ਸਾਲ 2026 ਵਿੱਚ ਘੁੰਮਣ ਜਾਣਾ ਚਾਹੁੰਦੇ ਹੋ ਤਾਂ ਇਹ ਲਿਸਟ ਵੀ ਦੇਖ ਸਕਦੇ ਹੋ

ਆਬੂ ਧਾਬੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਆਪਣੇ ਸੱਭਿਆਚਾਰ ਤੋਂ ਇਲਾਵਾ ਆਬੂ ਧਾਬੀ ਥੀਮ-ਪਾਰਕ ਸੈਰ-ਸਪਾਟੇ ਨੂੰ ਵੀ ਉਤਸ਼ਾਹਿਤ ਕਰ ਰਿਹਾ ਹੈ

ਸਾਲ 2026 ਸ਼ੁਰੂ ਹੋ ਗਿਆ ਹੈ। ਕਿਤੇ ਘੁੰਮਣ ਜਾਣ ਦਾ ਖਿਆਲ ਆਉਣਾ ਵੀ ਸੁਭਾਵਿਕ ਹੀ ਹੈ।

ਸੈਰ-ਸਪਾਟੇ ਦੇ ਮੰਤਵ ਨਾਲ ਜਾਣ ਲਈ ਅਸੀਂ ਦੁਨੀਆਂ ਦੀਆਂ ਪੰਜ ਚੁਨਿੰਦਾ ਥਾਵਾਂ ਦੀ ਇੱਕ ਸੁਝਾਊ ਸੂਚੀ ਤੁਹਾਡੇ ਲਈ ਬਣਾਈ ਹੈ। ਇਨ੍ਹਾਂ ਥਾਵਾਂ ਦੀ ਆਪਣੀ ਇੱਕ ਵੱਖਰੀ ਤਾਸੀਰ ਹੈ ਜੋ ਸੈਲਾਨੀਆਂ ਨੂੰ ਅਲਹਿਦਾ ਅਨੁਭਵ ਨਾਲ ਅਮੀਰ ਕਰਦੀ ਹੈ।

ਇਹ ਸੂਚੀ ਬਣਾਉਣ ਲਈ ਅਸੀਂ ਬੀਬੀਸੀ ਪੱਤਰਕਾਰਾਂ ਅਤੇ ਸੈਰ-ਸਪਾਟਾ ਮਾਹਰਾਂ ਦੇ ਮਸ਼ਵਰੇ ਤੋਂ ਲਾਹਾ ਲਿਆ ਹੈ। ਇਹ ਥਾਵਾਂ ਅਤੇ ਇੱਥੋਂ ਦੇ ਬਾਸ਼ਿੰਦੇ ਸੈਲਾਨੀਆਂ ਦਾ ਖੁੱਲ੍ਹੀਆਂ ਬਾਹਾਂ ਨਾਲ ਸਵਾਗਤ ਕਰਦੇ ਹਨ। ਤੁਹਾਡੇ ਲਈ ਇਨ੍ਹਾਂ ਵਿੱਚੋ ਕਿਤੇ ਜਾਣਾ ਇੱਕ ਹਾਂਮੁਖੀ ਅਨੁਭਵ ਸਾਬਤ ਹੋ ਸਕਦਾ ਹੈ।

ਹੋ ਸਕਦਾ ਹੈ ਇਨ੍ਹਾਂ ਵਿੱਚੋਂ ਕਿਤੇ ਜਾਣ ਦਾ ਤੁਹਾਡਾ ਮਨ ਬਣ ਹੀ ਜਾਵੇ। ਇਸ ਲਈ ਪੜ੍ਹਦੇ ਰਹੋ...

ਆਬੂ ਧਾਬੀ

ਕਿਉਂ ਜਾਈਏ: ਸੱਭਿਆਚਾਰਕ ਆਕਰਸ਼ਣਾਂ ਦਾ ਸ਼ਾਨਦਾਰ ਸਾਲ, ਨਾਲ ਹੀ ਨਵੇਂ ਥੀਮ ਪਾਰਕ

ਸਾਡੀ ਸੂਚੀ ਵਿੱਚ ਪਹਿਲੇ ਨੰਬਰ ਉੱਤੇ ਅਸੀਂ ਰੱਖਿਆ ਹੈ... ਆਬੂ ਧਾਬੀ ਨੂੰ...

ਆਬੂ ਧਾਬੂ ਦੀ ਰੇਤੀਲੀ ਖੁਸ਼ਕ ਹਵਾ ਵਿੱਚ ਉਤਸੁਕਤਾ ਦਾ ਅਹਿਸਾਸ ਘੁਲ਼ਿਆ ਹੈ। ਕਈ ਸਾਲਾਂ ਦੇ ਵਿਕਾਸ ਤੋਂ ਬਾਅਦ ਸ਼ਹਿਰ ਦਾ ਸਾਦੀਅਤ ਕਲਚਰਲ ਡਿਸਟ੍ਰਿਕਟ ਹੁਣ ਅੰਤ ਵਿੱਚ ਆਪਣੇ ਨਿਰਣਾਇਕ ਪੜਾਅ ਵਿੱਚ ਪ੍ਰਵੇਸ਼ ਕਰ ਰਿਹਾ ਹੈ। ਇਸ ਪ੍ਰੋਜੈਕਟ ਦਾ ਪਹਿਲਾ ਸੰਕੇਤ 2017 ਵਿੱਚ ਲੂਵਰ ਅਬੂ ਧਾਬੀ ਦੇ ਉਦਘਾਟਨ ਨਾਲ ਮਿਲਿਆ ਸੀ।

ਇੱਥੇ ਹਾਲ ਹੀ ਵਿੱਚ ਖੁੱਲ੍ਹਿਆ ਦੁਨੀਆਂ ਦਾ ਸਭ ਤੋਂ ਵੱਡਾ ਡਿਜੀਟਲ ਅਜਾਇਬ ਘਰ — ਟੀਮ ਲੈਬ ਫਿਨਾਮਿਨਾ ਸਥਿਤ ਹੈ। ਇਸ ਤੋਂ ਇਲਾਵਾ ਜ਼ਾਇਦ ਨੈਸ਼ਨਲ ਮਿਊਜ਼ੀਅਮ ਵਿੱਚ ਸੈਲਾਨੀ ਦੇਖ ਸਕਦੇ ਹਨ ਕਿ ਤੇਲ ਦੇ ਭੰਡਾਰਾਂ ਬਾਰੇ ਜਾਨਣ ਤੋਂ ਪਹਿਲਾਂ ਇਸ ਕੌਮ ਦੇ ਸਾਂਝੇ ਸੁਪਨੇ ਕਿਹੋ-ਜਿਹੇ ਸਨ।

ਮੋਤੀਆਂ ਲਈ ਗੋਤਾਖੋਰੀ (ਪਰਲ ਡਾਈਵਿੰਗ) ਭਾਵੇਂ ਅਮੀਰਾਤ ਵਿੱਚ ਈਜਾਦ ਨਹੀਂ ਹੋਈ ਸੀ, ਪਰ ਇਸ ਦੀ ਆਪਣੀ ਇੱਕ ਬਹੁਤ ਵੱਡੀ ਕਹਾਣੀ ਹੈ। ਇਸੇ ਤਰ੍ਹਾਂ ਇਸਲਾਮ ਦਾ ਪ੍ਰਭਾਵ, ਅਰਬੀ ਭਾਸ਼ਾ ਦਾ ਪਾਸਾਰ ਅਤੇ ਦੇਸ਼ ਦੇ ਸੰਸਥਾਪਕ ਮਰਹੂਮ ਸ਼ੇਖ ਜ਼ਾਇਦ ਬਿਨ ਸੁਲਤਾਨ ਅਲ ਨਾਹਯਾਨ ਦੀ ਦੂਰਅੰਦੇਸ਼ੀ ਵੀ ਆਪਣੀ ਮਹੱਤਵਪੂਰਨ ਕਹਾਣੀ ਬਿਆਨ ਕਰਦੇ ਹਨ।

ਜ਼ਾਇਦ ਰਾਸ਼ਟਰੀ ਅਜਾਇਬ ਘਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜ਼ਾਇਦ ਰਾਸ਼ਟਰੀ ਅਜਾਇਬ ਘਰ ਵਿੱਚ 1,500 ਤੋਂ ਵੱਧ ਕਲਾਕ੍ਰਿਤੀਆਂ ਹਨ

ਇਸ ਦੇ ਨਾਲ ਹੀ ਤੁਸੀਂ ਦੇਖ ਸਕਦੇ ਹੋ, ਆਬੂ ਧਾਬੀ ਦਾ ਕੁਦਰਤੀ ਇਤਿਹਾਸਕ ਅਜਾਇਬ ਘਰ। ਇਸ ਦੀ ਇਮਾਰਤਸਾਜ਼ੀ ਖਿੱਤੇ ਦੀ ਭੂਗੋਲਿਕ ਵਿਸ਼ੇਸ਼ਤਾਵਾਂ ਤੋਂ ਪ੍ਰੇਰਿਤ ਹੈ। ਫਿਰ ਗੱਲ ਆਉਂਦੀ ਹੈ ਸਭ ਤੋਂ ਵੱਧ ਚਰਚਿਤ, ਬਹੁਤ ਜ਼ਿਆਦਾ ਸਮਾਂ ਲਗਾ ਕੇ ਨਾਲ ਬਣਨ ਵਾਲੇ ਅਤੇ ਹੁਣ ਤੱਕ ਦੇ ਸਭ ਤੋਂ ਵਿਸ਼ਾਲ 'ਗੱਗਨਹਾਈਮ ਅਬੂ ਧਾਬੀ' ਦੀ।

ਆਪਣੇ ਸੱਭਿਆਚਾਰ ਤੋਂ ਇਲਾਵਾ ਆਬੂ ਧਾਬੀ ਥੀਮ-ਪਾਰਕ ਸੈਰ-ਸਪਾਟੇ ਨੂੰ ਵੀ ਉਤਸ਼ਾਹਿਤ ਕਰ ਰਿਹਾ ਹੈ। ਯਾਸ ਦੀਪ ਦਾ ਵਿਸ਼ਾਲ ਮਨੋਰੰਜਨ ਜੋਨ ਵਧ ਰਿਹਾ ਹੈ। ਜਿਸ ਵਿੱਚ ਵਾਰਨਰ ਬਰਦਰਜ਼, ਵਰਲਡ ਆਬੂ ਧਾਬੀ ਹੈਰੀ ਪੌਟਰ ਸ਼ਾਮਲ ਕਰ ਰਹੇ ਹਨ ਤਾਂ ਯਾਸ ਵਾਟਰ ਵਰਲਡ ਹੋਰ ਵੱਡੀਆਂ ਸਲਾਈਡਸ ਅਤੇ ਰਾਈਡਸ ਬਣਾ ਰਿਹਾ ਹੈ।

ਆਉਣ ਵਾਲੇ ਸਾਲਾਂ ਵਿੱਚ ਮੱਧ ਪੂਰਬ ਦਾ ਪਹਿਲਾ ਡਿਜ਼ਨੀ ਲੈਂਡ ਉਸਾਰੇ ਜਾਣ ਦੀਆਂ ਯੋਜਨਾਵਾਂ ਵੀ ਬਣ ਰਹੀਆਂ ਹਨ। ਰੇਤ ਦੇ ਟਿੱਬਿਆਂ ਅਤੇ ਕਿਲਿਆਂ ਤੋਂ ਦੂਰ ਇਹ ਸ਼ਹਿਰ ਨੂੰ ਨਵੀਂ ਦਿੱਖ ਦੇਣ ਵਾਲਾ ਇੱਕ ਤਜ਼ਰਬਾ ਹੈ।

ਕੁੱਕ ਦੀਪ ਸਮੂਹ

ਕੁੱਕ ਦੀਪ ਸਮੂਹ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਇੱਥੇ ਸੈਲਾਨੀਆਂ ਨੂੰ ਮਹਿਮਾਨ ਵਾਂਗ ਲੱਗਦਾ ਹੈ ਨਾ ਕਿ ਕਿਸੇ ਸੈਰ-ਸਪਾਟੇ ਵਾਲੀ ਥਾਂ ਆਏ ਕਿਸੇ ਸੈਲਾਨੀ ਵਰਗਾ

ਕਿਉਂ ਜਾਈਏ: ਇੱਕ ਸਵਰਗ ਵਰਗੇ ਪੋਲੀਨੇਸ਼ੀਅਨ ਦੇਸ਼ ਤੱਕ ਪਹੁੰਚਣ ਲਈ ਨਵਾਂ ਰਸਤਾ...

ਕੁੱਕ ਦੀਪ ਦੇ ਵਾਸੀਆਂ ਨੂੰ ਮਹਿਮਾਨ ਪਸੰਦ ਹਨ। ਉਹ ਦੱਖਣੀ ਪ੍ਰਸ਼ਾਂਤ ਮਹਾਸਾਗਰ ਦੇ ਮਿਲਾਪੜੇ ਲੋਕ ਹਨ। ਫਿਰ ਵੀ ਇੱਥੇ ਓਸ਼ਨੀਆਨਾ ਦੇ ਸੈਰ ਸਪਾਟੇ ਲਈ ਮਸ਼ਹੂਰ ਹੋਰ ਥਾਵਾਂ ਜਿਵੇਂ-ਫਿਜੀ ਦੇ ਮੁਕਾਬਲੇ ਸੈਲਾਨੀ ਬਹੁਤ ਥੋੜ੍ਹੀ ਸੰਖਿਆ ਵਿੱਚ ਜਾਂਦੇ ਹਨ।

ਇਸ ਦੀ ਵਜ੍ਹਾ ਹੈ ਕਿ ਇੱਥੇ ਸੈਲਾਨੀਆਂ ਨੂੰ ਮਹਿਮਾਨ ਵਾਂਗ ਲੱਗਦਾ ਹੈ ਨਾ ਕਿ ਕਿਸੇ ਸੈਰ-ਸਪਾਟੇ ਵਾਲੀ ਥਾਂ ਆਏ ਕਿਸੇ ਸੈਲਾਨੀ ਵਰਗਾ।

ਰਾਰੋਟੋਂਗਾ, ਜੋ ਕਿ ਸਭ ਤੋਂ ਵੱਡਾ ਅਤੇ ਸਭ ਤੋਂ ਵੱਧ ਆਬਾਦੀ ਵਾਲਾ ਦੀਪ ਹੈ। ਸਿਰਫ 67 ਵਰਗ ਕਿਲੋਮੀਟਰ ਵਿੱਚ ਫੈਲੇ ਇਸ ਦੀਪ ਵਿੱਚ ਦੱਖਣੀ ਪ੍ਰਸ਼ਾਂਤ ਦੀ ਹਰ ਖੂਬਸੂਰਤੀ ਇਸ ਵਿੱਚ ਸਮਾਈ ਹੋਈ ਹੈ।

ਤਾਹੀਟੀ ਦੀ ਯਾਦ ਦਿਵਾਉਂਦੀਆਂ ਤਿਕੋਣੀਆਂ ਪਹਾੜੀ ਚੋਟੀਆਂ, ਨੀਲੇ ਪਾਣੀ ਦੀ ਝੀਲ ਲਗੂਨ ਨਾਲ ਘਿਰਿਆ ਹੋਇਆ ਜੰਗਲੀ ਇਲਾਕਾ ਅਤੇ ਇੱਕ ਅਮੀਰ ਪੋਲੀਨੇਸ਼ੀਅਨ ਸੱਭਿਆਚਾਰ।

ਰਾਰੋਟੋਂਗਾ ਤੋਂ ਇਲਾਵਾ – ਹਨੀਮੂਨ ਲਈ ਮਸ਼ਹੂਰ ਐਟੂਟਾਕੀ ਨੂੰ ਛੱਡ ਕੇ – ਇੱਥੇ 13 ਹੋਰ ਟਾਪੂ ਹਨ ਜਿਨ੍ਹਾਂ ਦਾ ਅਨੰਦ ਤੁਸੀਂ ਲਗਭਗ ਇਕੱਲੇ ਵੀ ਮਾਣ ਸਕਦੇ ਹੋ।

ਕੁੱਕ ਦੀਪ ਸਮੂਹ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪ੍ਰਸ਼ਾਂਤ ਮਹਾਸਾਗਰ ਦੇ ਇਸ ਸਭ ਤੋਂ ਮੁਕੰਮਲ ਅਤੇ ਛੋਟੇ ਜਿਹੇ ਸਵਰਗ ਤੱਕ ਪਹੁੰਚਣਾ ਹੁਣ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਆਸਾਨ ਹੋ ਗਿਆ ਹੈ (ਸੰਕੇਤਕ ਤਸਵੀਰ)

ਸਾਦਗੀ ਭਰੀ ਅਮੀਰੀ ਵਾਲੇ ਨਵੇਂ ਰਿਹਾਇਸ਼ੀ ਟਿਕਾਣੇ ਇਨ੍ਹਾਂ ਟਾਪੂਆਂ ਦੀ ਨੁਹਾਰ ਬਦਲ ਰਹੇ ਹਨ। ਸਾਲ 2026 ਵਿੱਚ ਸੱਭਿਆਚਾਰਕ ਅਤੇ ਵਾਤਾਵਰਣ ਦੀ ਸੰਭਾਲ ਦੇ ਖੇਤਰ ਵਿੱਚ ਇੱਕ ਵੱਡੀ ਤਰੱਕੀ ਦੇਖਣ ਨੂੰ ਮਿਲੇਗੀ। ਦੁਨੀਆ ਦੇ ਸਭ ਤੋਂ ਵੱਡੇ ਸਮੁੰਦਰੀ ਪਾਰਕਾਂ ਵਿੱਚੋਂ ਇੱਕ, 'ਮਾਰਾਏ ਮੋਆਨਾ' ਦੇ ਰੱਖਿਅਕ ਇਸ ਦੇ ਸਭ ਤੋਂ ਮਹੱਤਵਪੂਰਨ ਸਥਾਨਾਂ ਦੀ ਸੁਰੱਖਿਆ ਨੂੰ ਹੋਰ ਮਜ਼ਬੂਤ ਕਰ ਰਹੇ ਹਨ।

ਐਟੂਟਾਕੀ ਵਿੱਚ, ਇਸ ਦੀ ਸਾਫ਼-ਸੁਥਰੀ ਤਿਕੋਣੀ ਝੀਲ ਵਿੱਚ ਸਥਿਤ ਤਿੰਨ 'ਮੋਤੂ' (ਛੋਟੇ ਟਾਪੂਆਂ) ਨੂੰ ਹੁਣ ਵਿਸ਼ੇਸ਼ ਦਰਜਾ ਦਿੱਤਾ ਗਿਆ ਹੈ।

ਸਰਕਾਰ ਨੇ ਡੂੰਘੇ ਸਮੁੰਦਰ ਵਿੱਚ ਮਾਈਨਿੰਗ ਨੂੰ ਵੀ ਘੱਟੋ-ਘੱਟ 2032 ਤੱਕ ਮੁਲਤਵੀ ਕਰ ਦਿੱਤਾ ਹੈ। ਜ਼ਮੀਨ 'ਤੇ, ਰਾਰੋਟੋਂਗਾ ਦੀ ਪਵਿੱਤਰ 'ਮੌਂਗਰੋਆ ਘਾਟੀ' — ਜੋ ਵਰਤਮਾਨ ਵਿੱਚ ਯੂਨੈਸਕੋ ਦੀ ਸੰਭਾਵੀ ਸੂਚੀ ਵਿੱਚ ਹੈ — ਨਦੀਆਂ ਅਤੇ ਵਰਖਾ-ਵਣਾਂ ਨਾਲ ਭਰਪੂਰ ਹੈ, ਜਿੱਥੇ ਕਦੇ ਵੀ ਕੋਈ ਨਿਰਮਾਣ ਨਹੀਂ ਹੋਇਆ।

ਪ੍ਰਸ਼ਾਂਤ ਮਹਾਸਾਗਰ ਦੇ ਇਸ ਸਭ ਤੋਂ ਮੁਕੰਮਲ ਅਤੇ ਛੋਟੇ ਜਿਹੇ ਸਵਰਗ ਤੱਕ ਪਹੁੰਚਣਾ ਹੁਣ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਆਸਾਨ ਹੋ ਗਿਆ ਹੈ।

ਹਵਾਈਅਨ ਏਅਰਲਾਈਨਜ਼ ਨੇ ਜੂਨ 2025 ਵਿੱਚ ਆਪਣੇ ਹੋਨੋਲੂਲੂ-ਰਾਰੋਟੋਂਗਾ ਰੂਟ ਨੂੰ ਦਿਨ ਵੇਲੇ ਦੀਆਂ ਉਡਾਣਾਂ ਅਤੇ ਅਲਾਸਕਾ ਏਅਰਲਾਈਨਜ਼ ਰਾਹੀਂ ਅਮਰੀਕਾ ਦੇ ਨਵੇਂ ਸੰਪਰਕਾਂ ਨਾਲ ਅਪਗ੍ਰੇਡ ਕੀਤਾ ਹੈ। ਜੈੱਟਸਟਾਰ ਮਈ 2026 ਵਿੱਚ ਬ੍ਰਿਸਬੇਨ ਤੋਂ ਰਾਰੋਟੋਂਗਾ ਲਈ ਪਹਿਲੀਆਂ ਸਿੱਧੀਆਂ ਉਡਾਣਾਂ ਸ਼ੁਰੂ ਕਰੇਗਾ।- ਕਰੇਗ ਟੈਨਸਲੇ

ਕੋਮੋਡੋ ਦੀਪ ਸਮੂਹ, ਇੰਡੋਨੇਸ਼ੀਆ

ਕੋਮੋਡੋ ਦੀਪ ਸਮੂਹ, ਇੰਡੋਨੇਸ਼ੀਆ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਯੂਨੈਸਕੋ ਦੀ ਵਿਸ਼ਵ ਵਿਰਾਸਤ ਸੂਚੀ ਵਿੱਚ ਸ਼ਾਮਲ ਇਸ ਰਾਸ਼ਟਰੀ ਪਾਰਕ ਵਿੱਚ ਗੁਲਾਬੀ ਰੇਤ ਵਾਲੇ ਸਮੁੰਦਰੀ ਕਿਨਾਰੇ, ਸਵਾਨਾ ਦੀਆਂ ਪਹਾੜੀਆਂ ਨਾਲ ਮਿਲਦੇ ਹਨ, ਮੂੰਗਾ ਚਟਾਨਾਂ ਦੇ ਬਗੀਚੇ, ਮਾਂਟਾ ਰੇਅ ਮੱਛੀਆਂ ਨਾਲ ਭਰਪੂਰ ਹਨ

ਕਿਉਂ ਜਾਈਏ: ਪੂਰਵ-ਇਤਿਹਾਸਕ ਜੰਗਲੀ ਜੀਵ, ਨਾਜ਼ੁਕ ਮੂੰਗਾ ਚਟਾਨਾਂ ਅਤੇ ਵਣ ਜੀਵਨ ਵਸੇਬਿਆਂ ਦੀ ਸੰਭਾਲ

ਫਿਰੋਜ਼ੀ ਰੰਗ ਦੇ ਫਲੋਰਸ ਸਾਗਰ ਵਿੱਚੋਂ ਉੱਭਰਦੇ ਕੋਮੋਡੋ ਟਾਪੂ ਅੱਜ ਵੀ ਧਰਤੀ ਦੇ ਸਭ ਤੋਂ ਵੱਡੇ ਜੰਗਲੀ ਜੀਵ ਰੰਗਮੰਚਾਂ ਵਿੱਚੋਂ ਇੱਕ ਹਨ।

ਯੂਨੈਸਕੋ ਦੀ ਵਿਸ਼ਵ ਵਿਰਾਸਤ ਸੂਚੀ ਵਿੱਚ ਸ਼ਾਮਲ ਇਸ ਰਾਸ਼ਟਰੀ ਪਾਰਕ ਵਿੱਚ ਗੁਲਾਬੀ ਰੇਤ ਵਾਲੇ ਸਮੁੰਦਰੀ ਕਿਨਾਰੇ, ਸਵਾਨਾ ਦੀਆਂ ਪਹਾੜੀਆਂ ਨਾਲ ਮਿਲਦੇ ਹਨ, ਮੂੰਗਾ ਚਟਾਨਾਂ ਦੇ ਬਗੀਚੇ, ਮਾਂਟਾ ਰੇਅ ਮੱਛੀਆਂ ਨਾਲ ਭਰਪੂਰ ਹਨ ਅਤੇ ਦੁਨੀਆ ਦੇ ਕੋਮੋਡੋ ਡਰੈਗਨਾਂ ਦੀ ਆਖਰੀ ਜੰਗਲੀ ਆਬਾਦੀ ਇੱਥੇ ਖੁੱਲ੍ਹੀ ਵਿਚਰਣ ਕਰਦੀ ਹੈ।

ਸਾਲ 2026 ਵਿੱਚ, ਇੰਡੋਨੇਸ਼ੀਆ ਇਸ ਪਾਰਕ ਦੀ 45ਵੀਂ ਵਰ੍ਹੇਗੰਢ ਮਨਾਏਗਾ, ਜਿਸ ਵਿੱਚ ਡਰੈਗਨਾਂ ਅਤੇ ਨਾਜ਼ੁਕ ਮੂੰਗਾ ਚਟਾਨਾਂ ਦੀ ਰੱਖਿਆ ਲਈ ਨਵੇਂ ਸੁਰੱਖਿਆ ਪ੍ਰੋਗਰਾਮ ਅਤੇ ਸੈਲਾਨੀ ਪ੍ਰਬੰਧਨ ਉਪਾਅ ਲਾਗੂ ਕੀਤੇ ਜਾਣਗੇ।

ਕੋਮੋਡੋ ਕੋਰਲ ਗਾਰਡਨ ਵਿੱਚ ਮਹਿਲਾ ਗੋਤਾਖੋਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕੋਮੋਡੋ ਕੋਰਲ ਗਾਰਡਨ ਵਿੱਚ ਮਹਿਲਾ ਗੋਤਾਖੋਰ

ਸਿੰਗਾਪੁਰ ਅਤੇ ਕੁਆਲਾਲੰਪੁਰ ਤੋਂ ਲਾਬੂਆਨ ਬਾਜੋ ਦੇ ਗੇਟਵੇ ਕਸਬੇ ਤੱਕ ਸਿੱਧੀਆਂ ਉਡਾਣਾਂ ਰਾਹੀਂ ਇੱਥੇ ਪਹੁੰਚਣਾ ਹੁਣ ਪਹਿਲਾਂ ਨਾਲੋਂ ਕਿਤੇ ਆਸਾਨ ਹੋ ਗਿਆ ਹੈ।

ਇਸ ਦੇ ਨਾਲ ਹੀ, ਸਖ਼ਤ ਪਰਮਿਟ ਅਤੇ ਰੇਂਜਰਾਂ ਦੀ ਅਗਵਾਈ ਵਿੱਚ ਕੀਤੀ ਜਾਣ ਵਾਲੀ ਟ੍ਰੈਕਿੰਗ ਇਹ ਯਕੀਨੀ ਬਣਾਉਂਦੀ ਹੈ ਕਿ ਸੈਰ-ਸਪਾਟੇ ਤੋਂ ਹੋਣ ਵਾਲੀ ਆਮਦਨ ਸਥਾਨਕ ਭਾਈਚਾਰਿਆਂ ਅਤੇ ਕੁਦਰਤੀ ਵਸੇਬਿਆਂ ਦੀ ਸੰਭਾਲ ਵਿੱਚ ਸਹਾਈ ਹੋਵੇ।

ਯਾਤਰੀ ਦਿਨ ਵੇਲੇ ਕਿਸ਼ਤੀਆਂ ਰਾਹੀਂ ਸੈਰ ਕਰ ਸਕਦੇ ਹਨ, ਨੇੜਲੇ ਟਾਪੂਆਂ 'ਤੇ ਈਕੋ-ਲੌਜ ਵਿੱਚ ਰਹਿ ਸਕਦੇ ਹਨ ਜਾਂ ਇਸ ਦੀਪ ਸਮੂਹ ਨਾਲ ਡੂੰਘਾਈ ਨਾਲ ਜੁੜਨ ਲਈ ਰਵਾਇਤੀ 'ਫਿਨੀਸੀ' ਜਹਾਜ਼ਾਂ 'ਤੇ ਸਵਾਰ ਹੋ ਕੇ ਦੂਰ-ਦੁਰਾਡੇ ਦੀਆਂ ਖਾੜੀਆਂ ਦਾ ਭਰਮਣ ਕਰ ਸਕਦੇ ਹਨ।

ਉਨ੍ਹਾਂ ਲੋਕਾਂ ਲਈ ਜੋ ਮਕਸਦ ਦੇ ਨਾਲ ਸਾਹਸ ਵੀ ਚਾਹੁੰਦੇ ਹਨ, ਕੋਮੋਡੋ ਇੱਕ ਦੁਰਲੱਭ ਸੰਤੁਲਨ ਪੇਸ਼ ਕਰਦਾ ਹੈ: ਪੂਰਵ-ਇਤਿਹਾਸਕ ਜੰਗਲੀ ਜੀਵਾਂ ਦੇ ਨੇੜਿਓਂ ਦਰਸ਼ਨ, ਵਧਦੀ ਫੁੱਲਦੀ ਸਮੁੰਦਰੀ ਜੈਵ-ਵੰਨ-ਸੁਵੰਨਤਾ ਅਤੇ ਇੱਕ ਅਜਿਹਾ ਰਾਸ਼ਟਰੀ ਪਾਰਕ ਜੋ ਆਪਣੇ ਅਦਭੁਤ ਵਾਤਾਵਰਣ ਦੀ ਸੁਰੱਖਿਆ ਲਈ ਸੈਰ-ਸਪਾਟੇ ਦੀ ਵਰਤੋਂ ਕਰ ਰਿਹਾ ਹੈ। — ਪੀਅਰ ਨਿਰੰਦਰਾ

ਨੌਮ ਪੇਨ, ਕੰਬੋਡੀਆ

ਨੌਮ ਪੇਨ, ਕੰਬੋਡੀਆ

ਤਸਵੀਰ ਸਰੋਤ, Nigel Young, Fosters and Partners

ਤਸਵੀਰ ਕੈਪਸ਼ਨ, ਨੌਮ ਪੇਨ, ਜਿੱਥੇ 15 ਸਾਲ ਪਹਿਲਾਂ ਸਿਰਫ਼ ਇੱਕ ਟ੍ਰੈਫਿਕ ਲਾਈਟ ਹੁੰਦੀ ਸੀ, ਹੁਣ ਟਿਕਾਊ ਸ਼ਹਿਰੀ ਸੈਰ-ਸਪਾਟੇ ਦਾ ਨਮੂਨਾ ਬਣ ਗਿਆ ਹੈ

ਕਿਉਂ ਜਾਈਏ: ਕੰਬੋਡੀਆ ਦੀ ਰਾਜਧਾਨੀ ਦਾ ਇੱਕ ਨਵਾਂ ਯੁੱਗ, ਜਿੱਥੇ ਰਚਨਾਤਮਕ ਅਤੇ ਟਿਕਾਊ ਪਹਿਲਕਦਮੀਆਂ ਸ਼ਹਿਰ ਦੀ ਨੁਹਾਰ ਬਦਲ ਰਹੀਆਂ ਹਨ

ਨੌਮ ਪੇਨ ਇਸ ਸਮੇਂ ਚਰਚਾ ਦਾ ਕੇਂਦਰ ਬਣਿਆ ਹੋਇਆ ਹੈ। ਲੰਬੇ ਸਮੇਂ ਤੱਕ ਸੀਮ ਰੀਪ (Siem Reap) ਦੇ ਪਰਛਾਵੇਂ ਹੇਠ ਰਹਿਣ ਤੋਂ ਬਾਅਦ, ਇਹ ਰਾਜਧਾਨੀ ਹੁਣ 2026 ਵਿੱਚ ਟੈਕੋ ਇੰਟਰਨੈਸ਼ਨਲ ਏਅਰਪੋਰਟ ਦੇ ਉਦਘਾਟਨ ਨਾਲ ਪੂਰੇ ਆਤਮ-ਵਿਸ਼ਵਾਸ ਨਾਲ ਅੱਗੇ ਵਧ ਰਹੀ ਹੈ। ਇਹ ਹਵਾਈ ਅੱਡਾ ਕੰਬੋਡੀਆ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਬੁਨਿਆਦੀ ਢਾਂਚਾ ਪ੍ਰੋਜੈਕਟ ਹੈ।

ਇਸ ਭਵਿੱਖਮੁਖੀ ਟਰਮੀਨਲ ਨੂੰ ਬੁੱਧ ਦੀ ਇੱਕ ਵਿਸ਼ਾਲ ਚਾਂਦੀ ਦੀ ਮੂਰਤੀ ਨਾਲ ਸਜਾਇਆ ਗਿਆ ਹੈ। 2026 ਦੌਰਾਨ ਸੰਯੁਕਤ ਅਰਬ ਅਮੀਰਾਤ (UAE), ਤੁਰਕੀ, ਚੀਨ ਅਤੇ ਜਾਪਾਨ ਤੋਂ ਨਵੇਂ ਰੂਟਾਂ ਨਾਲ ਅੰਤਰਰਾਸ਼ਟਰੀ ਪਹੁੰਚ ਬਿਹਤਰ ਹੋਣ ਦੀ ਉਮੀਦ ਹੈ, ਜਿਸ ਨਾਲ ਇੱਥੇ ਪਹੁੰਚਣਾ ਪਹਿਲਾਂ ਨਾਲੋਂ ਕਿਤੇ ਸੌਖਾ ਹੋ ਜਾਵੇਗਾ।

ਨੌਮ ਪੇਨ ਬਹੁਤ ਤੇਜ਼ੀ ਨਾਲ ਬਦਲ ਰਿਹਾ ਹੈ। ਉਹ ਸ਼ਹਿਰ ਜਿੱਥੇ 15 ਸਾਲ ਪਹਿਲਾਂ ਸਿਰਫ਼ ਇੱਕ ਟ੍ਰੈਫਿਕ ਲਾਈਟ ਹੁੰਦੀ ਸੀ, ਹੁਣ ਟਿਕਾਊ ਸ਼ਹਿਰੀ ਸੈਰ-ਸਪਾਟੇ ਦਾ ਨਮੂਨਾ ਬਣ ਗਿਆ ਹੈ। ਇਸ ਦੀ ਮਿਸਾਲ ਨਵੀਂ ਚਕਟੋਮੁਕ ਵਾਕ ਸਟ੍ਰੀਟ ਹੈ — ਦਰਿਆ ਦੇ ਕੰਢੇ ਵਾਲੀ ਇੱਕ ਅਜਿਹੀ ਸੜਕ ਜਿੱਥੇ ਸਿਰਫ਼ ਪੈਦਲ ਚੱਲਣ ਦੀ ਇਜਾਜ਼ਤ ਹੈ ਅਤੇ ਜੋ ਹਫਤੇ ਦੇ ਅੰਤ ਵਿੱਚ ਖਮੇਰ ਸਟ੍ਰੀਟ ਫੂਡ, ਸਥਾਨਕ ਦਸਤਕਾਰੀ ਅਤੇ ਲਾਈਵ ਸੰਗੀਤ ਦੇ ਤਿਉਹਾਰ ਵਿੱਚ ਬਦਲ ਜਾਂਦੀ ਹੈ।

ਇਸ ਤੋਂ ਇਲਾਵਾ, ਹਾਲ ਹੀ ਵਿੱਚ ਖੁੱਲ੍ਹੇ ਰੋਜ਼ਵੁੱਡ ਨੌਮ ਪੇਨ ਹੋਟਲ ਦੇ ਇਲੈਕਟ੍ਰਿਕ ਟੁੱਕ-ਟੁੱਕ ਮਹਿਮਾਨਾਂ ਨੂੰ ਸ਼ਹਿਰ ਦੀ ਸੈਰ ਕਰਵਾਉਣ ਲਈ ਵਰਤੇ ਜਾ ਰਹੇ ਹਨ।

ਸ਼ਹਿਰ ਦਾ ਇਹ ਖੁਸ਼ਗਵਾਰ ਮਾਹੌਲ ਕੋਈ ਇਤਫ਼ਾਕ ਨਹੀਂ ਹੈ, ਇਸ ਦਾ ਸਿਹਰਾ ਕੰਬੋਡੀਆ ਦੇ ਮਹਾਨ ਮਰਹੂਮ ਆਰਕੀਟੈਕਟ ਵਾਨ ਮੋਲੀਵਾਨ ਨੂੰ ਜਾਂਦਾ ਹੈ, ਜਿਨ੍ਹਾਂ ਨੇ ਕਿਹਾ ਸੀ ਕਿ ਕੋਈ ਵੀ ਇਮਾਰਤ ਸ਼ਾਹੀ ਮਹਿਲ ਤੋਂ ਉੱਚੀ ਨਹੀਂ ਹੋਣੀ ਚਾਹੀਦੀ। ਸਾਲ 2026 ਵਿੱਚ ਉਨ੍ਹਾਂ ਦੀ ਵਿਰਾਸਤ ਹਰ ਪਾਸੇ ਦਿਖਾਈ ਦੇ ਰਹੀ ਹੈ। ਮੋਲੀਵਾਨ ਦਾ 1960 ਦੇ ਦਹਾਕੇ ਦਾ ਪੁਰਾਣਾ ਘਰ ਹੁਣ ਇੱਕ ਡਿਜ਼ਾਈਨ-ਕੇਂਦ੍ਰਿਤ ਕੈਫੇ ਅਤੇ ਮਿੰਨੀ-ਮਿਊਜ਼ੀਅਮ ਵਜੋਂ ਦੁਬਾਰਾ ਖੁੱਲ੍ਹ ਗਿਆ ਹੈ, ਜੋ ਕੰਬੋਡੀਆ ਦੇ ਆਰਕੀਟੈਕਟਾਂ ਦੀ ਨਵੀਂ ਪੀੜ੍ਹੀ ਨੂੰ ਪ੍ਰੇਰਿਤ ਕਰ ਰਿਹਾ ਹੈ।

ਇਸ ਦੇ ਨਾਲ ਹੀ ਹੋਰ ਆਧੁਨਿਕ ਇਮਾਰਤਾਂ ਦੀ ਵੀ ਨੌਜਵਾਨ ਕਲਾਕਾਰਾਂ ਵੱਲੋਂ ਮੁਰੰਮਤ ਕੀਤੀ ਜਾ ਰਹੀ ਹੈ।

ਜੈਨ-ਜੀ ਦੀ ਅਗਵਾਈ ਵਿੱਚ ਚੱਲ ਰਹੇ ਟਿਕਾਊ ਬੁਟੀਕ, ਡਿਸਟਿਲਰੀਆਂ ਅਤੇ ਕੌਫੀ ਸ਼ਾਪਸ ਦੀ ਨਵੀਂ ਲਹਿਰ ਨੌਜਵਾਨ ਕੰਬੋਡੀਅਨਾਂ ਵਿੱਚ ਆਪਣੇ ਵਤਨ ਵਾਪਸ ਪਰਤਣ ਦੇ ਵਧ ਰਹੇ ਰੁਝਾਨ ਨੂੰ ਦਰਸਾਉਂਦੀ ਹੈ।

ਸੈਲਾਨੀ ਸਥਾਨਕ ਜੜ੍ਹੀ-ਬੂਟੀਆਂ ਤੋਂ ਬਣੇ ਸ਼ਰਬਤਾਂ ਦਾ ਆਨੰਦ ਲੈ ਸਕਦੇ ਹਨ, ਉਨ੍ਹਾਂ ਖਮੇਰ ਪਕਵਾਨਾਂ ਦਾ ਸਵਾਦ ਚੱਖ ਸਕਦੇ ਹਨ ਜਿਨ੍ਹਾਂ ਉੱਤੇ ਕਦੇ ਜੰਗ ਦੌਰਾਨ ਪਾਬੰਦੀ ਸੀ, ਅਤੇ ਇਤਿਹਾਸਕ ਦੁਕਾਨਾਂ ਵਾਲੀਆਂ ਹਰੀਆਂ-ਭਰੀਆਂ ਗਲੀਆਂ ਵਿੱਚ ਘੁੰਮ ਸਕਦੇ ਹਨ। — ਕਲੇਅਰ ਟਰੇਲ

ਕੰਬੋਡੀਆ ਦੀ ਯਾਤਰਾ ਬਾਰੇ ਸਾਵਧਾਨੀ: ਕੰਬੋਡੀਆ-ਥਾਈਲੈਂਡ ਟਕਰਾਅ ਦੇ ਮੱਦੇਨਜ਼ਰ, ਅਮਰੀਕਾ ਅਤੇ ਯੂਕੇ ਨੇ ਸਰਹੱਦ ਦੇ ਨੇੜਲੇ ਇਲਾਕਿਆਂ ਦੀ ਯਾਤਰਾ ਕਰਨ ਵਾਲੇ ਸੈਲਾਨੀਆਂ ਲਈ ਚੇਤਾਵਨੀ ਜਾਰੀ ਕੀਤੀ ਹੈ। ਨੌਮ ਪੇਨ ਅਤੇ ਦੇਸ਼ ਦੇ ਹੋਰ ਮੁੱਖ ਸਥਾਨ ਹਾਲਾਂਕਿ ਤਣਾਅ ਪ੍ਰਭਾਵਿਤ ਨਹੀਂ ਹਨ, ਪਰ ਯਾਤਰੀਆਂ ਨੂੰ ਜਾਣ ਤੋਂ ਪਹਿਲਾਂ ਮੌਜੂਦਾ ਸਲਾਹਕਾਰੀਆਂ ਵੇਖ ਲੈਣੀਆਂ ਚਾਹੀਦੀਆਂ ਹਨ।

ਸਾਂਬੁਰੂ, ਕੀਨੀਆ

ਸਾਂਬੁਰੂ, ਕੀਨੀਆ

ਤਸਵੀਰ ਸਰੋਤ, Alamy

ਤਸਵੀਰ ਕੈਪਸ਼ਨ, 'ਸਾਂਬੁਰੂ ਕਾਉਂਟੀ', ਨੇ ਲੰਬੇ ਸਮੇਂ ਤੋਂ ਵਾਤਾਵਰਣ ਅਤੇ ਭਾਈਚਾਰਕ ਸਾਂਝ ਵਾਲੀ ਸੰਭਾਲ ਨੂੰ ਤਰਜੀਹ ਦਿੱਤੀ ਹੈ

ਕਿਉਂ ਜਾਈਏ: ਭੀੜ-ਭੜੱਕੇ ਤੋਂ ਮੁਕਤ ਨਜ਼ਾਰੇ, ਦੁਰਲੱਭ ਜੰਗਲੀ ਜੀਵ ਅਤੇ ਕੀਨੀਆ ਦੇ ਸਭ ਤੋਂ ਨਵੇਂ ਖਗੋਲ-ਅਨੁਭਵ

ਉੱਤਰੀ ਕੀਨੀਆ ਦਾ ਇੱਕ ਦੂਰ-ਦੁਰਾਡੇ ਦਾ ਇਲਾਕਾ ਹੈ, 'ਸਾਂਬੁਰੂ ਕਾਉਂਟੀ', ਜਿਸ ਨੇ ਲੰਬੇ ਸਮੇਂ ਤੋਂ ਵਾਤਾਵਰਣ ਅਤੇ ਭਾਈਚਾਰਕ ਸਾਂਝ ਵਾਲੀ ਸੰਭਾਲ ਨੂੰ ਤਰਜੀਹ ਦਿੱਤੀ ਹੈ।

ਸਾਲ 2026 ਵਿੱਚ, ਇਹ ਅਣਗੌਲਿਆ ਖੇਤਰ ਇੱਕ ਨਵੇਂ 'ਐਸਟ੍ਰੋ-ਟੂਰਿਜ਼ਮ' (ਤਾਰਾ-ਵਿਗਿਆਨ ਸੈਰ-ਸਪਾਟਾ) ਪ੍ਰੋਜੈਕਟ, ਦੇ ਦੋ ਨਵੇਂ ਕੈਂਪਾਂ — ਬੇਸਕੈਂਪ ਸਾਂਬੁਰੂ ਅਤੇ ਸੋਰੋਈ ਸਾਂਬੁਰੂ ਲੌਜ — ਅਤੇ ਜਲਵਾਯੂ ਪਰਿਵਰਤਨ ਕਾਰਜ ਯੋਜਨਾ ਰਾਹੀਂ ਜੰਗਲਾਂ ਨੂੰ ਸੁਰਜੀਤ ਕਰਨ ਅਤੇ ਨਵਿਆਉਣਯੋਗ ਊਰਜਾ 'ਤੇ ਧਿਆਨ ਦੇ ਰਿਹਾ ਹੈ।

ਏਵਾਸੋ ਨਯੀਰੋ (Ewaso Nyiro) ਨਦੀ ਦੇ ਨਾਲ ਲੱਗਦੇ ਅਰਧ-ਖੁਸ਼ਕ ਇਲਾਕਿਆਂ ਵਿੱਚ ਪਹੁੰਚਣ ਵਾਲੇ ਸੈਲਾਨੀਆਂ ਨੂੰ ਸਾਂਬੁਰੂ (ਲੋਕੋਪ) ਲੋਕਾਂ ਦੀਆਂ ਰਵਾਇਤਾਂ ਨੂੰ ਦਰਸਾਉਂਦੇ ਕਈ ਪ੍ਰੋਜੈਕਟ ਦੇਖਣ ਨੂੰ ਮਿਲਣਗੇ।

ਸੋਰੋਈ ਸਾਂਬੁਰੂ ਲੌਜ ਵਿਖੇ, ਜੋ 2026 ਦੇ ਅੱਧ ਤੱਕ ਪੂਰੀ ਤਰ੍ਹਾਂ ਖੁੱਲ੍ਹ ਜਾਵੇਗਾ, ਮਹਿਮਾਨ ਸਥਾਨਕ ਪ੍ਰੋਜੈਕਟਾਂ ਵੇਖਣ ਜਾ ਸਕਦੇ ਹਨ ਅਤੇ ਅੱਗ ਦੇ ਆਲੇ-ਦੁਆਲੇ ਬੈਠ ਕੇ ਸਾਂਬੁਰੂ ਦੇ ਮੈਂਬਰਾਂ ਨਾਲ ਕਹਾਣੀਆਂ ਸਾਂਝੀਆਂ ਕਰ ਸਕਦੇ ਹਨ।

ਸਾਂਬੁਰੂ ਦੀਆਂ ਨੌਂ ਸੁਰੱਖਿਅਤ ਰੱਖਾਂ ਵਿੱਚ ਵਣ ਜੀਵਾਂ ਦੀ ਸੰਭਾਲ ਅਜੇ ਵੀ ਕੇਂਦਰ ਹੈ, ਜਿਸ ਵਿੱਚ "ਸਾਂਬੁਰੂ ਸਪੈਸ਼ਲ ਫਾਈਵ" ਸ਼ਾਮਲ ਹਨ — ਇਹ ਉਹ ਦੁਰਲੱਭ ਜਾਨਵਰ ਹਨ ਜੋ ਸਿਰਫ਼ ਉੱਤਰੀ ਕੀਨੀਆ ਵਿੱਚ ਹੀ ਮਿਲਦ ਹਨ। ਤੁਸੀਂ ਸਾਰੁਣੀ ਬੇਸਕੈਂਪ ਦੇ ਨਾਲਕਾਲੇ ਅਤੇ ਚਿੱਟੇ ਗੈਂਡਿਆਂ ਦੀ ਦੀ ਭਾਲ ਕਰਨ ਜਾ ਸਕਦੇ ਹੋ। ਪਿਛਲੇ ਸਾਲ ਦੌਰਾਨ ਇਨ੍ਹਾਂ ਗੈਂਡਿਆਂ ਦੀ ਗਿਣਤੀ ਵਿੱਚ ਵਾਧਾ ਦੇਖਿਆ ਗਿਆ ਹੈ। ਇਸ ਤੋਂ ਇਲਾਵਾ ਭਾਈਚਾਰਕ ਮਲਕੀਅਤ ਵਾਲੇ ਰੇਤੇਤੀ ਹਾਥੀ ਰੱਖ ਵਿੱਚ ਅਨਾਥ ਹਾਥੀਆਂ ਦੀ ਦੇਖਭਾਲ ਵਿੱਚ ਮਦਦ ਕਰ ਸਕਦੇ ਹੋ।

ਰਾਤ ਦੇ ਅਸਮਾਨ ਦੇ ਸ਼ੌਕੀਨ ਸਾਂਬੁਰੂ ਸੋਪਾ ਲੌਜ ਦੇ ਐਸਟ੍ਰੋ-ਟੂਰਿਜ਼ਮ ਪ੍ਰੋਜੈਕਟ ਰਾਹੀਂ ਬ੍ਰਹਿਮੰਡ ਦੇ ਅਜੂਬਿਆਂ ਦੀ ਪੜਚੋਲ ਕਰ ਸਕਦੇ ਹਨ, ਜੋ ਕਿ ਸਤੰਬਰ 2025 ਵਿੱਚ ਸ਼ੁਰੂ ਹੋਈ ਆਪਣੀ ਕਿਸਮ ਦੀ ਪਹਿਲੀ ਕੋਸ਼ਿਸ਼ ਹੈ। ਇੱਥੇ ਤੁਸੀਂ ਸਥਾਨਕ ਗਾਈਡਾਂ ਤੋਂ ਤਾਰਿਆਂ ਨਾਲ ਜੁੜੀਆਂ ਪੁਰਾਤਨ ਕਹਾਣੀਆਂ ਸੁਣ ਸਕਦੇ ਹੋ, ਕੀਨੀਆ ਦੇ ਪਹਿਲੇ ਐਸਟ੍ਰੋ-ਟੂਰਿਜ਼ਮ ਪਲੈਨੇਟੇਰੀਅਮ (ਤਾਰਾ-ਮੰਡਲ) ਵਿੱਚ ਖਗੋਲ ਵਿਗਿਆਨੀਆਂ ਨਾਲ ਸ਼ਾਮਲ ਹੋ ਸਕਦੇ ਹੋ ਅਤੇ ਬੇਸਕੈਂਪ ਸਾਂਬੁਰੂ ਦੇ ਵਿਸ਼ੇਸ਼ 'ਸਟਾਰ ਬੈੱਡਾਂ' 'ਤੇ ਖੁੱਲ੍ਹੇ ਅਸਮਾਨ ਹੇਠ ਸੌਂ ਸਕਦੇ ਹੋ, ਜਿੱਥੋਂ ਦੋਵਾਂ ਅਰਧ ਗੋਲਿਆਂ ਦੇ ਤਾਰਾਮੰਡਲ ਦਿਖਾਈ ਦਿੰਦੇ ਹਨ। — ਅਲੀਸੀਆ ਐਰਿਕਸਨ

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)