ਛੱਤੀਸਗੜ੍ਹ ਨਕਸਲ ਹਮਲਾ: ਮਾਓਵਾਦੀ ਕੌਣ ਹੁੰਦੇ ਹਨ ਤੇ ਇਸ ਲਹਿਰ ਦਾ ਪੰਜਾਬ ਨਾਲ ਕੀ ਸਬੰਧ ਹੈ

    • ਲੇਖਕ, ਆਲੋਕ ਪ੍ਰਕਾਸ਼ ਪੁਤੁਲ
    • ਰੋਲ, ਬੀਬੀਸੀ ਲਈ ਰਾਏਪੁਰ ਤੋਂ

ਮਾਓਵਾਦੀ ਪ੍ਰਭਾਵਤ ਛੱਤੀਸਗੜ੍ਹ ਦੇ ਕਾਂਕੇਰ ਵਿੱਚ ਪੁਲਿਸ ਨੇ ਇੱਕ ਮੁਕਾਬਲੇ ਵਿੱਚ 29 ਮਾਓਵਾਦੀਆਂ ਨੂੰ ਮਾਰਨ ਦਾ ਦਾਅਵਾ ਕੀਤਾ ਹੈ।

ਮੁਕਾਬਲੇ ਦੀ ਇਸ ਘਟਨਾ ਵਿੱਚ ਤਿੰਨ ਸੁਰੱਖਿਆ ਕਰਮੀ ਵੀ ਜ਼ਖ਼ਮੀ ਹੋਏ ਹਨ। ਇਸ ਤੋਂ ਪਹਿਲਾਂ ਪੁਲਿਸ ਨੇ 18 ਮਾਓਵਾਦੀਆਂ ਦੇ ਮਾਰੇ ਜਾਣ ਦਾ ਦਾਅਵਾ ਕੀਤਾ ਸੀ।

ਪੁਲਸ ਮੁਤਾਬਕ ਕਾਂਕੇਰ ਦੇ ਛੋਟਾਬੇਟੀਆ ਇਲਾਕੇ 'ਚ ਮੰਗਲਵਾਰ ਦੁਪਹਿਰ ਨੂੰ ਸ਼ੱਕੀ ਮਾਓਵਾਦੀਆਂ ਨਾਲ ਮੁਕਾਬਲਾ ਹੋਇਆ।

ਮੁੱਠਭੇੜ ਦੀ ਇਹ ਘਟਨਾ ਅਜਿਹੇ ਸਮੇਂ ਵਿੱਚ ਵਾਪਰੀ ਹੈ ਜਦੋਂ ਬਸਤਰ ਵਿੱਚ 19 ਅਪ੍ਰੈਲ ਨੂੰ ਲੋਕ ਸਭਾ ਲਈ ਵੋਟਿੰਗ ਹੋਣੀ ਹੈ ਅਤੇ ਮਾਓਵਾਦੀਆਂ ਨੇ ਚੋਣਾਂ ਦਾ ਬਾਈਕਾਟ ਕਰਨ ਦੀ ਅਪੀਲ ਕੀਤੀ ਹੈ।

ਪੁਲਿਸ ਨੇ ਕੀ ਕਿਹਾ ਹੈ?

ਪੁਲਸ ਨੇ ਜਾਰੀ ਬਿਆਨ ਵਿੱਚ ਕਿਹਾ ਕਿ ਮੰਗਲਵਾਰ ਦੁਪਹਿਰ ਨੂੰ ਕਾਂਕੇਰ ਦੇ ਛੋਟਾਬੇਟੀਆ ਇਲਾਕੇ ਵਿੱਚ ਸ਼ੱਕੀ ਮਾਓਵਾਦੀਆਂ ਨਾਲ ਮੁਕਾਬਲਾ ਹੋਇਆ। ਪੁਲਿਸ ਦਾ ਕਹਿਣਾ ਹੈ ਕਿ ਇਸ ਮੁਕਾਬਲੇ ਤੋਂ ਬਾਅਦ ਮੁਕਾਬਲੇ ਵਾਲੀ ਥਾਂ ਤੋਂ 29 ਮਾਓਵਾਦੀਆਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ।

ਇਸ ਤੋਂ ਪਹਿਲਾਂ ਬਸਤਰ ਦੇ ਆਈਜੀ ਪੁਲਿਸ ਸੁੰਦਰਰਾਜ ਪੀ ਨੇ ਕਿਹਾ ਸੀ ਕਿ ਕਾਂਕੇਰ ਦੇ ਛੋਟਾਬੇਠੀਆ ਵਿੱਚ ਮੁਕਾਬਲੇ ਵਾਲੀ ਥਾਂ ਤੋਂ 18 ਨਕਸਲੀਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਏਕੇ 47 ਸਮੇਤ ਵੱਡੀ ਮਾਤਰਾ ਵਿੱਚ ਹਥਿਆਰ ਬਰਾਮਦ ਹੋਏ ਹਨ।

ਪੁਲਿਸ ਨੇ ਮੌਕੇ ਤੋਂ ਚਾਰ ਆਟੋਮੈਟਿਕ ਹਥਿਆਰ ਬਰਾਮਦ ਕਰਨ ਦਾ ਵੀ ਦਾਅਵਾ ਕੀਤਾ ਹੈ।

ਘਟਨਾ ਬਾਰੇ ਵਿਸਥਾਰ ਵਿੱਚ ਗੱਲ ਕਰਦੇ ਹੋਏ ਆਈਜੀ ਪੀ ਸੁੰਦਰਰਾਜ ਨੇ ਕਿਹਾ, "ਮਾਓਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਕਾਰ ਮੁੱਠਭੇੜ ਹੋਈ ਹੈ। ਅਸੀਂ ਹੁਣ ਤੱਕ 29 ਮਾਓਵਾਦੀਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਹਨ। ਏਐਨਐਸਐਸ, ਕਾਰਬਾਈਨ ਅਤੇ ਏਕੇ 47 ਵਰਗੇ ਹਥਿਆਰ ਵੀ ਬਰਾਮਦ ਕੀਤੇ ਗਏ ਹਨ। ਵੱਡੀ ਗਿਣਤੀ ਵਿੱਚ ਬਰਾਮਦ ਕੀਤੇ ਗਏ ਹਨ।"

ਮੁਕਾਬਲੇ ਵਿੱਚ ਜ਼ਖ਼ਮੀ ਹੋਏ ਤਿੰਨ ਪੁਲੀਸ ਮੁਲਾਜ਼ਮਾਂ ਦੀ ਹਾਲਤ ਹੁਣ ਠੀਕ ਦੱਸੀ ਜਾ ਰਹੀ ਹੈ। ਇਸ ਸਮੇਂ ਵੀ ਮੁੱਠਭੇੜ ਵਾਲੇ ਇਲਾਕੇ 'ਚ ਪੁਲਿਸ ਵੱਲੋਂ ਤਲਾਸ਼ੀ ਮੁਹਿੰਮ ਜਾਰੀ ਹੈ।

ਮਾਰੇ ਗਏ ਮਾਓਵਾਦੀ ਕੌਣ ਸਨ?

ਪੁਲਿਸ ਦਾ ਕਹਿਣਾ ਹੈ ਕਿ ਮੁਕਾਬਲੇ ਵਿੱਚ ਮਾਰੇ ਗਏ ਲੋਕਾਂ ਵਿੱਚ ਸ਼ੰਕਰ ਰਾਓ ਅਤੇ ਲਲਿਤਾ ਮਾਡਵੀ ਡੀਵੀਸੀ ਰੈਂਕ ਦੇ ਨਕਸਲੀ ਨੇਤਾ ਸਨ, ਜਿਨ੍ਹਾਂ 'ਤੇ 25-25 ਲੱਖ ਰੁਪਏ ਦਾ ਇਨਾਮ ਐਲਾਨਿਆ ਗਿਆ ਸੀ।

ਇਸ ਤੋਂ ਇਲਾਵਾ ਕਮਾਂਡਰ ਲਲਿਤਾ ਅਤੇ ਰਾਜੂ ਵਰਗੇ ਨਕਸਲੀ ਵੀ ਮਾਰੇ ਗਏ ਹਨ। ਸ਼ੰਕਰ ਰਾਓ ਨਕਸਲੀਆਂ ਦਾ ਚੋਟੀ ਦਾ ਕਮਾਂਡਰ ਸੀ ਅਤੇ ਉਸ 'ਤੇ 25 ਲੱਖ ਰੁਪਏ ਦਾ ਇਨਾਮ ਸੀ।ਉਸ ਨੂੰ ਬਸਤਰ ਵਿੱਚ ਇਹ ਦਹਿਸ਼ਤ ਦਾ ਦੂਜਾ ਨਾਂ ਸੀ।

ਉਹ ਕਾਂਕੇਰ ਵਿੱਚ ਗਰੁੱਪ ਦੀ ਅਗਵਾਈ ਕਰ ਰਿਹਾ ਸੀ। ਹੁਣ ਉਸਦੀ ਮੌਤ ਤੋਂ ਬਾਅਦ ਉਸਦੀ ਤਸਵੀਰ ਸਾਹਮਣੇ ਆਈ ਹੈ।

ਹਾਲਾਂਕਿ ਇਹ ਤਸਵੀਰ ਪੁਰਾਣੀ ਦੱਸੀ ਜਾ ਰਹੀ ਹੈ ਪਰ ਫਿਰ ਵੀ ਇਸ ਦੀ ਕਾਫੀ ਚਰਚਾ ਹੋ ਰਹੀ ਹੈ।

ਨਕਸਲੀ ਵਿਰੋਧੀ ਆਪਰੇਸ਼ਨ ਕੀ ਹੈ?

ਪੁਲਿਸ ਦੀ ਇਸ ਕਾਰਵਾਈ ਨੂੰ ਇਸ ਖੇਤਰ ਵਿੱਚ ਨਕਸਲ ਵਿਰੋਧੀ ਸਭ ਤੋਂ ਵੱਡੀ ਕਾਰਵਾਈ ਵਜੋਂ ਦੇਖਿਆ ਜਾ ਸਕਦਾ ਹੈ।

ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸੀਨੀਅਰ ਨਕਸਲੀ ਸ਼ੰਕਰ, ਲਲਿਤਾ ਅਤੇ ਰਾਜੂ ਦੀ ਮੌਜੂਦਗੀ ਦੀ ਸੂਚਨਾ ਮਿਲਣ ਤੋਂ ਬਾਅਦ ਇਹ ਕਾਰਵਾਈ ਚਲਾਈ ਗਈ ਸੀ।

ਇਸ ਤੋਂ ਪਹਿਲਾਂ ਛੱਤੀਸਗੜ੍ਹ 'ਚ 3 ਅਪ੍ਰੈਲ ਨੂੰ ਬੀਜਾਪੁਰ 'ਚ ਪੁਲਸ ਨੇ ਮੁਕਾਬਲੇ 'ਚ 13 ਮਾਓਵਾਦੀਆਂ ਨੂੰ ਮਾਰਨ ਦਾ ਦਾਅਵਾ ਕੀਤਾ ਸੀ।

ਇਸ ਤੋਂ ਬਾਅਦ 6 ਅਪ੍ਰੈਲ ਨੂੰ ਬੀਜਾਪੁਰ ਦੇ ਪੁਜਾਰੀ ਕਾਂਕੇਰ ਵਿੱਚ ਪੁਲਸ ਨੇ ਤਿੰਨ ਮਾਓਵਾਦੀਆਂ ਨੂੰ ਮਾਰ ਦਿੱਤਾ ਸੀ।

ਇਕੱਲੇ ਬਸਤਰ ਵਿੱਚ ਇਸ ਸਾਲ ਜਨਵਰੀ ਤੋਂ ਹੁਣ ਤੱਕ 50 ਤੋਂ ਵੱਧ ਮਾਓਵਾਦੀ ਮਾਰੇ ਜਾ ਚੁੱਕੇ ਹਨ।

ਗ੍ਰਹਿ ਮੰਤਰੀ ਅਤੇ ਮੁੱਖ ਮੰਤਰੀ ਨੇ ਕੀ ਕਿਹਾ?

ਛੱਤੀਸਗੜ੍ਹ ਦੇ ਮੁੱਖ ਮੰਤਰੀ ਵਿਸ਼ਨੂੰ ਦੇਵ ਸਾਈਂ ਨੇ ਆਪਣੇ ਬਿਆਨ ਵਿੱਚ ਕਾਂਕੇਰ ਜ਼ਿਲ੍ਹੇ ਵਿੱਚ ਨਕਸਲੀ ਮੁਕਾਬਲੇ ਨੂੰ ਇਤਿਹਾਸਕ ਸਫ਼ਲਤਾ ਕਿਹਾ ਹੈ।

ਉਨ੍ਹਾਂ ਨੇ ਕਿਹਾ ਕਿ ਮਾਓਵਾਦੀ ਲੋਕਤੰਤਰ ਵਿੱਚ ਵਿਸ਼ਵਾਸ ਨਹੀਂ ਰੱਖਦੇ ਅਤੇ ਹਿੰਸਕ ਗਤੀਵਿਧੀਆਂ ਰਾਹੀਂ ਹਰ ਜਮਹੂਰੀ ਪ੍ਰਕਿਰਿਆ ਨੂੰ ਪ੍ਰਭਾਵਿਤ ਕਰਦੇ ਹਨ। ਇਸ ਮਾਮਲੇ ਵਿੱਚ ਇਹ ਵੀ ਲੱਗਦਾ ਹੈ ਕਿ ਮਾਓਵਾਦੀ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰ ਰਹੇ ਸਨ।

ਵਿਸ਼ਨੂੰਦੇਵ ਸਾਈਂ ਨੇ ਕਿਹਾ ਕਿ ਮੁੱਠਭੇੜ ਵਾਲਾ ਇਲਾਕਾ ਬਸਤਰ ਅਤੇ ਕਾਂਕੇਰ ਲੋਕ ਸਭਾ ਹਲਕਿਆਂ ਦੇ ਨੇੜੇ ਹੈ। ਬਸਤਰ ਵਿੱਚ ਦੋ ਦਿਨਾਂ ਬਾਅਦ ਚੋਣਾਂ ਹਨ। ਇਸ ਤੋਂ ਪਹਿਲਾਂ ਵੀ ਮਾਓਵਾਦੀ ਬਸਤਰ ਵਿੱਚ ਚੋਣਾਂ ਦਾ ਬਾਈਕਾਟ ਕਰਨ ਅਤੇ ਚੋਣ ਸੰਭਾਵਨਾਵਾਂ ਨੂੰ ਹੋਰ ਤਰੀਕਿਆਂ ਨਾਲ ਪ੍ਰਭਾਵਿਤ ਕਰਨ ਦੀ ਸਾਜ਼ਿਸ਼ ਰਚਦੇ ਰਹੇ ਹਨ। ਇਸ ਵਾਰ ਵੀ ਉਹ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰ ਰਹੇ ਸਨ ਜਿਸ ਨੂੰ ਸੀਮਾ ਸੁਰੱਖਿਆ ਬਲਾਂ ਅਤੇ ਪੁਲਿਸ ਨੇ ਨਾਕਾਮ ਕਰ ਦਿੱਤਾ।

ਮੁੱਖ ਮੰਤਰੀ ਨੇ ਕਿਹਾ, ''ਬਸਤਰ 'ਚ ਸ਼ਾਂਤੀ ਬਹਾਲ ਕਰਨ ਦੇ ਨਜ਼ਰੀਏ ਤੋਂ ਇਹ ਯਕੀਨੀ ਤੌਰ 'ਤੇ ਵੱਡੀ ਸਫਲਤਾ ਹੈ, ਹਾਲਾਂਕਿ ਸਰਕਾਰ ਚਾਹੁੰਦੀ ਹੈ ਕਿ ਖੂਨ-ਖਰਾਬੇ ਦੀ ਇਹ ਖੇਡ ਬੰਦ ਹੋਵੇ। ਅਸੀਂ ਫਿਰ ਮਾਓਵਾਦੀਆਂ ਨੂੰ ਹਿੰਸਾ ਦਾ ਰਾਹ ਛੱਡਣ ਲਈ ਕਹਿਣਾ ਚਾਹੁੰਦੇ ਹਾਂ। ਵਿਕਾਸ ਦੀ ਮੁੱਖ ਧਾਰਾ ਉਨ੍ਹਾਂ ਦੇ ਦਹਿਸ਼ਤ ਅਤੇ ਹਿੰਸਾ ਨਾਲ ਕੋਈ ਹੱਲ ਨਹੀਂ ਦੇਵੇਗੀ।

ਛੱਤੀਸਗੜ੍ਹ ਵਿੱਚ ਸੁਰੱਖਿਆ ਬਲਾਂ ਦੀ ਕਾਰਵਾਈ 'ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਬਿਆਨ ਜਾਰੀ ਕੀਤਾ ਗਿਆ ਹੈ।

ਉਨ੍ਹਾਂ ਨੇ ਕਿਹਾ, "ਅੱਜ ਛੱਤੀਸਗੜ੍ਹ ਵਿੱਚ ਸੁਰੱਖਿਆ ਬਲਾਂ ਦੇ ਆਪਰੇਸ਼ਨ ਵਿੱਚ ਵੱਡੀ ਗਿਣਤੀ ਵਿੱਚ ਨਕਸਲੀ ਮਾਰੇ ਗਏ ਹਨ। ਮੈਂ ਸਾਰੇ ਸੁਰੱਖਿਆ ਕਰਮੀਆਂ ਨੂੰ ਵਧਾਈ ਦਿੰਦਾ ਹਾਂ, ਜਿਨ੍ਹਾਂ ਨੇ ਆਪਣੀ ਬਹਾਦਰੀ ਨਾਲ ਇਸ ਆਪਰੇਸ਼ਨ ਨੂੰ ਸਫ਼ਲ ਬਣਾਇਆ ਅਤੇ ਜ਼ਖ਼ਮੀ ਹੋਏ ਬਹਾਦਰ ਪੁਲਿਸ ਮੁਲਾਜ਼ਮਾਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦਾ ਹਾਂ।"

ਅਮਿਤ ਸ਼ਾਹ ਨੇ ਕਿਹਾ, "ਨਕਸਲਵਾਦ ਵਿਕਾਸ, ਸ਼ਾਂਤੀ ਅਤੇ ਨੌਜਵਾਨਾਂ ਦੇ ਉੱਜਵਲ ਭਵਿੱਖ ਦਾ ਸਭ ਤੋਂ ਵੱਡਾ ਦੁਸ਼ਮਣ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਅਸੀਂ ਦੇਸ਼ ਨੂੰ ਨਕਸਲਵਾਦ ਦੇ ਡੰਗ ਤੋਂ ਮੁਕਤ ਕਰਨ ਲਈ ਦ੍ਰਿੜ ਸੰਕਲਪ ਹਾਂ।"

"ਸਰਕਾਰ ਦੀ ਹਮਲਾਵਰ ਨੀਤੀ ਅਤੇ ਸੁਰੱਖਿਆ ਬਲਾਂ ਦੇ ਯਤਨਾਂ ਕਾਰਨ ਅੱਜ ਨਕਸਲਵਾਦ ਇੱਕ ਛੋਟੇ ਜਿਹੇ ਖੇਤਰ ਵਿੱਚ ਸੀਮਤ ਹੋ ਗਿਆ ਹੈ। ਜਲਦੀ ਹੀ ਛੱਤੀਸਗੜ੍ਹ ਅਤੇ ਪੂਰਾ ਦੇਸ਼ ਪੂਰੀ ਤਰ੍ਹਾਂ ਨਕਸਲ ਮੁਕਤ ਹੋ ਜਾਵੇਗਾ।"

ਮਾਓਵਾਦੀ ਕੌਣ ਹੁੰਦੇ ਹਨ

ਮਾਓਵਾਦੀ ਉਹ ਬਾਗ਼ੀ ਹਨ ਜੋ ਮਰਹੂਮ ਚੀਨੀ ਨੇਤਾ ਮਾਓ ਜ਼ੇ-ਤੁੰਗ ਦੁਆਰਾ ਪ੍ਰਚਾਰੇ ਗਏ ਕਮਿਊਨਿਜ਼ਮ ਦੇ ਇੱਕ ਰੂਪ ਨੂੰ ਮੰਨਦੇ ਹਨ। ਇਨ੍ਹਾਂ ਨੇ ਕਈ ਦਹਾਕਿਆਂ ਤੋਂ ਸਰਕਾਰ ਦੇ ਵਿਰੁੱਧ, ਖਾਸ ਤੌਰ 'ਤੇ ਮੱਧ ਅਤੇ ਪੂਰਬੀ ਭਾਰਤ ਵਿੱਚ, ਗੁਰੀਲਾ ਸੰਘਰਸ਼ ਵਿੱਢਿਆ ਹੋਇਆ ਹੈ।

ਸੁਰੱਖਿਆ ਦਸਤਿਆਂ ਅਤੇ ਮਾਓਵਾਦੀਆਂ ਦੀਆਂ ਯਦਾ-ਕਦਾਤੇ ਝੜਪਾਂ ਹੁੰਦੀਆਂ ਰਹਿੰਦੀਆਂ ਹਨ ਅਤੇ ਦੋਵਾਂ ਪਾਸੇ ਜਾਨੀ ਨੁਕਸਾਨ ਹੁੰਦੇ ਹਨ।

ਮਾਓਵਾਦੀਆਂ ਦਾ ਕਹਿਣਾ ਹੈ ਕਿ ਉਹ ਗਰੀਬ ਭਾਰਤੀ ਕਿਸਾਨਾਂ ਅਤੇ ਬੇਜ਼ਮੀਨੇ ਮਜ਼ਦੂਰਾਂ ਨੂੰ ਉਨ੍ਹਾਂ ਦੀ ਜ਼ਮੀਨ ਉੱਤੇ ਵਧੇਰੇ ਕੰਟਰੋਲ ਦੇਣ ਅਤੇ ਇਸ ਸਮੇਂ ਵੱਡੀਆਂ ਮਾਈਨਿੰਗ ਕੰਪਨੀਆਂ ਦੁਆਰਾ ਲੁੱਟੇ ਜਾ ਰਹੇ ਖਣਿਜਾਂ ਉੱਤੇ ਵਧੇਰੇ ਦਾਅਵਾ ਦਵਾਉਣ ਲਈ ਲੜ ਰਹੇ ਹਨ।

ਮਾਓਵਾਦੀ ਪਾਰਟੀ ਦੇ ਤਿੰਨ ਮੁੱਖ ਵਿੰਗ ਹਨ-

ਪਾਰਟੀ: ਸੰਸਥਾਗਤ ਵਿਕਾਸ, ਸੁਸਾਇਟੀਆਂ ਦਾ ਗਠਨ, ਪਾਰਟੀ ਕਮੇਟੀ ਵੱਲੋਂ ਦਿਸ਼ਾ ਨਿਰਦੇਸ਼। ਪਾਰਟੀ ਉਨ੍ਹਾਂ ਲਈ ਸਰਵਉੱਚ ਸੰਸਥਾ ਹੈ।

ਪਾਰਟੀ ਦੀ ਕੇਂਦਰੀ ਕਮੇਟੀ ਅੰਤਿਮ ਫ਼ੈਸਲਾ ਲੈਂਦੀ ਹੈ। ਪਾਰਟੀ ਲਈ ਇੱਕ ਕੇਂਦਰੀ ਕਮੇਟੀ, ਰਾਜ ਕਮੇਟੀ ਅਤੇ ਜ਼ੋਨਲ ਕਮੇਟੀ ਹੁੰਦੀ ਹੈ।

ਪਾਰਟੀ ਦੀ ਸਰਕਾਰ ਅਤੇ ਪਾਰਟੀ ਦੇ ਹਥਿਆਰਬੰਦ ਵਿੰਗ ਵੀ ਪਾਰਟੀ ਦੀ ਕਮਾਨ ਹੇਠ ਕੰਮ ਕਰਦੇ ਹਨ।

ਆਰਮਡ ਵਿੰਗ: ਇਹ ਉਹ ਵਿੰਗ ਹੈ ਜੋ ਕਿ ਪੁਲਿਸ ਨਾਲ ਟੱਕਰ ਲੈਂਦਾ ਹੈ। ਹਾਂਲਾਕਿ ਹਰ ਮਾਓਵਾਦੀ ਬੰਦੂਕ ਚਲਾਉਣੀ ਜਾਣਦਾ ਹੈ, ਪਰ ਇਸ ਵਿੰਗ 'ਚ ਉਹ ਲੋਕ ਸ਼ਾਮਲ ਹੁੰਦੇ ਹਨ ਜੋ ਮੁੱਖ ਤੌਰ 'ਤੇ ਹਥਿਆਰਬੰਦ ਬਲ ਦੇ ਮੈਂਬਰ ਹੁੰਦੇ ਹਨ। ਇੰਨ੍ਹਾਂ ਨੂੰ ਪੀਐਲਜੀਏ ਜਾਂ ਪੀਪਲਜ਼ ਲਿਬਰੇਸ਼ਨ ਗੁਰੀਲਾ ਆਰਮੀ ਵੀ ਕਿਹਾ ਜਾਂਦਾ ਹੈ।

ਇਹ ਬਟਾਲੀਅਨਾਂ, ਖੇਤਰੀ ਸਮੂਹਾਂ ਅੰਦਰ ਹੁੰਦੀਆਂ ਹਨ ਜੋ ਕਿ ਕਮਾਂਡਰਾਂ ਦੀ ਅਗਵਾਈ ਅਤੇ ਪਾਰਟੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਕੰਮ ਕਰਦੇ ਹਨ।

ਜਨਤਾ ਸਰਕਾਰ: ਇਸ ਨੂੰ ਇਨਕਲਾਬੀ ਲੋਕ ਕਮੇਟੀ (ਰੇਵੋਲੂਸ਼ਨਰੀ ਪੀਪਲਜ਼ ਕਮੇਟੀ) ਕਿਹਾ ਜਾਂਦਾ ਹੈ। ਇਸ ਦੇ ਕਬਜੇ ਹੇਠ ਇਲਾਕੇ ਨੂੰ ਲਿਬਰੇਟਿਡ ਖੇਤਰ ਵੱਜੋਂ ਐਲਾਨਿਆ ਜਾਂਦਾ ਹੈ।

ਇੱਥੇ, ਉਹ ਸਰਕਾਰ ਦੀ ਤਰ੍ਹਾਂ ਹੀ ਸਭ ਕੁਝ ਪ੍ਰਬੰਧ ਕਰਦੇ ਹਨ। ਜੋ ਲੋਕ ਇਸ ਖੇਤਰ 'ਚ ਰਹਿੰਦੇ ਹਨ ਉਨ੍ਹਾਂ ਨੂੰ ਘੱਟੋ-ਘੱਟ ਮੈਡੀਕਲ ਦੇਖਰੇਖ, ਕੁਝ ਸਿੱਖਿਆ ਆਦਿ ਦਿੱਤੀ ਜਾਂਦੀ ਹੈ ਅਤੇ ਇਸ ਦੇ ਨਾਲ ਹੀ ਖੇਤੀਬਾੜੀ ਬਾਰੇ ਵੀ ਸਲਾਹ ਮਸ਼ਵਰਾ ਦਿੱਤਾ ਜਾਂਦਾ ਹੈ।

ਖਾਸ ਕਰਕੇ ਆਦਿਵਾਸੀਆਂ ਨੂੰ ਮਲੇਰੀਆ, ਦਸਤ ਵਰਗੀਆਂ ਬਿਮਾਰੀਆਂ ਤੋਂ ਬਚਾਅ ਲਈ ਡਾਕਟਰੀ ਦੇਖਭਾਲ ਪ੍ਰਦਾਨ ਕੀਤੀ ਜਾਂਦੀ ਹੈ।

ਇਸ ਸਮੇਂ ਮਾਓਵਾਦੀ ਭਾਵ ਇੰਡੀਅਨ ਕਮਿਊਨਿਸਟ ਪਾਰਟੀ ਮਾਓਵਾਦੀ ਸੈਂਟਰਲ ਕਮੇਟੀ ਲਈ ਨੰਬਾਲਾ ਕੇਸਾਵਾ ਰਾਓ, ਜੋ ਕਿ ਤੇਲੁਗੂ ਵਿਅਕਤੀ ਹੈ, ਉਹ ਮੁੱਖ ਸਕੱਤਰ ਵੱਜੋਂ ਸੇਵਾਵਾਂ ਨਿਭਾ ਰਿਹਾ ਹੈ।

ਨਸਕਲਵਾਦੀ ਲਹਿਰ ਕੀ ਹੈ ਪੰਜਾਬ ਨਾਲ ਸੰਬੰਧ?

25 ਮਾਰਚ 1967 ਨੂੰ ਇੱਕ ਬਟਾਈਦਾਰ ਕਿਸਾਨਾਂ ਨੇ ਉਨ੍ਹਾਂ ਖੇਤਾਂ ਵਿੱਚ ਹਲ ਚਲਾਉਣ ਦੀ ਕੋਸ਼ਿਸ਼ ਕੀਤੀ, ਜਿੱਥੋਂ ਕੁਝ ਸਮਾਂ ਪਹਿਲਾਂ ਉਸ ਨੂੰ ਗੈਰ-ਕਨੂੰਨੀ ਰੂਪ ਵਿੱਚ ਧੱਕੇ ਨਾਲ ਕੱਢ ਦਿੱਤਾ ਗਿਆ ਸੀ।

ਜ਼ਿਮੀਂਦਾਰ ਨੇ ਨਾ ਸਿਰਫ਼ ਉਸ ਨੂੰ ਬੇਰਹਿਮੀ ਨਾਲ ਕੁਟਵਾਇਆ ਸਗੋਂ ਉਸਦਾ ਸਮਾਨ ਵੀ ਖੋਹ ਲਿਆ।

ਜ਼ਿਮੀਂਦਾਰਾਂ ਦੇ ਇਹ ਬੇਕਿਰਕ ਜ਼ੁਲਮ ਦੇ ਸਤਾਏ ਹੋਏ ਪੂਰੇ ਪਿੰਡ ਦੇ ਬੇਜ਼ਮੀਨੇ ਕਿਸਾਨਾਂ ਨੇ ਬਗਵਾਤ ਕਰ ਦਿੱਤੀ।

ਪੱਛਮੀ ਬੰਗਾਲ ਦੇ ਦਾਰਜਿਲਿੰਗ ਨਾਲ ਲਗਦੇ ਨਕਸਲਬਾੜੀ ਪਿੰਡ ਤੋਂ ਪਨਪੀ ਉਹ ਚਿੰਗਾਰੀ ਫਿਰ ਭਾਰਤ ਦੇ ਕਈ ਹਿੱਸਿਆਂ ਵਿੱਚ ਫੈਲ ਗਈ ਅਤੇ ਇਸ ਨੇ ਭਾਰਤ ਦੀ ਨੀਤੀ, ਸਿਆਸਤ ਅਤੇ ਸਾਹਿਤ ਉੱਪਰ ਡੂੰਘਾ ਅਸਰ ਛੱਡਿਆ।

1967 ਤੋਂ ਪਿਛਲੇ ਦੋ ਸਾਲਾਂ ਦੌਰਾਨ ਸੀਪੀਆਈ-ਐੱਮ ਬਗਾਵਤ ਦੇ ਇਨ੍ਹਾਂ ਬੀਜਾਂ ਨੂੰ ਪਾਲਦੀ ਰਹੀ। ਕਮਿਊਨਿਸਟ ਪਾਰਟੀ ਆਫ਼ ਇੰਡੀਆ ਤੋਂ ਵੱਖ ਹੋਏ ਇਸ ਧੜੇ ਦਾ ਮੰਨਣਾ ਸੀ ਕਿ ਅਸਲੀ ਸਮਾਜਵਾਦੀ ਕ੍ਰਾਂਤੀ ਉਦੋਂ ਤੱਕ ਸੰਭਵ ਨਹੀਂ ਜਦੋਂ ਤੱਕ ਕਿਸਾਨ-ਮਜ਼ਦੂਰ ਇਕੱਠੇ ਹੋਕੇ ਹਥਿਆਰਬੰਦ ਸੰਘਰਸ਼ ਨਹੀਂ ਕਰਦੇ।

25 ਮਾਰਚ ਦੀ ਘਟਨਾ ਤੋਂ ਉਨ੍ਹਾਂ ਨੂੰ ਪੂਰਨ ਭਰੋਸਾ ਹੋ ਗਿਆ ਕਿ ਹੁਣ ਦੇਸ ਵਿੱਚ ਕ੍ਰਾਂਤੀ ਦੇ ਪਲ ਆ ਚੁੱਕੇ ਹਨ।

ਇਹ ਸੰਘਰਸ਼ ਕਿਸਾਨਾਂ ਅਤੇ ਪੁਲਿਸ ਵਿਚਾਲੇ ਝੜਪਾਂ ਕਾਰਨ ਹਿੰਸਕ ਹੋ ਗਿਆ ਅਤੇ ਇੱਕ ਅਜਿਹੀ ਲਹਿਰ ਵਿੱਚ ਬਦਲ ਗਿਆ ਜੋ ਦੇਸ ਭਰ ਵਿੱਚ ਨਕਸਲਬਾੜੀ ਲਹਿਰ ਨਾਲ ਮਸ਼ਹੂਰ ਹੋਇਆ।

ਇਸ ਲਹਿਰ ਦਾ ਪੰਜਾਬ ਵਿੱਚ ਵੀ ਕਾਫ਼ੀ ਅਸਰ ਰਿਹਾ, ਇਸ ਨੇ ਪੰਜਾਬੀ ਦੇ ਸਾਹਿਤ ਅਤੇ ਕਲ਼ਾ ਜਗਤ ਨੂੰ ਕਾਫੀ ਪ੍ਰਭਾਵਿਤ ਕੀਤਾ।

ਪੱਛਮੀ ਬੰਗਾਲ, ਬਿਹਾਰ, ਆਧਰਾਂ ਸਣੇ ਪੰਜਾਬ ਵਿੱਚ ਇਸ ਦਾ ਕਾਫੀ ਅਸਰ ਪਿਆ। ਸਿਆਸੀ ਤੇ ਸਮਾਜਿਕ ਮੁੱਦਿਆਂ ਦੇ ਮਾਹਰ ਅਮਰਜੀਤ ਸਿੰਘ ਗਰੇਵਾਲ ਕਹਿੰਦੇ ਹਨ, “ਪੰਜਾਬ ਦੀਆਂ ਦੂਜੀਆਂ ਲਹਿਰਾਂ ਸੂਬੇ ਦੇ ਸੰਕਟ ਵਿੱਚੋਂ ਪੈਦਾ ਹੋਈਆਂ ਸਨ।"

"ਨਕਸਲ ਲਹਿਰ ਖੱਬੇਪੱਖੀ ਪਾਰਟੀਆਂ ਦੇ ਆਪਸੀ ਵਿਰੋਧੀ ਵਿੱਚੋਂ ਪੈਦਾ ਹੋਣ ਕਾਰਨ ਪੰਜਾਬ ਵਿੱਚ ਆਈ ਸੀ। ਕਿਉਂਕਿ ਉਸ ਵੇਲੇ ਪੰਜਾਬ ਵਿੱਚ ਕਮਿਊਨਿਸਟ ਪਾਰਟੀਆਂ ਦਾ ਕਾਫੀ ਅਧਾਰ ਸੀ।”

ਗਰੇਵਾਲ ਕਹਿੰਦੇ ਹਨ ਕਿ ਜਦੋਂ ਪੰਜਾਬ 1967-68 ਵਿੱਚ ਨਕਸਲ ਲਹਿਰ ਆਈ, ਉਦੋਂ ਹੀ ਪੰਜਾਬ ਵਿੱਚ ਹਰਾ ਇਨਕਲਾਬ ਆ ਰਿਹਾ ਸੀ, ਪੰਜਾਬ ਦਾ ਕਿਸਾਨ ਆਰਥਿਕ ਸੰਕਟ ਵਿੱਚੋਂ ਨਿਕਲ ਰਿਹਾ ਸੀ।

ਪੰਜਾਬ ਦਾ ਅਰਥਚਾਰਾ ਵੀ ਉੱਭਰ ਰਿਹਾ ਸੀ। ਇਸ ਲਈ ਇਸ ਲਹਿਰ ਦੇ ਸ਼ੁਰੂਆਤ ਵਿੱਚ ਪਰਵਾਸੀ ਭਾਈਚਾਰੇ ਦਾ ਦਖ਼ਲ ਨਜ਼ਰ ਨਹੀਂ ਆਉਂਦਾ।

ਖੱਬੇਪੱਖੀ ਸਿਆਸਤ ਨਾਲ ਜੁੜੇ ਰਹੇ ਚਰਨ ਗਿੱਲ ਮੰਨਦੇ ਕਿ ਜਦੋਂ ਸਰਕਾਰ ਨੇ ਇਸ ਲਹਿਰ ਨੂੰ ਜ਼ਬਰੀ ਦੱਬ ਦਿੱਤਾ ਅਤੇ ਇਹ ਆਪਸੀ ਵਖਰੇਵਿਆਂ ਨਾਲ ਢਹਿਢੇਰੀ ਹੋ ਰਹੀ ਸੀ ਤਾਂ ਇਸ ਦੇ ਕਾਫੀ ਆਗੂ ਵਿਦੇਸ਼ਾਂ ਵਿੱਚ ਜਾ ਵੱਸੇ ਅਤੇ ਕੁਝ ਖ਼ਾਲਿਸਤਾਨ ਲਹਿਰ ਜੋ ਸ਼ੁਰੂ ਹੋ ਰਹੀ ਸੀ ਉਸ ਵੱਲ ਚਲੇ ਗਏ।

ਲਾਲ ਸਿੰਘ ਦਿਲ਼, ਸੰਤ ਰਾਮ ਉਦਾਸੀ ਅਤੇ ਅਵਤਾਰ ਵਰਗੇ ਕਈ ਵੱਡੇ ਕਵੀ ਇਸ ਲਹਿਰ ਤੋਂ ਪ੍ਰਭਾਵਿਤ ਰਹੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)