You’re viewing a text-only version of this website that uses less data. View the main version of the website including all images and videos.
ਮੁਹੰਮਦ ਯੂਨੁਸ ਕੌਣ ਹਨ, ਜੋ ਬੰਗਲਾਦੇਸ਼ ਦੀ ਅੰਤ੍ਰਿਮ ਸਰਕਾਰ ਦੇ ਮੁੱਖ ਸਲਾਹਕਾਰ ਬਣੇ
ਬੰਗਲਾਦੇਸ਼ ਵਿੱਚ ਰਾਖਵਾਂਕਰਨ ਨੀਤੀ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਆਗੂਆਂ ਨੇ ਨੋਬਲ ਪੁਰਸਕਾਰ ਜੇਤੂ ਮੁਹੰਮਦ ਯੂਨੁਸ ਨੂੰ ਬੰਗਲਾਦੇਸ਼ ਦੀ ਅੰਤ੍ਰਿਮ ਸਰਕਾਰ ਦੇ ਮੁੱਖ ਸਲਾਹਕਾਰ ਬਣ ਗਏ ਹਨ।
ਖ਼ਬਰ ਏਜੰਸੀ ਰਾਇਟਰਜ਼ ਦੀ ਰਿਪੋਰਟ ਦੇ ਮੁਤਾਬਕ ਮੁਹੰਮਦ ਯੂਨੁਸ ਨੇ ਬੰਗਲਾਦੇਸ਼ ਆਉਣ ਦੇ ਪ੍ਰਸਤਾਵ ਨੂੰ ਸਵਿਕਾਰ ਕਰ ਲਿਆ ਹੈ।
ਰਿਪੋਰਟ ਮੁਤਾਬਕ ਯੂਨੁਸ ਪੈਰਿਸ ਵਿੱਚ ਮਾਮੂਲੀ ਡਾਕਟਰੀ ਪ੍ਰਕਿਰਿਆ ਤੋਂ ਬਾਅਦ ਫੌਰਨ ਬੰਗਲਾਦੇਸ਼ ਵਾਪਸ ਆ ਜਾਣਗੇ।
ਵਿਦਿਆਰਥੀ ਮੁਜ਼ਾਹਰਾਕਾਰੀਆਂ ਨੇ ਇੱਕ ਨਵੀਂ ਅੰਤ੍ਰਿਮ ਸਰਕਾਰ ਦੇ ਗਠਨ ਦੀ ਮੰਗ ਕੀਤੀ ਸੀ ਅਤੇ ਕਿਹਾ ਸੀ ਕਿ "ਉਹ ਕਿਸੇ ਵੀ ਫੌਜ-ਸਮਰਥਿਤ ਜਾਂ ਫੌਜ ਦੀ ਅਗਵਾਈ ਵਾਲੀ ਸਰਕਾਰ ਨੂੰ ਸਵੀਕਾਰ ਨਹੀਂ ਕਰਨਗੇ"।
ਜ਼ਿਕਰਯੋਗ ਹੈ ਕਿ ਰਾਖਵੇਂਕਰਨ ਦੇ ਮੁੱਦੇ ਉੱਤੇ ਚੱਲ ਰਹੇ ਰੋਸ ਮੁਜ਼ਾਹਰਿਆਂ ਦੇ ਮਸਲੇ ਉੱਤੇ ਬੰਗਲਾਦੇਸ਼ ਵਿੱਚ ਸਿਆਸੀ ਸੰਕਟ ਇੰਨਾ ਗਹਿਰਾ ਹੋ ਗਿਆ ਕਿ ਮੁਲਕ ਦੀ ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ ਨੇ ਆਪਣਾ ਅਹੁਦਾ ਅਤੇ ਦੇਸ਼ ਦੋਵੇਂ ਛੱਡ ਦਿੱਤੇ ਹਨ।
ਜਿਸ ਤੋਂ ਬਾਅਦ ਅੰਦੋਲਨਕਾਰੀਆਂ ਦੀ ਮੰਗ ਨੂੰ ਪੂਰਿਆਂ ਕਰਦਿਆਂ ਦੇਸ ਦੀ ਸੰਸਦ ਨੂੰ ਵੀ ਭੰਗ ਕਰ ਦਿੱਤਾ ਗਿਆ ਹੈ।
ਸਰਕਾਰੀ ਨੌਕਰੀਆਂ ਵਿੱਚ ਰਾਖ਼ਵੇਂਕਰਨ ਖ਼ਿਲਾਫ਼ ਸ਼ੁਰੂ ਹੋਇਆ ਵਿਦਿਆਰਥੀ ਅੰਦੋਲਨ ਸੱਤਾ ਪਲਟਣ ਤੱਕ ਪਹੁੰਚ ਗਿਆ ਅਤੇ 4 ਅਗਸਤ ਨੂੰ ਹੋਈ ਹਿੰਸਾ 'ਚ ਘੱਟੋ-ਘੱਟ 94 ਲੋਕ ਮਾਰੇ ਗਏ ਸਨ।
ਵਿਦਿਆਰਥੀ ਅੰਦੋਲਨ ਦੀ ਸ਼ੁਰੂਆਤ ਤੋਂ ਹੁਣ ਤੱਕ ਮਰਨ ਵਾਲਿਆਂ ਦੀ ਗਿਣਤੀ ਤਿੰਨ ਸੌ ਨੂੰ ਪਾਰ ਕਰ ਗਈ ਹੈ।
ਕੌਣ ਹਨ ਮੁਹੰਮਦ ਯੂਨੁਸ?
ਨੋਬਲ ਸ਼ਾਂਤੀ ਪੁਰਸਕਾਰ ਜੇਤੂ ਮੁਹੰਮਦ ਯੂਨੁਸ ਨੂੰ ਲੰਬੇ ਸਮੇਂ ਤੋਂ ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਵਾਲੇ ਸ਼ੇਖ ਹਸੀਨਾ ਦਾ ਸਿਆਸੀ ਵਿਰੋਧੀ ਮੰਨਿਆ ਜਾਂਦਾ ਰਿਹਾ ਹੈ।
ਕੌਮਾਂਤਰੀ ਪੱਧਰ ਉੱਤੇ ਯੂਨੁਸ ਨੂੰ ‘ਗਰੀਬਾਂ ਦੇ ਬੈਂਕ’ ਵਜੋਂ ਜਾਣਿਆਂ ਜਾਂਦਾ ਹੈ।
84 ਸਾਲਾ ਯੂਨੁਸ ਸਿਰ ਮਾਈਕ੍ਰੋ ਲੋਨਜ਼ (ਛੋਟੇ ਕਰਜ਼ੇ) ਦੀ ਵਰਤੋਂ ਦੇ ਮੋਹਰੀ ਬਣਕੇ ਲੱਖਾਂ ਲੋਕਾਂ ਨੂੰ ਗਰੀਬੀ ਤੋਂ ਬਾਹਰ ਕੱਢਣ ਦਾ ਸਿਹਰਾ ਜਾਂਦਾ ਹੈ।
ਪ੍ਰੋਫ਼ੈਸਰ ਯੂਨੁਸ ਅਤੇ ਉਨ੍ਹਾਂ ਦੇ ਗ੍ਰਾਮੀਣ ਬੈਂਕ ਨੂੰ 2006 ਵਿੱਚ ਸਾਂਝੇ ਤੌਰ 'ਤੇ ਨੋਬਲ ਸ਼ਾਂਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ।
ਪਰ ਸ਼ੇਖ ਹਸੀਨਾ ਵਾਰ-ਵਾਰ ਪ੍ਰੋਫੈਸਰ ਯੂਨੁਸ ਨੂੰ ਗਰੀਬਾਂ ਦਾ ‘ਖੂਨ ਚੂਸਣ ਵਾਲਾ’ ਦੱਸਦੇ ਰਹੇ ਹਨ ਅਤੇ ਉਨ੍ਹਾਂ ਦੇ ਗ੍ਰਾਮੀਣ ਬੈਂਕ 'ਤੇ ਬਹੁਤ ਜ਼ਿਆਦਾ ਵਿਆਜ਼ ਦਰਾਂ ਵਸੂਲਣ ਦਾ ਇਲਜ਼ਾਮ ਵੀ ਲਾਉਂਦੇ ਹਨ।
ਸ਼ੇਖ ਹਸੀਨਾ ਦੀ ਸਰਕਾਰ ਮੌਕੇ ਯੂਨੁਸ ਨੂੰ ਕਈ ਕਾਨੂੰਨੀ ਪੇਚੇਦਗੀਆਂ ਦੀ ਸਾਹਮਣਾ ਕਰਨਾ ਪਿਆ। ਉਨ੍ਹਾਂ ਨੂੰ ਇੱਕ ਮਾਮਲੇ ਵਿੱਚ ਛੇ ਮਹੀਨੇ ਦੀ ਸਜ਼ਾ ਵੀ ਸੁਣਾਈ ਗਈ ਸੀ।
ਮੁਹੰਮਦ ਯੂਨੁਸ ਤੇ ਉਨ੍ਹਾਂ ਦੇ ਸਾਥੀਆਂ ਖ਼ਿਲਾਫ਼ ਮੁਕੱਦਮਾ
ਇਸੇ ਸਾਲ ਜਨਵਰੀ ਵਿੱਚ, ਬੰਗਲਾਦੇਸ਼ ਦੀ ਇੱਕ ਅਦਾਲਤ ਨੇ ਪ੍ਰੋਫ਼ੈਸਰ ਯੂਨੁਸ ਨੂੰ ਦੇਸ਼ ਦੇ ਕਿਰਤ ਕਾਨੂੰਨਾਂ ਦੀ ਉਲੰਘਣਾ ਕਰਨ ਲਈ ਛੇ ਮਹੀਨੇ ਦੀ ਜੇਲ੍ਹ ਦੀ ਸਜ਼ਾ ਸੁਣਾਈ।
ਇਸ ਕੇਸ ਦੀ ਅਲੋਚਣਾ ਕਰਦਿਆਂ ਯੂਨੁਸ ਨੇ ਫ਼ੈਸਲੇ ਦੇ ਸਿਆਸੀ ਤੌਰ ਉੱਤੇ ਪ੍ਰੇਰਿਤ ਹੋਣ ਦਾ ਇਲਜ਼ਾਮ ਲਾਇਆ ਸੀ।
ਮੰਨੇ-ਪ੍ਰਮੰਨੇ ਅਰਥ ਸ਼ਾਸਤਰੀ ਅਤੇ ਉਨ੍ਹਾਂ ਦੇ ਗ੍ਰਾਮੀਣ ਟੈਲੀਕਾਮ ਦੇ ਤਿੰਨ ਸਹਿਯੋਗੀਆਂ ਨੂੰ ਆਪਣੇ ਕਰਮਚਾਰੀਆਂ ਲਈ ਭਲਾਈ ਫ਼ੰਡ ਰੱਖਣ ਵਿੱਚ ਅਸਫ਼ਲ ਹੋਣ ਦਾ ਦੋਸ਼ੀ ਪਾਇਆ ਗਿਆ। ਗ੍ਰਾਮੀਣ ਟਾਲੀਕਾਮ ਯੂਨੁਸ ਵਲੋਂ ਸਥਾਪਿਕ ਕੀਤੀਆਂ ਗਈਆਂ ਫ਼ਰਮਾਂ ਵਿੱਚੋਂ ਇੱਕ ਸੀ।
ਇਸ ਮਾਮਲੇ ਵਿੱਚ ਸ਼ਾਮਲ ਚਾਰਾਂ ਲੋਕਾਂ ਨੇ ਇਨ੍ਹਾਂ ਇਲਜ਼ਾਮਾਂ ਤੋਂ ਇਨਕਾਰ ਕੀਤਾ ਸੀ। ਬਾਅਦ ਵਿੱਚ ਉਨ੍ਹਾਂ ਦੀ ਅਪੀਲ ਉੱਤੇ ਆਏ ਫ਼ੈਸਲੇ ਜ਼ਰੀਏ ਉਨ੍ਹਾਂ ਨੂੰ ਜ਼ਮਾਨਤ ਮਿਲ ਗਈ।
ਫ਼ੈਸਲੇ ਤੋਂ ਬਾਅਦ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਪ੍ਰੋਫੈਸਰ ਯੂਨੁਸ ਨੇ ਕਿਹਾ ਸੀ, "ਜਿਵੇਂ ਕਿ ਮੇਰੇ ਵਕੀਲਾਂ ਨੇ ਅਦਾਲਤ ਵਿੱਚ ਦ੍ਰਿੜਤਾ ਨਾਲ ਦਲੀਲ ਦਿੱਤੀ ਹੈ, ਮੇਰੇ ਵਿਰੁੱਧ ਇਹ ਫ਼ੈਸਲਾ ਸਾਰੀਆਂ ਕਾਨੂੰਨੀ ਉਦਾਹਰਣਾਂ ਅਤੇ ਤਰਕ ਦੇ ਉਲਟ ਹੈ।"
"ਮੈਂ ਬੰਗਲਾਦੇਸ਼ੀ ਲੋਕਾਂ ਨੂੰ ਬੇਇਨਸਾਫ਼ੀ ਵਿਰੁੱਧ ਅਤੇ ਸਾਡੇ ਹਰੇਕ ਨਾਗਰਿਕ ਲਈ ਜਮਹੂਰੀਅਤ ਅਤੇ ਮਨੁੱਖੀ ਅਧਿਕਾਰਾਂ ਦੇ ਹੱਕ ਵਿੱਚ ਇੱਕ ਆਵਾਜ਼ ਹੋ ਕੇ ਸਾਹਮਣੇ ਆਉਣ ਦਾ ਸੱਦਾ ਦਿੰਦਾ ਹਾਂ।"
ਅਦਾਲਤ ਦੇ ਫ਼ੈਸਲੇ 'ਤੇ ਚਰਚਾ ਕਰਦੇ ਹੋਏ, ਉਨ੍ਹਾਂ ਦੇ ਇੱਕ ਵਕੀਲ, ਅਬਦੁੱਲਾ ਅਲ ਮਾਮੂਨ ਨੇ ਬੀਬੀਸੀ ਨੂੰ ਦੱਸਿਆ ਸੀ ਕਿ, "ਇਹ ਇੱਕ ਬੇਮਿਸਾਲ ਫ਼ੈਸਲਾ ਸੀ। ਇਸ ਕੇਸ ਵਿੱਚ ਕਿਸੇ ਕਾਨੂੰਨੀ ਪ੍ਰਕਿਰਿਆ ਦੀ ਪਾਲਣਾ ਨਹੀਂ ਕੀਤੀ ਗਈ ਸੀ ਅਤੇ ਇਸ ਨੂੰ ਜਲਦਬਾਜ਼ੀ ਵਿੱਚ ਪੂਰਾ ਕੀਤਾ ਗਿਆ ਸੀ।"
ਮਾਮੂਨ ਨੇ ਕਿਹਾ ਸੀ, "ਪੂਰਾ ਮਸਲਾ ਉਨ੍ਹਾਂ ਦੀ ਅੰਤਰਰਾਸ਼ਟਰੀ ਸਾਖ ਨੂੰ ਨੁਕਸਾਨ ਪਹੁੰਚਾਉਣ ਦਾ ਹੈ। ਅਸੀਂ ਇਸ ਫ਼ੈਸਲੇ ਦੇ ਵਿਰੁੱਧ ਅਪੀਲ ਕਰ ਰਹੇ ਹਾਂ।"
ਨਿੱਜੀ ਜ਼ਿੰਦਗੀ ਉੱਤੇ ਅਸਰ
ਪ੍ਰੋਫੈਸਰ ਯੂਨੁਸ ਦੇ ਵਕੀਲਾਂ ਦਾ ਕਹਿਣਾ ਹੈ ਕਿ ਉਹ ਕਿਰਤ ਕਾਨੂੰਨ ਦੀ ਉਲੰਘਣਾ ਅਤੇ ਕਥਿਤ ਭ੍ਰਿਸ਼ਟਾਚਾਰ ਦੇ 100 ਤੋਂ ਵੱਧ ਹੋਰ ਇਲਜ਼ਾਮਾਂ ਦਾ ਸਾਹਮਣਾ ਕਰ ਰਹੇ ਹਨ।
ਪ੍ਰੋਫੈਸਰ ਨੇ ਯੂਸੁਫ਼ ਦਾ ਦਾਅਵਾ ਹੈ ਕਿ ਉਨ੍ਹਾਂ ਖ਼ਿਲਾਫ਼ ਸੌ ਤੋਂ ਵੱਧ ਮਾਮਲੇ ਪੈਂਡਿੰਗ ਹਨ। ਇਹ ਵੀ ਉਨ੍ਹਾਂ ਨੂੰ ਸਜ਼ਾ ਹੀ ਦਿੱਤੀ ਗਈ ਹੈ।
ਇਸ ਦਾ ਅਸਰ ਉਸ ਦੀ ਨਿੱਜੀ ਜ਼ਿੰਦਗੀ 'ਤੇ ਵੀ ਪਿਆ ਹੈ।
ਉਹ ਕਹਿੰਦੇ ਹਨ, “ਮੇਰੀ ਨਿੱਜੀ ਜ਼ਿੰਦਗੀ ਵਿੱਚ ਸਭ ਕੁਝ ਬਰਬਾਦ ਹੋ ਗਿਆ ਹੈ। ਮੇਰੀ ਪਤਨੀ ਡਿਮੇਨਸ਼ੀਆ ਦੀ ਮਰੀਜ਼ ਹੈ। ਉਹ ਮੇਰੇ ਤੋਂ ਬਿਨਾਂ ਕਿਸੇ ਨੂੰ ਨਹੀਂ ਪਛਾਣਦੀ। ਉਸ ਦੀ ਦੇਖਭਾਲ ਦੀ ਸਾਰੀ ਜ਼ਿੰਮੇਵਾਰੀ ਮੇਰੇ 'ਤੇ ਹੈ।”
ਉਨ੍ਹਾਂ ਦਾ ਕਹਿਣਾ ਸੀ ਕਿ ਕਾਨੂੰਨੀ ਲੜਾਈ ਨੂੰ ਬਹੁਤ ਸਮਾਂ ਦੇਣਾ ਪੈਂਦਾ ਹੈ, "ਮੈਂ ਕੋਈ ਯੋਜਨਾ ਨਹੀਂ ਬਣਾ ਪਾ ਰਿਹਾ । ਮੇਰੇ ਅਤੇ ਮੇਰੇ ਨਾਲ ਜੁੜੇ ਲੋਕਾਂ ਦੀ ਜ਼ਿੰਦਗੀ ਵਿੱਚ ਇੱਕ ਤਰ੍ਹਾਂ ਦੀ ਅਨਿਸ਼ਚਿਤਤਾ ਪੈਦਾ ਹੋ ਗਈ ਹੈ।"
‘ਸਰਕਾਰ ਬਣਾਉਣ ਤੋਂ ਇਨਕਾਰ ਕੀਤਾ ਸੀ’- ਯੂਨੁਸ
ਸਾਲ 2007 ਵਿੱਚ ਪ੍ਰੋਫ਼ੈਸਰ ਯੂਨੁਸ ਬੰਗਲਾਦੇਸ਼ ਵਿੱਚ ਫੌਜੀ ਸਮਰਥਿਤ ਕਾਰਜਕਾਰੀ ਸਰਕਾਰ ਦੌਰਾਨ ਸਿਆਸੀ ਪਾਰਟੀ ਬਣਾਈ ਸੀ। ਜਿਸ ਨੂੰ ਉਨ੍ਹਾਂ ਨੇ ਬੀਬੀਸੀ ਨੂੰ ਦਿੱਤੇ ਇੱਕ ਇੰਟਰਵਿਊ ਦੌਰਾਨ ਗ਼ਲਤੀ ਕਰਾਰ ਦਿੱਤਾ ਸੀ।
ਬੀਬੀਸੀ ਬੰਗਲਾ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ, ਪ੍ਰੋ਼ਫ਼ੈਸਰ ਯੂਨੁਸ ਨੇ ਦਾਅਵਾ ਕੀਤਾ ਕਿ ਉਸ ਸਮੇਂ ਦੀ ਸੈਨਾ ਸਮਰਥਿਤ ਸਰਕਾਰ ਦੀ ਬੇਨਤੀ ਦੇ ਬਾਵਜੂਦ, ਉਨ੍ਹਾਂ ਨੇ ਸਰਕਾਰ ਦਾ ਮੁਖੀ ਬਣਨਾ ਸਵੀਕਾਰ ਨਹੀਂ ਕੀਤਾ ਸੀ।
ਉਨ੍ਹਾਂ ਦਾ ਦਾਅਵਾ ਹੈ ਕਿ ਇਸ ਦੌਰ ਵਿੱਚ ਸਾਰਿਆਂ ਦੇ ਦਬਾਅ ਪਾਉਣ ਤੋਂ ਬਾਅਦ ਉਨ੍ਹਾਂ ਨੇ ਇੱਕ ਸਿਆਸੀ ਪਾਰਟੀ ਬਣਾਈ ਸੀ। ਪਰ ਇਸ ਤੋਂ 10 ਹਫ਼ਤਿਆਂ ਦੇ ਸਮੇਂ ਵਿੱਚ ਹੀ ਪਿੱਛੇ ਹੱਟ ਗਏ ਸਨ।
ਪ੍ਰੋਫ਼ੈਸਰ ਯੂਨੁਸ ਨੇ ‘ਨਾਗਰਿਕ ਸ਼ਕਤੀ’ ਨਾਂ ਦੀ ਸਿਆਸੀ ਪਾਰਟੀ ਬਣਾਈ ਸੀ।
ਨੋਬਲ ਪੁਰਸਕਾਰ ਮਿਲਣਾ
ਪ੍ਰੋਫ਼ੈਸਰ ਯੂਨੁਸ ਨੂੰ 2006 ਵਿੱਚ ਨੋਬਲ ਪੁਰਸਕਾਰ ਨਾਲ ਨਵਾਜ਼ਿਆ ਗਿਆ ਸੀ
ਪ੍ਰੋਫ਼ੈਸਰ ਮੁਹੰਮਦ ਯੂਸੁਫ਼ ਨੇ ਬੰਗਲਾਦੇਸ਼ ਵਿੱਚ 1983 ’ਚ ਗ੍ਰਾਮੀਨ ਬੈਂਕ ਸ਼ੁਰੂ ਕੀਤਾ ਸੀ।
ਜਿਸ ਦਾ ਉਦੇਸ਼ ਗਰੀਬ ਲੋਕਾਂ ਨੂੰ ਉਨ੍ਹਾਂ ਲਈ ਢੁੱਕਵੀਆਂ ਸ਼ਰਤਾਂ 'ਤੇ ਕਰਜ਼ਾ ਮੁਹੱਈਆ ਕਰਵਾਕੇ ਗ਼ਰੀਬੀ ਦੇ ਚੱਕਰ ਵਿੱਚ ਨਿਕਲ਼ਣ ਵਿੱਚ ਮਦਦ ਕਰਨਾ ਸੀ।
ਇਸ ਵਿੱਚ ਉਨ੍ਹਾਂ ਨੂੰ ਕੁਝ ਚੰਗੇ ਵਿੱਤੀ ਸਿਧਾਂਤ ਵੀ ਸਿਖਾਏ ਜਾਂਦੇ ਸਨ ਤਾਂ ਜੋ ਉਹ ਆਪਣੀ ਮਦਦ ਕਰ ਸਕਣ।
ਨੋਬਲ ਪੁਰਸਕਾਰ ਦੇਣ ਵਾਲੀ ਸੰਸਥਾਦੀ ਵੈੱਬਸਾਈਟ ਮੁਤਾਬਕ 70 ਦੇ ਦਹਾਕੇ ਦੇ ਅੱਧ ਵਿੱਚ ਬੰਗਲਾਦੇਸ਼ ਵਿੱਚ ਪ੍ਰੋਫ਼ੈਸਰ ਗ੍ਰਾਮੀਣ ਬੈਂਕ ਮਾਈਕਰੋਲੈਂਡਿੰਗ ਰਾਹੀਂ ਗ਼ਰੀਬੀ ਦੇ ਖ਼ਾਤਮੇ ਵੱਲ ਵਧ ਰਹੀ ਕੌਮਾਂਤਰੀ ਲਹਿਰ ਵਿੱਚ ਸਭ ਤੋਂ ਅੱਗੇ ਹੈ।
ਗ੍ਰਾਮੀਣ ਬੈਂਕ ਮਾਡਲ ਦੀ ਤਰਜ਼ ਉੱਤੇ ਬਣੀਆਂ ਸੰਸਥਾਵਾਂ ਦੁਨੀਆ ਭਰ ਦੇ 100 ਤੋਂ ਵੱਧ ਦੇਸ਼ਾਂ ਵਿੱਚ ਕੰਮ ਕਰਦੀਆਂ ਹਨ।
1940 ਵਿੱਚ ਚਟਗਾਂਵ ਦੇ ਬੰਦਰਗਾਹ ਸ਼ਹਿਰ ਵਿੱਚ ਜਨਮੇ, ਪ੍ਰੋਫੈਸਰ ਯੂਨੁਸ ਨੇ ਬੰਗਲਾਦੇਸ਼ ਵਿੱਚ ਢਾਕਾ ਯੂਨੀਵਰਸਿਟੀ ਤੋਂ ਪੜ੍ਹਾਈ ਕੀਤੀ, ਫਿਰ ਵੈਂਡਰਬਿਲਟ ਯੂਨੀਵਰਸਿਟੀ ਵਿੱਚ ਅਰਥ ਸ਼ਾਸਤਰ ਦਾ ਅਧਿਐਨ ਕਰਨ ਲਈ ਫੁਲਬ੍ਰਾਈਟ ਸਕਾਲਰਸ਼ਿਪ ਹਾਸਿਲ ਕੀਤੀ।
ਉਨ੍ਹਾਂ ਨੇ 1969 ਵਿੱਚ ਵੈਂਡਰਬਿਲਟ ਤੋਂ ਅਰਥ ਸ਼ਾਸਤਰ ਵਿੱਚ ਆਪਣੀ ਪੀਐੱਚਡੀ ਅਤੇ ਅਗਲੇ ਸਾਲ ਮਿਡਲ ਟੈਨੇਸੀ ਸਟੇਟ ਯੂਨੀਵਰਸਿਟੀ ਵਿੱਚ ਅਰਥ ਸ਼ਾਸਤਰ ਦੇ ਸਹਾਇਕ ਪ੍ਰੋਫੈਸਰ ਲੱਗ ਗਏ।
1993 ਤੋਂ 1995 ਤੱਕ, ਪ੍ਰੋਫ਼ੈਸਰ ਯੂਨੁਸ ਔਰਤਾਂ 'ਤੇ ਚੌਥੀ ਵਿਸ਼ਵ ਕਾਨਫਰੰਸ ਲਈ ਇੰਟਰਨੈਸ਼ਨਲ ਐਡਵਾਈਜ਼ਰੀ ਗਰੁੱਪ ਦੇ ਮੈਂਬਰ ਸਨ, ਜਿਸ ਅਹੁਦੇ ਲਈ ਉਨ੍ਹਾਂ ਨੂੰ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਵੱਲੋਂ ਨਿਯੁਕਤ ਕੀਤਾ ਗਿਆ ਸੀ।