ਭਾਰਤੀ ਵਿਦਿਆਰਥੀ ਬੰਗਲਾਦੇਸ਼ ਪੜ੍ਹਾਈ ਕਰਨ ਕਿਉਂ ਜਾਂਦੇ ਹਨ, ਉੱਥੇ ਪੜ੍ਹਨ ਦੇ ਕੀ ਫਾਇਦੇ ਹਨ

    • ਲੇਖਕ, ਸੁਭੋਜੀਤ ਬਾਗਚੀ
    • ਰੋਲ, ਬੀਬੀਸੀ ਸਹਿਯੋਗੀ

ਬੰਗਾਲਦੇਸ਼ ਵਿੱਚ ਵਿਦਿਆਰਥੀਆਂ ਦੀ ਪਸੰਦ ਦੇ ਮੁਹੰਮਦ ਯੂਨੁਸ ਦੀ ਅਗਵਾਈ ਵਿੱਚ ਅੰਤਰਿਮ ਸਰਕਾਰ ਬਣ ਚੁੱਕੀ ਹੈ।

ਇਹ ਵਿਦਿਆਰਥੀਆਂ ਦਾ ਹੀ ਅੰਦੋਲਨ ਸੀ, ਜਿਸ ਤੋਂ ਬਾਅਦ ਹਾਲਾਤ ਇਸ ਤਰ੍ਹਾਂ ਦੇ ਹੋ ਗਏ ਕਿ ਸ਼ੇਖ ਹਸੀਨਾ ਨੂੰ ਦੇਸ਼ ਛੱਡ ਕੇ ਭੱਜਣਾ ਪਿਆ।

ਕਿਹਾ ਜਾਂਦਾ ਹੈ ਕਿ ਬੰਗਾਲਦੇਸ਼ ਦੀ ਵਿਦਿਆਰਥੀ ਰਾਜਨੀਤੀ ਬਾਰੇ ਕਾਫੀ ਸਰਗਰਮ ਰਹਿੰਦੇ ਹਨ।

ਪਰ ਬੰਗਲਾਦੇਸ਼ ਵਿੱਚ ਕੁਝ ਵਿਦਿਆਰਥੀ ਭਾਰਤ ਦੇ ਵੀ ਹੁੰਦੇ ਹਨ, ਜੋ ਉੱਥੇ ਪੜ੍ਹਾਈ ਕਰਨ ਜਾਂਦੇ ਹਨ।

ਬੰਗਲਾਦੇਸ਼ ਵਿੱਚ ਹਾਲਾਤ ਵਿਗੜਨ ਦੇ ਦੌਰਾਨ ਇਹ ਵਿਦਿਆਰਥੀ ਭਾਰਤ ਆਏ ਅਤੇ ਹੁਣ ਹਾਲਾਤ ਠੀਕ ਹੋਣ ਦਾ ਬੇਸਬਰੀ ਨਾਲ ਉਡੀਕ ਕਰ ਰਹੇ ਹਨ ਤਾਂ ਕਿ ਵਾਪਸ ਜਾ ਕੇ ਆਪਣੀ ਪੜ੍ਹਾਈ ਪੂਰੀ ਕਰ ਸਕਣ।

ਜੁਲਾਈ ਦੇ ਅੰਤ ਤੱਕ ਤਕਰੀਬਨ ਸੱਤ ਹਜ਼ਾਰ ਭਾਰਤੀ ਵਿਦਿਆਰਥੀ ਵਤਨ ਵਾਪਸ ਪਰਤੇ ਹਨ।

ਇਨ੍ਹਾਂ ਵਿਦਿਆਰਥੀਆਂ ਵਿੱਚੋਂ ਲਗਭਗ ਦਰਜਣ ਭਰ ਤਾਂ ਪਿਛਲੇ ਦੋ ਹਫ਼ਤਿਆਂ ਵਿੱਚ ਵਾਪਸ ਆਏ ਹਨ।

ਬੀਬੀਸੀ ਨਾਲ ਗੱਲਬਾਤ ਕਰਦੇ ਹੋਏ ਇਨ੍ਹਾਂ ਵਿਦਿਆਰਥੀਆਂ ਨੇ ਉੱਥੇ ਪੜ੍ਹਾਈ ਕਰਨ ਦੇ ਫਾਇਦੇ ਦੱਸੇ ਹਨ।

ਭਾਰਤੀ ਵਿਦਿਆਰਥੀ ਬੰਗਲਾਦੇਸ਼ ਕਿਹੜੀ ਪੜ੍ਹਾਈ ਕਰਨ ਜਾਂਦੇ ਹਨ

ਪੂਰਬੀ ਬੰਗਲਾਦੇਸ਼ ਵਿੱਚ ਅਬਦੁੱਲ ਹਾਮਿਦ ਮੈਡੀਕਲ ਕਾਲਜ ਵਿੱਚ ਚੌਥੇ ਸਾਲ ਦੀ ਪੜ੍ਹਾਈ ਕਰ ਰਹੇ ਸੁਦੀਪਤਾ ਮੈਤੀ ਕਹਿੰਦੇ ਹਨ ਕਿ ਬੰਗਲਾਦੇਸ਼ ਵਿੱਚ ਪੜ੍ਹਾਈ ਕਰਨ ਦਾ ਭਾਰਤੀ ਵਿਦਿਆਰਥੀਆਂ ਨੂੰ ਸਭ ਤੋਂ ਵੱਡਾ ਫਾਇਦਾ ਪੜ੍ਹਾਈ ਵਿੱਚ ਹੋਣ ਵਾਲੇ ਖਰਚੇ ਵਿੱਚ ਹੈੇ।

ਸੁਦੀਪਤਾ ਕਹਿੰਦੇ ਹਨ, “ਜਦੋਂ ਬੰਗਲਾਦੇਸ਼ ਵਿੱਚ ਹਿੰਸਾ ਦੀ ਸ਼ੁਰੂਆਤ ਹੋਈ ਉਦੋਂ ਅਸੀਂ ਅਖੌਰਾ-ਅਗਰਤਲਾ ਬਾਰਡਰ ਕਰਾਸ ਕਰਕੇ ਵਾਪਸ ਆਪਣੇ ਦੇਸ ਆ ਗਏ।”

ਬੰਗਾਲਦੇਸ਼ ਦੇ ਕਿਸ਼ੋਰਗੰਜ ਵਿੱਚ ਮੌਜੂਦ ਇਸ ਕਾਲਜ ਤੋਂ ਅਗਰਤਲਾ ਤਿੰਨ ਘੰਟਿਆਂ ਵਿੱਚ ਪਹੁੰਚਿਆ ਜਾ ਸਕਦਾ ਹੈ।

ਇੱਥੋਂ ਕੋਲਕਾਤਾ ਇੱਕ ਘੰਟੇ ਦੇ ਹਵਾਈ ਸਫ਼ਰ ਤੋਂ ਬਾਅਦ ਪਹੁੰਚਿਆ ਜਾ ਸਕਦਾ ਹੈ।

ਫਿਰ ਅਗਲੇ ਤਿੰਨ ਘੰਟਿਆਂ ਵਿੱਚ ਸੁਦੀਪਤਾ ਮੈਤੀ ਪੱਛਮੀ ਬੰਗਾਲ ਦੇ ਪੂਰਬੀ ਮਿਦਨਾਪੁਰ ਜ਼ਿਲ੍ਹੇ ਵਿੱਚ ਪਹੁੰਚ ਚੁੱਕੇ ਸਨ।

ਸੁਦੀਪਤਾ ਅੱਗੇ ਦੱਸਦੇ ਹਨ, ਬੰਗਲਾਦੇਸ਼ ਹੁਣ ਭਾਰਤ ਨਾਲ ਇੰਨੇ ਵਧੀਆ ਤਰੀਕੇ ਨਾਲ ਜੁੜਿਆ ਹੋਇਆ ਹੈ ਕਿ ਕੋਈ ਵੀ ਮਹਿਜ਼ ਕੁਝ ਹੀ ਘੰਟਿਆਂ ਵਿੱਚ ਕੋਲਕਾਤਾ ਪਹੁੰਚ ਸਕਦਾ ਹੈ। ਸ਼ਾਇਦ ਬੰਗਲਾਦੇਸ਼ ਦੇ ਨਿੱਜੀ ਮੈਡੀਕਲ ਕਾਲਜਾਂ ਵਿੱਚ ਭਾਰਤੀ ਵਿਦਿਆਰਥੀਆਂ ਦੀ ਸੰਖਿਆ ਵਧਣ ਦਾ ਇਹ ਵੀ ਇੱਕ ਕਾਰਨ ਹੈ।"

ਭਾਰਤ ਸਰਕਾਰ ਦੇ ਅੰਕੜਿਆਂ ਮੁਤਾਬਕ, 2022 ਵਿੱਚ 13 ਲੱਖ ਤੋਂ ਜ਼ਿਆਦਾ ਭਾਰਤੀ ਵਿਦਿਆਰਥੀ ਵਿਦੇਸ਼ਾਂ ਵਿੱਚ ਪੜ੍ਹਾਈ ਕਰਨ ਗਏ ਸਨ ਜਿਨ੍ਹਾਂ ਵਿੱਚੋਂ 9.32 ਹਜ਼ਾਰ ਬੰਗਲਾਦੇਸ਼ ਵਿੱਚ ਗਏ ਸਨ।

ਬਿਹਤਰ ਕਨੈਕਟੀਵਿਟੀ, ਥੋੜ੍ਹਾ ਫਾਸਲਾ, ਇੱਕੋ-ਜਿਹਾ ਸੱਭਿਆਚਾਰ, ਭਾਰਤ ਵਿੱਚ ਸੀਮਤ ਸੀਟਾਂ ਅਤੇ ਪੜ੍ਹਾਈ ਦੇ ਖਰਚੇ ਕਾਰਨ ਭਾਰਤੀ ਵਿਦਿਆਰਥੀ ਬੰਗਲਾ ਦੇਸ਼ ਦਾ ਰੁਖ ਕਰਦੇ ਹਨ।

ਕਸ਼ਮੀਰ ਦੀ ਕਾਜ਼ੀ ਐੱਮਬੀਬੀਐੱਸ-7ਵੇਂ ਸਾਲ ਦੀ ਵਿਦਿਆਥਣ ਹੈ।

ਕਾਜ਼ੀ ਦੱਸਦੇ ਹਨ ਕਿ ਜਿੱਥੇ ਮੈਡੀਕਲ ਦੀ ਪੜ੍ਹਾਈ ਵਿੱਚ ਭਾਰਤ ਵਿੱਚ ਇੱਕ ਕਰੋੜ ਤੋਂ ਜ਼ਿਆਦਾ ਖਰਚ ਹੋ ਜਾਂਦੇ ਹਨ ਉੱਥੇ ਹੀ ਬੰਗਲਾਦੇਸ਼ ਵਿੱਚ 40 ਤੋਂ 50 ਲੱਖ ਵਿੱਚ ਮੈਡੀਕਲ ਦੀ ਪੜ੍ਹਾਈ ਹੋ ਜਾਂਦੀ ਹੈ।

ਕਾਜ਼ੀ ਦੱਸਦੇ ਹਨ, “ਜਦੋਂ ਮੈਂ ਢਾਕਾ ਦੇ ਅਦ-ਦੀਨ ਮੈਡੀਕਲ ਕਾਲਜ ਵਿੱਚ ਪੜ੍ਹਾਈ ਲਈ 2019 ਵਿੱਚ ਕਸ਼ਮੀਰ ਛੱਡਿਆ ਤਾਂ ਉਸ ਸਮੇਂ ਕਸ਼ਮੀਰ ਵਿੱਚ ਸਿਰਫ ਦੋ ਮੈਡੀਕਲ ਕਾਲਜ ਸਨ। ਨਿੱਜੀ ਮੈਡੀਕਲ ਕਾਲਜ ਤਾਂ ਹੈ ਹੀ ਨਹੀਂ ਸਨ। ਜਦਕਿ ਬੰਗਲਾ ਦੇਸ਼ ਵਿੱਚ ਬਹੁਤ ਸਾਰੇ ਮੈਡੀਕਲ ਕਾਲਜ ਸਨ।”

ਉਨ੍ਹਾਂ ਦਾ ਦਾਅਵਾ ਹੈ ਕਿ ਭਾਰਤੀ ਕਰੰਸੀ ਦੇ ਹਿਸਾਬ ਨਾਲ 30-35 ਲੱਖ ਦੇ ਖਰਚ ਵਿੱਚ ਉੱਥੇ ਮੈਡੀਕਲ ਦੀ ਪੜ੍ਹਾਈ ਪੂਰੀ ਹੋ ਜਾਂਦੀ ਹੈ।

ਘੱਟ ਖਰਚੇ ਤੋਂ ਇਲਾਵਾ ਹੋਰ ਫਾਇਦੇ

ਪੱਛਮੀ ਬੰਗਾਲ ਦੇ 24 ਪਰਗਨਾ ਵਿੱਚ ਜੌਏ ਨਗਰ ਦੇ ਇੱਕ ਹੈਡਮਾਸਟਰ ਦੇ ਪੁੱਤਰ ਬਾਸਿਤ ਅਨਵਰ ਭਾਰਤੀ ਵਿਦਿਆਰਥੀਆਂ ਦੇ ਨਾਲ ਹੋਰ ਦੇਸਾਂ ਦੇ ਮੁਕਾਬਲੇ ਬੰਗਲਾ ਦੇਸ਼ ਚੁਣਨ ਦੇ ਪਿੱਛੇ ਕਾਰਨ ਦੱਸਦੇ ਹਨ।

ਬਾਸਿਤ ਅਨਵਰ ਕਹਿੰਦੇ ਹਨ, “ਘੱਟ ਖਰਚੇ ਦੇ ਕਾਰਨ ਭਾਰਤੀ ਵਿਦਿਆਰਥੀ ਮੈਡੀਕਲ ਦੀ ਪੜ੍ਹਾਈ ਲਈ ਰੂਸ ਅਤੇ ਯੂਕਰੇਨ ਨੂੰ ਪਹਿਲਾਂ ਵੀ ਪਹਿਲ ਦਿੰਦੇ ਸਨ ਅਤੇ ਹੁਣ ਵੀ ਦਿੰਦੇ ਹਨ ਲੇਕਿਨ ਬੰਗਾਲਦੇਸ਼ ਵਿੱਚ ਪੜ੍ਹਨ ਦਾ ਇੱਕ ਵੱਡਾ ਫਾਇਦਾ ਹੈ।”

ਪੱਛਮੀ ਦੇਸਾਂ ਵਿੱਚੋਂ ਕੁਝ ਚੋਣਵੇਂ ਦੇਸ਼ਾਂ ਨੂੰ ਛੱਡ ਕੇ ਭਾਰਤ ਤੋਂ ਬਾਹਰ ਮੈਡੀਕਲ ਦੀ ਪੜ੍ਹਾਈ ਕਰਕੇ ਦੇਸ ਪਰਤਣ ਵਾਲੇ ਭਾਰਤੀ ਵਿਦਿਆਰਥੀਆਂ ਨੂੰ ਫਾਰੇਨ ਮੈਡੀਕਲ ਗਰੈਜੂਏਸ਼ਨ ਇਮੀਗ੍ਰੇਸ਼ਨ (ਐੱਫਐੱਮਜੀਈ) ਪਾਸ ਕਰਨਾ ਪੈਂਦਾ ਹੈ। ਇਸ ਪ੍ਰੀਖਿਆ ਵਿੱਚ ਪਾਸ ਹੋਣ ਵਾਲਿਆਂ ਵਿੱਚ ਬੰਗਲਾਦੇਸ਼ ਤੋਂ ਪੜ੍ਹੇ ਭਾਰਤੀ ਵਿਦਿਆਰਥੀਆਂ ਦੀ ਫੀਸਦੀ ਬਹੁਤ ਜ਼ਿਆਦਾ ਹੁੰਦੀ ਹੈ।

ਬਾਸਿਤ ਕਹਿੰਦੇ ਹਨ, “ਸ਼ਾਇਦ ਇਹੀ ਸੰਭਾਵੀ ਕਾਰਨ ਹੈ ਜਿਸ ਕਾਰਨ ਜ਼ਿਆਦਾ ਭਾਰਤੀ ਵਿਦਿਆਰਥੀ ਬੰਗਾਲਾਦੇਸ਼ ਦਾ ਰੁਖ ਕਰ ਰਹੇ ਹਨ। ਦੋਵਾਂ ਦੇਸਾਂ ਦਾ ਸਿਲੇਬਸ ਲਗਭਗ ਇੱਕੋ-ਜਿਹਾ ਹੈ। ਇਸ ਲਈ ਉਨ੍ਹਾਂ ਨੂੰ ਐੱਫਐੱਮਜੀਈ ਨੂੰ ਪਾਸ ਕਰਨ ਲਈ ਸਾਡੀ ਲੋੜ ਬਾਰੇ ਪਤਾ ਹੁੰਦਾ ਹੈ। ਇਸ ਵਿੱਚ ਸਾਨੂੰ 19 ਵਿਸ਼ਿਆਂ ਵਿੱਚੋਂ 300 ਤੋਂ 150 ਅੰਕ ਹਾਸਲ ਕਰਨੇ ਪੈਂਦੇ ਹਨ। ਹਾਲਾਂਕਿ ਕੋਈ ਕਟਆਫ਼ ਨਹੀਂ ਹੈ ਲੇਕਿਨ ਸਾਨੂੰ ਘੱਟੋ-ਘੱਟ 50 ਫੀਸਦੀ ਸਕੋਰ ਕਰਨਾ ਪੈਂਦਾ ਹੈ।”

ਬਾਸਿਤ ਦੇ ਦੋਸਤ ਕਹਿੰਦੇ ਹਨ ਕਿ ਐੱਫਐੱਮਜੀਈ ਦੀ ਪ੍ਰੀਖਿਆ ਵਿੱਚ ਸ਼ਾਮਲ ਹੋਣ ਲਈ ਕੋਈ ਸਮਾਂ ਸੀਮਾ ਨਹੀਂ ਹੈ, ਪਰ ਬੰਗਲਾਦੇਸ਼ ਤੋਂ ਪੜ੍ਹੇ ਵਿਦਿਆਰਥੀ ਅਕਸਰ ਪ੍ਰੀਖਿਆ ਵਿੱਚ ਪਾਸ ਹੋ ਜਾਂਦੇ ਹਨ।

ਬੰਗਾਲਦੇਸ਼ ਵਿੱਚ ਮੈਡੀਕਲ ਦੀ ਪੜ੍ਹਾਈ ਕਰਨ ਵਾਲੇ ਸਭ ਤੋਂ ਜ਼ਿਆਦਾ ਭਾਰਤੀ

ਵਧਦੀ ਸਿਆਸੀ ਉੱਥਲ-ਪੁੱਥਲ ਅਤੇ ਵਿਸ਼ਵੀ ਲੋਕਤੰਤਰ ਦੇ ਪੈਮਾਨੇ ਵਿੱਚ ਕਮੀ ਦੇ ਬਾਅਦ ਵੀ ਬੰਗਲਾਦੇਸ਼ ਨੇ ਗ਼ਰੀਬੀ ਘਟਾਉਣ ਅਤੇ ਤੇਜ਼ ਆਰਥਿਤ ਤਰੱਕੀ ਦੇ ਲਈ ਅਸਧਾਰਨ ਰੂਪ ਵਿੱਚ ਕਾਫ਼ੀ ਕੰਮ ਕੀਤਾ ਹੈ।

ਹਾਲਾਂਕਿ ਵਿਸ਼ਵ ਬੈਂਕ ਦੀ ਰਿਪੋਰਟ ਦੇ ਮੁਤਾਬਕ ਕੋਵਿਡ ਮਹਾਮਾਰੀ ਤੋਂ ਬਾਅਦ ਇਸ ਨੇ ਅਜੇ ਵੀ ਆਰਥਿਕ ਮੋਰਚੇ ਉੱਤੇ ਉਭਰਨ ਲਈ ਸੰਘਰਸ਼ ਕਰ ਰਿਹਾ ਹੈ।

ਪਿਛਲੇ ਵਿੱਤੀ ਸਾਲ ਦੌਰਾਨ ਜੀਡੀਪੀ 7.1% ਤੋਂ ਘਟ ਕੇ 5.8% ਉੱਤੇ ਆ ਗਈ ਸੀ।

ਬੰਗਲਾਦੇਸ਼ ਵਿੱਚ ਤਾਜ਼ਾ ਤਣਾਅ ਦੇ ਪਿੱਛੇ ਆਰਥਿਕ ਚੁਣੌਤੀਆਂ, ਵਧਦੀ ਮਹਿੰਗਾਈ, ਬੇਰੋਜ਼ਗਾਰੀ ਅਤੇ ਘਟਦੇ ਰਿਜ਼ਰਵ ਡਾਲਰ ਵਰਗੇ ਕਾਰਨ ਦੱਸੇ ਜਾ ਰਹੇ ਹਨ।

17 ਕਰੋੜ ਦੀ ਅਬਾਦੀ ਵਿੱਚ ਕਰੀਬ 3.2 ਕਰੋੜ ਨੌਜਵਾਨ ਨੌਕਰੀ ਅਤੇ ਪੜ੍ਹਾਈ ਤੋਂ ਬਾਹਰ ਹਨ।

ਬੰਗਾਲਦੇਸ਼ ਵਿੱਚ ਸਾਲ ਦਰ ਸਾਲ ਮੈਡੀਕਲ ਸਿੱਖਿਆ ਵਿੱਚ ਨਿਵੇਸ਼ ਕਾਰਨ ਪੇਂਡੂ ਖੇਤਰਾਂ ਸਿਹਤ ਸਹੂਲਤਾਂ ਵਿੱਚ ਖਾਸ ਕਰਕੇ ਸੁਧਾਰ ਹੋਇਆ ਹੈ।

ਭਾਰਤ ਤੋਂ ਬੰਗਲਾਦੇਸ਼ ਦੀਆਂ ਇਨ੍ਹਾਂ ਮੈਡੀਕਲ ਸੰਸਥਾਵਾਂ ਵਿੱਚ ਦਾਖਲੇ ਲਈ ਸਲਾਹਕਾਰੀ ਦੇਣ ਵਾਲੇ ਕੋਲਕਾਤਾ ਦੇ ਕਾਜ਼ੀ ਮੁਹੰਮਦ ਹਬੀਬ ਕਹਿੰਦੇ ਹਨ, “ਬੰਗਲਾ ਦੇਸ਼ ਵਿੱਚ ਬਹੁਤ ਹੀ ਥੋੜ੍ਹੇ ਸਮੇਂ ਵਿੱਚ ਲਗਭਗ 70 ਮੈਡੀਕਲ ਕਾਲਜ ਖੁੱਲ੍ਹ ਗਏ ਹਨ ਅਤੇ ਇਨ੍ਹਾਂ 70 ਕਾਲਜਾਂ ਵਿੱਚ 3100 ਸੀਟਾਂ ਹਨ। ਇਨ੍ਹਾਂ ਸੀਟਾਂ ਵਿੱਚ ਜ਼ਿਆਦਾਤਰ 45 ਫੀਸਦੀ ਵਿਦੇਸ਼ੀ ਵਿਦਿਆਰਥੀ ਹੀ ਦਾਖ਼ਲਾ ਲੈਂਦੇ ਹਨ।”

ਉਨ੍ਹਾਂ ਵਿੱਚੋਂ ਜ਼ਿਆਦਾਤਰ ਗਿਣਤੀ ਭਾਰਤੀ ਵਿਦਿਆਰਥੀਆਂ ਦੀ ਹੁੰਦੀ ਹੈ।

ਬੰਗਲਾਦੇਸ਼ ਦੇ ਮੈਡੀਕਲ ਸਿੱਖਿਆ ਡਾਇਰੈਕਟੋਰੇਟ ਦੇ ਅਪ੍ਰੈਲ ਵਿੱਚ ਜਾਰੀ ਅੰਕੜਿਆਂ ਮੁਤਾਬਕ, 2023-24 ਵਿੱਚ ਕੁੱਲ 1067 ਭਾਰਤੀ ਵਿਦਿਆਰਥੀਆਂ ਨੇ ਮੈਡੀਕਲ ਸਟਰੀਮ ਵਿੱਚ ਦਾਖਲਾ ਲਿਆ।

ਨੇਪਾਲ, ਭੂਟਾਨ ਅਤੇ ਪਾਕਿਸਤਾਨ ਤੋਂ ਲੜੀਵਾਰ 264, 12 ਅਤੇ 2 ਵਿਦਿਆਰਥੀ ਆਏ ਜਦਕਿ ਫਰਾਂਸ, ਬ੍ਰਿਟੇਨ ਅਤੇ ਕੈਨੇਡਾ ਨੇ ਇੱਕ-ਇੱਕ ਵਿਦਿਆਰਥੀ ਭੇਜਿਆ।

ਬੰਗਲਾਦੇਸ਼ ਦੇ ਸਰਕਾਰੀ ਕਾਲਜਾਂ ਵਿੱਚ 220 ਸੀਟਾਂ ਸਾਰਕ ਦੇਸ਼ਾਂ ਦੇ ਵਿਦਿਆਰਥੀਆਂ ਲਈ ਰਾਖਵੀਆਂ ਹਨ। ਭਾਰਤ ਇਨ੍ਹਾਂ ਸੀਟਾਂ ਲਈ 22 ਵਿਦਿਆਰਥੀਆਂ ਨੂੰ ਭੇਜ ਸਕਦਾ ਹੈ।

ਹਬੀਬ ਇੱਕ ਪਾਸੇ ਜਿੱਥੇ ਨਿੱਜੀ ਕਾਲਜਾਂ ਦੇ ਵਿਸਥਾਰ ਨੂੰ ਸਾਰਕ ਦੇਸਾਂ ਦੇ ਵਿਦਿਆਰਥੀਆਂ ਲਈ ਚੰਗੀ ਖ਼ਬਰ ਮੰਨਦੇ ਹਨ ਦੂਜੇ ਪਾਸੇ ਬੰਗਲਾਦੇਸ਼ ਵੀ ਭਾਰਤੀ ਵਿਦਿਆਰਥੀਆਂ ਤੋਂ ਠੀਕ-ਠਾਕ ਕਮਾਈ ਕਰ ਰਿਹਾ ਹੈ।

ਬੰਗਲਾਦੇਸ਼ ਵਿੱਚ ਮੈਡੀਕਲ ਦੀ ਪੜ੍ਹਾਈ ਦਾ ਖਰਚਾ ਔਸਤਨ 30-50 ਹਜ਼ਾਰ ਅਮਰੀਕੀ ਡਾਲਰ ਪੈਂਦਾ ਹੈ।

ਬੰਗਲਾਦੇਸ਼ ਤੋਂ ਮਰੀਜ਼ ਵੀ ਇਲਾਜ ਲਈ ਭਾਰਤ ਆਉਂਦੇ ਹਨ

ਫਿਰ ਵੀ ਵੱਡੀ ਗਿਣਤੀ ਵਿੱਚ ਬੰਗਲਾਦੇਸ਼ੀ ਮਰੀਜ਼ ਇਲਾਜ ਲਈ ਭਾਰਤ ਖਾਸ ਕਰਕੇ ਪੱਛਮੀ ਬੰਗਾਲ ਆਉਂਦੇ ਹਨ।

ਇਸ ਦੇ ਪਿੱਛੇ ਵੀ ਮਹਿੰਗਾ ਇਲਾਜ ਅਤੇ ਮੈਡੀਕਲ ਟਰੈਵਲ ਏਜੰਸੀਆਂ ਦੇ ਵਧਣ ਨੂੰ ਕਾਰਨ ਮੰਨਿਆ ਜਾਂਦਾ ਹੈ।

ਇੱਕ ਅੰਦਾਜ਼ੇ ਮੁਤਾਬਕ, ਦੱਖਣੀ ਕੋਲਕਾਤਾ ਦੇ ਇੱਕ ਨਿੱਜੀ ਹਸਪਤਾਲ ਵਿੱਚ 30-40 ਫੀਸਦੀ ਮਰੀਜ਼ ਬੰਗਲਾਦੇਸ਼ ਤੋਂ ਆਉਂਦੇ ਹਨ।

ਹਬੀਬ ਕਹਿੰਦੇ ਹਨ ਮੈਡੀਕਲ ਸਿੱਖਿਆ ਅਤੇ ਮੈਡੀਕਲ ਸਹੂਲਤ ਦੋ ਵੱਖ-ਵੱਖ ਚੀਜ਼ਾਂ ਹਨ। ਬੰਗਲਾਦੇਸ਼ ਨੇ ਮੈਡੀਕਲ ਸਿੱਖਿਆ ਦੇ ਖੇਤਰ ਵਿੱਚ ਤਾਂ ਚੰਗਾ ਕੰਮ ਕੀਤਾ ਹੈ ਪਰ ਮੈਡੀਕਲ ਸਹੂਲਤਾਂ ਵਿੱਚ ਅਜੇ ਹੋਰ ਵਿਕਾਸ ਕਰਨ ਦੀ ਲੋੜ ਹੈ।

ਦੱਖਣੀ ਏਸ਼ੀਆ ਦੇ ਵਿਦਿਆਰਥੀ ਸਿਰਫ਼ ਮੈਡੀਕਲ ਸੰਸਥਾਵਾਂ ਵਿੱਚ ਹੀ ਨਹੀਂ ਆਉਂਦੇ। ਵਿਜ਼ੂਅਲ ਆਰਟਸ ਅਤੇ ਸੋਸ਼ਲ ਸਾਇੰਸ ਦੀਆਂ ਵੱਡੀਆਂ ਸੰਸਥਾਵਾਂ ਵਿੱਚ ਵੀ ਭਾਰਤੀ ਵਿਦਿਆਰਥੀ ਹਨ।

ਅਜਿਹੀ ਹੀ ਇੱਕ ਸੰਸਥਾ ਹੈ— ਪਾਠਸ਼ਾਲਾ—ਇੱਕ ਸਕੂਲ ਜਿੱਥੇ ਫੋਟੋਗ੍ਰਾਫ਼ੀ ਅਤੇ ਟੈਲੀਵਿਜ਼ਨ ਐਂਡ ਫ਼ਿਲਮ ਦੀ ਸਿਖਲਾਈ ਦਿੱਤੀ ਜਾਂਦੀ ਹੈ।

ਇੱਥੋਂ ਦੀ ਇੱਕ ਸਾਬਕਾ ਵਿਦਿਆਰਥਣ, ਸੁਪਰਣਾ ਨਾਥ ਨੇ ਸੰਸਥਾ ਨੂੰ ਆਪਣੀ ਤਰ੍ਹਾਂ ਦੀ ਇੱਕ ਅਨੋਖੀ ਸੰਸਥਾ ਦੱਸਦੇ ਹਨ।

ਦੱਖਣ ਅਤੇ ਦੱਖਣ ਪੂਰਬੀ ਏਸ਼ੀਆ ਵਿੱਚ ਜਿੱਥੇ ਬੰਗਲਾਦੇਸ਼ ਇੱਕ ਮਹੱਤਵਪੂਰਨ ਵਿਦਿਅਕ ਧੁਰੇ ਦੇ ਰੂਪ ਵਿੱਚ ਸਾਹਮਣੇ ਆ ਰਿਹਾ ਹੈ, ਤਾਂ ਉੱਥੇ ਹੀ ਹਾਲ ਦੀ ਅਸਥਿਰਤਾ ਨੇ ਵਿਦਿਆਰਥੀਆਂ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ।

ਵਿਦਿਆਰਥੀਆਂ ਦੇ ਅਨੁਸਾਰ ਇੱਕ ਦੋਸਤਾਨਾ ਮਾਹੌਲ ਵਾਲੇ ਦੇਸ ਵਿੱਚ ਪਿਛਲੇ ਕੁਝ ਦਿਨ ਕਾਫ਼ੀ ਦੁਖੀ ਕਰਨ ਵਾਲੇ ਰਹੇ ਹਨ।

ਸ਼ੇਖ ਹਸੀਨਾ ਦੇਸ਼ ਵਿੱਚ ਹਾਲ ਦੇ ਤਣਾਅ ਦੇ ਲਈ ਆਪਣੇ ਸਿਆਸੀ ਵਿਰੋਧੀਆਂ ਨੂੰ ਕਸੂਰਵਾਰ ਦੱਸਦੇ ਹਨ।

ਹਾਲਾਂਕਿ ਵਿਰੋਧੀ ਪਾਰਟੀਆਂ ਸ਼ੇਖ ਹਸੀਨਾ ਨੇ ਇਲਜ਼ਾਮ ਨੂੰ ਸਿਰੇ ਤੋਂ ਖਾਰਿਜ ਕਰਦੀਆਂ ਹਨ।

ਜਦਕਿ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਹਾਲ ਹੀ ਵਿੱਚ ਹੋਈਆਂ ਹਿੰਸਕ ਘਟਨਾਵਾਂ ਦੇ ਕਾਰਨ ਬੰਗਾਲਦੇਸ਼ ਨੂੰ ਭਾਰੀ ਨੁਕਸਾਨ ਪਹੁੰਚ ਸਕਦਾ ਹੈ।

ਵਿਦਿਆਰਥੀਆਂ ਨੂੰ ਉਮੀਦ ਹੈ ਕਿ ਬੰਗਲਾਦੇਸ਼ ਬਹੁਤ ਛੇਤੀ ਦੇਸ ਵਿੱਚ ਜਾਰੀ ਤਣਾਅ ਨੂੰ ਖ਼ਤਮ ਕਰ ਲਵੇਗਾ, ਜਿਸ ਨਾਲ ਉਸਦਾ ਵਿਦਿਅਕ ਪੱਧਰ ਹੋਰ ਜ਼ਿਆਦਾ ਸਮੇਂ ਤੱਕ ਅਸਰ ਅੰਦਾਜ਼ ਨਾ ਹੋਵੇ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਪ੍ਰਕਾਸ਼ਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)