੀ।
ਚੀਨ ਜਿਸ ਦੇ ਕਿ ਈਰਾਨ ਨਾਲ ਵਧੀਆ ਕੂਟਨੀਤਿਕ ਅਤੇ ਆਰਥਿਕ ਰਿਸ਼ਤੇ ਹਨ ਨੇ ਹਾਲਾਂ ਕਿ ਹਮਲੇ ਦੀ ਨਿੰਦਾ ਨਹੀ ਕੀਤੀ ਹੈ। ਸਗੋਂ ਦੋਵਾਂ ਧਿਰਾਂ ਨੂੰ ਸੰਜਮ ਤੋਂ ਕੰਮ ਲੈਣ ਦੀ ਅਪੀਲ ਕੀਤੀ ਹੈ।
ਅਮਰੀਕਾ ਨੇ ਚੀਨ ਨੂੰ ਅਪੀਲ ਕੀਤੀ ਸੀ ਕਿ ਉਹ ਈਰਾਨ ਨਾਲ ਆਪਣੇ ਰਿਸ਼ਤਿਆਂ ਦਾ ਦਬਾਅ ਬਣਾ ਕੇ ਉਸ ਨੂੰ ਹਮਲਾ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕਰੇ। ਹਾਲਾਂਕਿ ਹੁਣ ਉਨ੍ਹਾਂ ਦਾ ਕਹਿਣਾ ਹੈ ਕਿ ਚੀਨ ਵੱਲੋਂ ਅਜਿਹਾ ਕਰਨ ਦੇ ਕੋਈ ਸਬੂਤ ਨਹੀਂ ਹਨ।
ਸੰਯੁਕਤ ਰਾਸ਼ਟਰ ਸੁਰੱਖਿਆ ਕਾਊਂਸਲ ਨੇ ਵੀ ਐਮਰਜੈਂਸੀ ਬੈਠਕ ਕੀਤੀ ਹੈ। ਬੈਠਕ ਇਜ਼ਰਾਈਲ ਦੀ ਮੰਗ ਉੱਤੇ ਸੱਦੀ ਗਈ ਸੀ। ਇਜ਼ਰਾਈਲ ਨੇ ਕਾਊਂਸਲ ਦੇ ਪ੍ਰਧਾਨ ਵੈਨਿਸਾ ਫਰੈਜ਼ਰ ਨੂੰ ਲਿਖੇ ਆਪਣੇ ਪੱਤਰ ਵਿੱਚ ਲਿਖਿਆ ਸੀ ਕਿ ਇਹ "ਹਮਲੇ ਕੌਮਾਂਤਰੀ ਸੁਰੱਖਿਆ ਲਈ ਵੀ ਵੱਡਾ ਖ਼ਤਰਾ ਹਨ"।
ਪੱਤਰ ਵਿੱਚ ਕਿਹਾ ਗਿਆ ਹੈ ਕਿ ਇਰਾਨ ਨੇ ਕਈ ਸਾਲਾਂ ਤੋਂ ਗਾਜ਼ਾ ਵਿੱਚ ਹਮਾਸ, ਲੈਬਨਾਨ ਵਿੱਚ ਹਿਜ਼ਬੁੱਲ੍ਹਾ ਦੀ ਮਦਦ ਜਾਰੀ ਰੱਖ ਕੇ ਸਥਿਰਤਾ ਪੈਦਾ ਕੀਤੀ ਹੈ।
ਸੰਯੁਕਤ ਰਾਸ਼ਟਰ ਦੇ ਮੁਖੀ ਐਨਟੋਨੀਓ ਗੁਆਤਰੇਜ਼ ਨੇ ਕਿਹਾ ਹੈ ਕਿ ਉਹ ਸਥਿਤੀ ਤੋਂ ਬੇਹੱਤ ਸਾਵਧਾਨ ਹਨ ਪਰ ਖਿੱਤੇ ਲਈ ਅਸਲੀ ਖਤਰਾ ਤਾਂ ਸਥਿਤੀ ਦੇ ਵਿਗੜਨ ਵਿੱਚ ਹੈ।
ਜਰਮਨੀ ਨੇ ਵੀ ਈਰਾਨੀ ਹਮਲਿਆਂ ਦੀ ਨਿਖੇਧੀ ਕੀਤੀ ਹੈ।