ਹੈਪੇਟਾਇਟਸ: ਕੀ ਹਨ ਬਿਮਾਰੀ ਦੇ ਕਾਰਨ ਤੇ ਲੱਛਣ, ਇਸ ਨਾਲ ਹੋਣ ਵਾਲੀਆਂ ਸਭ ਤੋਂ ਵੱਧ ਮੌਤਾਂ ਭਾਰਤ ਵਿੱਚ ਕਿਉਂ ਹੁੰਦੀਆਂ ਹਨ

ਵਿਸ਼ਵ ਸਿਹਤ ਸੰਗਠਨ (ਡਬਲਿਊ.ਐੱਚ.ਓ.) ਦੀ ਗਲੋਬਲ ਹੈਪੇਟਾਈਟਸ ਰਿਪੋਰਟ 2024 ਦੇ ਅਨੁਸਾਰ, ਭਾਰਤ ਵਿੱਚ ਬਾਕੀ ਦੁਨੀਆ ਦੇ ਮੁਕਾਬਲੇ ਵਾਇਰਲ ਹੈਪੇਟਾਈਟਸ ਕਾਰਨ ਸਭ ਤੋਂ ਵੱਧ ਮੌਤਾਂ ਹੋਈਆਂ ਹਨ।

ਵਿਸ਼ਵ ਸਿਹਤ ਸੰਗਠਨ ਨੇ ਕਿਹਾ ਹੈ ਕਿ ਵਿਸ਼ਵ ਭਰ ਵਿੱਚ ਵਾਇਰਲ ਹੈਪੇਟਾਈਟਸ ਦੇ ਮਰੀਜ਼ਾਂ ਦੀ ਕੁੱਲ ਗਿਣਤੀ ਦੇ11% ਭਾਰਤ ਵਿੱਚ ਹਨ।

ਸਾਲ 2022 ਵਿੱਚ, ਕੋਵਿਡ -19 ਤੋਂ ਬਾਅਦ ਲਾਗ ਦੀਆਂ ਬਿਮਾਰੀਆਂ ਕਾਰਨ ਸਭ ਤੋਂ ਵੱਧ ਮੌਤਾਂ ਵਾਇਰਲ ਹੈਪੇਟਾਈਟਸ ਅਤੇ ਤਪਦਿਕ ਕਾਰਨ ਹੋਈਆਂ ਸਨ।

ਵਿਸ਼ਵ ਸਿਹਤ ਸੰਗਠਨ ਦੀ ਰਿਪੋਰਟ ਵਿੱਚ ਕੀ ਹੈ?

ਹੈਪੇਟਾਈਟਸ ਇੱਕ ਜਿਗਰ ਦੀ ਬਿਮਾਰੀ ਹੈ ਜੋ 5 ਕਿਸਮਾਂ ਦੇ ਹੈਪੇਟਾਈਟਸ ਵਾਇਰਸਾਂ ਕਾਰਨ ਹੁੰਦੀ ਹੈ। ਹੈਪੇਟਾਈਟਸ ਏ ਅਤੇ ਈ ਦੀ ਲਾਗ ਦੂਸ਼ਿਤ ਪਾਣੀ ਜਾਂ ਭੋਜਨ ਜ਼ਰੀਏ ਫੈਲਦੀ ਹੈ। ਬੁਖਾਰ, ਢਿੱਡ ਦਰਦ, ਪੀਲੀਆ, ਗੂੜ੍ਹੇ ਰੰਗ ਦਾ ਪਿਸ਼ਾਬ ਆਉਣਾ ਵਰਗੇ ਲੱਛਣ ਇੱਕ ਹਫ਼ਤੇ ਤੱਕ ਰਹਿੰਦੇ ਹਨ।

ਡਬਲਯੂ.ਐਚ.ਓ ਨੇ ਖੂਨ ਰਾਹੀਂ ਫੈਲਣ ਵਾਲੇ ਹੈਪੇਟਾਈਟਸ-ਬੀ ਅਤੇ ਹੈਪੇਟਾਈਟਸ-ਸੀ ਬਾਰੇ ਹੀ ਇਹ ਰਿਪੋਰਟ ਜਾਰੀ ਕੀਤੀ ਹੈ।

ਹੈਪੇਟਾਈਟਸ-ਬੀ ਦੀ ਰੋਕਥਾਮ ਲਈ ਤਾਂ ਟੀਕਾ ਮੌਜੂਦ ਹੈ ਪਰ ਹੈਪੇਟਾਈਟਸ-ਸੀ ਦਾ ਇਲਾਜ ਸਿਰਫ ਦਵਾਈ ਨਾਲ ਕੀਤਾ ਜਾ ਸਕਦਾ ਹੈ।

ਹੈਪੇਟਾਈਟਸ ਡੀ ਉਨ੍ਹਾਂ ਮਰੀਜ਼ਾਂ ਵਿੱਚ ਹੋ ਸਕਦਾ ਹੈ ਜਿਨ੍ਹਾਂ ਨੂੰ ਪਹਿਲਾਂ ਹੀ ਹੈਪੇਟਾਈਟਸ-ਬੀ ਦੀ ਲਾਗ ਹੈ। ਜਦਕਿ ਹੈਪੇਟਾਈਟਸ-ਬੀ ਵੈਕਸੀਨ ਹੈਪੇਟਾਈਟਸ-ਬੀ ਅਤੇ ਨਤੀਜੇ ਵਜੋਂ ਹੋਣ ਵਾਲੇ ਹੈਪੇਟਾਈਟਸ-ਡੀ ਦੋਵਾਂ ਤੋਂ ਬਚਾਅ ਕਰ ਸਕਦੀ ਹੈ।

ਇਸ ਰਿਪੋਰਟ ਵਿੱਚ ਹੈਪੇਟਾਈਟਸ-ਡੀ ਦੇ ਅੰਕੜਿਆਂ ਉੱਤੇ ਵਿਚਾਰ ਨਹੀਂ ਕੀਤਾ ਗਿਆ ਹੈ।

ਇਸ ਰਿਪੋਰਟ ਦੇ ਅਨੁਸਾਰ:

  • ਸਾਲ 2022 ਵਿੱਚ, ਦੁਨੀਆ ਭਰ ਦੇ 187 ਦੇਸਾਂ ਵਿੱਚ ਹੈਪੇਟਾਈਟਸ ਨਾਲ 13 ਲੱਖ ਮੌਤਾਂ ਹੋਈਆਂ। ਇਨ੍ਹਾਂ ਵਿੱਚੋਂ 83% ਮੌਤਾਂ ਹੈਪੇਟਾਈਟਸ-ਬੀ ਅਤੇ 17% ਹੈਪੇਟਾਈਟਸ-ਸੀ ਕਾਰਨ ਹੋਈਆਂ।
  • ਹੈਪੇਟਾਈਟਸ ਬੀ ਅਤੇ ਸੀ ਦੀ ਲਾਗ ਹਰ ਰੋਜ਼ ਦੁਨੀਆ ਭਰ ਵਿੱਚ 3,500 ਲੋਕਾਂ ਨੂੰ ਮਾਰਦੀ ਹੈ। ਇਨ੍ਹਾਂ ਵਿੱਚੋਂ ਅੱਧੇ ਮਰੀਜ਼ 30-54 ਉਮਰ ਵਰਗ ਦੇ ਹਨ, ਜਦੋਂ ਕਿ 12% 18 ਸਾਲ ਤੋਂ ਘੱਟ ਉਮਰ ਦੇ ਬੱਚੇ ਹਨ। ਕੁੱਲ ਮਰੀਜ਼ਾਂ ਵਿੱਚੋਂ 58% ਮਰਦ ਹਨ।
  • ਸਾਲ 2022 ਵਿੱਚ ਦੁਨੀਆ ਵਿੱਚ ਹੈਪੇਟਾਈਟਸ-ਬੀ ਦੇ 25.4 ਕਰੋੜ ਮਰੀਜ਼ ਸਨ। ਇਨ੍ਹਾਂ ਵਿੱਚੋਂ 2.9% ਮਰੀਜ਼ ਭਾਰਤ ਵਿੱਚ ਸਨ। ਭਾਰਤ ਨਾਲੋਂ ਸਭ ਤੋਂ ਵੱਧ ਹੈਪੇਟਾਈਟਸ-ਬੀ ਦੇ ਮਰੀਜ਼ਾਂ ਵਾਲਾ ਦੇਸ ਚੀਨ ਹੈ ਜਿੱਥੇ ਸਾਲ 2022 ਵਿੱਚ ਹੈਪੇਟਾਈਟਸ-ਬੀ ਦੇ 7.9 ਕਰੋੜ ਮਾਮਲੇ ਸਾਹਮਣੇ ਆਏ ਸਨ।
  • ਸਾਲ 2022 ਵਿੱਚ, ਦੁਨੀਆਂ ਭਰ ਵਿੱਚ ਹੈਪੇਟਾਈਟਸ-ਸੀ ਦੇ 5 ਕਰੋੜ ਕੇਸ ਸਨ। ਇਨ੍ਹਾਂ ਵਿੱਚੋਂ ਪਾਕਿਸਤਾਨ ਵਿੱਚ 88 ਲੱਖ ਅਤੇ ਭਾਰਤ ਵਿੱਚ 55 ਲੱਖ ਕੇਸ ਸਨ।
  • ਬੰਗਲਾਦੇਸ਼, ਚੀਨ, ਇਥੋਪੀਆ, ਭਾਰਤ, ਇੰਡੋਨੇਸ਼ੀਆ, ਨਾਈਜੀਰੀਆ, ਪਾਕਿਸਤਾਨ, ਫਿਲੀਪੀਨਜ਼, ਰੂਸ ਅਤੇ ਵੀਅਤਨਾਮ ਵਿਸ਼ਵ ਭਰ ਵਿੱਚ ਹੈਪੇਟਾਈਟਸ-ਬੀ ਅਤੇ ਸੀ ਦੇ ਕੁੱਲ ਮਾਮਲਿਆਂ ਵਿੱਚੋਂ ਦੋ ਤਿਹਾਈ ਮਾਮਲੇ ਸਨ।
  • ਭਾਰਤ ਵਿੱਚ ਵਾਇਰਲ ਹੈਪੇਟਾਈਟਸ ਦੀ ਜਾਂਚ ਦੀ ਦਰ ਵੀ ਬਹੁਤ ਘੱਟ ਹੈ। ਡਬਲਊ. ਐੱਚ.ਓ. ਦੀ ਰਿਪੋਰਟ ਦੇ ਅਨੁਸਾਰ, ਕੁੱਲ ਮਰੀਜ਼ਾਂ ਵਿੱਚੋਂ 2.4% ਹੈਪੇਟਾਈਟਸ-ਬੀ ਅਤੇ 28% ਹੈਪੇਟਾਈਟਸ-ਸੀ ਨਾਲ ਪੀੜਤ ਹਨ।
  • ਭਾਰਤ ਵਿੱਚ ਅਸਲ ਵਿੱਚ ਮੁਫਤ ਹੈਪੇਟਾਈਟਸ-ਬੀ ਅਤੇ ਸੀ ਸਕ੍ਰੀਨਿੰਗ ਅਤੇ ਜਾਂਚ ਲਈ ਇੱਕ ਮੁਫਤ ਸਰਕਾਰੀ ਪ੍ਰੋਗਰਾਮ ਹੈ ਪਰ ਅਜੇ ਵੀ ਘੱਟ ਹੈ।

ਵਾਇਰਲ ਹੈਪੇਟਾਈਟਸ ਭਾਰਤ ਵਿੱਚ ਵੱਧ ਕਿਉਂ ਹੈ?

ਭਾਰਤ ਵਿੱਚ, ਕੇਂਦਰ ਸਰਕਾਰ ਨੇ 2030 ਤੱਕ ਵਾਇਰਲ ਹੈਪੇਟਾਈਟਸ ਨੂੰ ਖਤਮ ਕਰਨ ਦਾ ਟੀਚਾ ਰੱਖਿਆ ਹੈ।

ਸਾਲ 2018 ਤੋਂ, ਮੋਦੀ ਸਰਕਾਰ ਨੇ ਹੈਪੇਟਾਈਟਸ-ਬੀ ਅਤੇ ਸੀ ਦੇ ਮਰੀਜ਼ਾਂ ਨੂੰ ਮੁਫਤ ਦਵਾਈ ਦੇਣ ਦੀ ਯੋਜਨਾ ਸ਼ੁਰੂ ਕੀਤੀ ਸੀ। ਵਾਇਰਲ ਹੈਪੇਟਾਈਟਸ ਨੂੰ ਭਾਰਤ ਵਿੱਚ ਜਨਤਕ ਸਿਹਤ ਪ੍ਰਣਾਲੀ ਲਈ ਇੱਕ ਗੰਭੀਰ ਸਮੱਸਿਆ ਮੰਨਿਆ ਜਾਂਦਾ ਹੈ।

ਵਾਇਰਲ ਹੈਪੇਟਾਈਟਸ ਖੂਨ ਰਾਹੀਂ ਜਾਂ ਦੂਸ਼ਿਤ ਸੂਈ ਰਾਹੀਂ ਮਰੀਜ਼ ਤੋਂ ਦੂਜੇ ਵਿਅਕਤੀ ਵਿੱਚ ਫੈਲਦਾ ਹੈ।

ਸਿਹਤ ਸੰਗਠਨ ਦੀ ਰਿਪੋਰਟ ਦੇ ਅਨੁਸਾਰ, ਭਾਰਤ ਉਨ੍ਹਾਂ 10 ਦੇਸਾਂ ਵਿੱਚੋਂ ਇੱਕ ਹੈ, ਜਿੱਥੇ ਹੈਪੇਟਾਈਟਸ-ਸੀ ਦੇ 80% ਕੇਸ ਟੀਕਿਆਂ ਰਾਹੀਂ (ਆਈਡੀਯੂ) ਫੈਲਦਾ ਹੈ।

ਡਾ. ਅਵਿਨਾਸ਼ ਭੋਂਦਵੇ ਕਹਿੰਦੇ ਹਨ, "ਸਾਡੇ ਦੇਸ ਵਿੱਚ ਹੈਪੇਟਾਈਟਸ-ਬੀ, ਸੀ, ਡੀ, ਏ ਦੇ ਇੰਨੇ ਫੈਲਣ ਦਾ ਕਾਰਨ ਇਹ ਹੈ ਕਿ ਕਿਸੇ ਵੀ ਹੈਪੇਟਾਈਟਸ ਬਾਰੇ ਲੋਕਾਂ ਵਿੱਚ ਜਾਗਰੂਕਤਾ ਨਹੀਂ ਹੈ। ਕੋਈ ਚੌਕਸੀ ਨਹੀਂ ਹੈ। ਲੋਕਾਂ ਵਿੱਚ ਇਹ ਵਿਸ਼ਵਾਸ ਹੈ ਕਿ ਹੈਪੇਟਾਈਟਸ ਦਾ ਮਤਲਬ ਹੈ ਪੀਲੀਆ ਅਤੇ ਪੀਲੀਆ ਇਲਾਜਯੋਗ ਹੈ। ਮਾਮੂਲੀ ਦਵਾਈਆਂ ਨਾਲ ਪੀਲੀਏ ਦਾ ਇਲਾਜ ਕੀਤਾ ਜਾਂਦਾ ਹੈ, ਜੋ ਕਿ ਗਲਤ ਹੈ, ਭਾਵੇਂ ਕਿ ਬਹੁਤ ਸਾਰੇ ਮਰੀਜ਼ ਖੂਨ ਦੀ ਜਾਂਚ ਕੀਤੇ ਬਿਨਾਂ ਮਾਮੂਲੀ ਦਵਾਈਆਂ ਲੈਂਦੇ ਹਨ ਮਾਂ ਤੋਂ ਬੱਚੇ ਤੱਕ ਜੇ ਮਾਂ ਨੂੰ ਹੈਪੇਟਾਈਟਸ ਹੋਣ ਦੀ ਸੰਭਾਵਨਾ ਹੈ, ਤਾਂ ਇਹ ਟੈਸਟ ਜਨਮ ਦੇ ਸਮੇਂ ਕੀਤਾ ਜਾਣਾ ਚਾਹੀਦਾ ਹੈ, ਅਜਿਹਾ ਨਹੀਂ ਕੀਤਾ ਜਾਂਦਾ।

ਡਾਕਟਰ ਮੁਤਾਬਕ "ਹੈਪੇਟਾਈਟਸ-ਏ ਅਤੇ ਈ ਦੂਸ਼ਿਤ ਪਾਣੀ ਅਤੇ ਭੋਜਨ ਕਾਰਨ ਹੁੰਦੇ ਹਨ। ਅਜਿਹੇ ਲੋਕ ਹਨ ਜੋ ਵੱਡੀ ਮਾਤਰਾ ਵਿੱਚ ਬਾਹਰ ਖਾਣਾ ਖਾਂਦੇ ਹਨ। ਜਦੋਂ ਤੁਸੀਂ ਖੁੱਲ੍ਹੇ ਵਿੱਚ ਖਾਣਾ ਖਾਂਦੇ ਹੋ ਤਾਂ ਇਹ ਦੂਸ਼ਿਤ ਹੁੰਦਾ ਹੈ। ਸ਼ਹਿਰਾਂ ਵਿੱਚ ਖਾਣੇ ਦੀਆਂ ਖੁੱਲ੍ਹੀਆਂ ਰੇੜ੍ਹੀਆਂ ਹਨ।"

ਖਾਨਸਾਮਿਆਂ ਅਤੇ ਬਾਲਗਾਂ ਦੀ ਜਾਂਚ ਹੋਣੀ ਚਾਹੀਦੀ ਹੈ, ਪਰ ਅਜਿਹਾ ਨਹੀਂ ਹੋ ਰਿਹਾ ਹੈ। ਉਨ੍ਹਾਂ ਰਾਹੀਂ ਵੀ ਬੀਮਾਰੀਆਂ ਫੈਲਦੀਆਂ ਹਨ।”

ਹੈਪੇਟਾਈਟਸ-ਏ, ਬੀ, ਸੀ, ਡੀ ਅਤੇ ਈ ਦੀਆਂ ਪੰਜ ਕਿਸਮਾਂ ਹਨ।

ਹੈਪੇਟਾਈਟਸ ਦੇ ਲੱਛਣ ਅਕਸਰ ਜਾਂ ਤਾਂ ਨਜ਼ਰ ਹੀ ਨਹੀਂ ਆਉਂਦੇ ਜਾਂ ਬਹੁਤ ਘੱਟ ਹੁੰਦੇ ਹਨ। ਇਸ ਦੀਆਂ ਕਿਸਮਾਂ ਕੀ ਹਨ? ਆਓ ਜਾਣਦੇ ਹਾਂ ਲੱਛਣ ਅਤੇ ਜਾਂਚ ਬਾਰੇ।

ਹੈਪੇਟਾਈਟਸ ਕੀ ਹੈ?

ਹੈਪੇਟਾਈਟਸ ਇੱਕ ਜਿਗਰ ਦੀ ਬਿਮਾਰੀ ਹੈ। ਇਹ ਬਿਮਾਰੀ ਮੁੱਖ ਤੌਰ 'ਤੇ 'ਹੈਪੇਟਾਈਟਸ ਵਾਇਰਸ' ਵਜੋਂ ਜਾਣੇ ਜਾਂਦੇ ਵਾਇਰਸਾਂ ਕਾਰਨ ਹੁੰਦੀ ਹੈ।

ਕੇਂਦਰੀ ਸਿਹਤ ਮੰਤਰਾਲੇ ਦੇ ਅਨੁਸਾਰ, ਸ਼ਰਾਬ ਦਾ ਸੇਵਨ, ਕੁਝ ਕਿਸਮ ਦੀਆਂ ਦਵਾਈਆਂ, ਫੈਕਟਰੀਆਂ ਵਿੱਚ ਵਰਤੇ ਜਾਂਦੇ ਕੁਝ ਤਰਲ ਪਦਾਰਥਾਂ ਅਤੇ ਹੋਰ ਬਿਮਾਰੀਆਂ ਨਾਲ ਹੈਪੇਟਾਈਟਸ ਹੋਣ ਦੀ ਬਹੁਤ ਸੰਭਾਵਨਾ ਹੁੰਦੀ ਹੈ।

ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰ, ਦੁਨੀਆ ਭਰ ਵਿੱਚ ਹੈਪੇਟਾਈਟਸ-ਬੀ ਅਤੇ ਸੀ ਤੋਂ ਲੱਖਾਂ ਮਰੀਜ਼ ਪੀੜਤ ਹਨ।

ਹੈਪੇਟਾਈਟਸ ਦੀ ਲਾਗ ਕਾਰਨ 'ਲੀਵਰ ਸਿਰੋਸਿਸ' ਅਤੇ ਇਸਦਾ ਦਾ ਕੈਂਸਰ ਅਤੇ ਹੋਰ ਕਾਰਨਾਂ ਕਰਕੇ ਵੀ ਮੌਤ ਹੋ ਸਕਦੀ ਹੈ।

ਹੈਪੇਟਾਈਟਸ-ਏ

ਇਹ "ਹੈਪੇਟਾਈਟਸ-ਏ" ਵਾਇਰਸ ਕਾਰਨ ਹੋਣ ਵਾਲੀ ਬਿਮਾਰੀ ਹੈ। ਇਹ ਹੈਪੇਟਾਈਟਸ ਦੇ ਮਰੀਜ਼ਾਂ ਵਿੱਚ ਪਾਈ ਜਾਣ ਵਾਲੀ ਇੱਕ ਆਮ ਬਿਮਾਰੀ ਹੈ। ਇਹ ਬਿਮਾਰੀ ਦੂਸ਼ਿਤ ਪਾਣੀ ਜਾਂ ਦੂਸ਼ਿਤ ਭੋਜਨ ਨਾਲ ਫੈਲਦੀ ਹੈ। ਹੈਪੇਟਾਈਟਸ-ਏ ਦੇ ਮਰੀਜ਼ ਉਨ੍ਹਾਂ ਇਲਾਕਿਆਂ ਵਿੱਚ ਪਾਏ ਜਾਂਦੇ ਹਨ ਜਿੱਥੇ ਸੀਵਰੇਜ ਦਾ ਪ੍ਰਬੰਧ ਠੀਕ ਨਹੀਂ ਹੈ।

ਕੇਂਦਰੀ ਸਿਹਤ ਮੰਤਰਾਲੇ ਅਨੁਸਾਰ ਹੈਪੇਟਾਈਟਸ-ਏ ਦੀ ਲਾਗ ਪੁਰਾਣੀ ਨਹੀਂ ਹੈ। ਇਸਦੇ ਲੱਛਣ ਤਿੰਨ ਮਹੀਨਿਆਂ ਦੇ ਅੰਦਰ ਹੌਲੀ-ਹੌਲੀ ਅਲੋਪ ਹੋ ਜਾਂਦੇ ਹਨ।

ਫੋਰਟਿਸ ਹਸਪਤਾਲ ਦੇ ਬਾਲ ਰੋਗ ਮਾਹਰ ਡਾ. ਰਾਕੇਸ਼ ਪਟੇਲ ਕਹਿੰਦੇ ਹਨ, "ਛੋਟੇ ਬੱਚੇ ਹੈਪੇਟਾਈਟਸ-ਏ ਦੀ ਲਾਗ ਪ੍ਰਤੀ ਸੰਵੇਦਨਸ਼ੀਲ ਹੁੰਦੇ ਹਨ। ਬੱਚੇ ਜਲਦੀ ਠੀਕ ਵੀ ਹੋ ਜਾਂਦੇ ਹਨ।"

ਹੈਪੇਟਾਈਟਸ-ਏ ਦਾ ਕੋਈ ਖਾਸ ਇਲਾਜ ਨਹੀਂ ਹੈ। ਪਰ ਐਂਟੀ-ਹੈਪੇਟਾਈਟਸ-ਏ ਵੈਕਸੀਨ ਲਗਵਾਉਣਾ ਲਾਗ ਤੋਂ ਬਚਾਉਂਦਾ ਹੈ। ਭਾਰਤੀ ਉਪ-ਮਹਾਂਦੀਪ, ਅਫਰੀਕਾ, ਦੱਖਣੀ-ਮੱਧ ਅਮਰੀਕਾ ਅਤੇ ਯੂਰਪ ਦੇ ਪੂਰਬੀ ਦੇਸਾਂ ਵਿੱਚ ਇਸਦਾ ਵਧੇਰੇ ਪ੍ਰਭਾਵ ਹੈ। ਇਸ ਲਈ, ਜੇਕਰ ਤੁਸੀਂ ਇਸ ਦੇਸ ਦੀ ਯਾਤਰਾ ਕਰਨਾ ਚਾਹੁੰਦੇ ਹੋ, ਤਾਂ ਤੁਹਾਨੂੰ ਟੀਕਾ ਜ਼ਰੂਰ ਲਵਾਉਣਾ ਚਾਹੀਦਾ ਹੈ।

ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰ-

ਹੈਪੇਟਾਈਟਸ 'ਏ' ਤੋਂ ਪੀੜਤ ਮਰੀਜ਼ਾਂ ਦੇ ਸੰਪਰਕ ਵਿੱਚ ਆਉਣ ਨਾਲ ਵੀ ਲਾਗ ਹੋਣ ਦੀ ਸੰਭਾਵਨਾ ਹੁੰਦੀ ਹੈ।

ਹੈਪੇਟਾਈਟਸ-ਏ ਦੇ ਮਰੀਜ਼ ਆਪਣੇ ਸਰੀਰ ਵਿੱਚ ਇਸ ਨਾਲ ਲੜਨ ਦੀ ਸ਼ਕਤੀ ਵਿਕਸਿਤ ਕਰ ਲੈਂਦੇ ਹਨ।

ਲਾਗ ਤੋਂ 14 ਤੋਂ 28 ਦਿਨਾਂ ਬਾਅਦ ਲੱਛਣ ਦਿਖਾਈ ਦਿੰਦੇ ਹਨ।

ਬੁਖਾਰ, ਭੁੱਖ ਨਾ ਲੱਗਣਾ, ਦਸਤ, ਪੀਲੀਆ ਕੁਝ ਲੱਛਣ ਹਨ।

ਕੇਂਦਰ ਸਰਕਾਰ ਦੇ ਹੈਪੇਟਾਈਟਸ ਕੰਟਰੋਲ ਪ੍ਰੋਗਰਾਮ ਦੇ ਅਨੁਸਾਰ, ਹੈਪੇਟਾਈਟਸ-ਏ ਦੇ 5 -15% ਮਾਮਲਿਆਂ ਵਿੱਚ ਜਿਗਰ ਨੂੰ ਗੰਭੀਰ ਨੁਕਸਾਨ ਪਹੁੰਚਦਾ ਹੈ।

ਹੈਪੇਟਾਈਟਸ-ਬੀ

ਇਹ ਹੈਪੇਟਾਈਟਸ-ਬੀ ਵਾਇਰਸ ਕਾਰਨ ਹੋਣ ਵਾਲੀ ਬਿਮਾਰੀ ਹੈ। ਡਾ. ਰਾਕੇਸ਼ ਪਟੇਲ ਦਾ ਕਹਿਣਾ ਹੈ, "ਦੂਸ਼ਿਤ ਖੂਨ, ਕਿਸੇ ਹੋਰ ਵਿਅਕਤੀ ਦੀ ਵਰਤੀ ਹੋਈ ਸੂਈ, ਸਰੀਰ ਦੇ ਤਰਲ ਪਦਾਰਥ ਇਸ ਲਾਗ ਦੇ ਕਾਰਨ ਬਣ ਸਕਦੇ ਹਨ। ਮਾਂ ਤੋਂ ਬੱਚੇ ਤੱਕ ਵੀ ਸੰਚਾਰ ਸੰਭਵ ਹੈ।"

ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰਨ ਵਾਲਿਆਂ ਵਿੱਚ ਹੈਪੇਟਾਈਟਸ ਦੀ ਲਾਗ ਵਧੇਰੇ ਹੁੰਦੀ ਹੈ। ਇਹ ਬਿਮਾਰੀ ਭਾਰਤ, ਚੀਨ, ਮੱਧ ਅਤੇ ਦੱਖਣੀ ਏਸ਼ੀਆ ਵਿੱਚ ਵਿਆਪਕ ਤੌਰ 'ਤੇ ਪਾਈ ਜਾਂਦੀ ਹੈ। ਇਸ ਬਿਮਾਰੀ ਵਾਲੇ ਜ਼ਿਆਦਾਤਰ ਲੋਕ ਦੋ ਮਹੀਨਿਆਂ ਵਿੱਚ ਪੂਰੀ ਤਰ੍ਹਾਂ ਠੀਕ ਹੋ ਜਾਂਦੇ ਹਨ। ਪਰ ਕੁਝ ਲੋਕਾਂ ਨੂੰ ਇਸ ਤੋਂ ਭਿਆਨਕ ਬੀਮਾਰੀ ਹੋ ਜਾਂਦੀ ਹੈ। ਇਸ ਨੂੰ 'ਕ੍ਰੋਨਿਕ' ਹੈਪੇਟਾਈਟਸ ਕਿਹਾ ਜਾਂਦਾ ਹੈ। ਇਸ ਦੀ ਲਾਗ ਨਾਲ ਲਿਵਰ ਸਿਰੋਸਿਸ ਅਤੇ ਜਿਗਰ ਦਾ ਕੈਂਸਰ ਹੋ ਸਕਦਾ ਹੈ।

  • ਹੈਪੇਟਾਈਟਸ 'ਬੀ' ਐੱਚਆਈਵੀ ਦੀ ਲਾਗ ਨਾਲੋਂ 50 ਤੋਂ 100 ਗੁਣਾ ਜ਼ਿਆਦਾ ਛੂਤਕਾਰੀ ਹੈ।
  • ਪੀਲੀਆ, ਕਮਜ਼ੋਰੀ, ਲਗਾਤਾਰ ਉਲਟੀਆਂ ਅਤੇ ਪੇਟ ਦਰਦ ਇਸਦੇ ਆਮ ਲੱਛਣ ਹਨ।
  • ਜੇਕਰ 6 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਲਾਗ ਹੁੰਦੀ ਹੈ, ਤਾਂ ਇਹ ਬਿਮਾਰੀ ਗੰਭੀਰ ਹੋ ਸਕਦੀ ਹੈ।
  • ਹੈਪੇਟਾਈਟਸ ਬੀ ਦੇ ਵਿਰੁੱਧ ਇੱਕ ਟੀਕਾ ਉਪਲਬਧ ਹੈ। ਡਬਲਿਊ.ਐੱਚ.ਓ. ਇਹ ਟੀਕਾ ਹਰ ਬੱਚੇ ਨੂੰ ਜਨਮ ਦੇ 24 ਘੰਟਿਆਂ ਦੇ ਅੰਦਰ ਦੇਣ ਦੀ ਸਿਫ਼ਾਰਸ਼ ਕਰਦਾ ਹੈ, ਇਸ ਤੋਂ ਬਾਅਦ ਅਗਲੀ ਵੈਕਸੀਨ 6, 10 ਅਤੇ 14 ਹਫ਼ਤਿਆਂ ਵਿੱਚ ਦਿੱਤੀ ਜਾਂਦੀ ਹੈ।
  • ਇਸ ਦਾ ਕੋਈ ਅਸਰਦਾਰ ਇਲਾਜ ਨਹੀਂ ਹੈ। ਜ਼ਿਆਦਾਤਰ ਲੋਕਾਂ ਵਿੱਚ, ਲਾਗ ਪੂਰੀ ਤਰ੍ਹਾਂ ਦੂਰ ਨਹੀਂ ਹੁੰਦੀ ਹੈ। ਇਸ ਲਈ, ਤੁਹਾਨੂੰ ਲੰਬੇ ਸਮੇਂ ਤੱਕ ਦਵਾਈ ਲੈਣੀ ਪੈਂਦੀ ਹੈ।

ਹੈਪੇਟਾਈਟਸ ਸੀ

ਇਹ ਹੈਪੇਟਾਈਟਸ-ਸੀ ਵਾਇਰਸ ਕਾਰਨ ਹੋਣ ਵਾਲੀ ਬਿਮਾਰੀ ਹੈ। ਮਾਹਿਰਾਂ ਅਨੁਸਾਰ ਹੈਪੇਟਾਈਟਸ-ਸੀ ਮੁੱਖ ਤੌਰ 'ਤੇ ਖੂਨ ਰਾਹੀਂ ਫੈਲਦਾ ਹੈ। ਕੁਝ ਹੱਦ ਤੱਕ, ਲਾਗ ਕਿਸੇ ਮਰੀਜ਼ ਦੀ ਲਾਰ, ਵੀਰਜ ਜਾਂ ਯੋਨੀ ਦੇ ਤਰਲ ਦੁਆਰਾ ਫੈਲਦੀ ਹੈ।

ਗੈਸਟਰੋਐਂਟਰੌਲੋਜਿਸਟ ਡਾ. ਪਟੇਲ ਨੇ ਅੱਗੇ ਕਿਹਾ, "ਦੂਸ਼ਿਤ ਖੂਨ ਰਾਹੀਂ ਜਾਂ ਜਨਮ ਸਮੇਂ ਹੈਪੇਟਾਈਟਸ-ਸੀ ਮਾਂ ਤੋਂ ਬੱਚੇ ਵਿੱਚ ਫੈਲਣ ਦੀ ਸੰਭਾਵਨਾ ਹੈ।"

  • ਵਾਇਰਸ ਦੇ ਸਰੀਰ ਵਿੱਚ ਦਾਖਲ ਹੋਣ ਤੋਂ 2 ਤੋਂ 6 ਹਫ਼ਤਿਆਂ ਬਾਅਦ ਇਸ ਬਿਮਾਰੀ ਦੇ ਲੱਛਣ ਦਿਸਣ ਲੱਗ ਪੈਂਦੇ ਹਨ।
  • 80 ਫੀਸਦੀ ਮਰੀਜ਼ਾਂ ਵਿੱਚ ਕੋਈ ਲੱਛਣ ਨਹੀਂ ਹੁੰਦੇ।
  • ਇਸਦੇ ਕੁਝ ਲੱਛਣ ਹਨ ਬੁਖਾਰ, ਕਮਜ਼ੋਰੀ, ਪੀਲੀਆ, ਭੁੱਖ ਨਾ ਲੱਗਣਾ, ਉਲਟੀਆਂ, ਪੇਟ ਦਰਦ ਅਤੇ ਗੂੜ੍ਹੇ ਰੰਗ ਦੀ ਟੱਟੀ।
  • ਕੇਂਦਰੀ ਸਿਹਤ ਮੰਤਰਾਲੇ ਦੇ ਅਨੁਸਾਰ, ਜ਼ਿਆਦਾਤਰ ਮਰੀਜ਼ ਵਾਇਰਸ ਨੂੰ ਸਾਫ਼ ਕਰਦੇ ਹਨ। ਪਰ ਕਈਆਂ ਦੇ ਸਰੀਰ ਵਿੱਚ ਇਹ ਵਾਇਰਸ ਲੰਬੇ ਸਮੇਂ ਤੱਕ ਰਹਿੰਦਾ ਹੈ।
  • ਵਰਤਮਾਨ ਵਿੱਚ ਹੈਪੇਟਾਈਟਸ-ਸੀ ਦੇ ਵਿਰੁੱਧ ਕੋਈ ਟੀਕਾ ਉਪਲਬਧ ਨਹੀਂ ਹੈ।
  • ਜੇਕਰ ਹੈਪੇਟਾਈਟਸ-ਸੀ ਲੰਬਾ ਸਮਾਂ ਚਲਦਾ ਹੈ ਤਾਂ ਇਸਦਾ ਇਲਾਜ ਡਰੱਗ ਥੈਰੇਪੀ ਨਾਲ ਕੀਤਾ ਜਾਂਦਾ ਹੈ।
  • ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰ, ਹੈਪੇਟਾਈਟਸ-ਸੀ ਛਾਤੀ ਦਾ ਦੁੱਧ ਚੁੰਘਾਉਣ, ਭੋਜਨ, ਪਾਣੀ ਜਾਂ ਦੂਜਿਆਂ ਨੂੰ ਛੂਹਣ ਨਾਲ ਨਹੀਂ ਫੈਲਦਾ ਹੈ।

ਹੈਪੇਟਾਈਟਸ 'ਡੀ' ਅਤੇ 'ਈ'

ਇਹ ਬਿਮਾਰੀ ਸਿਰਫ਼ ਹੈਪੇਟਾਈਟਸ ‘ਬੀ’ ਦੇ ਮਰੀਜ਼ਾਂ ਵਿੱਚ ਹੁੰਦੀ ਹੈ।

ਹੈਪੇਟਾਈਟਸ 'ਡੀ' ਵਾਇਰਸਾਂ ਦੀ ਗਿਣਤੀ ਵਧਾਉਣ ਲਈ, ਮਰੀਜ਼ ਦੇ ਸਰੀਰ ਨੂੰ ਹੈਪੇਟਾਈਟਸ ਬੀ ਵਾਇਰਸ ਦੀ ਲੋੜ ਹੁੰਦੀ ਹੈ। ਦੁਨੀਆ ਭਰ ਵਿੱਚ, ਹੈਪੇਟਾਈਟਸ-ਬੀ ਦੇ 5% ਮਰੀਜ਼ ਹੈਪੇਟਾਈਟਸ-ਡੀ ਦਾ ਵਿਕਾਸ ਕਰਦੇ ਹਨ। ਲਾਗ ਟੀਕੇ, ਟੈਟੂ ਜਾਂ ਦੂਸ਼ਿਤ ਖੂਨ ਦੇ ਸੰਪਰਕ ਨਾਲ ਫੈਲਦੀ ਹੈ।

ਐਂਟੀ ਹੈਪੇਟਾਈਟਸ-ਬੀ ਦੀ ਵੈਕਸੀਨ, ਹੈਪੇਟਾਈਟਸ 'ਡੀ' ਦੇ ਖ਼ਤਰੇ ਨੂੰ ਘਟਾਉਂਦੀ ਹੈ। ਲੱਛਣ ਆਮ ਤੌਰ 'ਤੇ ਸਰੀਰ ਵਿੱਚ ਲਾਗ ਦੇ 3 ਤੋਂ 7 ਹਫ਼ਤਿਆਂ ਬਾਅਦ ਦਿਖਾਈ ਦਿੰਦੇ ਹਨ। ਕੁਝ ਲੱਛਣ ਹਨ ਬੁਖਾਰ, ਕਮਜ਼ੋਰੀ, ਪੀਲੀਆ, ਭੁੱਖ ਨਾ ਲੱਗਣਾ, ਉਲਟੀਆਂ, ਪੇਟ ਦਰਦ, ਗੂੜ੍ਹੇ ਰੰਗ ਦੀ ਟੱਟੀ।

ਹੈਪੇਟਾਈਟਸ 'ਈ' ਦੀ ਲਾਗ ਹਲਕੀ ਅਤੇ ਥੋੜ੍ਹੇ ਸਮੇਂ ਲਈ ਹੁੰਦੀ ਹੈ। ਇਸ ਦੀ ਲਾਗ ਮੁੱਖ ਤੌਰ 'ਤੇ ਦੂਸ਼ਿਤ ਪਾਣੀ ਕਾਰਨ ਫੈਲਦੀ ਹੈ। ਹਾਲਾਂਕਿ ਇਸ ਬਿਮਾਰੀ ਦੇ ਮਾਮਲੇ ਦੁਨੀਆ ਭਰ ਵਿੱਚ ਪਾਏ ਜਾਂਦੇ ਹਨ, ਪਰ ਇਹ ਪੂਰਬੀ ਅਤੇ ਦੱਖਣੀ ਏਸ਼ੀਆ ਵਿੱਚ ਵਧੇਰੇ ਆਮ ਹੈ।

ਘੱਟ ਅਤੇ ਦਰਮਿਆਨੀ ਆਮਦਨ ਵਾਲੇ ਦੇਸਾਂ ਵਿੱਚ ਜਲ ਸਪਲਾਈ, ਸੈਨੀਟੇਸ਼ਨ ਅਤੇ ਸਿਹਤ ਸੰਭਾਲ ਸਭ ਤੋਂ ਮਹੱਤਵਪੂਰਨ ਮੁੱਦੇ ਹਨ। ਹੈਪੇਟਾਈਟਸ-ਈ ਇਨ੍ਹਾਂ ਦੇਸਾਂ ਵਿੱਚ ਆਮ ਹੈ। ਵਾਇਰਸ ਦੇ ਸਰੀਰ ਵਿੱਚ ਦਾਖਲ ਹੋਣ ਤੋਂ 2 ਤੋਂ 10 ਹਫ਼ਤਿਆਂ ਬਾਅਦ ਲਾਗ ਦਿਖਾਈ ਦਿੰਦੀ ਹੈ। ਇਹ 15 ਤੋਂ 40 ਸਾਲ ਉਮਰ ਵਰਗ ਵਿੱਚ ਸਭ ਤੋਂ ਆਮ ਹੈ।

ਹੈਪੇਟਾਈਟਸ-ਈ ਦੇ ਲੱਛਣ ਹੋਰ ਹੈਪੇਟਾਈਟਸ ਬਿਮਾਰੀਆਂ ਦੇ ਵਰਗੇ ਹੀ ਹਨ। ਮਾਹਿਰਾਂ ਦਾ ਕਹਿਣਾ ਹੈ, ਹੈਪੇਟਾਈਟਸ ਦਾ ਇਲਾਜ ਸੰਭਵ ਹੈ। ਇਹ ਬਿਮਾਰੀ ਇਲਾਜਯੋਗ ਹੈ। ਜੇਕਰ ਲੱਛਣਾਂ ਦਾ ਪਤਾ ਨਹੀਂ ਚੱਲਦਾ ਹੈ, ਤਾਂ ਜਿਗਰ ਦਾ ਸਿਰੋਸਿਸ ਜਾਂ ਜਿਗਰ ਦਾ ਗੰਭੀਰ ਨੁਕਸਾਨ ਹੋ ਸਕਦਾ ਹੈ।

ਹੈਪੇਟਾਈਟਸ ਖਿਲਾਫ਼ ਕੀ ਉਪਰਾਲੇ ਕਰਨੇ ਚਾਹੀਦੇ ਹਨ?

  • ਹੈਪੇਟਾਈਟਸ ਏ ਅਤੇ ਬੀ ਦਾ ਟੀਕਾ ਲਵਾਉਣਆ ਚਾਹੀਦਾ ਹੈ।
  • ਸਰੀਰਕ ਸੰਬੰਧਾਂ ਦੌਰਾਨ ਕੰਡੋਮ ਦੀ ਵਰਤੋਂ ਕਰੋ।
  • ਕਿਉਂਕਿ ਹੈਪੇਟਾਈਟਸ ਸੂਈਆਂ ਰਾਹੀਂ ਵੀ ਫੈਲ ਸਕਦਾ ਹੈ। ਇਸ ਲਈ ਇਹ ਦੁਬਾਰਾ ਨਹੀਂ ਵਰਤਣੀਆਂ ਚਾਹੀਦੀਆਂ।
  • ਸ਼ਰਾਬ ਨਾ ਪੀਓ। ਦੂਸ਼ਿਤ ਪਾਣੀ ਪੀਣ ਤੋਂ ਬਚੋ।
  • ਸਰੀਰ ਅਤੇ ਆਲੇ-ਦੁਆਲੇ ਦੀ ਸਫ਼ਾਈ ਰੱਖਣੀ ਚਾਹੀਦੀ ਹੈ।

ਹੈਪੇਟਾਈਟਸ ਦੀ ਜਾਂਚ ਕਰਨ ਲਈ ਇੱਕ ਖੂਨ ਦੀ ਜਾਂਚ ਜਾਂ ਇਹ ਦੇਖਣ ਲਈ ਕਿ ਕੀ ਜਿਗਰ ਸਹੀ ਤਰ੍ਹਾਂ ਕੰਮ ਕਰ ਰਿਹਾ ਹੈ ਜਾਂ ਨਹੀਂ- ਲਈ ਖੂਨ ਦੀ ਜਾਂਚ ਕੀਤੀ ਜਾਂਦੀ ਹੈ। ਇਹ ਪਤਾ ਕਰਨ ਲਈ ਕਿ ਜਿਗਰ ਨੂੰ ਨੁਕਸਾਨ ਪਹੁੰਚਿਆ ਹੈ ਜਾਂ ਨਹੀਂ,ਅਲਟਰਾਸਾਊਂਡ ਟੈਸਟ ਕੀਤਾ ਜਾਂਦਾ ਹੈ।

ਹੈਪੇਟਾਈਟਸ ਦਾ ਟੀਕਾ ਕਿਸ ਨੂੰ ਅਤੇ ਕਦੋਂ ਲਵਾਉਣਾ ਚਾਹੀਦਾ ਹੈ?

ਇੱਕ ਤੋਂ 18 ਸਾਲ ਦੀ ਉਮਰ ਦੇ ਬੱਚਿਆਂ ਨੂੰ ਹੈਪੇਟਾਈਟਸ 'ਏ' ਦੇ ਟੀਕੇ ਦੋ ਜਾਂ ਤਿੰਨ ਖੁਰਾਕਾਂ ਵਿੱਚ ਦਿੱਤੇ ਜਾਂਦੇ ਹਨ। ਬਾਲਗਾਂ ਨੂੰ ਵੈਕਸੀਨ ਦੀ ਪਹਿਲੀ ਖੁਰਾਕ ਤੋਂ ਛੇ ਤੋਂ ਬਾਰਾਂ ਮਹੀਨਿਆਂ ਬਾਅਦ ਇੱਕ ਬੂਸਟਰ ਖੁਰਾਕ ਦੇਣ ਦੀ ਲੋੜ ਹੁੰਦੀ ਹੈ। ਇਹ ਟੀਕਾ 15 ਤੋਂ 20 ਸਾਲ ਤੱਕ ਇਸ ਬਿਮਾਰੀ ਤੋਂ ਬਚਾਉਂਦਾ ਹੈ।

ਕੇਂਦਰੀ ਸਿਹਤ ਮੰਤਰਾਲੇ ਦੇ ਅਨੁਸਾਰ, ਹੈਪੇਟਾਈਟਸ ਦੇ ਟੀਕੇ ਇੱਕ ਖੁਰਾਕ ਲੈਣ ਤੋਂ ਬਾਅਦ ਲਗਭਗ 15 ਸਾਲਾਂ ਤੱਕ ਸੁਰੱਖਿਆ ਦਿੰਦੀ ਹੈ। ਹੈਪੇਟਾਈਟਸ 'ਬੀ' ਦਾ ਟੀਕਾ ਭਾਰਤ ਵਿੱਚ ਕੌਮੀ ਟੀਕਾਕਰਨ ਪ੍ਰੋਗਰਾਮ ਦੇ ਤਹਿਤ ਲਾਇਆ ਜਾਂਦਾ ਹੈ।

ਅਮਰੀਕਾ ਦੇ ਡਿਜ਼ੀਜ਼ ਕੰਟਰੋਲ ਦੇ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ, ਜਨਮ ਤੋਂ ਲੈ ਕੇ 18 ਸਾਲ ਤੱਕ ਦੇ ਸਾਰੇ ਬੱਚਿਆਂ ਨੂੰ ਹੈਪੇਟਾਈਟਸ-ਬੀ ਦਾ ਟੀਕਾ ਲਾਇਆ ਜਾਣਾ ਚਾਹੀਦਾ ਹੈ।

ਡਾ. ਪਟੇਲ ਨੇ ਕਿਹਾ, "ਬਿਨਾਂ ਸ਼ਰਾਬ ਦੇ ਫੈਟੀ ਲਿਵਰ ਦੀ ਬੀਮਾਰੀ ਵਧ ਰਹੀ ਹੈ। ਇਸ ਸਮੇਂ 25% ਮਰੀਜ਼ ਇਸ ਤੋਂ ਪੀੜਤ ਹਨ। ਇਸ ਦਾ ਮੁੱਖ ਕਾਰਨ ਬਦਲੀ ਹੋਈ ਜੀਵਨ ਸ਼ੈਲੀ ਅਤੇ ਮੋਟਾਪਾ ਹੈ।"

ਮ(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)