ਹਿਰਨਾਂ 'ਚ ਪਾਈ ਜਾਣ ਵਾਲੀ ਅਜਿਹੀ ਕਿਹੜੀ ਬਿਮਾਰੀ ਹੈ, ਜਿਸਦਾ ਹੁਣ ਬੰਦਿਆਂ 'ਚ ਫੈਲਣ ਦਾ ਖ਼ਤਰਾ

    • ਲੇਖਕ, ਜੈਨੀਫਰ ਚੇਸਕ
    • ਰੋਲ, ਬੀਬੀਸੀ ਫਿਊਚਰ ਪੱਤਰਕਾਰ

ਮਨੁੱਖਾਂ ਵਿੱਚ ਹਾਲ ਹੀ ਵਿੱਚ ਮਿਲੇ ਸਪੋਰਡਿਕ ਕਰਿਊਟਜ਼ਫੈਲਡਿਕ-ਜੈਕਬੋ ਬੀਮਾਰੀ ਦੇ ਮਾਮਲਿਆਂ ਨੇ ਸਵਾਲ ਖੜ੍ਹੇ ਕਰ ਦਿੱਤੇ ਹਨ ਕਿ ਸ਼ਾਇਦ ਇਸ ਬੀਮਾਰੀ ਨੇ ਪ੍ਰਜਾਤੀ ਹੱਦ ਪਾਰ ਕਰ ਲਈ ਹੈ।

ਜੋਂਬੀ ਡੀਅਰ ਡਿਜ਼ੀਜ਼ ਜੰਗਲੀ ਜੀਵਾਂ ਵਿੱਚ ਫੈਲ ਰਹੀ ਹੈ। ਹਾਲਾਂਕਿ ਵਿਗਿਆਨੀ ਅਜੇ ਇਸ ਬਾਰੇ ਇੱਕ ਰਾਇ ਨਹੀਂ ਹਨ ਕਿ ਕੀ ਇਹ ਬੀਮਾਰੀ ਮਨੁੱਖਾਂ ਵਿੱਚ ਫੈਲ ਕੇ ਕਰਿਊਟਜ਼ਫੈਲਡਿਕ-ਜੈਕਬੋ ਬੀਮਾਰੀ ਦਾ ਇੱਕ ਰੂਪ ਧਾਰਨ ਕਰ ਸਕਦੀ ਹੈ ਜਾਂ ਨਹੀਂ।

ਅਮਰੀਕਾ ਦੇ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਮੁਤਾਬਕ ਕਰੋਨਿਕ ਵੇਸਟ ਬੀਮਾਰੀ (ਸੀਡਬਲਿਊਡੀ) ਇੱਕ ਕਿਸਮ ਦੀ ਪਰਿਓਨ ਬੀਮਾਰੀ ਹੈ ਜੋ ਕਿ ਇੱਕ ਨਿਊਰੋ-ਡੀਜਨਰੇਟਿਵ ਸਥਿਤੀ ਹੈ। ਇਹ ਹਿਰਨ ਸਮੇਤ ਹੋਰ ਜੰਗਲੀ ਜੀਵਾਂ ਨੂੰ ਵੀ ਪ੍ਰਭਾਵਿਤ ਕਰਦੀ ਹੈ।

ਹਾਲ ਹੀ ਵਿੱਚ ਇਸਦੇ ਕੈਨੇਡਾ ਦੇ ਹਿਰਨਾਂ ਅਤੇ ਇੱਕ ਕਿਸਮ ਦੇ ਬਾਰਾਸਿੰਘੇ ਮੂਜ਼ ਨੂੰ ਪ੍ਰਭਾਵਿਤ ਕਰਨ ਦੀ ਪੁਸ਼ਟੀ ਹੋਈ ਹੈ। ਉਸ ਤੋਂ ਪਹਿਲਾਂ ਇਸਦੇ ਮਾਮਲੇ ਅਮਰੀਕਾ ਦੇ ਯੈਲੋ ਸਟੋਨ ਨੈਸ਼ਨਲ ਪਾਰਕ ਵਿੱਚ ਮਿਲੇ ਸਨ।

ਇਸ ਬੀਮਾਰੀ ਦੇ ਮਨੁੱਖਾਂ ਵਿੱਚ ਅਜੇ ਤੱਕ ਕੋਈ ਮਾਮਲੇ ਨਹੀਂ ਮਿਲੇ ਹਨ। ਲੇਕਿਨ ਹਾਲ ਹੀ ਵਿੱਚ ਅਮਰੀਕਾ ਦੇ ਟੈਕਸਾਸ ਦੇ ਡਾਕਟਰਾਂ ਦੀ ਇੱਕ ਕੇਸ ਰਿਪੋਰਟ ਨੇ ਖਦਸ਼ੇ ਖੜ੍ਹੇ ਕੀਤੇ ਹਨ।

ਦੋਵਾਂ ਸ਼ਿਕਾਰੀਆਂ ਦੀ ਮੌਤ ਸੀਡਬਲਿਊਡੀ ਕਾਰਨ ਹੋਈ। ਡਾਕਟਰਾਂ ਨੇ ਇਸ ਬਾਰੇ ਚੌਕਸੀ ਵਧਾਉਣ ਅਤੇ ਇਸ ਬੀਮਾਰੀ ਦੇ ਮਨੁੱਖਾਂ ਵਿੱਚ ਦਾਖਲ ਹੋਣ ਦੀ ਸੰਭਾਵਨਾ ਦੀ ਪੁਸ਼ਟੀ ਕਰਨ ਲਈ ਖੋਜ ਕਰਨ ਦੀ ਅਪੀਲ ਕੀਤੀ ਹੈ।

ਜਿਵੇਂ ਕਿ ਇਹ ਬੀਮਾਰੀ ਉੱਤਰੀ ਅਮਰੀਕਾ, ਸਕੈਂਡੇਨੀਵੀਆ ਅਤੇ ਦੱਖਣੀ ਕੋਰੀਆ ਦੇ ਪਸ਼ੂਆਂ ਵਿੱਚ ਫੈਲ ਰਹੀ ਹੈ, ਕੁਝ ਮਾਹਰਾਂ ਦਾ ਕਹਿਣਾ ਹੈ ਕਿ ਹੋ ਸਕਦਾ ਹੈ ਇਸਦੇ ਮਨੁੱਖਾਂ ਵਿੱਚ ਫੈਲਣ ਦਾ ਖਤਰਾ ਵੀ ਵਧ ਰਿਹਾ ਹੋਵੇ।

ਵਿਗਿਆਨੀ ਆਪਣੇ ਤੌਖਲੇ ਮਨੁੱਖਾਂ ਵਿੱਚ ਫੈਲੀਆਂ ਹੋਰ ਪਰਿਓਨ ਬੀਮਾਰੀਆਂ ਜੋ ਕਿ ਇੱਕ ਦੁਰਲਭ ਵਰਤਾਰਾ ਹੈ ਅਤੇ ਜਲਵਾਯੂ ਤਬਦੀਲੀ ਦਾ ਵੀ ਇੱਕ ਸੰਭਾਵੀ ਸਿੱਟਾ ਹੋ ਸਕਦਾ ਹੈ, ਬਾਰੇ ਤਜਰਬਾਤੀ ਅਧਿਐਨਾਂ ਦੇ ਅਧਾਰ ਉੱਤੇ ਜ਼ਾਹਰ ਕਰ ਰਹੇ ਹਨ।

ਯੂਨੀਵਰਸਿਟੀ ਆਫ਼ ਮੈਰੀਲੈਂਡ ਵਿੱਚ ਵਾਈਲਡਲਾਈਫ ਈਕੌਲੋਜੀ ਅਤੇ ਮੈਨੇਜਮੈਂਟ ਦੇ ਐਸੋਸੀਏਟ ਪ੍ਰੋਫੈਸਰ ਜੈਨੀਫਰ ਮੁਲੀਨੈਕਸ ਮੁਤਾਬਕ, "ਅਜੇ ਤੱਕ ਤਾਂ ਹਿਰਨਾਂ ਤੋਂ ਮਨੁੱਖਾਂ ਵਿੱਚ ਕੋਈ ਲਾਗ ਨਹੀਂ ਆਈ ਹੈ। ਹਾਲਾਂਕਿ ਪਰਿਓਨ ਬੀਮਾਰੀਆਂ ਦੀ ਪ੍ਰਕਿਰਿਤੀ ਦੇ ਮੱਦੇ ਨਜ਼ਰ, ਸੀਡੀਸੀ ਅਤੇ ਹੋਰ ਨੇ ਕਿਸੇ ਵੀ ਪਰਿਓਨ ਬੀਮਾਰੀ ਨੂੰ ਭੋਜਨ ਲੜੀ ਤੋਂ ਬਾਹਰ ਰੱਖਣ ਦੀਆਂ ਸਮੂਹ ਕੋਸ਼ਿਸ਼ਾਂ ਦੀ ਹਮਾਇਤ ਕੀਤੀ ਹੈ।"

ਸੀਡਬਲਿਊਡੀ ਬਾਰੇ ਅਜੇ ਸਾਨੂੰ ਇੰਨੀ ਹੀ ਜਾਣਕਾਰੀ ਹੈ।

ਜ਼ੌਂਬੀ ਡੀਅਰ ਡਿਜ਼ੀਜ਼ ਕੀ ਹੈ ਅਤੇ ਇਸਦੇ ਕੀ ਲੱਛਣ ਹਨ?

ਕਰੋਨਿਕ ਵੇਸਟਿੰਗ ਡਿਜ਼ੀਜ਼ ਹਿਰਨਾਂ ਪ੍ਰਜਾਤੀ ਦੇ ਜਾਨਵਰਾਂ ਵਿੱਚ ਫੈਲਦਾ ਹੈ- ਇਸ ਵਿੱਚ ਹਿਰਨ, ਬਾਰਾਸਿੰਘਾ, ਐਲਕ ਅਤੇ ਮੂਜ਼ ਸ਼ਾਮਲ ਹਨ।

ਅਮਰੀਕਾ ਦੇ ਡਿਪਾਰਟਮੈਂਟ ਆਫ਼ ਐਗਰੀਕਲਚਰ ਦੀ ਪਸ਼ੂ ਅਤੇ ਪੌਦਾ ਸਿਹਤ ਇਨਸਪੈਕਸ਼ਨ ਸਰਵਿਸ ਮੁਤਾਬਕ ਹਾਲਾਂਕਿ ਇਹ ਇੱਕ ਲਾਗਸ਼ੀਲ ਬੀਮਾਰੀ ਹੈ ਪਰ ਇਹ ਬੈਕਟੀਰੀਅਮ ਜਾਂ ਵਾਇਰਸ ਜ਼ਰੀਏ ਨਹੀਂ ਫੈਲਦੀ

ਸਗੋਂ ਇੱਕ ਗਲਤ ਮੁੜੇ ਹੋਏ (ਮਿਸਫੋਲਡ) ਪਰੋਇਨ ਪ੍ਰੋਟੀਨ ਕਾਰਨ ਇਹ ਸਥਿਤੀ ਪੈਦਾ ਹੁੰਦੀ ਹੈ। ਹਾਲਾਂਕਿ ਵਿਗਿਆਨੀਆਂ ਨੂੰ ਅਜੇ ਇਹ ਜਾਣਕਾਰੀ ਨਹੀਂ ਕੀ ਪ੍ਰੋਟੀਨ ਵਿੱਚ ਇਹ ਅਸਮਾਨਤਾ ਪੈਦਾ ਕਿਵੇਂ ਹੁੰਦੀ ਹੈ। ਸਧਾਰਣ ਪਰੋਇਨ ਪ੍ਰੋਟੀਨ ਸੰਭਾਵੀ ਤੌਰ ਉੱਤੇ ਸੈਲਾਂ ਦੇ ਆਪਸੀ ਸੰਚਾਰ ਵਿੱਚ ਭੂਮਿਕਾ ਨਿਭਾਉਂਦੇ ਹਨ। ਜਦੋਂ ਉਹ ਗਲਤ ਮੁੜ ਜਾਂਦੇ ਹਾਂ ਤੋਂ ਹੋਰ ਪ੍ਰੋਟੀਨਾਂ ਦੇ ਵੀ ਗਲਤ ਮੁੜਨ ਦੀ ਵਜ੍ਹਾਂ ਬਣਦੇ ਹਨ।

ਗਲਤ ਮੁੜੇ ਹੋਏ ਪ੍ਰੋਟੀਨ ਦਿਮਾਗ ਦੇ ਸੈੱਲਾਂ ਨੂੰ ਨਸ਼ਟ ਕਰ ਦਿੰਦੇ ਹਨ ਅਤੇ ਸਰੀਰਕ ਜਾਬਤਾ ਟੁੱਟਣ ਦੀ ਵਜ੍ਹਾ ਬਣਦੇ ਹਨ।

ਇਸ ਕਾਰਨ ਗੈਰ-ਸਧਾਰਨ ਜਿਹੇ ਲੱਛਣ ਪੈਦਾ ਹੁੰਦੇ ਹਨ। ਜਿਵੇਂ- ਬਹੁਤ ਜ਼ਿਆਦਾ ਭਾਰ ਘਟਣਾ, ਬਹੁਤ ਜ਼ਿਆਦਾ ਪਾਣੀ ਪੀਣਾ ਅਤੇ ਬਹੁਤ ਜ਼ਿਆਦਾ ਪਿਸ਼ਾਬ ਕਰਨਾ, ਮਾੜਾ ਸੰਤੁਲਨ ਅਤੇ ਸਰੀਰਕ ਤਾਲਮੇਲ ਵਿੱਚ ਰੁਕਾਵਟ, ਕੰਨ ਡਿੱਗ ਜਾਣਾ ਜਾਂ ਨਿਗਲਣ ਵਿੱਚ ਦਿੱਕਤ।

ਨਿਗਲਣ ਵਿੱਚ ਦਿੱਕਤ ਕਾਰਨ ਲਾਰ ਟਪਕ ਸਕਦੀ ਹੈ ਜੋ ਬਾਅਦ ਵਿੱਚ ਨਮੋਨੀਆ ਵਿੱਚ ਬਦਲ ਕੇ ਅੰਤ ਨੂੰ ਮੌਤ ਦੀ ਵਜ੍ਹਾ ਬਣ ਸਕਦੀ ਹੈ।

ਇਸ ਦੇ ਖਾਸ ਲੱਛਣਾਂ ਵਿੱਚ ਇੱਕ ਲੜਖੜਾਉਂਦਾ ਹੋਇਆ ਪਸ਼ੂ ਦੀ ਤਸਵੀਰ ਬਣਦੀ ਹੈ ਜਿਸ ਦੀ ਲਾਰ ਟਪਕ ਰਹੀ ਹੋਵੇ, ਸਰੀਰਕ ਤਾਲਮੇਲ ਦੀ ਕਮੀ ਹੋਵੇ।

ਲੱਛਣ ਸਾਹਮਣੇ ਆਉਣ ਵਿੱਚ ਕਈ ਮਹੀਨਿਆਂ ਤੋਂ ਕਈ ਸਾਲ ਤੱਕ ਲੱਗ ਸਕਦੇ ਹਨ ਜਿਸ ਕਾਰਨ ਦੇਖ ਕੇ ਬੀਮਾਰੀ ਦਾ ਪਤਾ ਲਾਉਣਾ ਮੁਸ਼ਕਿਲ ਹੁੰਦਾ ਹੈ।

ਜਦੋਂ ਪਰਿਓਨ ਪ੍ਰੋਟੀਨ ਮਿਸਫੋਲਡ ਹੋ ਜਾਂਦੇ ਹਨ ਤਾਂ ਇਹ ਲਾਗਸ਼ੀਲ ਹੋ ਜਾਂਦੇ ਹਨ, ਜਿਸ ਕਾਰਨ ਬੀਮਾਰੀ ਹੋਰ ਪਸ਼ੂਆਂ ਵਿੱਚ ਵੀ ਫੈਲ ਜਾਂਦੀ ਹੈ।

ਸੀਡਬਲਿਊਡੀ ਜਾਨਵਰਾਂ ਵਿੱਚ ਸਰੀਰਕ ਤਰਲਾਂ, ਮਲ-ਮੂਤਰ ਦੇ ਸਿੱਧੇ ਸੰਪਰਕ ਵਿੱਚ ਆਉਣ, ਅਤੇ ਅਸਿੱਧੇ ਸੰਪਰਕ ਜਿਵੇਂ ਦੂਸ਼ਿਤ ਪਾਣੀ, ਮਿੱਟੀ ਅਤੇ ਖਾਣੇ ਤੋਂ ਫੈਲਦੀ ਹੈ।

ਕੀ ਜ਼ੋਂਬੀ ਡੀਅਰ ਡਿਜ਼ੀਜ਼ ਮਨੁੱਖਾਂ ਵਿੱਚ ਫੈਲ ਸਕਦਾ ਹੈ?

ਸੀਡੀਸੀ ਦਾ ਅਨੁਮਾਨ ਹੈ ਕਿ ਜਿਹੜੇ ਇਲਾਕਿਆਂ ਵਿੱਚ ਪਰਿਓਨ ਇੱਕ ਖੇਤਰੀ ਬੀਮਾਰੀ ਹੈ, ਉੱਥੇ ਇਸਦੀ ਲਾਗ ਦੀ ਦਰ 10 ਤੋਂ 25 ਫੀਸਦੀ ਹੈ।

ਕੈਨੇਡਾ ਦੇ ਸੂਬੇ ਐਲਬਰਟਾ ਸੂਬੇ ਵਿੱਚ ਚੌਕਸੀ ਦੇ ਨਤੀਜਿਆਂ ਮੁਤਾਬਕ ਸਾਲ 2023 ਵਿੱਚ ਮਿਊਲ ਡੀਅਰ ਵਿੱਚ ਇਸਦੀ ਲਾਗ ਦਰ 23 ਫੀਸਦੀ ਦੇਖੀ ਗਈ।

ਮੌਜੂਦਾ ਸਬੂਤ ਸੀਡਬਲਿਊਡੀ ਦੇ ਮਨੁੱਖਾਂ ਵਿੱਚ ਪੀੜਤ ਪਸ਼ੂ ਦਾ ਮਾਸ ਖਾਣ ਜਾਂ ਦੂਸ਼ਿਤ ਮਿੱਟੀ ਪਾਣੀ ਦੇ ਸੰਪਰਕ ਵਿੱਚ ਆਉਣ ਤੋਂ ਫੈਲਣ ਦੀ ਪੁਸ਼ਟੀ ਨਹੀਂ ਕਰਦੇ ਹਨ।

ਹਾਲਾਂਕਿ ਵਿਗਿਆਨੀ ਪਸ਼ੂਆਂ ਤੋਂ ਮਨੁੱਖਾਂ ਵਿੱਚ ਲਾਗ ਫੈਲਣ ਦੀ ਸੰਭਾਵਨਾ ਬਾਰੇ ਅਧਿਐਨ ਕਰ ਰਹੇ ਹਨ।

ਸੀਡੀਸੀ ਦੀ ਸਾਲ 2011 ਵਿੱਚ ਪ੍ਰਕਾਸ਼ਿਤ ਪੁਰਾਣੀ ਖੋਜ ਵਿੱਚ ਬਿਮਾਰੀ ਪ੍ਰਤੀ ਅਰੱਖਿਆ ਦਾ ਸਰਵੇਖਣ ਕੀਤਾ ਗਿਆ। ਸਰਵੇਖਣ ਵਿੱਚ ਸ਼ਾਮਲ 17 ਸਰਵੇਖਣ ਹਿੱਸੇਦਾਰਾਂ ਦੇ ਨਤੀਜੇ ਸ਼ਾਮਲ ਸਨ।

ਲਗਭਗ 65 ਫੀਸਦੀ ਹਿੱਸੇਦਾਰਾਂ ਨੇ ਕਦੇ ਨਾ ਕਦੇ ਸ਼ਿਕਾਰ ਕੀਤੇ ਜਾਨਵਰ ਦਾ ਮਾਸ ਖਾਧਾ ਹੋਣ ਬਾਰੇ ਦੱਸਿਆ। ਖੋਜਕਾਰ ਸਿਰਫ਼ ਸੰਭਾਵੀ ਅਰੱਖਿਆ ਬਾਰੇ ਅਧਿਐਨ ਕਰ ਰਹੇ ਸਨ ਅਤੇ ਉਨ੍ਹਾਂ ਨੇ ਜਾਨਵਰਾਂ ਤੋਂ ਇਨਸਾਨਾਂ ਵਿੱਚ ਫੈਲਣ ਬਾਰੇ ਕੋਈ ਸਬੂਤ ਮਿਲਣਾ ਰਿਪੋਰਟ ਨਹੀਂ ਕੀਤਾ।

ਹਾਲਾਂਕਿ ਕੁਝ ਲਾਗਸ਼ੀਲ ਪਰਿਓਨ ਬੀਮਾਰੀਆਂ ਮਨੁੱਖਾਂ ਵਿੱਚ ਵੀ ਪਾਈਆਂ ਜਾਂਦੀਆਂ ਹਨ, ਜਿਨ੍ਹਾਂ ਨੂੰ ਸਪੋਂਜੀਫੋਰਮ ਇਨਸਿਫਲੋਪੈਥੀਸ ਕਿਹਾ ਜਾਂਦਾ ਹੈ।

ਇਨ੍ਹਾਂ ਵਿੱਚ ਵਿਰਸੇ ਵਜੋਂ ਮਿਲਣ ਵਾਲੀਆਂ ਸਥਿਤੀਆਂ ਸ਼ਾਮਲ ਹਨ ਅਤੇ ਇੱਕ ਹੋਰ ਰੂਪ ਸ਼ਾਮਲ ਹੈ ਜੋ ਕਿ ਲਾਗਸ਼ੀਲ ਤੱਥ ਤੋਂ ਫੈਲਦੀ ਹੈ।

ਇਨ੍ਹਾਂ ਵਿੱਚੋਂ ਇੱਕ ਮੈਡ ਕਾਉ ਬਿਮਾਰੀ ਦੇ ਪਿਛਲੇ ਲਗਭਗ ਚਾਲੀ ਸਾਲਾਂ ਦੌਰਾਨ ਦੁਨੀਆਂ ਭਰ ਦੇ 12 ਦੇਸਾਂ ਵਿੱਚ 230 ਮਾਮਲੇ (ਸੀਆਈਡੀਆਰਏਪੀ) ਦੇਖੇ ਜਾ ਚੁੱਕੇ ਹਨ।

ਮਾਈਕੇਲ ਓਸਟਰਹੋਮ ਯੂਨੀਵਰਸਿਟੀ ਆਫ਼ ਮਿਨੀਸੋਟਾ ਵਿੱਚ ਸੈਂਟਰ ਫਾਰ ਇਨਫੈਕਸ਼ਸ ਡਿਜ਼ੀਜ਼ ਰਿਸਰਚ ਐਂਡ ਪਾਲਿਸੀ ਦੇ ਨਿਰਦੇਸ਼ਕ ਹਨ।

ਉਹ ਕਹਿੰਦੇ ਹਨ, "ਬੀਐੱਸਈ ਪਰਿਓਨ ਅਤੇ ਸੀਡਬਲਿਊਡੀ ਵਿੱਚ ਢਾਂਚਾਗਤ ਵਖਰੇਵੇਂ ਹਨ। ਅਤੇ ਸਾਨੂੰ ਅਜੇ ਨਹੀਂ ਪਤਾ ਕਿ ਜੇ ਸੀਡਬਲਿਊਡੀ ਮਨੁੱਖਾਂ ਵਿੱਚ ਫੈਲਦੀ ਹੈ ਤਾਂ ਉਸਦੀ ਪਸ਼ੂਆਂ ਵਾਲੀ ਨਾਲ ਤੁਲਨਾ ਹੋ ਸਕੇਗੀ।"

ਸਾਲ 2004 ਵਿੱਚ ਸੀਡੀਸੀ ਦੇ ਵਿਗਿਆਨੀਆਂ ਨੇ ਮਨੁੱਖਾਂ ਵਿੱਚ ਮਿਲਣ ਵਾਲੇ ਸੀਜੇਡੀ ਦੇ ਵੋਇਮੌਂਗ ਅਤੇ ਕੋਲਰੈਡੋ ਤੋਂ ਸਾਲ 1979 ਤੋਂ 2000 ਦੌਰਾਨ ਮਿਲੇ ਮਾਮਲਿਆਂ ਦਾ ਅਧਿਐਨ ਕੀਤਾ।

ਕੋਲਰੈਡੋ ਵਿੱਚ ਹੀ 1967 ਵਿੱਚ ਸੀਡਬਲਿਊਡੀ ਦੀ ਪਹਿਲੀ ਵਾਰ ਖੋਜ ਹੋਈ ਸੀ।

ਵਿਗਿਆਨੀਆਂ ਨੇ ਰਿਪੋਰਟ ਕੀਤਾ ਕਿ ਮਾਮਲੇ ਬਾਕੀ ਅਮਰੀਕਾ ਵਿੱਚ ਮਿਲੇ ਮਾਮਲਿਆਂ ਵਰਗੇ ਹੀ ਸੀ। ਅਤੇ ਖੇਤਰੀ ਬੀਮਾਰੀ ਵਾਲੇ ਇਲਾਕੇ ਵਿੱਚ ਮਾਸ ਖਾਣ ਵਾਲਿਆਂ ਦੇ ਦੋ ਹੀ ਕੇਸ ਸਨ।

ਹਾਲਾਂਕਿ ਸੀਜੇਡੀ ਆਮ ਕਰਕੇ ਇੱਕ ਵਿਰਾਸਤੀ ਬੀਮਾਰੀ ਹੈ ਪਰ ਇਸਦੇ ਮੈਡੀਕਲ ਪ੍ਰਕਿਰਿਆ ਦੁਆਰਾ ਫੈਲਣ ਦੇ ਮਾਮਲੇ ਵੀ ਦੇਖੇ ਗਏ ਹਨ।

ਸੀਡੀਸੀ ਮੁਤਾਬਕ ਰੋਗਾਣੂ-ਨਾਸ਼ਨ (ਸਟਰਲਾਈਜ਼ੇਸ਼ਨ) ਦੇ ਸੁਧਰੇ ਤਰੀਕੇ ਆਉਣ ਨਾਲ 1970 ਦੇ ਦਹਾਕੇ ਤੋਂ ਬਾਅਦ ਅਜਿਹਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ।

ਹਾਲਾਂਕਿ ਪੁਰਾਣੇ ਅਧਿਐਨਾਂ ਵਿੱਚ ਇਸ ਬੀਮਾਰੀ ਦੇ ਜਾਨਵਰਾਂ ਤੋਂ ਪਸ਼ੂਆਂ ਵਿੱਚ ਫੈਲਣ ਦੇ ਸਬੂਤ ਨਹੀਂ ਹਨ ਪਰ ਇਸ ਸੰਭਾਵਨਾ ਨੂੰ ਬਿਲਕੁਲ ਨਜ਼ਰਅੰਦਾਜ਼ ਜਾਂ ਇਸਤੋਂ ਮੁਕੰਮਲ ਇਨਕਾਰ ਵੀ ਨਹੀਂ ਕੀਤਾ ਜਾ ਸਕਦਾ।

ਬੀਮਾਰੀ ਉੱਪਰ ਨਜ਼ਰ ਰੱਖਣ ਲਈ ਕੀ ਕੀਤਾ ਜਾ ਰਿਹਾ ਹੈ?

ਸੀਡਬਲਿਊਡੀ ਮਨੁੱਖਾਂ ਵਿੱਚ ਫੈਲ ਜਾਣ ਦੀ ਸੂਰਤ ਬਾਰੇ ਹੰਗਾਮੀ ਯੋਜਨਾ ਬਣਾਉਣ ਲਈ ਸੀਆਈਡੀਆਰਏਪੀ ਨੇ ਮਾਹਰਾਂ ਦਾ ਇੱਕ ਸਮੂਹ ਬਣਾਇਆ ਹੈ।

ਟੀਮ ਵੱਲੋਂ ਖ਼ਤਰੇ ਉੱਪਰ ਨਿਰੰਤਰ ਨਜ਼ਰ ਰੱਖੀ ਜਾ ਰਹੀ ਹੈ।

ਇਸ ਤੋਂ ਇਲਾਵਾ ਯੂਨੀਵਰਸਿਟੀ ਆਫ਼ ਪੈਨਸਲਵੇਨੀਆ ਵਿੱਚ ਵਿਗਿਆਨੀ ਸੀਡਬਲਿਊਡੀ ਦੀ ਲਾਗ ਵਾਲੇ ਅਤੇ ਬਿਨਾਂ ਲਾਗ ਵਾਲੇ ਹਿਰਨਾਂ ਦੇ ਢਿੱਡ ਵਿੱਚ ਮਿਲਣ ਵਾਲੇ ਮਾਈਕਰੋਬਾਇਓਟਾ ਉੱਪਰ ਨਜ਼ਰ ਰੱਖ ਰਹੇ ਹਨ।

ਮੁਲੀਮੈਕਸ ਦੱਸਦੇ ਹਨ,"ਅਮਰੀਕਾ ਵਿੱਚ ਕਈ ਅਕਾਦਮਿਕ ਅਤੇ ਖੇਤੀਬਾੜੀ ਵਿਭਾਗ ਦੇ ਵਿਗਿਆਨੀ ਸੀਡਬਲਿਊਡੀ ਲਈ ਸੰਭਾਵੀ ਲਾਈਵ ਟੈਸਟ ਬਾਰੇ ਕੰਮ ਕਰ ਰਹੇ ਹਨ। ਇਸ ਨਾਲ ਮਨੁੱਖਾਂ ਦੁਆਰਾ ਦੂਸ਼ਿਤ ਮੀਟ ਖਾਧੇ ਜਾਣ ਤੋਂ ਲਾਗ ਫੈਲਣ ਦੇ ਖ਼ਤਰੇ ਨੂੰ ਘਟਾਉਣ ਵਿੱਚ ਵੱਡੀ ਮਦਦ ਹੋਵੇਗੀ। ਇਸੇ ਦੌਰਾਨ ਅਸੀਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਸੀਡਬਲਿਊਡੀ ਕਿਵੇਂ ਰੂਪ ਵਟਾਉਂਦਾ (ਮਿਊਟੀਲੇਟ ਹੁੰਦਾ ਹੈ) ਹੈ ਅਤੇ ਸਾਡੇ ਸਮੇਤ ਹੋਰ ਕਿਹੜੇ ਜਾਨਵਰ ਪ੍ਰਭਾਵਿਤ ਹੋ ਸਕਦੇ ਹਨ।"

ਮਾਹਰਾਂ ਨੂੰ ਡਰ ਹੈ ਕਿ ਸੀਡਬਲਿਊਡੀ ਸਮੇਂ ਨਾਲ ਰੂਪ ਬਦਲ ਸਕਦਾ ਹੈ।

"ਹਿਰਨਾਂ ਵਿੱਚ ਜਾਰੀ ਲਾਗ ਨਵੇਂ ਸੀਡਬਲਿਊਡੀ ਪ੍ਰੋਟੀਨ ਸਟਰੇਨ ਦੇ ਵਿਕਾਸ ਵਿੱਚ ਮਦਦਗਾਰ ਹੋ ਸਕਦੀ ਹੈ। ਜਿਸ ਵਿੱਚ ਹੋ ਸਕਦਾ ਹੈ ਕਿ ਕਈ ਕਿਸਮ ਦੇ ਮੇਜ਼ਬਾਨਾਂ ਨੂੰ ਲਾਗ ਲਾਉਣ ਦੀ ਸਮਰੱਥਾ ਹੋਵੇ।"

ਇਸ ਵਿੱਚ ਜਲਵਾਯੂ ਤਬਦੀਲੀ ਵੀ ਭੂਮਿਕਾ ਨਿਭਾ ਸਕਦੀ ਹੈ।ਮੁਲੀਮੈਕਸ ਮੁਤਾਬਕ, "ਜਲਵਾਯੂ ਤਬਦੀਲੀ ਦੇ ਹਿਰਨਾਂ ਉੱਪਰ ਅਧਿਐਨ ਤੋਂ ਪਤਾ ਲਗਦਾ ਹੈ ਕਿ ਇਸ ਕਾਰਨ ਹਿਰਨਾਂ ਦੀ ਜਨ ਸੰਖਿਆ ਵਧ ਸਕਦੀ ਹੈ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)